ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰ ਵਾਰਤਾ ਟੁੱਟੀ

ਖਬਰਾਂ ਵਿਚਾਰ-ਵਟਾਂਦਰਾ

ਕੈਨੇਡਾ ਨੇ ਜਵਾਬੀ ਟੈਕਸ ਲਾ ਕੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ
ਪੰਜਾਬੀ ਪਰਵਾਜ਼ ਬਿਊਰੋ
ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਮੁੱਦਿਆਂ ‘ਤੇ ਚੱਲ ਰਹੀ ਗੱਲਬਾਤ ਟੁੱਟ ਗਈ ਹੈ ਅਤੇ ਦੋਨੋ ਮੁਲਕ ਇੱਕ ਤਰ੍ਹਾਂ ਨਾਲ ਵਪਾਰਕ ਜੰਗ ਦੇ ਦੌਰ ਵਿੱਚ ਦਾਖਲ ਹੋ ਗਏ ਹਨ। ਬੀਤੇ ਹਫਤੇ ਸ਼ਨੀਵਾਰ ਤੋਂ ਅਮਰੀਕਾ ਨੇ ਬਹੁਤ ਸਾਰੀਆਂ ਕੈਨੇਡੀਅਨ ਵਸਤਾਂ ‘ਤੇ ਆਯਾਤ ਟੈਕਸ ਵਧਾ ਦਿੱਤਾ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿੱਚ ਆਮ ਲੋਕਾਂ ਦੀ ਜੇਬ ‘ਤੇ ਹੋਰ ਭਾਰ ਪੈਣ ਵਾਲਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਸ਼ੁਕਰਵਾਰ ਸ਼ਾਮ ਨੂੰ ਦੋਹਾਂ ਮੁਲਕਾਂ ਵਿਚਕਾਰ ਚੱਲ ਰਹੀ ਵਪਾਰਕ ਗੱਲਬਾਤ ਮੁਅੱਤਲ ਕਰ ਦਿੱਤੀ। ਇਸ ਦਾ ਜ਼ਿਕਰ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੱਲਬਾਤ ਦੇ ਆਖ਼ਰੀ ਪਲਾਂ ਵਿੱਚ ਅਮਰੀਕਾ ਇਸ ਕਿਸਮ ਦੀਆਂ ਮੰਗਾਂ ਸਾਹਮਣੇ ਰੱਖਣ ਲੱਗ ਪਿਆ ਸੀ, ਜਿਸ ਨਾਲ ਕੈਨੇਡਾ ਦੀ ਸਿਆਸੀ ਖੁਦਮੁਖਤਾਰੀ (ਸਾਵਰਨਿਟੀ) ਖਤਰੇ ਵਿੱਚ ਪੈਂਦੀ ਹੈ। ਇਸ ਨਾਲ ਕੈਨੇਡਾ ਦੂਜੇ ਮੁਲਕਾਂ ਨਾਲ ਵਪਾਰ ਸਮਝੌਤੇ ਕਰਨ ਦੇ ਕਾਬਲ ਨਹੀਂ ਰਹੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲਬਾਤ ਟੁੱਟਣ ‘ਤੇ ਕਿਹਾ, “ਕੈਨੇਡਾ ਇੱਕ ਅਮਰੀਕੀ ਸਟੇਟ ਵਾਂਗ ਵਿਹਾਰ ਦੀ ਆਸ ਰੱਖਦਾ ਹੈ, ਜਦਕਿ ਅਸਲ ਵਿੱਚ ਉਹ ਹੈ ਨਹੀਂ।”
ਇਸ ਸਮਝੌਤੇ ਦੇ ਟੁੱਟਣ ਨਾਲ ਅਮਰੀਕਾ ਵੱਲੋਂ ਡੇਅਰੀ, ਸ਼ਰਾਬ, ਕੱਪੜਿਆਂ, ਸੀਮੈਂਟ ਅਤੇ ਹਾਕੀ ਔਜ਼ਾਰਾਂ ਦੀ ਆਯਾਤ ‘ਤੇ ਪੰਜਾਹ ਫੀਸਦੀ ਟੈਰਿਫ ਠੋਕ ਦਿੱਤਾ ਗਿਆ ਹੈ। ਕੈਨੇਡੀਅਨ ਐਕਸਪੋਰਟ ‘ਤੇ ਅਮਰੀਕਾ ਵੱਲੋਂ ਲਗਾਇਆ ਇਹ ਨਵਾਂ ਆਯਾਤ ਟੈਕਸ (ਟੈਰਿਫ) ਵਾਹਨਾਂ, ਲੱਕੜੀ, ਸਟੀਲ ਅਤੇ ਅਲਮਿਊਨੀਅਮ ‘ਤੇ ਪਹਿਲਾਂ ਹੀ ਲੱਗੇ ਹੋਏ ਟੈਕਸ ਤੋਂ ਇਲਾਵਾ ਹੈ।
ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਪਾਰਕ ਜੰਗ ਦੇ ਤੇਜ਼ ਹੋਣ ਕਾਰਨ ਕੈਨੇਡਾ ਨੇ ਮੰਗਲਵਾਰ ਨੂੰ ਲਗਪਗ 20 ਅਰਬ ਡਾਲਰ ਦੇ ਅਮਰੀਕੀ ਸਾਮਾਨ, ਜਿਸ ਵਿੱਚ ਸਟੀਲ, ਡੇਅਰੀ ਉਤਪਾਦ, ਘਰੇਲੂ ਉਪਕਰਣ ਅਤੇ ਖੇਤੀਬਾੜੀ ਉਪਕਰਣ ਸ਼ਾਮਲ ਹਨ, ’ਤੇ ਜਵਾਬੀ ਟੈਕਸ ਲਾ ਕੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ ਹੈ। ਇਸ ਤਣਾਅ ਕਾਰਨ ਦੁਨੀਆ ਦੇ ਸਭ ਤੋਂ ਵੱਡੇ ਵਪਾਰਕ ਸਬੰਧਾਂ ਵਿੱਚੋਂ ਇੱਕ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਨਵੇਂ ਟੈਕਸ ਸਿਰਫ਼ ਉਦਯੋਗਿਕ ਵਸਤੂਆਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਇਸ ਨੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸੀਅਫੂਡ, ਪਨੀਰ, ਕੱਪੜੇ, ਕੌਸਮੈਟਿਕਸ ਅਤੇ ਟਾਇਲਟ ਪੇਪਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਨ੍ਹਾਂ ਵਿੱਚੋਂ ਕੁਝ ’ਤੇ 50 ਫ਼ੀਸਦੀ ਤੱਕ ਡਿਊਟੀ ਲਗਾਈ ਗਈ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਸ਼ਿੰਗਟਨ ‘ਤੇ ਕੈਨੇਡਾ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸਫ਼ਲ ਗੱਲਬਾਤ ਦੌਰਾਨ ਅਮਰੀਕਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਉਨ੍ਹਾਂ ਦੇ ਮੁੱਖ ਉਦਯੋਗਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਮਾਰਕ ਕਾਰਨੀ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਵੀ ਅਮਰੀਕਾ ‘ਤੇ ਬਰਾਬਰ ਦੇ ਟਰੇਡ ਟੈਕਸ ਲਗਾਏ ਜਾਣਗੇ ਤੇ ਇਹ ਟੈਕਸ ‘ਡਾਲਰ ਟੂ ਡਾਲਰ’ ਹੋਣਗੇ। ਮਤਲਬ ਬਿਲਕੁਲ ਬਰਾਬਰ ਦੇ ਟਰੇਡ ਟੈਕਸ ਲਗਾਏ ਜਾਣਗੇ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਪੀ.ਐਮ.ਓ. ਵੈਬਸਾਈਟ ਰਾਹੀਂ ਦੱਸਿਆ ਕਿ ਅਮਰੀਕਾ ਬਹੁਤ ਜ਼ਿਆਦਾ ਮੰਗ ਰਿਹਾ ਹੈ ਅਤੇ ਇਸ ਬਦਲੇ ਬਹੁਤ ਥੋੜ੍ਹਾ ਤਜਵੀਜ਼ ਕਰ ਰਿਹਾ ਹੈ। ਜਿਨ੍ਹਾਂ ਮੁਦਿਆਂ ‘ਤੇ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਟੁੱਟੀ, ਉਨ੍ਹਾਂ ਵਿੱਚ ਕੈਨੇਡਾ ਦਾ ਆਟੋਮੇਟਿਵ ਖੇਤਰ, ਦੂਜੇ ਮੁਲਕਾਂ ਨਾਲ ਕੈਨੇਡਾ ਦੇ ਸਮਝੌਤਾ ਕਰਨ ਦੀ ਆਜ਼ਾਦੀ ‘ਤੇ ਰੋਕ ਅਤੇ ਭਾਸ਼ਾ ਤੇ ਸੱਭਿਆਚਾਰ ਬਾਰੇ ਕੈਨੇਡਾ ਦੀਆਂ ਘਰੇਲੂ ਰੋਕਾਂ ਦਾ ਮੁੱਦਾ ਸ਼ਾਮਲ ਹੈ।
ਅਮਰੀਕਾ ਦੇ ਵਪਾਰਕ ਪ੍ਰਤੀਨਿਧ ਜੈਮਸਨ ਗਰੀਨ ਨੇ ਗੱਲਬਾਤ ਟੁੱਟਣ ਦੇ ਬਾਅਦ ਕਿਹਾ ਕਿ ਉਨ੍ਹਾਂ ਦਾ ਮੁਲਕ ਲੱਕੜੀ (ਲੰਬਰ), ਸਟੀਲ ਅਤੇ ਵਾਹਨਾਂ ‘ਤੇ ਇਤਿਹਾਸਕ ਛੋਟਾਂ ਦੇਣਾ ਚਾਹੁੰਦਾ ਹੈ ਅਤੇ ਬਦਲੇ ਵਿੱਚ ਕੈਨੇਡਾ ਵੱਲੋਂ ਅਮਰੀਕੀ ਡੇਅਰੀ ਅਤੇ ਸ਼ਰਾਬ ‘ਤੇ ਰਿਆਇਤਾਂ ਚਾਹੁੰਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਨਾਲ ਟਰੇਡ ਟੈਰਿਫਾਂ ਦੇ ਮਾਮਲੇ ਵਿੱਚ ਲਏ ਗਏ ਸਟੈਂਡ ‘ਤੇ ਐਲਬਰਟਾ ਨੂੰ ਛੱਡ ਕੇ ਕੈਨੇਡਾ ਦੇ ਬਹੁਤੇ ਰਾਜਾਂ ਨੇ ਸਹਿਮਤੀ ਜ਼ਾਹਰ ਕੀਤੀ ਹੈ। ਜਦਕਿ ਐਲਬਰਟਾ ਦੇ ਮੁੱਖ ਮੰਤਰੀ ਡੇਨੀਅਲ ਸਮਿੱਥ ਨੇ ਦੋਹਾਂ ਮੁਲਕਾਂ ਦੇ ਆਗੂਆਂ ਨੂੰ ਗੱਲਬਾਤ ਦੀ ਮੇਜ਼ ‘ਤੇ ਪਰਤਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਕੈਨੇਡਾ ਸਰਕਾਰ ਨੇ ਇਹ ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਆਉਣ ਵਾਲੇ ਆਰਥਕ ਮੰਦੇ ਨੂੰ ਜਰਨ ਲਈ ਕਾਰੋਬਾਰੀਆਂ ਨੂੰ 25 ਬਿਲੀਅਨ ਡਾਲਰ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ। ਉਧਰ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਨੇੜ ਭਵਿੱਖ `ਚ ਕਿਸੇ ਗੱਲਬਾਤ ਦੀ ਯੋਜਨਾ ਨਹੀਂ ਹੈ।
ਯਾਦ ਰਹੇ, ਇਸ ਵਪਾਰ ਗੱਲਬਾਤ ਦੇ ਫੇਲ੍ਹ ਹੋਣ ਨਾਲ ਉਤਰੀ ਅਮਰੀਕੀ ਸਪਲਾਈ ਚੇਨਾਂ ‘ਤੇ ਵੱਡਾ ਅਸਰ ਪੈਣ ਦੇ ਆਸਾਰ ਹਨ। ਖਾਸ ਕਰਕੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਅਤੇ ਕਿਊਬੈਕ ਵਿੱਚ ਵਧੇਰੇ ਆਰਥਕ ਮੁਸੀਬਤ ਵੇਖਣ ਨੂੰ ਮਿਲੇਗੀ।
ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਜਦੋਂ ਤੁਹਾਡੇ ‘ਤੇ ਹਮਲਾ ਕਰ ਦਿੱਤਾ ਜਾਵੇ ਤਾਂ ਤੁਸੀਂ ਜੰਗ ਵਿੱਚ ਹੁੰਦੇ ਹੋ ਅਤੇ ਸਾਡੇ ‘ਤੇ ਹਮਲਾ ਕਰ ਦਿੱਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਅਸੀਂ ਉਹ ਕੁਝ ਸਵਿਕਾਰ ਨਹੀਂ ਕਰ ਸਕਦੇ, ਜੋ ਉਨ੍ਹਾਂ ਨੇ ਤਜਵੀਜ਼ ਕੀਤਾ ਹੈ ਅਤੇ ਉਹ ਕੁਝ ਨਹੀਂ ਦੇ ਸਕਦੇ, ਜੋ ਉਹ ਮੰਗ ਕਰ ਰਹੇ ਹਨ। ਕੈਨੇਡਾ ਦੀ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਪ੍ਰਧਾਨ ਡੈਨ ਕੈਲੇ ਨੇ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਨਾਲ 40 ਫੀਸਦੀ ਛੋਟੇ ਕਾਰੋਬਾਰੀ ਪ੍ਰਭਾਵਤ ਹੋਣਗੇ। ਇਨ੍ਹਾਂ ਵਿੱਚੋਂ ਇੱਕ ਤਿਹਾਈ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਆਮਦਨ 50 ਫੀਸਦੀ ਘਟ ਜਾਵੇਗੀ।
ਕੈਨੇਡਾ ਨਾਲ ਲਗਦੀਆਂ ਅਮਰੀਕੀ ਸਟੇਟਾਂ- ਮਿਨੀਸੋਟਾ, ਨਿਊ ਯਾਰਕ ਅਤੇ ਵਾਸ਼ਿੰਗਟਨ ਦੇ ਕਾਨੂੰਨ ਘਾੜਿਆਂ ਨੇ ਵੀ ਇਸ ਟਰੇਡ ਵਾਰ ‘ਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਮਿਨੀਸੋਟਾ ਦੇ ਇੱਕ ਸੈਨੇਟਰ ਕਲੋਚਰ ਨੇ ਕਿਹਾ ਕਿ ਨਵੇਂ ਟੈਰਿਫਾਂ ਦਾ ਮਤਲਬ ਹੈ- ਛੋਟੇ ਕਾਰੋਬਾਰੀਆਂ, ਕਿਸਾਨਾਂ ਅਤੇ ਸਾਰੇ ਮਿਨੀਸੋਟਾ ਵਿੱਚ ਵੱਸਦੇ ਪਰਿਵਾਰਾਂ ਲਈ ਵਸਤਾਂ ਦੀਆਂ ਵਧੀਆਂ ਕੀਮਤਾਂ। ਉਨ੍ਹਾਂ ਕਿਹਾ ਕਿ ਮਿਨੀਸੋਟਾ ਦੇ ਲੋਕਾਂ ਨੂੰ ਟਰੰਪ ਦੀਆਂ ਮਨ-ਆਈਆਂ ਦਾ ਨੁਕਸਾਨ ਭੁਗਤਣਾ ਪਏਗਾ।
ਕੈਨੇਡਾ ਦੇ ‘ਡਾਲਰ ਟੂ ਡਾਲਰ ਟੈਕਸ’ ਜਾਪਦਾ ਹੈ ਕਿ 8 ਸਤੰਬਰ ਤੋਂ ਲਗਾਏ ਜਾਣਗੇ। ਕੈਨੇਡਾ ਅਤੇ ਅਮਰੀਕਾ ਵਿਚਕਾਰ ਸ਼ੁਰੂ ਹੋਈ ਇਸ ਵਪਾਰ ਜੰਗ ਦਾ ਕੈਨੇਡਾ-ਅਮਰੀਕਾ-ਮੈਕਸੀਕੋ ਵਿਚਕਾਰ ਵਪਾਰ ਸਮਝੌਤੇ ਯੂ.ਐਸ. ਐਮ.ਸੀ.ਏ. ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਇਹ ਸਮਝੌਤਾ ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਸਹੀਬਧ ਕੀਤਾ ਗਿਆ ਸੀ। ਟਰੰਪ ਵੱਲੋਂ ਹਾਲ ਹੀ ਵਿੱਚ ਇਸ ਨੂੰ ਮੁੜ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਸਮਝੌਤੇ ਤਹਿਤ ਤਿੰਨਾਂ ਮੁਲਕਾਂ ਵਿਚਕਾਰ 2 ਟ੍ਰਿਲੀਅਨ ਡਾਲਰ ਦਾ ਕਾਰੋਬਾਰ ਹੁੰਦਾ ਹੈ। ਕੈਨੇਡਾ-ਅਮਰੀਕਾ ਵਿਚਕਾਰ ਵਿਗੜੇ ਰਿਸ਼ਤਿਆਂ ਕਾਰਨ ਦੋਹਾਂ ਮੁਲਕਾਂ ਵਿਚਕਾਰ ਹੁੰਦੇ ਸੈਰ ਸਪਾਟੇ ‘ਤੇ ਵੀ ਅਸਰ ਪਿਆ ਹੈ। 2025 ਵਿੱਚ ਕੈਨੇਡਾ ਵੱਲੋਂ ਨਿਊ ਯਾਰਕ ਸਟੇਟ ਵੱਲ ਜਾਂਦੇ ਸੈਲਾਨੀਆਂ ਦੀ ਗਿਣਤੀ 21 ਫੀਸਦੀ ਘਟੀ ਹੈ।
ਕੈਨੇਡਾ ਦੇ ਗਲੋਬ ਐਂਡ ਮੇਲ ਅਖ਼ਬਾਰ ਵੱਲੋਂ ਕਰਵਾਏ ਗਏ ਇੱਕ ਸਰਵੇ ਵਿੱਚ ਸਿਰਫ 9 ਫੀਸਦੀ ਕੈਨੇਡਾ ਵਾਸੀ ਸਵੀਕਾਰ ਕਰਦੇ ਹਨ ਕਿ ਅਮਰੀਕਾ ਵਿਸ਼ਵਾਸਯੋਗ ਭਾਈਵਾਲ ਹੈ। 51 ਫੀਸਦੀ ਨੇ ਟਰੰਪ ਵੱਲੋਂ ਦਿੱਤੇ ਜਾਂਦੇ ਪ੍ਰਤੀਕਰਮਾਂ ਕਰਕੇ ਅਮਰੀਕਾ ਜਾਣ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਹਨ।

Leave a Reply

Your email address will not be published. Required fields are marked *