ਫੀਫਾ ਵਰਲਡ ਕੱਪ ਵਾਲਾ ਮੇਲਾ ਵਿੱਛੜਿਆ

ਖਬਰਾਂ ਗੂੰਜਦਾ ਮੈਦਾਨ

*ਹਵਾ ਵਿੱਚ ਤਰਦੇ ਛੱਡ ਗਿਆ ਏ ਕਈ ਗਹਿਰ-ਗੰਭੀਰ ਵਿਵਾਦ
*ਅਰਜਨੀਟੀਨਾ ਨੂੰ ਹਰਾ ਕੇ ਸਪੇਨ ਦੀ ਟੀਮ ਬਣੀ ਵਿਸ਼ਵ ਚੈਂਪੀਅਨ
ਪੰਜਾਬੀ ਪਰਵਾਜ਼ ਬਿਊਰੋ
ਫੀਫਾ ਵਰਲਡ ਕੱਪ 2026 ਦਾ ਮੇਲਾ ਵਿੱਛੜ ਗਿਆ ਹੈ। 19 ਜੁਲਾਈ ਨੂੰ ਹੋਏ 2026 ਦੇ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਸਪੇਨ ਦੀ ਟੀਮ ਨੇ ਅਰਜੀਨਟੀਨਾ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਇਹ ਟੂਰਨਾਮੈਂਟ ਜਿੱਤ ਲਿਆ। ਅਮਰੀਕਾ ਦੇ ਨਿਊ ਜਰਸੀ ਵਿੱਚ ਮੀ-ਲਾਈਫ ਸਟੇਡੀਅਮ ਵਿੱਚ ਹੋਏ ਇਸ ਮੁਕਾਬਲੇ ਵਿੱਚ ਪਹਿਲੇ 90 ਮਿੰਟ ਸਪੇਨ ਦੀ ਟੀਮ ਲਗਾਤਾਰ ਹਮਲਾਵਰ ਰਹੀ ਅਤੇ ਅਰਜਨਟੀਨਾ ਦੀ ਟੀਮ ਰੈਗੂਲਰ ਸਮੇਂ ਵਿੱਚ ਸਪੇਨੀ ਗੋਲ ‘ਤੇ ਇੱਕ ਵੀ ਹਮਲਾ ਨਾ ਕਰ ਸਕੀ।

ਵਾਧੂ ਸਮੇਂ ਵਿੱਚ ਸਪੇਨ ਵੱਲੋਂ ਕੀਤੇ ਗਏ ਇੱਕੋ-ਇੱਕ ਗੋਲ ਨਾਲ ਇਹ ਫਾਈਨਲ ਮੁਕਾਬਲਾ ਸਪੇਨ ਨੇ ਜਿੱਤ ਲਿਆ ਅਤੇ ਟੂਰਨਾਮੈਂਟ ਦਾ ਦੂਜੀ ਵਾਰ ਚੈਂਪੀਅਨ ਬਣ ਗਿਆ। ਸਾਲ 2010 ਵਿੱਚ ਸਪੇਨ ਨੇ ਨੀਦਰਲੈਂਡ ਦੀ ਟੀਮ ਨੂੰ ਫਾਈਨਲ ਵਿੱਚ 1-0 ਨਾਲ ਹਰਾ ਕੇ ਦੱਖਣੀ ਅਫਰੀਕਾ ਵਿੱਚ ਹੋਇਆ ਫੀਫਾ ਵਰਡ ਕੱਪ ਜਿੱਤਿਆ ਸੀ।
ਜ਼ਾਤੀ ਇਨਾਮਾਂ ਵਿੱਚ ਸਪੇਨ ਦੇ ਕਪਤਾਨ ਰੋਡਰੀ ਨੂੰ ਦੁਨੀਆਂ ਦਾ ਸਭ ਤੋਂ ਆਹਲਾ ਮਿੱਡਫਿਲਡਰ ਐਲਨਿਆ ਗਿਆ। ਉਸ ਨੂੰ ਗੋਲਡਨ ਬਾਲ (ਬੈਸਟ ਪਲੇਅਰ) ਦੇ ਇਨਾਮ ਨਾਲ ਨਿਵਾਜਿਆ ਗਿਆ। ਇਸ 39 ਦਿਨਾਂ ਦੇ ਟੂਰਨਾਮੈਂਟ ਵਿੱਚ ਇਸ ਖਿਡਾਰੀ ਨੇ ਸਪੇਨੀ ਟੀਮ ਦੀ ਬਾਲ ‘ਤੇ ਪਕੜ (ਪੋਜ਼ੈਸ਼ਨ) ਜ਼ਰਾ ਵੀ ਢਿੱਲ੍ਹੀ ਨਹੀਂ ਪੈਣ ਦਿੱਤੀ। ਇਸ ਟੂਰਨਾਮੈਂਟ ਦਾ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਫਰਾਂਸ ਦਾ ਕੇਲੀਅਨ ਮੰਬਾਪੇ ਰਿਹਾ। ਉਸ ਨੇ ਇਸ ਸੰਸਾਰ ਕੱਪ ਦੇ 8 ਮੈਚਾਂ ਵਿੱਚ 10 ਗੋਲ ਕੀਤੇ (ਜਦਕਿ ਲਿਓਨਲ ਮੈਸੀ ਦੇ ਨਾਮ 8 ਗੋਲ ਰਹੇ)। ਇਸ ਦੇ ਨਾਲ ਹੀ ਕੇਲੀਅਨ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਵੀ ਬਣ ਗਿਆ। ਉਸ ਨੇ ਆਪਣੇ ਸਾਰੇ ਵਿਸ਼ਵ ਕੱਪ ਮੈਚਾਂ ਵਿੱਚ 22 ਗੋਲ ਕੀਤੇ ਹਨ। ਸਪੇਨ ਦਾ ਗੋਲਕੀਪਰ ਓਨਾਈ ਸਾਈਮਨ ਇਸ ਟੂਰਨਾਮੈਂਟ ਦਾ ਬੈਸਟ ਗੋਲਕੀਪਰ ਰਿਹਾ। ਉਸ ਨੂੰ ਗੋਲਡਨ ਗਲਵ (ਸੁਨਹਿਰੀ ਦਸਤਾਨੇ) ਦੇ ਇਨਾਮ ਲਈ ਚੁਣਿਆ ਗਿਆ। ਟੂਰਨਾਮੈਂਟ ਦਾ ਸਭ ਤੋਂ ਵਧੀਆ ਓਭਰਦੇ ਖਿਡਾਰੀ (ਯੰਗ ਪਲੇਅਰ) ਦਾ ਇਨਾਮ ਵੀ ਸਪੇਨ ਦੇ 19 ਸਾਲਾ ਰੱਖਿਅਕ ਖਿਡਾਰੀ ਪਾਊ ਕੁਬਾਰਸੀ ਨੂੰ ਦਿੱਤਾ ਗਿਆ।
ਯਾਦ ਰਹੇ, ਇਸ ਟੂਰਨਾਮੈਂਟ ਵਿੱਚ ਕੁੱਲ 48 ਟੀਮਾਂ ਨੇ ਹਿੱਸਾ ਲਿਆ ਅਤੇ 104 ਮੈਚ ਖੇਡੇ ਗਏ। ਅਮਰੀਕਾ ਵਿੱਚ ਇਸ ਵਾਰ ਇਸ ਟੂਰਨਾਮੈਂਟ ਨੂੰ ਰਿਕਾਰਡ ਲੋਕਾਂ ਨੇ ਵੇਖਿਆ। ਟੈਲੀਵੀਜ਼ਨ ਅਤੇ ਯੂ-ਟਿਊਬ ‘ਤੇ ਵੀ ਇਸ ਵਾਰ ਇਸ ਟੂਰਨਾਮੈਂਟ ਨੇ ਦਰਸ਼ਕਾਂ ਦੇ ਰਿਕਾਰਡ ਤੋੜੇ। ਇਸੇ ਤਰ੍ਹਾਂ ਕੁੱਲ ਗੋਲਾਂ ਦਾ ਰਿਕਾਰਡ ਵੀ ਟੁੱਟ ਗਿਆ। ਇਸ ਟੂਰਨਾਮੈਂਟ ਵਿੱਚ 308 ਗੋਲ ਹੋਏ; ਜਦਕਿ 2022 ਵਿੱਚ ਕਤਰ ਵਿੱਚ ਹੋਏ ਵਿਸ਼ਵ ਕੱਪ ਵਿੱਚ ਕੁੱਲ ਮਿਲਾ ਕੇ 170 ਗੋਲ ਹੋਏ ਸਨ। ਉਂਝ ਇਹ ਵੀ ਹਕੀਕਤ ਹੈ ਕਿ ਕਤਰ ਵਿਸ਼ਵ ਕੱਪ ਵਿੱਚ ਕੁੱਲ 32 ਟੀਮਾਂ ਨੇ ਹਿੱਸਾ ਲਿਆ ਸੀ, ਜਦਕਿ ਇਸ ਵਾਰ ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਆਯੋਜਤ ਕੀਤੇ ਗਏ ਇਸ ਟੂਰਨਾਮੈਂਟ ਵਿੱਚ 48 ਟੀਮਾਂ ਨੇ ਹਿੱਸਾ ਲਿਆ।
ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਦਾ ਪ੍ਰਛਾਵਾਂ ਇਸ ਟੂਰਨਾਮੈਂਟ ‘ਤੇ ਉਦੋਂ ਸਪਸ਼ਟ ਵੇਖਿਆ ਗਿਆ, ਜਦੋਂ ਹਰ ਲੀਗ ਮੈਚ ਤੋਂ ਅੱਗੋਂ-ਪਿੱਛੋਂ ਵੀ ਫੀਫਾ ਮੈਨੇਜਮੈਂਟ ਨੇ ਇਰਾਨ ਦੀ ਟੀਮ ਨੂੰ ਖੜ੍ਹੀ ਲੱਤ ਰੱਖਿਆ ਅਤੇ ਸਹੀ ਤਰ੍ਹਾਂ ਆਰਾਮ ਕਰਨ ਦਾ ਸਮਾਂ ਵੀ ਨਾ ਦਿੱਤਾ। ਇਸ ਦੇ ਬਾਵਜੂਦ ਆਪਣੇ ਲੀਗ ਸਟੇਜ ਦੇ ਮੈਚਾਂ ਵਿੱਚ ਅਜੇਤੂ ਰਹਿ ਕੇ ਇਰਾਨ ਦੀ ਟੀਮ ਘਰ ਪਰਤੀ। ਸਪੇਨ ਤੋਂ ਬਾਅਦ ਇਰਾਨ ਦੀ ਟੀਮ ਹੀ ਹੈ, ਜਿਹੜੀ ਇਸ ਟੂਰਨਾਮੈਂਟ ਵਿੱਚੋਂ ਬਿਨਾ ਕਿਸੇ ਹਾਰ ਦੇ ਘਰ ਪਰਤੀ ਹੈ। ਪਹਿਲੀਆਂ ਦੋ ਟੀਮਾਂ ਤੋਂ ਇਲਾਵਾ ਇੰਗਲੈਂਡ ਦੀ ਟੀਮ ਇਸ ਟੂਰਨਾਮੈਂਟ ਵਿੱਚ ਫਰਾਂਸ ਨੂੰ 6-4 ਨਾਲ ਹਰਾ ਕੇ ਤੀਜੇ ਸਥਾਨ ‘ਤੇ ਰਹੀ। ਟੂਰਨਾਮੈਂਟ ਦਾ ਇਹ ਸਭ ਤੋਂ ਵੱਧ ਗੋਲਾਂ ਵਾਲਾ ਮੈਚ ਸੀ। ਇੱਕ ਸਟੇਜ ‘ਤੇ ਇੰਗਲੈਂਡ ਦੀ ਟੀਮ 3-0 ਨਾਲ ਅੱਗੇ ਹੋ ਗਈ ਸੀ। ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਇੱਕ ਨਿੱਕੇ ਜਿਹੇ ਦੇਸ਼ ‘ਕੇਪ-ਵਰਡੇ’ ਦੀ ਟੀਮ ਨੇ ਆਪਣਾ ਪਹਿਲਾ ਹੀ ਮੈਚ ਸਪੇਨ ਦੀ ਸ਼ਕਤੀਸ਼ਾਲੀ ਟੀਮ ਨਾਲ ਬਰਾਬਰ ਰੱਖ ਕੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਆਪਣੇ ਬਾਕੀ ਲੀਗ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਨੌਕ ਆਊਟ ਸਟੇਜ ਵਿੱਚ ਇਸ ਟੀਮ ਨੇ ਅਰਜਨਟੀਨਾ ਦੀ ਟੀਮ ਨੂੰ ਵੀ ਵਾਹਣੀ ਪਾਈ ਰੱਖਿਆ। ਇਸ ਮੈਚ ਵਿੱਚ ਵੀ ਕੇਪ-ਵਰਡੇ ਦੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਅਰਜਨਟੀਨਾ ਦੀ ਟੀਮ ਨੇ ਵਾਧੂ ਸਮੇਂ ਵਿੱਚ ਇਹ ਮੈਚ ਮਸਾਂ 3-2 ਦੇ ਫਰਕ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅਰਜਨਟੀਨਾ ਦੀ ਟੀਮ ਨੇ ਫਾਈਨਲ ਮੈਚ ਦਾ ਸਾਰਾ ਰੈਗੂਲਰ ਟਾਈਮ, ਗੇਂਦ ‘ਤੇ ਲਾਮਿਸਾਲ ਕਾਬੂ (ਪੋਜ਼ੈਸ਼ਨ) ਰੱਖ ਰਹੀ ਸਪੇਨ ਦੀ ਟੀਮ ਨੂੰ ‘ਦੇਹ/ਲੱਤ ਅੜਿੱਕੇ’ ਪਾ ਕੇ ਰੋਕੀ ਰੱਖਿਆ। ਲੰਮੇ ਸਮੇਂ ਤੱਕ ਇਸ ਨੂੰ ਰੈਫਰੀਆਂ ਨੇ ਵੀ ਨਜ਼ਰਅੰਦਾਜ਼ ਕੀਤਾ; ਪਰ ਅੰਤ ਨੂੰ ਰੈਗੂਲਰ ਸਮੇਂ ਦੇ ਅਖੀਰ ਜਿਹੇ ਵਿੱਚ ਅਰਜਨਟੀਨਾ ਦੇ ਇੱਕ ਮਹੱਤਵਪੂਰਨ ਮਿੱਡਫੀਲਡਰ ਐਂਜੋ ਫਰਨਾਂਡੇਜ਼ ਨੂੰ ਲਾਲ ਕਾਰਡ ਵਿਖਾਉਣਾ ਹੀ ਪਿਆ। ਉਸ ਦੀ ਗੈਰ-ਹਾਜ਼ਰੀ ਵਿੱਚ ਵਾਧੂ ਸਮੇਂ ਦੇ 16ਵੇਂ ਮਿੰਟ ਵਿੱਚ ਸਪੇਨ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਰਾਖਵੇਂ ਖਿਡਾਰੀ ਫੈਰਿਨ ਟੋਰਿਸ ਨੇ ਇਕਲੌਤਾ ਗੋਲ ਕੀਤਾ। ਇਸ ਗੋਲ ਨੇ ਸਪੇਨ ਦੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇੱਥੇ ਜ਼ਿਕਰਯੋਗ ਹੈ ਕਿ ਸਪੇਨ ਦੀ ਟੀਮ ਪਿਛਲੀ ਵਾਰ ਦੀ ਯੂਰਪੀਅਨ ਚੈਂਪੀਅਨਸ਼ਿੱਪ ਜਿੱਤ ਚੁੱਕੀ ਹੈ ਅਤੇ ਆਪਣੇ ਪਿਛਲੇ 38 ਮੈਚਾਂ ਵਿੱਚ ਅਜੇਤੂ ਰਹੀ ਹੈ।
ਅਰਜਨਟੀਨਾ ਦਾ ਮਸ਼ਹੂਰ ਖਿਡਾਰੀ ਲਿਓਨਲ ਮੈਸੀ ਇਸ ਟੂਰਨਾਮੈਂਟ ਦਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਰਿਹਾ। ਉਸ ਦੀ ਖੇਡ ਵਿੱਚ ਹਾਲੇ ਵੀ ਕਾਫੀ ਜਾਨ ਤੇ ਤੀਬਰਤਾ ਵਿਖਾਈ ਦਿੱਤੀ। ਇੱਕ ਤਰ੍ਹਾਂ ਮੈਸੀ ਹੀ ਅਰਜਨਟੀਨਾ ਦੀ ਟੀਮ ਨੂੰ ਆਪਣੇ ਮੋਢਿਆਂ ‘ਤੇ ਚੁੱਕ ਕੇ ਫਾਈਨਲ ਤੱਕ ਲੈ ਆਇਆ; ਪਰ ਫਾਈਨਲ ਮੈਚ ਵਿੱਚ ਸਪੇਨੀ ਰੱਖਿਆ ਖਿਡਾਰੀਆਂ ਨੇ ਉਸ ਦੀ ਇੱਕ ਨਾ ਚੱਲਣ ਦਿੱਤੀ। ਪਿਛਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਗੋਲ ਕਰਨ ਵਾਲੇ ਖਿਡਾਰੀ ਡੀ-ਮਾਰੀਆ ਦੀ ਘਾਟ ਇਸ ਵਾਰ ਅਰਜਨਟੀਨਾ ਨੂੰ ਲੈ ਬੈਠੀ। ਡੀ-ਮਾਰੀਆ ਨੇ ਕਤਰ ਵਿਸ਼ਵ ਕੱਪ ਤੋਂ ਬਾਅਦ ਸਨਿਆਸ ਲੈ ਲਿਆ ਸੀ। ਉਸ ਦੀ ਘਾਟ ਨੂੰ ਫਾਈਨਲ ਹਾਰਨ ਤੋਂ ਬਾਅਦ ਮੈਸੀ ਨੇ ਵੀ ਮਹਿਸੂਸ ਕੀਤਾ। ਮੈਸੀ ਨੇ ਕਿਹਾ, “ਡੀ ਮਾਰੀਆ ਨੂੰ ਰਿਟਾਇਰ ਕਰਵਾਉਣਾ ਗਲਤ ਸੀ।”
ਯੂ-ਟਿਊਬ ‘ਤੇ ਇਸ ਟੂਰਨਾਮੈਂਟ ਨੂੰ ਰਿਕਾਰਡ 200 ਬਿਲੀਅਨ ਲੋਕਾਂ ਨੇ ਵੇਖਿਆ। ਇਸ ਦੇ ਨਾਲ-ਨਾਲ ਇਸ ਟੂਰਨਾਮੈਂਟ ਵਿੱਚ ਕੀਤੇ ਗਏ ਕੁਝ ਫੈਸਲਿਆਂ ‘ਤੇ ਕਾਫੀ ਵਿਵਾਦ ਉਠਿਆ। ਇਸ ਵਾਰ ਦੇ ਫੁੱਟਬਾਲ ਵਰਲਡ ਕੱਪ ‘ਤੇ ਅਮਰੀਕੀਕਰਨ ਦੇ ਵੀ ਦੋਸ਼ ਲੱਗੇ। ਦਰਸ਼ਕਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਟਿਕਟਾਂ ਦੇ ਰੇਟ ਵਧਦੇ-ਘਟਦੇ ਰਹੇ। ਫੁੱਟਬਾਲ ਦੇ ਇਸ ਮਹਾਂਕੁੰਭ ਨੂੰ ਅਮਰੀਕੀ ਸੱਭਿਆਚਾਰ ਦਾ ਤੜਕਾ ਲਗਾਇਆ ਗਿਆ। ਖਾਸ ਕਰਕੇ ਟੂਰਨਾਮੈਂਟ ਦੇ ਆਗਾਜ਼ ਵੇਲੇ ਵੀ ਅਤੇ ਫਾਈਨਲ ਮੈਚ ਦੇ ਹਾਫ ਟਾਈਮ ਵੇਲੇ ਵੀ, ਅਮਰੀਕੀ ਪੋਪ ਗਾਇਕਾਂ ਨੇ ਆਪੋ-ਆਪਣੀ ਲ੍ਹੀਲਾ ਪੇਸ਼ ਕੀਤੀ। ਇਸ ਤੋਂ ਇਲਾਵਾ 45-45 ਮਿੰਟ ਦੇ ਦੋ ਅੱਧਾਂ ਦੇ ਵਿਚਕਾਰ ਖਿਡਾਰੀਆਂ ਲਈ ਇੱਕ ਹਾਈਡਰੇਸ਼ (ਪਾਣੀ-ਧਾਣੀ ਪੀਣ ਲਈ) ਬਰੇਕ ਰੱਖੀ ਗਈ। ਏ.ਸੀ. ਸਟੇਡੀਅਮਾਂ ਵਿੱਚ ਵੀ ਇਹ ਬਰੇਕ ਜਾਰੀ ਰਹੀ। ਜ਼ਾਹਰ ਹੈ ਕਿ ਇਹ ਕਮਰਸ਼ੀਅਲ ਇਸ਼ਤਿਹਾਰ ਇਕੱਠੇ ਕਰਨ ਦਾ ਡਰਾਮਾ ਮਾਤਰ ਸੀ। ਇਸ ਰਾਹੀਂ ਫੀਫਾ ਨੇ ਆਰਬਾਂ ਡਾਲਰ ਕਮਾਏ ਵੀ। ਰੈਫਰੀਆਂ ਦੀ ਗਲਤੀ ਫੜਨ ਲਈ ਇਸ ਵਾਰ ਫੀਫਾ ਨੇ ਲੇਨੋਵੋ ਨਾਲ ਰਲ ਕੇ ਏ.ਆਈ. ਵਿਸ਼ਲੇਸ਼ਣ ਦਾ ਸਹਾਰਾ ਲਿਆ। ਇਹ ਕਾਫੀ ਪ੍ਰਭਾਵਸ਼ਾਲੀ ਰਿਹਾ। ਨਿੱਕੇ ਤੋਂ ਨਿੱਕਾ ਫਾਊਲ ਵੀ ਰਿਵਿਊ ਵਿੱਚ ਫੜਿਆ ਜਾਂਦਾ ਰਿਹਾ। ਇਸ ਦੇ ਬਾਵਜੂਦ ਅਮਰੀਕਾ ਦੀ ਸਿਆਸੀ ਮਰਜ਼ੀ ਨੇ ਇਰਾਨ ਵੱਲੋਂ ਮਿਸਰ ਖਿਲਾਫ ਅੰਤਿਮ ਪਲਾਂ ਵਿੱਚ ਕੀਤਾ ਗਿਆ ਗੋਲ ਰੱਦ ਕਰਵਾ ਦਿੱਤਾ। ਇੱਕ ਅਮਰੀਕੀ ਫਾਰਵਰਡ ਖਿਡਾਰੀ ਨੂੰ ਮਿਲਿਆ ਰੈਡ ਕਾਰਡ ਵੀ ਟਰੰਪ ਵੱਲੋਂ ਰੱਦ ਕਰਵਾ ਦਿੱਤਾ ਗਿਆ। ਮਿਸਰ ਨੂੰ 2-1 ਨਾਲ ਹਰਾ ਕੇ ਇਰਾਨ ਨਾਕ ਆਊਟ ਸਟੇਜ ਵਿੱਚ ਪੁੱਜ ਸਕਦਾ ਸੀ, ਪਰ ਆਪਣਾ ਤੀਸਰਾ ਲੀਗ ਮੈਚ ਵੀ ਬਰਾਬਰ ਰਹਿਣ ਕਾਰਨ ਇਰਾਨ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਨਾਲ ਇਹ ਬਹਿਸ ਵੀ ਭਖੀ ਕਿ ਕੀ ਕਦੇ ਏ.ਆਈ. ਬੰਦੇ ‘ਤੇ ਆਪਣੀ ਸੱਤਾ ਸਥਾਪਤ ਕਰ ਸਕਦਾ ਹੈ? ਲਗਦਾ ਸ਼ਾਇਦ ਬੰਦੇ ਦੀ ਜਾਤ ‘ਤੇ ਤਾਂ ਭਾਵੇਂ ਇਹ ਕਾਬਜ਼ ਹੋ ਜਾਵੇ, ਪਰ ਸਿਆਸੀ ਸੱਤਾ ਦੇ ਅਧੀਨ ਹੀ ਰਹੇਗਾ।

Leave a Reply

Your email address will not be published. Required fields are marked *