ਬਾਲ ਹੱਕਾਂ ਦਾ ਸਿਰਮੌਰ ਪਹਿਰੇਦਾਰ: ਕੈਲਾਸ਼ ਸਤਿਆਰਥੀ

ਅਦਬੀ ਸ਼ਖਸੀਅਤਾਂ

ਅਸ਼ਵਨੀ ਚਤਰਥ
ਫੋਨ:+91-6284220595
ਬੱਚਿਆਂ ਨੂੰ ਜਬਰਨ ਮਜ਼ਦੂਰੀ ਦੇ ਚੁੰਗਲ ਵਿੱਚੋਂ ਬਚਾਅ ਕੇ ਉਨ੍ਹਾਂ ਨੂੰ ਸਿੱਖਿਆ ਦਾ ਅਧਿਕਾਰ ਦਿਵਾਉਣ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕੈਲਾਸ਼ ਸਤਿਆਰਥੀ ਅਜਿਹੀ ਭਾਰਤੀ ਸ਼ਖ਼ਸੀਅਤ ਹਨ, ਜੋ ਹੁਣ ਤੱਕ 90 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਬਾਲ ਮਜ਼ਦੂਰੀ, ਗੁਲਾਮੀ ਅਤੇ ਬਾਲ ਤਸਕਰੀ ਵਰਗੇ ਨਰਕ ਭਰੇ ਜੀਵਨ ਤੋਂ ਮੁਕਤ ਕਰਵਾ ਚੁੱਕੇ ਹਨ। ‘ਬਚਪਨ ਬਚਾਓ ਅੰਦੋਲਨ’ ਦੇ ਬਾਨੀ ਕੈਲਾਸ਼ ਸਤਿਆਰਥੀ ਦਾ ਜਨਮ 11 ਜਨਵਰੀ 1954 ਨੂੰ ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਖੇ ਹੋਇਆ। ਕੈਲਾਸ਼ ਦੇ ਪਿਤਾ ਪੁਲਿਸ ਮਹਿਕਮੇ ਵਿੱਚ ਹੈੱਡ ਕਾਂਸਟੇਬਲ ਅਤੇ ਮਾਤਾ ਇੱਕ ਉੱਚੇ ਨੈਤਿਕ ਖਿਆਲਾਂ ਵਾਲੀ ਘਰੇਲੂ ਔਰਤ ਸਨ। ਉਨ੍ਹਾਂ ਦੀ ਮਾਤਾ ਦੇ ਬੇਮਿਸਾਲ ਆਦਰਸ਼ਵਾਦੀ ਵਿਚਾਰਾਂ ਦਾ ਹੀ ਪ੍ਰਭਾਵ ਸੀ, ਜਿਸ ਨੇ ਸਤਿਆਰਥੀ ਨੂੰ ਸਮਾਜ ਭਲਾਈ ਦੇ ਕੰਮਾਂ ਵੱਲ ਤੋਰਿਆ ਸੀ।

ਹੱਡਬੀਤੀ ਘਟਨਾ ਨੇ ਪ੍ਰੇਰਿਆ: ਆਪਣੇ ਆਲੇ-ਦੁਆਲੇ ਦੇ ਇਲਾਕੇ ਵਿੱਚ ਗਰੀਬੀ ਕਾਰਨ ਸਿੱਖਿਆ ਦੇ ਮੁਢਲੇ ਅਧਿਕਾਰ ਤੋਂ ਵਾਂਝੇ ਰਹਿੰਦੇ ਬੱਚਿਆਂ ਦੀ ਮੰਦਭਾਗੀ ਸਥਿਤੀ ਨੇ ਉਨ੍ਹਾਂ ਦੇ ਮਨ ਉੱਤੇ ਅਮਿਟ ਛਾਪ ਛੱਡੀ। ਬਚਪਨ ਦੀ ਹੱਡਬੀਤੀ ਜਿਸ ਘਟਨਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੰਜੋੜ ਦਿੱਤਾ, ਉਹ ਸੀ ਜਦੋਂ ਸਤਿਆਰਥੀ ਨੇ ਸਕੂਲ ਜਾਂਦੇ ਰਾਹ ਵਿੱਚ ਸੜਕ ਦੇ ਕੰਢੇ ਜੁੱਤੀਆਂ ਗੰਢਦੇ ਮੋਚੀ ਦੇ ਨਾਲ ਉਸ ਦਾ ਪੰਜ ਸਾਲ ਦਾ ਬੱਚਾ ਵੀ ਮਜ਼ਦੂਰੀ ਕਰਦੇ ਵੇਖਿਆ। ਉਨ੍ਹਾਂ ਦਾ ਦਿਲ ਪਸੀਜ ਗਿਆ ਅਤੇ ਮਨ ਵਿੱਚ ਸਵਾਲ ਉੱਠਣ ਲੱਗੇ ਸਨ ਕਿ ਛੋਟਾ ਬੱਚਾ ਕਿਸ ਮਜਬੂਰੀ ਕਾਰਨ ਸਕੂਲ ਜਾਣ ਦੀ ਉਮਰ ਵਿੱਚ ਮਜ਼ਦੂਰੀ ਕਰ ਰਿਹਾ ਹੈ?
ਇੰਜੀਨੀਅਰ ਤੋਂ ਸਮਾਜ ਸੇਵਾ ਤੱਕ ਦਾ ਸਫ਼ਰ: ਕੈਲਾਸ਼ ਸਤਿਆਰਥੀ ਇੰਜੀਨੀਅਰਿੰਗ ਦੇ ਖੇਤਰ ਵਿੱਚ ਪੋਸਟ ਗ੍ਰੈਜੂਏਟ ਦੀ ਡਿਗਰੀ ਹਾਸਲ ਕਰਨ ਉਪਰੰਤ ਲੈਕਚਰਾਰ ਦੀ ਨੌਕਰੀ ਕਰਦੇ ਹੋਏ ਸ਼ਾਨਦਾਰ ਜੀਵਨ ਬਤੀਤ ਕਰ ਰਹੇ ਸਨ, ਪਰ ਬਾਲ ਮਜ਼ਦੂਰੀ ਕਰਦੇ ਬੱਚਿਆਂ ਦੀ ਤਰਸਯੋਗ ਜੀਵਨ ਦਾ ਦ੍ਰਿਸ਼ ਉਨ੍ਹਾਂ ਦੇ ਜ਼ਹਿਨ ਵਿੱਚੋਂ ਨਹੀਂ ਨਿਕਲ ਰਿਹਾ ਸੀ। ਅਖ਼ੀਰ 1980 ਵਿੱਚ ਉਨ੍ਹਾਂ ਨੇ ਨੌਕਰੀ ਛੱਡ ਕੇ ਬਾਲ ਭਲਾਈ ਦੇ ਕੰਮ ਕਰਨ ਦਾ ਫੈਸਲਾ ਲਿਆ ਅਤੇ ‘ਬਚਪਨ ਬਚਾਓ ਅੰਦੋਲਨ’ ਨਾਂ ਦੀ ਇੱਕ ਗ਼ੈਰ–ਸਰਕਾਰੀ ਸੰਸਥਾ ਸ਼ੁਰੂ ਕੀਤੀ। 1998 ਵਿੱਚ ‘ਗਲੋਬਲ ਮਾਰਚ ਅਗੇਨਸਟ ਚਾਈਲਡ ਲੇਬਰ’ ਸੰਸਥਾ ਸਥਾਪਿਤ ਕੀਤੀ ਅਤੇ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਨੂੰ ਤੇਜ਼ ਕੀਤਾ। ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਬਾਲ ਮਜ਼ਦੂਰੀ ਨਾਲ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਆਬਾਦੀ ਵਿੱਚ ਬੇਤਹਾਸ਼ਾ ਵਾਧਾ ਅਤੇ ਅਨੇਕਾਂ ਹੋਰ ਸਮਾਜਿਕ ਬੁਰਾਈਆਂ ਜਨਮ ਲੈਂਦੀਆਂ ਹਨ। ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਅਤੇ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੇ ਤਕਰੀਬਨ 103 ਦੇਸ਼ਾਂ ਦੀਆਂ ਸਰਕਾਰਾਂ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਅਤੇ ਇਸ ਲਈ 80,000 ਕਿਲੋਮੀਟਰ ਦਾ ਸਫ਼ਰ ਵੀ ਤੈਅ ਕੀਤਾ। ਉਨ੍ਹਾਂ ਦੁਆਰਾ ਕੀਤੀ ਗਈ ਘਾਲਣਾ ਉਸ ਵਕਤ ਰੰਗ ਲਿਆਈ ਸੀ, ਜਦੋਂ ਸੰਨ 1999 ਵਿੱਚ ‘ਕੌਮਾਂਤਰੀ ਮਜ਼ਦੂਰ ਸੰਗਠਨ’ ਦੇ ਸਾਰੇ ਹੀ 187 ਮੈਂਬਰ ਦੇਸ਼ਾਂ ਨੇ ਇੱਕਜੁੱਟਤਾ ਨਾਲ ਬਾਲ ਮਜ਼ਦੂਰੀ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਇਸ ਵਿਰੁੱਧ ਸਖ਼ਤ ਕਾਨੂੰਨ ਪਾਸ ਕੀਤੇ ਸਨ।
ਕੈਲਾਸ਼ ਸਤਿਆਰਥੀ ਦੁਆਰਾ ਬਾਲ ਮਜ਼ਦੂਰੀ ਖ਼ਤਮ ਕਰਨ ਅਤੇ ਬੱਚਿਆਂ ਦੀ ਪੜ੍ਹਾਈ ਲਈ ਕੀਤੇ ਕਾਰਜਾਂ ਹਿੱਤ ਉਨ੍ਹਾਂ ਨੂੰ ਸਾਲ 2014 ਦਾ ‘ਸ਼ਾਂਤੀ ਨੋਬਲ ਪੁਰਸਕਾਰ’ ਨਾਲ ਸਤਕਾਰਿਆ ਗਿਆ ਸੀ। ਇਹ ਪੁਰਸਕਾਰ ਕੈਲਾਸ਼ ਸਤਿਆਰਥੀ ਅਤੇ ਬਾਲ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਪਾਕਿਸਤਾਨੀ ਲੜਕੀ ਮਲਾਲਾ ਯੂਸਫ਼ਜਈ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ।
‘ਗਲੋਬਲ ਕੈਮਪੇਨ ਫ਼ਾਰ ਐਜੂਕੇਸ਼ਨ’, ‘ਚਿਲਡਰਨ ਫਾਊਂਡੇਸ਼ਨ’ ਅਤੇ ‘ਐਕਸ਼ਨ ਏਡ’ ਵਰਗੀਆਂ ਅਨੇਕਾਂ ਸੰਸਥਾਵਾਂ ਦੇ ਮੋਢੀ ਕੈਲਾਸ਼ ਸਤਿਆਰਥੀ ਅਮਰੀਕਾ ਦੀਆਂ ‘ਸੈਂਟਰ ਫ਼ਾਰ ਵਿਕਟਿਮ ਆਫ਼ ਟਾਰਚਰ’ ਅਤੇ ‘ਇੰਟਰਨੈਸ਼ਨਲ ਲੇਬਰ ਰਾਈਟਸ ਫ਼ੰਡ’ ਜਿਹੀਆਂ ਮਜ਼ਦੂਰ ਸੰਸਥਾਵਾਂ ਲਈ ਵੀ ਕੰਮ ਕਰ ਚੁੱਕੇ ਹਨ। ਸਤਿਆਰਥੀ ਨੇ ‘ਗਲੋਬਲਾਈਜੇਸ਼ਨ, ਡਿਵੈਲਪਮੈਂਟ ਅਤੇ ਚਾਈਲਡ ਰਾਈਟਸ’ (2006); ‘ਆਜ਼ਾਦ ਬਚਪਨ ਕੀ ਔਰ’ (2016); ‘ਵਿੱਲ ਫ਼ਾਰ ਚਿਲਡਰਨ’ (2017); ‘ਬਿਕਾਸ ਵਰਡਸ ਮੈਟਰ’ (2017); ‘ਐਵਰੀ ਚਾਈਲਡ ਮੈਟਰਸ’ (2018) ਅਤੇ ‘ਕੋਵਿਡ-19 ਸੱਭਿਅਤਾ ਕਾ ਸੰਕਟ ਔਰ ਸਮਾਧਾਨ’ (2021) ਵਰਗੀਆਂ ਕਿਤਾਬਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਬਾਲ ਮਜ਼ਦੂਰੀ ਨੂੰ ਮਨੁੱਖਤਾ ਦੇ ਨਾਂ ਉੱਤੇ ਇੱਕ ਬਦਨੁਮਾ ਦਾਗ਼ ਦੱਸਿਆ ਹੈ।
ਭਾਰਤ ਯਾਤਰਾ: ‘ਕੈਲਾਸ਼ ਸਤਿਆਰਥੀ ਚਿਲਡਰਨ ਫ਼ਾਊਂਡੇਸ਼ਨ’ ਵੱਲੋਂ 11 ਸਤੰਬਰ 2017 ਨੂੰ ਸ਼ੁਰੂ ਕੀਤੀ ਗਈ ਭਾਰਤ ਯਾਤਰਾ ਦੌਰਾਨ ਬੱਚਿਆਂ ਉੱਤੇ ਹੁੰਦੇ ਜੁਰਮਾਂ ਬਾਰੇ ਸਾਰੇ ਸਮਾਜ ਨੂੰ ਜਾਗਰੂਕ ਕੀਤਾ ਗਿਆ ਸੀ। ਫ਼ਾਊਂਡੇਸ਼ਨ ਵੱਲੋਂ ਕੀਤੇ ਗਏ ਯਤਨਾਂ ਸਦਕਾ ਦੇਸ਼ ਦੀ ਸਰਕਾਰ ਵੱਲੋਂ ਸਾਲ 2018 ਵਿੱਚ ਬੱਚਿਆਂ ਉੱਤੇ ਹੁੰਦੇ ਜੁਰਮਾਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਬਣਾਇਆ ਗਿਆ ਸੀ।
ਸਤਿਕਾਰ: ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਊਣ ਸਦਕਾ ਅਨੇਕਾਂ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ਸਤਿਆਰਥੀ ਨੂੰ ਸਨਮਾਨਿਤ ਕਰ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਅਮਰੀਕਾ ਦੇ ‘ਕੈਨੇਡੀ ਹਿਊਮਨ ਰਾਈਟਸ ਅਵਾਰਡ’, ‘ਫ਼ਰੀਡਮ ਅਵਾਰਡ’ ਅਤੇ ਨੀਦਰਲੈਂਡ ਦਾ ‘ਗੋਲਡਨ ਫ਼ਲੈਗ ਅਵਾਰਡ’ ਸ਼ਾਮਲ ਹਨ। ਉਨ੍ਹਾਂ ਨੂੰ ਐਮਟੀ ਯੂਨੀਵਰਸਿਟੀ ਵੱਲੋਂ ‘ਆਨਰੇਰੀ ਡਾਕਟਰੇਟ’ ਅਤੇ ਵੈਸਟ ਬੰਗਾਲ ਯੂਨੀਵਰਸਿਟੀ ਵੱਲੋਂ ‘ਡਾਕਟਰ ਆਫ਼ ਲਾਅ’ ਨਾਲ ਸਨਮਾਨਿਆ ਜਾ ਚੁੱਕਾ ਹੈ।
ਸਮਾਜ ਭਲਾਈ ਦੇ ਕੰਮਾਂ ਤੋਂ ਇਲਾਵਾ ਸਤਿਆਰਥੀ ਜਾਨਵਰਾਂ ਨਾਲ ਵੀ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈ। ਉਹ ਰੋਜ਼ਾਨਾ ਸਵੇਰੇ ਗਉਸ਼ਾਲਾ ਜਾਂਦਾ ਹੈ ਅਤੇ ਲੰਮਾ ਸਮਾਂ ਜੀਵ ਜੰਤੂਆਂ ਨਾਲ ਉਨ੍ਹਾਂ ਦੀ ਸੇਵਾ ਵਿੱਚ ਬਤੀਤ ਕਰਦਾ ਹੈ। ਭਾਵੇਂ ਕਿ ਅਨੇਕਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਉਸ ਨੂੰ ਆਪਣੇ ਦੇਸ਼ਾਂ ਵਿੱਚ ਵੱਸਣ ਦੀਆਂ ਪੇਸ਼ਕਸ਼ ਕੀਤੀਆਂ ਹਨ, ਪਰ ਉਸ ਨੇ ਆਪਣੇ ਦੇਸ਼ ਵਿੱਚ ਹੀ ਰਹਿਣ ਨੂੰ ਪਹਿਲ ਦਿੱਤੀ ਹੈ। ਘੱਟ ਲੋਕਾਂ ਨੂੰ ਪਤਾ ਹੈ ਕਿ ਕੈਲਾਸ਼ ਸਤਿਆਰਥੀ ਇੱਕ ਵਧੀਆ ਕਵੀ ਵੀ ਹੈ। ਉਸ ਨੇ ਬੱਚਿਆਂ ਉੱਤੇ ਅਨੇਕਾਂ ਕਵਿਤਾਵਾਂ ਲਿਖੀਆਂ ਹਨ। ਉਹ ਫੋਟੋਗਰਾਫੀ ਦਾ ਵੱਡਾ ਪ੍ਰੇਮੀ ਹੈ। ਉਹ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਜੋੜਿਆਂ ਦੇ ਵਿਆਹ ਕਰਵਾ ਚੁੱਕਾ ਹੈ। ਭਾਵੇਂ ਕਿ ਉਸ ਨੂੰ ਖਾਣਾ ਖਾਣ ਦਾ ਸ਼ੌਂਕ ਨਹੀਂ ਹੈ, ਪਰ ਉਹ ਇੱਕ ਵਧੀਆ ਖ਼ਾਨਸਾਮਾ ਹੈ ਅਤੇ ਵੰਨ-ਸੁਵੰਨੇ ਖਾਣੇ ਬਣਾਉਣ ਦਾ ਸ਼ੌਕ ਹੈ। ਉਹ ਆਪਣੇ ਬੱਚਿਆਂ ਨੂੰ ਵੰਨ-ਸੁਵੰਨੇ ਪਰੌਂਠੇ ਬਣਾ ਕੇ ਖੁਆਉਂਦਾ ਹੈ।

Leave a Reply

Your email address will not be published. Required fields are marked *