ਇਰਾਨ ਤੇ ਅਮਰੀਕਾ ਵਿਚਾਲੇ ਸਮਝੌਤੇ ਦੇ ਆਸਾਰ ਬਣੇ

ਸਿਆਸੀ ਹਲਚਲ ਖਬਰਾਂ

ਪੰਜਾਬੀ ਪਰਵਾਜ਼ ਬਿਊਰੋ
ਇਰਾਨ ਅਤੇ ਅਮਰੀਕਾ ਵਿਚਕਾਰ ਜੰਗ ਖ਼ਤਮ ਹੋਣ ਦੇ ਆਸਾਰ ਵਿਖਾਈ ਦੇਣ ਲੱਗੇ ਹਨ। ਦੋਹਾਂ ਮੁਲਕਾਂ ਵਿਚਕਾਰ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮ.ਓ.ਯੂ.) ‘ਤੇ ਸਹਿਮਤੀ ਹੋਈ ਦੱਸੀ ਜਾ ਰਹੀ ਹੈ। ਇਸ ਸਮਝੌਤੇ ਤਹਿਤ ਸਟੇਟ ਆਫ ਹੌਰਮੂਜ਼ ਵਿੱਚ ਟਰੈਫਿਕ ਆਵਾਜਾਈ ਆਉਣ ਜਾਣ ਲੱਗੇਗੀ। ਅਮਰੀਕੀ ਨੇਵੀ ਵੱਲੋਂ ਇਰਾਨ ਦੀ ਕੀਤੀ ਘੇਰਾਬੰਦੀ ਢਿੱਲੀ ਹੋਣੀ ਵੀ ਸ਼ੁਰੂ ਹੋ ਗਈ ਹੈ।

ਫਿਰ ਵੀ ਦੋਨੋ ਧਿਰਾਂ ਸਟੇਟ ਆਫ ਹੌਰਮੂਜ਼ ਤੋਂ ਆਪਣਾ ਘੇਰਾ ਚੁੱਕਣ ਤੇ ਹੋਰ ਮਮਲਿਆਂ ਵਿੱਚ ਬਹੁਤ ਹੀ ਸੰਭਲ ਕੇ ਕਦਮ ਚੁੱਕ ਰਹੀਆਂ ਹਨ। ਸਮਝੌਤਾ ਹੋਣ ਅਤੇ ਮੈਮੋਰੰਡਮ ਆਫ ਅੰਡਰਸਟੈਂਡਿੰਗ ‘ਤੇ ਸਹਿਮਤੀ ਹੋਣ ਦੀ ਗੱਲ ਦੋਨੋ ਧਿਰਾਂ ਸਵੀਕਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕਿਸੇ ਵੀ ਧਿਰ ਵੱਲੋਂ ਇਸ ਨੂੰ ਆਪਣੀ ਜਿੱਤ ਦੇ ਰੂਪ ਵਿੱਚ ਪੇਸ਼ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਭਾਵੇਂ ਕਿ ਵੱਖ-ਵੱਖ ਮੁਲਕਾਂ ਦੇ ਮੁੱਖ ਧਾਰਾ ਮੀਡੀਆ ਅਤੇ ਸੋਸ਼ਲ ਮੀਡੀਆ ਵੱਲੋਂ ਇਸ ਸਮਝੌਤੇ ਦੀ ਆਪੋ-ਆਪਣੀ ਵਿਆਖਿਆ ਕੀਤੀ ਜਾ ਰਹੀ ਹੈ। ਖੁਦ ਅਮਰੀਕਾ ਅਤੇ ਇਰਾਨ ਦੇ ਬਿਆਨਾਂ ਵਿੱਚ ਵੀ ਸਮਝੌਤੇ ਬਾਰੇ ਇਕਸਾਰਤਾ ਨਹੀਂ ਹੈ। ਫਿਰ ਵੀ ਦੋਹਾਂ ਮੁਲਕਾਂ ਵਿਚਕਾਰ ਕੁਝ ਨਾ ਕੁਝ ਸਹਿਮਤੀ ਦੇ ਸੰਕੇਤ ਜ਼ਰੂਰ ਮਿਲ ਰਹੇ ਹਨ। ਸਿਰਫ ਇਜ਼ਰਾਇਲ ਦੇ ਰਾਸ਼ਟਰਪਤੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਫੌਜ ਵੱਲੋਂ ਲੈਬਨਾਨ ‘ਤੇ ਕੀਤੇ ਜਾ ਰਹੇ ਹਮਲੇ ਜ਼ਰੂਰ ਸਮਝੌਤੇ ਦੇ ਰਾਹ ਵਿੱਚ ਰੋੜਾ ਬਣ ਸਕਦੇ ਹਨ। ਇਜ਼ਰਾਇਲ ਦੇ ਰੱਖਿਆ ਮੰਤਰੀ ਅਤੇ ਖੁਦ ਪ੍ਰਧਾਨ ਮੰਤਰੀ ਨੇ ਵੀ ਮੁੱਢ ਵਿੱਚ ਅਜਿਹੇ ਬਿਆਨ ਦਿੱਤੇ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਜ਼ਰਾਇਲ ਇਰਾਨ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਕਿਸੇ ਸਮਝੌਤੇ ਦਾ ਪਾਬੰਦ ਨਹੀਂ ਹੈ। ਇਜ਼ਰਾਇਲੀ ਰੱਖਿਆ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਜ਼ਰਾਇਲ ਕੋਈ ‘ਬਨਾਨਾ ਸਟੇਟ’ ਨਹੀਂ ਹੈ ਕਿ ਇਰਾਨ-ਯੂ.ਐਸ. ਸਮਝੌਤੇ ਨੂੰ ਮੰਨਣ ਲਈ ਬਾਧਕ ਹੋਵੇ; ਪਰ ਇੱਕ-ਦੋ ਦਿਨ ਵਿੱਚ ਹੀ ਇਜ਼ਰਾਇਲੀ ਲੀਡਰਸ਼ਿਪ ਦੇ ਬਿਆਨਾਂ ਦੀ ਸੁਰ ਧੀਮੀ ਹੋਣ ਲੱਗੀ ਹੈ। ਭਾਵੇਂ ਕਿ ਲੈਬਨਾਨ ਉੱਪਰ ਟਾਵੇਂ-ਟਾਵੇਂ ਹਮਲੇ ਹਾਲੇ ਵੀ ਜਾਰੀ ਹਨ, ਪਰ ਲਗਦਾ ਹੈ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਵਾਲੀ ਗੱਲਬਾਤ ਪਟੜੀ ਉੱਪਰ ਚੜ੍ਹ ਗਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-7 ਮੁਲਕਾਂ ਦੇ ਸੰਮੇਲਨ ਵਿੱਚ ਫਰਾਂਸ ਪਹੁੰਚਣ ਤੋਂ ਬਾਅਦ ਕਿਹਾ ਕਿ ਇਰਾਨ ਨਾਲ ਸਮਝੌਤਾ ਹੋ ਚੁੱਕਾ ਹੈ ਅਤੇ ਸਟੇਟ ਆਫ ਹੌਰਮੂਜ਼ ਸ਼ੁੱਕਰਵਾਰ ਤੋਂ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ; ਪਰ ਇਸ ਦਰਮਿਆਨ ਇਰਾਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਹੌਰਮੂਜ਼ ਲਾਂਘੇ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਤੋਂ ਫੀਸ ਵਸੂਲ ਕਰੇਗਾ, ਜਦਕਿ ਅਮਰੀਕਾ ਆਖ ਰਿਹਾ ਹੈ ਕਿ ਇਹ ਪਹਿਲਾਂ ਵਾਂਗ ਹਰ ਕਿਸੇ ਲਈ ਮੁਫਤ ਹੋਵੇਗਾ। ਅਮਰੀਕੀ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਹ ਵੀ ਕਿਹਾ ਹੈ ਕਿ ਯੂਰੇਨੀਅਮ ਸੋਧਣ ਦੇ ਮਾਮਲੇ ਵਿੱਚ ਇਰਾਨ ‘ਤੇ ਕੌਮਾਂਤਰੀ ਏਜੰਸੀਆਂ ਸਖ਼ਤ ਨਿਗਾਹ ਰੱਖਣਗੀਆਂ। ਡੋਨਾਲਡ ਟਰੰਪ ਨੇ ਇਹ ਗੱਲ ਵਾਰ-ਵਾਰ ਚਿਤਾਰੀ ਹੈ ਕਿ ਇਰਾਨ ਕਦੀ ਵੀ ਪ੍ਰਮਾਣੂ ਬੰਬ ਨਹੀਂ ਬਣਾਏਗਾ। ਯਾਦ ਰਹੇ, ਇਰਾਨ ਨੇ ਇਹ ਕਦੀ ਵੀ ਨਹੀਂ ਕਿਹਾ ਕਿ ਉਹ ਪ੍ਰਮਾਣੂ ਬੰਬ ਬਣਾਉਣਾ ਚਾਹੁੰਦਾ ਹੈ। ਸਗੋਂ ਅਮਰੀਕੀ-ਇਜ਼ਰਾਇਲੀ ਹਮਲੇ ਵਿੱਚ ਮਾਰੇ ਗਏ ਇਰਾਨੀ ਸੁਪਰੀਮ ਲੀਡਰ ਆਇਤੁਲਾ ਅਲੀ ਖੁਮੀਨੀ ਨੇ ਪ੍ਰਮਾਣੂ ਬੰਬ ਬਣਾਉਣ ਖਿਲਾਫ ਬਾਕਾਇਦਾ ਫਤਵਾ ਜਾਰੀ ਕੀਤਾ ਹੋਇਆ ਸੀ, ਜਿਸ ਨੂੰ ਅਜੇ ਤੱਕ ਇਰਾਨੀ ਹਕੂਮਤ ਨੇ ਨਾ ਤੇ ਰੱਦ ਕੀਤਾ ਹੈ ਅਤੇ ਨਾ ਹੀ ਪਲਟਿਆ ਹੈ।
ਅਮਰੀਕੀ ਸਦਰ ਨੇ ਫਰਾਂਸ ਦੇ ਸ਼ਹਿਰ ਏਵੀਅਨ ਵਿੱਚ ਜੀ-7 ਮੁਲਕਾਂ ਦੀ ਗੱਲਬਾਤ ਸ਼ੁਰੂ ਹੋਣ ਮੌਕੇ ਫਰਾਂਸੀਸੀ ਰਾਸ਼ਟਰਪਤੀ ਮੈਕਰੋਨ ਨਾਲ ਇੱਕ ਗੱਲਬਾਤ ਵਿੱਚ ਜਰਮਨ ਅਤੇ ਫਰਾਂਸ ਦੀ ਉਸ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਜਿਸ ਵਿੱਚ ਇਨ੍ਹਾਂ ਮੁਲਕਾਂ ਨੇ ਹੌਰਮੂਜ਼ ਵਿੱਚ ਸਾਂਝੀ ਟਾਸਕ ਫੋਰਸ ਤਾਇਨਾਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਇਸ ਪੇਸ਼ਕਸ਼ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਇਸ ਲਈ ਮਦਦ ਦੀ ਲੋੜ ਨਹੀਂ ਹੈ। ਯਾਦ ਰਹੇ, ਇਸ ਤੋਂ ਪਹਿਲਾਂ ਹੌਰਮੂਜ਼ ਲਾਂਘਾ ਖੋਲ੍ਹਣ ਲਈ ਟਰੰਪ ਪੱਛਮੀ ਮੁਲਕਾਂ ਤੋਂ ਮਦਦ ਦੀ ਮੰਗ ਕਰਦੇ ਰਹੇ ਹਨ। ਕੇਂਦਰੀ ਸਵਿਟਜ਼ਰਲੈਂਡ ਦੇ ਬਰਜਨਸਟੌਕ ਰਿਜ਼ੋਰਟ ਵਿੱਚ ਹੋਣ ਵਾਲੇ ਇਸ ਸਮਝੌਤੇ ‘ਤੇ ਅਮਰੀਕਾ ਵੱਲੋਂ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਇਰਾਨ ਵੱਲੋਂ ਮੁੱਖ ਵਾਰਤਾਕਾਰ ਮੁਹੰਮਦ ਬਘੇਰ ਗਾਲੀਬਾਫ ਦਸਤਖਤ ਕਰਨਗੇ।
ਦੋਹਾਂ ਮੁਲਕਾਂ ਵਿਚਕਾਰ ਸਮਝੌਤੇ ਦੀ ਖ਼ਬਰ ਆਉਣ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਗਿਰਨੀਆਂ ਸ਼ੁਰੂ ਹੋ ਗਈਆਂ। ਇਹ ਮੁੜ 80 ਡਾਲਰ ਪ੍ਰਤੀ ਬੈਰਲ ‘ਤੇ ਆ ਟਿਕੀਆਂ ਹਨ। ਮਾਰਚ ਦੇ ਪਹਿਲੇ ਹਫਤੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਇਸ ਪੱਧਰ ‘ਤੇ ਕਦੀ ਵੀ ਨਹੀਂ ਸਨ ਆਈਆਂ। ਇਸ ਦੇ ਨਾਲ ਹੀ ਅਮਰੀਕਾ ਸਮੇਤ ਦੁਨੀਆਂ ਭਰ ਦੇ ਸਟਾਕ ਮਾਰਕੀਟ ਤੇਜ਼ੀ ਨਾਲ ਉਪਰ ਉਠਣੇ ਸ਼ੁਰੂ ਹੋ ਗਏ। ਇਸ ਦੌਰਾਨ ਇਰਨ ਦੇ ਉੱਪ ਵਿਦੇਸ਼ ਮੰਤਰੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਐਮ.ਓ.ਯੂ. ‘ਤੇ ਦਸਤਖਤ ਹੋਣ ਤੋਂ ਪਹਿਲਾਂ ਹੀ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਘੇਰਾਬੰਦੀ ਹਟਣੀ ਸ਼ੁਰੂ ਹੋ ਗਈ ਹੈ ਅਤੇ ਇਰਾਨ ਨੇ ਕਈ ਮੁਲਕਾਂ ਨੂੰ ਤੇਲ ਸਪਲਾਈ ਆਰੰਭ ਕਰ ਦਿੱਤੀ ਹੈ।
ਉਧਰ ਇਜ਼ਰਾਇਲ ਨਾਲ ਸਿੰਗ ਫਸਾਈ ਬੈਠੇ ਹਿਜ਼ਬੁੱਲਾ ਨੇ ਕਿਹਾ ਹੈ ਕਿ ਇਰਾਨ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਜਿੰਨਾ ਚਿਰ ਦੱਖਣੀ ਲੈਬਨਾਨ ਵਿੱਚੋਂ ਇਜ਼ਰਾਇਲੀ ਫੌਜਾਂ ਵਾਪਸ ਨਹੀਂ ਬੁਲਾਈਆਂ ਜਾਂਦੀਆਂ, ਇਰਾਨ ਸਮਝੌਤੇ ‘ਤੇ ਦਸਤਖਤ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਸਮਝੌਤੇ ਦੇ ਐਲਾਨ ਤੋਂ ਦੋ ਦਿਨ ਬਾਅਦ ਵੀ ਇਜ਼ਰਾਇਲ ਵੱਲੋਂ ਲੈਬਨਾਨ ਵਿੱਚ ਇੱਕ ਕਾਰ ‘ਤੇ ਡਰੋਨ ਰਾਹੀਂ ਹਮਲਾ ਕੀਤਾ ਗਿਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਟਰੰਪ ਨੇ ਨੇਤਨਯਾਹੂ ਨੂੰ ਲੈਬਨਾਨ ਵਿੱਚ ਹਮਲੇ ਰੋਕਣ ਲਈ ਕਿਹਾ ਹੈ। ਇਜ਼ਰਾਇਲ ਦਾ ਆਖਣਾ ਹੈ ਕਿ ਉਸ ਨੇ ਲੈਬਨਾਨ ਗਾਜ਼ਾ ਅਤੇ ਸੀਰੀਆ ਵਿੱਚ ਜਿਨ੍ਹਾਂ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਹੈ, ਉਨ੍ਹਾਂ ਤੋਂ ਆਪਣੀ ਫੌਜ ਵਾਪਸ ਨਹੀਂ ਬੁਲਾਏਗਾ।
ਇੱਥੇ ਇਹ ਵੀ ਧਿਆਨ ਰਹੇ ਕਿ ਸਵਿਟਜ਼ਰਲੈਂਡ ਵਿੱਚ ਜਿਸ ਮੈਮੋਰੈਂਡਮ ਐਮ.ਓ.ਯੂ. ‘ਤੇ ਦਸਤਖਤ ਕੀਤੇ ਜਾਣੇ ਹਨ, ਇਹ ਸਮਝੌਤਿਆਂ ਦੀ ਇੱਕ ਲੰਮੀ ਲੜੀ ਦੀ ਸ਼ੁਰੂਆਤ ਹੈ, ਅੰਤਿਮ ਸਮਝੌਤਾ ਨਹੀਂ ਹੈ। ਇਸ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ 60 ਦਿਨ ਹੋਰ ਗੱਲਬਾਤ ਦਾ ਦੌਰ ਚੱਲੇਗਾ। ਇਸੇ ਦੌਰਾਨ ਚੀਨ ਦੇ ਇੱਕ ਉੱਚ ਕੋਟੀ ਦੇ ਕੂਟਨੀਤੀਵਾਨ ਵਾਂਗ.ਯੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਦੱਸਿਆ ਕਿ ਐਮ.ਓ.ਯੂ. ‘ਤੇ ਦਸਤਖਤ ਹੋਣ ਤੋਂ ਬਾਅਦ ਗੱਲਬਾਤ ਦਾ ਇੱਕ ਬੇਹੱਦ ਮੁਸ਼ਕਲ ਦੌਰ ਚੱਲੇਗਾ। ਇਹ ਦੋਹਾਂ ਧਿਰਾਂ ਲਈ ਇਮਤਿਹਾਨ ਦੀ ਘੜੀ ਹੋਏਗੀ। ਚੀਨੀ ਕੂਟਨੀਤੀਵਾਨ ਨੇ ਇਸ ਦੌਰ ਵਿੱਚ ਚੀਨ ਵੱਲੋਂ ਮੱਦਦ ਦਿੱਤੇ ਜਾਣ ਦੀ ਪੇਸ਼ਕਸ਼ ਵੀ ਕੀਤੀ ਹੈ।

Leave a Reply

Your email address will not be published. Required fields are marked *