‘ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ’ ’ਤੇ ਵਿਸ਼ੇਸ਼
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਫ਼ੋਟੋਗ੍ਰਾਫ਼ੀ ਇੱਕ ਮਹਾਨ ਕਲਾ ਹੈ, ਜੋ ਕੈਮਰੇ ਦੀ ਅੱਖ ਨਾਲ ਸੱਚ ਤੇ ਸੁੰਦਰਤਾ ਨੂੰ ਬਿਆਨ ਕਰਕੇ ਦੁਨੀਆਂ ਦੀਆਂ ਕਈ ਘਟਨਾਵਾਂ ਤੇ ਭਾਵਨਾਵਾਂ ਨੂੰ ਅਮਰ ਕਰ ਚੁੱਕੀ ਹੈ। 19 ਅਗਸਤ ਨੂੰ ‘ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ’ ਹੈ ਤੇ ਇਹ ਦਿਵਸ ਉਨ੍ਹਾਂ ਸਾਰੇ ਮਹਾਨ ਫ਼ੋਟੋਗ੍ਰਾਫ਼ਰਾਂ ਨੂੰ ਯਾਦ ਕਰਨ ਤੇ ਸਲਾਮ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਪੂਰੀ ਸ਼ਿੱਦਤ, ਜਨੂੰਨ ਅਤੇ ਨਿਰਪੱਖਤਾ ਨਾਲ ਕਈ ਕੌਮੀ ਤੇ ਕੌਮਾਂਤਰੀ ਘਟਨਾਵਾਂ ਨੂੰ ਕੈਮਰੇ ’ਚ ਕੈਦ ਕੀਤਾ ਹੈ ਤੇ ਕੁਦਰਤ ਨੂੰ ਇੰਨਾ ਨੇੜੇ ਹੋ ਕੇ ਤੇ ਖ਼ੂਬਸੂਰਤੀ ਨਾਲ ਫ਼ੋਟੋਬੱਧ ਕੀਤਾ ਹੈ ਕਿ ਕਾਦਰ ਦੇ ਝਲਕਾਰੇ ਉਸਦੀ ਕੁਦਰਤ ਵਿੱਚੋਂ ਸਾਖਿਆਤ ਦਿਸਦੇ ਨਜ਼ਰ ਆਉਂਦੇ ਹਨ।
ਸੰਨ 2010 ਵਿਚ ਪਹਿਲਾ ‘ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ’ ਮਨਾਇਆ ਗਿਆ ਸੀ ਤੇ ਉਸ ਦਿਨ 270 ਤੋਂ ਵੱਧ ਨਾਮਵਰ ਫ਼ੋਟੋਗ੍ਰਾਫ਼ਰਾਂ ਨੇ ‘ਗਲੋਬਲ ਆਨਲਾਈਨ ਗੈਲਰੀ’ ਵਿੱਚ ਆਪਣੀਆਂ ਅਤਿਅੰਤ ਕਲਾਤਮਕ ਤੇ ਸ਼ਾਨਦਾਰ ਤਸਵੀਰਾਂ ਨੂੰ ਪੇਸ਼ ਕੀਤਾ ਸੀ ਤੇ ਸੌ ਤੋਂ ਵੱਧ ਦੇਸ਼ਾਂ ਦੇ ਲੋਕਾਂ ਨੇ ਇਸ ਫ਼ੋਟੋ ਗੈਲਰੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਨਿਹਾਲ ਕੀਤਾ ਸੀ।
ਇਸ ਦਿਵਸ ਮੌਕੇ ਇਹ ਜਾਣਨਾ ਬੇਹੱਦ ਦਿਲਚਸਪ ਹੈ ਕਿ ਫ਼ੋਟੋਗ੍ਰਾਫ਼ੀ ਦੀ ਕਲਾ ਨੂੰ ਦੁਨੀਆਂ ਦੇ ਸਾਹਮਣੇ ਲਿਆ ਕੇ ਪ੍ਰਚਲਿਤ ਕਰਨ ਵਿੱਚ ਸਭ ਤੋਂ ਮਹਾਨ ਯੋਗਦਾਨ ਫ਼ਰਾਂਸ ਦਾ ਹੈ। ਫ਼ਰਾਂਸੀਸੀ ਸ਼ਖ਼ਸੀਅਤ ਲੁਇਸ ਡਾਗਰੇ ਨੇ ਇੱਕ ਚਮਤਕਾਰ ਨੂੰ ਜਨਮ ਦਿੰਦਿਆਂ ਹੋਇਆਂ ਫ਼ੋਟੋ ਖਿੱਚਣ ਤੇ ਬਣਾਉਣ ਦੀ ਪ੍ਰਕਿਰਿਆ ਈਜਾਦ ਕੀਤੀ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਵਿਸ਼ਵ ਦੀ ਇਸ ਨਵੀਂ ਤੇ ਦਿਲਚਸਪ ਖੋਜ ਲਈ ਕੋਈ ਵੀ ਪੈਸਾ ਮੰਗੇ ਬਗ਼ੈਰ ਇਹ ਪ੍ਰਕਿਰਿਆ ਫ਼ਰਾਂਸ ਦੀ ਵਿਗਿਆਨ ਅਕਾਦਮੀ ਵੱਲੋਂ ਮੁਫ਼ਤ ਵਿੱਚ ਹੀ ਦੁਨੀਆਂ ਦੇ ਹਵਾਲੇ ਕਰ ਦਿੱਤੀ ਗਈ ਸੀ। ਇਹ ਐਲਾਨ ਤੇ ਹਵਾਲਗੀ 19 ਅਗਸਤ 1839 ਦੇ ਦਿਨ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫ਼ਰਾਂਸ ਦੇ ਹੀ ਜੋਸਫ਼ ਨਿਪਸੇ ਅਤੇ ਉਪਰੋਕਤ ਲੁਇਸ ਡਾਗਰੇ ਨੂੰ ਸਾਂਝੇ ਤੌਰ ’ਤੇ ਫ਼ੋਟੋਗ੍ਰਾਫ਼ੀ ਦੀ ਕਲਾ ਦਾ ਪਿਤਾਮਾ ਮੰਨਿਆ ਜਾਂਦਾ ਹੈ। ਸੰਨ 1861 ਵਿੱਚ ਦੁਨੀਆਂ ਦੀ ਸਭ ਤੋਂ ਪਹਿਲੀ ਰੰਗਦਾਰ ਫ਼ੋਟੋ ਮਹਾਨ ਖੋਜੀ ਥਾਮਸ ਸੱਟਨ ਦੇ ਯਤਨਾਂ ਸਦਕਾ ਸਾਹਮਣੇ ਆਈ ਸੀ। ਸੰਨ 1884 ਵਿਚ ਨਿਊ ਯਾਰਕ ਵਾਸੀ ਈਸਟਮੈਨ ਨੇ ਲੁਇਸ ਡਾਗਰੇ ਦੀ ਫ਼ੋਟੋ ਤਿਆਰ ਕਰਨ ਵਾਲੀ ਪੇਚੀਦਾ ਪ੍ਰਕਿਰਿਆ ਨੂੰ ਸਰਲ ਬਣਾ ਕੇ ਫ਼ੋਟੋਗ੍ਰਾਫ਼ਰਾਂ ਨੂੰ ਕਾਫੀ ਰਾਹਤ ਪ੍ਰਦਾਨ ਕਰਵਾਈ ਸੀ ਤੇ ਫਿਰ ਸੰਨ 1888 ਵਿਚ ਜਦੋਂ ਈਸਟਮੈਨ ਨੇ ਕੋਡੈਕ ਡਿਜੀਟਲ ਕੈਮਰਾ ਈਜਾਦ ਕੀਤਾ ਤਾਂ ਫ਼ੋਟੋਗ੍ਰਾਫ਼ੀ ਦੀ ਦੁਨੀਆਂ ਵਿੱਚ ਤਹਿਲਕਾ ਮੱਚ ਗਿਆ ਸੀ ਅਤੇ ਨਵੇਂ ਤੇ ਆਸਾਨੀ ਨਾਲ ਉਪਲਬਧ ਕੈਮਰਿਆਂ ਦੀ ਮਦਦ ਨਾਲ ਹਰ ਸ਼ਖ਼ਸ ਫ਼ੋਟੋਗ੍ਰਾਫ਼ੀ ਕਰਨ ਲੱਗ ਪਿਆ ਸੀ।
ਅੱਜ ਮੋਬਾਇਲ ਫ਼ੋਨ ਕੰਪਨੀਆਂ ਵੱਲੋਂ ਫ਼ੋਨਾਂ ਵਿੱਚ ਵਧੀਆ ਤੋਂ ਵਧੀਆ ਕੈਮਰੇ ਪ੍ਰਦਾਨ ਕਰਨ ਦੀ ਦੌੜ ਚੱਲ ਰਹੀ ਹੈ, ਜਿਸਦਾ ਲਾਭ ਮੋਬਾਇਲ ਉਪਭੋਗਤਾਵਾਂ ਨੂੰ ਹੋ ਰਿਹਾ ਹੈ, ਪਰ ਅਸਲ ਫ਼ੋਟੋਗ੍ਰਾਫ਼ੀ ਸਨਅਤ ਨੂੰ ਇਸ ਨਵੀਂ ਮੋਬਾਇਲ ਕੈਮਰਾ ਕ੍ਰਾਂਤੀ ਕਰਕੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਆਮ ਕਰਕੇ ਲੋਕ ਹੁਣ ਫ਼ੋਟੋ ਸਟੂਡੀਓ ਵਿੱਚ ਫ਼ੋਟੋ ਖਿਚਵਾਉਣ ਜਾਂਦੇ ਹੀ ਨਹੀਂ ਹਨ। ਹੁਣ ਮੋਬਾਇਲ ਫ਼ੋਨ ਦੇ ਅੰਦਰ ਵਧੀਆ ਕੈਮਰਿਆਂ ਤੋਂ ਇਲਾਵਾ ਫ਼ੋਟੋ ਵਿਚਲੇ ਚਿਹਰੇ ਨੂੰ ਹੋਰ ਸੁੰਦਰ ਤੇ ਬਿਹਤਰ ਬਣਾਉਣ ਦੀਆਂ ਅਨੇਕਾਂ ‘ਬਿਊਟੀ ਐਪਸ’ ਉਪਲਬਧ ਹੋ ਗਈਆਂ ਹਨ। ਫ਼ੋਕੇ ਅਡੰਬਰਾਂ ਨਾਲ ਗ੍ਰਸਿਆ ਮਨੁੱਖ ਇਹ ਭੁੱਲ ਗਿਆ ਹੈ ਕਿ ਅਜਿਹੀਆਂ ਐਪਸ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਆਪਣੀਆਂ ਝੂਠੀਆਂ ਤੇ ਧੋਖੇ ਭਰੀਆਂ ਤਸਵੀਰਾਂ ਨਾਲ ਉਹ ਅਸਲ ਵਿੱਚ ਦੂਜਿਆਂ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਹੈ, ਕਿੳਂੁਕਿ ਜਿਨ੍ਹਾਂ ਨੂੰ ਉਸਨੇ ਆਪਣੀਆਂ ‘ਕਲਾਤਮਕ’ ਫ਼ੋਟੋਆਂ ਭੇਜੀਆਂ ਹੁੰਦੀਆਂ ਹਨ, ਉਹ ਉਸਦੀ ਅਸਲ ਸ਼ਕਲ ਦਾ ਸੱਚ ਭਲੀ-ਭਾਂਤ ਜਾਣਦੇ ਹੁੰਦੇ ਹਨ।
ਦੁਨੀਆਂ ਭਰ ਵਿੱਚ ਕੁਦਰਤੀ ਸੁੰਦਰਤਾ ਪੱਖੋਂ ਬੇਸ਼ੱਕ ਸਵਿਟਜ਼ਰਲੈਂਡ ਦੀ ਗੱਲ ਅਕਸਰ ਕੀਤੀ ਜਾਂਦੀ ਹੈ, ਪਰ ਅਸਲੀਅਤ ਇਹ ਹੈ ਕਿ ਸਰਬੋਤਮ ਫ਼ੋਟੋਗ੍ਰਾਫ਼ੀ ਲਈ ਸਭ ਤੋਂ ਵਧੀਆ ਦੇਸ਼ ‘ਪੇਰੂ’ ਨੂੰ ਮੰਨਿਆ ਜਾਂਦਾ ਹੈ ਤੇ ਇੱਥੇ ਸਥਿਤ ਕੁਝ ਖ਼ਾਸ ਲੋਕੇਸ਼ਨਾਂ ਤਾਂ ਦਰਸ਼ਕਾਂ ਦੇ ਸਾਹ ਰੋਕ ਦੇਣ ਦਾ ਮਾਦਾ ਰੱਖਦੀਆਂ ਹਨ। ਵਿਸ਼ਵ ਦੇ ਮਹਾਨ ਫ਼ੋਟੋਗ੍ਰਾਫ਼ਰਾਂ ਦੇ ਨਾਂਵਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਇਨ੍ਹਾਂ ਵਿੱਚ ਸਟੀਵ ਮੈਕਾਰੇ, ਐਨੀ ਲੈਬੋਵਿਟਜ਼, ਆਂਸਲ ਐਡਮ, ਹੈਨਰੀ ਕਾਰਟਰ, ਰਾਬਰਟ ਕੇਪ, ਜਿੰਮੀ ਨੈਲਸਨ, ਰੇਹਾਨ, ਏਰਿਕ ਐਲਮਸ ਤੇ ਟਿਮੋਥੀ ਹੋਗਾਨ ਦੇ ਨਾਂ ਸਤਿਕਾਰ ਸਹਿਤ ਲਏ ਜਾਂਦੇ ਹਨ, ਜਦੋਂ ਕਿ ਫ਼ੋਟੋਗ੍ਰਾਫ਼ੀ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਭਾਰਤੀ ਫ਼ੋਟੋਗ੍ਰਾਫ਼ਰਾਂ ਵਿਚ ਰਘੂ ਰਾਏ, ਡੱਬੂ ਰਤਨਾਨੀ, ਦਿਆਨਿਤਾ ਸਿੰਘ, ਸੋਨੀ ਤਾਰਾਪੁਰਵਾਲਾ, ਰਾਧਿਕਾ ਰਾਮਾਸਵਾਮੀ, ਗੌਤਮ ਰਾਜਾਧਿਅਕਸ਼, ਸੁਧੀਰ ਸ਼ਿਵਰਾਮ ਅਤੇ ਪੰਜਾਬ ਤੋਂ ਯੋਗ ਜੁਆਏ, ਜਨਮੇਜਾ ਸਿੰਘ ਜੌਹਲ ਅਤੇ ਹਰਭਜਨ ਬਾਜਵਾ ਦੇ ਨਾਂ ਸ਼ਾਮਿਲ ਹਨ।
ਦੁਨੀਆਂ ’ਤੇ ਵਾਪਰੀਆਂ ਵੱਡੀਆਂ ਘਟਨਾਵਾਂ ਅਤੇ ਦੁਨੀਆਂ ’ਤੇ ਪੈਦਾ ਹੋਈਆਂ ਨਾਮਵਰ ਸ਼ਖ਼ਸੀਅਤਾਂ ਦੀਆਂ ਕੈਮਰੇ ਰਾਹੀਂ ਲਈਆਂ ਗਈਆਂ ਤਸਵੀਰਾਂ ਸਾਡੀ ਦੁਨੀਆਂ ਦਾ ਅਣਮੁੱਲਾ ਸਰਮਾਇਆ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਚੰਗੇ-ਮੰਦੇ ਕਾਰਨਾਮਿਆਂ ਅਤੇ ਦੁਨੀਆਂ ਦੀਆਂ ਕੱਦਾਵਰ ਸ਼ਖ਼ਸੀਅਤਾਂ ਦੇ ਸਦਾ ਹੀ ਰੂਬਰੂ ਕਰਵਾਉਂਦੀਆਂ ਰਹਿਣਗੀਆਂ।
