*ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨੀਆਂ
*ਕਾਕਰੋਚ ਜਨਤਾ ਪਾਰਟੀ ਨਵੀਂ ਸਿਆਸੀ ਤਾਕਤ ਬਣੀ
ਜਸਵੀਰ ਸਿੰਘ ਮਾਂਗਟ
ਅਭਿਜੀਤ ਦੀਪਕੇ ਦੀ ਇੱਕ ਵਿਅੰਗਾਤਮਕ ਪੋਸਟ ਵਿੱਚੋਂ ਜਨਮੀ ‘ਕਾਕਰੋਚ ਜਨਤਾ ਪਾਰਟੀ’ ਨੇ ਆਖਿਰ ਆਪਣਾ ਸਭ ਤੋਂ ਪਹਿਲਾ ਰਾਜਨੀਤਿਕ ਨਿਸ਼ਾਨਾ ਹਾਸਲ ਕਰ ਲਿਆ ਹੈ। ਇੱਕ ਮਹੀਨੇ ਦੀ ਉਮਰ ਵਾਲੀ ਕਿਸੇ ਪਾਰਟੀ ਲਈ ਇਹ ਸੱਚ-ਮੁੱਚ ਵੱਡੀ ਪ੍ਰਾਪਤੀ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੇ ਨਾਲ ਹੀ ਜੰਤਰ-ਮੰਤਰ ‘ਤੇ ਹੋਇਆ ਨੌਜਵਾਨਾਂ ਦਾ ਇਕੱਠ ਜਸ਼ਨਾਂ ਵਿੱਚ ਡੁੱਬ ਗਿਆ। ਹਿੰਦੁਸਤਾਨ ਦੇ ਕਈ ਯੂ-ਟਿਊਬਰਾਂ ਨੇ ਵਿਦਿਆਰਥੀਆਂ ਦੇ ਇਸ ਜਸ਼ਨ ਨੂੰ ਦੂਣਾ ਕਰ ਦਿੱਤਾ, ਜਦੋਂ ਉਨ੍ਹਾਂ ਨੇ ਹਰ ਆਮ-ਖਾਸ ਨੂੰ ਉਪਰੋਕਤ ਖੁਸ਼ੀ ਵਿੱਚ ਲੱਡੂ/ਮਠਿਆਈਆਂ ਵੰਡਣ ਦਾ ਸੱਦਾ ਦੇ ਦਿੱਤਾ।
ਨੌਜਵਾਨ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੂੰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਭਰਵੀਂ ਹਮਾਇਤ ਦਿੱਤੀ ਅਤੇ ਸੰਜਮੀ ਸ਼ਬਦਾਂ ਨਾਲ ਇਸ ਦੀ ਖੁਸ਼ੀ ਵਿੱਚ ਸ਼ਮੂਲੀਅਤ ਕੀਤੀ। ਜਦਕਿ ਉੱਤਰ ਪ੍ਰਦੇਸ ਦੀ ਵਿਰੋਧੀ ਰਾਜਨੀਤਿਕ ਪਾਰਟੀ- ਸਮਾਜਵਾਦੀ ਪਾਰਟੀ ਨੇ ਦਿੱਲੀ ਵਿੱਚ ਵਾਪਰੇ ਘਮਸਾਨ ਨੂੰ ਇੱਕ ਇਨਕਲਾਬ ਦਾ ਨਾਂ ਦਿੱਤਾ। ਬੀਤੇ ਕਈ ਹਫਤੇ ਚੱਲੇ ਜਨਤ ਮੰਤਰ ਪ੍ਰੋਟੈਸਟ, ਸੋਨਮ ਵਾਂਗਚੁਕ ਦੀ ਭੁੱਖ ਹੜਤਾਲ, ਗਲੀਆਂ ਵਿੱਚ ਹੋਏ ਪ੍ਰਦਰਸ਼ਨਾਂ ‘ਤੇ ਲਾਠੀਚਾਰਜ ਤੋਂ ਬਾਅਦ ਕੇਂਦਰ ਸਰਕਾਰ ਨੇ ਕਾਕਰੋਚ ਜਨਤਾ ਪਾਰਟੀ ਦੀਆਂ ਤਿੰਨ ਮੰਗਾਂ ਮੰਨ ਲਈਆਂ ਹਨ।
ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫਾ, 36 ਦਿਨ ਚੱਲੇ ਇਸ ਪ੍ਰਦਰਸ਼ਨ ਦੀ ਮੁੱਖ ਮੰਗ ਸੀ, ਜਦਕਿ ਦੂਜੀ ਮੰਗ ਇਹ ਹੈ ਕਿ ਜਿਹੜੇ ਪਰਿਵਾਰਾਂ ਦੇ ਬੱਚੇ ਨੀਟ-ਯੂ.ਜੀ. ਪੇਪਰ ਲੀਕ ਹੋਣ ਤੋਂ ਬਾਅਦ ਨਿਰਾਸ਼ਾ ਵਿੱਚ ਖੁਦਕਸ਼ੀ ਕਰ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਤੱਕ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਤੀਜੀ ਮੰਗ ਹੈ ਕਿ ਜਿੰਨੇ ਵੀ ਕੇਸ ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਕੀਤੇ ਗਏ ਹਨ, ਰੱਦ ਕੀਤੇ ਜਾਣ ਅਤੇ ਵਿਦਿਆਰਥੀਆਂ ਦੀ ਮਾਰ-ਕੁੱਟ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਤੋਂ ਪਹਿਲਾਂ ਪ੍ਰਦਰਸ਼ਨ ਕਰ ਰਹੀ ਕਾਕਰੋਚ ਜਨਤਾ ਪਾਰਟੀ ਦੇ ਦੋ ਆਗੂਆਂ- ਸੌਰਵਦਾਸ ਅਤੇ ਅਸ਼ੂਦਾਸ ਰਾਂਕਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਦੋ ਆਗੂਆਂ- ਜੇ.ਪੀ. ਨੱਢਾ ਅਤੇ ਜਿਤੇਂਦਰ ਸਿੰਘ ਨਾਲ ਬਰਾਬਰ ਬੈਠ ਕੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਨੌਜਵਾਨ ਪ੍ਰਦਰਸ਼ਨਕਾਰੀਆਂ ਦੀਆਂ ਤਿੰਨੋ ਮੰਗਾਂ ਸਵੀਕਾਰ ਕਰ ਲਈਆਂ ਗਈਆਂ। ਇਸ ਤੋਂ ਬਾਅਦ ਅਭਿਜੀਤ ਦੀਪਕੇ ਨੇ ਜੰਤਰ-ਮੰਤਰ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਹਮਾਇਤ ਹਾਸਲ ਪ੍ਰਦਰਸ਼ਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਯਾਦ ਰਹੇ, ਬੀਤੇ ਹਫਤੇ ਸੋਮਵਾਰ ਵਾਲੇ ਦਿਨ ਪਾਰਲੀਮੈਂਟ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੇ ਸਰੀਰਾਂ ‘ਤੇ ਲਾਠੀਆਂ ਤੋੜ ਦਿੱਤੀਆਂ ਸਨ। ਇਸ ਲਾਠੀਚਾਰਜ ਕਾਰਨ ਦੇਸ਼ ਭਰ ਦੇ ਨੌਜੁਆਨਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ, ਜਿਸ ਨਾਲ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪ੍ਰਦਰਸ਼ਨ ਅਤੇ ਪੁਲਿਸ ਨਾਲ ਟਕਰਾ ਹੋਣ ਲੱਗੇ। ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਸਮੇਤ ਵਿਰੋਧੀ ਰਾਜਨੀਤਿਕ ਪਾਰਟੀਆਂ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਆ ਗਈਆਂ। ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਧਰਨੇ ਵਿੱਚ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਜਾਣ ਲੱਗੀ। ਇੱਥੋਂ ਤੱਕ ਆਰ.ਐਸ.ਐਸ. ਦੇ ਮੁਖੀ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਹਮਦਰਦੀ ਨਾਲ ਵਿਚਾਰਨ ਦੀ ਮੋਦੀ ਸਰਕਾਰ ਨੂੰ ਤਾਕੀਦ ਕੀਤੀ ਗਈ। ਇਸ ਤੋਂ ਬਾਅਦ ਹੀ ਸੰਕੇਤ ਮਿਲਣ ਲੱਗੇ ਸਨ ਕਿ ਹੁਣ ਸਰਕਾਰ ਝੁਕਣ ਵਿੱਚ ਹੀ ਭਲਾ ਸਮਝੇਗੀ।
ਪ੍ਰਦਰਸ਼ਨ ਨੂੰ ਵਾਪਸ ਲੈਂਦਿਆਂ ਕਾਕਰੋਚ ਜਨਤਾ ਪਾਰਟੀ ਦੇ ਆਗੂ ਅਭਿਸ਼ੇਕ ਦੀਪਕੇ ਨੇ ਕਿਹਾ, “ਮੈਨੂੰ ਹੀਰੋ ਨਾ ਬਣਾਓ, ਇਸ ਦੇਸ਼ ਨੇ ਇੱਕੋ-ਇੱਕ ਵਾਹਦ ਲੀਡਰ ਬਣਾਉਣ ਦੀ ਬੜੀ ਵੱਡੀ ਕੀਮਤ ਚੁਕਾਈ ਹੈ।” ਉਨ੍ਹਾਂ ਮੌਜੂਦਾ ਹਾਕਮਾਂ ਵੱਲ ਸੰਕੇਤ ਕਰਦਿਆਂ ਕਿਹਾ, “ਇਨ੍ਹਾਂ ਨੂੰ ਲਾਈਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਇਹ ਸਾਡੇ ਨੁਮਾਇੰਦਿਆਂ ਦੀ ਥਾਂ ਬਾਦਸ਼ਾਹ ਬਣ ਬੈਠੇ ਹਨ।”
ਇੱਥੇ ਜ਼ਿਕਰਯੋਗ ਹੈ ਕਿ ਪ੍ਰਦਰਸ਼ਨ ਵਿੱਚ ਜਦੋਂ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ ਸੀ ਤਾਂ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਿਹਾ ਸੀ ਕਿ, “ਹਮਾਰੀ ਸਰਕਾਰ ਮੇ ਅਸਤੀਫੇ ਨਹੀਂ ਹੋਤੇ।” ਪਰ ਨੌਜਵਾਨ ਲਹਿਰ ਨੇ ਇੱਕ ਮਹੀਨੇ ਵਿੱਚ ਹੀ ਸਾਰੀਆਂ ਮੰਗਾਂ ਮੰਨਵਾ ਲਈਆਂ ਹਨ; ਤੇ ਮੰਤਰੀ ਦਾ ਅਸਤੀਫਾ ਵੀ ਹੋ ਗਿਆ ਹੈ। ਇਸ ਲਹਿਰ ਨਾਲ ਹਮਦਰਦੀ ਨਾਲ ਜੁੜੇ ਕੁਝ ਰਾਜਨੀਤਿਕ ਮਾਹਿਰਾਂ ਨੇ ਨੌਜਵਾਨ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਮੰਗਾਂ ਮੰਨਣ ਸੰਬੰਧੀ ਲਿਖਤੀ ਪੱਤਰ ਲੈਣ ਤੋਂ ਬਾਅਦ ਹੀ ਜੰਤਰ-ਮੰਤਰ ਤੋਂ ਆਪਣਾ ਪ੍ਰਦਰਸ਼ਨ ਖਤਮ ਕਰਨ। ਇਸ ਤਰ੍ਹਾਂ ਦੀ ਚਰਚਾ ਵੀ ਚੱਲੀ ਕਿ ਭਾਰਤੀ ਜਨਤਾ ਪਾਰਟੀ ਨੇ ਸੱਤਾ ਨੂੰ ਸਦੀਵੀ ਬਣਾਉਣ ਦੇ ਮਕਸਦ ਨਾਲ ਜਿਹੜੀ ਵਿਰੋਧੀ ਧਿਰ ਤੋੜ ਦਿੱਤੀ ਸੀ, ਉਹ ਨੌਜਵਾਨਾਂ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਉਭਰ ਆਈ ਹੈ।
ਉਂਝ ਇਹ ਹੋਰ ਵੀ ਚੰਗਾ ਹੁੰਦਾ, ਜੇ ਇਹ ਨਵੀਂ ਪਾਰਟੀ ਜਿੱਤ ਤੋਂ ਬਾਅਦ ਦੇ ਜਸ਼ਨਾਂ ਵਾਲੇ ਮਾਹੌਲ ਨੂੰ ਜਬਤ ਵਿੱਚ ਰੱਖਦੀ; ਕਿਉਂਕਿ ਜਿਸ ਰਾਜਨੀਤਿਕ ਪਾਰਟੀ/ਪ੍ਰਬੰਧ ਨਾਲ ਉਨ੍ਹਾਂ ਦਾ ਵਾਹ ਪਿਆ ਹੈ, ਉਹ ਵੱਡੇ-ਵੱਡੇ ਇਨਕਲਾਬੀਆਂ ਨੂੰ ਭ੍ਰਿਸ਼ਟ ਕਰਕੇ ਬਿਲੇ ਲਾਉਣ/ਆਪਣੇ ਵਿੱਚ ਜਜ਼ਬ ਕਰਨ ਦੇ ਧੰਦੇ ਵਿੱਚ ਮਾਹਿਰ ਹੈ। ਕਿਸਾਨ ਸੰਘਰਸ਼ ਦੀਆਂ ਮੰਗਾਂ ਪ੍ਰਧਾਨ ਮੰਤਰੀ ਵੱਲੋਂ ਮੰਨ ਲਏ ਜਾਣ ਤੋਂ ਬਾਅਦ ਵੀ ਵੱਡੇ ਜਸ਼ਨ ਹੋਏ ਸਨ; ਪਰ ਇਸ ਪ੍ਰਦਰਸ਼ਨ ਤੋਂ ਬਾਅਦ ਸਾਂਝਾ ਕਿਸਾਨ ਮੰਚ ਖਿਲਰ ਗਿਆ ਸੀ। ਪਿੱਛੋਂ ਕੇਂਦਰ ਸਰਕਾਰ ਨੇ ਉਹੋ ਤਿੰਨ ਕਾਨੂੰਨ ਬਦਲਵੇਂ ਰੂਪ ਵਿੱਚ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਨੂੰ ਕਿਸਾਨ ਸੰਘਰਸ਼ ਦੌਰਾਨ ਵਾਪਸ ਕਰਵਾਇਆ ਗਿਆ ਸੀ।
ਆਦਰਸ਼ਵਾਦੀ ਲਹਿਰਾਂ ਭਾਰਤੀ ਸਿਆਸੀ ਮਾਹੌਲ ਦੀ ਕਿਸ ਭ੍ਰਿਸ਼ਟ ਖਾਈ ਵਿੱਚ ਡਿੱਗ ਸਕਦੀਆਂ ਹਨ, ਆਮ ਆਦਮੀ ਪਾਰਟੀ ਦੀ ਮੌਜੂਦਾ ਲੀਡਰਸ਼ਿੱਪ ਇਸ ਦਾ ਸਪਸ਼ਟ ਸਬੂਤ ਹੈ। ਦਿਲਾਂ ਦੇ ਸਾਫ, ਵਲ-ਛਲ ਤੋਂ ਰਹਿਤ ਕਾਕਰੋਚ ਪਾਰਟੀ ਨਾਲ ਜੁੜੇ ਜਵਾਨਾਂ ਦਾ ਦੇਸ਼ ਦੀ ਸੱਤਾ ਨੂੰ ਨਾਗਵਲ ਪਾਈ ਬੈਠੀ ਚਾਣਕਿਆ ਦੀ ਔਲਾਦ ਨਾਲ ਸਿੱਧਾ ਵਾਹ ਹਾਲੇ ਪੈਣਾ ਹੈ। ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਨ ਵਾਲਾ ਇਹ ਕੋਹੜੀ ਵਰਗ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਿਉਂਕ ਵਾਂਗ ਖਾ ਜਾਣ ਦੇ ਸਮਰੱਥ ਹੈ। ਗਹਿਗੱਚ ਕਲੇਸ਼ਾਂ ਵਿੱਚੋਂ ਪੈਦਾ ਹੋਏ ਰਾਜਨੀਤਿਕ ਬਦਲਾਵਾਂ ਦੇ ਦੌਰ ਵਿੱਚ ਵੀ ਇਹ ਆਪਣੇ ਆਪ ਨੂੰ ਜ਼ਰਾ ਵੀ ਆਂਚ ਨਹੀਂ ਆਉਣ ਦਿੰਦਾ। ਇਹ ਅਹਿਸਾਸ ਕਾਕਰੋਚਾਂ ਦੀ ਲੀਡਰਸ਼ਿੱਪ ਨੂੰ ਹੁਣੇ ਤੋਂ ਹੋਣ ਲੱਗਾ ਹੋਏਗਾ, ਜਦੋਂ ਧਰਮੇਂਦਰ ਪ੍ਰਧਾਨ ਦੀ ਥਾਂ ਪ੍ਰਹਿਲਾਦ ਜੋਸ਼ੀ ਨੂੰ ਨਵਾਂ ਸਿੱਖਿਆ ਮੰਤਰੀ ਬਣਾਉਣ ਦੀ ਚਰਚਾ ਕਿਉਂ ਚਲ ਪਈ ਹੈ?
ਦਿੱਲੀ ਵਿੱਚ ਸਿੱਖ ਗੁਰਦੁਆਰਿਆਂ ਵੱਲੋਂ ਔਖੇ ਵੇਲੇ ਸ਼ਰਨ ਵਿੱਚ ਆਏ ਇਸ ਲਹਿਰ ਦੇ ਨੌਜੁਆਨਾਂ ਦੀ ਸਾਂਭ-ਸੰਭਾਲ ਕਰਨਾ ਅਤੇ ਲੰਗਰ ਪਾਣੀ ਛਕਾਉਣ ਦਾ ਉਪਰਾਲਾ ਸੱਚਮੁੱਚ ਗੁਰੂ ਪਰੰਪਰਾ ਦੇ ਅਨਕੂਲ ਹੈ, ਪਰ ਪੰਜਾਬ ਅਤੇ ਸਿੱਖਾਂ ਨੂੰ ਇਹ ਧਿਆਨ ਵੀ ਕਰਨਾ ਚਾਹੀਦੀ ਹੈ ਕਿ ਇਸ ਵਾਰ ਪੰਜਾਬ ਦੀ ਜਵਾਨੀ ਕਾਕਰੋਚ ਪਾਰਟੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਵੱਲੋਂ ਉਦਾਸੀਨ ਕਿਉਂ ਹੈ? ਇਸ ਉਦਾਸੀਨਤਾ ਨੂੰ ਹਰਨ ਲਈ ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਨੂੰ ਆਪਣੇ ਸੰਘਰਸ਼ ਦੇ ਮਿਸ਼ਨ ਨੂੰ ਹੁਣ ਨਾਲੋਂ ਕਿਤੇ ਵਸੀਹ ਕਰਨਾ ਪਏਗਾ। ਕਾਕਰੋਚ ਜਨਤਾ ਪਾਰਟੀ ਦੇ ਨਿਸ਼ਾਨੇ ਉੱਤੇ ਹੁਣ ਨੀਟ ਦਾ ਵਾਰ-ਵਾਰ ਲੀਕ ਹੁੰਦਾ ਪੇਪਰ ਬਣਿਆ ਹੈ। ਪਰ ਪੰਜਾਬ ਦੇ ਲੋਕ ਬੀਤੇ ਵਿੱਚ ਜਿਸ ਘੁਲਾੜ ਵਿੱਚੋਂ ਪੀੜ ਕੇ ਕੱਢੇ ਗਏ ਹਨ, ਉਸ ਕਾਰਨ ਇੱਥੋਂ ਦੀ ਜਵਾਨੀ ਦੀ ਸੁਰਤ ਦਾ ਵਿਗਾਸ ਬਹੁਤ ਵੱਖਰੀ ਦਿਸ਼ਾ ਗ੍ਰਹਿਣ ਕਰ ਗਿਆ ਹੈ। ਇਤਿਹਾਸ ਦੀ ਇਸ ਚੀਸ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੀ ਜਵਾਨੀ ਕਿਸੇ ਓਪਰੀ ਲਹਿਰ ਲਈ ਬਾਲਣ ਬਣਨ ਨੂੰ ਹੁਣ ਤਿਆਰ ਨਹੀਂ। ਇਹ ਨਹੀਂ ਕਿ ਪੰਜਾਬ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਿਤਕਰਾ ਰਹਿਤ ਵਧੀਆ ਸਿੱਖਿਆ ਦੀ ਜ਼ਰੂਰਤ ਨਹੀਂ, ਪਰ ਪੰਜਾਬ ਦੀ ਜਵਾਨੀ ਨੂੰ ਆਪਣੇ ਮੁਕੰਮਲ ਖਿੜਾਓ ਲਈ ਇੱਕ ਸਪੇਸ/ਦੇਸ/ਖਿੱਤੇ ਦੀ ਵੀ ਲੋੜ ਹੈ, ਜਿੱਥੇ ਉਨ੍ਹਾਂ ਦੀਆਂ ਸਿਖਰਲੀਆਂ ਆਂਤਰਿਕ ਸਮਾਜਕ—ਧਾਰਮਿਕ ਅਤੇ ਸੱਭਿਆਚਾਰਕ ਉਮੰਗਾਂ ਨੂੰ ਵੀ ਹੁੰਘਾਰਾ ਮਿਲ ਸਕੇ। ਇਹ ਚੇਤਨਾ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਮਾਰ ਖਾਣ ਤੋਂ ਬਾਅਦ ਆਈ ਹੈ। ਇਸ ਤੋਂ ਬਿਨਾ ਪੰਜਾਬ ਦੇ ਜਵਾਨਾਂ ਨੂੰ ਉਸੇ ਤਰ੍ਹਾਂ ਦੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੱਦੋਂ ਵੱਧ ਮਦਦ ਤੋਂ ਬਾਅਦ ਕਰਨਾ ਪਿਆ ਹੈ। ਹਾਲ ਦੀ ਘੜੀ ਪੰਜਾਬ ਦੀਆਂ ਨੌਜਵਾਨ ਜਥੇਬੰਦੀਆਂ ਕਾਕਰੋਚ ਜਨਤਾ ਪਾਰਟੀ ਦੀ ਆਲੋਚਨਾਤਮਕ ਵਡਿਆਈ, ਹਲਕੀ ਹਮਾਇਤ ਕਰ ਸਕਦੀਆਂ ਹਨ; ਕਿਉਂਕਿ ਚੰਗੀ ਸਿੱਖਿਆ ਅਤੇ ਵਧੀਆ ਰੁਜ਼ਗਾਰ ਉਨ੍ਹਾਂ ਲਈ ਵੀ ਹਾਲੇ ਵੱਡੇ ਮਸਲੇ ਹਨ।
