*ਅੰਮ੍ਰਿਤਪਾਲ ਧੜੇ ਵੱਲੋਂ ਚੰਡੀਗੜ੍ਹ ਵਿੱਚ ਰਿਹਾਈ ਨੂੰ ਲੈ ਕੇ ਮਾਰਚ
*ਪੁਨਰ ਸੁਰਜੀਤ ਧੜਾ ਰਾਜਪਾਲ ਨੂੰ ਮਿਲਿਆ
ਜਸਵੀਰ ਸਿੰਘ ਸ਼ੀਰੀ
ਫਰਵਰੀ 2027 ਵਿੱਚ ਆ ਰਹੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਖ ਸਿਆਸਤ ਪਿਛਲੇ ਕੁਝ ਦਿਨਾਂ ਤੋਂ ਸਰਗਰਮੀ ਫੜਦੀ ਵਿਖਾਈ ਦੇ ਰਹੀ ਹੈ। ਅਕਾਲੀ ਦਲ (ਬਾਦਲ) ਤਾਂ ਪਹਿਲਾਂ ਇਸ ਮਾਮਲੇ ਵਿੱਚ ਸਰਗਰਮੀ ਵਿਖਾ ਰਿਹਾ ਸੀ, ਪਰ ਅਕਾਲੀ ਦਲ (ਪੁਨਰਸੁਰਜੀਤ), ਅਕਾਲੀ ਦਲ (ਵਾਰਸ ਪੰਜਾਬ ਦੇ) ਆਗੂ ਹੁਣ ਸਿੱਖ ਮਾਮਲਿਆਂ ‘ਤੇ ਸਰਗਰਮੀ ਫੜਨ ਲੱਗੇ ਹਨ। ਅਕਾਲੀ ਦਲ (ਪੁਨਰਸੁਰਜੀਤ) ਨੇ ਪੰਜਾਬ ਦੇ ਰਾਜਪਾਲ ਲਾਲ ਚੰਦ ਕਟਾਰੀਆ ਨੂੰ ਮਿਲ ਕੇ ਮੰਗ ਕੀਤੀ ਹੈ ਕਿ
ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਮੌਜੂਦ ਸਮੂਹ ਸਿੱਖ ਸਿਆਸੀ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ। ਇਸੇ ਤਰ੍ਹਾਂ ਅਕਾਲੀ ਦਲ (ਵਾਰਸ ਪੰਜਾਬ ਦੇ) ਵੱਲੋਂ ਚੰਡੀਗੜ੍ਹ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਮੌਕੇ ਤਕਰੀਬਨ ਸਾਰੇ ਪੰਜਾਬ ਵਿੱਚੋਂ ਭਰਵਾਂ ਇਕੱਠ ਹੋਇਆ। ਵੱਖ-ਵੱਖ ਖੇਤਰਾਂ ਵਿੱਚੋਂ ਆਈ ਸੰਗਤ ਗੁਰਦੁਆਰਾ ਅੰਬ ਸਾਹਿਬ ਪਹੁੰਚੀ। ਉਥੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਅੰਮ੍ਰਿਤਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮਾਰਚ ਕੀਤਾ ਗਿਆ।
ਯਾਦ ਰਹੇ, ਬੀਤੇ ਹਫਤੇ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਦੇਣ ਕਿ ਉਨ੍ਹਾਂ ਵੱਲੋਂ ਦਾਖਲ ਕੀਤੀ ਗਈ ਮੇਰੇ ਲਈ ਰਹਿਮ ਦੀ ਅਪੀਲ ਵਾਪਸ ਲਈ ਜਾਵੇ। ਭਾਈ ਰਾਜੋਆਣਾ ਨੇ ਕਿਹਾ ਕਿ ਉਸ ਨੂੰ ਦੁਸ਼ਮਣ ਕੋਲੋਂ ਦਇਆ ਦੀ ਲੋੜ ਨਹੀਂ ਹੈ। ਆਪਣੇ ਪੱਤਰ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਜਿਹੜੇ ਲੀਡਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਸੰਮਨ ਕਰਕੇ ਪੁੱਛਣ ਕਿ ਉਨ੍ਹਾਂ ਦੀ ਸਰਕਾਰ ਨੇ ਪਟੀਸ਼ਨ ਬਾਰੇ ਫੈਸਲੇ ਵਿੱਚ ਏਨੀ ਦੇਰੀ ਕਿਉਂ ਕੀਤੀ ਹੈ? ਭਾਈ ਰਾਜੋਆਣਾ ਨੇ ਆਪਣੇ ਪੱਤਰ ਵਿੱਚ ਨੋਟ ਕੀਤਾ ਹੈ ਕਿ ਉਸ ਨੂੰ 30 ਸਾਲ ਤੋਂ ਫਾਂਸੀ ਚੱਕੀ ਵਿੱਚ ਬੰਦ ਕੀਤਾ ਹੋਇਆ ਹੈ। ਇਹ ਇੱਕ ਕੈਦੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇੰਨੀ ਲੰਮੀ ਬੰਦੀ ਕਿਸੇ ਵੀ ਵਿਅਕਤੀ ‘ਤੇ ਘੋਰ ਮਾਨਸਿਕ ਤਸ਼ੱਦਦ ਦਾ ਕਾਰਨ ਬਣਦੀ ਹੈ।
ਭਾਈ ਰਾਜੋਆਣਾ ਵੱਲੋਂ ਲਿਖੇ ਗਏ ਪੱਤਰ ਨੇ ਸਿੱਖ ਬੰਦੀਆਂ ਦਾ ਮਸਲਾ ਪੰਜਾਬ ਪੱਖੀ ਸਿਆਸੀ ਪਾਰਟੀਆਂ ਵਿੱਚ ਇੱਕ ਤਰ੍ਹਾਂ ਨਾਲ ਚੋਣ ਮੁੱਦਾ ਬਣਾ ਦਿੱਤਾ ਹੈ। ਇਸ ਮੁੱਦੇ ਨੂੰ ਲੈ ਕੇ ਹੋਂਦ ਵਿੱਚ ਆਏ ਦੋ ਨਵੇਂ ਅਕਾਲੀ ਦਲਾਂ ਵਿੱਚ ਲੀਡ ਲੈਣ ਵਾਸਤੇ ਮੁਕਾਬਲਾ ਹੁੰਦਾ ਵਿਖਾਈ ਦੇ ਰਿਹਾ ਹੈ। ਤੀਜਾ ਅਕਾਲੀ ਦਲ (ਬਾਦਲ) ਵੀ ਲਗਦਾ ਇਸ ਮਸਲੇ ਵਿੱਚ ਆਪਣੀ ਹਾਜ਼ਰੀ ਲਵਾਉਣ ਤੋਂ ਵਾਂਝਾ ਨਹੀਂ ਰਹੇਗਾ। ਕਿਉਂਕਿ ਕਾਫੀ ਸਮਾਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਅਕਾਲੀ ਦਲ (ਬਾਦਲ) ਵੱਲ ਖਿਸਕ ਗਿਆ ਸੀ। ਫਿਰ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਅਕਾਲੀ ਦਲ (ਵਾਰਸ ਪੰਜਾਬ ਦੇ) ਲਈ ਸਭ ਤੋਂ ਜ਼ਿਆਦਾ ਫਿੱਟ ਬੈਠਦਾ ਹੈ। ਕਾਰਨ ਇਸ ਦਾ ਇਹ ਕਿ ਉਸ ਦੇ ਆਪਣੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਖੁਦ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਤਿੰਨ ਸਾਲ ਲਗਾਤਾਰ ਕਾਇਮ ਰਹੀ ਐਨ.ਐਸ.ਏ. ਤਾਂ ਸਰਕਾਰ ਨੇ ਭਾਵੇਂ ਤੋੜ ਦਿੱਤੀ ਹੈ, ਪਰ ਅਜਨਾਲਾ ਥਾਣੇ ‘ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਉਨ੍ਹਾਂ ਉਪਰ ਕੇਸ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ। ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਉਨ੍ਹਾਂ ਦੇ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ। ਇਸ ਸੁਣਵਾਈ ਵਾਸਤੇ ਉਨ੍ਹਾਂ ਨੂੰ ਜਾਤੀ ਤੌਰ ‘ਤੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾਂਦਾ, ਸਗੋਂ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਟਰਾਂਸਫਰ ਕਰਨ ਦਾ ਵਿਰੋਧ ਕਰ ਰਹੀ ਹੈ। ਪਿੱਛੇ ਜਿਹੇ ਪੰਜਾਬ ਸਰਕਾਰ ਨੇ ਇੱਕ ਡਾਇਲਾਗ ਮਾਰਿਆ ਸੀ ਕਿ ਜੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਤਬਦੀਲ ਕੀਤਾ ਗਿਆ ਤਾਂ ‘ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਜਾਵੇਗੀ।’ ਹਕੀਕਤ ਇਹ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 95 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ, ਬਕੌਲ ਮਨੀਸ਼ ਸਿਸੋਦੀਆ- ਸਾਮ, ਦਾਮ, ਦੰਡ, ਭੇਦ ਕਿਸੇ ਵੀ ਤਰ੍ਹਾਂ ਚੋਣਾਂ ਜਿੱਤਣ ਦਾ ਤਹੱਈਆ ਕਰੀ ਬੈਠੀ ਹੈ। ਪੰਜਾਬ ਵਿੱਚ ਤਿੰਨੋ ਵਿਰੋਧੀ ਪਾਰਟੀਆਂ- ਅਕਾਲੀ ਦਲ (ਬਾਦਲ), ਕਾਂਗਰਸ ਅਤੇ ਛੋਟੇ ਅਕਾਲੀ ਦਲਾਂ ਦੀ ਹਾਲਤ ਪਤਲੀ ਜਾਪਦੀ ਹੈ। ਇਸ ਹਾਲਤ ਵਿੱਚ ‘ਆਪ’ ਕਿਸੇ ਅਜਿਹੇ ਪਾਰਟੀ ਪਲੇਟਫਾਰਮ ਨੂੰ ਹੋਂਦ ਵਿੱਚ ਨਹੀਂ ਆਉਣ ਦੇਣਾ ਚਾਹੁੰਦੀ, ਜਿਹੜਾ ਉਸ ਲਈ ਚਣੌਤੀ ਬਣ ਜਾਵੇ। ਕੁਝ ਸਮਾਂ ਪਹਿਲਾਂ ਤੱਕ ਪੰਜਾਬ ਭਾਜਪਾ ਨੂੰ ਵੀ ਇਹੀ ਪੈਂਤੜਾ ਸੂਤ ਬੈਠਦਾ ਸੀ; ਪਰ ਬਦਲੀਆਂ ਹਾਲਤਾਂ ਵਿੱਚ ਜਦੋਂ ਅਕਾਲੀ ਦਲ (ਵਾਰਸ ਪੰਜਾਬ ਦੇ) ਨੂੰ ਮਨਪ੍ਰੀਤ ਸਿੰਘ ਇਆਲੀ ਦੇ ਰੂਪ ਵਿੱਚ ਇੱਕ ਜਨਤਕ ਆਧਾਰ ਵਾਲਾ ਸਮਰੱਥ ਲੀਡਰ ਮਿਲ ਗਿਆ ਹੈ ਤਾਂ ਇਹ ਗਰੁੱਪ ਆਪਣੀ ਜ਼ੋਰਦਾਰ ਸਰਗਰਮੀ ਨਾਲ ‘ਆਪ’ ਲਈ ਚਣੌਤੀ ਬਣਨ ਦੀ ਸਮਰੱਥਾ ਰੱਖਦਾ ਹੈ। ਇਸ ਅਕਾਲੀ ਦਲ ਦੇ ਆਗੂਆਂ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਪਾਰਟੀ ਵੱਲੋਂ ਮੁੱਖ ਮੰਤਰੀ ਲਈ ਚਿਹਰਾ ਹੋਣਗੇ। ਇਸ ਹਾਲਤ ਵਿੱਚ ਜਦੋਂ ਅਗਲੀਆਂ ਚੋਣਾਂ ਕਾਰਨ ਭਾਜਪਾ ਵੀ ਪੰਜਾਬ ਦੇ ਪੇਂਡੂ ਲੋਕਾਂ ਵਿੱਚ ਆਪਣਾ ਆਧਾਰ ਬਣਾਉਣਾ ਚਾਹੁੰਦੀ ਹੈ ਤਾਂ ਬੰਦੀ ਸਿੰਘ ਦੀ ਰਿਹਾਈ ਦਾ ਹੱਲ ਹੋਣ ਦੇ ਨੇੜੇ ਪਹੁੰਚ ਸਕਦਾ ਹੈ। ਅਜਿਹਾ ਕਰਦਿਆਂ ਭਾਰਤੀ ਜਨਤਾ ਪਾਰਟੀ ਸੰਬੰਧਤ ਮੁੱਦੇ ਦਾ ਕਰੈਡਿਟ ਕਿਸੇ ਅਕਾਲੀ ਦਲ ਨੂੰ ਦੇਣਾ ਚਾਹੇਗੀ ਜਾਂ ਖੁਦ ਆਪ ਲੈਣਾ ਚਾਹੇਗੀ, ਇਹ ਹਾਲੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ; ਪਰ ਇਸ ਕਿਸਮ ਦੇ ਸੰਕੇਤ ਮਿਲ ਰਹੇ ਹਨ ਕਿ ਬੰਦੀ ਸਿੰਘਾਂ ਵਿੱਚੋਂ ਕੁਝ ਨੂੰ ਸਰਕਾਰ ਚੋਣਾਂ ਤੋਂ ਪਹਿਲਾਂ ਲਾਜ਼ਮੀ ਰਿਹਾਅ ਕਰਨਾ ਚਾਹੇਗੀ।
ਯਾਦ ਰਹੇ, ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ‘ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਪਰ ਬਾਅਦ ਵਿੱਚ ਇਹ ਨੋਟੀਫਿਕੇਸ਼ਨ ਵੱਟੇ ਖਾਤੇ ਪੈ ਗਿਆ ਸੀ। ਪਿੱਛੋਂ ਜਦੋਂ ਪਾਰਲੀਮੈਂਟ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਭਾਈ ਰਾਜੋਆਣਾ ਦੀ ਰਿਹਾਈ ਦਾ ਮੁੱਦਾ ਚੁੱਕਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਜਿਸ ਵਿਅਕਤੀ ਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ ਅਤੇ ਜਿਸ ਨੇ ਆਪਣੇ ਕੀਤੇ ਦੀ ਮੁਆਫੀ ਵੀ ਨਹੀਂ ਮੰਗੀ, ਉਸ ਨੂੰ ਰਿਹਾਅ ਕਿਵੇਂ ਕਰ ਦਿੱਤਾ ਜਾਵੇ? ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਨੋਟੀਫਿਕੇਸ਼ਨ ਨੂੰ ਇੱਕ ਤਰ੍ਹਾਂ ਨਾਲ ਰੱਦ ਕਰਨ ਦਾ ਫੈਸਲਾ ਸੀ, ਜਿਸ ਨੂੰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਵਸ ‘ਤੇ ਜਾਰੀ ਕੀਤਾ ਸੀ। ਉਂਝ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦਾ ਐਲਾਨ ਕੇਂਦਰ ਸਰਕਾਰ ਨੇ ਜਨਤਕ ਤੌਰ ‘ਤੇ ਭਾਵੇਂ ਨਹੀਂ ਕੀਤਾ ਸੀ।
ਯਾਦ ਰਹੇ, ਕੁਝ ਦਿਨ ਪਹਿਲਾਂ ਅਕਾਲੀ ਦਲ (ਪੁਨਰਸੁਰਜੀਤ) ਨਾਲ ਸੰਬੰਧਤ ਆਗੂਆਂ- ਸੰਤਾ ਸਿੰਘ ਉਮੇਦਪੁਰੀ ਅਤੇ ਇਕਬਾਲ ਸਿੰਘ ਝੂੰਦਾਂ ਦੇ ਵੀ ਵਾਰਸ ਪੰਜਾਬ ਦੇ ਦਲ ਵਿੱਚ ਜਾਣ ਦੀ ਚਰਚਾ ਚੱਲੀ ਸੀ। ਇਨ੍ਹਾਂ ਆਗੂਆਂ ਨੇ ਪੰਥਕ ਏਕਤਾ ਦੇ ਯਤਨਾਂ ਤਹਿਤ ਅਕਾਲੀ ਦਲ (ਵਾਰਸ ਪੰਜਾਬ ਦੇ) ਦੀ ਸ਼ਲਾਘਾ ਕੀਤੀ ਸੀ। ਪਿੱਛੋਂ ਦੋਨੋ ਪਾਰਟੀਆਂ ਦੇ ਆਪਸੀ ਏਕੇ ਦੀ ਵੀ ਗੱਲ ਚੱਲੀ, ਪਰ ਹਾਲੇ ਤੱਕ ਕੁਝ ਸਪਸ਼ਟ ਰੂਪ ਵਿੱਚ ਸਾਹਮਣੇ ਨਹੀਂ ਆ ਸਕਿਆ। ਇਸ ਕਿਸਮ ਦੀ ਏਕਤਾ ਜੇ ਹੋ ਜਾਂਦੀ ਹੈ ਤਾਂ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿੱਖ ਸਿਆਸਤ ਦਾ ਕੋਈ ਸਪਸ਼ਟ ਮੂੰਹ ਮੱਥਾ ਬਣ ਸਕਦਾ ਹੈ। ਇਸ ਦੀ ਅਣਹੋਂਦ ਵਿੱਚ ਅਕਾਲੀ ਦਲ (ਵਾਰਸ ਪੰਜਾਬ ਦੇ) ਵੱਡੀ ਤਾਕਤ ਬਣ ਕੇ ਉਭਰ ਸਕਦਾ ਹੈ ਜਾਂ ਨਹੀਂ, ਇਹ ਟੈਸਟ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਹੋ ਜਾਣਾ ਤੈਅ ਹੈ।
