*ਦੋਹਾਂ ਨੇ ਇੱਕ-ਦੂਜੇ ਨੂੰ ਭਾਰਤੀ ਏਜੰਸੀਆਂ ਦੇ ਏਜੰਟ ਕਿਹਾ
*ਗੋਲਡੀ ਬਰਾੜ ਨੇ ਲਈ ਨਿੱਜਰ ਨੂੰ ਮਾਰਨ ਦੀ ਜ਼ਿੰਮੇਵਾਰੀ
ਜਸਵੀਰ ਸਿੰਘ ਮਾਂਗਟ
ਕੈਨੇਡਾ ਦੇ ਸਰੀ ਵਿੱਚ ਵੱਸਦੇ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੀ ਇੱਕ ਵੀਡੀਓ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਰੀ ਕੀਤੇ ਜਾਣ ਤੋਂ ਪਿਛੋਂ ਇਸ ਮਸਲੇ ‘ਤੇ ਮੁੜ ਬਹਿਸ ਛਿੜ ਪਈ ਹੈ। ਇਸ ਕਤਲ ਕੇਸ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਪਹਿਲਾਂ ਵੀ ਚਾਰ ਪੰਜਾਬੀ ਨੌਜੁਆਨਾਂ- ਕਰਨ ਬਰਾੜ, ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਅਤੇ ਉਨ੍ਹਾਂ ਖਿਲਾਫ ਇਸ ਕਤਲ ਦਾ ਕੇਸ ਚੱਲ ਰਿਹਾ ਹੈ।
ਇਨ੍ਹਾਂ ਨੌਜਵਾਨਾਂ ਖਿਲਾਫ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਇਸ ਦੀ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਪਰੋਕਤ ਗ੍ਰਿਫਤਾਰੀਆਂ ਤੋਂ ਬਾਅਦ ਗੋਲਡੀ ਬਰਾੜ ਵੱਲੋਂ ਕੀਤੇ ਗਏ ਖੁਲਾਸਿਆਂ ਨੇ ਇਸ ਕੇਸ ਨੂੰ ਨਵੇਂ ਸਿਰਿਓਂ ਚਰਚਾ ਵਿੱਚ ਲੈ ਆਂਦਾ ਹੈ।
ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਅਰਸ਼ਦੀਪ ਖਿਲਾਫ 5 ਕਿੱਲੋ ਅਫੀਮ ਕੈਨੇਡਾ ਨੂੰ ਸਮਗਲ ਕਰਨ ਦੇ ਯਤਨ ਦਾ ਕੇਸ ਦਰਜ ਕੀਤਾ ਸੀ, ਪਰ ਇਸ ਨੂੰ ਐਨ.ਆਈ.ਏ. ਨੇ ਬਰਾਮਦ ਕਰ ਲਿਆ ਸੀ। ਗੋਲਡੀ ਬਰਾੜ ਅਨੁਸਾਰ ਇਹ ਨਸ਼ਾ ਸਿੱਖਿਆ ਵੀਜ਼ੇ ‘ਤੇ ਕੈਨੇਡਾ ਵਿੱਚ ਆਏ ਵਿਦਿਆਰਥੀਆਂ ਨੂੰ ਸਪਲਾਈ ਕੀਤਾ ਜਾਣਾ ਸੀ।
ਯਾਦ ਰਹੇ, ਹਰਦੀਪ ਸਿੰਘ ਨਿੱਜਰ ਇੱਕ ਜਾਣਿਆ-ਪਛਾਣਿਆ ਸਿੱਖ ਕਾਰਕੁੰਨ ਸੀ ਜੋ ਸਿੱਖਾਂ ਲਈ ਵੱਖਰੇ ਦੇਸ਼ ‘ਖਾਲਿਸਤਾਨ’ ਦੀ ਵਕਾਲਤ ਕਰਦਾ ਸੀ; ਪਰ ਉਹ ਹਿੰਦੁਸਤਾਨ ਜਾਂ ਕੈਨੇਡਾ ਵਿੱਚ ਕਿਸੇ ਹਿੰਸਕ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ। ਇਸ ਦੇ ਬਾਵਜੂਦ ਵਿਚਾਰਧਾਰਕ ਸਰਗਰਮੀ ਕਰਕੇ ਉਸ ਨੂੰ 18 ਜੂਨ 2023 ਨੂੰ ਸਰੀ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਨਿਸ਼ਾਨਾ ਬਣਾਇਆ ਗਿਆ। ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਉਸ ਨੂੰ ਮਾਰਨ ਦੀ ਸਪਸ਼ਟ ਜ਼ਿੰਮੇਵਾਰੀ ਕਿਸੇ ਨੇ ਨਹੀਂ ਸੀ ਲਈ, ਪਰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਕੁਝ ਅਧਿਕਾਰੀਆਂ ਵੱਲ ਇਸ਼ਾਰੇ ਕਰਦਿਆਂ ਉਨ੍ਹਾਂ ਨੂੰ ਇਸ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਇੱਥੋਂ ਤੱਕ ਕਿਹਾ ਸੀ ਕਿ ਭਾਰਤੀ ਸਫਾਰਤਖਾਨੇ ਨਾਲ ਸੰਬੰਧਤ ਅਧਿਕਾਰੀਆਂ ਦਾ ਇਸ ਵਿੱਚ ਹੱਥ ਹੈ। ਭਾਰਤੀ ਸਫਾਰਤਖਾਨੇ ਦੇ ਇੱਕ ਅਧਿਕਾਰੀ ਨੂੰ ‘ਪਰਸਨ ਆਫ ਇੰਟ੍ਰਸਟ’ ਦੱਸ ਕੇ ਕੈਨੇਡਾ ਵੱਲੋਂ ਉਸ ਦੀ ਹਵਾਲਗੀ ਦੀ ਮੰਗ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਇੱਕ ਡਿਪਲੋਮੈਟਿਕ ਸੰਕਟ ਖੜ੍ਹਾ ਹੋ ਗਿਆ ਸੀ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੋਂ ਤੱਕ ਕਿਹਾ ਸੀ ਕਿ ਕੈਨੇਡਾ ਰੌਇਲ ਪੁਲੀਸ ਕੋਲ ਇਸ ਸੰਬੰਧ ਵਿੱਚ ਪੁਖ਼ਤਾ ਸਬੂਤ ਹਨ। ਜਸਟਿਨ ਟਰੂਡੋ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪੋ-ਆਪਣੇ ਸਫਾਰਤੀ ਅਮਲੇ ਨੂੰ ਵਾਪਸ ਬੁਲਾ ਲਿਆ ਸੀ। ਟਰੂਡੋ ਤੋਂ ਇਲਾਵਾ ਕੈਨੇਡੀਅਨ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਇਹ ਕਿਹਾ ਸੀ ਕਿ ਉਨ੍ਹਾਂ ਕੋਲ ਨਿੱਝਰ ਦੇ ਕਤਲ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਪੁਖ਼ਤਾ ਸਬੂਤ ਹਨ; ਪਰ ਬਾਅਦ ਵਿੱਚ ਜਦੋਂ ਚੋਣਾਂ ਤੋਂ ਬਾਅਦ ਮਾਰਕ ਕਾਰਨੀ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਬਣੀ ਤਾਂ ਕੈਨੇਡਾ ਪੁਲੀਸ ਨੇ ਇਹ ਬਿਆਨ ਦੇ ਦਿੱਤਾ ਕਿ ਉਨ੍ਹਾਂ ਕੋਲ ਭਾਰਤੀ ਅਧਿਕਾਰੀਆਂ ਦੇ ਨਿੱਝਰ ਕਤਲ ਵਿੱਚ ਸ਼ਾਮਲ ਹੋਣ ਬਾਰੇ ਕੋਈ ਠੋਸ ਸਬੂਤ ਨਹੀਂ ਹਨ।
ਸਿਆਸੀ ਦਬਾਅ ਵਿੱਚ ਆਪਣੇ ਬਿਆਨਾਂ ਵਿੱਚ ਇਸ ਕਿਸਮ ਦੀ ਤਬਦੀਲੀ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਜਿਹੇ ਮੁਲਕਾਂ ਵਿੱਚ ਤਾਂ ਸੁਣੀ ਵੇਖੀ ਹੋਵੇਗੀ ਪਰ ਕੈਨੇਡਾ ਪੁਲੀਸ ਵੱਲੋਂ ਇਸ ਕਿਸਮ ਦੇ ਸਵੈ-ਵਿਰੋਧੀ ਬਿਆਨ ਸ਼ਾਇਦ ਹੀ ਪਹਿਲਾਂ ਕਦੇ ਸਾਹਮਣੇ ਆਏ ਹੋਣਗੇ। ਕੈਨੇਡਾ ਤੋਂ ਇਲਾਵਾ ਅਮਰੀਕੀ ਅਧਿਕਾਰੀਆਂ ਨੇ ਜੁਲਾਈ 2026 ਵਿੱਚ ਇਹ ਨਸ਼ਰ ਕੀਤਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਇੱਕ ਲੈਫਟੀਨੈਂਟ ਸਤਿੰਦਰਜੀਤ ਸਿੰਘ ਗੋਲਡੀ (ਬਰਾੜ) ਨੇ ਦਿੱਤਾ ਸੀ। ਅਮਰੀਕੀ ਪੁਲੀਸ ਵੀ ਗੋਲਡੀ ਦੀ ਭਾਲ ਵਿੱਚ ਹੈ।
ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਵੱਲੋਂ ਨਿੱਜਰ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਣ ਦੇ ਨਾਲ ਹੀ ਕਈ ਕੁਝ ਹੋਰ ਕਹਿ ਦਿੱਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਨਿੱਜਰ ਨੂੰ ਇਸ ਲਈ ਮਾਰਿਆ ਗਿਆ, ਕਿਉਂਕਿ ਉਹ ਇੱਕ ਹੋਰ ਕਥਿਤ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ, ਉਰਫ ਡੱਲਾ ਨੂੰ ਹਥਿਆਰ ਅਤੇ ਵਿੱਤੀ ਮਦਦ ਵਗੈਰਾ ਮੁਹੱਈਆ ਕਰਵਾਉਂਦਾ ਸੀ। ਅਰਸ਼ਦੀਪ ਡੱਲਾ ਉਤੇ ਗੋਲਡੀ ਨੇ ਪਰਵਾਸੀ ਪੰਜਾਬੀ ਵਿਦਿਆਰਥੀਆਂ ਨੂੰ ਨਸ਼ੇ ਵੇਚਣ ਦਾ ਵੀ ਦੋਸ਼ ਲਾਇਆ ਹੈ। ਨਸ਼ੇ ਵੇਚਣ ਵਿੱਚ ਉਹ ਨਿੱਝਰ ਦੀ ਭਾਈਵਾਲੀ ਦੀ ਗੱਲ ਵੀ ਕਰਦਾ ਹੈ। ਗੋਲਡੀ ਬਰਾੜ ਨੇ ਆਪਣੀ ਆਡੀਓ ਵਿੱਚ ਕਿਹਾ ਹੈ ਕਿ, “ਜੋ ਵੀ ਸਾਡੇ ਵਿਰੋਧੀਆਂ ਦੀ ਮਦਦ ਕਰੇਗਾ, ਉਸ ਦੀਆਂ ਪੂਛਾਂ ਚੁਕਾ ਦਿਆਂਗੇ।” ਪਰ ਇਸ ਆਡੀਓ ਵਿੱਚ ਉਸ ਨੇ ਇਹ ਖੁੱਲ੍ਹ ਕੇ ਨਹੀਂ ਦੱਸਿਆ ਕਿ ਅਰਸ਼ਦੀਪ ਡੱਲਾ ਉਸ ਦਾ ਵਿਰੋਧੀ ਕਿਵੇਂ ਹੈ! ਦੋਨੋ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਭਾਈਚਾਰੇ ਦੀ ਹਮਦਰਦੀ ਹਾਸਲ ਕਰਨ ਦੇ ਯਤਨ ਵਿੱਚ ਵਿਖਾਈ ਦਿੰਦੇ ਹਨ।
ਗੋਲਡੀ ਬਰਾੜ ਦਾ ਆਖਣਾ ਹੈ ਕਿ ਜਿਸ ਦਿਨ ਨਿੱਜਰ ਨੂੰ ਮਾਰਿਆ ਗਿਆ, ਉਸ ਦਿਨ ਅਰਸ਼ਦੀਪ ਡੱਲਾ ਵੀ ਉਸ ਦੇ ਨਾਲ ਸੀ ਅਤੇ ਕਿਸਮਤ ਨਾਲ ਬਚ ਗਿਆ ਸੀ। ਗੋਲਡੀ ਅਨੁਸਾਰ ਹੈਮਿਲਟਨ ਵਿੱਚ ਵੀ ਡੱਲੇ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚ ਗਿਆ ਸੀ। ਜਖ਼ਮੀ ਹਾਲਤ ਵਿੱਚ ਕੈਨੇਡਾ ਪੁਲੀਸ ਵੱਲੋਂ ਅਰਸ਼ਦੀਪ ਡੱਲੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਦੂਜੇ ਪਾਸੇ ਅਰਸ਼ਦੀਪ ਡੱਲਾ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਨਿੱਜਰ ਦੇ ਕਤਲ ਵੇਲੇ ਉਹ ਉਥੇ ਨਹੀਂ ਸੀ। ਉਸ ਨੇ ਕਿਹਾ ਕਿ ਕਤਲ ਤੋਂ ਇੱਕ ਸਾਲ ਪਹਿਲਾਂ ਤੱਕ ਉਹ ਨਿੱਜਰ ਨੂੰ ਨਹੀਂ ਸੀ ਮਿਲਿਆ।
ਗੋਲਡੀ ਬਰਾੜ ਵੱਲੋਂ ਜਾਰੀ ਕੀਤੀ ਗਈ ਆਡੀਓ ਦੇ ਵਿਰੋਧ ਵਿੱਚ ਅਰਸ਼ਦੀਪ ਡੱਲਾ ਵੱਲੋਂ ਜਾਰੀ ਕੀਤੀ ਗਈ 15 ਮਿੰਟ ਦੀ ਆਡੀਓ ਵਿੱਚ ਉਸ ਨੇ ਨਿੱਜਰ ਦੇ ਕਤਲ ਸਮੇਂ ਮਰਹੂਮ ਆਗੂ ਨਾਲ ਹਾਜ਼ਰ ਹੋਣ ਤੋਂ ਇਨਕਾਰ ਕੀਤਾ ਹੈ। ਡੱਲੇ ਨੇ ਇਸ ਤੋਂ ਵੀ ਇਨਕਾਰ ਕੀਤਾ ਕਿ ਉਸ ਨੂੰ ਨਿੱਝਰ ਵੱਲੋਂ ਪੈਸਾ ਅਤੇ ਹਥਿਆਰ ਵਗੈਰਾ ਦਿਵਾਏ ਜਾਂਦੇ ਸਨ। ਅਰਸ਼ਦੀਪ ਸਿੰਘ ਡੱਲਾ ਨੇ ਇਹ ਸਵੀਕਾਰ ਕੀਤਾ ਹੈ ਕਿ ਬਠਿੰਡਾ ਵਿੱਚ ਸਾਲ 2020 ਵਿੱਚ ਇੱਕ ਡੇਰਾ ਪ੍ਰੇਮੀ ਮੋਹਨ ਲਾਲ ਦੇ ਕਤਲ ਵਿੱਚ ਉਸ ਦਾ ਹੱਥ ਸੀ ਅਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਦਲੇ ਵਜੋਂ ਕੀਤਾ ਗਿਆ ਸੀ।
ਐਨ.ਡੀ.ਟੀ.ਵੀ. ਅਨੁਸਾਰ ਦਿੱਲੀ ਪੁਲੀਸ ਨੇ ਦੋ ਸਾਲ ਪਹਿਲਾਂ ਜਹਾਂਗੀਰਪੁਰੀ ਖੇਤਰ ਵਿੱਚੋਂ ਦੋ ਨੌਜਵਾਨਾਂ- ਜਗਜੀਤ ਸਿੰਘ ਜੱਗਾ ਅਤੇ ਨੌਸ਼Lਾਦ ਨੂੰ ਗ੍ਰਿਫਤਾਰ ਕੀਤਾ ਸੀ; ਜਿਨ੍ਹਾਂ ਨੇ ਇੱਕ ਨੌਜੁਆਨ ‘ਰਾਜ ਕੁਮਾਰ’ ਦੇ ਕਤਲ ਦੀ ਲਾਈਵ ਵੀਡੀਓ ਬਣਾ ਕੇ ਲਸ਼ਕਰ-ਏ-ਤੋਇਬਾ ਦੇ ਪਕਿਸਤਾਨ ਵਿੱਚ ਵਸਦੇ ਸੋਹੇਲ ਖਾਨ ਨੂੰ ਭੇਜੀ ਸੀ। ਉਸ ਨੇ ਅਗਾਂਹ ਇਹ ਵੀਡੀਓ ਅਰਸ਼ਦੀਪ ਡੱਲਾ ਨੂੰ ਭੇਜੀ। ਰਾਜ ਕੁਮਾਰ ਦੇ ਸਰੀਰ ਦੇ ਅੱਠ ਟੁਕੜੇ ਕਰਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁੱਟ ਦਿੱਤੇ ਗਏ ਸਨ।
ਯਾਦ ਰਹੇ, ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਭਾਰਤ ਵਿੱਚ ਬਹੁਤ ਸਾਰੇ ਕਤਲ ਕੇਸਾਂ ਵਿੱਚ ਲੋੜੀਂਦਾ ਹੈ। ਉਸ ਨੇ ਆਪਣਾ ਹਾਲੀਆ ਦਾਅਵਾ ਖਾਲਿਸਤਾਨੀ ਕਾਰਕੁਨ ਪਰਮਜੀਤ ਸਿੰਘ ਪੰਮਾ ਨਾਲ ਟੈਲੀਫੋਨ ਗੱਲਬਾਤ ਵਿੱਚ ਕੀਤਾ ਦੱਸਿਆ ਜਾਂਦਾ ਹੈ।
