‘ਲਵ ਜਿਹਾਦ’ ਦਾ ਜ਼ਹਿਰ ਇੱਕ ਭਾਈਚਾਰੇ ਤੱਕ ਸੀਮਤ ਨਹੀਂ

ਵਿਚਾਰ-ਵਟਾਂਦਰਾ

*ਔਰਤ ਦੀ ਪਸੰਦ ਦਾ ਕੋਈ ਮੁੱਲ ਨਹੀਂ
(‘ਲਵ ਜਿਹਾਦ’ ਦੇ ਨਾਮ ’ਤੇ ਹੋ ਰਹੀਆਂ ਜ਼ਿਆਦਤੀਆਂ ਨੂੰ ਦਰਜ ਕਰਨ ਵਾਲੀ ਲੇਖ-ਲੜੀ ਦਾ ਦੂਜਾ ਭਾਗ। ਪਹਿਲਾ ਭਾਗ ਪੜ੍ਹਨ ਲਈ ‘ਪੰਜਾਬੀ ਪਰਵਾਜ਼’ ਦਾ ਪਿਛਲਾ ਅੰਕ ਦੇਖੋ)

ਹਰਸ਼ ਮੰਦਰ
(ਸਮਾਜਿਕ ਕਾਰਕੁਨ)
ਅੱਜ ਦੇ ਭਾਰਤ ਵਿੱਚ ਹਿੰਦੂਤਵ ਦੇ ਪ੍ਰਾਜੈਕਟ ਵਿੱਚ ਨਿਊਰੇਮਬਰਗ ਦੇ ਨਸਲੀ ਕਾਨੂੰਨਾਂ, ਜਿਮ ਕ੍ਰੋ ਦੌਰ ਦੇ ਅਮਰੀਕਾ ਅਤੇ ਨਸਲੀ ਵਿਤਕਰੇ ਵਾਲੇ ਦੱਖਣੀ ਅਫ਼ਰੀਕਾ ਦੀਆਂ ਕਈ ਝਲਕਾਂ ਵੇਖੀਆਂ ਜਾ ਸਕਦੀਆਂ ਹਨ। ਪ੍ਰਭਾਵਸ਼ਾਲੀ ਸਮੂਹ, ਅਰਥਾਤ ਕਥਿਤ ਉੱਚ ਜਾਤੀ ਦੇ ਹਿੰਦੂ ਮਰਦ, ਦੱਬੇ-ਕੁਚਲੇ ਭਾਈਚਾਰਿਆਂ ਦੇ ਮਰਦਾਂ ਪ੍ਰਤੀ ਇੱਕ ਅਜੀਬ ਕਿਸਮ ਦਾ ਯੌਨ ਡਰ ਪੈਦਾ ਕਰਦੇ ਹਨ। ਉਹ ਮੁਸਲਿਮ ਅਤੇ ਦਲਿਤ ਮਰਦਾਂ ਨੂੰ ਯੌਨ ਸ਼ਿਕਾਰੀ ਵਜੋਂ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਪ੍ਰਭਾਵਸ਼ਾਲੀ ਸਮੂਹ ਦੀਆਂ ਔਰਤਾਂ ਨੂੰ ਬੇਸਹਾਰਾ ਅਤੇ ਬੇਵੱਸ ਦੱਸਿਆ ਜਾਂਦਾ ਹੈ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਇਹ ਮਰਦ ਆਪਣੇ ਜਾਲ ਵਿੱਚ ਫਸਾ ਸਕਦੇ ਹਨ। ਇਨ੍ਹਾਂ ਔਰਤਾਂ ਨੂੰ ਆਪਣੇ ਭਾਈਚਾਰੇ ਤੋਂ ਬਾਹਰ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ।
ਭਾਰਤੀ ਗਣਰਾਜ ਦੀ ਸਥਾਪਨਾ ਤੋਂ ਬਾਅਦ ਧਰਮ-ਨਿਰਪੱਖਤਾ ਦੇ ਸੰਵਿਧਾਨਕ ਆਦਰਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਦੇ ਨਹੀਂ ਹੋਈ। ਫਿਰ ਵੀ, ਕਈ ਕਮਜ਼ੋਰੀਆਂ ਦੇ ਬਾਵਜੂਦ ਇਹ ਢਾਂਚਾ ਕਾਇਮ ਰਿਹਾ। ਪਿਛਲੇ ਕੁਝ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਸ ’ਤੇ ਸਭ ਤੋਂ ਤਿੱਖੇ ਹਮਲੇ ਹੋਏ ਹਨ। ਅੱਜ ਬਹੁਤ ਸਾਰੇ ਲੋਕ ਚਿੰਤਤ ਹਨ ਕਿ ਭਾਰਤ ਅਮਲੀ ਤੌਰ ’ਤੇ ਇੱਕ ਧਾਰਮਿਕ ਰਾਜ ‘ਹਿੰਦੂ ਰਾਸ਼ਟਰ’ ਵਿੱਚ ਤਬਦੀਲ ਹੋ ਰਿਹਾ ਹੈ, ਭਾਵੇਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਧਰਮ-ਨਿਰਪੱਖ ਲੋਕਤੰਤਰ ਦਾ ਵਾਅਦਾ ਅਜੇ ਵੀ ਦਰਜ ਹੈ।
ਇਨ੍ਹਾਂ ਹਮਲਿਆਂ ਵਿੱਚ ਸਭ ਤੋਂ ਮਹੱਤਵਪੂਰਨ ਇੱਕ ਜ਼ਹਿਰੀਲਾ ਪ੍ਰਚਾਰ ਹੈ, ਜਿਸ ਨੂੰ ਆਰ.ਐਸ.ਐਸ. ਨਾਲ ਜੁੜੇ ਸੰਗਠਨਾਂ ਅਤੇ ਭਾਜਪਾ-ਸ਼ਾਸਿਤ ਸਰਕਾਰਾਂ ਵੱਲੋਂ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਪ੍ਰਚਾਰ ਦਾ ਦਾਅਵਾ ਹੈ ਕਿ ਮੁਸਲਿਮ ਮਰਦ ‘ਲਵ ਜਿਹਾਦ’ ਨਾਮ ਦੀ ਇੱਕ ਖ਼ਤਰਨਾਕ ਮੁਹਿੰਮ ਚਲਾ ਰਹੇ ਹਨ, ਜਿਸ ਰਾਹੀਂ ਉਹ ਭੋਲੀ-ਭਾਲੀ ਹਿੰਦੂ ਕੁੜੀਆਂ ਨੂੰ ਪ੍ਰੇਮ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਨਾਲ ਵਿਆਹ ਕਰਦੇ ਹਨ ਅਤੇ ਧਰਮ ਪਰਿਵਰਤਨ ਕਰਵਾਉਂਦੇ ਹਨ।
ਹਾਲਾਂਕਿ ਅਧਿਐਨ ਦੱਸਦੇ ਹਨ ਕਿ ਭਾਰਤ ਵਿੱਚ ਲਗਭਗ 90 ਫ਼ੀਸਦੀ ਵਿਆਹ ਇੱਕੋ ਧਰਮ ਅਤੇ ਜਾਤੀ ਦੇ ਅੰਦਰ ਪਰਿਵਾਰਾਂ ਦੁਆਰਾ ਕਰਵਾਏ ਜਾਂਦੇ ਹਨ। ਦੋ ਫ਼ੀਸਦੀ ਤੋਂ ਵੀ ਘੱਟ ਵਿਆਹ ਅੰਤਰ-ਧਾਰਮਿਕ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਬਾਲਗਾਂ ਦੀ ਸਹਿਮਤੀ ਨਾਲ ਹੁੰਦੇ ਹਨ। ਫਿਰ ਵੀ, ਹਿੰਦੂਤਵਾਦੀ ਸੰਗਠਨ ਲੰਮੇ ਸਮੇਂ ਤੋਂ ਮੁਸਲਿਮ ਮਰਦ ਦੀ ਇੱਕ ਅਜਿਹੀ ਕਲਪਿਤ ਇਮੇਜ ਪੇਸ਼ ਕਰਦੇ ਆਏ ਹਨ, ਜੋ ਹਿੰਦੂ ਔਰਤਾਂ ਨੂੰ ‘ਚੁਰਾਉਣ’ ਅਤੇ ਮੁਸਲਿਮ ਆਬਾਦੀ ਵਧਾਉਣ ਲਈ ਸਰਗਰਮ ਹੈ। ‘ਲਵ ਜਿਹਾਦ’ ਇਸੇ ਪੁਰਾਣੀ ਮਿਥਕ ਦਾ ਨਵਾਂ ਰੂਪ ਹੈ।
‘ਪਿਊ ਰਿਸਰਚ ਸੈਂਟਰ’ ਦੇ ਸਰਵੇਖਣ ਅਨੁਸਾਰ 84 ਫ਼ੀਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਸੱਚੇ ਭਾਰਤੀ ਹੋਣ ਲਈ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ; ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਵੱਡੀ ਗਿਣਤੀ ਅੰਤਰ-ਧਾਰਮਿਕ ਵਿਆਹਾਂ ਦੇ ਵਿਰੁੱਧ ਵੀ ਹੈ। ਲਗਭਗ ਦੋ-ਤਿਹਾਈ ਹਿੰਦੂ ਮੰਨਦੇ ਹਨ ਕਿ ਔਰਤਾਂ ਨੂੰ ਆਪਣੇ ਧਰਮ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੀਦਾ। ਮੁਸਲਿਮ ਭਾਈਚਾਰੇ ਵਿੱਚ ਵੀ ਇਹ ਵਿਰੋਧ ਹੋਰ ਵੱਧ ਹੈ।
ਭਾਰਤ ਵਿੱਚ ਲੰਮੇ ਸਮੇਂ ਤੋਂ ਉਹ ਜੋੜੇ ਖ਼ਤਰੇ ਵਿੱਚ ਰਹੇ ਹਨ, ਜੋ ਧਰਮ ਜਾਂ ਜਾਤੀ ਦੀਆਂ ਹੱਦਾਂ ਪਾਰ ਕਰਕੇ ਵਿਆਹ ਕਰਦੇ ਹਨ। ਅਜਿਹੇ ਜੋੜਿਆਂ ਨੂੰ ਆਪਣੇ ਹੀ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਦੀ ਹੱਤਿਆ ਤੱਕ ਕਰ ਦਿੱਤੀ ਜਾਂਦੀ ਹੈ, ਜਿਸ ਨੂੰ ਗ਼ਲਤ ਢੰਗ ਨਾਲ ‘ਇੱਜ਼ਤ ਦੇ ਨਾਮ ’ਤੇ ਕਤਲ’ ਕਿਹਾ ਜਾਂਦਾ ਹੈ।
‘ਲਵ ਜਿਹਾਦ’ ਦਾ ਨੈਰੇਟਿਵ ਇਸ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦਾ ਹੈ। ਇਸ ਤਹਿਤ ਮੁਸਲਿਮ ਮਰਦਾਂ ਨੂੰ ਇੱਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਦੱਸਿਆ ਜਾਂਦਾ ਹੈ, ਜੋ ਹਿੰਦੂ ਕੁੜੀਆਂ ਨੂੰ ਪ੍ਰੇਮ ਵਿੱਚ ਫਸਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਂਦੇ ਹਨ ਅਤੇ ਵੱਧ ਤੋਂ ਵੱਧ ਮੁਸਲਿਮ ਬੱਚੇ ਪੈਦਾ ਕਰਨ ਦੀ ਯੋਜਨਾ ਦਾ ਹਿੱਸਾ ਹੁੰਦੇ ਹਨ।
ਇਤਿਹਾਸਕਾਰ ਚਾਰੂ ਗੁਪਤਾ ਦਰਸਾਉਂਦੀ ਹੈ ਕਿ ਇਹ ਵਿਚਾਰ ਨਵਾਂ ਨਹੀਂ। 1920 ਦੇ ਦਹਾਕੇ ਵਿੱਚ ਵੀ ਮੁਸਲਿਮ ਮਰਦਾਂ ਵੱਲੋਂ ਹਿੰਦੂ ਔਰਤਾਂ ਦੇ ਕਥਿਤ ‘ਅਗਵਾ’ ਵਿਰੁੱਧ ਮੁਹਿੰਮਾਂ ਚਲਾਈਆਂ ਗਈਆਂ ਸਨ। ਉਸ ਵੇਲੇ ਵੀ ਹਿੰਦੂ ਔਰਤ ਨੂੰ ਇੱਕ ਬੇਸਹਾਰਾ ਪੀੜਤ ਵਜੋਂ ਪੇਸ਼ ਕੀਤਾ ਜਾਂਦਾ ਸੀ ਅਤੇ ਉਸ ਦੀ ਆਪਣੀ ਇੱਛਾ ਜਾਂ ਫ਼ੈਸਲੇ ਦੀ ਸੰਭਾਵਨਾ ਨੂੰ ਨਕਾਰ ਦਿੱਤਾ ਜਾਂਦਾ ਸੀ।
2000 ਦੇ ਦਹਾਕੇ ਵਿੱਚ ‘ਲਵ ਜਿਹਾਦ’ ਸ਼ਬਦ ਪ੍ਰਚਲਿਤ ਹੋਇਆ। ਕਰਨਾਟਕ ਅਤੇ ਕੇਰਲ ਵਿੱਚ ਹਿੰਦੂਤਵਾਦੀ ਸੰਗਠਨਾਂ ਨੇ ਇਸ ਨੂੰ ਵੱਡੇ ਪੱਧਰ ’ਤੇ ਫੈਲਾਇਆ। ਇੱਕ ਕਹਾਣੀ ਅਨੁਸਾਰ ਮੁਸਲਿਮ ਨੌਜਵਾਨਾਂ ਨੂੰ ਖ਼ਾਸ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਮੋਟਰਸਾਈਕਲ, ਮੋਬਾਈਲ ਫ਼ੋਨ ਅਤੇ ਪੈਸੇ ਮੁਹੱਈਆ ਕਰਵਾਏ ਜਾਂਦੇ ਹਨ ਤਾਂ ਜੋ ਉਹ ਹਿੰਦੂ ਕੁੜੀਆਂ ਨੂੰ ਆਕਰਸ਼ਿਤ ਕਰ ਸਕਣ।
ਇਸ ਪ੍ਰਚਾਰ ਦਾ ਇੱਕ ਹੋਰ ਖ਼ਤਰਨਾਕ ਪੱਖ ਇਹ ਹੈ ਕਿ ਇਸ ਵਿੱਚ ਹਿੰਦੂ, ਸਿੱਖ ਜਾਂ ਇਸਾਈ ਔਰਤਾਂ ਨੂੰ ਅਕਲਹੀਣ ਅਤੇ ਬੇਸਮਝ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕਦੀਆਂ ਅਤੇ ਉਨ੍ਹਾਂ ਨੂੰ ‘ਬਚਾਉਣ’ ਲਈ ਹਿੰਦੂਤਵ ਸੰਗਠਨਾਂ ਦੇ ਕਾਰਕੁਨਾਂ ਦੀ ਲੋੜ ਹੈ।
ਇਸ ਮਿਥਕ ਦੇ ਆਲੇ-ਦੁਆਲੇ ਬੇਸ਼ੁਮਾਰ ਝੂਠੀਆਂ ਕਹਾਣੀਆਂ ਘੜੀਆਂ ਗਈਆਂ ਹਨ ਕਿ ਮੁਸਲਿਮ ਨੌਜਵਾਨ ਹਿੰਦੂ ਨਾਮ ਵਰਤਦੇ ਹਨ, ਮੁਸਲਿਮ ਔਰਤਾਂ ਹਿੰਦੂ ਕੁੜੀਆਂ ਨਾਲ ਦੋਸਤੀ ਕਰਕੇ ਉਨ੍ਹਾਂ ਨੂੰ ਆਪਣੇ ‘ਜਿਹਾਦੀ’ ਭਰਾਵਾਂ ਨਾਲ ਮਿਲਾਉਂਦੀਆਂ ਹਨ, ਮਸਜਿਦਾਂ ਵੱਲੋਂ ਇਸ ਕੰਮ ਲਈ ਪੈਸਾ ਦਿੱਤਾ ਜਾਂਦਾ ਹੈ, ਜਾਂ ਬਿਊਟੀ ਪਾਰਲਰ, ਮਹਿੰਦੀ ਅਤੇ ਜਿਮ ਵੀ ‘ਜਿਹਾਦ’ ਦੇ ਨਵੇਂ ਮੋਰਚੇ ਹਨ।
ਕਈ ਵਿਦਵਾਨਾਂ ਨੇ ਦਰਸਾਇਆ ਹੈ ਕਿ ‘ਲਵ ਜਿਹਾਦ’ ਦਾ ਨੈਰੇਟਿਵ ਸਿਰਫ਼ ਮੁਸਲਿਮ ਵਿਰੋਧੀ ਨਹੀਂ, ਸਗੋਂ ਔਰਤਾਂ ਦੀ ਖ਼ੁਦਮੁਖ਼ਤਿਆਰੀ ’ਤੇ ਹਮਲਾ ਵੀ ਹੈ। ਇਸ ਰਾਹੀਂ ਔਰਤਾਂ ਨੂੰ ਇੱਕ ਅਜਿਹੀ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸ ਦੀ ਰਾਖੀ ਪਰਿਵਾਰ, ਭਾਈਚਾਰਾ ਅਤੇ ਰਾਜ ਨੂੰ ਕਰਨੀ ਚਾਹੀਦੀ ਹੈ। ਇਸ ਨਾਲ ਪਿਤ੍ਰਸੱਤਾਤਮਕ ਸੋਚ ਨੂੰ ਮਜਬੂਤੀ ਮਿਲਦੀ ਹੈ।
ਇਹ ਨੈਰੇਟਿਵ ਸਿਰਫ਼ ਹਿੰਦੂਤਵ ਤੱਕ ਸੀਮਤ ਨਹੀਂ ਰਿਹਾ। ਕੇਰਲ ਵਿੱਚ ਕੁਝ ਚਰਚ ਆਗੂਆਂ ਨੇ ਵੀ ਇਹ ਦਾਅਵਾ ਕੀਤਾ ਕਿ ਮੁਸਲਿਮ ਮਰਦ ਈਸਾਈ ਕੁੜੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜਾਂਚ ਤੋਂ ਬਾਅਦ ਵਿੱਚ ਦੇਖਿਆ ਗਿਆ ਕਿ ਸੰਬੰਧਿਤ ਔਰਤਾਂ ਬਾਲਗ ਸਨ ਅਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ।
ਇਸੇ ਤਰ੍ਹਾਂ 2021 ਵਿੱਚ ਕਸ਼ਮੀਰ ਵਿੱਚ ਕੁਝ ਸਿੱਖ ਔਰਤਾਂ ਵੱਲੋਂ ਮੁਸਲਿਮ ਮਰਦਾਂ ਨਾਲ ਵਿਆਹ ਕਰਨ ਅਤੇ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ‘ਲਵ ਜਿਹਾਦ’ ਦੇ ਦੋਸ਼ ਲਗਾਏ ਗਏ। ਮਨਮੀਤ ਕੌਰ ਨਾਮ ਦੀ ਇੱਕ ਨੌਜਵਾਨ ਔਰਤ ਨੇ ਆਪਣੀ ਮਰਜ਼ੀ ਨਾਲ ਇਸਲਾਮ ਅਪਣਾਇਆ ਅਤੇ ਸ਼ਾਹਿਦ ਭੱਟ ਨਾਲ ਵਿਆਹ ਕੀਤਾ; ਪਰ ਉਸ ਦੇ ਪਰਿਵਾਰ ਅਤੇ ਕੁਝ ਸਿੱਖ ਆਗੂਆਂ ਨੇ ਇਸ ਨੂੰ ‘ਲਵ ਜਿਹਾਦ’ ਦਾ ਮਾਮਲਾ ਦੱਸਿਆ।
ਅਦਾਲਤ ਦੇ ਬਾਹਰ ਇਕੱਠੀ ਹੋਈ ਭੀੜ ਨੇ ਮੰਗ ਕੀਤੀ ਕਿ ਉਸ ਨੂੰ ‘ਭਾਈਚਾਰੇ ਦੇ ਹਵਾਲੇ’ ਕੀਤਾ ਜਾਵੇ, ਜਿਵੇਂ ਉਹ ਕੋਈ ਇਨਸਾਨ ਨਹੀਂ ਸਗੋਂ ਕਿਸੇ ਦੀ ਜਾਇਦਾਦ ਹੋਵੇ। ਰਿਪੋਰਟਾਂ ਮੁਤਾਬਕ ਉਸ ਨੇ ਅਦਾਲਤ ਵਿੱਚ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਅਤੇ ਵਿਆਹ ਕੀਤਾ ਹੈ। ਫਿਰ ਵੀ ਉਸ ਦੇ ਪਤੀ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ।
ਬਾਅਦ ਵਿੱਚ ਮਨਮੀਤ ਕੌਰ ਦਾ ਇੱਕ ਸਿੱਖ ਵਿਅਕਤੀ ਨਾਲ ਮੁੜ ਵਿਆਹ ਕਰਵਾ ਦਿੱਤਾ ਗਿਆ। ਇਸ ਸਾਰੀ ਪ੍ਰਕਿਰਿਆ ਵਿੱਚ ਸਭ ਤੋਂ ਘੱਟ ਮਹੱਤਵ ਉਸ ਦੀ ਆਪਣੀ ਇੱਛਾ ਨੂੰ ਦਿੱਤਾ ਗਿਆ।
ਇਸੇ ਵਿਵਾਦ ਨਾਲ ਜੁੜੀ ਦਾਨਮੀਤ ਕੌਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਇੱਕ ਬਾਲਗ ਅਤੇ ਪੜ੍ਹੀ-ਲਿਖੀ ਔਰਤ ਹੈ, ਜਿਸ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਅਪਣਾਇਆ ਅਤੇ ਆਪਣੇ ਸਾਥੀ ਨਾਲ ਵਿਆਹ ਕੀਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਸੰਗਠਨਾਂ ਨੇ ਉਸ ਦਾ ‘ਬ੍ਰੇਨਵਾਸ਼’ ਕਰਨ ਅਤੇ ਉਸ ਤੋਂ ਆਪਣੇ ਪਤੀ ਵਿਰੁੱਧ ਬਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ।
ਇੱਕ ਹੋਰ ਔਰਤ ਵੀਰਾਨ ਪਾਲ ਕੌਰ ਨੇ ਹਾਈ ਕੋਰਟ ਵਿੱਚ ਸੁਰੱਖਿਆ ਦੀ ਮੰਗ ਕੀਤੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਬਾਲਗ ਨਾਗਰਿਕਾਂ ਨੂੰ ਆਪਣੀ ਪਸੰਦ ਅਨੁਸਾਰ ਵਿਆਹੀ ਜ਼ਿੰਦਗੀ ਜੀਉਣ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਪੁਲਿਸ ਨੂੰ ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਕਸ਼ਮੀਰ ਦੀਆਂ ਕਈ ਔਰਤਾਂ ਨੇ ਵੀ ਇਸ ਮਾਮਲੇ ਵਿੱਚ ਖੁੱਲ੍ਹ ਕੇ ਬੋਲਿਆ। ਨਵਨੀਤ ਕੌਰ ਨੇ ਕਿਹਾ ਕਿ ਔਰਤਾਂ ਕੋਈ ਵਸਤੂ ਨਹੀਂ, ਜਿਨ੍ਹਾਂ ਨੂੰ ਇੱਕ ਕੀਲੇ ਤੋਂ ਖੋਲ੍ਹ ਕੇ ਦੂਜੇ ਨਾਲ ਬੰਨ੍ਹ ਦਿੱਤਾ ਜਾਵੇ। ਸੰਧਿਆ ਗੁਪਤਾ ਨੇ ਸਵਾਲ ਕੀਤਾ ਕਿ ਉਸ ਔਰਤ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ। ਇਫ਼ਰਾ ਜਾਨ ਨੇ ਕਿਹਾ ਕਿ ਅੱਜ ਵੀ ਔਰਤਾਂ ਨੂੰ ‘ਸਮੂਹਿਕ ਸੰਪਤੀ’ ਸਮਝਿਆ ਜਾਂਦਾ ਹੈ।
ਲੇਖਕਾਂ, ਕਲਾਕਾਰਾਂ ਅਤੇ ਸਮਾਜਿਕ ਕਰਮੀਆਂ ਦੇ ਇੱਕ ਸਮੂਹ ਨੇ ਇਸ ਸਾਰੇ ਵਰਤਾਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਬਾਲਗ ਔਰਤ ਦੇ ਆਪਣੀ ਮਰਜ਼ੀ ਨਾਲ ਕੀਤੇ ਗਏ ਵਿਆਹ ਅਤੇ ਧਰਮ ਪਰਿਵਰਤਨ ਨੂੰ ਨਕਾਰਨਾ ਉਸ ਦੇ ਸੰਵਿਧਾਨਕ ਅਧਿਕਾਰਾਂ ਦਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਦੋਸਤੀ, ਪ੍ਰੇਮ, ਵਿਆਹ ਅਤੇ ਆਪਣੇ ਧਰਮ ਦੀ ਚੋਣ ਕਰਨ ਦਾ ਅਧਿਕਾਰ ਹਰ ਨਾਗਰਿਕ ਦਾ ਅਟੱਲ ਅਧਿਕਾਰ ਹੈ। ‘ਲਵ ਜਿਹਾਦ’ ਵਰਗੀਆਂ ਸਾਜ਼ਿਸ਼ੀ ਕਹਾਣੀਆਂ ਝੂਠ, ਡਰ ਅਤੇ ਨਫ਼ਰਤ ’ਤੇ ਆਧਾਰਿਤ ਹਨ। ਇਹ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸ਼ੱਕ ਅਤੇ ਵੈਰ-ਵਿਰੋਧ ਪੈਦਾ ਕਰਦੀਆਂ ਹਨ।
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਦੀ ਵਧ ਰਹੀ ਲਹਿਰ ਵੀ ਇਸੇ ਰੁਝਾਨ ਦਾ ਹਿੱਸਾ ਹੈ। ਅਜਿਹੇ ਕਾਨੂੰਨ ਅਕਸਰ ਨੌਜਵਾਨ ਮੁਸਲਿਮ ਮਰਦਾਂ ਨੂੰ ਅਪਰਾਧੀ ਸਾਬਤ ਕਰਨ ਲਈ ਵਰਤੇ ਜਾਂਦੇ ਹਨ, ਜਦਕਿ ਅਸਲ ਨੁਕਸਾਨ ਔਰਤਾਂ ਨੂੰ ਹੁੰਦਾ ਹੈ, ਕਿਉਂਕਿ ਉਨ੍ਹਾਂ ਤੋਂ ਆਪਣਾ ਜੀਵਨ ਸਾਥੀ ਚੁਣਨ ਦਾ ਸੰਵਿਧਾਨਕ ਹੱਕ ਖੋਹਿਆ ਜਾਂਦਾ ਹੈ।

ਔਰਤ ਦੀ ਇੱਛਾ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ
‘ਲਵ ਜਿਹਾਦ’ ਦੀ ਪੂਰੀ ਧਾਰਨਾ ਦਾ ਸਭ ਤੋਂ ਖ਼ਤਰਨਾਕ ਪੱਖ ਇਹ ਹੈ ਕਿ ਇਸ ਵਿੱਚ ਔਰਤ ਨੂੰ ਇੱਕ ਸੁਤੰਤਰ ਮਨੁੱਖ ਵਜੋਂ ਨਹੀਂ ਦੇਖਿਆ ਜਾਂਦਾ। ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਜੇ ਕੋਈ ਹਿੰਦੂ, ਸਿੱਖ ਜਾਂ ਇਸਾਈ ਔਰਤ ਕਿਸੇ ਮੁਸਲਿਮ ਮਰਦ ਨਾਲ ਪਿਆਰ ਕਰਦੀ ਹੈ ਜਾਂ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ, ਤਾਂ ਇਹ ਫ਼ੈਸਲਾ ਉਸਦਾ ਆਪਣਾ ਨਹੀਂ ਹੋ ਸਕਦਾ। ਉਸ ਨੂੰ ਜਾਂ ਤਾਂ ਭਰਮਾਇਆ ਗਿਆ ਹੋਵੇਗਾ, ਜਾਂ ਫਸਾਇਆ ਗਿਆ ਹੋਵੇਗਾ, ਜਾਂ ਉਸ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਗਿਆ ਹੋਵੇਗਾ।
ਇਸ ਸੋਚ ਵਿੱਚ ਔਰਤ ਦੀ ਆਪਣੀ ਅਕਲ, ਆਪਣੀ ਸਮਝ ਅਤੇ ਆਪਣੀ ਇੱਛਾ ਲਈ ਕੋਈ ਥਾਂ ਨਹੀਂ ਬਚਦੀ। ਉਹ ਇੱਕ ਨਾਗਰਿਕ ਨਹੀਂ ਰਹਿੰਦੀ, ਜਿਸ ਨੂੰ ਸੰਵਿਧਾਨ ਨੇ ਆਪਣੇ ਜੀਵਨ ਸਾਥੀ ਦੀ ਚੋਣ ਦਾ ਅਧਿਕਾਰ ਦਿੱਤਾ ਹੈ। ਉਹ ਸਿਰਫ਼ ਆਪਣੇ ਪਰਿਵਾਰ, ਭਾਈਚਾਰੇ ਜਾਂ ਧਰਮ ਦੀ ‘ਇੱਜ਼ਤ’ ਦਾ ਪ੍ਰਤੀਕ ਬਣ ਜਾਂਦੀ ਹੈ।
ਇਹ ਸਿਰਫ਼ ਮੁਸਲਿਮ ਮਰਦਾਂ ਵਿਰੁੱਧ ਨਫ਼ਰਤ ਦਾ ਮਾਮਲਾ ਨਹੀਂ ਹੈ। ਇਹ ਔਰਤਾਂ ਦੀ ਆਜ਼ਾਦੀ ਨੂੰ ਕਾਬੂ ਕਰਨ ਦੀ ਰਾਜਨੀਤੀ ਵੀ ਹੈ। ਜਦੋਂ ਵੀ ਕੋਈ ਔਰਤ ਆਪਣੇ ਪਰਿਵਾਰ ਜਾਂ ਭਾਈਚਾਰੇ ਦੀਆਂ ਤੈਅ ਕੀਤੀਆਂ ਹੱਦਾਂ ਤੋਂ ਬਾਹਰ ਜਾ ਕੇ ਕੋਈ ਫ਼ੈਸਲਾ ਕਰਦੀ ਹੈ, ਉਸਦੇ ਫ਼ੈਸਲੇ ਨੂੰ ਸ਼ੱਕੀ ਬਣਾ ਦਿੱਤਾ ਜਾਂਦਾ ਹੈ।
ਇਸ ਕਾਰਨ ਅਜਿਹੇ ਮਾਮਲਿਆਂ ਵਿੱਚ ਪੁਲਿਸ, ਅਦਾਲਤਾਂ ਅਤੇ ਰਾਜਨੀਤਿਕ ਨੇਤਾ ਵੀ ਅਕਸਰ ਔਰਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਬਜਾਏ ਉਸਦੇ ਪਰਿਵਾਰ ਤੇ ਭਾਈਚਾਰੇ ਦੇ ਦਬਾਅ ਅੱਗੇ ਝੁਕਦੇ ਨਜ਼ਰ ਆਉਂਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਬਾਲਗ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਸੁਰੱਖਿਆ ਘਰਾਂ ਵਿੱਚ ਭੇਜਿਆ ਜਾਂਦਾ ਹੈ ਜਾਂ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਭਾਵੇਂ ਉਹ ਖ਼ੁਦ ਅਦਾਲਤ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰਨ ਦੀ ਗੱਲ ਕਹਿ ਰਹੀਆਂ ਹੋਣ।
ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ‘ਲਵ ਜਿਹਾਦ’ ਦੇ ਨਾਂ `ਤੇ ਬਣਾਏ ਗਏ ਕਾਨੂੰਨ ਅਸਲ ਵਿੱਚ ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਹੀ ਕਮਜ਼ੋਰ ਕਰਦੇ ਹਨ। ਇਹ ਕਾਨੂੰਨ ਇਸ ਧਾਰਨਾ `ਤੇ ਟਿਕੇ ਹਨ ਕਿ ਔਰਤ ਆਪਣਾ ਫ਼ੈਸਲਾ ਖ਼ੁਦ ਨਹੀਂ ਕਰ ਸਕਦੀ ਅਤੇ ਉਸਨੂੰ ਰਾਜ ਦੀ ਸਰਪ੍ਰਸਤੀ ਦੀ ਲੋੜ ਹੈ। ਇਸ ਤਰ੍ਹਾਂ ਇਹ ਕਾਨੂੰਨ ਔਰਤ ਨੂੰ ਬਰਾਬਰ ਦੇ ਨਾਗਰਿਕ ਦੀ ਥਾਂ ਇੱਕ ਸਰਪ੍ਰਸਤ ਦੀ ਲੋੜ ਵਾਲੀ ਵਿਅਕਤੀ ਬਣਾ ਦਿੰਦੇ ਹਨ।
ਦਰਅਸਲ ਪਿਆਰ, ਦੋਸਤੀ, ਵਿਆਹ ਅਤੇ ਧਰਮ ਮਨੁੱਖ ਦੇ ਸਭ ਤੋਂ ਨਿੱਜੀ ਫ਼ੈਸਲੇ ਹੁੰਦੇ ਹਨ। ਜੇਕਰ ਕੋਈ ਬਾਲਗ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਜੀਵਨ ਬਿਤਾਉਣਾ ਚਾਹੁੰਦਾ ਹੈ, ਤਾਂ ਲੋਕਤੰਤਰਿਕ ਸਮਾਜ ਵਿੱਚ ਇਸ ਫ਼ੈਸਲੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ; ਪਰ ‘ਲਵ ਜਿਹਾਦ’ ਦੀ ਸਿਆਸਤ ਇਸ ਨਿੱਜੀ ਫ਼ੈਸਲੇ ਨੂੰ ਇੱਕ ਸਮੂਹਿਕ ਸਾਜ਼ਿਸ਼ ਵਜੋਂ ਪੇਸ਼ ਕਰਦੀ ਹੈ।
ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਮਾਜ ਵਿੱਚ ਸ਼ੱਕ, ਡਰ ਅਤੇ ਨਫ਼ਰਤ ਦਾ ਮਾਹੌਲ ਬਣਦਾ ਹੈ। ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਦੋਸਤੀ ਅਤੇ ਭਰੋਸੇ ਦੀ ਥਾਂ ਸ਼ੱਕ ਲੈ ਲੈਂਦਾ ਹੈ। ਮੁਸਲਿਮ ਨੌਜਵਾਨਾਂ ਨੂੰ ਅਪਰਾਧੀ ਅਤੇ ਸਾਜ਼ਿਸ਼ਕਾਰੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਦਕਿ ਔਰਤਾਂ ਨੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਰਨ ਦੇ ਅਧਿਕਾਰ ਤੋਂ ਵਾਂਝੇ ਕੀਤਾ ਜਾਂਦਾ ਹੈ।
ਇਹੀ ਕਾਰਨ ਹੈ ਕਿ ‘ਲਵ ਜਿਹਾਦ’ ਦੀ ਧਾਰਨਾ ਸਿਰਫ਼ ਇੱਕ ਭਾਈਚਾਰੇ ਵਿਰੁੱਧ ਨਫ਼ਰਤ ਨਹੀਂ ਫੈਲਾਉਂਦੀ, ਸਗੋਂ ਇਹ ਔਰਤਾਂ ਦੀ ਆਜ਼ਾਦੀ ਅਤੇ ਸਮਾਨਤਾ ਦੇ ਵਿਚਾਰ ਉੱਤੇ ਵੀ ਸਿੱਧਾ ਹਮਲਾ ਕਰਦੀ ਹੈ। ਜਦੋਂ ਕਿਸੇ ਸਮਾਜ ਵਿੱਚ ਔਰਤ ਦੀ ਪਸੰਦ ਦਾ ਸਤਿਕਾਰ ਖ਼ਤਮ ਹੋ ਜਾਂਦਾ ਹੈ, ਤਾਂ ਉੱਥੇ ਲੋਕਤੰਤਰ ਅਤੇ ਆਜ਼ਾਦੀ ਵੀ ਕਮਜ਼ੋਰ ਹੋਣ ਲੱਗਦੇ ਹਨ।
ਜਿਹੜੇ ਲੋਕ ਆਪਣਾ ਜੀਵਨ ਸਾਥੀ ਅਤੇ ਜੀਵਨ ਜੀਉਣ ਦਾ ਢੰਗ ਖ਼ੁਦ ਚੁਣਨਾ ਚਾਹੁੰਦੇ ਹਨ, ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕਰਨੀ ਲਾਜ਼ਮੀ ਹੈ। ਉਨ੍ਹਾਂ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਹੈ, ਜਿਨ੍ਹਾਂ ਦੀ ਆਜ਼ਾਦੀ ਨੂੰ ਭਾਈਚਾਰੇ ਦੇ ਆਗੂਆਂ, ਪਰਿਵਾਰਾਂ ਜਾਂ ਰਾਜਨੀਤਿਕ ਤਾਕਤਾਂ ਵੱਲੋਂ ਧਾਰਮਿਕ ਮੁੱਲਾਂ ਦੀ ਰੱਖਿਆ ਦੇ ਨਾਮ ’ਤੇ ਕੁਚਲਿਆ ਜਾ ਰਿਹਾ ਹੈ।

Leave a Reply

Your email address will not be published. Required fields are marked *