ਸੇਵਾ ਭਾਵਨਾ ਜਾਂ ਭੁੱਖ ਚੌਧਰ ਦੀ!

ਵਿਚਾਰ-ਵਟਾਂਦਰਾ

ਖਾਸਕਰ ਪਰਦੇਸਾਂ ਅੰਦਰ ਬਹੁਤੇ ਗੁਰੂਘਰਾਂ ਦੇ ਪ੍ਰਬੰਧਨ ਨਾਲ ਜੁੜੀਆਂ ਵੱਖ-ਵੱਖ ਵਿਚਾਰਧਾਰਕ ਧਿਰਾਂ ਵਿੱਚ ਦਿਨੋ-ਦਿਨ ਵਧਦਾ ਜਾ ਰਿਹਾ ਪਾੜਾ, ਬਹੁਤ ਹੀ ਚਿੰਤਾਜਨਕ ਰੁਝਾਨ ਹੈ। ਕੀ ਇਸ ਪਿੱਛੇ ਸੱਚ-ਮੁੱਚ ਸੇਵਾ ਭਾਵਨਾ ਜੁੜੀ ਹੋਈ ਹੈ ਜਾਂ ਸਿਰਫ ਆਪਣੀ ਚੌਧਰ ਜਾਂ ਦਬਦਬਾ ਬਹਾਲ ਕਰਨ ਦੀ ਮਨਸ਼ਾ ਦਾ ਵਧਣਾ ਹੈ? ਇਸ ਦਾ ਜਵਾਬ ਬਹੁਤੀ ਸੰਗਤ ਜਾਣਦੀ ਹੀ ਹੈ। ਖ਼ੈਰ! ਸਾਡੇ ਗੁਰੂਘਰ ਸਾਡੀ ਆਸਥਾ ਦੇ ਪ੍ਰਤੀਕ ਹਨ, ਤੇ ਇੱਥੇ ਪੈਦਾ ਹੋ ਰਹੇ ਗੰਭੀਰ ਮਸਲਿਆਂ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਅਸੀਂ ਇਸ ਗੱਲ ਦੀ ਤਾਈਦ ਨਹੀਂ ਕਰਦੇ ਕਿ ਸਾਰੇ ਗੁਰੂਘਰਾਂ ਵਿੱਚ ਅਜਿਹਾ ਹੈ; ਪਰ ਸੇਵਾ ਭਾਵਨਾ ਅਤੇ ਚੌਧਰ ਦੇ ਸੰਦਰਭ ਵਿੱਚ ਇਹ ਲਿਖਤ ਵਿਚਾਰਨਯੋਗ ਹੈ…।

ਨਿੰਮਾ ਡੱਲੇਵਾਲਾ
ਫੋਨ: 513-432-9754

ਸੇਵਾ ਅਤੇ ਚੌਧਰ- ਦੋ ਵੱਖੋ ਵੱਖ ਸੋਚਾਂ ਦੀ ਸਿਰਜਣਾ ਦਾ ਪ੍ਰਗਟਾਵਾ ਹੈ, ਜਿਸ ਦਾ ਸੁਮੇਲ ਕਿਸੇ ਵੀ ਮੋੜ ਉਤੇ ਜਾ ਕੇ ਹੋਣਾ ਅਤਿਕਥਨੀ ਅਖਵਾਏਗਾ। ਅਗਰ ਹੈ ਤਾਂ ਸਮਝੋ ਸੱਚਾਈ ਤੋਂ ਕੋਹਾਂ ਦੂਰ, ਝੂਠ ਦੇ ਪਾਏ ਅਨੇਕਾਂ ਪਰਦਿਆਂ ਥੱਲੇ ਹੋਵੇਗਾ। ਇਹ ਦੋਵੇਂ ਅਜਿਹੇ ਪ੍ਰਾਹੁਣੇ ਹਨ, ਜੋ ਕਦੇ ਵੀ ਇੱਕੋ ਮੰਜੇ ਉਤੇ ਬੈਠ ਹੀ ਨਹੀਂ ਸਕਦੇ। ਕੋਈ ਵੀ ਕਿੰਨੇ ਉਦਮ ਕਰ ਲਏ, ਇਹ ਉਹ ਦੋ ਤਲਵਾਰਾਂ ਹਨ, ਜੋ ਕਦੇ ਵੀ ਇੱਕ ਮਿਆਨ ਵਿੱਚ ਨਹੀਂ ਰਹਿ ਸਕਦੀਆਂ। ਜਿਨ੍ਹਾਂ ਮਨੁੱਖ-ਮਨ ਅੰਦਰ ਸੇਵਾ ਸ਼ਰਧਾ ਹੈ, ਉਹ ਕਦੇ ਵੀ ਚੌਧਰ ਦੀ ਭੁੱਖ ਨਹੀਂ ਖਿਲਾਰਦੇ ਅਤੇ ਜਿਨ੍ਹਾਂ ਨੂੰ ਚੌਧਰ ਦੀ ਭੁੱਖ ਲੱਗ ਜਾਵੇ, ਉਹ ਸੇਵਾ ਦਾ ਝੂਠਾ ਨਕਾਬ ਤਾਂ ਜ਼ਰੂਰ ਪਾ ਲੈਣਗੇ, ਪਰ ਚੌਧਰ ਦੀ ਬੁਰਕੀ ਖਾਏ ਬਿਨਾ ਡੱਕਾਰ ਨਹੀਂ ਮਾਰਦੇ; ਭਾਵੇਂ ਲੱਖ ਕੋਈ ਲਾਹਣਤਾਂ ਪਾਵੇ। ਇਨ੍ਹਾਂ ਦੋਹਾਂ ਰੰਗਾਂ ਦੀ ਰੰਗੋਲੀ ਸਾਡੇ ਘਰਾਂ ਵਿੱਚ ਵੀ ਮੌਜੂਦ ਹੈ। ਮਗਰ ਸੇਵਾ ਦੀ ਭਾਵਨਾ ਹੈ ਤਾਂ ਘਰੇ ਮਾਪਿਆਂ ਦੀ ਕਰ ਲਓ, ਜੋ ਰੱਬ ਤੋਂ ਵੀ ਪਹਿਲਾਂ ਆਉਂਦੇ ਹਨ! ਪਰ ਅਸੀਂ ਵਿਖਾਵਿਆਂ ਦੇ ਆਦੀ ਬਣ ਚੁਕੇ ਹਾਂ। ਜਦੋਂ ਤੱਕ ਸਾਨੂੰ ਕੋਈ ਨੇਕੀ ਕਰਦੇ ਵੇਖ ਵਡਿਆਈ ਨਾ ਕਰੇ, ਅਸੀਂ ਉਦੋਂ ਤੱਕ ਪ੍ਰਵਾਨ ਨਹੀਂ ਮੰਨਦੇ। ਦੂਜੀ ਗੱਲ ਕਰੀਏ ਚੌਧਰ ਦੀ, ਇਸ ਦੀਆਂ ਸ਼ੁਰੂਆਤਾਂ ਵੀ ਘਰੋਂ ਹੀ ਹੁੰਦੀਆਂ ਨੇ, ਅਗਰ ਘਰੇ ਭੁੱਖੇ ਹੋ ਤਾਂ ਬਾਹਰ ਵੀ ਰੱਜਵੀਂ ਨਹੀਂ ਮਿਲਦੀ। ਅਗਰ ਕੋਈ ਆਪਣੇ ਘਰੇ ਚੌਧਰੀ ਨਹੀਂ, ਸ਼ਾਇਦ ਉਸੇ ਅੰਦਰ ਇਸ ਦੀ ਲਾਲਸਾ ਦਾ ਬੀਜ ਪੁੰਗਰਦਾ ਹੈ। ਇਸ ਦੇ ਦੂਜੇ ਪੱਖ ਵੱਲ ਝਾਤ ਮਾਰੀਏ ਤਾਂ ਬੜੀ ਵੱਡੀ ਜ਼ਿੰਮੇਵਾਰੀ ਦਾ ਖੁਲਾਸਾ ਨਜ਼ਰ ਆਉਂਦਾ ਹੈ। ਜ਼ਿੰਮੇਵਾਰੀਆਂ ਚਾਹੇ ਘਰ ਦੀਆਂ ਹੋਣ, ਚਾਹੇ ਬਾਹਰ ਦੀਆਂ- ਨਿਭਾਉਣੀਆਂ ਤੇ ਨਜਿੱਠਣੀਆਂ ਇੰਨੀਆਂ ਵੀ ਸੌਖੀਆਂ ਨਹੀਂ ਹੁੰਦੀਆਂ, ਜਿੰਨੀਆਂ ਵੇਖਣ ਨੂੰ ਲੱਗਦੀਆਂ ਹਨ। ਉਮਰਾਂ ਦੇ ਤਜਰਬੇ ਖਰਚ ਹੋ ਜਾਇਆ ਕਰਦੇ ਹਨ!
ਗੱਲ ਸੇਵਾ ਭਾਵਨਾ ਦੀ, ਤੇ ਚੌਧਰ ਵਾਲੀ ਭੁੱਖ ਦੀ ਕਰਾਂ
ਜੋ ਮਨ ਦੇ ਵਿਹੜੇ ਉੱਗ ਪਿਆ, ਗੱਲ ਲਾਲਸਾ ਵਾਲੇ ਰੁੱਖ ਦੀ ਕਰਾਂ।
ਕਰੀ ਜਾਵਣ ਭੰਗ ਮਰਿਆਦਾ ਨੂੰ, ਗੱਲ ਗੁਰੂਘਰਾਂ ਦੇ ਦੁੱਖ ਦੀ ਕਰਾਂ।
ਜਿਹੜੇ ਸਮਝਣ ਸੇਵਾ ਚੌਧਰ ਨੂੰ, ਗੱਲ ਹਰ ਇੱਕ ਉਸ ਮਨੁੱਖ ਦੀ ਕਰਾਂ।
ਗੁਰੂਘਰਾਂ ਦੇ ਵਿੱਚ ਲੜਾਈਆਂ ਨੇ, ਆਸ ਕਿੱਥੋਂ ‘ਨਿੰਮਿਆ’ ਸੁੱਖ ਦੀ ਕਰਾਂ।
ਕਦੇ ਸੁਣਨ ਵਿੱਚ ਆਇਆ ਕਰਦਾ ਸੀ ਕਿ ਕਿਸੇ ਸ਼ਹਿਰ ਦੇ ਗੁਰੂਘਰ ਅੰਦਰ ਪੱਗਾਂ ਲੱਥੀਆਂ ਤੇ ਪੁਲਿਸ ਨੰਗੇ ਸਿਰ ਜੁੱਤੀਆਂ ਸਮੇਤ ਅੰਦਰ ਗਈ। ਬੜੀ ਖੁਸ਼ੀ ਹੁੰਦੀ ਸੀ ਜਦੋਂ ਇਹ ਸੁਣਨ ਨੂੰ ਮਿਲਦਾ ਸੀ ਕਿ ਗੁਰੂਘਰ ਦੀ ਸੰਗਤ ਦੀ ਏਕਤਾ ਸਦਕਾ ਮਾਹੌਲ ਬੜੀ ਸ਼ਾਂਤੀ ਪੂਰਵਕ ਹੈ, ਅਗਰ ਕੋਈ ਧੜੇਬਾਜ਼ੀ ਵੀ ਹੁੰਦੀ ਸੀ ਤਾਂ ਗੁਰੂਘਰ ਦੀਆਂ ਗਤੀਵਿਧੀਆਂ ਵਿੱਚ ਕੋਈ ਦਖਲ-ਅੰਦਾਜ਼ੀ ਨਹੀਂ ਸੀ ਹੁੰਦੀ, ਪਰ ਹੁਣ ਤਾਂ ਬਹੁਤੇ ਗੁਰੂਘਰਾਂ ਵਿੱਚ ਦਿਨੋ-ਦਿਨ ਮਾਹੌਲ ਵਿੱਚ ਆਏ ਵਿਗਾੜ ਅਤੇ ਭੰਗ ਹੁੰਦੀ ਸ਼ਾਂਤੀ ਨੂੰ ਵੇਖ ਕੇ ਮੇਰੀ ਕਲਮ ਤੋਂ ਬੋਲੇ ਬਿਨਾ ਰਿਹਾ ਨਾ ਗਿਆ ਤੇ ਤੁਰ ਪਈ ਆਪਣੇ ਸੁਝਾਵਾਂ ਤੇ ਸਲਾਹਾਂ ਨੂੰ ਸਾਂਝਿਆਂ ਕਰਨ; ਜੋ ਇੱਕ ਕਲਮ ਦਾ ਆਪਣਾ ਫਰਜ਼ ਵੀ ਬਣਦਾ ਹੈ ਕਿ ਉਹ ਸ਼ਹਿਰ, ਸਮਾਜ ਅਤੇ ਭਾਈਚਾਰੇ ਦੀਆਂ ਗਤੀਵਿਧੀਆਂ ਉਲੀਕ ਮੀਡੀਏ ਦੇ ਮਾਧਿਆਮ ਰਾਹੀਂ ਅਸਲ ਕਹਾਣੀ ਲੋਕਾਂ ਦੇ ਰੂਬਰੂ ਕਰੇ।
ਕਦੇ ਇਹ ਸੁਣ ਕੇ ਮਾਣ ਮਹਿਸੂਸ ਹੁੰਦਾ ਸੀ ਕਿ ਫਲਾਣੇ ਸ਼ਹਿਰ ਵਿੱਚ ਪਿਛਲੇ ਦੋ-ਚਾਰ ਦਹਾਕਿਆਂ ਤੋਂ ਇੱਕ ਹੀ ਗੁਰੂਘਰ ਹੈ ਅਤੇ ਇਹ ਸਭ ਸੰਗਤ ਦੇ ਆਪਸੀ ਭਾਈਚਾਰੇ ਦੀ ਗੂੜ੍ਹੀ ਸਾਂਝ ਦੀ ਬਾਤ ਵੀ ਪਾਉਂਦਾ ਸੀ। ਪਰ ਜਿਵੇਂ ਜਿਵੇਂ ਨਵੀਂ ਸੰਗਤ ਆਉਂਦੀ ਗਈ ਤੇ ਗਿਣਤੀ ਵਧਦੀ ਗਈ, ਦਿਨੋ ਦਿਨ ਮੱਤਭੇਦ ਵੀ ਵਧਦੇ ਗਏ, ਕਿਉਂਕਿ ਕਈ ਇਹੋ ਜਿਹੇ ਵੀ ਨਵੇਂ ਚਿਹਰੇ ਸੰਗਤ ਦਾ ਹਿੱਸਾ ਬਣੇ, ਜਿਹੜੇ ਬੜੇ ਇਛੁੱਕ ਅਤੇ ਕਾਹਲੇ ਹਨ ਅੱਗੇ ਆਉਣ ਲਈ। ਅੱਗੇ ਹੋ ਕੇ ਗੁਰੂਘਰਾਂ ਦੀਆਂ ਜ਼ਿੰਮੇਵਾਰੀਆਂ ਦੀ ਸਾਂਭ-ਸੰਭਾਲ ਕਰਨਾ ਬੜਾ ਉੱਤਮ ਕਾਰਜ ਹੈ, ਪਰ ਪਹਿਲਾਂ ਉਸ ਦੇ ਯੋਗ ਬਣਨਾ ਵੀ ਜ਼ਰੂਰੀ ਹੈ, ਕਿਉਂਕਿ ਪਹਿਲੇ ਪੌਡੇ ਤੋਂ ਸਿੱਧਾ ਆਖਰੀ ਪੌਡੇ `ਤੇ ਪਹੁੰਚਣਾ ਕਦੇ ਵੀ ਸੰਭਵ ਨਹੀਂ ਹੁੰਦਾ।
ਮੰਨਿਆ ਕਿ ਨਵੀਂ ਕਮੇਟੀ ਦੀ ਚੋਣ ਸੰਗਤ ਦੁਆਰਾ ਕਰਨ/ਚੁਣਨ ਦੀ ਰੀਤ ਹੈ, ਪਰ ਯੋਗਤਾਵਾਂ ਦਾ ਧਿਆਨ ਵੀ ਅੱਖੋ-ਪਰੋਖੇ ਨਹੀਂ ਕਰਨਾ ਚਾਹੀਦਾ। ਵੇਖਣਾ ਜ਼ਰੂਰੀ ਹੁੰਦਾ ਹੈ ਕਿ ਗੁਰੂਘਰ ਦੀ ਵਾਗਡੋਰ ਕੁਝ ਸਮੇਂ ਲਈ ਸੰਭਾਲਣ ਜਾ ਰਿਹਾ ਸ਼ਖਸ ਇਸ ਯੋਗ ਵੀ ਹੈ? ਕੀ ਉਹ ਚੰਗੀ ਸੋਚ ਦਾ ਮਾਲਕ ਹੈ? ਚੰਗੇ ਵਿਚਾਰਾਂ ਦਾ ਧਨੀ ਹੈ ਜਾਂ ਸਿਰਫ ਪ੍ਰਧਾਨਗੀ ਦੇ ਮੋਹ ਦੀ ਪੰਡ ਹੀ ਚੁੱਕੀ ਫਿਰਦਾ ਹੈ! ਕੁਝ ਕਸੌਟੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ `ਤੇ ਖਰੇ ਉਤਰਨਾ ਹੀ ਕਮੇਟੀ ਅੰਦਰ ਦਾਖਲੇ ਦੀ ਪ੍ਰਵਾਨਗੀ ਹੋਵੇ। ਜੇ ਅੰਮ੍ਰਿਤਧਾਰੀ ਨਹੀਂ, ਕੇਸਾਧਾਰੀ ਹੋਣਾ ਜ਼ਰੂਰੀ ਹੋਵੇ। ਜਿਹੜੇ ਮੈਂਬਰਾਂ ਹੱਥ ਸਾਰੀ ਕਾਰਗੁਜ਼ਾਰੀ ਸੌਂਪ ਰਹੇ ਹਾਂ, ਕੀ ਉਨ੍ਹਾਂ ਨੂੰ ਸਿਰਫ ਪਹਿਲੀ ਬਾਣੀ ਦਾ ਅਭਿਆਸ ਵੀ ਹੈ, ਕੀ ਉਹ ਸ਼ਰਾਬ ਪੀਣ ਵਰਗੇ ਕੋਈ ਹੋਰ ਕੁਕਰਮ ਤੋਂ ਰਹਿਤ ਹਨ? ਗੁਰੂਘਰਾਂ ਦੇ ਕਾਰਜ ਇਮਾਨਦਾਰੀਆਂ, ਦਿਆਨਤਦਾਰੀਆਂ ਤੋਂ ਮੁੱਖ ਮੋੜ ਕੇ ਨਹੀਂ ਨਿਭਾਏ ਜਾ ਸਕਦੇ; ਜੋ ਚੌਧਰ ਦੀਆਂ ਲੜਾਈਆਂ ਲੜਦੇ ਨੇ ਕੀ ਕਿਸੇ ਨੇ ਉਨ੍ਹਾਂ ਨੂੰ ਕਦੇ ਜੂਠੇ ਭਾਂਡੇ ਮਾਂਜਦੇ ਜਾਂ ਰਸੋਈ ਅੰਦਰ ਹੱਥ ਵਟਾਉਂਦੇ ਦੇਖਿਆ! ਅਗਰ ਇਹ ਰਿਵਾਜ ਬਣ ਜਾਵੇ ਕਿ ਪ੍ਰਧਾਨ ਓਹੀ, ਜੋ ਭਾਂਡੇ ਧੋਣ ਦੀ ਸੇਵਾ ਨਿਭਾਏਗਾ। ਸੱਚ ਜਾਣਿਓ, ਤੁਹਾਨੂੰ ਪ੍ਰਧਾਨ ਰੱਖਣ ਲਈ ਬੰਦਾ ਲੱਭਣਾ ਮੁਸ਼ਕਿਲ ਹੋ ਜਾਵੇਗਾ। ਗ੍ਰੰਥੀ ਸਿੰਘ ਵਾਂਗ ਪ੍ਰਧਾਨ ਵੀ ਤਨਖਾਹਾਂ `ਤੇ ਰੱਖਣੇ ਪੈਣਗੇ; ਪਰ ਲਾਲਚ ਅਤੇ ਲੜਾਈਆਂ ਵੀ ਵਧ ਸਕਦੀਆਂ ਨੇ, ਕਿਉਂਕਿ ਕਈ ਥਾਈਂ ਤਾਂ ਪ੍ਰਧਾਨਗੀ ਲਈ ਲੜਨੋ ਨਹੀਂ ਹਟਦੇ, ਜਿਵੇਂ ਕਿਤੇ ਮੋਟੀਆਂ ਤਨਖਾਹਾਂ ਮਿਲਦੀਆਂ ਹੋਣ!
ਜਿਹਨੂੰ ਚਾਓ ਹੈ ਸੇਵਾ ਦਾ, ਮਨ ਲਾ ਕੇ ਕਰਨ ਉਹ ਸੇਵਾ।
ਪਾ ਤਖ਼ਤੀ ਚੌਧਰ ਦੀ, ਕਿਹੜਾ ਖਬਰੇ ਭਾਲਦੇ ਮੇਵਾ।
ਮਨ ਮੈਲੇ ਲਈ ਫਿਰਦੇ, ਨਾਲੇ ਕੌੜਾ ਬੋਲਦੀ ਜਿਹਵਾ।
ਗੁਰੂਘਰ ਤਾਂ ਬਖ਼ਸ਼ ਦਿਓ, ਕੋਈ ਹੋਰ ਲੜਾਈਆਂ ਲੜ ਲੌ,
ਰੱਬ ‘ਨਿੰਮਿਆ’ ਨਾ ਬLਖਸ਼ੂ, ਮਾਫ ਕਰੂ ਨਾ ਨਾਨਕ ਦੇਵਾ।
ਮਸਲੇ ਬੈਠ ਕੇ ਅੰਦਰ ਵੜ ਕੇ ਵੀ ਨਬੇੜੇ ਜਾ ਸਕਦੇ ਹਨ, ਪਰ ਇੱਕ ਗੱਲ ਹੋਰ ਜੋ ਨਜ਼ਰਅੰਦਾਜ਼ ਨਹੀਂ ਕਰੀ ਜਾ ਸਕਦੀ ਕਿ ਕਈ ਸੁਘੜ-ਸਿਆਣੇ ਪਤਵੰਤੇ ਜੋ ਚਿਰਾਂ ਤੋਂ ਗੁਰੂਘਰ ਨਾਲ ਸਬੰਧਿਤ ਹਨ, ਉਹ ਕੱਲ੍ਹ ਆਏ ਕੁਝ ਨਵੇਂ ਚਿਹਰਿਆਂ ਨੂੰ ਮੋਹਰੇ ਬਣਾ ਕੇ ਕਿਉਂ ਡਾਲਰਾਂ ਵਾਂਗੂੰ ਵਰਤ ਰਹੇ ਹਨ! ਕੀ ਉਨ੍ਹਾਂ ਦੇ ਆਪਣੇ ਮੋਢੇ ਇੰਨੇ ਕਮਜ਼ੋਰ ਹੋ ਗਏ, ਜੋ ਕਿਸੇ ਦੇ ਮੋਢੇ ਰੱਖ ਚਲਾਉਣ ਦੀਆਂ ਨੌਬਤਾਂ ਆ ਗਈਆਂ! ਅਗਰ ਤੀਲੀ ਲਾ ਕੇ ਹੱਥ ਸੇਕਣੇ ਬੰਦ ਹੋ ਜਾਣ ਤਾਂ ਸ਼ਾਇਦ ਗੁਰੂਘਰਾਂ ਵਿੱਚ ਲਗਾਈ ਜਾਣ ਵਾਲੀ ਨਫਰਤ ਦੀ ਅੱਗ ਉਤੇ ਕਾਬੂ ਪੈ ਸਕਦਾ ਹੈ; ਨਹੀਂ ਤਾਂ ਹੱਥ ਇੱਕ ਦੂਜੇ ਦੀਆਂ ਪੱਗਾਂ ਦੇ ਕਰੀਬ ਤਾਂ ਪਹੁੰਚ ਹੀ ਚੁਕੇ ਹਨ ਤੇ ਪੱਗਾਂ ਲੱਥਣ ਵਾਲੇ ਦ੍ਰਿਸ਼ ਵੀ ਵੇਖਣ ਨੂੰ ਮਿਲ ਸਕਦੇ ਹਨ। ਮੈਂ ਆਪਣੀ ਕਲਮ ਜ਼ਰੀਏ ਇੱਕ ਅਪੀਲ ਹਰ ਉਸ ਗੁਰੂਘਰ ਦੇ ਉਨ੍ਹਾਂ ਸੂਝਵਾਨ ਅਤੇ ਸਿਆਣੇ ਵੀਰਾਂ ਨੂੰ ਕਰਨੀ ਚਾਹੁੰਦਾ ਹਾਂ, ਜੋ ਵੀ ਗੁਰੂਘਰ ਦੀ ਚੌਧਰ ਵਾਲੇ ਝਗੜਿਆਂ ਵਿੱਚ ਆਪਣੀ ਸ਼ਮੂਲੀਅਤ ਰੱਖਦੇ ਹਨ। ਜੇ ਸਿਆਣਪ ਵਰਤਦਿਆਂ ਆਪਣੀ ਇਤਫਾਕ ਪੈਦਾ ਕਰਨ ਲਈ ਅੱਗੇ ਆਉਣ ਤਾਂ ਵਿਗੜ ਰਿਹਾ ਮਾਹੌਲ ਅਤੇ ਭੰਗ ਹੋ ਰਹੀ ਸ਼ਾਂਤੀ ਮੁੜ ਬਹਾਲ ਹੋ ਸਕਦੀ ਹੈ।
ਸਾਡੇ ਗੁਰੂਘਰ ਸਾਡੀ ਆਸਥਾ ਦੇ ਪ੍ਰਤੀਕ ਹਨ। ਰੁਝੇਵਿਆਂ ਭਰੀ ਜ਼ਿੰਦਗੀ `ਚੋਂ ਵਕਤ ਕੱਢ ਜਿੱਥੇ ਆ ਅਸੀਂ ਸੁੱਖ-ਸ਼ਾਂਤੀ ਦੀ ਆਸ ਰੱਖਦੇ ਹਾਂ। ਗੁਰੂਘਰਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪੈਦਾ ਹੋ ਰਹੇ ਗੰਭੀਰ ਮਸਲਿਆਂ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਹੱਲ ਬੜਾ ਸੌਖਾ ਹੈ- ਇੱਕ ਪਿੱਛੇ ਹਟ ਜਾਵੇ, ਦੂਜੇ ਨੂੰ ਅੱਗੇ ਆਉਣ ਦੇਵੇ। ਇਸ ਛੋਟੇ ਜਿਹੇ ਤਿਆਗ ਅੰਦਰ ਅੰਤਾਂ ਦੀ ਇੱਜ਼ਤ ਅਤੇ ਰੱਬ ਦੀ ਰਹਿਮਤ ਹੈ। ਧੌਣਾਂ ਵਿਚਲੇ ਕੀਲੇ ਮਨ ਵਿਚਲੀ ਨਿਮਰਤਾ ਨੂੰ ਜਿਉਂਦੀ ਨਹੀਂ ਰਹਿਣ ਦਿਆ ਕਰਦੇ। ਮੇਰੀ ਇਹ ਲਿਖਤ ਕਿਸੇ ਇੱਕ ਪੱਖ ਨੂੰ ਮੁਖਾਤਿਬ ਨਹੀਂ, ਤੇ ਨਾ ਹੀ ਕਿਸੇ ਇੱਕ `ਤੇ ਕੇਂਦਰਿਤ ਹੈ। ਸਾਂਝੀਵਾਲਤਾ ਅਤੇ ਚੰਗੀ ਭਾਈਚਾਰਕ ਸਾਂਝ ਲਈ ਇੱਕ ਸੁਨੇਹਾ ਹੈ। ਜੇ ਕਿਸੇ ਨੂੰ ਵੀ ਮੇਰੇ ਕਿਸੇ ਸ਼ਬਦ ਦਾ ਤੀਰ ਚੁਭਿਆ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ।
ਸੋਚ ਦੇ ਕੱਦ ਮੁਤਾਬਿਕ, ਲਿਖ ਦਿੱਤੀਆਂ ਜੋ ਕਹਿਣੀਆਂ ਸੀ।
ਜੇਕਰ ਸਾਂਝੀਆਂ ਨਾ ਕਰਦਾ, ਮਨ `ਤੇ ਬੋਝ ਬਣ ਰਹਿਣੀਆਂ ਸੀ।
ਮੰਨੋ ਭਾਵੇਂ ਨਾ ਮੰਨੋ, ਮੈਨੂੰ ਕਲਮ ਦੀਆਂ ਮੰਨਣੀਆਂ ਪੈਣੀਆਂ ਸੀ।
ਐਵੇਂ ਨਾ ਅਕਲਾਂ ਵੰਡ ਦਿਲਾ, ਕਿਤੋਂ ਤੂੰ ਵੀ ਤਾਂ ਮੁੱਲ ਲੈਣੀਆਂ ਸੀ।
ਮੰਨਿਆ ਲੋਕ ਸਿਆਣੇ ਬੜੇ, ਪਰ ਨਿੰਮਿਆ ਕਹਿਣੀਆਂ ਪੈਣੀਆਂ ਸੀ।

Leave a Reply

Your email address will not be published. Required fields are marked *