*ਸਿੱਖ ਰਾਜਨੀਤਿਕ ਪਾਰਟੀਆਂ ਅਤੇ ਇਨਸਾਫ ਮੋਰਚੇ ਵਿਚਕਾਰ ਸਹਿਯੋਗ ਜ਼ਰੂਰੀ
ਜਸਵੀਰ ਸਿੰਘ ਸ਼ੀਰੀ
ਤਿੰਨ ਸਾਲਾਂ ਤੋਂ ਮੁਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨੇ ‘ਤੇ ਬੈਠੇ ਕੌਮੀ ਇਨਸਾਫ ਮੋਰਚੇ ਵੱਲੋਂ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ 21 ਅਗਸਤ ਨੂੰ ਕੀਤੇ ਗਏ ਬੰਦ ਅਤੇ ਰੋਸ ਪ੍ਰਗਟਾਵੇ ਨੂੰ ਪੰਜਾਬ ਵਿੱਚ ਵੱਡਾ ਹੁੰਘਾਰਾ ਮਿਲਿਆ ਹੈ। ਬੰਦ ਦੇ ਇਸ ਸੱਦੇ ਦੀ, ਅਕਾਲੀ ਦਲ (ਬਾਦਲ) ਨੂੰ ਛੱਡ ਕੇ ਤਕਰੀਬਨ ਬਾਕੀ ਸਾਰੇ ਅਕਾਲੀ ਦਲਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ।
ਇਸ ਦ੍ਰਿਸ਼ਟੀ ਤੋਂ ਵੀ ਇਹ ਪਹਿਲਾ ਮੌਕਾ ਹੈ, ਜਦੋਂ ਸੱਭੇ ਜਥੇਬੰਦੀਆਂ ਦੇ ਕਾਰਕੁੰਨ ਸਾਂਝੇ ਤੌਰ ‘ਤੇ ਇਸ ਬੰਦ ਦੀ ਹਮਾਇਤ ਵਿੱਚ ਨਿੱਤਰੇ ਹਨ। ਕੁਝ ਸ਼ਹਿਰਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਵੀ ਕੀਤੇ ਗਏ। ਸੜਕਾਂ ਰੋਕਣ ਲਈ ਧਰਨੇ ਲਗਾਏ ਗਏ। ਬੰਦ ਦਾ ਇਹ ਸੱਦਾ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦਿੱਤਾ ਗਿਆ ਸੀ।
ਜੇ ਵੱਖ-ਵੱਖ ਅਖ਼ਬਾਰਾਂ ਵੱਲੋਂ ਕੀਤੀ ਗਈ ਵਿਆਪਕ ਰਿਪੋਰਟਿੰਗ ਨੂੰ ਆਧਾਰ ਮੰਨਿਆ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਸਵੇਰੇ ਸਵਖਤੇ ਤਾਂ ਭਾਵੇਂ ਕੁਝ ਸ਼ਹਿਰਾਂ ਵਿੱਚ ਅੱਧ-ਪਚੱਧ ਬਾਜ਼ਾਰ ਖੁੱਲ੍ਹੇ ਸਨ, ਪਰ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਦੇ ਸਰਗਰਮ ਹੋਣ ਤੋਂ ਬਾਅਦ ਲਗਪਗ ਸਾਰੇ ਪੰਜਾਬ ਵਿੱਚ ਹੀ ਮੁਕੰਮਲ ਬੰਦ ਹੋ ਗਿਆ। ਕੁਝ ਥਾਵਾਂ ‘ਤੇ ਹਿੰਦੂ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਵੀ ਬੰਦ ਦੇ ਹੱਕ ਵਿੱਚ ਪ੍ਰਦਰਸ਼ਨ ਕਰਦੇ ਨਜ਼ਰ ਆਏ। ਇਹ ਸਥਿਤੀ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਸਿੱਖ ਸਮੱਸਿਆ ਦੇ ਅੰਤਿਮ ਨਿਪਟਾਰੇ ਦੀ ਆਸ ਰੱਖਦੇ ਹਨ। ਬੰਦ ਨੇ ਵਪਾਰਕ ਕਾਰੋਬਾਰ, ਦੁਕਾਨਦਾਰੀ, ਟ੍ਰੈਫਿਕ ਦੀ ਆਵਾਜਾਈ ਸਮੇਤ ਜ਼ਿੰਦਗੀ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਤ ਕੀਤਾ। ਪੰਜਾਬ ਦੇ ਚਾਰਾਂ ਖੇਤਰਾਂ, ਮਾਝੇ, ਮਾਲਵੇ, ਪੁਆਧ ਅਤੇ ਦੁਆਬੇ ਵਿੱਚ ਬੰਦ ਦਾ ਸੱਦਾ ਪੂਰੀ ਤਰ੍ਹਾਂ ਪ੍ਰਭਾਵਕਾਰੀ ਰਿਹਾ। ਇੱਥੋਂ ਤੱਕ ਕਿ ਅਕਾਲੀ ਦਲ (ਬਾਦਲ) ਦੀ ਅਗਵਾਈ ਵਿੱਚ ਕੰਮ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਅਦਾਰੇ ਵੀ ਬੰਦ ਰਹੇ। ਵਿਦਿਅਕ ਅਦਾਰਿਆਂ ਵਿੱਚ ਹਾਜ਼ਰੀ ਪਤਲੀ ਰਹੀ। ਬਹੁਤ ਸਾਰੇ ਸਕੂਲਾਂ ਵੱਲੋਂ ਇਸ ਦਿਨ ਛੁੱਟੀ ਐਲਾਨ ਦਿੱਤੀ ਗਈ।
ਅਸਲ ਵਿੱਚ ਪੰਜਾਬ ਵਿੱਚ ਅੰਦੋਲਨਕਾਰੀ ਸਿੱਖ ਸਿਆਸਤ ਦੀ ਇਸ ਨਵੀਂ ਪਾਰੀ ਨੂੰ ਸ਼ੁਰੂ ਕਰਨ ਵਿੱਚ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਗਈ ਚਿੱਠੀ ਅਤੇ ਮੁੱਖ ਮੰਤਰੀ ਵੱਲੋਂ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਹੱਕ ਵਿੱਚ ਰਾਜਪਾਲ ਨੂੰ ਲਿਖੇ ਪੱਤਰ ਨੇ ਉਕਸਾਊ ਭੂਮਿਕਾ ਨਿਭਾਈ ਹੈ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦੇ ਆਪੋ-ਆਪਣੇ ਵੱਖੋ-ਵੱਖਰੇ ਮਕਸਦ ਹਨ, ਪਰ ਇਨ੍ਹਾਂ ਨੇ ਇੱਕ ਨਵੀਂ ਤੇ ਵੱਖਰੀ ਕਿਸਮ ਦੀ ਸਿੱਖ ਸਿਅਸਾਤ ਨੂੰ ਜਾਗ ਲਗਾ ਦਿੱਤਾ ਹੈ, ਜਿਹੜੀ ਆਪਣੇ ਮਸਲਿਆਂ ਨੂੰ ਅਮਨਪੂਰਬਕ ਤਰੀਕਿਆਂ ਨਾਲ ਹੱਲ ਕਰਵਾਉਣ ਦੇ ਰਾਹ ਪਾਉਣ ਦਾ ਯਤਨ ਕਰ ਰਹੀ ਹੈ। ਜੇ ਇਹ ਸਿਆਸਤ ਸਰਗਰਮੀ ਨਾਲ ਆਪਣੇ ਰਾਹ ਤੁਰਦੀ ਹੈ ਤਾਂ ਇਹ ਰਵਾਇਤੀ ਕੌਮੀ ਪਾਰਟੀਆਂ ਨੂੰ ਪੰਜਾਬ ਵਿੱਚ ਕੱਖੋਂ ਹੌਲੀਆਂ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਇਸ ਕਿਸਮ ਦੀ ਸਿਆਸਤ ਦਾ ਜੇਲ੍ਹ ਵਿੱਚ ਬੰਦ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਵਾਹਕ ਬਣ ਕੇ ਉਭਰਿਆ ਸੀ। ਅਗਲੇ ਸਾਲ ਫਰਵਰੀ-ਮਾਰਚ ਵਿੱਚ ਆ ਰਹੀਆਂ ਚੋਣਾਂ ਦੀ ਦ੍ਰਿਸ਼ਟੀ ਤੋਂ 21 ਅਗਸਤ ਦੇ ਬੰਦ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਾਹਮਣੇ ਜਿਹੜੀ ਸਭ ਤੋਂ ਵੱਡੀ ਚਣੌਤੀ ਸੀ, ਉਹ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਨਵੇਂ ਉਭਰ ਰਹੇ ਅਕਾਲੀ ਦਲ (ਵਾਰਸ ਪੰਜਾਬ ਦੇ) ਦੀ ਹੀ ਵਿਖਾਈ ਦਿੰਦੀ ਸੀ। ਨਵੇਂ ਉਭਰ ਰਹੇ ਅਕਾਲੀ ਦਲ ਦੇ ਇਸ ਉਭਾਰ ਨੂੰ ਮੱਠਾ ਕਰਨ ਲਈ ਅਤੇ ਅਕਾਲ ਤਖਤ ਸਾਹਿਬ ਦੇ ਬਾਦਲ ਪੱਖੀ ਜਥੇਦਾਰ ਵੱਲੋਂ ਮੁੱਖ ਮੰਤਰੀ ਮਾਨ ਖਿਲਾਫ ਵਿੱਢੀ ਗਈ ਧਾਰਮਿਕ-ਸਿਆਸੀ ਮੁਹਿੰਮ ਨੂੰ ਖੁੰਢਾ ਕਰਨ ਲਈ, ਪੰਜਾਬ ਦਾ ਮੁੱਖ ਮੰਤਰੀ ਹਵਾਰੇ ਦੀ ਰਿਹਾਈ ਨੂੰ ਚਰਚਾ ਵਿੱਚ ਲਿਆ ਰਿਹਾ ਹੈ। ਇੰਜ ਆਪਣੇ ਬਚਾਅ ਲਈ ਭਗਵੰਤ ਮਾਨ ਬਾਦਲ ਪੱਖੀ ਜਥੇਦਾਰ ਦੇ ਸਾਹਮਣੇ ਮੁਤਵਾਜ਼ੀ ਜਥੇਦਾਰ ਹਵਾਰਾ ਨੂੰ ਖੜ੍ਹਾ ਕਰ ਰਿਹਾ ਹੈ। ਕੇਂਦਰ ਅਤੇ ਪੰਜਾਬ ਸਰਕਾਰ- ਦੋਨੋ ਹੀ ਹਵਾਰਾ ਦੀ ਜਥੇਦਾਰ ਵਜੋਂ ਮੁਤਵਾਜ਼ੀ ਹਸਤੀ ਨੂੰ ਵੱਖੋ-ਵੱਖ ਮਕਸਦਾਂ ਲਈ ਵਰਤਣਾ ਚਾਹੁੰਦੀਆਂ ਹਨ। ਕੇਂਦਰ ਸਿੱਖ ਵੋਟ ਨੂੰ ਕਈ ਹਿੱਸਿਆਂ ਵਿੱਚ ਵੰਡਣ ਦਾ ਯਤਨ ਕਰ ਰਿਹਾ ਹੈ, ਜਦਕਿ ਭਗਵੰਤ ਮਾਨ ਹਵਾਰੇ ਦੀ ਪੈਰੋਲ ਦਾ ਪੱਖ ਪੂਰ ਕੇ ਆਪਣੇ ਉਪਰੋਂ ‘ਸਿੱਖ ਦੋਖੀ ਅਤੇ ਗੁਰੂ ਦੋਖੀ’ ਹੋਣ ਦਾ ਫਤਵਾ ਬੇਅਸਰ ਕਰਨ ਦੇ ਯਤਨ ਵਿੱਚ ਹੈ; ਪਰ ਅੰਤਿਮ ਰੂਪ ਵਿੱਚ ਇਹ ਦੋਨੋ ਧਿਰਾਂ ਆਰ.ਐਸ.ਐਸ. ਦੀ ਏਕਾਤਮਕ ਹਿੰਦੂ ਭਾਰਤੀ ਰਾਜ ਦੀ ਧਾਰਨਾ ਦੇ ਹੱਕ ਵਿੱਚ ਭੁਗਤਦੀਆਂ ਹਨ।
ਇੰਜ ਸਿਆਸਤਦਾਨਾਂ ਦੀ ਸਿਆਸੀ ਤਿਕੜਮ ਵਿੱਚੋਂ ਪੰਜਾਬ ਦੀ ਸਿੱਖ ਸਿਆਸਤ ਆਪਣਾ ਨਿਵੇਕਲਾ ਰਾਹ ਅਖਤਿਆਰ ਕਰ ਰਹੀ ਹੈ। ਇਸ ਦੀ ਸਮਝ ਭਾਰਤੀ ਰਾਜ ਸ਼ਕਤੀਆਂ ਨੂੰ ਸਿੱਖ ਕਾਰਕੁੰਨਾਂ ਅਤੇ ਆਗੂਆਂ ਨਾਲੋਂ ਕਿਤੇ ਵਧੇਰੇ ਹੈ। ਇਸੇ ਲਈ ਸਰਕਾਰ ਵੱਲੋਂ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਆਦਿ ਸਮੇਤ ਵੱਡੇ ਸ਼ਹਿਰਾਂ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਸ ਵਾਰ ਇਸ ਪ੍ਰਦਰਸ਼ਨ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਰਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਵੀ ਇਸ ਬੰਦ ਕਾਲ ਦੀ ਹਮਾਇਤ ਕੀਤੀ ਅਤੇ ਮੋਰਚੇ ਦੇ ਕਾਰਕੁੰਨਾਂ ਵੱਲੋਂ ਆਯੋਜਤ ਕੀਤੇ ਗਏ ਮਾਰਚਾਂ ਵਿੱਚ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਦੀ ਬਹੁਤੀ ਕਿਸਾਨੀ ਧਾਰਮਿਕ ਪੱਖੋਂ ਸਿੱਖ ਹੈ ਅਤੇ ਇਸ ਤਰ੍ਹਾਂ ਪੰਜਾਬ ਦੇ ਕਿਸਾਨ ਦਾ ਇੱਕ ਆਰਥਕ ਜਮਾਤ ਵਜੋਂ ਹਿੱਤ ਅਤੇ ਉਸ ਦਾ ਕੌਮੀ ਉਦੇਸ਼ ਇਕਮਿਕ ਹੋ ਗਿਆ ਹੈ। ਪਰ ਇੱਥੇ ਪੰਗਾ ਇਹ ਹੈ ਕਿ ਕਿਸਾਨਾਂ ਦੀ ਅਗਵਾਈ ਕਰ ਰਹੀਆਂ ਵੱਡੀਆਂ ਖੱਬੇ ਪੱਖੀ ਜਥੇਬੰਦੀਆਂ ਰਾਜਨੀਤਿਕ ਮਾਰਾਂ ਖਾਣ ਦੇ ਬਾਵਜੂਦ ਉਪਰੋਕਤ ਸੱਚਾਈ ਨੂੰ ਸਮਝਣ ਲਈ ਤਿਆਰ ਨਹੀਂ ਹਨ।
ਯਾਦ ਰਹੇ, ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ 15 ਅਗਸਤ ਨੂੰ ਮੁਹਾਲੀ ਤੋਂ ਰਾਜਪਾਲ ਭਵਨ ਤੱਕ ਇੱਕ ਮਾਰਚ ਵੀ ਆਯੋਜਤ ਕੀਤਾ ਗਿਆ ਸੀ। ਸਰਕਾਰ ਨੇ ਇਸ ਮਾਰਚ ‘ਤੇ ਅਥਰੂ ਗੈਸ ਦੇ ਗੋਲੇ ਸੁੱਟੇ ਅਤੇ ਹਲਕਾ ਲਾਠੀਚਾਰਜ ਵੀ ਕੀਤਾ। ਇਸ ਵਿੱਚ ਮਰੋਚੇ ਦੇ ਆਗੂਆਂ ਨੇ ਸਿੰਘਾਂ ਦੀ ਪੱਕੀ ਰਿਹਾਈ ਦੀ ਮੰਗ ਕੀਤੀ ਸੀ। ਇਸ ਮਾਰਚ ਤੋਂ ਪਹਿਲਾਂ 14 ਅਗਸਤ ਦੀ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਇੱਕ ਸੁਨੇਹਾ ਜਗਤਾਰ ਸਿੰਘ ਹਵਾਰਾ ਤੋਂ ਰਿਲੀਜ਼ ਕਰਵਾਇਆ ਗਿਆ। ਇਸ ਸੁਨੇਹੇ ਦੀ ਵੀਡੀਓ ਵਿੱਚ ਹਵਾਰੇ ਨੇ ਮਾਰਚ ਵਿੱਚ ਹਿੱਸਾ ਲੈਣ ਵਾਲੀਆਂ ਸੰਗਤਾਂ ਨੂੰ ਸਾਂਤ ਚਿੱਤ ਰਹਿਣ ਲਈ ਕਿਹਾ ਸੀ। ਕੌਮੀ ਇਨਸਾਫ ਮੋਰਚੇ ਅਨੁਸਾਰ ਸਰਕਾਰ ਨੇ ਸੁਨੇਹੇ ਦਾ ਉਹ ਹਿੱਸਾ ਕੱਟ ਦਿੱਤਾ ਸੀ, ਜਿਸ ਵਿੱਚ ਉਸ ਨੇ ਸਰਕਾਰ ਨੂੰ ਵੀ ਸੰਜਮ ਵਿੱਚ ਰਹਿਣ ਦੀ ਅਪੀਲ ਕੀਤੀ ਸੀ ਤਾਂ ਕਿ ਪ੍ਰਦਰਸ਼ਨ ਕਰ ਰਹੇ ਸਿੰਘ ਭੜਕਾਹਟ ਵਿੱਚ ਨਾ ਆਉਣ। ਸਿੱਖ ਆਵਾਮ ਅਤੇ ਸਿੱਖ ਜਵਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੌਮੀ ਹਿੱਤਾਂ ਦੀ ਪਾਪੂਲਰ ਲਹਿਰ ਸਖਤੀ ਨਾਲ ਸ਼ਾਂਤਮਈ ਰੱਖਣ ਤੋਂ ਬਿਨਾ ਅੱਗੇ ਨਹੀਂ ਵਧਾਈ ਜਾ ਸਕਦੀ। ਇਸੇ ਲਈ ਬੀਤੇ ਤਿੰਨ ਸਾਲਾਂ ਦਾ ਸਬਰ ਹੌਲੀ-ਹੌਲੀ ਕੌਮੀ ਇਨਸਾਫ ਮੋਰਚੇ ਨੂੰ ਮਜਬੂਤੀ ਬਖਸ਼ਣ ਲੱਗਾ ਹੈ। ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਉਸਲਵੱਟੇ ਲੈ ਰਹੀ ਸਿੱਖ ਸਿਆਸਤ ਅਤੇ ਕੌਮੀ ਇਨਸਾਫ ਤੇ ਮਨੁੱਖੀ ਅਧਿਕਾਰਾਂ ਲਈ ਲੋਕ (ਪਾਪੂਲਰ) ਲਹਿਰ ਜੇ ਸਮਝਦਾਰੀ ਅਤੇ ਆਪਸੀ ਸਹਿਯੋਗ ਨਾਲ ਅੱਗੇ ਵਧਣ ਤਾਂ ਸਿੱਖ ਮਸਲਿਆਂ ਦੇ ਨਿਪਟਾਰੇ ਲਈ ਮਾਹੌਲ ਖੜ੍ਹਾ ਕਰ ਸਕਦੀਆਂ ਹਨ।
