*ਮੈਕਸੀਕੋ, ਅਮਰੀਕਾ ਤੇ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਆਯੋਜਨ
*ਅਰਜਨਟੀਨਾ, ਫਰਾਂਸ, ਸਪੇਨ ਅਤੇ ਇੰਗਲੈਂਡ ਨੂੰ ਚੈਂਪੀਅਨ ਬਣਨ ਦੀ ਉਮੀਦ
ਪੰਜਾਬੀ ਪਰਵਾਜ਼ ਬਿਊਰੋ
ਫੀਫਾ ਦਾ ਫੁੱਟਬਾਲ ਸੰਸਾਰ ਕੱਪ ਇਸ ਵਾਰ ਮੈਕਸੀਕੋ, ਉੱਤਰੀ ਅਮਰੀਕਾ ਅਤੇ ਕੈਨੇਡਾ- ਤਿੰਨ ਦੇਸ਼ ਮਿਲ ਕੇ ਕਰਵਾ ਰਹੇ ਹਨ। 11 ਜੂਨ 2026 ਨੂੰ ਮੈਕਸੀਕੋ ਅਤੇ ਅਮਰੀਕਾ ਵਿੱਚ ਹੋਏ ਸ਼ਾਨਦਾਰ ਸੱਭਿਆਚਾਰਕ ਸਮਾਗਮਾਂ ਤੋਂ ਬਾਅਦ ਸੰਸਾਰ ਫੁੱਟਬਾਲ ਕੱਪ ਸ਼ੁਰੂ ਗਿਆ। ਇਸ ਵਾਰ 48 ਟੀਮਾਂ ਇਸ ਮੁਕਾਬਲੇ ਵਿੱਚ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਪੂਲਾਂ ਵਿੱਚ ਵੰਡਿਆ ਗਿਆ ਹੈ।
ਇਸ ਟੂਰਨਾਮੈਂਟ ਦਾ ਸ਼ੁਰੂਆਤੀ ਅਤੇ ਸੰਕੇਤਕ ਨੁਮਾਇਸ਼ੀ ਮੈਚ ਦੱਖਣੀ ਅਫਰੀਕਾ ਅਤੇ ਮੇਜ਼ਬਾਨ ਮੈਕਸੀਕੋ ਦੀਆਂ ਟੀਮਾਂ ਵਿਚਕਾਰ 15 ਮਿੰਟ ਲਈ ਖੇਡਿਆ ਗਿਆ। ਇਹ ਇਸ ਟੂਰਨਾਮੈਂਟ ਦੀ ਇੱਕ ਢੰਗ ਨਾਲ ਉਦਘਾਟਨੀ ਰਸਮ ਸੀ। ਇਸ ਵਿੱਚ ਦੋਹਾਂ ਟੀਮਾਂ ਨੇ ਇੱਕ-ਇੱਕ ਗੋਲ ਕੀਤਾ। ਇਸ ਤੋਂ ਬਾਅਦ ਇਸ ਟੂਰਨਾਮੈਂਟ ਦੇ ਮੁਕਾਬਲੇ ਦਾ ਪਹਿਲਾ ਮੈਚ ਵੀ ਇਨ੍ਹਾਂ ਦੋਹਾਂ ਟੀਮਾਂ ਵਿਚਕਾਰ ਹੀ ਖੇਡਿਆ ਗਿਆ, ਜਿਸ ਵਿੱਚ ਮੈਕਸੀਕੋ ਦੀ ਟੀਮ ਨੇ 2-0 ਨਾਲ ਜਿੱਤ ਪ੍ਰਾਪਤ ਕੀਤੀ।
ਇਹ ਆਖਣਾ ਅਤਿਕਥਨੀ ਨਹੀਂ ਹੋਏਗਾ ਕਿ ਫੁੱਟਬਾਲ ਅੱਜ ਦੁਨੀਆਂ ਦੀ ਸਭ ਤੋਂ ਮਕਬੂਲ, ਕਮਾਊ ਅਤੇ ਮਹਿੰਗੀ ਖੇਡ ਹੈ। ਯੂਰਪੀਨ ਫੁੱਟਬਾਲ ਕਲੱਬਾਂ ਵਿੱਚ ਖੇਡਦੇ ਫੁੱਟਬਾਲ ਦੇ ਖਿਡਾਰੀ ਲੱਖਾਂ ਡਾਲਰ ਕਮਾਉਂਦੇ ਹਨ। ਜਿਹੜੇ ਖਿਡਾਰੀ ਯੂਰਪੀਅਨ ਕਲੱਬਾਂ ਤੱਕ ਆਪਣੇ ਆਪ ਨੂੰ ਵਧਾ ਲੈਂਦੇ ਹਨ, ਉਨ੍ਹਾਂ ਦੀ ਆਰਥਕ ਪੱਖੋਂ ਜ਼ਿੰਦਗੀ ਬੇਹੱਦ ਆਸਾਨ ਹੋ ਜਾਂਦੀ ਹੈ। ਏਨਾ ਹੀ ਨਹੀਂ, ਇਨ੍ਹਾਂ ਕਲੱਬਾਂ ਵਿਚਕਾਰ ਹੁੰਦੇ ਸਖਤ ਮੁਕਾਬਲੇ ਫੁੱਟਬਾਲ ਖਿਡਾਰੀਆਂ ਰਾਹੀਂ ਆਪੋ ਆਪਣੀਆਂ ਨੈਸ਼ਨਲ ਟੀਮਾਂ ਉਸਾਰਨ ਦੇ ਕੰਮ ਆਉਂਦੇ ਹਨ। ਮੋਰਾਕੋ ਅਤੇ ਸੈਨੇਗਲ ਜਿਹੇ ਛੋਟੇ ਮੁਲਕਾਂ ਦੀਆਂ ਟੀਮਾਂ ਨੇ ਇਸੇ ਤਰ੍ਹਾਂ ਕਰਦਿਆਂ ਆਪਣੀ ਰੈਂਕਿੰਗ ਉੱਪਰ ਚੁੱਕੀ ਹੈ। ਇਸ ਪੱਖੋਂ ਮੋਰਾਕੋ ਦੀ ਟੀਮ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ। ਉਸ ਦੀ ਵਿਸ਼ਵ ਰੈਂਕਿੰਗ ਦਸਵੀਂ ਹੈ ਅਤੇ ਉਹ ਪਿਛਲੀ ਵਾਰ ਕਤਰ ਵਿੱਚ ਹੋਏ ਫੀਫਾ ਵਰਲਡ ਕੱਪ ਦੇ ਸੈਮੀਫਾਈਨਲ ਤੱਕ ਪਹੁੰਚੀ ਸੀ।
ਪਿਛਲੀ ਵਾਰ ਕਤਰ ਵਿੱਚ ਹੋਏ ਸੰਸਾਰ ਫੁੱਟਬਾਲ ਕੱਪ ਦਾ ਫਾਈਨਲ ਮੁਕਾਬਲਾ ਅਰਜਨਟੀਨਾ ਅਤੇ ਫਰਾਂਸ ਵਿਚਕਾਰ ਹੋਇਆ ਸੀ। ਇਸ ਬੇਹੱਦ ਦਿਲਚਸਪ ਮੁਕਾਬਲੇ ਵਿੱਚ ਦੋਵੇਂ ਟੀਮਾਂ 3-3 ਗੋਲਾਂ ਨਾਲ ਬਰਾਬਰ ਰਹੀਆਂ ਸਨ। ਅਰਜਨਟੀਨਾ ਵੱਲੋਂ ਮੈਸੀ, ਅਲਵਰੇਜ਼ ਅਤੇ ਡੀ.ਮਾਰੀਆ ਨੇ ਗੋਲ ਕੀਤੇ ਸਨ। ਫਰਾਂਸ ਵੱਲੋਂ ਤਿੰਨੋ ਗੋਲ ਉਨ੍ਹਾਂ ਦੇ ਸਟਾਰ ਖਿਡਾਰੀ ਮੈਬਾਪੇ ਵੱਲੋਂ ਕੀਤੇ ਗਏ ਸਨ। ਇਸ ਦੇ ਬਾਵਜੂਦ ਫਰਾਂਸ ਦੀ ਟੀਮ ਪੈਨਲਟੀ ਸ਼ੂਟ ਆਊਟ ਵਿੱਚ ਹਾਰ ਗਈ ਸੀ। ਇਸ ਜਿੱਤ ਦਾ ਵੱਡਾ ਸਿਹਰਾ ਅਰਜਨਟੀਨਾ ਦੇ ਉਚੇ ਲੰਮੇ ਗੋਲਕੀਪਰ ਮਾਰਟੀਨਾ ਨੂੰ ਜਾਂਦਾ ਹੈ, ਜਿਸ ਨੇ ਫਰਾਂਸ ਦੀਆਂ ਦੋ ਪੈਨਲਟੀਆਂ ਬੇਕਾਰ ਕਰ ਦਿੱਤੀਆਂ ਸਨ। ਮਾਰਟੀਨਾ ਅਸਲ ਵਿੱਚ ਫਰਾਂਸ ਦੇ ਨਵੇਂ ਅਤੇ ਨੌਜਵਾਨ ਫਰਵਰਡਾਂ ਨੂੰ ਮਾਨਸਿਕ ਤੌਰ ‘ਤੇ ਹਰਾਸ ਕਰਕੇ ਔਝੜੀਂ ਪਾਉਣ ਵਿੱਚ ਕਾਮਯਾਬ ਰਿਹਾ ਸੀ। ਅਰਜਨਟੀਨਾ ਦਾ ਇਹ ਗੋਲਕੀਪਰ ਕਤਰ ਵਰਲਡ ਕੱਪ ਤੋਂ ਪਹਿਲਾਂ 10 ਸਾਲ ਟੀਮ ਤੋਂ ਬਾਹਰ ਰਿਹਾ ਸੀ, ਪਰ ਕਲੱਬ ਫੁੱਟਬਾਲ ਖੇਡਦਾ ਰਿਹਾ ਅਤੇ ਅਖੀਰ ਵਾਪਸੀ ਕਰਨ ਵਿੱਚ ਕਾਮਯਾਬ ਰਿਹਾ। ਕਤਰ ਵਿੱਚ 2022 ਵਿੱਚ ਹੋਏ ਸੰਸਾਰ ਕੱਪ ਵਿੱਚ ਉਸ ਦੀ ਖੇਡ ਲਾਮਿਸਾਲ ਰਹੀ। ਮਾਰਟੀਨਾ ਨੇ ਅਰਜਨਟੀਨਾ ਨੂੰ 2022 ਦਾ ਵਰਡ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਵਾਰ ਵੀ ਇਹੋ ਖਿਡਾਰੀ ਅਰਜਨਟੀਨਾ ਦਾ ਮੁੱਖ ਗੋਲ ਕੀਪਰ ਹੈ ਅਤੇ ਮੈਬਾਪੇ ਫਰਾਂਸ ਦੀ ਟੀਮ ਦਾ ਕੈਪਟਨ ਹੈ। ਫੁੱਟਬਾਲ ਦੀ ਖੇਡ ਦਾ ਲੇਖਾ-ਜੋਖਾ ਰੱਖਣ ਵਾਲੇ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਦੀ ਨਜ਼ਰ ਵਿੱਚ ਡਿਫੈਂਡੰਗ ਚੈਂਪੀਅਨ ਅਰਜਨਟੀਨਾ ਦੀ ਟੀਮ ਇਸ ਵਾਰ ਵੀ ਵਰਲਡ ਕੱਪ ਟਰਾਫੀ ‘ਤੇ ਆਪਣਾ ਹੱਥ ਫੇਰ ਸਕਦੀ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ ਇਟਲੀ ਤੋਂ ਬਾਅਦ ਅਰਜਨਟੀਨਾ ਲਗਾਤਾਰ ਦੋ ਵਰਲਡ ਕੱਪ ਜਿੱਤਣ ਵਾਲੀ ਟੀਮ ਬਣ ਜਾਵੇਗੀ; ਪਰ ਸੰਸਾਰ ਕੱਪ ਜਿੱਤਣ ਦੇ ਸਭ ਤੋਂ ਨੇੜੇ ਸਪੇਨ ਦੀ ਟੀਮ ਵਿਖਾਈ ਜਾ ਰਹੀ ਹੈ। ਦੂਜੇ ਨੰਬਰ ‘ਤੇ ਟੀਮ ਫਰਾਂਸ ਦੀ ਹੈ ਅਤੇ ਤੀਜੀ ਰੈਂਕਿੰਗ ਇੰਗਲੈਂਡ ਦੀ ਹੈ। ਇਸ ਹਿਸਾਬ ਨਾਲ ਅਰਜਨਟੀਨਾ ਦੀ ਟੀਮ ਕੋਲ ਚੌਥੇ ਨੰਬਰ ਦੀ ਰੈਂਕਿੰਗ ਹੈ। ਫੀਫਾ ਵੱਲੋਂ ਇਹ ਰੈਂਕਿੰਗ ਅਸਲ ਵਿੱਚ ਉਲੰਪਿਕ ਸਮੇਤ ਹੋਰ ਟੂਰਨਾਮੈਂਟ ਵਿੱਚ ਟੀਮਾਂ ਕਿਸ ਤਰ੍ਹਾਂ ਖੇਡੀਆਂ ਹਨ, ਇਸ ਆਧਾਰ ‘ਤੇ ਨਿਸ਼ਚਤ ਕੀਤੀ ਗਈ ਹੈ।
ਫੁੱਟਬਾਲ ਅਤੇ ਹਾਕੀ ਜਿਹੀਆਂ ਖੇਡਾਂ ਵਿੱਚ ਅਸਲ ਵਿੱਚ ਤਿਲਕਣਬਾਜ਼ੀ/ਇਤਫਾਕ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਦੀ ਮੌਕੇ ਦੀ ਸਿਰਜਣਾਤਮਕਤਾ ਇਤਫਾਕੀਆ ਮੌਕੇ ਬਣਾਉਂਦੀ ਹੈ। ਕੋਈ ਟੀਮ ਕਿਸੇ ਖਾਸ ਦਿਨ ‘ਤੇ ਕਿਸ ਪੱਧਰ ਦਾ ਪ੍ਰਦਰਸ਼ਨ ਕਰਦੀ ਹੈ, ਇਸ ‘ਤੇ ਵੀ ਬੜਾ ਕੁੱਝ ਮੁਨੱਸਰ ਕਰਦਾ ਹੈ। ਪਹਿਲੀਆਂ ਚਾਰ ਟੀਮਾਂ ਤੋਂ ਇਲਾਵਾ ਫੁੱਟਬਾਲਰਾਂ ਕਰਕੇ ਜਾਣੇ ਜਾਂਦੇ ਮੁਲਕ ਬ੍ਰਾਜ਼ੀਲ, ਪੁਰਤਗਾਲ, ਜਰਮਨੀ, ਨੀਦਰਲੈਂਡ, ਬੈਲਜੀਅਮ ਅਤੇ ਮੋਰਾਕੋ ਦੀਆਂ ਟੀਮਾਂ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਮੌਕੇ ਬਣੇ ਤਾਂ ਇਹ ਟੀਮਾਂ ਵੀ ਸੰਸਾਰ ਕੱਪ ਜਿੱਤਣ ਦੇ ਸਮਰੱਥ ਹੋ ਸਕਦੀਆਂ ਹਨ। ਬ੍ਰਾਜ਼ੀਲ ਇਕੋ-ਇਕੋ ਇਕ ਟੀਮ ਹੈ, ਜਿਸ ਨੇ ਪੰਜ ਵਾਰ ਫੁੱਟਬਾਲ ਵਿਸ਼ਵ ਕੱਪ ਜਿੱਤਿਆ ਹੈ। ਕਿਹਾ ਜਾ ਰਿਹਾ ਹੈ ਕਿ ਬ੍ਰਾਜ਼ੀਲ ਦੀ ਟੀਮ ਇਸ ਵਾਰ ਆਪਣੇ ਨਵੇਂ ਕੋਚ ਨਾਲ ਆਪਣੀਆਂ ਡਿਫੈਂਸ ਦੀਆਂ ਕਮਜ਼ੋਰੀਆਂ ਸੁਧਾਰ ਕੇ ਵਿਸ਼ਵ ਕੱਪ ਦੇ ਮੈਦਾਨ ਵਿੱਚ ਉੱਤਰ ਰਹੀ ਹੈ। ਇਟਲੀ ਦੀ ਟੀਮ ਇੱਕੋ ਇੱਕ ਟੀਮ ਹੈ, ਜਿਹੜੀ ਲਗਾਤਾਰ ਦੋ ਵਾਰ ਸੰਸਾਰ ਕੱਪ ਜਿੱਤਣ ਵਿੱਚ ਕਾਮਯਾਬ ਰਹੀ ਹੈ, ਪਰ ਇਸ ਵਾਰ ਇਹ ਟੀਮ ਕੁਆਲੀਫਾਈ ਵੀ ਨਹੀਂ ਕਰ ਸਕੀ। ਉਪਰੋਕਤ ਤੋਂ ਇਲਾਵਾ ਸਵਿਟਜ਼ਰਲੈਂਡ, ਕਰੋਸ਼ੀਆ, ਕੋਲੰਬੀਆ, ਉਰੂਗੁਏ, ਮੈਕਸੀਕੋ, ਸਵੀਡਨ, ਸੈਨੇਗਲ, ਤੁਰਕੀ, ਜਪਾਨ ਅਤੇ ਦੱਖਣੀ ਕੋਰੀਆ ਵੀ ਸੋਹਣੀ ਅਤੇ ਵੇਖਣਯੋਗ ਫੁੱਟਬਾਲ ਖੇਡਣ ਦੇ ਸਮਰੱਥ ਹਨ। ਜੇ ਕਿਧਰੇ ਉਲਟਫੇਰ ਵਾਪਰੇ ਤਾਂ ਇਨ੍ਹਾਂ ਵਿੱਚੋਂ ਕੋਈ ਟੀਮ ਆਖਰੀ ਚਾਰ ਜਾਂ ਆਖਰੀ ਦੋ ਵਿੱਚ ਵੀ ਪਹੁੰਚ ਸਕਦੀ ਹੈ।
ਜਾਣਕਾਰਾਂ ਅਨੁਸਾਰ ਸਪੇਨ ਅਤੇ ਫਰਾਂਸ ਦੇ ਇਸ ਵਾਰ ਦਾ ਸੰਸਾਰ ਕੱਪ ਜਿੱਤਣ ਦੇ 15-15 ਫੀਸਦੀ ਮੌਕੇ ਹਨ। ਇੰਗਲੈਂਡ ਅਤੇ ਪੁਤਰਗਾਲ ਕੋਲ 10-10 ਫੀਸਦੀ, ਜਦਕਿ ਬ੍ਰਾਜ਼ੀਲ ਅਤੇ ਅਰਜਨਟੀਨਾ ਕੋਲ ਇਸ ਵਾਰ ਦਾ ਵਰਲਡ ਕੱਪ ਜਿੱਤਣ ਦੇ 8-8 ਫੀਸਦੀ ਮੌਕੇ ਹਨ। ਜਰਮਨੀ, ਨੀਦਰਲੈਂਡ, ਨੌਰਵੇ ਅਤੇ ਬੈਲਜੀਅਮ ਦੇ ਕ੍ਰਮਵਾਰ 5,4,3 ਅਤੇ 2 ਫੀਸਦੀ ਸੰਸਾਰ ਕੱਪ ਜਿੱਤਣ ਦੇ ਆਸਾਰ ਹਨ। ਏਦੂੰ ਹੇਠਲੇ ਰੈਂਕ ਦੀਆਂ ਟੀਮਾਂ ਕੋਈ ਵੱਡਾ ਉਲਟਫੇਰ ਕਰ ਦਿੰਦੀਆਂ ਹਨ, ਤਦ ਇਹ ਭਵਿੱਖਬਾਣੀਆਂ ਵੀ ਉਲਟ-ਪੁਲਟ ਹੋ ਸਕਦੀਆਂ ਹਨ।
ਕੈਨੇਡਾ ਵਿੱਚ ਫੀਫਾ ਵਰਲਡ ਕੱਪ ਦਾ ਉਦਘਾਟਨੀ ਸਮਾਰੋਹ ਟੋਰਾਂਟੋ ਫੁੱਟਬਾਲ ਸਟੇਡੀਅਮ ਵਿੱਚ ਮੈਕਸੀਕੋ ਤੋਂ ਅਗਲੇ ਦਿਨ 12 ਜੂਨ ਨੂੰ ਹੋਇਆ। ਦੁਪਹਿਰ ਡੇੜ ਵਜੇ ਹੋਏ ਇਸ ਉਦਘਾਟਨੀ ਸਮਾਰੋਹ ਵਿੱਚ ਮੌਰਸੇਟੇ, ਅਲੇਸੀਆ ਕਾਰਾ, ਐਲੀਨਾ, ਜੈਸੀ ਰੇਜ਼, ਮਾਈਕਲ ਬਬਲ, ਨੋਰਾ ਫਤੇਹੀ, ਸੰਜੇ ਵੇਜੇਡਰੀਮ ਅਤੇ ਵਿਲੀਅਮ ਪ੍ਰਿੰਸ ਜਿਹੇ ਕਲਾਕਾਰਾਂ ਨੇ ਆਪੋ ਆਪਣੇ ਪ੍ਰੋਗਰਾਮ ਪੇਸ਼ ਕੀਤੇ। ਇਸ ਤੋਂ ਬਾਅਦ ਅਲਫਾਂਸੋ ਡੇਵਿਸ ਦੀ ਅਗਵਾਈ ਵਾਲੀ ਕੈਨੇਡਾ ਦੀ ਫੁੱਟਬਾਲ ਟੀਮ ਦਾ ਬੋਸਨੀਆ ਹਰਜੇਗੋਵੀਨਾ ਦੀ ਟੀਮ ਨਾਲ ਮੁਕਾਬਲਾ ਹੋਇਆ। ਇਹ ਮੁਕਾਬਲਾ 1-1 ਗੋਲ ਨਾਲ ਬਰਾਬਰ ਰਿਹਾ। ਸੱਟ ਲੱਗਣ ਕਾਰਨ ਅਲਫਾਂਸੋ ਡੇਵਿਸ ਪਹਿਲਾ ਮੈਚ ਖੇਡ ਨਹੀਂ ਸਕਿਆ। ਆਸ ਹੈ, ਆਉਣ ਵਾਲੇ ਮੈਚਾਂ ਵਿੱਚ ਕੈਨੇਡਾ ਲਈ ਖੇਡਦਾ ਨਜ਼ਰ ਆਏਗਾ। ਕੈਨੇਡੀਅਨ ਟੀਮ ਦੇ ਕਪਤਾਨ ਅਲਫਾਂਸੋ ਡੇਵਿਸ ਦੀ ਲਾਇਬੇਰੀਆ ਜਿਹੇ ਮੁਲਕਾਂ ਦੇ ਰਿਫਿਊਜ਼ੀ ਰਾਹਤ ਕੈਂਪਾਂ ਵਿੱਚੋਂ ਉਠ ਕੇ ਯੂਰਪੀ ਮੁਲਕਾਂ ਦੀਆਂ ਚੋਟੀ ਦੀਆਂ ਕਲੱਬਾਂ ਤੱਕ ਪਹੁੰਚਣ ਦੀ ਬੜੀ ਦਿਲਚਸਪ ਅਤੇ ਪ੍ਰੇਰਣਾਦਾਇਕ ਕਹਾਣੀ ਹੈ। ਉਸ ਦੇ ਮਾਪੇ ਕੈਨੇਡਾ ਵਿੱਚ ਵੀ ਰਿਫਿਊਜ਼ੀ ਵਜੋਂ ਹੀ ਦਾਖਲ ਹੋਏ ਸਨ।
ਦੁਨੀਆਂ ਵਿੱਚ ਮਕਬੂਲ ਖੇਡਾਂ ਉਹੀ ਹਨ ਜਿਹੜੀਆਂ ਪਿੰਡਾਂ, ਗਲੀਆਂ-ਮੁਹੱਲਿਆਂ ਤੋਂ ਲੈ ਕੇ ਉਚ ਕੋਟੀ ਦੀਆਂ ਗਰਾਊਂਡਾਂ ਤੱਕ ਖੇਡੀਆਂ ਜਾਂਦੀਆਂ ਹਨ। ਹਾਕੀ ਵਾਂਗ ਜਿਹੜੀਆਂ ਵੀ ਖੇਡਾਂ ਆਰਟੀਫੀਸ਼ੀਅਲ ਗਰਾਊਂਡਾਂ ‘ਤੇ ਖੇਡੀਆਂ ਜਾਣ ਲੱਗੀਆਂ ਹਨ, ਉਨ੍ਹਾਂ ਦੀ ਮਕਬੂਲੀਅਤ ਘਟਦੀ ਚਲੀ ਗਈ ਹੈ। ਭਾਰਤ ਵਿੱਚ ਕ੍ਰਿਕਟ ਅਤੇ ਦੁਨੀਆਂ ਵਿੱਚ ਫੁੱਟਬਾਲ ਦੀ ਹਰਮਨਪਿਆਰਤਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਕਿਸੇ ਵੀ ਖੇਡ ਦੇ ਜ਼ਿੰਦਾ ਅਤੇ ਮਕਬੂਲ ਰਹਿਣ ਲਈ ਗਰਾਸ ਰੂਟਸ ਤੱਕ ਜੁੜੇ ਰਹਿਣਾ ਬੇਹੱਦ ਲਾਜ਼ਮੀ ਹੈ। ਇਸ ਦੀ ਅਣਹੋਂਦ ਵਿੱਚ ਗਰੀਬ, ਮੱਧਲੇ ਅਤੇ ਔਸਤਨ ਵਰਗਾਂ ਨਾਲ ਸੰਬੰਧਤ ਚੰਗੇ ਖਿਡਾਰੀਆਂ ਦੀ ਸਪਲਾਈ ਲਾਈਨ ਟੁੱਟ ਜਾਂਦੀ ਹੈ।
