ਮਿਸਲਾਂ ਅਤੇ ਇਲਾਕੇ

ਗੂੰਜਦਾ ਮੈਦਾਨ

ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਪੁਸਤਕ ‘ਰਾਜੇ ਭੂਰਿਆਂ ਵਾਲੇ’ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਉਮੀਦ ਹੈ, ਸਥਾਨਕ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ ਇਹ ਲੜੀਵਾਰ ਲੇਖ ਸਮੱਗਰੀ ਮਹੱਤਵਪੂਰਨ ਤੇ ਜਾਣਕਾਰੀ ਭਰਪੂਰ ਸਿੱਧ ਹੋਵੇਗੀ। ਪੇਸ਼ ਹੈ, ਸਤਲੁੱਜ ਤੋਂ ਜਮਨਾ ਤੱਕ ਸਿੱਖ ਰਿਆਸਤਾਂ ਦੇ ਗਠਨ ਨਾਲ ਸਬੰਧਤ ਪਹਿਲੇ ਕਾਂਡ ਦਾ ਦੂਜਾ ਹਿੱਸਾ… ਪ੍ਰਬੰਧਕੀ ਸੰਪਾਦਕ

ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417

ਕਾਂਡ ਪਹਿਲਾ-1
ਸਤਲੁੱਜ ਤੋਂ ਜਮਨਾ ਤੱਕ ਸਿੱਖ ਰਿਆਸਤਾਂ ਦਾ ਗਠਨ-2

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਹ ਯਾਦ ਰੱਖਣਯੋਗ ਹੈ ਕਿ ਤਿੰਨ ਮਿਸਲਾਂ– ਕਨ੍ਹਈਆ, ਨਕਈ ਅਤੇ ਰਾਮਗੜ੍ਹੀਆ– ਮਾਝੇ ਅਤੇ ਦੁਆਬੇ ਵਿਚਲੇ ਆਪਣੇ ਇਲਾਕਿਆਂ ਤੱਕ ਸੀਮਿਤ ਰਹੀਆਂ ਤੇ ਸਤਲੁੱਜ ਤੋਂ ਪੂਰਬ ਵੱਲ ਦੇ ਇਲਾਕੇ ਵਿੱਚ ਸਰਗਰਮ ਨਹੀਂ ਹੋਈਆਂ। ਸ਼ੁਕਰਚੱਕੀਆ ਮਿਸਲ ਵਿੱਚੋਂ ਵੀ ਕੇਵਲ ਇੱਕ ਵਿਅਕਤੀ ਨੇ ਇੱਧਰ ਇਲਾਕਾ ਮੱਲਿਆ। ਮਿਸਲ ਫੂਲਕੀਆਂ ਪਹਿਲਾਂ ਹੀ ਇਸ ਇਲਾਕੇ ਵਿੱਚ ਪੈਰ ਜਮ੍ਹਾ ਚੁੱਕੀ ਸੀ। ਡਾ. ਹਰੀ ਰਾਮ ਗੁਪਤਾ ਦੇ ਦੱਸਣ ਅਨੁਸਾਰ ਇਨ੍ਹਾਂ ਮਿਸਲਾਂ ਵੱਲੋਂ ਸਤਲੁੱਜ ਦੇ ਪੂਰਬ ਵੱਲ ਮੱਲੇ ਇਲਾਕਿਆਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਆਹਲੂਵਾਲੀਆ ਮਿਸਲ: ਦਲ ਖਾਲਸਾ ਦੇ ਮੁਖੀ ਅਤੇ ਪਿੱਛੋਂ ਕਪੂਰਥਲਾ ਰਿਆਸਤ ਦੇ ਬਾਨੀ ਸ. ਜੱਸਾ ਸਿੰਘ ਆਹਲੂਵਾਲੀਆ, ਜੋ ਨਵਾਬ ਸਰਹਿੰਦ ਨਾਲ ਹੋਈ ਲੜਾਈ ਵਿੱਚ ਸਿੱਖ ਲੜਾਕੂਆਂ ਦੀ ਅਗਵਾਈ ਕਰ ਰਹੇ ਸਨ, ਨੇ ਸਰਹਿੰਦ ਦੀ ਜਿੱਤ ਤੋਂ ਪਿੱਛੋਂ ਮੁਗਲਾਂ ਦੀ ਅਧੀਨਗੀ ਹੇਠਲਾ ਜੋ ਇਲਾਕਾ ਕਬਜ਼ੇ ਹੇਠ ਲਿਆ, ਉਹ ਬਹੁਤਾ ਰਾਇਕੋਟ ਵਾਲੇ ਰਾਇਕਿਆਂ ਦੀ ਮਾਲਕੀ ਸੀ। ਉਸਨੇ ਜਗਰਾਉਂ, ਬਰੋਗ ਅਤੇ ਫਤਿਹਗੜ੍ਹ ਦੇ ਪਰਗਣੇ ਆਪਣੇ ਅਧਿਕਾਰ ਹੇਠ ਲੈ ਕੇ ਆਪਣੇ ਅੰਮ੍ਰਿਤਸਰ ਨੇੜੇ ਸੁਲਤਾਨ ਵਿੰਡ ਪਿੰਡ ਦੇ ਵਸਨੀਕ ਵਿਸ਼ਵਾਸ-ਪਾਤਰਾਂ ਸ. ਹਕੂਮਤ ਸਿੰਘ ਨੂੰ ਭੜੋਗ ਅਤੇ ਮਿਰਜ਼ਾ ਸਿੰਘ ਨੂੰ ਫਤਿਹਗੜ੍ਹ ਦਾ ਥਾਨੇਦਾਰ ਨਿਯੁਕਤ ਕੀਤਾ।

2. ਮਿਸਲ ਸ਼ਹੀਦਾਂ: ਇਸ ਮਿਸਲ ਵਿੱਚੋਂ ਜਿਹੜੇ ਦੋ ਸੂਰਮਿਆਂ ਨੇ ਇਲਾਕੇ ਮੱਲੇ ਉਹ ਸਨ:
(ੳ) ਸ. ਕਰਮ ਸਿੰਘ: ਇਹ ਲਾਹੌਰ ਤੋਂ ਦੱਖਣ ਵੱਲ 35 ਮੀਲ ਦੂਰ ਸਥਿਤ ਪਿੰਡ ਮਹਾਰਕਾ ਦਾ ਸਿੱਧੂ ਜੱਟ ਸੀ। ਉਸਨੇ ਅੰਬਾਲਾ ਦੇ ਨੇੜੇ ਸਾਹਜ਼ਾਦਪੁਰ ਅਤੇ ਕੇਸਰੀ ਦਾ ਇਲਾਕਾ ਕਬਜ਼ੇ ਵਿੱਚ ਲਿਆ। ਦਮਦਮਾ ਸਾਹਿਬ ਦੇ ਨੇੜੇ ਰਾਣੀਆਂ ਇਲਾਕੇ ਵਿੱਚ ਖਾਰੀਬੰਦ ਅਤੇ ਝਰੌਲੀ ਦਾ ਇਲਾਕਾ ਵੀ ਉਸਦੇ ਕਬਜ਼ੇ ਵਿੱਚ ਸੀ।
(ਅ) ਸ. ਗੁਰਬਖਸ਼ ਸਿੰਘ: ਇਹ ਤਰਨਤਾਰਨ ਨੇੜਲੇ ਪਿੰਡ ਗੱਗੋਬੂਹਾ ਦਾ ਰਹਿਣ ਵਾਲਾ ਸੀ। ਇਸਨੇ ਮਾਰਕੰਡਾ ਨਦੀ ਦੇ ਬੇਟ ਇਲਾਕੇ ਉੱਤੇ ਕਬਜ਼ਾ ਕਰਕੇ ਤੰਗੌਰ ਨੂੰ ਸਦਰ ਮੁਕਾਮ ਬਣਾਇਆ।
3. ਮਿਸਲ ਸਿੰਘਪੁਰੀਆ: ਇਸ ਮਿਸਲ ਵਿੱਚੋਂ ਭਾਵੇਂ ਕੇਵਲ ਇੱਕ ਸੂਰਬੀਰ ਨੇ ਸਤਲੁੱਜ ਦੇ ਪੂਰਬ ਵੱਲ ਇਲਾਕਾ ਮੱਲਿਆ, ਪਰ ਉਸ ਦਾ ਇਲਾਕਾ ਬਹੁਤਿਆਂ ਨਾਲੋਂ ਵੱਧ ਸੀ। ਇਹ ਸੂਰਬੀਰ ਸਰਦਾਰ ਸੀ ਖੁਸ਼ਹਾਲ ਸਿੰਘ। ਨਵਾਬ ਕਪੂਰ ਸਿੰਘ ਤੋਂ ਪਿੱਛੋਂ ਉਸਦੇ ਭਤੀਜੇ ਸ. ਖੁਸ਼ਹਾਲ ਸਿੰਘ ਨੇ 1753 ਵਿੱਚ ਇਸ ਮਿਸਲ ਦੀ ਕਮਾਨ ਸੰਭਾਲੀ ਅਤੇ ਸਰਹਿੰਦ ਦੀ ਫਤਿਹ ਵਿੱਚ ਹਿੱਸਾ ਪਾਇਆ। ਉਸਨੇ ਇਸ ਇਲਾਕੇ ਵਿੱਚ ਛੱਤ, ਬਨੂੜ, ਮਨੌਲੀ, ਘਨੌਲੀ, ਭਰਤਗੜ੍ਹ, ਕੰਧੋਲਾ, ਬੁੰਗਾ, ਭਰੇਲੀ ਅਤੇ ਚੁੰਨੀ ਮਛਲੀ ਦੇ ਇਲਾਕੇ ਕਬਜ਼ੇ ਵਿੱਚ ਲਏ।

4. ਮਿਸਲ ਕਰੋੜ ਸਿੰਘੀਆ: ਇਸ ਮਿਸਲ ਵਿੱਚੋਂ ਜਿਹੜੇ ਸੂਰਮਿਆਂ ਨੇ ਇਲਾਕੇ ਮੱਲੇ, ਉਹ ਸਨ:
(ੳ) ਸ. ਗੁਰਬਖਸ਼ ਸਿੰਘ: ਜ਼ਿਲ੍ਹਾ ਲਾਹੌਰ ਵਿੱਚ ਕਲਸੀਆ ਪਿੰਡ ਦੇ ਵਸਨੀਕ ਸਿੱਧੂ ਜੱਟ ਸ. ਗੁਰਬਖਸ਼ ਸਿੰਘ ਨੇ ਬੱਸੀ, ਛਛਰੌਲੀ ਅਤੇ ਚਰਕ ਉੱਤੇ ਕਬਜ਼ਾ ਕਰਕੇ ਰਿਆਸਤ ਦਾ ਰੂਪ ਦਿੱਤਾ, ਜਿਸ ਦਾ ਨਾਂ ਉਸਨੇ ਆਪਣੇ ਜੱਦੀ ਪਿੰਡ ਦੇ ਨਾਮ ਉੱਤੇ ਕਲਸੀਆ ਰੱਖਿਆ।
(ਅ) ਜਥੇਦਾਰ ਬਘੇਲ ਸਿੰਘ ਧਾਲੀਵਾਲ: ਝਬਾਲ ਪਿੰਡ ਦੇ ਵਸਨੀਕ ਪੰਥ ਪ੍ਰਸਿੱਧ ਜਥੇਦਾਰ ਬਘੇਲ ਸਿੰਘ ਨੇ ਆਪਣੇ ਸਮੇਂ ਸਿੱਖਾਂ ਦੁਆਰਾ ਵਿੱਢੀਆਂ ਸਾਰੀਆਂ ਵੱਡੀਆਂ ਮੁਹਿੰਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਦਿੱਲੀ ਦੀ ਜਿੱਤ ਵੀ ਸ਼ਾਮਲ ਹੈ। ਸਰਹਿੰਦ ਦੀ ਜਿੱਤ ਪਿੱਛੋਂ ਉਸਨੇ ਸਤਲੁੱਜ ਤੋਂ ਉੱਤਰ ਵੱਲ ਬਹੁਤ ਸਾਰਾ ਇਲਾਕਾ, ਜਿਸ ਵਿੱਚ ਖੁਰਦੀਨ, ਜਮਾਇਤ ਗੜ੍ਹ ਅਤੇ ਛਲੋਂਦੀ ਸ਼ਾਮਲ ਸੀ, ਉੱਤੇ ਕਬਜ਼ਾ ਕੀਤਾ। ਇਸ ਇਲਾਕੇ ਦਾ ਸਾਲਾਨਾ ਮਾਲੀਆ ਤਿੰਨ ਲੱਖ ਰੁਪਏ ਦੇ ਲਗਭਗ ਸੀ।
(ੲ) ਰਾਇ ਸਿੰਘ: ਇਹ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਨੂੰ ਉਸ ਦੀਆਂ ਕਰਤੂਤਾਂ ਦਾ ਫਲ ਚਖਾਉਣ ਵਾਲੇ ਭਾਈ ਮਹਿਤਾਬ ਸਿੰਘ ਦਾ ਪੁੱਤਰ ਸੀ। ਕਰੋੜ ਸਿੰਘੀਆ ਮਿਸਲ ਦੇ ਮੁਖੀ ਸ਼ਾਮ ਸਿੰਘ ਨੇ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਆਪਣੀ ਧੀ ਉਸ ਨਾਲ ਵਿਆਹੀ ਸੀ। ਭੜੀ ਅਤੇ ਕੋਟਲਾ ਬਡਲਾ ਉਸ ਦੀ ਮਿਲਖ ਦੇ ਪਿੰਡ ਹਨ। ਸਿੱਖ ਇਤਿਹਾਸ ਨੂੰ ਪੰਜਾਬੀ ਕਵਿਤਾ ਵਿੱਚ ਬਿਆਨ ਕਰਨ ਵਾਲਾ ਰਤਨ ਸਿੰਘ ਭੰਗੂ ਏਸੇ ਭਾਈ ਰਾਇ ਸਿੰਘ ਦਾ ਪੁੱਤਰ ਸੀ।
(ਸ) ਸ. ਕਰਮ ਸਿੰਘ: ਕਲਸੀਆ ਪਿੰਡ ਦੇ ਹੀ ਇੱਕ ਹੋਰ ਵਸਨੀਕ ਸ. ਕਰਮ ਸਿੰਘ ਨੇ ਬਲਾਸਪੁਰ ਉੱਤੇ ਕਬਜ਼ਾ ਕੀਤਾ।
(ਹ) ਸ. ਦਿਆਲ ਸਿੰਘ: ਇਹ ਵੀ ਕਲਸੀਆ ਪਿੰਡ ਦਾ ਹੀ ਵਸਨੀਕ ਸੀ। ਇਸ ਨੇ ਧਰਮ ਕੋਟ ਦੇ ਪਰਗਣੇ ਨੂੰ ਅਧਿਕਾਰ ਹੇਠ ਲਿਆ।
(ਕ) ਸ. ਨੌਧ ਸਿੰਘ: ਇਹ ਵੀ ਕਲਸੀਆ ਪਿੰਡ ਦਾ ਰਹਿਣ ਵਾਲਾ ਸੀ। ਇਸ ਨੇ ਲੇਡਾ ਪਰਗਣੇ ਉੱਤੇ ਕਬਜ਼ਾ ਕੀਤਾ।

5. ਮਿਸਲ ਡੱਲੇਵਾਲੀਆ: ਇਸ ਮਿਸਲ ਵਿੱਚੋਂ ਜਿਹੜੇ ਸੂਰਮਿਆਂ ਨੇ ਇਲਾਕੇ ਮੱਲੇ, ਉਹ ਸਨ:
(ੳ) ਸ. ਧਰਮ ਸਿੰਘ: ਇਹ ਪ੍ਰਸਿੱਧ ਸਿੱਖ ਜਰਨੈਲ ਸ. ਤਾਰਾ ਸਿੰਘ ਗੈਬਾ ਦੇ ਚਾਚੇ ਦਾ ਪੁੱਤਰ ਸੀ। ਇਸਨੇ ਬਹੁਤ ਸਾਰਾ ਗੈਰ-ਆਬਾਦ ਇਲਾਕਾ ਮੱਲ ਕੇ ਇੱਥੇ ਧਰਮ ਸਿੰਘ ਵਾਲਾ ਪਿੰਡ ਬੰਨਿ੍ਹਆ ਅਤੇ ਇਸਨੂੰ ਆਪਣਾ ਟਿਕਾਣਾ ਬਣਾਇਆ।
(ਅ) ਸ. ਸੁਜਾਨ ਸਿੰਘ: ਅੰਮ੍ਰਿਤਸਰ ਵਿੱਚ ਧਿਆਨਪੁਰਾ ਪਿੰਡ ਦੇ ਵਸਨੀਕ ਬਦੇਸ਼ਾ ਗੋਤ ਦੇ ਜੱਟ ਅਮਰੀਕ ਸਿੰਘ ਦੇ ਪੁੱਤਰ ਸੁਜਾਨ ਸਿੰਘ, ਮਾਨ ਸਿੰਘ ਅਤੇ ਦਾਨ ਸਿੰਘ, ਜੋ ਕੰਗ ਪਿੰਡ ਵਿੱਚ ਰਹਿਣ ਲੱਗ ਪਏ ਸਨ, ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਨਾਲ ਲੱਗਦੇ ਤਿਹਾੜਾ ਅਤੇ ਧਰਮ ਕੋਟ ਦੇ ਪਰਗਣਿਆਂ ਉੱਤੇ ਕਬਜ਼ਾ ਕੀਤਾ। ਸ਼ਾਹ ਕੋਟ ਅਤੇ ਢੰਡੋਵਾਲ ਵੀ ਇਨ੍ਹਾਂ ਦੇ ਇਲਾਕੇ ਵਿੱਚ ਹੀ ਸਨ।
(ੲ) ਸ. ਕੌਰ ਸਿੰਘ: ਸ. ਤਾਰਾ ਸਿੰਘ ਗੈਬਾ ਦੇ ਚਚੇਰੇ ਭਰਾ ਕੰਗ ਪਿੰਡ ਦੇ ਵਸਨੀਕ ਕੌਰ ਸਿੰਘ ਅਤੇ ਧਰਮ ਸਿੰਘ ਨੇ ਕੰਗ, ਲੋਹੀਆਂ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਉੱਤੇ ਕਬਜ਼ਾ ਕੀਤਾ। ਇਹ ਇਲਾਕਾ ਸਤਲੁਜ ਦਰਿਆ ਦੇ ਉੱਤਰ ਵੱਲ ਸੀ।
(ਸ) ਸ. ਸੋਂਧਾ ਸਿੰਘ: ਡੱਲੇਵਾਲੀਆ ਮਿਸਲ ਵਿੱਚੋਂ ਹੀ ਸ. ਸੋਂਧਾ ਸਿੰਘ ਨੇ ਖੰਨੇ ਦੇ ਆਸ-ਪਾਸ ਦਾ ਇਲਾਕਾ ਕਬਜ਼ੇ ਵਿੱਚ ਲਿਆ।
(ਹ) ਸ. ਹਰੀ ਸਿੰਘ: ਕਸੂਰ ਨੇੜਲੇ ਪਿੰਡ ਕਾਲੇ ਕੀ ਦੇ ਵਿਰਕ ਜੱਟ ਸ. ਹਰੀ ਸਿੰਘ ਨੇ ਰੋਪੜ, ਸਿਆਲਬਾ, ਅਵਾਂਨ ਕੋਟ, ਸੀਸਵਾਂ, ਕੁਰਾਲੀ ਅਤੇ ਖਿਜ਼ਰਾਬਾਦ ਉੱਤੇ ਅਧਿਕਾਰ ਜਮਾਇਆ। ਖਿਜ਼ਰਾਬਾਦ ਵਿੱਚ ਚੌਧਰੀ ਟੇਕ ਚੰਦ ਦਾ ਬਣਾਇਆ ਕਿਲ੍ਹਾ ਵੀ ਉਸ ਨੇ ਕਬਜ਼ੇ ਵਿੱਚ ਲਿਆ।
(ਕ) ਸ. ਜੈ ਸਿੰਘ, ਸ. ਰਾਮ ਸਿੰਘ, ਸ. ਸਰਧਾ ਸਿੰਘ, ਸ. ਸਾਹਿਬ ਸਿੰਘ, ਸ. ਬਖਤ ਸਿੰਘ, ਕੰਵਰ ਸਿੰਘ ਅਤੇ ਮਥਾਨ ਸਿੰਘ: ਇਹ ਸਾਰੇ ਪਿੰਡ ਕੰਗ ਦੇ ਵਸਨੀਕ ਸਨ ਅਤੇ ਇਨ੍ਹਾਂ ਨੇ ਰਲ ਕੇ ਖੁਮਾਣੋਂ ਪਰਗਣੇ ਦੇ 55 ਪਿੰਡਾਂ ਉੱਤੇ ਕਬਜ਼ਾ ਕਰਕੇ ਇਸ ਨੂੰ ਇੱਕ ਦੂਜੇ ਤੋਂ ਸੁਤੰਤਰ ਤਿੰਨ ਹਿੱਸਿਆਂ ਵਿੱਚ ਵੰਡ ਲਿਆ।
(ਖ) ਸ. ਦੇਸੂ ਸਿੰਘ: ਤਰਨਤਾਰਨ ਨੇੜਲੇ ਅਲਾਵਲਪੁਰ ਪਿੰਡ ਦੇ ਵਸਨੀਕ ਦੇਸੂ ਸਿੰਘ ਨੇ ਜਗਾਧਰੀ ਨੇੜੇ ਮੁਸਤਫਾਬਾਦ ਅਤੇ ਅੰਬਾਲੇ ਦੇ ਇਲਾਕੇ ਵਿੱਚ ਡੇਰਾ ਅਤੇ ਤੰਦਵਾਲ ਉੱਤੇ ਕਬਜ਼ਾ ਕੀਤਾ।
(ਗ) ਸ. ਦੀਵਾਨ ਸਿੰਘ: ਅੰਮ੍ਰਿਤਸਰ ਨੇੜਲੇ ਬੱਸੀ ਪਿੰਡ ਦੇ ਰਹਿਣ ਵਾਲੇ ਸ. ਦੀਵਾਨ ਸਿੰਘ ਨੇ ਅੰਬਾਲੇ ਦੇ ਪਰਗਣੇ ਵਿੱਚ ਸਿਕੰਦਰਾਹ, ਸਾਰਨ, ਅਕਾਲ ਗੜ੍ਹ ਅਤੇ ਬਰਾੜਾ ਉੱਤੇ ਕਬਜ਼ਾ ਕੀਤਾ।
(ਘ) ਸ. ਸਾਹਿਬ ਸਿੰਘ ਅਤੇ ਸ. ਗੁਰਦਿੱਤ ਸਿੰਘ: ਇਹ ਦੋਵੇਂ ਸਕੇ ਭਰਾ ਸਨ ਅਤੇ ਇਨ੍ਹਾਂ ਨੇ ਲਾਡਵਾ, ਇੰਦਰੀ, ਬਬੇਨ ਅਤੇ ਸ਼ਾਮਗੜ੍ਹ ਦੇ ਇਲਾਕੇ ਵਿੱਚ 117 ਪਿੰਡਾਂ ਉੱਤੇ ਕਬਜ਼ਾ ਕੀਤਾ।
(ਙ) ਸ. ਮਿੱਤ ਸਿੰਘ: ਸਰਹਾਲੀ ਪਿੰਡ ਦਾ ਵਸਨੀਕ ਸ. ਮਿੱਤ ਸਿੰਘ, ਜੋ ਸ. ਬਘੇਲ ਸਿੰਘ ਦਾ ਗੜਵਈ ਰਿਹਾ ਸੀ, ਨੇ ਆਪਣੇ ਭਤੀਜਿਆਂ ਸ. ਭੰਗਾ ਸਿੰਘ ਅਤੇ ਸ. ਭਾਗ ਸਿੰਘ ਨਾਲ ਰਲ ਕੇ ਪਿਹੋਵਾ ਅਤੇ ਥਾਨੇਸਰ ਦੇ ਨੇੜ ਕੁਝ ਇਲਾਕੇ ਉੱਤੇ ਕਬਜ਼ਾ ਕੀਤਾ ਅਤੇ ਕਹੋੜ ਵਿੱਚ ਕਿਲ੍ਹਾ ਬਣਾ ਕੇ ਇਸ ਨੂੰ ਸਦਰ ਮੁਕਾਮ ਬਣਾਇਆ।
ਸ. ਤਾਰਾ ਸਿੰਘ ਗੈਬਾ: ਡੱਲੇਵਾਲੀਆ ਮਿਸਲ ਦਾ ਆਗੂ ਸ. ਤਾਰਾ ਸਿੰਘ ਗੈਬਾ ਪਹਿਲਾਂ ਹੀ ਦੁਆਬੇ ਵਿੱਚ ਚੋਖੇ ਇਲਾਕੇ ਉੱਤੇ ਕਬਜ਼ਾ ਜਮਾ ਚੁੱਕਾ ਸੀ। ਸਰਹਿੰਦ ਦੀ ਜਿੱਤ ਪਿੱਛੋਂ ਉਸ ਨੇ ਮੋਗੇ ਦੇ ਇਲਾਕੇ ਵਿੱਚ ਰਾਮੂੰਵਾਲਾ ਅਤੇ ਮਾੜੀ ਦੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ।

6. ਮਿਸਲ ਨਿਸ਼ਾਨਾਂਵਾਲੀਆ: ਇਸ ਮਿਸਲ ਵਿੱਚੋਂ ਜਿਹੜੇ ਸੂਰਮਿਆਂ ਨੇ ਇਲਾਕੇ ਮੱਲੇ, ਉਹ ਸਨ:
(ੳ) ਸ. ਨੌਧ ਸਿੰਘ: ਨੌਧ ਸਿੰਘ ਪੁੱਤਰ ਇੰਦਰ ਸਿੰਘ ਸਰਹਿੰਦ ਦੀ ਲੜਾਈ ਵਿੱਚ ਜ਼ਖਮੀ ਹੋਇਆ, ਜਿਸ ਕਾਰਨ ਉਸ ਲਈ ਹੋਰ ਅੱਗੇ ਜਾਣਾ ਕਠਿਨ ਹੋ ਗਿਆ। ਉਸ ਨੇ ਸਰਹਿੰਦ ਦੇ ਨੇੜੇ ਖੇੜੀ ਉੱਤੇ ਕਬਜ਼ਾ ਕੀਤਾ ਅਤੇ ਇੱਥੇ ਕਿਲ੍ਹਾ ਬਣਾਇਆ। ਅੱਜ ਵੀ ਇਸ ਪਿੰਡ ਨੂੰ ਖੇੜੀ ਨੌਧ ਸਿੰਘ ਕਿਹਾ ਜਾਂਦਾ ਹੈ।
(ਅ) ਸ. ਸੁੱਧਾ ਸਿੰਘ ਬਾਜਵਾ: ਸੁੱਧਾ ਸਿੰਘ ਬਾਜਵਾ ਨੇ ਮਾਛੀਵਾੜਾ ਅਤੇ ਉਟਾਲਾ ਦੇ ਪਰਗਣਿਆਂ ਉੱਤੇ ਕਬਜ਼ਾ ਕੀਤਾ।
(ੲ) ਸ. ਦਸੌਂਧਾ ਸਿੰਘ: ਫਿਰੋਜ਼ਪੁਰ ਦੇ ਪਿੰਡ ਮਨਸੂਰ ਦੇਵਾ ਦੇ ਸ਼ੇਰਗਿੱਲ ਗੋਤ ਦੇ ਜੱਟ ਸ. ਦਸੌਂਧਾ ਸਿੰਘ, ਜੋ ਨਿਸ਼ਾਨਾਂਵਾਲੀ ਮਿਸਲ ਦੇ ਮੁਖੀਆਂ ਵਿੱਚੋਂ ਸੀ, ਨੇ ਸਿੰਘਾਂਵਾਲਾ, ਸਾਹਨੇਵਾਲ, ਸਰਾਇ ਲਸ਼ਕਰੀ, ਦੋਰਾਹਾ, ਸੌਂਟੀ, ਅਮਲੋਹ, ਜ਼ੀਰਾ, ਲੱਧੜ ਅਤੇ ਅੰਬਾਲੇ ਦੇ ਇਲਾਕੇ ਉੱਤੇ ਕਬਜ਼ਾ ਕਰਕੇ ਅੰਬਾਲੇ ਨੂੰ ਆਪਣਾ ਮੁੱਖ ਟਿਕਾਣਾ ਬਣਾਇਆ। ਉਸ ਦੀ ਮੌਤ ਪਿੱਛੋਂ ਇਹ ਇਲਾਕਾ ਉਸ ਦੇ ਭਰਾ ਸੰਗਤ ਸਿੰਘ ਨੇ ਸੰਭਾਲਿਆ।
(ਸ) ਸ. ਜੈ ਸਿੰਘ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਅਟਾਰੀ ਨੇੜਲੇ ਪਿੰਡ ਕਰਨ ਕੇ ਧੀਰ ਕੇ ਦੇ ਵਸਨੀਕ ਜੈ ਸਿੰਘ ਨੇ ਲੱਧੜਾਂ ਪਰਗਣੇ ਦੇ 27 ਪਿੰਡਾਂ ਅਤੇ ਖਰੜ ਪਰਗਣੇ ਦੇ 7 ਪਿੰਡਾਂ ਉੱਤੇ ਕਬਜ਼ਾ ਕੀਤਾ।
(ਹ) ਸ. ਮੇਹਰ ਸਿੰਘ ਨਿਰਮਲਾ: ਸ. ਮੇਹਰ ਸਿੰਘ ਸੰਧੂ ਨੇ ਸ਼ਾਹਬਾਦ ਅਤੇ ਇਸਲਾਮਾਬਾਦ ਨੂੰ ਅਧਿਕਾਰ ਹੇਠ ਲਿਆ।
(ਕ) ਸ. ਸਾਵਨ ਸਿੰਘ: ਇਸ ਮਿਸਲ ਵਿੱਚ ਦਸੌਂਧਾ ਸਿੰਘ ਅਤੇ ਸੰਗਤ ਸਿੰਘ ਦੇ ਸਾਥੀ ਰਹੇ ਸਾਵਨ ਸਿੰਘ ਨੇ ਸੌਂਟੀ ਦਾ ਇਲਾਕਾ ਕਬਜ਼ੇ ਹੇਠ ਕੀਤਾ। ਫਿਰੋਜ਼ਪੁਰ ਨੇੜੇ ਮਨਸੂਰ ਵਾਲਾ ਪਿੰਡ ਵੀ ਇਸ ਦੇ ਕਬਜ਼ੇ ਵਿੱਚ ਸੀ।

7. ਫੂਲਕੀਆਂ ਮਿਸਲ: 1764 ਵਿੱਚ ਸਿੱਖਾਂ ਵੱਲੋਂ ਸਰਹਿੰਦ ਨੂੰ ਫਤਿਹ ਕਰ ਲੈਣ ਤੋਂ ਪਹਿਲਾਂ ਹੀ ਫੂਲਕੀਆਂ ਰਿਆਸਤਾਂ ਪਟਿਆਲਾ, ਜੀਂਦ ਅਤੇ ਨਾਭਾ ਸਥਾਪਤ ਹੋ ਚੁੱਕੀਆਂ ਸਨ। ਇਨ੍ਹਾਂ ਨੇ ਸਰਹਿੰਦ ਦੀ ਲੜਾਈ ਵਿੱਚ ਭਾਗ ਲਿਆ ਅਤੇ ਫਤਿਹ ਪਿੱਛੋਂ ਨਵੇਂ ਇਲਾਕੇ ਆਪਣੇ ਅਧੀਨ ਕੀਤੇ। ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
(ੳ) ਸ. ਆਲਾ ਸਿੰਘ: ਪਟਿਆਲਾ ਰਿਆਸਤ ਦੇ ਮਾਲਕ ਆਲਾ ਸਿੰਘ ਨੇ ਸਰਹਿੰਦ ਦੀ ਫਤਿਹ ਤੋਂ ਪਿੱਛੋਂ ਪਾਇਲ, ਬੱਸੀ, ਲਟਬਾਰਾ ਅਤੇ ਈਸੜੂ ਉੱਤੇ ਕਬਜ਼ਾ ਕੀਤਾ।
(ਅ) ਸ. ਹਮੀਰ ਸਿੰਘ: ਨਾਭਾ ਪੱਤੀ ਹਮੀਰ ਸਿੰਘ ਨੇ ਪਹਿਲਾਂ ਹੀ ਮੱਲੇ ਇਲਾਕੇ ਦੇ ਇਰਦ-ਗਿਰਦ ਭਾਦਸੋਂ, ਅਮਲੋਹ, ਭਾਗਸੂ ਆਦਿ ਨੂੰ ਕਬਜ਼ੇ ਵਿੱਚ ਲਿਆ।
(ੲ) ਸ. ਗਜਪਤ ਸਿੰਘ: ਇਹ ਜੀਂਦ ਦਾ ਰਾਜਾ ਸੀ ਅਤੇ ਇਸ ਨੇ ਸਫੀਦੋਂ, ਪਾਣੀਪਤ, ਕਰਨਾਲ, ਰੋਹਤਕ ਅਤੇ ਵਜ਼ੀਦਪੁਰ ਉੱਤੇ ਕਬਜ਼ਾ ਕੀਤਾ।

8. ਮਿਸਲ ਭੰਗੀਆਂ: ਇਸ ਮਿਸਲ ਦੇ ਜਿਹੜੇ ਸੂਰਬੀਰਾਂ ਨੇ ਇਸ ਇਲਾਕੇ ਵਿੱਚ ਪੈਰ ਜਮਾਏ, ਉਹ ਸਨ:
(ੳ) ਬਾਘ ਸਿੰਘ, ਬਾਜ ਸਿੰਘ ਅਤੇ ਰਾਇ ਸਿੰਘ ਭੰਗੀ: ਚੋਂਕ ਪਿੰਡ ਦੇ ਵਸਨੀਕ ਲਖਮੀਰ ਦੇ ਪੁੱਤਰ ਬਾਘ ਸਿੰਘ, ਬਾਜ ਸਿੰਘ ਅਤੇ ਰਾਇ ਸਿੰਘ ਭੰਗੀ ਮਿਸਲ ਵਿੱਚ ਸ਼ਾਮਲ ਸਨ। ਸਰਹਿੰਦ ਦੀ ਫਤਿਹ ਪਿੱਛੋਂ ਇਨ੍ਹਾਂ ਨੇ ਨਾਨੂੰ ਸਿੰਘ ਨਾਲ ਮਿਲ ਕੇ ਬੂੜੀਆ, ਜਗਾਧਰੀ, ਦਾਮਲਾ ਦੇ ਇਰਦ-ਗਿਰਦ ਲਗਭਗ ਦੋ ਸੌ ਪਿੰਡਾਂ ਉੱਤੇ ਕਬਜ਼ਾ ਕੀਤਾ।
(ਅ) ਸ. ਗੁੱਜਰ ਸਿੰਘ: ਸ. ਗੁੱਜਰ ਸਿੰਘ ਨੇ ਆਪਣੇ ਭਰਾ ਨਸ਼ਬਾਹਾ ਸਿੰਘ ਅਤੇ ਦੋ ਭਤੀਜਿਆਂ- ਗੁਰਬਖਸ਼ ਸਿੰਘ ਅਤੇ ਮਸਤਾਨ ਸਿੰਘ ਨਾਲ ਮਿਲ ਕੇ ਫਿਰੋਜ਼ਪੁਰ ਉੱਤੇ ਕਬਜ਼ਾ ਕੀਤਾ।
(ੲ) ਸ. ਜੈ ਸਿੰਘ ਘੜੀਆ: ਇਸਨੇ ਫਿਰੋਜ਼ਪੁਰ ਦੇ ਨੇੜੇ ਖਾਈ ਫੇਮੇ ਕੀ, ਵਾਂ ਅਤੇ ਬਜੀਦਪੁਰ ਉੱਤੇ ਕਬਜ਼ਾ ਕੀਤਾ।

9. ਮਿਸਲ ਸ਼ੁਕਰ ਚੱਕੀਆਂ: ਸਰਦਾਰ ਤਲੋਕ ਸਿੰਘ ਪਿੰਡ ਭਾਰਾ ਜ਼ਿਲ੍ਹਾ ਅੰਮ੍ਰਿਤਸਰ, ਜੋ ਪਹਿਲਾਂ ਸ਼ੁਕਰ ਚੱਕੀਆ ਮਿਸਲ ਵਿੱਚ ਸੀ, ਦੇ ਕਬਜ਼ੇ ਵਿੱਚ ਸੀਕਰੀ ਇਲਾਕੇ ਦੇ ਕੁਝ ਪਿੰਡ ਸਨ।
ਵਿਭਿੰਨ ਮਿਸਲਾਂ ਵਿੱਚੋਂ ਉਪਰੋਕਤ ਮੁਖੀਆਂ ਤੋਂ ਬਿਨਾਂ ਦੋ ਸੋਢੀ ਪਰਿਵਾਰਾਂ ਨੇ ਵੀ ਕੁਝ ਇਲਾਕੇ ਮੱਲੇ। ਅਨੰਦਪੁਰ ਵਾਲੇ ਸੋਢੀਆਂ ਵਿੱਚੋਂ ਨਾਹਰ ਸਿੰਘ ਅਤੇ ਸੁਰਜਨ ਸਿੰਘ ਨੇ ਚੋਖਾ ਇਲਾਕਾ ਆਪਣੇ ਅਧਿਕਾਰ ਹੇਠ ਲੈ ਲਿਆ। ਇਉਂ ਹੀ ਗੁਰੂ ਰਾਮ ਦਾਸ ਜੀ ਦੀ ਸੱਤਵੀਂ ਪੀੜੀ ਵਿੱਚੋਂ ਸੋਢੀ ਜੀਵਨ ਮੱਲ ਨੇ ਫਿਰੋਜ਼ਪੁਰ ਦੇ ਬੇਆਬਾਦ ਇਲਾਕੇ ਉੱਤੇ ਕਬਜ਼ਾ ਕੀਤਾ ਅਤੇ ਇਸ ਇਲਾਕੇ ਦਾ ਨਾਂ ਆਪਣੇ ਵੱਡੇ ਪੁੱਤਰ ਹਰ ਸਹਾਇ ਦੇ ਨਾਮ ਉੱਤੇ ਰੱਖਿਆ। ਕਸਬੇ ਦਾ ਨਾਮ ਗੁਰੂ ਹਰਿ ਸਹਾਇ ਪ੍ਰਸਿੱਧ ਹੋਇਆ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉੱਪਰ ਦਰਜ ਇਲਾਕੇ ਜਿਉਂ ਦੇ ਤਿਉਂ ਇਨ੍ਹਾਂ ਸਰਦਾਰਾਂ ਦੀ ਮਾਲਕੀ ਹੇਠ ਨਹੀਂ ਰਹੇ, ਸਗੋਂ ਤਕੜੇ ਸਰਦਾਰ ਛੋਟਿਆਂ ਤੋਂ ਉਨ੍ਹਾਂ ਦੇ ਇਲਾਕੇ ਖੋਹੰਦੇ ਰਹੇ ਜਿਸ ਕਾਰਨ ਮਲਕੀਅਤਾਂ ਵੀ ਬਦਲਦੀਆਂ ਰਹੀਆਂ।
ਅੰਗਰੇਜ਼ ਸਰਕਾਰ ਨੇ ਇਨ੍ਹਾਂ ਇਲਾਕਿਆਂ ਨੂੰ ਆਪਣੇ ਅਧਿਕਾਰ ਹੇਠ ਲੈਣ ਪਿੱਛੋਂ ਪ੍ਰਬੰਧਕੀ ਸਹੂਲਤ ਵਾਸਤੇ ਬਣਾਏ ਜ਼ਿਲ੍ਹੇ ਲੁਧਿਆਣਾ, ਅੰਬਾਲਾ ਅਤੇ ਕਰਨਾਲ ਵਿੱਚ ਸ਼ਾਮਲ ਕੀਤਾ ਇਸ ਲਈ ਇਨ੍ਹਾਂ ਦਾ ਵੇਰਵਾ ਜ਼ਿਲ੍ਹਾ ਗਜ਼ਟੀਅਰਾਂ ਵਿੱਚ ਮਿਲਦਾ ਹੈ। ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਵੇਰਵਾ ਹੇਠਾਂ ਦਰਜ ਕੀਤਾ ਗਿਆ ਹੈ।
ਕਰਨਾਲ ਦੇ ਜ਼ਿਲ੍ਹਾ ਗਜ਼ਟੀਅਰ ਵਿੱਚ ਇਸ ਸਮੇਂ ਸਿੱਖਾਂ ਦੁਆਰਾ ਮੱਲੇ ਇਲਾਕਿਆਂ ਦਾ ਬਿਆਨ ਇਉਂ ਕੀਤਾ ਗਿਆ ਹੈ, “ਰਾਜਾ ਗਜਪਤ ਸਿੰਘ ਨੇ ਇਸ ਮੌਕੇ ਉੱਤੇ ਸਫੀਦੋਂ, ਪਾਣੀਪਤ ਅਤੇ ਕਰਨਾਲ ਉੱਤੇ ਕਬਜ਼ਾ ਕੀਤਾ, … ਇਸ ਹੀ ਸਮੇਂ ਗੁਰਦਿੱਤ ਸਿੰਘ ਨੇ ਕਰਨਾਲ ਦੇ ਕੁਝ ਹੀ ਮੀਲ ਉੱਤਰ ਵਿੱਚ ਲਾਡਵਾ ਅਤੇ ਸ਼ਾਮਗੜ੍ਹ ਉੱਤੇ ਕਬਜ਼ਾ ਕੀਤਾ। ਇੰਦਰੀ ਪਰਗਣੇ ਦਾ ਚੋਖਾ ਭਾਗ ਥਾਨੇਸਰ ਦੇ ਭਾਗ ਸਿੰਘ ਅਤੇ ਭੰਗਾ ਸਿੰਘ ਦੇ ਨਾਲ ਨਾਲ ਕੈਥਲ ਅਤੇ ਲਾਡਵਾ ਦੇ ਮੁਖੀਆਂ ਦੇ ਹਿੱਸੇ ਆਇਆ, ਜਦ ਕਿ ਕੁੱਝ ਕੁ ਹਿੱਸਾ ਡੱਲੇਵਾਲੀਆ ਮਿਸਲ ਦੀ ਘੱਟ ਜਾਣੀ ਜਾਂਦੀ ਸ਼ਾਖਾ ਜਾਮਾਰਾਈਆਂ ਨੇ ਸਾਂਭਿਆ। ਕੁੰਜਪੁਰੇ ਦਾ ਨਵਾਬ ਆਪਣੀਆਂ ਕੁਝ ਮਿਲਖਾਂ ਦੇ ਮਾਲੀਏ ਨੂੰ ਮੁਸ਼ਕਲ ਨਾਲ ਹੀ ਬਚਾਅ ਸਕਿਆ, ਜਦ ਕਿ ਕੁਝ ਹੋਰ ਮਿਲਖਾਂ ਵਿੱਚੋਂ ਉਸਨੂੰ ਸ਼ਾਮਗੜ੍ਹ ਦੇ ਮੁਖੀ ਅਤੇ ਚੂਰਨੀ ਦੇ ਸਿੱਖਾਂ ਨੂੰ ਹਿੱਸਾ ਦੇਣਾ ਪਿਆ।” (ਪੰਨਾ 21)
ਇਉਂ ਹੀ ਸਰਹਿੰਦ ਦੀ ਫਤਿਹ ਪਿੱਛੋਂ ਸਿੱਖ ਸਰਦਾਰਾਂ ਵੱਲੋਂ ਲੁਧਿਆਣੇ ਦੇ ਇਲਾਕੇ ਵਿੱਚ ਮੱਲੇ ਇਲਾਕਿਆਂ ਬਾਰੇ ਲੁਧਿਆਣਾ ਜ਼ਿਲ੍ਹਾ ਗਜ਼ਟੀਅਰ ਵਿੱਚ ਇਹ ਜਾਣਕਾਰੀ ਦਰਜ ਹੈ, “ਸਰਹਿੰਦ ਦੀ ਹਾਰ ਨਾਲ ਇਹ ਸਾਰਾ ਉਪਜਾਊ ਇਲਾਕਾ ਫੂਲਕੀਆਂ ਅਤੇ ਮਾਝੇ ਤੋਂ ਆਏ ਉਸ (ਰਣਜੀਤ ਸਿੰਘ) ਦੇ ਮਦਦਗੀਰਾਂ ਦੇ ਹੱਥਾਂ ਵਿੱਚ ਚਲਾ ਗਿਆ। ਵਰਤਮਾਨ ਸਮਰਾਲਾ ਤਹਿਸੀਲ ਅਤੇ ਲੁਧਿਆਣਾ ਦੇ ਪੂਰਬ ਵੱਲ ਕੁਝ ਕੁ ਭਾਗ ਮਝੈਲਾਂ ਵਿੱਚ ਵੰਡਿਆ ਗਿਆ। ਹਰ ਮੁਖੀ ਅਤੇ ਮਿਸਲਦਾਰ ਨੇ ਜਿੰਨੇ ਵੀ ਪਿੰਡਾਂ ਉੱਤੇ ਕਬਜ਼ਾ ਕਰ ਸਕਦਾ ਸੀ, ਓਨੇ ਪਿੰਡ ਰੋਕ ਲਏ। (ਸਿੱਖਾਂ ਦੁਆਰਾ) ਸਰਹਿੰਦ ਉੱਤੇ ਕਬਜ਼ਾ ਕੀਤੇ ਜਾਣ ਤੋਂ ਪਹਿਲੇ ਕੁਝ ਸਾਲਾਂ ਵਿੱਚ (ਰਾਇਕੋਟ ਵਾਲੇ) ਰਾਇਆਂ ਦੀ ਸਰਹੱਦ ਬੱਦੋਵਾਲ, ਧਾਂਦਰਾ ਆਦਿ ਤੋਂ ਪੂਰਬ ਵੱਲ ਨੂੰ ਅੱਗੇ ਵਧੀ ਅਤੇ ਲੁਧਿਆਣਾ ਕਸਬੇ ਅਤੇ ਇਸਦੇ ਦੱਖਣ ਤੇ ਪੂਰਬ ਵੱਲ ਮਾਛੀਵਾੜੇ ਤੋਂ ਕੁੱਝ ਹੀ ਮੀਲ ਉਰੇ ਉੱਚੀ ਭੂਮੀ ਤੱਕ ਪਹੁੰਚ ਗਈ। ਉਨ੍ਹਾਂ ਦੀ ਉੱਤਰੀ ਸਰਹੱਦ ਦਰਿਆ ਸਤਲੁਜ ਸੀ।… ਮਲੌਦ ਸਰਦਾਰ ਪਹਿਲਾਂ ਹੀ ਲੁਧਿਆਣਾ ਤਹਿਸੀਲ ਦੇ ਦੱਖਣ ਵੱਲ (ਬੀੜਾਂ ਤੇ ਮਲੌਦ ਦੇ ਨੇੜਲੇ ਪਿੰਡ) ਸਥਾਪਤ ਹੋ ਚੁੱਕੇ ਸਨ ਅਤੇ ਫਿਰੋਜ਼ਪੁਰ ਵਿੱਚ ਲੋਹਾਰੂ ਤੋਂ ਆਏ ਸੁਧਾ ਸਿੰਘ ਗਿੱਲ ਨੇ ਸਾਹਨੇਵਾਲ ਨੇੜੇ ਕੁਝ ਪਿੰਡਾਂ ਉੱਤੇ ਕਬਜ਼ਾ ਕੀਤਾ ਹੋਇਆ ਸੀ।” (ਪੰਨਾ 24)
“ਕਿਹਾ ਜਾਂਦਾ ਹੈ ਕਿ ਇਨ੍ਹਾਂ ਦੋ ਅਪਵਾਦਾਂ ਨੂੰ ਛੱਡ ਕੇ ਜਗਰਾਵਾਂ ਅਤੇ ਲੁਧਿਆਣਾ ਤਹਿਸੀਲਾਂ ਦਾ ਉੱਚਾ ਇਲਾਕਾ, ਸਮੇਤ ਫਿਰੋਜ਼ਪੁਰ ਦੀ ਮੋਗਾ ਅਤੇ ਜ਼ੀਰਾ ਤਹਿਸੀਲ ਦੇ ਵੱਡੇ ਭਾਗ ਦੇ, ਜਿੱਥੇ ਪਿੰਡਾਂ ਦੀ ਗਿਣਤੀ 1360 ਸੀ, (ਰਾਇਕੋਟ ਦੇ) ਰਾਇਆਂ ਦੇ ਅਧਿਕਾਰ ਹੇਠ ਸਨ। ਸਮਰਾਲਾ ਤਹਿਸੀਲ ਦੀ ਵੰਡ ਇਸ ਪ੍ਰਕਾਰ ਸੀ: ਮਾਛੀਵਾੜਾ ਅਤੇ ਉਟਾਲਾਂ ਪਰਗਣੇ ਦੇ ਪੂਰਬੀ ਭਾਗ ਉੱਤੇ ਸੁਧਾ ਸਿੰਘ ਬਾਜਵਾ ਕਾਬਜ਼ ਹੋਇਆ ਤੇ ਇਸ ਦਾ ਪੱਛਮੀ ਅੱਧ ਲੱਧੜਾਂ ਵਾਲੇ ਸਰਦਾਰ ਨੇ ਮੱਲਿਆ। ਪਰਗਣਾ ਖੰਨਾ ਦੇ ਕੁਝ ਪਿੰਡ ਤਾਰਾ ਸਿੰਘ ਗੈਬਾ ਦੇ ਇੱਕ ਸੇਵਕ ਦੇ ਹੱਥ ਵਿੱਚ ਆਏ, ਜਿਸ ਨੇ ਪਿੱਛੋਂ ਆਪਣਾ ਟਿਕਾਣਾ ਖੰਨੇ ਨੂੰ ਬਣਾਇਆ ਅਤੇ ਬਾਕੀ ਦਾ ਭਾਗ ਖੇੜੀ, ਭੜੀ, ਅਜਨੇਰ ਤੇ ਜਬੂ ਮਾਜਰਾ ਦੇ ਸਰਦਾਰਾਂ ਅਤੇ ਸੌਂਟੀ ਵਾਲੇ ਤੇ ਨਿਸ਼ਾਨਾਂਵਾਲੀ ਮਿਸਲ ਦੇ ਹੱਥ ਲੱਗਾ। ਜੱਸਾ ਸਿੰਘ ਕਪੂਰਥਲਾ ਨੇ ਈਸੜੂ ਦੇ ਇਰਦ-ਗਿਰਦ 30 ਜਾਂ 40 ਪਿੰਡ ਮੱਲੇ। (ਰਾਇਕੋਟ ਦੇ) ਰਾਇਆਂ ਦੇ ਅਧੀਨ ਰਾਇਪੁਰ ਅਤੇ ਗੁੱਜਰਵਾਲ ਦੇ ਗਰੇਵਾਲਾਂ ਨੇ ਆਲੇ-ਦੁਆਲੇ ਦੇ ਕੁਝ ਪਿੰਡਾਂ ਉੱਤੇ ਸਥਾਨਕ ਅਧਿਕਾਰ ਮਾਣਿਆ।” (ਪੰਨਾ 19)
ਅੰਬਾਲਾ ਜ਼ਿਲਾ ਗਜ਼ਟੀਅਰ ਵਿੱਚ ਸਰਹਿੰਦ ਦੀ ਜਿੱਤ ਪਿੱਛੋਂ ਅੰਬਾਲੇ ਦੇ ਇਲਾਕੇ ਵਿੱਚ ਸਿੱਖਾਂ ਦੁਆਰਾ ਕਬਜ਼ੇ ਹੇਠ ਲਏ ਇਲਾਕਿਆਂ ਦਾ ਭਾਵੇਂ ਵਿਸਥਾਰ ਤਾਂ ਨਹੀਂ ਦਿੱਤਾ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਅਜਿਹੇ ਛੋਟੇ ਹਾਕਮਾਂ ਦੀ ਗਿਣਤੀ 30 ਕੁ ਸੀ, ਜਿਨ੍ਹਾਂ ਦੀਆਂ ਮਿਲਖਾਂ ਵਿੱਚ 20 ਤੋਂ 100 ਤੱਕ ਪਿੰਡ ਸ਼ਾਮਲ ਸਨ। (ਪੰਨਾ 24)
ਅੰਬਾਲਾ ਜ਼ਿਲਾ ਗਜ਼ਟੀਅਰ ਅਨੁਸਾਰ “ਅਗਲੇ ਚਾਲੀ ਸਾਲਾਂ (ਅਠਾਰਵੀਂ ਸਦੀ ਦੇ ਅੰਤਲੇ ਚਾਰ ਦਹਾਕੇ) ਦਾ ਇਤਿਹਾਸ ਸੁਤੰਤਰ ਸਿੱਖ ਸਰਦਾਰਾਂ ਦੇ ਅਣਗਿਣਤ ਛੋਟੇ-ਛੋਟੇ ਆਪਸੀ ਝਗੜਿਆਂ ਦਾ ਹੈ। ਇਹ ਝਗੜੇ ਕੇਵਲ ਉਦੋਂ ਹੀ ਰੁਕਦੇ ਸਨ, ਜਦ ਉਨ੍ਹਾਂ ਨੇ ਉੱਤਰ ਵਿੱਚ ਪਟਿਆਲਾ ਅਤੇ ਮਨੀਮਾਜਰਾ, ਦੱਖਣ ਵਿੱਚ ਲਾਡਵਾ, ਕੈਥਲ ਅਤੇ ਥਾਨੇਸਰ ਵਰਗੀਆਂ ਸ਼ਕਤੀਸ਼ਾਲੀ ਰਿਆਸਤਾਂ ਵੱਲੋਂ ਉਨ੍ਹਾਂ ਨੂੰ ਹੜੱਪ ਕਰ ਜਾਣ ਦੇ ਸਾਂਝੇ ਖਤਰੇ ਦਾ ਰਲ ਕੇ ਮੁਕਾਬਲਾ ਕਰਨਾ ਹੁੰਦਾ ਸੀ। ਆਪਣੇ ਤੌਰ `ਤੇ ਹੋਂਦ ਬਣਾਈ ਰੱਖਣ ਦੇ ਯੋਗ ਹਰ ਵੱਖਰੇ ਘਰਾਣੇ ਅਤੇ ਮਿਸਲਦਾਰਾਂ ਦੇ ਹਰ ਜਥੇ ਨੇ ਇੱਕ ਕੇਂਦਰੀ ਸਥਾਨ, ਜਿੱਥੋਂ ਸਮੁੱਚੇ ਗੁਆਂਢ ਨੂੰ ਲੁਟਿਆ ਜਾ ਸਕੇ, ਉੱਤੇ ਮਜਬੂਤ ਕਿਲ੍ਹਾ ਉਸਾਰਿਆ।” (ਪੰਨਾ 23)
ਡਾਕਟਰ ਹਰੀ ਰਾਮ ਗੁਪਤਾ ਅਨੁਸਾਰ ਪੂਰਬ ਵਿੱਚ ਸਿਰਮੌਰ ਦੀਆਂ ਪਹਾੜੀਆਂ ਅਤੇ ਜਮਨਾ ਦਰਿਆ ਤੋਂ ਲੈ ਕੇ ਪੱਛਮ ਵੱਲ ਰਾਜਸਥਾਨ ਦੀ ਹੱਦ ਤੱਕ, ਉੱਤਰ ਵੱਲ ਦਰਿਆ ਸਤਲੁੱਜ ਤੋਂ ਲੈ ਕੇ ਦੱਖਣ ਵੱਲ ਪਾਣੀਪੱਤ ਤੱਕ ਦਾ ਇਲਾਕਾ, ਜੋ 350 ਕਿਲੋਮੀਟਰ ਲੰਮਾ ਅਤੇ 250 ਕਿਲੋਮੀਟਰ ਚੌੜਾ ਸੀ, ਸਿੱਖਾਂ ਦੇ ਅਧਿਕਾਰ ਹੇਠ ਸੀ।

ਅਠਾਰਵੀਂ ਸਦੀ ਦੇ ਅੰਤਲੇ ਚਾਰ ਦਹਾਕੇ
ਇਹ ਸਿੱਖ ਸਰਦਾਰ ਚਾਹੇ ਥੋੜ੍ਹੇ ਪਿੰਡਾਂ ਦੇ ਮਾਲਕ ਸਨ ਜਾਂ ਬਹੁਤਿਆਂ ਦੇ, ਪਰ ਆਪੋ-ਆਪਣੇ ਇਲਾਕੇ ਵਿੱਚ ਪੂਰਨ ਖੁਦ-ਮੁਖਤਿਆਰ ਸਨ। ਇਨ੍ਹਾਂ ਦਾ ਅਗਲਾ ਲਗਭਗ ਡੇਢ ਦਹਾਕਾ ਬਾਹਰੀ ਹਮਲਿਆਂ ਤੋਂ ਬਚਾਅ ਕਰਦਿਆਂ ਬੀਤਿਆ। 1767 ਵਿੱਚ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਕਾਰਨ ਸਿੱਖ ਸਰਦਾਰ ਇਧਰ-ਉਧਰ ਹੋ ਗਏ, ਪਰ ਜਿਉਂ ਹੀ ਉਹ ਵਾਪਸ ਗਿਆ, ਉਨ੍ਹਾਂ ਨੇ ਮੁੜ ਆਪਣੀਆਂ ਮਿਲਖਾਂ ਸਾਂਭ ਲਈਆਂ। ਦਿੱਲੀ ਦੇ ਮੁਗਲ ਬਾਦਸ਼ਾਹ ਨੂੰ ਆਪਣੀ ਸਲਤਨਤ ਵਿੱਚ ਲੱਗੀ ਸੰਨ੍ਹ ਨਹੀਂ ਸੀ ਭਾਉਂਦੀ, ਇਸ ਲਈ ਉਸ ਨੇ 1777 ਵਿੱਚ ਆਪਣੇ ਵਜ਼ੀਰ ਨਜ਼ਫ ਖ਼ਾਂ ਨੂੰ ਸਿੱਖਾਂ ਨੂੰ ਅਧੀਨਗੀ ਮਨਾਉਣ ਲਈ ਭੇਜਿਆ। ਸਿੱਖ ਸਰਦਾਰਾਂ ਨੇ ਰਲ ਕੇ ਉਸ ਦਾ ਮੁਕਾਬਲਾ ਕੀਤਾ। ਨਤੀਜੇ ਵਜੋਂ ਨਜ਼ਫ ਖ਼ਾਂ ਨੂੰ ਸਿੱਖਾਂ ਨਾਲ ਇੱਕ-ਦੂਜੇ ਨਾਲ ਰਲ ਕੇ ਰਹਿਣ ਦੀ ਸੰਧੀ ਕਰਕੇ ਵਾਪਸ ਮੁੜਨਾ ਪਿਆ। ਪਰ ਮੁਗਲ ਬਾਦਸ਼ਾਹ ਲਈ ਇਸ ਸੰਧੀ ਦਾ ਕੋਈ ਮਹੱਤਵ ਨਹੀਂ ਸੀ। ਉਸ ਨੇ ਸਿੱਖ ਸਰਦਾਰਾਂ ਨੂੰ ਈਨ ਮਨਾਉਣ ਵਾਸਤੇ ਨਵੰਬਰ 1779 ਵਿੱਚ ਸ਼ਾਹਜ਼ਾਦਾ ਫਰਖੰਦਾ ਬਖਤ ਅਤੇ ਨਵਾਬ ਮਜੀਦ-ਉਦ-ਦੌਲਾ ਨੂੰ ਫੌਜ ਦੇ ਕੇ ਭੇਜਿਆ, ਪਰ ਫਿਰ ਵੀ ਹਾਸਲ ਕੁਝ ਨਹੀਂ ਹੋਇਆ। ਮੁਗਲ ਹਕੂਮਤ ਦੇ ਪ੍ਰਭਾਵਹੀਣ ਹੋਣ ਕਾਰਨ ਕੁਝ ਸਾਲਾਂ ਵਿੱਚ ਸਿੱਖ ਰਾਜੇ ਅਤੇ ਹੋਰ ਸਰਦਾਰ ਇੱਕ ਤਰ੍ਹਾਂ ਸੁਤੰਤਰ ਹੋਂਦ ਦੇ ਮਾਲਕ ਬਣੇ ਰਹੇ, ਪਰ 1788 ਵਿੱਚ ਮਰਹੱਟਿਆਂ ਵੱਲੋਂ ਦਿੱਲੀ ਵਿੱਚ ਡੇਰੇ ਲਾਉਣ ਪਿੱਛੋਂ ਇਹ ਸਾਰੇ ਉਨ੍ਹਾਂ ਦੀ ਛਾਨੀ ਭਰਨ ਲੱਗੇ।
ਨਵੇਂ ਬਣੇ ਸਿੱਖ ਸਰਦਾਰਾਂ ਦੇ ਸਿਰ ਉੱਤੇ ਕੋਈ ਸਾਂਝੀ ਸਿਰਮੌਰ ਸ਼ਕਤੀ ਨਹੀਂ ਸੀ, ਨਵੀਂਆਂ ਸਰਦਾਰੀਆਂ ਨੇ ਉਨ੍ਹਾਂ ਦੀ ਪਹਿਲਾਂ ਵਾਲੀ ਆਪਸੀ ਸਾਂਝ ਨੂੰ ਢਾਹ ਲਾਈ ਅਤੇ ਉਹ ਇੱਕ-ਦੂਜੇ ਦੇ ਇਲਾਕੇ ਖੋਹਣ ਲੱਗ ਪਏ, ਜਿਸ ਕਾਰਨ ਪਹਿਲਾਂ ਮੱਲੇ ਇਲਾਕਿਆਂ ਦੀ ਮਾਲਕੀ ਬਦਲਦੀ ਰਹੀ। ਇਹ ਅਮਲ 1809 ਵਿੱਚ ਅੰਗਰੇਜ਼ਾਂ ਦੀ ਸੁਰੱਖਿਆ ਲੈਣ ਉਪਰੰਤ ਹੀ ਖ਼ਤਮ ਹੋਇਆ।
ਉਧਰ ਸਤਾਰਵੀਂ ਸਦੀ ਦੇ ਅੰਤ ਤੱਕ ਕਲਕੱਤੇ ਵਿੱਚ ਪੈਰ ਜਮਾਉਣ ਉਪਰੰਤ ਈਸਟ ਇੰਡੀਆ ਕੰਪਨੀ ਨੇ ਮੁਗਲ ਹਕੂਮਤ ਦੀ ਕਮਜ਼ੋਰੀ ਭਾਂਪਦਿਆਂ ਰਾਜਨੀਤਿਕ ਲਾਲਸਾਵਾਂ ਪਾਲਣੀਆਂ ਸ਼ੁਰੂ ਕੀਤੀਆਂ ਅਤੇ 1757 ਵਿੱਚ ਬੰਗਾਲ ਦੇ ਮੁਗਲ ਸੂਬੇਦਾਰ ਸਿਰਾਜ-ਉਦ-ਦੌਲਾ ਨੂੰ ਪਲਾਸੀ ਦੀ ਲੜਾਈ ਵਿੱਚ ਹਰਾ ਕੇ ਬੰਗਾਲ ਉੱਤੇ ਕਬਜ਼ਾ ਕਰ ਲਿਆ ਅਤੇ ਫਿਰ ਗੰਗਾ-ਜਮਨਾ ਦੁਆਬੇ ਵਿੱਚ ਹੋਰ ਅੱਗੇ ਵਧਦਿਆਂ ਸੰਯੁਕਤ ਪ੍ਰਾਂਤਾਂ ਵਿੱਚ ਫਤਿਹਗੜ੍ਹ ਦੇ ਸਥਾਨ ਉੱਤੇ ਆਪਣਾ ਰੈਜ਼ੀਡੈਂਟ ਤੈਨਾਤ ਕੀਤਾ।
ਉਨ੍ਹੀਵੀਂ ਸਦੀ ਦੇ ਚੜ੍ਹਦਿਆਂ ਹਾਂਸੀ ਦੇ ਅੰਗਰੇਜ਼ ਹਾਕਮ ਜਾਰਜ ਥਾਮਸ ਨੇ ਸਤਲੁਜ ਤੋਂ ਪੂਰਬ ਵੱਲ ਦੀਆਂ ਸਿੱਖ ਰਿਆਸਤਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਜਾਰਜ ਥਾਮਸ ਦੀਆਂ ਵਧੀਕੀਆਂ ਤੋਂ ਸਤੇ ਹੋਏ ਪਟਿਆਲਾ, ਨਾਭਾ, ਜੀਂਦ, ਕੈਥਲ, ਲਾਡਵਾ ਅਤੇ ਥਾਨੇਸਰ ਦੇ ਸਿੱਖ ਰਾਜਿਆਂ ਨੇ ਇੱਕ ਡੈਪੂਟੇਸ਼ਨ ਦਿੱਲੀ ਉੱਤੇ ਕਾਬਜ਼ ਮਰਹੱਟਾ ਦੌਲਤ ਰਾਓ ਸਿੰਧੀਆ ਦੇ ਫਰਾਂਸੀਸੀ ਜਰਨੈਲ ਮਿਸਟਰ ਪੈਰਨ ਕੋਲ ਭੇਜ ਕੇ ਉਸਨੂੰ ਉਸ ਤਰ੍ਹਾਂ ਦੀ ਸੁਰੱਖਿਆ, ਜਿਹੋ ਜਿਹੀ ਉਨ੍ਹਾਂ ਨੂੰ ਮੁਗਲਾਂ ਦੇ ਰਾਜ ਸਮੇਂ ਮਿਲਦੀ ਰਹੀ ਸੀ, ਦੇਣ ਦੀ ਬੇਨਤੀ ਕੀਤੀ। ਫਲਸਰੂਪ ਸਿੱਖ ਰਿਆਸਤਾਂ ਦੀ ਸਹਾਇਤਾ ਲਈ ਭੇਜੀ ਮਰਾਠਾ ਸੈਨਾ ਨੇ ਇਹ ਖੇਤਰ ਜਾਰਜ ਥਾਮਸ ਤੋਂ ਤਾਂ ਖਾਲੀ ਕਰਵਾ ਲਿਆ, ਪਰ ਨਤੀਜੇ ਵਜੋਂ ਸਿੱਖ ਰਿਆਸਤਾਂ ਨੂੰ ਜੋ ਸਾਲਾਨਾ ਨਜ਼ਰਾਨਾ ਪੇਸ਼ ਕਰਨ ਲਈ ਕਿਹਾ ਗਿਆ, ਉਹ ਇਨ੍ਹਾਂ ਰਿਆਸਤਾਂ ਦੇ ਵਿਤ ਤੋਂ ਕਿਤੇ ਵੱਧ ਸੀ ਜਿਸ ਕਾਰਨ ਨਵਾਂ ਝਗੜਾ ਉਤਪੰਨ ਹੋ ਗਿਆ।

Leave a Reply

Your email address will not be published. Required fields are marked *