ਸੁਖਜੀਤ ਸਿੰਘ ਵਿਰਕ
ਫੋਨ:+91-9815897878
ਇੱਕ ਅਣਜਾਣ ਔਰਤ ਦੇ ਮੂੰਹੋਂ ਸ਼ੁਕਰਾਨੇ ਦੇ ਸ਼ਬਦ ਸੁਣਦਿਆਂ ਮੈਂ ਪਤਨੀ ਵੱਲੋਂ ਮਜ਼ਾਕ ਵਿੱਚ ਬੋਲੇ ਸ਼ਬਦ ਸੱਚ ਹੁੰਦੇ ਪ੍ਰਤੱਖ ਵੇਖ ਰਿਹਾ ਸਾਂ। ਮਿਤੀ 27 ਅਗਸਤ 2025 ਨੂੰ ਸਵੇਰੇ ਸਵੇਰੇ ਪੀ.ਜੀ.ਆਈ. ਲਈ ਰਵਾਨਾ ਹੋਣ ਵੇਲੇ ਘਰਵਾਲੀ ਨੇ ਸਹਿਜ ਸੁਭਾਅ ਹੀ ਮਾਸਟਰ ਕਾਰਡ ਉੱਤੇ ਨਜ਼ਰ ਮਾਰਦਿਆਂ ਪਿਛਲੇ ਖੂਨਦਾਨ ਦਾ ਇੰਦਰਾਜ (ਰਿਕਾਰਡ) ਵੇਖਿਆ ਅਤੇ ਮਜ਼ਾਕ ਕਰਨ ਲੱਗੀ, “ਆਹ ਵੇਖਿਆ ਤੁਸੀਂ… ਪੰਜਾਹ ਵਾਰ ਖੂਨਦਾਨ ਕਰ ਚੁੱਕੇ ਹੋ, ਇਸ ਵਾਰ ਇਕਵੰਜਵਾਂ ਸ਼ਗਨ ਪਾਉਣ ਚੱਲੇ ਹੋ!”
ਮੈਂ ਗਹੁ ਨਾਲ ਮਾਸਟਰ ਕਾਰਡ ਵੱਲ ਵੇਖਿਆ, ਸੱਚਮੁੱਚ ਇਹ ਇਕਵੰਜਵੀਂ ਵਾਰੀ ਸੀ। ਮੈਨੂੰ ਯਾਦ ਆਇਆ ਕਿ ਸਾਡੇ ਵੱਡ-ਵਡੇਰੇ ਪਹਿਲੇ ਸਮਿਆਂ ਵਿੱਚ ਇੱਕੀ, ਇਕੱਤੀ ਜਾਂ ਇਕਵੰਜਾ ਰੁਪਏ ਦਾ ਸ਼ਗਨ ਜਾਂ ਨਿਉਂਦਾ ਪਾਇਆ ਕਰਦੇ ਸਨ। ਪਤਾ ਨਹੀਂ ਇਹ ਇਕਵੰਜਵਾਂ ‘ਸ਼ਗਨਾਂ ਵਾਲਾ ਖੂਨ’ ਕਿਸ ਨੂੰ ਨਸੀਬ ਹੋਵੇਗਾ! ਮੈਂ ਇਹੀ ਖਿਆਲ ਮਨ ਵਿੱਚ ਚਿਤਵਦਾ ਹੋਇਆ ਪੀ.ਜੀ.ਆਈ. ਜਾ ਪੁੱਜਾ ਅਤੇ ਬਲੱਡ ਬੈਂਕ ਦੇ ਕਾਊਂਟਰ ਤੋਂ ਹਰਾ ਫਾਰਮ ਲੈ ਕੇ ਭਰਨ ਲਈ ਹਾਲ ਵਿੱਚ ਜਾ ਬੈਠਾ।
ਨੇੜੇ ਹੀ ਇੱਕ ਔਰਤ ਆਪਣੀਆਂ ਅੱਖਾਂ ਵਿੱਚੋਂ ਡਿੱਗਦੇ ਹੰਝੂ ਰੁਮਾਲ ਨਾਲ ਵਾਰ ਵਾਰ ਸਾਫ ਕਰਦੀ ਕਦੇ ਧਰਤੀ ਵੱਲ, ਕਦੇ ਉਪਰ ਵੱਲ ਅਤੇ ਕੁਝ ਉਚੇਚਾ ਮੇਰੇ ਵੱਲ ਵੇਖ ਰਹੀ ਸੀ। ਉਹ ਬੇਚੈਨ ਹੋਈ ਕਦੇ ਕੁਰਸੀ ਤੋਂ ਉੱਠ ਖਲੋਂਦੀ, ਕਦੇ ਫਿਰ ਬੈਠ ਜਾਂਦੀ। ਪੀ.ਜੀ.ਆਈ. ਵਿੱਚ ਅਜਿਹੇ ਦੁਖਿਆਰੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਜਿਹੀ ਹਾਲਤ ਵਿੱਚ ਅਕਸਰ ਹੀ ਦੇਖਣ ਨੂੰ ਮਿਲਦੇ ਹਨ, ਮੈਂ ਫਾਰਮ ਭਰਨ ਉਪਰੰਤ ਲੋੜੀਂਦਾ ਸਰੀਰਕ ਚੈਕਅੱਪ ਕਰਵਾ ਕੇ ਬੈੱਡ ਉੱਤੇ ਲੇਟ ਗਿਆ। ਹਮੇਸ਼ਾ ਦੀ ਤਰ੍ਹਾਂ ਉਹੀ ਮੋਟੀ ਤਿੱਖੀ ਸੂਈ ਬਾਂਹ ਵਿੱਚ ਲੱਗੀ, ਜਿਸ ਦਾ ਮੈਂ ਆਦੀ ਹੋ ਚੁੱਕਾ ਸਾਂ। ਨਾਲੀ ਰਾਹੀਂ ਵਹਿੰਦਾ ਖੂਨ ਥੈਲੀ ਵਿੱਚ ਪੈਂਦਾ ਮੈਂ ਸਾਫ਼ ਦੇਖ ਰਿਹਾ ਸਾਂ। ਕੁਝ ਹੀ ਸਮੇਂ ਵਿੱਚ ਖੂਨ ਨਾਲ ਭਰੀ ਥੈਲੀ ਸੁਰੱਖਿਅਤ ਬਕਸੇ ਵਿੱਚ ਜਮ੍ਹਾਂ ਹੋ ਗਈ।
ਸਾਵਧਾਨੀ ਵਜੋਂ ਕੁਝ ਪਲ ਲੇਟਣ ਉਪਰੰਤ ਜਰੂਰੀ ਰਿਫਰੈਸ਼ਮੈਂਟ ਲੈ ਕੇ ਬਾਹਰ ਵੱਲ ਤੁਰ ਪਿਆ। ਅਜੇ ਬਲੱਡ ਬੈਂਕ ਦੇ ਗੇਟ ਤੋਂ ਕੁਝ ਕੁ ਕਦਮ ਹੀ ਪੁੱਟੇ ਸਨ ਕਿ ਪਿੱਛੋਂ ਇੱਕ ਔਰਤ ਦੀ ਉੱਚੀ ਆਵਾਜ਼ ‘ਸਰ ਰੁਕੀਏ ਪਲੀਜ਼’ ਨੇ ਮੇਰਾ ਧਿਆਨ ਖਿੱਚਿਆ। ਮੈਂ ਰੁਕਿਆ ਅਤੇ ਪਿੱਛੇ ਮੁੜ ਕੇ ਵੇਖਿਆ, ਉਹੀ ਔਰਤ ਜੋ ਮੈਨੂੰ ਫਾਰਮ ਭਰਦਿਆਂ ਤੱਕ ਰਹੀ ਸੀ, ਤੇਜ਼ੀ ਨਾਲ ਅੱਗੇ ਵਧ ਕੇ ਮੇਰਾ ਹੱਥ ਕੱਸ ਕੇ ਫੜ ਲੈਂਦੀ ਹੈ।
ਮੈਂ ਹੈਰਾਨ ਹੋ ਕੇ ਉਤਸੁਕਤਾ ਨਾਲ ਉਸ ਔਰਤ ਵੱਲ ਤੱਕਿਆ, ਘਗਿਆਈ ਹੋਈ ਤਰਲੇ ਭਰੀ ਆਵਾਜ਼ ਵਿੱਚ ਬੋਲਦਿਆਂ ਉਸ ਦਾ ਗੱਚ ਭਰ ਆਇਆ, “ਸਰ ਮਾਈ ਹੱਸਬੈਂਡ ਇਜ਼ ਐਡਮਿੱਟਡ ਹਿਅਰ ਡਿਊ ਟੂ ਕੈਂਸਰ, ਨੀਡਜ਼ ਇਮੀਡੀਏਟ ਬਲੱਡ, ਮੈਂ ਖੁਦ ਏਕ ਬਾਰ ਖੂਨ ਦੇ ਚੁਕੀ ਹੂੰ, ਨੋ ਵਨ ਇਜ਼ ਨੋਅਨ ਟੂ ਮੀ ਐਟ ਹੀਅਰ, ਆਈ ਐਮ ਫਰਾਮ ‘ਮਨੀਪੁਰ’; ਮੇਰੇ ਘਰ ਕੇ ਲੋਗ ਯਹਾਂ ਕੇ ਲੀਏ ਚੱਲ ਦੀਏ ਹੈਂ, ਮਗਰ ਜਬ ਤੱਕ ਵੋਹ ਪਹੁੰਚੇਂਗੇ ਕਹੀਂ ਦੇਰ ਨਾ ਹੋ ਜਾਏ, ਆਈ ਐਮ ਹੈਲਪਲੈੱਸ, ਸਮ ਵਨ ਟੋਲਡ ਮੀ ਐਟ ਹੀਅਰ, ਹੂ ਡੋਨੇਟ ਬਲੱਡ ਵਿੱਦ ਗਰੀਨ ਕਾਰਡ ਆਰ ਦਾ ਵਲੰਟੀਅਰ ਡੌਨਰ। ਮੈਨੇ ਦੇਖਾ ਆਪਨੇ ਭੀ ਹਰਾ ਫਾਰਮ ਭਰਾ ਹੈ ਨਾ, ਆਪ ਵਾਲੰਟੀਅਰ ਡੌਨਰ ਹੋ ਨਾ? ਯੂ ਪਲੀਜ਼ ਡਿਵੋਟ ਯੂਅਰ ਡੋਨੇਸ਼ਨ ਟੂ ਮਾਈ ਹਸਬੈਂਡ, ਪਲੀਜ਼!” (ਸਰ ਮੇਰੇ ਪਤੀ ਕੈਂਸਰ ਕਰਕੇ ਇੱਥੇ ਦਾਖਲ ਹਨ ਅਤੇ ਉਨ੍ਹਾਂ ਨੂੰ ਤੁਰੰਤ ਖੂਨ ਦੀ ਲੋੜ ਹੈ। ਮੈਂ ਮਨੀਪੁਰ ਤੋਂ ਹਾਂ ਅਤੇ ਇੱਥੇ ਮੇਰਾ ਕੋਈ ਜਾਣਕਾਰ ਨਹੀਂ ਹੈ। ਪਰਿਵਾਰਕ ਮੈਂਬਰ ਤੁਰ ਪਏ ਹਨ, ਪਰ ਉਦੋਂ ਤੱਕ ਦੇਰ ਨਾ ਹੋ ਜਾਵੇ। ਮੈਂ ਬੇਵੱਸ ਹਾਂ, ਕਿਰਪਾ ਕਰਕੇ ਆਪਣਾ ਦਾਨ ਮੇਰੇ ਪਤੀ ਦੇ ਨਾਮ ਕਰ ਦਿਓ!)
ਇੱਕੋ ਸਾਹੇ ਬੋਲਦਿਆਂ ਉਸਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਸੀ। ਉਸ ਨੇ ਮੇਰਾ ਹੱਥ ਹੋਰ ਵੀ ਘੁੱਟ ਕੇ ਫੜ੍ਹ ਲਿਆ ਸੀ। ਮੇਰੇ ਨਾਲ ਇਹ ਵਰਤਾਰਾ ਪਹਿਲੀ ਵਾਰ ਅਤੇ ਇੰਨਾ ਤੁਰਤ-ਫੁਰਤ ਵਾਪਰਿਆ ਕਿ ਕੁਝ ਪਲ ਮੈਂ ਇੰਜ ਖੜ੍ਹਾ ਰਿਹਾ, ਜਿਵੇਂ ਸੁੰਨ ਹੋ ਗਿਆ ਹੋਵਾਂ। ਮੈਂ ਤੁਰੰਤ ਸੰਭਲਦਿਆਂ ਅਤੇ ਹਾਲਾਤ ਦੀ ਨਜ਼ਾਕਤ ਨੂੰ ਭਾਂਪਦਿਆਂ ਉਸ ਅਣਜਾਣ ਔਰਤ ਨੂੰ ਨਾਲ ਲੈ ਕੇ ਵਾਪਸ ਬਲੱਡ ਬੈਂਕ ਅੰਦਰ ਜਾ ਪੁੱਜਿਆ ਅਤੇ ਸਟਾਫ ਨੂੰ ਸਾਰੀ ਸਥਿੱਤੀ ਦੱਸਦਿਆਂ ਆਪਣਾ ਮਾਸਟਰ ਕਾਰਡ ਅੱਗੇ ਰੱਖ ਦਿੱਤਾ। ਮੈਨੂੰ ਅਥਾਹ ਖੁਸ਼ੀ ਅਤੇ ਸਕੂਨ ਮਹਿਸੂਸ ਹੋਇਆ, ਜਦੋਂ ਬਲੱਡ ਬੈਂਕ ਸਟਾਫ ਨੇ ਮੇਰੀ ਗੱਲ ਸੁਣਦਿਆਂ ਸਾਰ ਬਿਨਾਂ ਕੋਈ ਸਵਾਲ-ਜਵਾਬ ਕੀਤੇ, ਮੇਰੇ ਮਾਸਟਰ ਕਾਰਡ ਦੀ ਸੁਵਿਧਾ ਮੁਤਾਬਕ ਤੁਰੰਤ ਖੂਨ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਚਿਹਰੇ `ਤੇ ਝਲਕਦੇ ਸਵੈਮਾਣ ਪਰ ਵਕਤ ਹੱਥੋਂ ਮਜਬੂਰ ਆਪਣੇ ਪਤੀ ਦੀ ਜਿੰਦਗੀ ਖਾਤਰ ਤਰਲੇ ਲੈਂਦੀ ਉਸ ਅਣਜਾਣ ਔਰਤ ਦਾ ਮੈਂ ਨਾਮ ਪਤਾ ਪੁੱਛਣਾ ਨਾ ਤਾਂ ਵਾਜਬ ਸਮਝਿਆ ਅਤੇ ਨਾ ਹੀ ਕੋਸ਼ਿਸ਼ ਕੀਤੀ; ਪਰ ਅੰਤ ਜਦੋਂ ਉਸਨੇ ਹੰਝੂਆਂ ਭਰੀਆਂ ਅੱਖਾਂ ਨਾਲ ‘ਗੌਡ ਬਲੈਸ ਯੂ ਸਰ… ਗੌਡ ਬਲੈਸ ਯੂ ਸਰ’ ਕਹਿੰਦਿਆਂ ਸ਼ੁਕਰਾਨੇ ਵਜੋਂ ਮੇਰੇ ਹੱਥ ਫੜ੍ਹ ਕੇ ਆਪਣੇ ਮੱਥੇ ਨਾਲ ਲਾ ਲਏ ਤਾਂ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ।
ਮੈਨੂੰ ਪਤਨੀ ਦੇ ਮਜ਼ਾਕ ਵਿੱਚ ਕਹੇ ਸ਼ਬਦ ‘ਇਕਵੰਜਵਾਂ ਸ਼ਗਨ’ ਯਾਦ ਆ ਰਹੇ ਸਨ। ਭਾਵੇਂ ਮੈਂ ਪਹਿਲਾਂ ਕਈ ਵਾਰ ਲੋੜਵੰਦ ਲੋਕਾਂ ਵਾਸਤੇ ਖੂਨ ਦੇ ਚੁੱਕਾ ਸਾਂ, ਪਰ ਉਸ ਦਿਨ ਇੰਝ ਜਾਪਿਆ ਜਿਵੇਂ ਮੈਂ ਕਿਸੇ ਔਰਤ ਦੇ ਸੁਹਾਗਣ ਬਣੀ ਰਹਿਣ ਖਾਤਰ ਸੱਚਮੁੱਚ ਹੀ ‘ਸ਼ਗਨਾਂ ਵਾਲਾ ਖੂਨ’ ਦਾਨ ਕੀਤਾ ਹੋਵੇ।
