‘ਪੈਲਾਟਾਈਨ ਗੁਰਦੁਆਰੇ ਤੋਂ ਆਈ ਆਵਾਜ਼ – ਖਾਲਿਸਤਾਨ ਖਾਲਿਸਤਾਨ’

ਖਬਰਾਂ ਵਿਚਾਰ-ਵਟਾਂਦਰਾ

ਕੁਲਜੀਤ ਸਿੰਘ
ਨਹੀਂ, ਨਹੀਂ, ਨਹੀਂ, ਨਹੀਂ! ਹਥਲੀ ਲਿਖਤ ਦਾ ਸਿਰਲੇਖ ਪੜ੍ਹ ਕੇ ਚਕ੍ਰਿਤ ਨਾ ਹੋਵੋ ਕਿ ਕਿਤੇ ਗੁਰਦੁਆਰਾ ਪੈਲਾਟਾਈਨ ਤੋਂ ਹੁਣ ‘ਖਾਲਿਸਤਾਨ! ਖਾਲਿਸਤਾਨ!!’ ਦੀ ‘ਆਵਾਜ਼’ ਆਉਣ ਲੱਗ ਪਈ ਹੈ; ਕਿਉਂਕਿ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇਸ ਗੁਰੂਘਰ ਨਾਲ ਜੁੜੀ ਸਾਰੀ ਸੰਗਤ ਕਿਸੇ ਇੱਕ ਵਿਸ਼ੇਸ਼ ਵਿਚਾਰਧਾਰਾ ਦੀ ਮੁਦੱਈ ਨਹੀਂ ਹੈ। ਹਾਂ! ਇਹ ਸੰਗਤ ਦੇ ਇੱਕ (ਕੁਝ) ਹਿੱਸੇ ਦੀ ਆਵਾਜ਼ ਤਾਂ ਜ਼ਰੂਰ ਹੋ ਸਕਦੀ ਹੈ, ਤੇ ਇਸ ਵਿੱਚ ਖਾਸ ਉਜਰ ਵਾਲੀ ਵੀ ਕੋਈ ਗੱਲ ਨਹੀਂ; ਕਿਉਂਕਿ ਹਰ ਇੱਕ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਸ਼ਾਇਦ ਇਸੇ ਲਈ ਗੁਰੂਘਰ ਵਿੱਚ ‘ਖਾਲਿਸਤਾਨ ਐਲਾਨਨਾਮਾ ਦਿਵਸ’ ਮਨਾਏ ਜਾਣ `ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ।

ਕਿਸੇ ਵੀ ਤਰ੍ਹਾਂ ਦੇ ਵਿਚਾਰ ਦੇ ਪੱਖ ਜਾਂ ਵਿਰੋਧ ਵਿੱਚ ਹੋਣਾ ਹਰ ਇੱਕ ਦਾ ਨਿੱਜੀ ਮਾਮਲਾ ਹੈ; ਪਰ ਇਸ ‘ਆਵਾਜ਼’ ਦੇ ਚਰਚਾ ਵਿੱਚ ਆਉਣ ਨਾਲ ਹੁਣ ਕੁਝ ਹੋਰ ਆਵਾਜ਼ਾਂ ਉਠੀਆਂ ਹਨ, ਜਿਨ੍ਹਾਂ ਦੀ ਤਾਸੀਰ ਸਵਾਲੀਆ ਚਿੰਨ੍ਹ ਨੁਮਾ ਹੈ। ਕੁਝ ਕੁ ਚਰਚਾ ਇਹ ਹੋਈ ਹੈ ਕਿ ਕੀ ਹੁਣ ਗੁਰੂਘਰ ਦੀ ਸਾਰੀ ਸੰਗਤ ‘ਖਾਲਿਸਤਾਨ’ ਦੇ ਰੰਗ ਵਿੱਚ ਰੰਗੀ ਗਈ ਹੈ? ਜਾਂ ਕੀ ਇਹ ਰੰਗ ਜਾਣ-ਬੁੱਝ ਕੇ ਚਾੜ੍ਹਨ ਦੀ ਕੋਸ਼ਿਸ਼ ਹੋ ਰਹੀ ਹੈ? ਕੀ ਗੁਰੂਘਰ ਵਿੱਚ ਸੱਚਮੁੱਚ ਹੀ ਖਾਲਿਸਤਾਨ ਦੀ ਮੰਗ ਦੇ ਜ਼ੋਰ ਫੜ੍ਹਿਆ ਹੈ ਜਾਂ ਮਸਲਾ ਕੋਈ ਹੋਰ ਹੀ ਹੈ?
ਅਜਿਹੇ ਹੀ ਅਨੇਕਾਂ ਸਵਾਲ ਉਨ੍ਹਾਂ ਦੇ ਜ਼ਹਿਨ ਵਿੱਚ ਆ ਰਹੇ ਹਨ, ਜੋ ਖਾਲਿਸਤਾਨ ਵਿਚਾਰਧਾਰਾ ਦੇ ਮੁਦੱਈ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਦੂਜੀ ਸਟੇਟ ਤੋਂ ਆ ਕੇ ਕੁਝ ਖਾਲਿਸਤਾਨ ਪੱਖੀ ਲੋਕ ਗੁਰਦੁਆਰਾ ਪੈਲਾਟਾਈਨ ਵਿੱਚ ਇੰਨੀ ਸਰਗਰਮੀ ਕਿਉਂ ਦਿਖਾ ਰਹੇ ਹਨ? ਜੇ ਇਹ ਸਿਰਫ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਤੱਕ ਸੀਮਤ ਹੈ ਤਾਂ ਕੋਈ ਵੱਡਾ ਮਸਲਾ ਨਹੀਂ; ਪਰ ਜੇ ਇਹ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਇਸ ਸਬੰਧੀ ਸਥਾਨਕ ਭਾਈਚਾਰੇ ਦੀ ਸਾਂਝ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਰਿਲੀਜੀਅਸ ਸੁਸਾਇਟੀ ਨਾਲ ਜੁੜੇ ਖਾਲਿਸਤਾਨ ਪੱਖੀ ਲੋਕਾਂ, ਆਮ ਸੰਗਤ ਤੇ ਪ੍ਰਬੰਧਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ! ਕਿਉਂਕਿ ਸਥਾਨਕ ਭਾਈਚਾਰੇ ਦੇ ਲੋਕ ਵੱਖ-ਵੱਖ ਵਿਚਾਰਾਂ ਦੇ ਹਾਮੀ ਹੋਣ ਦੇ ਬਾਵਜੂਦ ਆਪਸ ਵਿੱਚ ਇਤਫ਼ਾਕੀਆ ਮਿਲਵਰਤਣ ਵਾਲੇ ਹਨ।
ਇਹ ਕਹਿਣਾ ਗਲਤ ਨਹੀਂ ਕਿ ਮਾਹੌਲ ਦੇ ਇਰਦ-ਗਿਰਦ ਸਿਆਸਤ ਦੀ ਜਿਹੜੀ ਪਰਤ ਚੜ੍ਹਨ ਲੱਗੀ ਹੈ, ਉਸ ਲਈ ਬੰਨ੍ਹ-ਸੁੱਬ ਦੋ-ਚਾਰ ਹਫਤਿਆਂ ਤੋਂ ਨਹੀਂ ਹੋਣ ਲੱਗਾ। ਪਿੱਛਲ ਝਾਤ ਮਾਰੀਏ ਤਾਂ ਕੁਝ ਗੱਲਾਂ ਇਸ ਮਾਹੌਲ ਲਈ ਧਰਾਤਲ ਬਣੀਆਂ ਹਨ ਅਤੇ ਧਿਰ ਪੱਧਰੀ ਕ੍ਰਿਝ ਕੌਂਸਲ ਜਨਰਲ ਦੀ ਗੁਰੂਘਰ ਫੇਰੀ ਤੋਂ ਹੋਰ ਵੀ ਵਧ ਗਈ। ਗੁਰਦੁਆਰਾ ਚੋਣਾਂ ਲਈ ਸਰਗਰਮੀਆਂ ਦੀ ਸ਼ੁਰੂਆਤ ਤੋਂ ਲੈ ਕੇ ਜੇਤੂ ਬੋਰਡ ਆਫ ਟਰੱਸਟੀਆਂ ਨੂੰ ਗੁਰਦੁਆਰਾ ਪ੍ਰਬੰਧਨ ਲਈ ਅਹੁਦੇਦਾਰੀਆਂ/ਜ਼ਿੰਮੇਵਾਰੀਆਂ ਥਾਪੇ ਜਾਣ ਦੇ ਸਮੇਂ ਵੀ ਵਿਚਾਰਧਾਰਕ ਮਤਭੇਦ ਜਾਂ ਏਕਾਧਿਕਾਰ (ਮਨੋਪਲੀ) ਟੁੱਟਣ/ਬਣਨ ਨੂੰ ਲੈ ਕੇ ਅੰਦਰੋ ਅੰਦਰੀ ਕਸ਼ਮਕਸ਼ ਪੈਦਾ ਹੋਣ ਲੱਗ ਪਈ ਸੀ। ਹੁਣ ਜਦੋਂ ਪਿਛਲੇ ਸਮੇਂ ਦੌਰਾਨ ਹੋਈਆਂ ਕੁਝ ਕਥਿਤ ਪ੍ਰਬੰਧਕੀ ਬੇਨਿਯਮੀਆਂ ਦੀ ਗੱਲ ਉਠੀ ਹੈ ਤਾਂ ਕਿਤੇ ਨਾ ਕਿਤੇ ਮਾਹੌਲ ਵਿੱਚ ਸਿੱਧੇ-ਅਸਿੱਧੇ ਤਕਰਾਰ ਨੂੰ ਥਾਂ ਮਿਲੀ ਹੈ। ਸੂਤਰਾਂ ਅਨੁਸਾਰ, ਕਥਿਤ ਬੇਨਿਯਮੀਆਂ ਸਬੰਧੀ ਜਵਾਬਦੇਹੀ ਕੀਤੇ ਜਾਣ ਦੀ ਚਾਰਾਜੋਈ ਹੋ ਸਕਦੀ ਹੈ।
ਖ਼ੈਰ! ਪਹਿਲਾਂ ਤੋਂ ਹੀ ਆਪਸ ਵਿੱਚ ਪਿਆ ਵਿਚਾਰਾਂ ਦਾ ਪਾੜ, ਕੌਂਸਲ ਜਨਰਲ ਦੀ ਫੇਰੀ ਤੋਂ ਬਾਅਦ ਹੋਰ ਡੂੰਘਾ ਹੋਇਆ ਲੱਗਦਾ ਹੈ। ‘ਕੱਟੜ’, ‘ਪਤਿਤ ਸਿੱਖ’, ‘ਖਾਲਿਸਤਾਨੀ’, ‘ਹਿੰਦੋਸਤਾਨੀ’, ‘ਸਰਕਾਰੀ ਏਜੰਟ’, ‘ਆਰ.ਐਸ.ਐਸ. ਦੇ ਬੰਦੇ’, ‘ਗੋਲ ਪੱਗਾਂ ਵਾਲੇ’, ‘ਟਕਸਾਲੀ’ ਆਦਿ ਸ਼ਬਦਾਂ ਸਮੇਤ ਹੋਰ ਤਰ੍ਹਾਂ ਤਰ੍ਹਾਂ ਦੇ ਤਨਜ਼ੀਆ ਲਕਬ ਇੱਕ ਤਰ੍ਹਾਂ ਭਾਈਚਾਰਕ ਇਤਫਾਕ ਵਿੱਚ ਸੇਹ ਦੇ ਤੱਕਲੇ ਵਾਂਗ ਗੱਡ ਹੋ ਰਹੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ 6 ਜੂਨ ਨੂੰ ਸ਼ਿਕਾਗੋ ਵਿੱਚ ਭਾਰਤੀ ਕੌਂਸਲਖਾਨੇ ਅੱਗੇ 1984 ਦੀ ਦੁਖਦਾਈ ਯਾਦ ਵਿੱਚ ਰੋਸ ਮੁਜਾਹਰਾ ਕੀਤਾ ਗਿਆ ਸੀ। ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਅਤੇ ਸਿੱਖਾਂ ਉੱਤੇ ਕੀਤੇ ਗਏ ਤਸ਼ੱਦਦ ਦੇ ਰੋਸ ਵਜੋਂ ਭਾਰਤ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਪਰ ਉਸ ਮੌਕੇ ਵੀ ਖਾਲਿਸਤਾਨ ਦੇ ਪ੍ਰਚਾਰ ਨੂੰ ਅਹਿਮੀਅਤ ਦਿੱਤੀ ਗਈ ਸੀ। ਮੁਜਾਹਰੇ ਵਿੱਚ ਖਾਲਿਸਤਾਨ ਪੱਖੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਜੁੜੇ ਲੋਕ ਹੀ ਸ਼ਾਮਲ ਸਨ। ਇਸ ਮੌਕੇ ਤਾਂ ਸਪੀਕਰ ਤੋਂ “ਪੈਲਾਟਾਈਨ ਗੁਰਦੁਆਰੇ ਤੋਂ ਆਈ ਆਵਾਜ਼ – ਖਾਲਿਸਤਾਨ ਖਾਲਿਸਤਾਨ” ਦੇ ਆਵਾਜ਼ੇ ਕੱਸੇ ਗਏ ਸਨ। ਇਸ ਸਬੰਧੀ ਗੁਰੂਘਰ ਦੀ ਉਸ ਸੰਗਤ, ਜੋ ਖਾਲਿਸਤਾਨੀ ਵਿਚਾਰਾਂ ਨਾਲ ਸਹਿਮਤ ਨਹੀਂ ਹੈ, ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਕਿ ਕੌਂਸਲ ਜਨਰਲ ਨੂੰ ਸਿਰੋਪਾਓ ਦੇਣ ਤੋਂ ਤਿੜੇ ਖਾਲਿਸਤਾਨੀਆਂ ਨੇ ਇਹ ਨਾਅਰਾ ਜਾਣ-ਬੁੱਝ ਕੇ ਲਾਇਆ। ਉਦੋਂ ਭਾਰਤੀ ਤਿਰੰਗਾ ਪਾੜੇ ਜਾਣ ਦੀ ਕਾਰਵਾਈ ਵਿੱਚ ਇੱਕ ਸਥਾਨਕ ਖਾਲਿਸਤਾਨੀ ਸੀ ਸ਼ੁਮਾਰ ਸੀ। ਚੇਤੇ ਰਹੇ, ਸੰਗਤ ਵੱਲੋਂ ਸਿੱਖ ਕੌਮ ਵਜੋਂ ਰੋਸ ਪ੍ਰਗਟਾਉਣ ਲਈ ਗੁਰਦੁਆਰਾ ਪੈਲਾਟਾਈਨ ਦੀ ਤਰਫੋਂ ਬੱਸ ਗਈ ਸੀ, ਪਰ ਕਿਹਾ ਜਾ ਰਿਹਾ ਹੈ ਕਿ ਇਸ ਦਾ ਲਾਹਾ ਖਾਲਿਸਤਾਨੀ ਲੈ ਗਏ। ਇਸ ਤੋਂ ਇਲਾਵਾ ਕੁਝ ਨਵੇਂ-ਪੁਰਾਣੇ ਗੁਰਦੁਆਰਾ ਪ੍ਰਬੰਧਕਾਂ ਅਤੇ ਗੁਰਦੁਆਰਾ ਪ੍ਰਬੰਧਨ ਨਾਲ ਜੁੜੀਆਂ ਕੁਝ ਭਾਈਚਾਰਕ ਸ਼ਖ਼ਸੀਅਤਾਂ ਦੇ ਮੱਤਭੇਦ ਵੀ ਬਰਕਰਾਰ ਹਨ।
ਸ਼ਾਇਦ ਇਸੇ ਕਾਰਨ ਪਿਛਲੇ ਕੁਝ ਹਫਤਿਆਂ ਤੋਂ ਚਰਚਾ ਅਧੀਨ ਆਇਆ ਮੁੱਦਾ ਠੰਡੇ ਬਸਤੇ ਪੈਣ ਦਾ ਨਾਂ ਨਹੀਂ ਲੈ ਰਿਹਾ। ਇੱਕ ਪਿੱਛੋਂ ਇੱਕ ਘਟਨਾਕ੍ਰਮ ਜਾਂ ਵਰਤਾਰੇ ਜੁੜ ਰਹੇ ਹਨ। ਜੇ ਇਨ੍ਹਾਂ ਕਥਿਤ ਤੌਰ `ਤੇ ਉਭਰ ਆਏ ਮਸਲਿਆਂ ਬਾਰੇ ਸੰਜੀਦਗੀ ਨਾਲ ਨਾ ਨਜਿੱਠਿਆ ਗਿਆ, ਤਾਂ ਇਨ੍ਹਾਂ ਕਾਰਨ ਆਉਂਦੇ ਸਮੇਂ ਵਿੱਚ ਭਾਈਚਾਰਕ ਤਰੇੜ ਹੋਰ ਵਧੇਗੀ। ਜੇ ਧਿਰਾਂ ਦਰਮਿਆਨ ਵਧ ਰਹੀ ਬੇਗਾਨਗੀ ਦੀ ਭਾਵਨਾ ਨੂੰ ਰਜ਼ਾਮੰਦੀ ਨਾਲ ਨਾ ਓਟਿਆ ਗਿਆ ਤਾਂ ਇਹ ਖਦਸ਼ਾ ਵੀ ਉਭਰ ਸਕਦਾ ਹੈ ਕਿ ਗੁਰਦੁਆਰੇ ਦੇ ਵਿਸਥਾਰ ਲਈ ਬਣ ਰਹੀਆਂ ਯੋਜਨਾਵਾਂ ਕਿਤੇ ਧਰੀਆਂ ਧਰਾਈਆਂ ਨਾ ਰਹਿ ਜਾਣ; ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਸੰਜੀਦਾ ਮਾਹੌਲ ਦੀ ਥਾਂ ਵਾਦ-ਵਿਵਾਦ ਨੂੰ ਹਵਾ ਮਿਲਣ ਲੱਗੇ ਤਾਂ ਵਿਗਾੜ ਵਧਦਾ ਹੀ ਚਲਿਆ ਜਾਂਦਾ ਹੈ।
ਇਸੇ ਦਰਮਿਆਨ ਸਿੱਖ ਰਿਲੀਜੀਅਸ ਸੁਸਾਇਟੀ ਵੱਲੋਂ ਆਪਣੀ ਵੈਬਸਾਈਟ ਉਤੇ 17 ਮਈ ਦੇ ਘਟਨਾਕ੍ਰਮ ਬਾਰੇ ਇੱਕ ਪ੍ਰੈੱਸ ਰਿਲੀਜ਼ ਪਾਇਆ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਅਜਿਹਾ ਵਿਹਾਰ ਜੋ ਹਮਲਾਵਰ, ਵਿਘਨਕਾਰੀ ਤੇ ਡਰਾਉਣ ਵਾਲਾ ਸੀ, ਗੁਰਦੁਆਰੇ ਦੀ ਪਵਿੱਤਰਤਾ ਅਤੇ ਇਸ ਦੇ ਅਹਾਤੇ ਵਿੱਚ ਕਿਸੇ ਤੋਂ ਵੀ ਉਮੀਦ ਕੀਤੀ ਜਾਂਦੀ ਮਾਣ-ਮਰਿਆਦਾ ਦੀ ਗੰਭੀਰ ਉਲੰਘਣਾ ਸੀ। ਇਸ ਨੇ ਸੰਸਥਾ ਅਤੇ ਸਮੁੱਚੇ ਭਾਈਚਾਰੇ ਨੂੰ ਸ਼ਰਮਿੰਦਗੀ ਦਿੱਤੀ, ਤੇ ਮੌਜੂਦ ਸਾਰਿਆਂ ਨੂੰ ਪ੍ਰੇਸ਼ਾਨੀ ਦਿੱਤੀ। ਇਸ ਵਿਹਾਰ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਢੁਕਵੀਂ ਕਾਰਵਾਈ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਹੈ ਕਿ ਸਿੱਖ ਰਿਲੀਜੀਅਸ ਸੁਸਾਇਟੀ ਆਪਣੀਆਂ ਕਦਰਾਂ-ਕੀਮਤਾਂ `ਤੇ ਦ੍ਰਿੜਤਾ ਨਾਲ ਖੜ੍ਹੀ ਹੈ। ਗੁਰਦੁਆਰਾ ਗੁਰੂ ਦਾ ਘਰ ਹੈ, ਸਮੁੱਚੀ ਸੰਗਤ ਲਈ ਸ਼ਾਂਤੀ, ਮਾਣ ਅਤੇ ਸੇਵਾ ਦਾ ਸਥਾਨ ਹੈ। ਇਹ ਵਿਘਨਕਾਰੀ ਵਿਹਾਰ ਲਈ ਜਗ੍ਹਾ ਨਹੀਂ ਹੈ।
ਇਸ ਸਬੰਧੀ ਲੰਘੀ 7 ਜੂਨ ਨੂੰ ਗੁਰੂਘਰ ਦੀ ਕਾਰਜਕਾਰੀ ਸਕੱਤਰ ਨੇ ਇੱਕ ਪੁਲਿਸ ਕਰਮਚਾਰੀ ਦੀ ਮੌਜੂਦਗੀ ਵਿੱਚ 17 ਮਈ 2026 ਦੇ ਘਟਨਾਕ੍ਰਮ ਸਬੰਧੀ ਇੰਡੀਆਨਾ ਸਟੇਟ ਤੋਂ ਆਏ ਵਿਕਰਮਜੀਤ ਸਿੰਘ ਨਾਂ ਦੇ ਸਿੱਖ ਨੌਜਵਾਨ ਨੂੰ ਕਥਿਤ ਤੌਰ `ਤੇ ਦੋਸ਼ਾਂ ਸੰਬੰਧੀ ਇੱਕ ਚੇਤਾਵਨੀ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੇ ਪੱਤਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸਬੰਧੀ ਵੇਰਵਾ ਗੁਰੂਘਰ ਦੇ ਰਿਕਾਰਡ ਵਿੱਚ ਦਰਜ ਕੀਤਾ ਗਿਆ। ਇਸ ਦਿਨ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮ ਤਾਇਨਾਤ ਸਨ, ਪਰ ਕਿਸੇ ਤਕਰਾਰ ਤੋਂ ਬਚਾਅ ਰਿਹਾ।
ਜ਼ਿਕਰਯੋਗ ਹੈ ਕਿ ਇਸ ਨੌਜਵਾਨ ਨੇ 17 ਮਈ ਨੂੰ ਗੁਰੂਘਰ ਵਿੱਚ ਖਾਲਿਸਤਾਨ ਦੇ ਨਾਅਰੇ ਲਾਏ ਸਨ, ਪਰ ਬਾਅਦ ਵਿੱਚ 7 ਜੂਨ ਨੂੰ ਗੁਰੂਘਰ ਵਿੱਚ 1984 ਦੀ ਦੁਖਦਾਈ ਯਾਦ ਵਿੱਚ ਕੀਤੇ ਗਏ ਸਮਾਗਮ ਦੌਰਾਨ ਇਹ ਨੌਜਵਾਨ ਗੁਰੂਘਰ ਵਿੱਚ ਹਾਜ਼ਰ ਸੀ। ਇਹ ਗੱਲ ਕੁਝ ਸੰਗਤ ਦੀ ਸਮਝ ਤੋਂ ਬਾਹਰ ਹੈ ਕਿ ਗੁਰੂਘਰ ਵਿੱਚ ਕਥਿਤ ਤੌਰ `ਤੇ ਖਲਲ ਪਾਉਣ ਦੇ ਬਾਵਜੂਦ ਜ਼ਿੰਮੇਵਾਰੀ ਲੈਣ ਤੋਂ ਹਾਲੇ ਵੀ ਕਿਉਂ ਮੁਨਕਰ ਹੋਇਆ ਜਾ ਰਿਹਾ ਹੈ?
ਹਾਲਾਂਕਿ 7 ਜੂਨ ਨੂੰ ਸਮਾਗਮ ਮੌਕੇ ਕੁਝ ਖਾਲਿਸਤਾਨ ਪੱਖੀ ਇੰਡੀਆਨਾ ਤੋਂ ਵੀ ਗੁਰਦੁਆਰਾ ਪੈਲਾਟਾਈਨ ਪਹੁੰਚੇ ਹੋਏ ਸਨ ਅਤੇ ਪਾਰਕਿੰਗ ਲਾਟ ਵਿੱਚ ਖੜ੍ਹੀਆਂ ਉਨ੍ਹਾਂ ਦੀਆਂ ਗੱਡੀਆਂ ਉਤੇ ਖਾਲਿਸਤਾਨ ਦੇ ਝੰਡੇ ਲੱਗੇ ਹੋਏ ਸਨ। ਇਸ ਤੋਂ ਇਲਾਵਾ ਗੁਰੂਘਰ ਦੇ ਅਹਾਤੇ ਅੰਦਰ ਲੱਗੇ ‘ਸ਼ਹੀਦੀ ਰੁੱਖ’ ਦੇ ਨਾਲ ਵੀ ਖਾਲਿਸਤਾਨੀ ਝੰਡੇ ਲਾਏ ਗਏ ਸਨ, ਪਰ ਪਿਛਲੇ ਸਾਲ ਦੀ ਤਰ੍ਹਾਂ ਗੁਰੂਘਰ ਦੀ ਇਮਾਰਤ ਉਤੇ ਝੰਡੇ ਇਸ ਵਾਰ ਨਹੀਂ ਸਨ ਲੱਗੇ। ਉਂਜ ਲਾਬੀ ਵਿੱਚ ਲਾਈ ਗਈ ਸ਼ਹੀਦਾਂ ਸਬੰਧੀ ਪ੍ਰਦਰਸ਼ਨੀ ਮੌਕੇ ਵੀ ਬਾਅਦ ਵਿੱਚ ਇੱਕ ਖਾਲਿਸਤਾਨੀ ਝੰਡਾ ਟੇਬਲ `ਤੇ ਲਾ ਦਿੱਤਾ ਗਿਆ ਸੀ। ਕੁਝ ਸੱਜਣਾਂ ਦੀ ਟਿੱਪਣੀ ਸੀ ਕਿ ਜੇ ਗੁਰੂਘਰ `ਚ ਖਾਲਿਸਤਾਨ ਪੱਖੀ ਝੰਡੇ ਲੱਗ ਵੀ ਗਏ, ਤਾਂ ਕੋਈ ਖ਼ਾਸ ਮਸਲੇ ਵਾਲੀ ਗੱਲ ਨਹੀਂ; ਕਿਉਂਕਿ ਇਹ ਕੋਈ ‘ਸਿੱਖ ਜਾਂ ਕੌਮ ਵਿਰੋਧੀ ਝੰਡੇ’ ਨਹੀਂ ਹਨ। ਉਂਜ ਕੁਝ ਸੰਗਤ ਵਿੱਚ ਉਦੋਂ ਇਹ ਗੱਲ ਵੀ ਛਿੜੀ ਸੀ ਕਿ ਖਾਲਿਸਤਾਨ ਪੱਖੀਆਂ ਨੇ ਗੁਰੂਘਰ ਵਿਖੇ ਇੱਕ ਤਰ੍ਹਾਂ ਪ੍ਰਭਾਵ ਬਣਾਉਣ ਦੀ ਕਥਿਤ ਕੋਸ਼ਿਸ਼ ਕੀਤੀ ਹੈ। ਇਹ ਸਭ ਕਿਆਫੇ ਹਨ ਜਾਂ ਸੱਚਾਈ ਹੈ? ਇਹ ਤਾਂ ਵਕਤ ਹੀ ਦੱਸੇਗਾ!

Leave a Reply

Your email address will not be published. Required fields are marked *