ਜਥੇਦਾਰ ਗੜਗੱਜ ਵੱਲੋਂ ਭਗਵੰਤ ਮਾਨ ਗੁਰੂ ਦੋਖੀ ਤੇ ਪੰਥ ਵਿਰੋਧੀ ਕਰਾਰ
ਜਸਵੀਰ ਸਿੰਘ ਸ਼ੀਰੀ
ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਵਿਰੋਧੀ ਅਤੇ ਗੁਰੂ ਦੋਖੀ ਕਰਾਰ ਦੇ ਦਿੱਤਾ ਹੈ। ਇਸ ਪਿੱਛੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਤੇ ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਨਮਾਇੰਦੇ ਬਿਆਨ ਦਾਗਣ ਲੱਗੇ ਹਨ। ਜਥੇਦਾਰ ਗੜਗੱਜ ਅਤੇ ਮੁੱਖ ਮੰਤਰੀ ਦੇ ਹੱਕ ਤੇ ਵਿਰੋਧ ਵਿੱਚ ਅੱਡੋ-ਅੱਡਰੇ ਪ੍ਰਤੀਕਰਮ ਪ੍ਰਗਟਾਏ ਜਾ ਰਹੇ ਹਨ। ਇਸ ਤਰ੍ਹਾਂ ਕੁਝ ਨਿਰਪੱਖ ਬੁੱਧੀਜੀਵੀਆਂ ਨੇ ਇਸ ਸਾਰੇ ਵਰਤਾਰੇ ਨੂੰ ਸਿੱਖਾਂ ਦੀ ਸਰਵਉਚ ਸੰਸਥਾ ਅਤੇ ਪੰਜਾਬ ਦੀ ਵਿਧਾਨ ਸਭਾ- ਦੋ ਧਿਰਾਂ ਦਰਮਿਆਨ ਇੱਕ ਤਰ੍ਹਾਂ ਟਕਰਾਅ ਦੇ ਰੂਪ ਵਿੱਚ ਮਹਿਸੂਸ ਕੀਤਾ ਹੈ।
ਹੁਕਮਨਾਮੇ ਵਿੱਚ ਜਥੇਦਾਰ ਗੜਗੱਜ ਨੇ ਸਮੂਹ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਹੈ ਕਿ ਉਹ ਭਗਵੰਤ ਮਾਨ ਨਾਲ ਕੋਈ ਧਾਰਮਿਕ ਜਾਂ ਸਮਾਜਿਕ ਸੰਬੰਧ ਨਾ ਰੱਖਣ। ਇਸ ਦੇ ਨਾਲ ਹੀ ਪੂਰੀ ਪੰਜਾਬ ਕੈਬਨਿਟ ਨੂੰ ‘ਜਾਗਤ ਜੋਤ ਸੋਧ ਐਕਟ’ ਵਿੱਚ ਰਹੀਆਂ ਖਾਮੀਆਂ ਅਤੇ ਇਸ ਸੰਬੰਧੀ ਸਿੱਖ ਨੁਮਾਇੰਦਿਆਂ ਨੂੰ ਨਾ ਸੁਣਨ ਦੇ ਦੋਸ਼ ਵਿੱਚ ਪੰਜਾਬ ਸਰਕਾਰ ਦੀ ਪੂਰੀ ਕੈਬਨਿਟ ਅਤੇ ਸਿੱਖ ਅਸੈਂਬਲੀ ਮੈਂਬਰਾਂ ਨੂੰ 29 ਜੂਨ ਨੂੰ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਲਈ ਕਿਹਾ ਹੈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੈਰਾਨੀ ਪ੍ਰਗਟਾਈ ਕਿ ਧਰਮ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਲੋਕ ਕਿਵੇਂ ਆਪਣੇ ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਇਸ ਤਰ੍ਹਾਂ ਦਾ ਝੂਠਾ ਪ੍ਰਾਪੇਗੰਡਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੂੜ ਪ੍ਰਚਾਰ ਮੈਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਨੂੰ ਸਰਬਉਚ ਮੰਨਦੇ ਹਨ, ਪਰ ਜਿਹੜੀਆਂ ਉਥੇ ਸਿਆਸੀ ਨਿਯੁਕਤੀਆਂ ਹੋਈਆਂ ਹਨ, ਉਹ ਕਿਸ ਤਰ੍ਹਾਂ ਦੇ ਫੈਸਲੇ ਕਰਦੀ ਹੈ ਸਿੱਖ ਸੰਗਤ ਭਲੀਭਾਂਤ ਜਾਣਦੀ ਹੈ। ਉਨ੍ਹਾਂ ਸਬੰਧਤ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਵੀਡੀਓ ਵਿੱਚ ਜਿਹੜਾ ਬੰਦਾ ਹੈ ਨਾ ਮੇਰਾ ਕੱਦ-ਕਾਠ ਉਹਦੇ ਨਾਲ ਮਿਲਦਾ ਹੈ ਤੇ ਨਾ ਹੀ ਸਰੀਰਕ ਬਣਤਰ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਪੰਜ ਸਿੰਘ ਸਹਿਬਾਨ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਦੋ ਮਤੇ ਜਾਰੀ ਕੀਤੇ ਗਏ ਹਨ। ਪਹਿਲੇ ਆਦੇਸ਼ ਵਿੱਚ ਜਥੇਦਾਰ ਨੇ ਭਗਵੰਤ ਮਾਨ ਨਾਲ ਕਥਿਤ ਤੌਰ ‘ਤੇ ਸੰਬੰਧਤ ਉਸ ਵੀਡੀਓ ਨੂੰ ਸਹੀ ਕਰਾਰ ਦਿੱਤਾ ਹੈ, ਜਿਸ ਵਿੱਚ ਉਹ ਸਿੱਖ ਗੁਰੂ ਸਾਹਿਬਾਨ ਦੀ ਇੱਕ ਤਸਵੀਰ ‘ਤੇ ਸ਼ਰਾਬ ਦੇ ਛਿੱਟੇ ਦਿੰਦਾ ਵਿਖਾਈ ਦੇ ਰਿਹਾ ਹੈ। ਇਸੇ ਵੀਡੀਓ ਵਿੱਚ ਸੰਤ ਜਰਨੈਲ ਸਿੰਘ ਦੇ ਇੱਕ ਛੋਟੇ ਬੁੱਤ ਉੱਤੇ ਭਗਵੰਤ ਮਾਨ ਪਿਸ਼ਾਬ ਕਰਦਾ ਵੀ ਵਿਖਾਈ ਦੇ ਰਿਹਾ ਹੈ। ਪਿਛਲੀ ਵਾਰ ਜਦੋਂ ਭਗਵੰਤ ਸਿੰਘ ਮਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਇਸ ਵੀਡੀਓ ਬਾਰੇ ਜਵਾਬ ਦਿੰਦਿਆਂ ਕਿਹਾ ਸੀ ਕਿ ਇਹ ਉਨ੍ਹਾਂ ਦੀ ਵੀਡੀਓ ਨਹੀਂ ਹੈ, ਏ.ਆਈ. ਨਾਲ ਬਣਾਈ ਗਈ ਝੂਠੀ ਵੀਡੀਓ ਹੈ। ਪਰ ਅਕਾਲ ਤਖਤ ਦੇ ਜਥੇਦਾਰ ਵੱਲੋਂ ਦੋ ਪ੍ਰਾਈਵੇਟ ਪਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਫੌਰੈਂਸਿਕ ਲੈਬਾਂ ਤੋਂ ਕਰਵਾਈ ਗਈ ਜਾਂਚ ਦੀ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਅਸਲੀ ਹੈ ਅਤੇ ਇਸ ਵਿੱਚ ਉਪਰੋਕਤ ਕਾਰਵਾਈਆਂ ਕਰਨ ਵਾਲਾ ਆਦਮੀ ਭਗਵੰਤ ਮਾਨ ਹੀ ਹੈ। ਇਸ ਕਾਰਨ ਅਕਾਲ ਤਖਤ ਸਾਹਿਬ ਨੇ ਭਗਵੰਤ ਮਾਨ ਨੂੰ ‘ਗੁਰੂ ਦੋਖੀ’ ਕਰਾਰ ਦੇ ਦਿੱਤਾ।
ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਇੱਕ ਮੀਟਿੰਗ ਵਿੱਚ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਭਗਵੰਤ ਮਾਨ ‘ਪੰਥ ਵਿਰੋਧੀ ਅਤੇ ਗੁਰੂ ਦੋਖੀ’ ਹੈ। ਇਸ ਲਈ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਇਸ (ਭਗਵੰਤ ਮਾਨ) ਨਾਲ ਕੋਈ ਵੀ ਧਾਰਮਿਕ ਅਤੇ ਸਮਾਜਿਕ ਮੇਲ-ਜੋਲ ਨਾ ਰੱਖਣ। ਇਸ ਨੂੰ ਮੂੰਹ ਨਾ ਲਾਉਣ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਆਖਿਆ ਹੈ ਕਿ ਇਸ ਵੀਡੀਓ ਵਿੱਚ ਭਗਵੰਤ ਮਾਨ ਤੇ ਹੈ ਹੀ ਨਹੀਂ। ਉਂਝ ਇਹ ਵੀਡੀਓ ਭਗਵੰਤ ਮਾਨ ਦੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਦੀ ਜਾਪਦੀ ਹੈ।
ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਪਾਸ ਅਤੇ ਜਾਰੀ ਕੀਤੇ ਗਏ ਦੂਜੇ ਮਤੇ ਵਿੱਚ ਕਿਹਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ‘ਜਾਗਤਜੋਤ ਸਿਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ-2026’ ਨੂੰ ਸਿੱਖ ਨੁਮਾਇੰਦਿਆਂ ਦੀ ਰਾਏ ਲਏ ਬਿਨਾ ਅਤੇ ਸਿੱਖਾਂ ਦੇ ਕੁਝ ਬੁਨਿਆਦੀ ਸਰੋਕਾਰਾਂ ਨੂੰ ਹੱਲ ਕਰੇ ਬਗੈਰ ਪਾਸ ਕੀਤਾ ਗਿਆ ਹੈ। ਇਸ ਦੋਸ਼ ਲਈ ਪੰਜਾਬ ਸਰਕਾਰ ਦੀ ਪੂਰੀ ਕੈਬਨਿਟ ਅਤੇ ਪੰਜਾਬ ਅਸੈਂਬਲੀ ਦੇ ਸਾਰੇ ਸਿੱਖ ਮੈਂਬਰਾਂ ਨੂੰ 29 ਜੂਨ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰ ਲਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਕਾਨੂੰਨ ਨੂੰ ਪਾਸ ਕਰਵਾਉਣ ਲਈ ਇੱਕ ਸਿੰਘ ਪਟਿਆਲਾ ਦੇ ਸਮਾਣਾ ਕਸਬੇ ਵਿੱਚ ਇੱਕ ਟਾਵਰ ‘ਤੇ ਚੜ੍ਹ ਕੇ ਮੋਰਚਾ ਲਗਾ ਕੇ ਸਾਲ ਭਰ ਬੈਠਾ ਰਿਹਾ ਹੈ। ਇਸ ਸੰਘਰਸ਼ ਕਾਰਨ ਹੀ ਸਰਕਾਰ ਅਕਾਲੀਆਂ ਵੱਲੋਂ ਬਣਾਏ ਗਏ ਉਪਰੋਕਤ ਕਾਨੂੰਨ ਵਿੱਚ ਸੋਧ ਕਰਨ ਲਈ ਮਜਬੂਰ ਹੋਈ ਸੀ। ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਸੰਜਮੀ ਜਿਹੇ ਸ਼ਬਦਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਸੁਆਗਤ ਵੀ ਕੀਤਾ ਸੀ; ਪਰ ਬਾਅਦ ਵਿੱਚ ਅਕਾਲੀ ਲੀਡਰਸ਼ਿਪ ਦੇ ਦਬਾਅ ਕਾਰਨ ਉਨ੍ਹਾਂ ਇਸ ‘ਗਲਤੀ’ ਲਈ ਮੁਆਫੀ ਮੰਗ ਲਈ।
ਇਸ ਦੌਰਾਨ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਸੰਬੰਧੀ ਵੀ ਇਤਰਾਜ਼ ਉਠੇ ਹਨ ਕਿ ਉਨ੍ਹਾਂ ਸਰਕਾਰੀ ਐਸ.ਆਈ.ਟੀ. ਕੋਲ ਜਾ ਕੇ ਆਪਣਾ ਬਿਆਨ ਦਰਜ ਕਰਵਾ ਕੇ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕੀਤੀ ਹੈ। ਪਰ ਗਿਆਨੀ ਰਘਬੀਰ ਸਿੰਘ ਨੇ ਪ੍ਰੈਸ ਕੋਲ ਪ੍ਰਗਟ ਕੀਤੇ ਗਏ ਆਪਣੇ ਪ੍ਰਤੀਕਰਮ ਵਿੱਚ ਸਾਫ ਕਰ ਦਿੱਤਾ ਹੈ ਕਿ ਐਸ.ਆਈ.ਟੀ. ਉਨ੍ਹਾਂ ਦਾ ਬਿਆਨ ਦਰਜ਼ ਕਰਨ ਲਈ ਉਨ੍ਹਾਂ ਦੇ ਘਰ ਆਈ ਸੀ, ਉਹ ਆਪ ਕਿਸੇ ਸਰਕਾਰੀ ਅਫਸਰ ਕੋਲ ਨਹੀਂ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹੋ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਵੀ ਸਵੀਕਾਰ ਕੀਤਾ ਗਿਆ ਹੈ ਉਹ ਲਾਈਵ ਨਸ਼ਰ ਹੋਇਆ ਹੈ ਅਤੇ ਰਿਕਾਰਡ ਵਿੱਚ ਵੀ ਦਰਜ ਹੈ। ਉਂਝ ਇਸ ਬਿਆਨ ਬਦਲੇ ਗਿਆਨੀ ਰਘਬੀਰ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਵਿਖੇ ਸੱਦਣ ਦੀ ਚਰਚਾ ਚੱਲੀ ਹੈ।
ਅਸਲ ਵਿੱਚ ਪੰਜਾਬ ਦੀ ਸਿੱਖ ਸਪੇਸ ਵਿੱਚ ਅਕਾਲੀ ਦਲ (ਬਾਦਲ) ਦੀ ਸਿਆਸੀ ਸਿਹਤ ਨੂੰ ਹਾਲ ਦੀ ਘੜੀ ਮੋੜਾ ਪਿਆ ਨਹੀਂ ਦਿਸ ਰਿਹਾ। ਆਪਣੇ ਪੁਨਰ ਉਥਾਨ ਨੂੰ ਪੰਜਾਬ ਦੇ ਬੁਨਿਆਦੀ ਮੰਗਾਂ/ਮਸਲਿਆਂ ਅਤੇ ਇਨ੍ਹਾਂ ਲਈ ਮੁੜ ਤੋਂ ਸੰਘਰਸ਼ ਵੱਲ ਜਾਣ ਦੀ ਥਾਂ ਸਿੱਖ ਪ੍ਰਭੂਸਤਾ ਨਾਲ ਜੁੜੀਆਂ ਸੰਸਥਾਵਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਉਲਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ। (ਭਾਵੇਂ ਕਿ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲੀ ਵੀਡੀਓ ਦੀ ਪ੍ਰਮਾਣਿਕਤਾ ਬਾਰੇ ਅਸੀਂ ਹਾਲੇ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਹਾਂ।) ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਇਹ ਰਵਾਇਤ ਤਾਂ ਪਹਿਲਾਂ ਹੀ ਪਾ ਲਈ ਹੈ ਕਿ ਸਰਬਉੱਚ ਸਿੱਖ ਸੰਸਥਾ ਦੇ ਮੁਖੀ ਦੇ ਹੁਕਮਨਾਮੇ ਦਾ ਸਿਰਫ ਓਨਾ ਹਿੱਸਾ ਹੀ ਮੰਨਣਾ ਹੈ, ਜਿੰਨਾ ਰਾਜਨੀਤਿਕ ਤੌਰ ‘ਤੇ ਉਨ੍ਹਾਂ ਨੂੰ ਫਿੱਟ ਬੈਠਦਾ ਹੈ। ਇਸ ਦੇ ਨਾਲ-ਨਾਲ ਆਪਣੇ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਤੋਂ ਇਸ ਕਿਸਮ ਦੇ ਹੁਕਮਨਾਮੇ ਜਾਰੀ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ, ਜਿਹੜੇ ਅਕਾਲੀ ਦਲ (ਬਾਦਲ) ਨੂੰ ਫਿੱਟ ਬੈਠਦੇ ਹਨ। ਜਦੋਂ ਅਕਾਲੀ ਦਲ (ਬਾਦਲ) ਦੀ ਪੁਨਰਉਸਾਰੀ ਦੇ ਅਮਲ ਨੂੰ ਕਿਸੇ ਪਾਸਿਉਂ ਵੀ ਹੱਥ ਪੈਂਦਾ ਨਜ਼ਰ ਨਹੀਂ ਆ ਰਿਹਾ ਤਾਂ ਇਸ ਸਿਆਸੀ ਯੱਭ ਦੀ ਜ਼ਿੰਮੇਵਾਰੀ ਵੀ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਦੇ ਗਲ਼ ਪਾ ਦਿੱਤੀ ਗਈ ਹੈ।
ਉਪਰੋਕਤ ਤੋਂ ਇਲਾਵਾ ਤੀਜਾ ਮਤਾ ਕੈਨੇਡਾ ਦੇ ਵਿੰਨੀਪੈਗ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਸੰਬੰਧੀ ਵੀ ਪਾਸ ਕੀਤਾ ਗਿਆ ਹੈ ਜਿਸ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਇਤਿਹਾਸਕ ਤਸਵੀਰਾਂ ਉਤਾਰਨ ਬਦਲੇ ‘ਤਨਖਾਹੀਆ’ ਕਰਾਰ ਦਿੱਤਾ ਗਿਆ ਹੈ।
