ਅਕਾਲੀ-ਭਾਜਪਾ ਗੱਠਜੋੜ: ਪੰਜਾਬ ਦੀ ਲੋੜ ਜਾਂ ਸੱਤਾ ਸਿਆਸਤ ਦੀ ਮਜਬੂਰੀ?

ਖਬਰਾਂ

ਸੁਸ਼ੀਲ ਦੁਸਾਂਝ
ਫੋਨ:+91-98887-99870
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੜ ਇਕੱਠੇ ਹੋਣ ਦੀ ਚਰਚਾ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਪੁਰਾਣਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਇਹ ਗੱਠਜੋੜ ਪੰਜਾਬ ਦੀ ਲੋੜ ਹੈ ਜਾਂ ਦੋਵਾਂ ਸਿਆਸੀ ਧਿਰਾਂ ਦੀ ਆਪਣੀ-ਆਪਣੀ ਮਜਬੂਰੀ?

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਅਤੇ ਭਾਜਪਾ ਮੁੜ ਇਕੱਠੇ ਹੋਣ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਵੀ ਪੁਰਾਣੇ ਗੱਠਜੋੜ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਬਾਰੇ ਸੰਕੇਤ ਦੇ ਚੁੱਕੇ ਹਨ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਪੰਜਾਬ ਦੇ ਹਾਲਾਤ ਬਦਲ ਗਏ ਹਨ, ਸਰਹੱਦੀ ਸਥਿਤੀ ਗੰਭੀਰ ਹੈ, ਕਾਨੂੰਨ-ਵਿਵਸਥਾ ਦੀ ਹਾਲਤ ਚਿੰਤਾਜਨਕ ਹੈ ਅਤੇ ਵਿਕਾਸ ਤੇ ਰੁਜ਼ਗਾਰ ਲਈ ਦੋਹਾਂ ਧਿਰਾਂ ਦਾ ਇਕੱਠੇ ਆਉਣਾ ਜ਼ਰੂਰੀ ਹੈ।
ਪਰ ਇੱਥੇ ਸਭ ਤੋਂ ਪਹਿਲਾਂ ਇਹ ਪੁੱਛਣਾ ਬਣਦਾ ਹੈ ਕਿ ਕੀ ਲੋਕ ਸੱਚਮੁੱਚ ਇਹ ਗੱਠਜੋੜ ਚਾਹੁੰਦੇ ਹਨ ਜਾਂ ਸਿਆਸੀ ਪਾਰਟੀਆਂ ਆਪਣੀ ਲੋੜ ਨੂੰ ਲੋਕਾਂ ਦੀ ਇੱਛਾ ਦਾ ਨਾਮ ਦੇ ਰਹੀਆਂ ਹਨ?
ਇਹ ਫ਼ਰਕ ਬਹੁਤ ਮਹੱਤਵਪੂਰਨ ਹੈ।
ਅਕਾਲੀ ਦਲ ਅਤੇ ਭਾਜਪਾ ਦਾ ਸੰਭਾਵੀ ਗੱਠਜੋੜ ਪੰਜਾਬ ਦੀ ਸਿਆਸਤ ਵਿੱਚ ਕੋਈ ਨਵੀਂ ਘਟਨਾ ਨਹੀਂ। ਦੋਵੇਂ ਪਾਰਟੀਆਂ ਲੰਮੇ ਸਮੇਂ ਤੱਕ ਇਕੱਠੀਆਂ ਚੋਣਾਂ ਲੜਦੀਆਂ ਰਹੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਬਿਹਾਰੀ ਵਾਜਪਾਈ ਦੇ ਦੌਰ ਵਿੱਚ ਇਹ ਗੱਠਜੋੜ ਪੰਜਾਬ ਅਤੇ ਕੇਂਦਰ ਦੀ ਸਿਆਸਤ ਵਿੱਚ ਇੱਕ ਮਜਬੂਤ ਸਿਆਸੀ ਗਠਜੋੜ ਵਜੋਂ ਸਾਹਮਣੇ ਆਇਆ ਸੀ; ਪਰ ਉਸ ਸਮੇਂ ਦੀ ਸਿਆਸਤ ਅਤੇ ਅੱਜ ਦੀ ਸਿਆਸਤ ਵਿੱਚ ਵੱਡਾ ਫ਼ਰਕ ਹੈ।
ਕਿਸਾਨ ਅੰਦੋਲਨ ਨੇ ਬੜਾ ਕੁੱਝ ਬਦਲ ਦਿੱਤਾ। ਕੇਂਦਰ ਦੀ ਭਾਜਪਾ ਸਰਕਾਰ ਤਿੰਨ ਖੇਤੀ ਕਾਨੂੰਨ ਲੈ ਕੇ ਆਈ। ਪੰਜਾਬ ਦੇ ਕਿਸਾਨਾਂ ਨੇ ਵਿਰੋਧ ਕੀਤਾ। ਅੰਦੋਲਨ ਦਿੱਲੀ ਦੀਆਂ ਹੱਦਾਂ ਤੱਕ ਪਹੁੰਚਿਆ। ਅਕਾਲੀ ਦਲ ਨੇ ਸਰਕਾਰ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਅਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ। ਇਸ ਤਰ੍ਹਾਂ ਭਾਜਪਾ ਅਤੇ ਅਕਾਲੀ ਦਲ ਦਾ ਦਹਾਕਿਆਂ ਪੁਰਾਣਾ ਚੋਣਾਵੀ ਰਿਸ਼ਤਾ ਟੁੱਟ ਗਿਆ। ਇਹ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਸਿਆਸੀ ਅਤੇ ਭਾਵਨਾਤਮਕ ਮੋੜ ਸੀ।
ਹੁਣ ਜੇ ਇਹੀ ਦੋਵੇਂ ਧਿਰਾਂ ਮੁੜ ਇਕੱਠੀਆਂ ਹੋਣੀਆਂ ਹਨ ਤਾਂ ਲੋਕਾਂ ਨੂੰ ਇਹ ਪੁੱਛਣ ਦਾ ਪੂਰਾ ਹੱਕ ਹੈ ਕਿ ਉਸ ਵੇਲੇ ਵੱਖ ਕਿਉਂ ਹੋਏ ਸੀ ਅਤੇ ਹੁਣ ਇਕੱਠੇ ਕਿਉਂ ਹੋ ਰਹੇ ਹੋ? ਜੇ ਸਮਾਂ ਬਦਲ ਗਿਆ ਹੈ ਤਾਂ ਕੀ ਨੀਤੀ ਵੀ ਬਦਲ ਗਈ ਹੈ? ਕਿਸਾਨੀ ਦੇ ਸਵਾਲ ’ਤੇ ਦੋਵਾਂ ਦੀ ਸਾਂਝੀ ਨੀਤੀ ਕੀ ਹੈ? ਕੇਂਦਰ-ਪੰਜਾਬ ਸਬੰਧਾਂ ਬਾਰੇ ਉਨ੍ਹਾਂ ਦੀ ਸਾਂਝੀ ਸੋਚ ਕੀ ਹੈ? ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਭਾਸ਼ਾ, ਕਿਸਾਨੀ ਸੰਕਟ, ਨਸ਼ਿਆਂ, ਬੇਰੁਜ਼ਗਾਰੀ ਅਤੇ ਉਦਯੋਗ ਬਾਰੇ ਇਸ ਨਵੇਂ ਗੱਠਜੋੜ ਦਾ ਸਾਂਝਾ ਪ੍ਰੋਗਰਾਮ ਕੀ ਹੈ?
ਸਿਰਫ਼ ਇਹ ਕਹਿਣਾ ਕਿ ‘ਹਾਲਾਤ ਬਦਲ ਗਏ ਹਨ’, ਜਵਾਬ ਨਹੀਂ ਹੈ। ਗੱਠਜੋੜ ਸਿਰਫ਼ ਸਤਾ ਹਾਸਲ ਕਰਨ ਲਈ ਨਹੀਂ, ਨੀਤੀਆਂ ਦੇ ਆਧਾਰ ’ਤੇ ਬਣਨੇ ਚਾਹੀਦੇ ਹਨ।
ਬਿਕਰਮ ਸਿੰਘ ਮਜੀਠੀਆ ਵੱਲੋਂ ਵਾਜਪਾਈ ਅਤੇ ਬਾਦਲ ਦੇ ਗੱਠਜੋੜ ਨੂੰ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਅਤੇ ਹਿੰਦੂ-ਸਿੱਖ ਏਕਤਾ ਨਾਲ ਜੋੜਿਆ ਗਿਆ ਹੈ। ਪੰਜਾਬ ਵਿੱਚ ਹਿੰਦੂ-ਸਿੱਖ ਸਾਂਝ ਬੇਸ਼ੱਕ ਬੇਹੱਦ ਮਹੱਤਵਪੂਰਨ ਹੈ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਭਾਈਚਾਰਕ ਸਾਂਝ ਕਿਸੇ ਇੱਕ ਸਿਆਸੀ ਪਾਰਟੀ ਜਾਂ ਕਿਸੇ ਇੱਕ ਗੱਠਜੋੜ ਦੀ ਜਾਇਦਾਦ ਨਹੀਂ।
ਇਹ ਸਾਂਝ ਪੰਜਾਬ ਦੇ ਲੋਕਾਂ ਨੇ ਬਣਾਈ ਹੈ- ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਖੇਤਾਂ ਵਿੱਚ, ਕਾਰਖਾਨਿਆਂ ਵਿੱਚ, ਬਾਜ਼ਾਰਾਂ ਵਿੱਚ। ਕਿਸਾਨ ਅਤੇ ਮਜ਼ਦੂਰ ਨੇ; ਸਿੱਖ ਅਤੇ ਹਿੰਦੂਅ ਨੇ; ਵਪਾਰੀ ਅਤੇ ਮੁਲਾਜ਼ਮ ਨੇ। ਪੰਜਾਬ ਦੀ ਇਹ ਸਾਂਝ ਕਿਸੇ ਵੀ ਚੋਣ ਗਣਿਤ ਤੋਂ ਕਿਤੇ ਵੱਡੀ ਹੈ। ਇਸ ਲਈ ਭਾਈਚਾਰਕ ਸਾਂਝ ਨੂੰ ਵੋਟਾਂ ਦਾ ਗਣਿਤ ਬਣਾਉਣ ਵਾਲਿਆਂ ਤੋਂ ਚੌਕਸ ਰਹਿਣਾ ਪਵੇਗਾ।
ਇਸ ਗੱਠਜੋੜ ਦੇ ਹੱਕ ਵਿੱਚ ਇੱਕ ਹੋਰ ਦਲੀਲ ਕਾਨੂੰਨ-ਵਿਵਸਥਾ ਦੀ ਦਿੱਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹਾਲਾਤ ਖ਼ਰਾਬ ਹਨ ਅਤੇ ਇਸ ਲਈ ਦੋਹਾਂ ਪਾਰਟੀਆਂ ਦਾ ਇਕੱਠੇ ਆਉਣਾ ਜ਼ਰੂਰੀ ਹੈ। ਪਰ ਇੱਥੇ ਵੀ ਸਵਾਲ ਹੈ- ਕੀ ਪੰਜਾਬ ਦੀ ਕਾਨੂੰਨ-ਵਿਵਸਥਾ ਕਿਸੇ ਚੋਣ ਗੱਠਜੋੜ ਨਾਲ ਠੀਕ ਹੋਵੇਗੀ ਜਾਂ ਇੱਕ ਮਜਬੂਤ ਤੇ ਜਵਾਬਦੇਹ ਸਰਕਾਰ ਅਤੇ ਪ੍ਰਸ਼ਾਸਨ ਨਾਲ? ਕੀ ਬੇਰੁਜ਼ਗਾਰੀ ਇਸ ਗੱਠਜੋੜ ਨਾਲ ਖ਼ਤਮ ਹੋਵੇਗੀ? ਕੀ ਕਿਸਾਨੀ ਦਾ ਸੰਕਟ ਸੀਟਾਂ ਦੀ ਵੰਡ ਨਾਲ ਹੱਲ ਹੋਵੇਗਾ? ਕੀ ਉਦਯੋਗ ਸਿਰਫ਼ ਇਸ ਕਰਕੇ ਪੰਜਾਬ ਆਉਣਗੇ ਕਿ ਦੋ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ? ਇਹ ਉਹ ਸਵਾਲ ਹਨ, ਜਿਨ੍ਹਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਚਾਹੀਦੇ ਹਨ।
ਅਸਲ ਵਿੱਚ ਸਮੱਸਿਆ ਸਿਰਫ਼ ਅਕਾਲੀ ਦਲ ਜਾਂ ਭਾਜਪਾ ਦੇ ਗੱਠਜੋੜ ਦੀ ਨਹੀਂ। ਇਹ ਪੰਜਾਬ ਅਤੇ ਭਾਰਤ ਦੀ ਸਿਆਸਤ ਵਿੱਚ ਵਧ ਰਹੇ ਇੱਕ ਵੱਡੇ ਰੁਝਾਨ ਦੀ ਸਮੱਸਿਆ ਹੈ।
ਸਿਆਸਤ ਹੌਲੀ-ਹੌਲੀ ਸਿਧਾਂਤ ਤੋਂ ਸੱਤਾ ਵੱਲ ਖਿਸਕ ਰਹੀ ਹੈ।
ਪਾਰਟੀਆਂ ਦੀ ਵਿਚਾਰਧਾਰਾ ਨਾਲੋਂ ਚੋਣ ਗਣਿਤ ਵੱਡਾ ਹੋ ਰਿਹਾ ਹੈ। ਕੱਲ੍ਹ ਜਿਸ ਪਾਰਟੀ ਨੂੰ ਸਿਆਸੀ ਤੌਰ ’ਤੇ ਗ਼ਲਤ ਕਿਹਾ ਗਿਆ ਸੀ, ਅੱਜ ਉਸੇ ਨਾਲ ਗੱਠਜੋੜ ਦੀ ਸੰਭਾਵਨਾ ਬਣ ਜਾਂਦੀ ਹੈ। ਕੱਲ੍ਹ ਜਿਸ ਨੀਤੀ ਦੇ ਵਿਰੋਧ ਵਿੱਚ ਸੜਕਾਂ ’ਤੇ ਉਤਰਿਆ ਗਿਆ ਸੀ, ਅੱਜ ਉਸ ਬਾਰੇ ਚੁੱਪੀ ਧਾਰ ਲਈ ਜਾਂਦੀ ਹੈ। ਪਾਰਟੀਆਂ ਗੱਠਜੋੜ ਕਰਦੀਆਂ ਹਨ। ਲੋਕਤੰਤਰ ਵਿੱਚ ਗੱਠਜੋੜ ਰਾਜਨੀਤੀ ਦਾ ਹਿੱਸਾ ਹਨ।
ਪਰ ਗੱਠਜੋੜ ਦਾ ਆਧਾਰ ਕੀ ਹੈ? ਨੀਤੀ? ਵਿਚਾਰ? ਲੋਕ-ਹਿੱਤ? ਜਾਂ ਸਿਰਫ਼ ਅਗਲੀ ਚੋਣ? ਜੇ ਦੋ ਪਾਰਟੀਆਂ ਪੰਜਾਬ ਨੂੰ ਬਚਾਉਣ ਲਈ ਇਕੱਠੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਕੋਲ ਪੰਜਾਬ ਨੂੰ ਬਚਾਉਣ ਦਾ ਸਾਂਝਾ ਪ੍ਰੋਗਰਾਮ ਵੀ ਹੋਣਾ ਚਾਹੀਦਾ ਹੈ।
ਜੇ ਕਿਸਾਨੀ ਬਚਾਉਣੀ ਹੈ ਤਾਂ ਨੀਤੀ ਦੱਸੋ। ਜੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੈ ਤਾਂ ਯੋਜਨਾ ਦੱਸੋ। ਜੇ ਪੰਜਾਬ ਦੀ ਆਰਥਿਕਤਾ ਮਜਬੂਤ ਕਰਨੀ ਹੈ ਤਾਂ ਰੋਡਮੈਪ ਦਿਓ। ਜੇ ਕੇਂਦਰ-ਪੰਜਾਬ ਦੇ ਰਿਸ਼ਤੇ ਸੁਧਾਰਨੇ ਹਨ ਤਾਂ ਆਪਣਾ ਸਟੈਂਡ ਸਪੱਸ਼ਟ ਕਰੋ। ਜੇ ਪੰਜਾਬ ਦੀ ਭਾਈਚਾਰਕ ਸਾਂਝ ਬਚਾਉਣੀ ਹੈ ਤਾਂ ਇਸ ਨੂੰ ਚੋਣਾਵੀ ਨਾਅਰਾ ਨਾ ਬਣਾਓ। ਨਹੀਂ ਤਾਂ ਲੋਕਾਂ ਨੂੰ ਇਹ ਮੰਨਣ ਦਾ ਪੂਰਾ ਹੱਕ ਹੈ ਕਿ ਗੱਠਜੋੜ ਪੰਜਾਬ ਲਈ ਨਹੀਂ, ਸੱਤਾ ਲਈ ਹੈ। ਅਤੇ ਇਹੀ ਗੱਲ ਅਕਾਲੀ ਦਲ ਅਤੇ ਭਾਜਪਾ ਦੋਹਾਂ ਦੀ ਮਜਬੂਰੀ ਵੱਲ ਵੀ ਇਸ਼ਾਰਾ ਕਰਦੀ ਹੈ।
ਅਕਾਲੀ ਦਲ ਪਿਛਲੇ ਸਮੇਂ ਵਿੱਚ ਆਪਣਾ ਵੱਡਾ ਸਿਆਸੀ ਆਧਾਰ ਗੁਆ ਚੁੱਕਾ ਹੈ। ਭਾਜਪਾ ਨੇ ਪੰਜਾਬ ਵਿੱਚ ਆਪਣਾ ਆਧਾਰ ਵਧਾਇਆ ਹੈ, ਪਰ ਇਕੱਲਿਆਂ ਪੰਜਾਬ ਦੀ ਸੱਤਾ ਤੱਕ ਪਹੁੰਚਣ ਦਾ ਰਸਤਾ ਬਹੁਤ ਦੂਰ ਹੈ। ਇਸ ਲਈ ਦੋਵਾਂ ਨੂੰ ਇੱਕ-ਦੂਜੇ ਦੀ ਲੋੜ ਹੋ ਸਕਦੀ ਹੈ। ਪਰ ਦੋ ਸਿਆਸੀ ਪਾਰਟੀਆਂ ਦੀ ਮਜਬੂਰੀ ਨੂੰ ਪੰਜਾਬ ਦੀ ਲੋੜ ਕਹਿ ਦੇਣਾ ਸਿਆਸਤ ਦੀ ਸਭ ਤੋਂ ਆਸਾਨ ਚਾਲ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਇਹ ਨਹੀਂ ਪੁੱਛਣਾ ਚਾਹੀਦਾ ਕਿ ਕੌਣ ਕਿਸ ਨਾਲ ਜਾ ਰਿਹਾ ਹੈ। ਅਵਾਮ ਨੂੰ ਪੁੱਛਣਾ ਚਾਹੀਦਾ ਹੈ- ਕਿਉਂ ਜਾ ਰਿਹਾ ਹੈ? ਕੀ ਪੰਜਾਬ ਦੀ ਕਿਸਮਤ ਬਦਲਣ ਲਈ? ਜਾਂ ਆਪਣੀ ਕਿਸਮਤ ਚਮਕਾਉਣ ਲਈ?
ਇਹ ਸਵਾਲ ਅੱਜ ਸਿਰਫ਼ ਅਕਾਲੀ ਦਲ ਅਤੇ ਭਾਜਪਾ ਨੂੰ ਨਹੀਂ, ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਣ ਦੀ ਲੋੜ ਹੈ; ਕਿਉਂਕਿ ਜਦੋਂ ਸਿਆਸਤ ਵਿੱਚ ਸਿਧਾਂਤ ਪਿੱਛੇ ਅਤੇ ਸੱਤਾ ਅੱਗੇ ਹੋ ਜਾਵੇ ਤਾਂ ਪਾਰਟੀਆਂ ਤਾਂ ਜਿੱਤ ਸਕਦੀਆਂ ਹਨ, ਪਰ ਲੋਕ ਹਾਰ ਜਾਂਦੇ ਹਨ। ਅਕਾਲੀ ਦਲ ਅਤੇ ਭਾਜਪਾ ਇਕੱਠੇ ਆਉਣ ਜਾਂ ਵੱਖ ਰਹਿਣ; ਇਹ ਉਨ੍ਹਾਂ ਦਾ ਫ਼ੈਸਲਾ ਹੈ। ਪਰ ਪੰਜਾਬ ਦੇ ਲੋਕਾਂ ਦਾ ਵੀ ਇੱਕ ਫ਼ੈਸਲਾ ਹੋਣਾ ਚਾਹੀਦਾ ਹੈ- ਗੱਠਜੋੜ ਨੂੰ ਨਹੀਂ, ਉਸ ਦੇ ਕਾਰਨ ਅਤੇ ਪ੍ਰੋਗਰਾਮ ਨੂੰ ਦੇਖਿਆ ਜਾਵੇ। ਕਿਉਂਕਿ ਕੁਰਸੀ ਤੱਕ ਪਹੁੰਚਣ ਲਈ ਬਣੇ ਗੱਠਜੋੜ ਬਹੁਤ ਵੇਖੇ ਹਨ। ਹੁਣ ਪੰਜਾਬ ਨੂੰ ਅਜਿਹੀ ਸਿਆਸਤ ਚਾਹੀਦੀ ਹੈ, ਜੋ ਕੁਰਸੀ ਤੱਕ ਪਹੁੰਚਣ ਲਈ ਨਹੀਂ, ਪੰਜਾਬ ਨੂੰ ਅੱਗੇ ਲਿਜਾਣ ਲਈ ਬਣੇ।

Leave a Reply

Your email address will not be published. Required fields are marked *