ਡਾ. ਪਰਮਜੀਤ ਢੀਂਗਰਾ
ਫੋਨ: +91-94173 58120
ਕਿਸੇ ਕਿਤਾਬ `ਤੇ ਲੰਮੇ ਸਮੇਂ ਤੱਕ ਵਿਚਾਰ-ਚਰਚਾ ਹੋਣਾ ਕੀ ਉਸ ਦੀ ਪ੍ਰਾਪਤੀ ਮੰਨੀ ਜਾਵੇ ਜਾਂ ਵਿਚਾਰਾਂ ਦਾ ਭੇੜ? ਇਹ ਦੋਵੇਂ ਸੱਚ ਹੋ ਸਕਦੇ ਹਨ। ਕਿਸੇ ਕਿਤਾਬ ਵਿਚਲੇ ਤੱਥਾਂ ਤੇ ਵਿਚਾਰਾਂ ਦਾ ਨਿਬੇੜਾ ਸਮਕਾਲ ਵਿੱਚ ਹੋ ਜਾਵੇ ਤਾਂ ਬੇਹਤਰ, ਨਹੀਂ ਤਾਂ ਇਤਿਹਾਸ ਵੱਲ ਜਾਂਦਿਆਂ ਉਹੀ ਤੱਥ, ਵਿਚਾਰ ਮਿੱਥਾਂ, ਭਟਕਣਾਵਾਂ ਤੇ ਵਿਚਾਰਾਂ ਦੇ ਭੇੜ ਧਿਰਾਂ ਵਿੱਚ ਵੰਡੇ ਜਾਂਦੇ ਹਨ। ਸ਼ਾਇਦ ‘ਸਾਚੀ ਸਾਖੀ’ ਨਾਲ ਵੀ ਇਹੀ ਭਾਣਾ ਵਰਤਿਆ ਹੈ।
ਜਦੋਂ ਪੰਜਾਬ ਵਿੱਚ ਬਦ-ਅਮਨੀ ਦਾ ਦੌਰ ਦੌਰਾ ਸੀ ਤਾਂ ਇਸ ਕਿਤਾਬ ਦੇ ਚਰਚੇ ਨੇ ਹਨੇਰੀ ਲਿਆ ਦਿੱਤੀ। ਓਦੋਂ ਇਸਨੂੰ ਬੈਨ ਕਰ ਦਿੱਤਾ ਗਿਆ ਸੀ। ਵਿਚਾਰਵਾਨ ਇਸ ਨੂੰ ਲੱਭ ਰਹੇ ਸਨ, ਫੋਟੋ ਕਾਪੀਆਂ ਕਰਵਾ ਰਹੇ ਸਨ। ਜਦੋਂ ਮਨੁੱਖ ਸੰਕਟ ਵਿੱਚ ਹੁੰਦਾ ਹੈ ਤਾਂ ਉਹ ਇਤਿਹਾਸਕ ਰਚਨਾਵਾਂ ਵੱਲ ਅਹੁਲਦਾ ਹੈ ਤਾਂ ਕਿ ਸਮਕਾਲ ਵਿਚਲੇ ਸੰਕਟਾਂ ਦੀ ਨਿਸ਼ਾਨਦੇਹੀ ਕਰ ਸਕੇ। ਓਦੋਂ ਇਹ ਲਿਖਤਾਂ ਕਈ ਵਾਰ ਅਗਵਾਈ ਕਰਦੀਆਂ ਲੱਗਦੀਆਂ ਹਨ।
ਸਿੱਖ ਚਿੰਤਕਾਂ ਵਿੱਚ ਸਿਰਦਾਰ ਕਪੂਰ ਸਿੰਘ ਦਾ ਨਾਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਬਾਰੇ ਸੰਪਾਦਕੀ ਵਿੱਚ ਬੜੀ ਸੰਜਮੀ ਸ਼ੈਲੀ ਵਿੱਚ ਸੰਪਾਦਕ ਲਿਖਦਾ ਹੈ- ਸਿਰਦਾਰ ਕਪੂਰ ਸਿੰਘ (2 ਮਾਰਚ 1909-13 ਅਗਸਤ 1986) ਨੇ ਸਿੱਖ ਫਲਸਫੇ, ਸਿੱਖ ਵਿਚਾਰਧਾਰਾ, ਇਤਿਹਾਸ, ਸਮਾਜਕ ਪ੍ਰਸੰਗ, ਰਾਜਨੀਤਕ ਸੰਕਲਪਾਂ ਨੂੰ ਇੱਕ ਵੱਖਰੀ ਦ੍ਰਿਸ਼ਟੀ ਤੋਂ ਨਵੀਂ ਸੇਧ ਦਿੱਤੀ। ਉਨ੍ਹਾਂ ਨੇ ਕੌਮਾਂਤਰੀ ਸਥਿਤੀਆਂ ਦੇ ਪ੍ਰਸੰਗ ਵਿੱਚ ਵਿਸ਼ਵ ਇਤਿਹਾਸ ਨੂੰ ਦ੍ਰਿਸ਼ਟੀਗੋਚਰ ਰੱਖਦੇ ਹੋਏ ਪੰਜਾਬ ਤੇ ਸਿੱਖਾਂ ਬਾਰੇ ਆਪਣੀਆਂ ਮਾਨਤਾਵਾਂ ਸਥਾਪਤ ਕੀਤੀਆਂ। ਸਿਰਦਾਰ ਕਪੂਰ ਸਿੰਘ ਦੂਰ-ਦ੍ਰਿਸ਼ਟੇਤਾ, ਇਤਿਹਾਸ, ਦਰਸ਼ਨ, ਸਮਾਜ, ਧਰਮ ਤੇ ਕਈ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਨੇ ਦੇਸ਼-ਦੇਸ਼ਾਂਤਰਾਂ ਦੇ ਭ੍ਰਮਣ ਤੇ ਉਸ ਸਮੇਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਮਹਾਂਨਗਰਾਂ ਨੂੰ ਨਿਕਟ ਤੋਂ ਦੇਖਿਆ। ਉਹ ਇੰਗਲੈਂਡ ਵਿਖੇ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹੇ ਤੇ ਆਈ.ਸੀ.ਐਸ. ਪਾਸ ਕਰਕੇ ਪੰਜਾਬ ਦੇ ਕਈ ਜ਼ਿਲਿ੍ਹਆਂ ਗੁਜਰਾਤ, ਕਰਨਾਲ, ਹੁਸ਼ਿਆਰਪੁਰ ਆਦਿ ਦੇ ਡਿਪਟੀ ਕਮਿਸ਼ਨਰ ਰਹੇ। ਉਹ ਕੁਸ਼ਲ ਪ੍ਰਸ਼ਾਸਕ, ਨਿਆਂ ਪਸੰਦ ਅਤੇ ਦਲੇਰੀ ਨਾਲ ਫੈਸਲੇ ਲੈਂਦੇ ਸਨ। ਉਨ੍ਹਾਂ ਦਾ ਸਾਰੇ ਪਾਸੇ ਦਬਦਬਾ ਸੀ।’
ਇਸ ਤਰ੍ਹਾਂ ਸਪਸ਼ਟ ਹੈ ਕਿ ਉਹ ਵੱਡੇ ਵਿਦਵਾਨ ਹੋਣ ਦੇ ਨਾਲ ਨਾਲ ਚੰਗੇ ਪ੍ਰਸ਼ਾਸਕ ਤੇ ਇਮਾਨਦਾਰ ਛਵੀ ਵਾਲੇ ਅਫਸਰ ਸਨ। ਵਿਦੇਸ਼ਾਂ ਵਿੱਚ ਪੜ੍ਹੇ ਹੋਣ ਕਰਕੇ ਉਹ ਵਿਸ਼ਵ ਚਿੰਤਨ ਤੇ ਸਮਕਾਲੀ ਸਰੋਕਾਰਾਂ ਨਾਲ ਜੁੜੇ ਹੋਏ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਵਿੱਚ ਬੇਬਾਕੀ ਸੀ ਤੇ ਹਰ ਫੈਸਲੇ ਨੂੰ ਨਿਆਂ ਤੇ ਤਰਕਸੰਗਤ ਦੇ ਆਧਾਰ ਉੱਤੇ ਲੈਣ ਲਈ ਉਹ ਆਜ਼ਾਦ ਸਨ; ਪਰ ਅਜਿਹੀ ਆਜ਼ਾਦੀ ਤੇ ਵਿਹਾਰ ਰਾਜਨੀਤੀ ਦੇ ਵਿਹੜੇ ਵਿੱਚ ਉਨ੍ਹਾਂ ਨੂੰ ਰਾਸ ਨਾ ਆਏ।
ਹਥਲੀ ਕਿਤਾਬ ‘ਸਾਚੀ ਸਾਖੀ ਦਾ ਅਸਲੀ ਸੱਚ’ ਉਨ੍ਹਾਂ ਦੀ ਰਾਜਨੀਤਕ ਸੂਝ-ਬੂਝ ਦੇ ਨਾਲ ਨਾਲ ਸਿੱਖ ਮਸਲਿਆਂ ਨੂੰ ਵਿਚਾਰਨ ਤੇ ਭਾਰਤੀ ਰਾਜਨੀਤੀ ਵਿੱਚ ਸਿੱਖਾਂ ਦੀ ਪੁਜੀਸ਼ਨ ਨੂੰ ਸਮਕਾਲ ਤੇ ਇਤਿਹਾਸਕ ਪ੍ਰਸੰਗ ਵਿੱਚ ਰੱਖ ਕੇ ਦੇਖਣ ਦਾ ਯਤਨ ਹੈ। ਇਹ ਇਤਿਹਾਸਕ ਦ੍ਰਿਸ਼ਟੀ ਤੋਂ ਰੈਫਰੈਂਸ ਦੀ ਹੈਸੀਅਤ ਰੱਖਦੀ ਹੈ। ਇਸਨੂੰ ਕੁਝ ਵਿਦਵਾਨ ਸਿੱਖਾਂ ਦਾ ਰਾਜਨੀਤਕ ਡਾਕੂਮੈਂਟ ਵੀ ਕਹਿੰਦੇ ਹਨ। ਇਸ ਵਿੱਚ ਇਤਿਹਾਸਕ ਹਵਾਲਿਆਂ ਦੇ ਨਾਲ ਨਾਲ ਨਿੱਜੀ ਅਨੁਭਵ ਤੇ ਸਮਕਾਲੀ ਗਵਾਹੀਆਂ ਦੇ ਪ੍ਰਸੰਗ ਕਰਕੇ ਇਹਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਧਰਮ ਤੇ ਨੈਤਿਕ ਅਸੂਲਾਂ ਦਾ ਇਹਨੂੰ ਸ੍ਰੇਸ਼ਟ ਦਸਤਾਵੇਜ਼ ਮੰਨਿਆ ਜਾਂਦਾ ਹੈ।
ਵਾਰਤਾਲਾਪੀ ਸ਼ੈਲੀ ਇਸ ਕਿਤਾਬ ਦਾ ਵੱਡਾ ਗੁਣ ਹੈ। ਇਸ ਨਾਲ ਪੜ੍ਹਨ ਵਾਲੇ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਘਟਨਾਵਾਂ ਸਾਖਸ਼ਾਤ ਰੂਪ ਵਿੱਚ ਉਹਦੇ ਸਾਹਮਣੇ ਵਾਪਰ ਰਹੀਆਂ ਹੋਣ। ਉਹ ਵੀ ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਗਵਾਹ ਬਣ ਜਾਂਦਾ ਹੈ। ਲੇਖਕ ਦੀ ਇਹ ਚਮਤਕਾਰੀ ਸ਼ਖਸੀਅਤ ਦਾ ਅਸਰ ਹੈ ਕਿ ਉਹ ਘਟਨਾਵਾਂ ਤੇ ਵਰਤਾਰਿਆਂ ਨੂੰ ਇਸ ਸ਼ੈਲੀ ਵਿੱਚ ਬਿਆਨ ਕਰਨ ਦਾ ਮਾਹਰ ਹੈ। ਇਹਦੀ ਇੱਕ ਉਦਾਹਰਣ ਲਈ ਜਾ ਸਕਦੀ ਹੈ- ‘ਸਰ ਕ੍ਰਿਪਸ ਨੇ ਸੋਟੀ ਨਾਲ ਹਿੰਦੁਸਤਾਨ ਦੇ ਨਕਸ਼ੇ ‘ਤੇ ਪਾਨੀਪਤ ਤੋਂ ਨਨਕਾਣਾ ਸਾਹਿਬ ਦੇ ਇਲਾਕੇ ਦੇ ਦੁਆਲੇ ਲਕੀਰ ਲਾ ਕੇ ਇਸ ਇਲਾਕੇ ਨੂੰ ਸਿੱਖਾਂ ਦੇ ਵਿਸ਼ੇਸ਼ ਰਾਖਵੇਂ ਅਧਿਕਾਰ ਵਾਲਾ ਕਿਹਾ ਸੀ। ਸਰ ਕ੍ਰਿਪਸ ਨੇ ਕਿਹਾ ਸੀ ਕਿ ਭਾਵੇਂ ਇਹ ਇਲਾਕਾ ਕਿਸੇ ਪਾਸੇ ਵੀ ਜਾਵੇ, ਕੋਈ ਵਿਧਾਨ ਅਜਿਹਾ ਨਾ ਬਣੇ ਜਿਹੜਾ ਇਸ ਇਲਾਕੇ ਬਾਰੇ ਸਿੱਖਾਂ ਦੀ ਮਰਜੀ ਦੇ ਵਿਰੁੱਧ ਬਣੇ ਤਾਂ ਕੀ ਇਹ ਸਿੱਖਾਂ ਨੂੰ ਮਨਜ਼ੂਰ ਹੈ?’ ਸਰਦਾਰ ਸਾਹਿਬ, ‘ਨਹੀਂ, ਨਹੀਂ ਮੇਰੀ ਕੌਮ ਤਾਂ ਜਿਹਲਮ ਤੱਕ ਰਾਜ ਮੰਗਦੀ ਹੈ। ਇਹ ਛੋਟਾ ਜਿਹਾ ਥਾਂ ਅਸਾਂ ਨਹੀਂ ਲੈਣਾ।’
ਲੇਖਕ ਦਾ ਇੱਕ ਇਤਿਹਾਸਕ ਦਾਅਵਾ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਦੇਸ਼ ਵੰਡ ਵੇਲੇ ਤਿੰਨਾਂ ਸਮੁਦਾਇਆਂ ਵਿੱਚ ਬਹੁਤ ਜ਼ਿਆਦਾ ਤਣਾਓ ਸੀ। ਦੂਜੇ ਪਾਸੇ ਮਾਰ ਕਾਟ, ਉਧਾਲੇ ਹੋ ਰਹੇ ਸਨ। ਕਤਲੋਗਾਰਤ ਏਨੀ ਵੱਡੀ ਪੱਧਰ ਉੱਤੇ ਹੋ ਰਹੀ ਸੀ ਕਿ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਹੋ ਰਿਹਾ ਹੈ ਤੇ ਇਹਦਾ ਹੱਲ ਕੀ ਹੈ! ਇੱਕ ਪਾਸੇ ਵੱਡੀ ਧਿਰ ਆਜ਼ਾਦੀ ਲੈਣ ਦੀ ਕਾਹਲ ਵਿੱਚ ਸੀ, ਦੂਜੇ ਪਾਸੇ ਮੁਸਲਿਮ ਲੀਗ ਵਾਲੀ ਧਿਰ ਦੇਸ਼ ਨੂੰ ਵੰਡਣ ਦੇ ਨਾਲ ਨਾਲ ਵੱਧ ਤੋਂ ਵੱਧ ਇਲਾਕੇ ਹਥਿਆਉਣਾ ਚਾਹੁੰਦੀ ਸੀ। ਅਜਿਹੀਆਂ ਸਥਿਤੀਆਂ ਵਿੱਚ ਸਿੱਖਾਂ ਦੀ ਵਾਗਡੋਰ ਜਿਨ੍ਹਾਂ ਲੀਡਰਾਂ ਦੇ ਹੱਥ ਵਿੱਚ ਸੀ, ਉਹ ਇਸ ਨੂੰ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਨਹੀਂ ਹੋਏ। ਦੂਜੇ ਪਾਸੇ ਜਿਹੜੀ ਧਿਰ ਆਜ਼ਾਦੀ ਲਈ ਕਾਹਲੀ ਸੀ, ਉਹਨੇ ਇਹਦਾ ਫਾਇਦਾ ਉਠਾਉਂਦੇ ਹੋਏ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਹਾਸ਼ੀਏ ਵੱਲ ਧੱਕ ਦਿੱਤਾ। ਇਸ ਬਾਰੇ ਲੇਖਕ ਦਾ ਕਥਨ ਹੈ- ‘ਅਗਸਤ ਸੰਨ 1947 ਦੇ ਉਤਰਾਰਧ ਵਿੱਚ ਜਦੋਂ ਪੰਜਾਬ ਦੇ ਦੋਹਾਂ ਭਾਗਾਂ ਵਿੱਚ, ਸਿੱਖ ਤੇ ਮੁਸਲਮਾਨ ਪੰਜਾਬੀ ਇੱਕ ਦੂਜੇ ਦੇ ਸਰਵਨਾਸ਼ ਕਰਨ ਵਿੱਚ ਰੁੱਝੇ ਹੋਏ ਸਨ ਤਾਂ ਭਾਰਤ ਦੇ ਫਿਰੰਗੀ ਗਵਰਨਰ ਜਨਰਲ ਨੇ ਸਰਦਾਰ ਪਟੇਲ ਨੂੰ ਪੁੱਛਿਆ, ‘ਸਿੱਖਾਂ ਬਾਰੇ ਕੀ ਸੋਚਿਆ ਹੈ?’ ਤਾਂ ਸਰਦਾਰ ਪਟੇਲ ਨੇ ਉਤਰ ਦਿੱਤਾ- ‘ਇਹ ਮੂਰਖ ਆਪ ਹੀ ਆਪਣੇ ਪੈਰੀਂ ਕੁਹਾੜਾ ਮਾਰ ਚੁੱਕੇ ਹਨ ਅਤੇ ਮੌਕਾ ਖੁੰਝਾ ਬੈਠੇ ਹਨ।’ ਇਸ ਤਰ੍ਹਾਂ ਉਸ ਵੇਲੇ ਦੀਆਂ ਸਥਿਤੀਆਂ ਦੇ ਨਤੀਜੇ ਅੱਜ ਤੱਕ ਪੰਜਾਬੀ ਤੇ ਵਿਸ਼ੇਸ਼ ਕਰਕੇ ਸਿੱਖ ਭੁਗਤ ਰਹੇ ਹਨ।
‘ਸਾਚੀ ਸਾਖੀ’ ਕਿਤਾਬ ਸਿਰਦਾਰ ਕਪੂਰ ਸਿੰਘ ਦੇ ਸਵੈ-ਜੀਵਨੀ ਮੂਲਕ ਬਿਰਤਾਂਤਾਂ ਦਾ ਸੰਗ੍ਰਹਿ ਵੀ ਹੈ। ਇਮਾਨਦਾਰ, ਜਬ੍ਹੇ ਵਾਲਾ ਤੇ ਬਿਬੇਕ ਬੁੱਧੀ ਦਾ ਮਾਲਕ ਹੋਣ ਕਰਕੇ ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਰੜ੍ਹਕਦਾ ਸੀ। ਉਹ ਬਿਲਕੁਲ ਹੇਠਲੇ ਪੱਧਰ ਤੋਂ ਉਠ ਕੇ ਵਿਦਵਾਨ, ਚਿੰਤਕ ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਉੱਚ ਅਧਿਕਾਰੀ ਬਣਿਆ ਸੀ। ਇਹਦੇ ਲਈ ਉਹਨੂੰ ਜ਼ਿੰਦਗੀ ਵਿੱਚ ਬੜਾ ਸੰਘਰਸ਼ ਵੀ ਕਰਨਾ ਪਿਆ। ‘ਸਾਚੀ ਸਾਖੀ’ ਵਿੱਚ ਉਹ ਆਪਣੀ ਜ਼ਿੰਦਗੀ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਲਿਖਦਾ ਹੈ- ‘ਮਤ ਕੋਈ ਸਮਝੇ ਕਿ ਇਹ ਸਿਰਦਾਰ ਕਪੂਰ ਸਿੰਘ, ਆਪਣਾ ਰੋਣਾ ਹੀ ਰੋਈ ਜਾਂਦਾ ਹੈ, ਜਿਸ ਕਹਾਣੀ ਦਾ ਪੁਸਤਕ ‘ਸਾਚੀ ਸਾਖੀ’ ਦੇ ਵਿਸ਼ੇ ਵਸਤੂ ਨਾਲ ਕੋਈ ਸਿੱਧਾ ਸਬੰਧ ਪ੍ਰਤੱਖ ਨਹੀਂ। ਜੇ ਨਿਰੀ ਦੁੱਖ-ਸੁੱਖ ਦੀ ਕਹਾਣੀ ਹੀ ਹੁੰਦੀ, ਤਦ ਉਹ ਤਾਂ ਬੀਤ ਚੁੱਕੀ। ਮੈਂ ਤੀਹ ਬੱਤੀ ਸਾਲ ਘੋਰ ਰਾਜਕੋਪ ਦੇ ਸ਼ਿਕਾਰ ਹੋਏ ਨੇ ਕੱਟ ਲਏ। ਬਿਨਾ ਆਮਦਨ, ਬਿਨਾ ਰੋਜ਼ਗਾਰ, ਬਿਨਾ ਕਿਸੇ ਕਮਾਈ ਕਰ ਸਕਣ ਦੇ, ਲੰਘਾ ਲਏ। ਮੇਰੇ ਇਕਲੌਤੇ ਪੁੱਤਰ ਨੇ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਮਜਦੂਰੀ ਕਰਕੇ-ਪ੍ਰਾਪਤੀ ਤੇ ਵਿਦਿਆ- ਸਮਾਪਤ ਕਰ ਲਈ। ਮੇਰੀ ਇਸਤਰੀ ਰੋਗ-ਗ੍ਰਸਤ ਅਵਸਥਾ ਵਿੱਚ ਨੌਕਰੀ ਕਰਕੇ ਘਰ ਦਾ ਰੋਟੀ ਟੁੱਕ ਚਲਾਉਂਦੀ ਰਹੀ ਅਤੇ ਇਸ ਤਰ੍ਹਾਂ ਗੁਰੂ ਚਰਨਾਂ ਵਿੱਚ ਜਾ ਪੁਜੀ। ਮੇਰੇ ਮਾਤਾ ਪਿਤਾ, ਜਿਨ੍ਹਾਂ ਮੈਨੂੰ ਬੜੇ ਚਾਅ ਨਾਲ ਵੱਡੀ ਤਪੱਸਿਆ ਕਰਕੇ ਤੇ ਸੰਜਮ ਸੰਤੋਖ ਵਿੱਚ ਰਹਿ ਕੇ ਉਚਤਮ ਵਿਦਿਆ ਪ੍ਰਾਪਤੀ ਦੇ ਵਸੀਲੇ ਪ੍ਰਦਾਨ ਕੀਤੇ ਸਨ ਅਤੇ ਮੇਰੇ ਚੰਗੇ ਦਿਨ ਵੀ ਦੇਖੇ ਸਨ, ਮੇਰੀ ਅਧੋਗਤੀ ਨੂੰ ਦੇਖਦੇ ਦੇਖਦੇ ਹੀ ਸੰਸਾਰ ਤਿਆਗ ਗਏ। ਕਿਸੇ ਨੇ ਮੇਰੇ ਨਾਲ ਹੋਏ ਧੱਕੇ ਵੱਲ ਗੌਰ ਨਾ ਕੀਤਾ ਤੇ ਨਾ ਮੈਨੂੰ ਕਿਸੇ ਥਾਂ ਤੋਂ ਇਨਸਾਫ ਮਿਲਿਆ। ਪਰ ਮੇਰੀ ਸਿਦਕ ਸਬੂਰੀ ਗੁਰੂ ਨੇ ਨਿਭਾਅ ਦਿੱਤੀ।’
ਲੇਖਕ ਵੱਖ ਵੱਖ ਧਰਮਾਂ, ਚਿੰਤਨਾਂ ਤੇ ਵਿਚਾਰਧਾਰਾਵਾਂ ਦਾ ਗਿਆਤਾ ਸੀ। ਇਸ ਕਰਕੇ ਉਹਦੇ ਵਿਚਾਰਾਂ, ਚਿੰਤਨ ਤੇ ਸੰਕਲਪਾਂ ਨੂੰ ਏਸੇ ਦ੍ਰਿਸ਼ਟੀ ਤੋਂ ਸਮਝਣ ਤੇ ਵਿਖਿਆਉਣ ਦੀ ਲੋੜ ਹੈ। ਉਹ ਲੋੜ ਅਨੁਸਾਰ ਇਤਿਹਾਸਕ, ਮਿਥਿਹਾਸਕ, ਲੋਕ ਧਾਰਾਈ ਸਰੋਤਾਂ ਦੀ ਬਾਖੂਬੀ ਵਰਤੋਂ ਕਰਦਾ ਹੈ। ਕਿਸੇ ਵਿਦਵਾਨ ਦੀ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ ਕਿ ਉਹ ਇਤਿਹਾਸਕ ਹਵਾਲਿਆਂ ਦੇ ਸੰਦਰਭ ਵਿੱਚ ਸਮਕਾਲੀ ਸਰੋਕਾਰਾਂ ਦੀ ਪੁਣ-ਛਾਣ ਕਰਕੇ ਇੱਕ ਨਵਾਂ ਥੀਸਿਜ਼ ਉਸਾਰਦਾ ਹੈ। ਜਿਵੇਂ ਅੱਜ ਕੱਲ੍ਹ ਇੱਕ ਦੇਸ਼, ਇੱਕ ਭਾਸ਼ਾ, ਇੱਕ ਧਰਮ, ਇਕ ਕੌਮ ਵਰਗੇ ਸੰਕਲਪਾਂ ਰਾਹੀਂ ਕੇਂਦਰੀਕਰਨ ਦੀ ਨੀਤੀ ਨੂੰ ਥੋਪ ਕੇ ਬਹੁਲ ਸਭਿਆਚਾਰ ਦੇ ਨੈਣ-ਨਕਸ਼ਾਂ ਨੂੰ ਧੁੰਧਲਾ ਕੀਤਾ ਜਾ ਰਿਹਾ ਹੈ, ਇਹ ਇੱਕ ਤਰ੍ਹਾਂ ਨਾਲ ਫਾਸ਼ੀਵਾਦ ਦਾ ਰਾਹ ਖੋਲ੍ਹਦਾ ਹੈ, ਜਿੱਥੇ ਬਾਕੀ ਘੱਟ-ਗਿਣਤੀਆਂ ਦੇ ਭਾਸ਼ਾ, ਸੱਭਿਆਚਾਰ ਧਰਮ ਤੇ ਪਰੰਪਰਾਵਾਂ ਦੀ ਪਾਲਣਾ ਦੀ ਸੰਵਿਧਾਨਕ ਗਾਰੰਟੀ ਨੂੰ ਖਾਰਜ ਕਰਕੇ ਬਹੁ ਗਿਣਤੀ ਦੀ ਹੈਜੇਮਨੀ ਸਥਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੇਂਦਰੀਕਰਨ ਤੇ ਬਹੁ-ਕੇਂਦ੍ਰਿਤ ਸਮਾਜਾਂ ਦੀ ਗੱਲ ਕਰਦਿਆਂ ਲੇਖਕ ਇਨ੍ਹਾਂ ਨੂੰ ਨਵੀਂ ਸੰਕਲਪੀ ਪਰਿਭਾਸ਼ਾ ਦਿੰਦਿਆਂ ਲਿਖਦਾ ਹੈ- ‘ਏਕਾ-ਕੇਂਦ੍ਰਿਤ ਸਮਾਜ ਕੇਵਲ ਰਾਜ ਸੱਤਾ ਅਤੇ ਘੋਰ ਭੈਅ (ਟੲਰਰੋਰ) ਰਾਹੀਂ ਮਨੁੱਖ ਦੀ ਸੁਤੰਤਰ ਆਤਮਾ ਦਾ ਸਦੀਵ ਹੀ ਨਹੀਂ ਲੋੜਦਾ, ਸਗੋਂ ਇਹ ਸਿਧਾਂਤ ਮਨੁੱਖ ਜਾਤੀ ਦੇ ਹਰ ਗਰੌਹ, ਹਰ ਕਰਤੱਵ, ਹਰ ਵਿਚਾਰ, ਹਰ ਸੁਪਨੇ ਅਤੇ ਹਰ ਪ੍ਰਤਿਭਾ ਉਤੇ ਹਾਵੀ ਹੋ ਕੇ ਉਸਦੇ ਨੱਕ ਨਕੇਲ ਪਾਉਣ ਦਾ ਦਾਈਆ ਰੱਖਦਾ ਹੈ ਤਾਂ ਜੁ ਵਿਅਕਤਿਤਵ, ਆਤਮਤੱਵ, ਉਕਾ ਪ੍ਰਾਧੀਨ ਤੇ ਬਲਹੀਣ ਹੋ ਕੇ ਰਾਜਸੱਤਾ ਜਾਂ ਕੇਂਦਰੀ ਸ਼ਕਤੀਸ਼ਾਲੀ ਧੜਵੈਲੀਆਂ ਦਾ ਅੰਕੁਸ਼ ਗ੍ਰਸਤ ਗੋਲਾ ਤੇ ਦਾਸ ਬਣ ਜਾਵੇ ਅਤੇ ਇਸ ਗਤੀ ਤੋਂ ਕਿਸੇ ਸਮੇਂ, ਕਿਸੇ ਵੀ ਸੂਰਤ ਵਿੱਚ ਭੀ ਛੁਟਕਾਰਾ ਪਾਉਣ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਦੇ ਯੋਗ ਭੀ ਨਾ ਰਹਿ ਸਕੇ।’
ਇਸ ਤਰ੍ਹਾਂ ਕੇਂਦਰੀਕਰਨ ਦੀ ਇਸ ਨੀਤੀ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਰਾਜਸੱਤਾ ਸੰਸਥਾਵਾਂ ਤੇ ਵਿਅਕਤੀਆਂ ਨੂੰ ਬਲਹੀਣ ਤੇ ਨਕਾਰਾ ਕਰ ਦਿੰਦੀ ਹੈ, ਜਿਸ ਤੋਂ ਛੁਟਕਾਰਾ ਸੰਭਵ ਨਹੀਂ। ਇਸੇ ਤਰ੍ਹਾਂ ਬਹੁ-ਕੇਂਦ੍ਰਿਤ ਸਮਾਜ ਨੂੰ ਪਰਿਭਾਸ਼ਿਤ ਕਰਦਿਆਂ ਲੇਖਕ ਦਾ ਕਥਨ ਹੈ- ‘ਬਹੁ-ਕੇਂਦ੍ਰਿਤ ਸਮਾਜ (ਫਲੁਰਅਲ Sੋਚਿੲਟੇ) ਦਾ ਸਿਧਾਂਤ, ਮਨੁੱਖੀ ਵਿਅਕਤਿਤਵ ਅਤੇ ਪ੍ਰਥਮ ਮਨੁੱਖੀ ਆਤਮਾ ਨੂੰ ਪ੍ਰਭੂਸੱਤਾ ਸੰਪੰਨ ਪੂਰਨ ਸੁਤੰਤਰਤਾ ਅਧਿਕਾਰ ਪ੍ਰਾਪਤ ਸਵੀਕਾਰ ਕਰਕੇ, ਰਾਜਸੱਤਾ ਅਤੇ ਰਾਜ (Sਟਅਟੲ) ਨੂੰ ਇੱਕ ਤੇ ਕੇਵਲ ਇੱਕ ਮਨੁੱਖੀ ਸੰਘ ਪਰਵਾਨਦਾ ਹੈ, ਜਿਹੜਾ ਕਿ ਧੱਕੇ, ਭੈਅ ਅਤੇ ਤੱਦੀ ਦੁਆਰਾ ਮਨੁੱਖੀ ਸੁਤੰਤਰਤਾ ਦੀ ਹਾਨੀ ਕਰਨ ਦਾ ਅਧਿਕਾਰੀ ਨਹੀਂ।’
ਅੱਜ ਇਨ੍ਹਾਂ ਸੰਕਲਪਾਂ ਬਾਰੇ ਵੱਡੀ ਡੀਬੇਟ ਹੋ ਰਹੀ ਹੈ। ਭਾਰਤ ਦੇ ਫੈਡਰਲ ਢਾਂਚੇ ਵੱਲ ਵਧਦੇ ਕਦਮਾਂ ਨੂੰ ਬ੍ਰੇਕ ਲਾ ਕੇ ਪਿੱਛਲ-ਪੈਰੀਂ ਇਤਿਹਾਸ ਵੱਲ ਮੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਇਤਿਹਾਸ ਦੀ ਤੋੜ-ਮਰੋੜ ਨੂੰ ਸੱਤਾ ਦੇ ਹਾਣ ਦਾ ਕਰਕੇ ਬਹੁ-ਵੰਨੀ ਭਾਰਤੀ ਦਿੱਖ ਨੂੰ ਕਰੂਪ ਕੀਤਾ ਜਾ ਰਿਹਾ ਹੈ। ਅਜਿਹੇ ਹਾਲਤ ਵਿੱਚ ‘ਸਾਚੀ ਸਾਖੀ’ ਵਰਗੀਆਂ ਕਿਤਾਬਾਂ ਸਾਨੂੰ ਵੱਖਰੀ ਤਰ੍ਹਾਂ ਦੀ ਸੂਝ-ਸਮਝ ਦਿੰੀਆਂ ਹਨ ਕਿ ਅਸੀਂ ਵਰਤਮਾਨ ਨੂੰ ਕਿਵੇਂ ਪਰਿਭਾਸ਼ਿਤ ਕਰਨਾ ਹੈ ਤੇ ਆਪਣੀਆਂ ਸਮੱਸਿਆਵਾਂ ਨਾਲ ਕਿਵੇਂ ਨਜਿਠਣਾ ਹੈ।
ਸਿੱਖਾਂ ਨੇ 1947 ਦੀ ਵੰਡ ਵੇਲੇ ਹਿੰਦੁਸਤਾਨ ਨਾਲ ਰਹਿਣ ਦਾ ਫੈਸਲਾ ਕੀਤਾ। ਉਸ ਵੇਲੇ ਦੇ ਆਗੂਆਂ ਨੇ ਸਿੱਖਾਂ ਨਾਲ ਕੁਝ ਵਾਅਦੇ ਕੀਤੇ ਕਿ ਆਜ਼ਾਦ ਭਾਰਤ ਵਿੱਚ ਉਨ੍ਹਾਂ ਦੀ ਪੁਜੀਸ਼ਨ ਕੀ ਹੋਵੇਗੀ ਅਤੇ ਉਨ੍ਹਾਂ ਨੂੰ ਰਾਜਨੀਤਕ ਤੇ ਵਿਧਾਨਕ ਤੌਰ ਉਤੇ ਬਣਦਾ ਹੱਕ ਦਿੱਤਾ ਜਾਵੇਗਾ। ਇਹਦੇ ਪਿਛੇ ਇਹ ਵੀ ਲਾਲਸਾ ਸੀ ਕਿ ਜੇ ਸਿੱਖ ਪਾਕਿਸਤਾਨ ਨਾਲ ਜਾਣ ਦਾ ਫੈਸਲਾ ਕਰਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਭਾਰਤ ਦੀ ਜੀਓ ਪਾਲਿਟਿਕਸ ਤੇ ਰਣਨੀਤੀ ‘ਤੇ ਵੱਡਾ ਅਸਰ ਪਵੇਗਾ। ਉਸ ਵੇਲੇ ਸਿੱਖਾਂ ਨੂੰ ਵਾਰ-ਵਾਰ ਉਨ੍ਹਾਂ ਇਤਿਹਾਸਕ ਹਵਾਲਿਆਂ ਵੱਲ ਮੋੜਿਆ ਜਾ ਰਿਹਾ ਸੀ ਕਿ ਮੁਸਲਮਾਨ ਸਿੱਖਾਂ ਦੇ ਮੱਧਕਾਲ ਤੋਂ ਵੱਡੇ ਦੁਸ਼ਮਣ ਹਨ, ਕਿਉਂਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ, ਸਿੱਖਾਂ ਨੂੰ ਤਸੀਹੇ ਦਿੱਤੇ ਤੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ। ਇਸ ਲਈ ਸਿੱਖ ਓਥੇ ਖ਼ੁਸ਼ ਨਹੀਂ ਰਹਿ ਸਕਦੇ। ਪਰ ਜੋ ਵਾਅਦੇ ਉਸ ਸਮੇਂ ਕੀਤੇ ਗਏ ਸਨ, ਬਾਅਦ ਵਿੱਚ ਉਨ੍ਹਾਂ ਤੋਂ ਅੱਖਾਂ ਮੀਟ ਲਈਆਂ ਗਈਆਂ, ਭਾਵੇਂ ਉਹ ਪੰਜਾਬੀ ਸੂਬੇ ਦਾ ਸਵਾਲ ਸੀ ਤੇ ਭਾਵੇਂ ਪੰਜਾਬੀ ਭਾਸ਼ਾ ਨੂੰ ਮਾਨਤਾ ਦੇਣ ਦਾ। ਅੰਗਰੇਜ਼ ਜਦੋਂ ਸਿੱਖਾਂ ਨੂੰ ਤੀਜੀ ਧਿਰ ਵਜੋਂ ਮਾਨਤਾ ਦੇ ਰਹੇ ਸਨ ਤਾਂ ਉਸ ਵੇਲੇ ਸਿੱਖ ਲੀਡਰਾਂ ਦੀ ਉਦਾਸੀਨਤਾ ਨੇ ਸਥਿਤੀਆਂ ਪਲਟ ਦਿੱਤੀਆਂ।
ਇਸ ਬਾਰੇ ਲੇਖਕ ਨੇ ਇੱਕ ਹਵਾਲਾ ਦਿੰਦਿਆਂ ਲਿਖਿਆ ਹੈ- “9 ਦਸੰਬਰ 1946 ਨੂੰ ਵਿਧਾਨ ਪ੍ਰੀਸ਼ਦ ਦੀ ਪਹਿਲੀ ਬੈਠਕ ਬਾਬੂ ਰਜਿੰਦਰ ਪ੍ਰਸਾਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਹਿਰੂ ਨੇ ਪਹਿਲਾ ਤੇ ਬੁਨਿਆਦੀ ਮਤਾ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ‘ਅਸੀਂ ਆਪਣੇ ਵਿਧਾਨ ਵਿੱਚ ਘੱਟ-ਗਿਣਤੀਆਂ ਤੇ ਪੱਛੜੀਆਂ ਜਾਤੀਆਂ ਆਦਿ ਦੀ ਪੂਰੀ ਰੱਖਿਆ ਦਾ ਪ੍ਰਬੰਧ ਕਰਾਂਗੇ। ਇਹ ਅਸਾਡਾ ਐਲਾਨ ਹੈ, ਦਿੱਤਾ ਹੋਇਆ ਬਚਨ ਹੈ ਅਤੇ ਸਾਰੇ ਸੰਸਾਰ ਦੇ ਰੂਬਰੂ ਕੀਤੀ ਹੋਈ ਪ੍ਰਤਿਗਿਆ ਹੈ। ਇਹ ਇਕਰਾਰਨਾਮਾ ਅਸੀਂ ਕਰੋੜਾਂ ਹਿੰਦੁਸਤਾਨੀਆਂ ਨਾਲ ਕਰ ਰਹੇ ਹਾਂ ਅਤੇ ਇਸ ਕਾਰਨ ਇਹ ਸਾਡੇ ਲਈ ਧਾਰਮਿਕ ਸਹੁੰ ਬਣ ਗਈ ਹੈ।’ ਪਰ 1950 ਵਿੱਚ ਹਿੰਦੁਸਤਾਨ ਦਾ ਵਿਧਾਨ ਬਣਨ ਵੇਲੇ ਇਸ ਤੋਂ ਮੂੰਹ ਮੋੜ ਲਿਆ ਗਿਆ। ਨਹਿਰੂ ਨੇ ਕਲਕੱਤੇ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਕੀਤੇ ਹੋਏ ਬਚਨ ਤੇ ਬੋਲੇ ਹੋਏ ਸ਼ਬਦ, ਸੰਬੋਧ ਕਦੇ ਵੀ ਸਥਿਰ-ਅਰਥੀ ਨਹੀਂ ਹੁੰਦੇ। ਉਨ੍ਹਾਂ ਦੇ ਅਰਥ ਓਹੋ ਹਨ, ਜੋ ਸਮਾਂ ਆਉਣ ‘ਤੇ ਡਾਢੀ ਧਿਰ ਕੱਢ ਲਵੇ।’ ਇਸ ਲਈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨੂੰ ਪੰਜਾਬੀ ਸੂਬੇ ਤੇ ਪੰਜਾਬੀ ਲਈ ਲੰਮੀ ਲੜਾਈ ਲੜਨੀ ਪਈ ਤੇ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਤੇ ਪਾਣੀਆਂ ‘ਤੇ ਅਧਿਕਾਰਾਂ ਤੋਂ ਵਾਂਝੇ ਰਹਿ ਕੇ ਇਹ ਲੜਾਈ ਸਥਾਈ ਰੂਪ ਵਿੱਚ ਬਰਕਰਾਰ ਹੈ।
ਸਿਰਦਾਰ ਕਪੂਰ ਸਿੰਘ ਉੱਘਾ ਵਿਦਵਾਨ, ਸਿੱਖ ਚਿੰਤਕ ਤੇ ਸੁਚੇਤ ਰਾਜਨੀਤੀਵੇਤਾ ਸੀ। ਉਹਨੇ ਦੇਸ਼ ਵੰਡ ਵੇਲੇ ‘ਕਮਿਊਨਲ ਐਵਾਰਡ’ ਬਾਰੇ ਲੰਮਾ ਚੌੜਾ ਲੇਖ ਇਸ ਕਿਤਾਬ ਵਿੱਚ ਲਿਖਿਆ ਹੈ। ਇਸ ਵਿੱਚੋਂ ਜਿਵੇਂ ਭਾਰਤ ਦੀਆਂ ਹੋਰ ਧਿਰਾਂ ਆਪਣਾ ਆਪਣਾ ਹਿੱਸਾ ਲੈ ਗਈਆਂ, ਓਥੇ ਸਿੱਖ ਇਸ ਤੋਂ ਖੁੰਝ ਗਏ। ਹਾਲਾਂਕਿ ਉਨ੍ਹਾਂ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦਾ ਖੋਹਿਆ ਹੋਇਆ ਖਾਲਸਾ ਦਰਬਾਰ ਸੀ। ਇਸ ਨੀਤੀ ਨਾਲ ਸਿੱਖਾਂ ਵਿੱਚ ਆਪਣੀ ਰਾਜ ਪ੍ਰਾਪਤੀ ਦੀਆਂ ਇਛਾਵਾਂ ਦਾ ਦਮਨ ਹੋ ਗਿਆ। ਇਹ ਸਿੱਖ ਲੀਡਰਾਂ ਦੀ ਅਲਪ ਬੁੱਧੀ ਕਰਕੇ ਹੋਇਆ ਜਾਂ ਉਹ ਉਨ੍ਹਾਂ ਸਥਿਤੀਆਂ ਵਿੱਚ ਆਪਣਾ ਕਲੇਮ ਉਸ ਤਾਕਤ ਨਾਲ ਪੇਸ਼ ਨਾ ਕਰ ਸਕੇ, ਜਿਸ ਦੇ ਸਿੱਟੇ ਵੱਜੋਂ ਉਹ ਅੱਜ ਤੱਕ ਡਿਕੋਡੋਲੇ ਖਾ ਰਹੇ ਹਨ।
‘ਸਾਚੀ ਸਾਖੀ’ ਕਿਤਾਬ ਅਜਿਹੇ ਮਸਲਿਆਂ ਨਾਲ ਦੋ ਚਾਰ ਹੋ ਰਹੀ ਹੈ। ਇਸ ਵਿੱਚ ਕਈ ਉੱਘੇ ਵਿਦਵਾਨਾਂ ਦੇ ਲੇਖ ਸ਼ਾਮਲ ਹਨ, ਜੋ ਸਿਰਦਾਰ ਕਪੂਰ ਸਿੰਘ ਦੀ ਸ਼ਖਸੀਅਤ ਤੇ ਉਨ੍ਹਾਂ ਦੀਆਂ ਲਿਖਤਾਂ ਦੀ ਪੁਣ-ਛਾਣ ਨਾਲ ਸੰਬੰਧਿਤ ਹਨ। ਇਨ੍ਹਾਂ ਵਿੱਚ ਗੁਰਤੇਜ ਸਿੰਘ, ਡਾ. ਸਵਰਾਜ ਸਿੰਘ, ਭਰਪੂਰ ਸਿੰਘ, ਜੈਤੇਗ ਸਿੰਘ ਅਨੰਤ, ਭਗਵਾਨ ਸਿੰਘ, ਪ੍ਰੋ. ਪ੍ਰੀਤਮ ਸਿੰਘ, ਗਜਿੰਦਰ ਸਿੰੰਘ, ਡਾ. ਜਸਬੀਰ ਸਿੰਘ ਸਾਬਰ, ਹਰਿਸਿਮਰਨ ਸਿੰਘ, ਹਰਪਾਲ ਸਿੰਘ ਸੇਵਕ, ਭਗਵੰਤ ਸਿੰਘ, ਅਵਤਾਰ ਸਿੰਘ ਤੇ ਹੋਰ ਕਈ ਵਿਦਵਾਨ ਸ਼ਾਮਲ ਹਨ।
ਇਸ ਕਿਤਾਬ ਬਾਰੇ ਲੰਮੇ ਸਮੇਂ ਤੋਂ ਬਹਿਸ ਚਲ ਰਹੀ ਹੈ, ਪਰ ਇਹ ਅਜਿਹੀ ਕਿਤਾਬ ਹੈ, ਜਿਸਨੂੰ ਪੰਜਾਬ ਦੇ ਸੱਭਿਆਚਾਰ, ਰਾਜਨੀਤੀ, ਧਰਮ ਤੇ ਸੰਕਟਾਂ ਦੇ ਪ੍ਰਸੰਗ ਵਿੱਚ ਖਾਰਜ ਨਹੀਂ ਕੀਤਾ ਜਾ ਸਕਦਾ। ਇਸ ਕਿਤਾਬ ਦੇ ਸੰਪਾਦਕ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਮੂਲ ਪਾਠ ਦੇ ਨਾਲ-ਨਾਲ ਲੰਮੀ ਚੌੜੀ ਭੂਮਿਕਾ ਤੇ ਵਿਦਵਾਨਾਂ ਦੇ ਇਸ ਬਾਰੇ ਵਿਚਾਰਾਂ ਨੂੰ ਇੱਕ ਥਾਂ ਇਕੱਠਾ ਕਰ ਦਿੱਤਾ ਹੈ। ਇਹਦੇ ਨਾਲ ਅਗਲਾ ਸੰਵਾਦ ਤੁਰੇਗਾ ਤੇ ਵਰਤਮਾਨ ਨੂੰ ਇਤਿਹਾਸ, ਰਾਜਨੀਤੀ, ਧਰਮ ਤੇ ਉਨ੍ਹਾਂ ਗੁੰਝਲਾਂ ਨਾਲ ਦੋ-ਚਾਰ ਹੋਣ ਦਾ ਮੌਕਾ ਮਿਲੇਗਾ, ਜਿਹੜੀਆਂ ਭਵਿੱਖ ਵਿੱਚ ਵੱਡੇ ਸੰਕਟ ਪੈਦਾ ਕਰ ਸਕਦੀਆਂ ਹਨ।
