ਮਿਲਵਾਕੀ ਤੀਆਂ ਦਾ ਮੇਲਾ: ਗਿੱਧੇ ਦੀਆਂ ਰੌਣਕਾਂ ਤੇ ਗਾਇਕੀ ਦਾ ਰੰਗ

ਸਾਹਿਤਕ ਤੰਦਾਂ ਖਬਰਾਂ

*ਵੱਖ-ਵੱਖ ਪੇਸ਼ਕਾਰੀਆਂ ਨਾਲ ਮੇਲਾ ਯਾਦਗਾਰੀ ਹੋ ਨਿਬੜਿਆ
ਅਨੁਰੀਤ ਕੌਰ ਢਿੱਲੋਂ
ਮਿਲਵਾਕੀ, ਵਿਸਕਾਨਸਿਨ: ਲੰਘੇ ਦਿਨੀਂ ਕਰਾਊਨ ਪਲਾਜ਼ਾ ਮਿਲਵਾਕੀ ਵਿਖੇ ਕਰਵਾਇਆ ਗਿਆ ‘ਤੀਆਂ ਦਾ ਮੇਲਾ’ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਬ ਭਰਿਆ ਹੋਇਆ ਸੀ ਅਤੇ ਗਿੱਧੇ ਦੀਆਂ ਵੱਖ-ਵੱਖ ਪੇਸ਼ਕਾਰੀਆਂ ਤੇ ਗਾਇਕੀ ਦੇ ਅਖਾੜੇ ਨਾਲ ਇਹ ਯਾਦਗਾਰੀ ਹੋ ਨਿਬੜਿਆ। ਕੁਝ ਨੇ ਮੇਲੇ ਨੂੰ ਬੈਠ ਕੇ ਮਾਣਿਆ, ਕੁਝ ਨੇ ਖਰੀਦੋ-ਫਰੋਖਤ ਕਰ ਕੇ ਅਤੇ ਬਹੁਤੀਆਂ ਨੇ ਜੈਸਮੀਨ ਅਖ਼ਤਰ ਦੀਆਂ ਬੋਲੀਆਂ/ਗੀਤਾਂ ਉਤੇ ਨੱਚ ਕੇ ਤੀਆਂ ਦੇ ਮੇਲੇ ਦੌਰਾਨ ਚਾਅ ਪੂਰੇ ਕੀਤੇ ਤੇ ਮਨ ਦੇ ਵਲਵਲਿਆਂ ਨੂੰ ਖੁਸ਼ੀ ਖੁਸ਼ੀ ਇੱਕ-ਦੂਜੀ ਨਾਲ ਪ੍ਰਗਟਾਇਆ।

ਤੀਆਂ ਦੇ ਮੇਲੇ ਦੀ ਸ਼ੁਰੂਆਤ ਹੁੰਦਿਆਂ ਪ੍ਰਬੰਧਕ ਬੀਬੀਆਂ ਵਿੱਚੋਂ ਇੱਕ ਹੈਪੀ ਚਾਹਲ ਅਤੇ ਉਨ੍ਹਾਂ ਦੀ ਇੱਕ ਹੋਰ ਟੀਮ ਮੈਂਬਰ ਗੁਰਦੀਪ ਕੌਰ ਨੇ ਹਾਜ਼ਰੀਨ ਮੇਲਣਾਂ ਦਾ ਧੰਨਵਾਦ ਕਰਦਿਆਂ ਸਵਾਗਤ ਕੀਤਾ। ਫਿਰ ਉਨ੍ਹਾਂ ਸ਼ਿਕਾਗੋ ਤੋਂ ਆਈ ਮੰਚ ਸੰਚਾਲਕਾ ਗੁਰਲੀਨ ਕੌਰ ਨੂੰ ਸਟੇਜ ਸਾਂਭਣ ਦਾ ਸੱਦਾ ਦਿੱਤਾ। ਗੁਰਲੀਨ ਕੌਰ ਨੇ ਸਟੇਜ ਸੰਭਾਲਦਿਆਂ ਹੀ ਸ਼ੇਅਰ ਸੁਣਾਇਆ:
ਵਾਹਿਗੁਰੂ ਆਖਿਆਂ ਮੁੱਖ ਪਵਿੱਤਰ
ਵਾਹਿਗੁਰੂ ਆਖਿਆਂ ਵੈਰੀ ਮਿੱਤਰ
ਵਾਹਿਗੁਰੂ ਆਖਿਆਂ ਸਾਫ ਚਰਿੱਤਰ
ਵਾਹਿਗੁਰੂ ਆਖਿਆਂ ਦੁੱਖ-ਦਰਦ ਤਿੱਤਰ।
ਫਿਰ ਉਸ ਨੇ ਵਾਰੋ ਵਾਰੀ ਸਾਰੀਆਂ ਟੀਮਾਂ ਨੂੰ ਪੇਸ਼ਕਾਰੀ ਕਰਨ ਦਾ ਸੱਦਾ ਦਿੱਤਾ ਅਤੇ ਇਸ ਦੌਰਾਨ ਉਸ ਨੇ ਆਪਣੀ ਸ਼ੇਅਰੋ-ਸ਼ਾਇਰੀ ਨਾਲ ਪ੍ਰੋਗਰਾਮ ਨੂੰ ਅੱਗੇ ਤੋਰੀ ਰੱਖਿਆ।
ਤੀਆਂ ਦੇ ਮੇਲੇ ਦੌਰਾਨ ਸੱਤ ਟੀਮਾਂ ਨੇ ਆਪੋ-ਆਪਣੀ ਤਿਆਰੀ ਮੁਤਾਬਕ ਪੇਸ਼ਕਾਰੀ ਕੀਤੀ। ਅੰਜੂ ਨੇ ਸੋਲੋ ਪੇਸ਼ਕਾਰੀ ਕੀਤੀ। ਦੂਜੇ ਨੰਬਰ `ਤੇ ‘ਰਾਣੀਆਂ ਗਿੱਧੇ ਦੀਆਂ’ ਟੀਮ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ। ਉਪਰੰਤ ਅਮਨਦੀਪ ਕੌਰ ਨੇ ਇੱਕ ਕਵਿਤਾ ‘ਰੱਬ ਕਰੇ’ ਪੜ੍ਹੀ। ਚੌਥੇ ਨੰਬਰ `ਤੇ ‘ਵਿਰਾਸਤ ਡਾਂਸ ਅਕੈਡਮੀ’ ਦੇ ਅਠਾਰਾਂ ਮੈਂਬਰਾਂ ਨੇ ਆਪਣੀ ਪੇਸ਼ਕਾਰੀ ਕੀਤੀ। ਇਸ ਤੋਂ ਬਾਅਦ ‘ਦੇਸੀ ਟਵਿਰਲਜ਼’ ਅਤੇ ‘ਗਿੱਧਾ ਕੁਇਨਜ਼’ ਨੇ ਗਿੱਧੇ ਦਾ ਪਿੜ ਬੰਨਿ੍ਹਆ। ‘ਗਿੱਧਾ ਕੁਇਨਜ਼’ ਟੀਮ ਦੀ ਖਾਸ ਗੱਲ ਇਹ ਸੀ ਕਿ ਇਸ ਟੀਮ ਵਿੱਚ ਛੇ-ਸੱਤ ਸਾਲ ਦੀਆਂ ਬੱਚੀਆਂ ਤੋਂ ਲੈ ਕੇ ਚਾਲੀ-ਪੰਤਾਲੀ ਸਾਲ ਦੀ ਉਮਰ ਤੱਕ ਦੀਆਂ ਬੀਬੀਆਂ ਰਲ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੀਆਂ ਸਨ। ਸਭ ਨੇ ਇਸ ਟੀਮ ਦੀ ਪੇਸ਼ਕਾਰੀ ਦਾ ਖੂਬ ਅਨੰਦ ਮਾਣਿਆ।
ਇਸ ਤੋਂ ਬਾਅਦ ਸ਼ਿਕਾਗੋ ਦੇ ਭੰਗੜਾ ਕੋਚ ਅਮਨ ਕੁਲਾਰ ਦੀਆਂ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ, ਜਿਨ੍ਹਾਂ ਵਿੱਚ ‘ਭੰਗੜਾ ਰਾਈਮਜ਼- ਕਿਡਜ਼, ਯੂਥ ਅਤੇ ਅਡੱਲਟਸ’ ਟੀਮਾਂ ਨੇ ਬਹੁਤ ਤਾਲ-ਬੱਧ ਨੱਚ ਕੇ ਸਭਨਾਂ ਦਾ ਧਿਆਨ ਖਿੱਚਿਆ। ਸਾਰੀਆਂ ਪੇਸ਼ਕਾਰੀਆਂ ਖਤਮ ਹੋਣ ਉਪਰੰਤ ਪ੍ਰੋਗਰਾਮ ਦੀਆਂ ਪ੍ਰਬੰਧਕ ਬੀਬੀਆਂ ਵੱਲੋਂ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ ਅਤੇ ਜਿਹੜੇ ਬੱਚਿਆਂ ਨੇ ਪੇਸ਼ਕਾਰੀ ਕੀਤੀ, ਉਨ੍ਹਾਂ ਨੂੰ ਹੌਸਲਾ ਅਫਜ਼ਾਈ ਵਜੋਂ ਗਿਫਟ ਦਿੱਤੇ ਗਏ, ਕਿਉਂਕਿ ਮੇਲੇ ਵਿੱਚ ਪੇਸ਼ਕਾਰੀ ਕਰਨ ਵਾਲੀਆਂ ਟੀਮਾਂ ਦੀ ਪਿਛਲੇ ਕੁਝ ਹਫਤਿਆਂ ਦੌਰਾਨ ਕੀਤੀ ਗਈ ਮਿਹਨਤ ਸਪਸ਼ਟ ਝਲਕ ਰਹੀ ਸੀ।
ਵੱਖ-ਵੱਖ ਪੇਸ਼ਕਾਰੀਆਂ ਦੌਰਾਨ ਫੁੱਲ-ਬੂਟੀਆਂ ਵਾਲੀਆਂ ਪੱਖੀਆਂ, ਬਾਲਟੀਆਂ, ਚਰਖੇ, ਮਧਾਣੀ, ਫੁਲਕਾਰੀ, ਕਸੀਦਾ ਕੱਢਦੀਆਂ ਦੀ ਝਲਕ, ਫੁੱਲਾਂ ਵਾਲੀਆਂ ਛਤਰੀਆਂ ਆਦਿ ਨਾਲ ਪੂਰੇ ਰੰਗ ਬੱਝੇ ਹੋਏ ਸਨ। ਸਟੇਜ ਨੂੰ ਵੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਬੀਬੀਆਂ ਨੂੰ ਤੀਆਂ ਦੇ ਮੇਲੇ ਦਾ ਕਿੰਨਾ ਚਾਅ ਸੀ! ਰੰਗ-ਬਰੰਗੇ ਮੰਜਿਆਂ, ਜਾਗੋ ਆਦਿ ਵੇਖਦਿਆਂ ਪਿੰਡਾਂ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਸਨ। ਮੇਲੇ ਦੌਰਾਨ ਪੀਲੇ ਰੰਗ ਦਾ ਸਕੂਟਰ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਕਈਆਂ ਨੇ ਫੁੱਲਾਂ ਨਾਲ ਸਜਾਏ ਝੂਲੇ ਉਤੇ ਬਹਿ ਵੱਖ-ਵੱਖ ਪੋਜ਼ ਬਣਾ ਕੇ ਤਸਵੀਰਾਂ ਖਿਚਵਾਈਆਂ।
ਇਸ ਦੌਰਾਨ ਮੰਚ ਸੰਚਾਲਕਾ ਨੇ ਗਾਇਕਾ ਜੈਸਮੀਨ ਅਖ਼ਤਰ ਨੂੰ ਸਟੇਜ `ਤੇ ਆਉਣ ਦਾ ਸੱਦਾ ਦਿੱਤਾ। ਜੈਸਮੀਨ ਨੇ ਸਟੇਜ `ਤੇ ਆਉਂਦੀਆਂ ਹੀ ਪੂਰੀਆਂ ਰੌਣਕਾਂ ਲਾ ਦਿੱਤੀਆਂ। ਉਸ ਨੇ ਵੱਖ-ਵੱਖ ਤਰ੍ਹਾਂ ਦੇ ਗੀਤ ਗਾ ਕੇ ਮੇਲੇ ਵਿੱਚ ਸ਼ਾਮਲ ਬੀਬੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਸ ਨੇ ‘ਮੇਰੇ ਹਾਥੋਂ ਮੇਂ ਨੌਂ ਨੌਂ ਚੂੜੀਆਂ’, ‘ਮੈਂ ਕਰ ਕੇ ਫਲਾਈ ਆਵਾਂ, ਜੇ ਤੂੰ ਬੁਲਾਵੇਂ ਹਾਣ ਦਿਆਂ’, ‘ਤੂੰ ਮੇਰੇ ਨਾਲ ਇੰਜ ਜੱਚਦਾ’, ‘ਕੀ ਪੱਲੇ ਤੇਰੇ ਰਹਿ ਜੂ ਵੇ, ਜੇ ਕੋਈ ਹੋਰ ਵਿਆਹ ਕੇ ਲੈ ਗਿਆ’ ਆਦਿ ਕਈ ਗੀਤ ਗਾ ਕੇ ਮਨੋਰੰਜਨ ਕੀਤਾ। ਅਖੀਰ ਵਿੱਚ ਉਸ ਨੇ ਬੋਲੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਸਾਰੀ ਪ੍ਰਬੰਧਕੀ ਟੀਮ ਸਟੇਜ `ਤੇ ਆ ਗਈ ਤੇ ਜੈਸਮੀਨ ਅਖ਼ਤਰ ਨਾਲ ਨੱਚਣਾ ਸ਼ੁਰੂ ਕਰ ਦਿੱਤਾ। ਜੈਸਮੀਨ ਨੇ ਡਾਂਸ ਫਲੋਰ `ਤੇ ਨੱਚਦੀਆਂ ਬੀਬੀਆਂ ਨਾਲ ਰਾਬਤਾ ਬਣਾਉਂਦਿਆਂ ਉਨ੍ਹਾਂ ਨੂੰ ਨਾਲ ਨਾਲ ਗਾਉਣ ਲਈ ਵੀ ਲਾ ਲਿਆ। ਇਸ ਵੇਲੇ ਮੇਲਾ ਪੂਰੇ ਜੋਬਨ `ਤੇ ਸੀ। ਇਸ ਮੌਕੇ ਡੀ.ਜੇ. ਤੇ ਸਾਊਂਡ ਸਿਸਟਮ ਦੀ ਵੀ ਖੂਬ ਤਾਰੀਫ ਹੋਈ।
ਇਹ ਤਾਂ ਪੱਕਾ ਹੈ ਕਿ ਪੰਜਾਬੀ ਜਿੱਥੇ ਵੀ ਪਹੁੰਚ ਜਾਣ, ਉਥੇ ਹੀ ਪੰਜਾਬ ਵਸਾ ਲੈਂਦੇ ਹਨ। ਇਸੇ ਤਰ੍ਹਾਂ ਤਿਆਰ ਹੋ ਕੇ ਆਈਆਂ ਤੀਵੀਂਆਂ, ਬਜ਼ੁਰਗ ਮਾਤਾਵਾਂ, ਕੁੜੀਆਂ ਤੇ ਬੱਚੀਆਂ ਤੀਆਂ ਦੇ ਮੇਲੇ ਦੀ ਸ਼ਾਨ ਵਧਾ ਰਹੀਆਂ ਸਨ। ਰੰਗ-ਬਰੰਗੇ ਤੇ ਮਹਿੰਗੇ-ਮਹਿੰਗੇ ਸੂਟਾਂ, ਗੋਟੇ-ਕਿਨਾਰੀਆਂ ਵਾਲੀਆਂ ਚੁੰਨੀਆਂ/ਫੁਲਕਾਰੀਆਂ ਤੇ ਗਹਿਣੇ-ਗੱਟੇ ਪਹਿਨੀ ਮੇਲਣਾਂ ਦਾ ਵੱਖਰਾ ਹੀ ਰੋਹਬ ਬਣਿਆ ਹੋਇਆ ਸੀ। ਜ਼ਿਆਦਾਤਰ ਬੀਬੀਆਂ ਇੱਕ-ਦੂਜੀ ਨਾਲ ਮਿਲ-ਹੱਸ ਕੇ ਮੁਹੱਬਤੀ ਸਾਂਝ ਦਾ ਇਜ਼ਹਾਰ ਕਰ ਰਹੀਆਂ ਸਨ। ਮੇਲੇ ਵਿੱਚ ਮਿਲਵਾਕੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ਤੋਂ ਇਲਾਵਾ ਸ਼ਿਕਾਗੋ ਤੋਂ ਵੀ ਬੀਬੀਆਂ ਉਚੇਚੇ ਤੌਰ `ਤੇ ਪਹੁੰਚੀਆਂ ਅਤੇ ਤੀਆਂ ਮਨਾਈਆਂ।
ਖ਼ੈਰ! ਜਿੱਥੇ ਪੰਜਾਬੀ ਮੇਲਣਾਂ ਹੋਣ ਤੇ ਉਹ ਖਰੀਦੋ-ਫਰੋਖਤ ਨਾ ਕਰਨ, ਇਹ ਤਾਂ ਹੋ ਹੀ ਨਹੀਂ ਸਕਦਾ! ਇਸੇ ਤਰ੍ਹਾਂ ਮੇਲੇ ਵਿੱਚ ਸੂਟ, ਗਹਿਣੇ, ਪੰਜਾਬੀ ਜੁੱਤੀਆਂ ਆਦਿ ਦੀ ਖੂਬ ਵਿਕਰੀ ਹੋਈ। ਜਿਨ੍ਹਾਂ ਬੀਬੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੇ ਸਟਾਲ ਲਾਏ ਹੋਏ ਸਨ, ਉਹ ਵੀ ਗਾਹਕ ਬਣੀਆਂ ਬੀਬੀਆਂ/ਕੁੜੀਆਂ ਦੀ ਦਿਲਚਸਪੀ ਦਾ ਧਿਆਨ ਰੱਖਦਿਆਂ ਸਾਮਾਨ ਦਿਖਾ/ਵੇਚ ਰਹੀਆਂ ਸਨ। ਹੋਰਨਾਂ ਸਟਾਲਾਂ ਤੋਂ ਇਲਾਵਾ ‘ਸਖੀ ਅਟਾਇਰ ਸ਼ਿਕਾਗੋ’ ਦਾ ਸਟਾਲ ਵੀ ਰੂਪੀ ਸਿੱਧੂ ਦੀ ਨਿਗਰਾਨੀ ਹੇਠ ਲੱਗਿਆ ਹੋਇਆ ਸੀ। ਮੇਲਣਾਂ ਲਈ ਸਵਾਦੀ ਖਾਣੇ ਦਾ ਵੀ ਪ੍ਰਬੰਧ ਸੀ। ਮੇਲੇ ਦੀ ਸਫਲਤਾ ਦੇਖ ਕੇ ਪ੍ਰਬੰਧਕ ਬੀਬੀਆਂ- ਹੈਪੀ ਚਾਹਲ, ਹਰਜਿੰਦਰ ਸੂਸ, ਪਿੰਕੂ ਸੰਧਾਵਾਲੀਆ, ਗੁਰਦੀਪ ਚਾਹਲ, ਜੱਸ ਕੌਰ, ਹਰਪ੍ਰੀਤ ਤੂਰ, ਮਨੀ ਤੂਰ, ਬਲਜੀਤ ਗਿੱਲ, ਰੀਨਾ ਔਲਖ, ਹਰਜੀਤ ਬੋਪਾਰਾਏ ਤੇ ਰਮਨ ਹਾਂਸੀ ਬਾਗੋਬਾਗ ਨਜ਼ਰ ਆ ਰਹੀਆਂ ਸਨ।

Leave a Reply

Your email address will not be published. Required fields are marked *