ਅਮਰੀਕਾ-ਇਰਾਨ ਜੰਗ ਮੁੜ ਛਿੜੀ

ਖਬਰਾਂ ਵਿਚਾਰ-ਵਟਾਂਦਰਾ

*ਇਰਾਨ ਵੱਲੋਂ ਅਮਰੀਕਾ ਦੇ ਦੋ ਯੁੱਧ ਪੋਤਾਂ ‘ਤੇ ਹਮਲੇ
*ਅਮਰੀਕਾ ਨੇ ਇਰਾਨ ਦੇ ਤੇਲ ਟੈਂਕਰ ਉਡਾਏ
ਪੰਜਾਬੀ ਪਰਵਾਜ਼ ਬਿਊਰੋ
ਕੁਝ ਦਿਨਾਂ ਲਈ ਦਬਣ ਤੋਂ ਬਾਅਦ ਇਰਾਨ-ਅਮਰੀਕਾ ਜੰਗ ਇੱਕ ਵਾਰ ਫਿਰ ਭੜਕ ਪਈ ਹੈ। ਲੱਗਦਾ ਹੈ, ਇਰਾਨ ਦਾ ਆਪਣੀ ਆਰਥਿਕ ਘੇਰਾਬੰਦੀ ਖਿਲਾਫ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ। ਅਮਰੀਕਾ ਵੱਲੋਂ ਇਰਾਨ ਵਿੱਚ ਕੀਤੇ ਗਏ ਹਮਲਿਆਂ ਅਤੇ ਜਾਨੀ ਨੁਕਸਾਨ ਤੋਂ ਬਾਅਦ ਇਰਾਨ ਵੱਲੋਂ ਦੋ ਅਮਰੀਕੀ ਯੁੱਧ ਪੋਤਾਂ ‘ਤੇ ਹਮਲੇ ਕੀਤੇ ਗਏ ਹਨ। ਇਹ ਇਸ ਫੌਜੀ ਰਣਨੀਤੀ ਨੂੰ ਹੀ ਦਰਸਾਉਂਦੇ ਹਨ ਕਿ ਇਰਾਨੀ ਅਮਰੀਕੀ ਨੇਵੀ ਵੱਲੋਂ ਕੀਤੀ ਗਈ ਨਾਕਾਬੰਦੀ ਨੂੰ ਤੋੜਨ ਦੀ ਫਿਰਾਕ ਵਿੱਚ ਹਨ।

ਇਰਾਨ ਦੀ ਫੌਜੀ ਸਮਰੱਥਾ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ (ਆਈ.ਆਰ.ਜੀ.ਸੀ.) ਨੇ ਬੀਤੇ ਦਿਨੀਂ ਦਾਅਵਾ ਕੀਤਾ ਕਿ ਉਸ ਨੇ ਅਮਰੀਕਾ ਦੇ ਦੋ ਯੁੱਧ-ਪੋਤ ਅਤੇ ਇੱਕ ਮਨੁੱਖ ਰਹਿਤ ਮਿਜ਼ਾਈਲ ਤਬਾਹ ਕਰਨ ਵਾਲੀ ਡਰੋਨ ਨੁਮਾ ਮਸ਼ੀਨ ‘ਤੇ ਹਮਲਾ ਕਰਕੇ ਉਸ ਨੂੰ ਮਾਰ ਗਿਰਾਇਆ ਹੈ। ਹਾਲਾਂਕਿ ਅਮਰੀਕਾ ਦੀ ਫੌਜੀ ਕਮਾਂਡ ‘ਸੈਂਟਕਾਮ’ ਨੇ ਇਸ ਤੋਂ ਇਨਕਾਰ ਕੀਤਾ ਅਤੇ ਸਟੇਟ ਆਫ ਹੌਰਮੂਜ਼ ਵਿੱਚ ਇਰਾਨ ਦੇ ਤਿੰਨ ਤੇਲ ਟੈਂਕਰਾਂ (ਸ਼ਿੱਪਾਂ) ਨੂੰ ਨਿਸ਼ਾਨਾ ਬਣਾਉਣ ਦਾ ਦਾਆਵਾ ਕੀਤਾ ਹੈ। ਇਨ੍ਹਾਂ ਤਿੰਨਾਂ ਇਰਾਨੀ ਟੈਂਕਰਾਂ ਵਿੱਚੋਂ ਇੱਕ ‘ਤੇ ਇਰਾਨ ਦੇ ਖ਼ਰਗ ਟਾਪੂ ਦੇ ਲਾਗੇ ਕੀਤਾ ਗਿਆ ਦੱਸਿਆ ਜਾਂਦਾ ਹੈ। ਇੱਥੋਂ ਇਰਾਨ ਦਾ 90 ਫੀਸਦੀ ਕੱਚਾ ਤੇਲ ਦਰਾਮਦ ਕੀਤਾ ਜਾਂਦਾ ਹੈ। ਦੂਜਾ ਹਮਲਾ ਜਾਸਕ ਨਜ਼ਦੀਕ ਅਤੇ ਤੀਜਾ ਓਮਾਨ ਦੀ ਖਾੜੀ ਵਿੱਚ ਕੀਤਾ ਗਿਆ ਹੈ। ਅਮਰੀਕਾ ਦੀ ਕੇਂਦਰੀ ਫੌਜੀ ਕਮਾਂਡ ‘ਸੈਂਟਕਾਮ’ ਦਾ ਕਹਿਣਾ ਹੈ ਕਿ ਇਹ ਹਮਲੇ ਇਰਾਨ ਵੱਲੋਂ ਅਮਰੀਕੀ ਯੁੱਧ-ਪੋਤ ਅਤੇ ਮਿਜ਼ਾਈਲ ਡਿਸਟਰਾਇਰ ‘ਤੇ ਕੀਤੇ ਗਏ ਹਮਲੇ ਦੇ ਬਦਲੇ ਵਿੱਚ ਕੀਤੇ ਗਏ ਹਨ।
28 ਫਰਵਰੀ ਨੂੰ ਸ਼ੁਰੂ ਹੋਈ ਤਾਜ਼ਾ ਇਰਾਨ-ਅਮਰੀਕਾ ਜੰਗ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਵੇਖੇ ਗਏ ਹਨ, ਪਰ ਇਰਾਨ ਵਲੋਂ ਹਮੇਸ਼ਾ ਅਮਰੀਕਾ ਅਤੇ ਇਜ਼ਰਾਇਲ ਦੇ ਹਮਲਿਆਂ ਦੇ ਜਵਾਬ ਵਿੱਚ ਹੀ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਇਰਾਨ ਨੇ ਹਮਲਾਵਰ ਰੁਖ ਅਪਣਾਉਂਦਿਆਂ ਅਮਰੀਕੀ ਯੁੱਧ-ਪੋਤਾਂ ਨੂੰ ਨਿਸ਼ਾਨਾ ਬਣਾਇਆ ਹੈ। ਸੈਂਟਕੋਮ ਦੇ ਕਮਾਂਡਰ ਬਰਾਡ ਕੂਪਰ ਨੇ ਇਸ ਦੌਰਾਨ ਆਪਣੇ ਇੱਕ ਬਿਆਨ ਵਿੱਚ ਕਿਹਾ, “ਜੇ ਤੁਸੀਂ ਸਾਡੇ ਯੁੱਧ-ਪੋਤਾਂ ‘ਤੇ ਹਮਲੇ ਕਰੋਗੇ ਤਾਂ ਅਸੀਂ ਤੁਹਾਡੇ (ਤੇਲ ਸ਼ਿੱਪਾਂ) ‘ਤੇ ਹਮਲੇ ਕਰਕੇ ਜ਼ਿਆਦਾ ਵੱਡਾ ਆਰਥਕ ਨੁਕਸਾਨ ਪਹੁੰਚਾਵਾਂਗੇ। ਫੌਜੀ ਮਾਮਲਿਆਂ ਦੇ ਵਿਸ਼ਲੇਸ਼ਕ ਵੋਲਫਗੈਂਗ ਪੁਸ਼ਤਈ ਨੇ ਇਸ ਘਟਨਾ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਰਾਨ ਨੇ ਨਾ ਸਿਰਫ ਦੋ ਯੁੱਧ-ਪੋਤਾਂ ‘ਤੇ ਹਮਲੇ ਕੀਤੇ, ਸਗੋਂ ਮਿਜ਼ਾਈਲ ਡਿਸਟਰਾਇਰ ‘ਤੇ ਵੀ ਜ਼ਬਰਦਸਤ ਹਮਲਾ ਕੀਤਾ ਹੈ। ਯਾਦ ਰਹੇ, ਅਮਰੀਕਾ ਦਾ ਇਹ ਮਿਜ਼ਾਈਲਾਂ ਨੂੰ ਤਬਾਹ ਕਰਨ ਵਾਲਾ ਮਨੁੱਖ ਰਹਿਤ ਵਾਹਨ (ਡਿਸਟਰਾਇਰ) ਇਰਾਨ ਵੱਲੋਂ ਵਿਸ਼ੇਸ਼ ਨਿਸ਼ਾਨੇ ਸੇਧ ਕੇ ਛੱਡੀਆਂ ਗਈਆਂ ਮਿਜ਼ਾਈਲਾਂ ਨੂੰ ਰਸਤੇ ਵਿੱਚ ਰੋਕ ਕੇ ਤਬਾਹ ਕਰਦਾ ਹੈ।
ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਿਨਾਅਜੋਦੀ ਨੇ ਹਾਲ ਹੀ ਵਿੱਚ ਕਿਹਾ ਕਿ ਦੋਹਾਂ ਧਿਰਾਂ ਵਿੱਚੋਂ ਕੋਈ ਵੀ ਪਿੱਛੇ ਨਹੀਂ ਹਟੇਗਾ। ਇੱਕ ਪਾਸੇ ਅਮਰੀਕਾ ਲਈ ਇੱਕ ਸੰਸਾਰ ਸ਼ਕਤੀ ਵਜੋਂ ਆਪਣੀ ਸਾਖ ਬਣਾਈ ਰੱਖਣ ਦੀ ਲੜਾਈ ਹੈ, ਦੂਜੇ ਪਾਸੇ ਇਰਾਨ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਲੜਾਈ ਲੜ ਰਿਹਾ ਹੈ। ਦੂਜੇ ਸ਼ਬਦਾਂ ਵਿੱਚ, ਅਮਰੀਕਾ ਲਈ ਸਟੇਟ ਆਫ ਹੌਰਮੂਜ਼ ਤੋਂ ਇਰਾਨ ਦਾ ਕਬਜ਼ਾ ਖਤਮ ਕਰਨਾ ਮੁੱਖ ਨਿਸ਼ਾਨਾ ਬਣ ਗਿਆ ਹੈ। ਦੂਜੇ ਪਾਸੇ, ਇਰਾਨ ਲਈ ਆਪਣੇ ਖਿਲਾਫ ਲਗਾਈਆਂ ਗਈਆਂ ਸੰਸਾਰ ਆਰਥਕ ਪਾਬੰਦੀਆਂ (ਸੈਂਕਸ਼ਨਜ਼) ਨੂੰ ਬੇਅਸਰ ਕਰਨਾ ਅਤੇ ਅਮਰੀਕੀ ਨੇਵੀ ਵੱਲੋਂ ਕੀਤੀ ਗਈ ਘੇਰਾਬੰਦੀ ਨੂੰ ਤੋੜਨਾ ਮੁੱਖ ਨਿਸ਼ਾਨਾ ਬਣ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਹ ਲੜਾਈ ਮਰਹੂਮ ਇਰਾਨੀ ਸੁਪਰੀਮ ਲੀਡਰ ਆਇਤੁਲਾ ਅਲੀ ਖੁਮੇਨੀ ਸਮੇਤ ਪ੍ਰਮੁੱਖ ਲੀਡਰਸ਼ਿਪ ਨੂੰ ਮਾਰ ਕੇ ਲੀਡਰਸ਼ਿੱਪ ਬਦਲਣ ਦਾ ਯਤਨ ਸੀ। ਅਮਰੀਕਾ ਅਤੇ ਇਜ਼ਰਾਇਲ ਇਰਾਨ ਵਿੱਚ ਵੱਡੇ ਨੁਕਸਾਨ ਦੇ ਬਾਵਜੂਦ ਲੀਡਰਸ਼ਿੱਪ ਤਾਂ ਨਾ ਬਦਲ ਸਕੇ, ਸਗੋਂ ਉਨ੍ਹਾਂ ਨੇ ਇੱਕ ਅਣਚਾਹੀ ਲੰਮੀ ਜੰਗ ਆਪਣੇ ਗਲ਼ ਪਾ ਲਈ। ਭਾਵੇਂ ਕਿ ਪਾਕਿਸਤਾਨ ਅਤੇ ਕਤਰ ਵੱਲੋਂ ਹਾਲੇ ਵੀ ਪਰਦੇ ਪਿੱਛੇ ਦੋਹਾਂ ਮੁਲਕਾਂ ਦਾ ਸਮਝੌਤਾ ਕਰਵਾਉਣ ਲਈ ਵਾਰਤਾ ਜਾਰੀ ਹੈ, ਪਰ ਇਸ ਦਾ ਕੋਈ ਠੋਸ ਸਿੱਟਾ ਨਿਕਲਦਾ ਵਿਖਾਈ ਨਹੀਂ ਦੇ ਰਿਹਾ।
ਅਮਰੀਕਾ ਵੱਲੋਂ ਇਰਾਨ ਦੇ ਤੇਲ ਟੈਂਕਰਾਂ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਇਰਾਨ ਨੇ ਵੀ ਅਮਰੀਕੀ ਤੇਲ ਵਾਹਕ ਟੈਂਕਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਦੇ ਕੁਝ ਹਿੱਸਿਆਂ ਨੇ ਇਸ ਨੂੰ ਦੋਹਾਂ ਮੁਲਕਾਂ ਵਿਚਕਾਰ ‘ਟੈਂਕਰ ਵਾਰ’ ਦਾ ਨਾਂ ਦਿੱਤਾ ਹੈ। ਇਸ ਤੋਂ ਇਲਾਵਾ ਇਰਾਨ ਨੇ ਜੌਰਡਨ, ਕੁਵੈਤ ਅਤੇ ਬੈਹਰੀਨ ਵਿੱਚ ਮੌਜੂਦ ਫੌਜੀ ਟਿਕਾਣਿਆਂ ‘ਤੇ ਮੁੜ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਇਹ ਯੁੱਧ ਖਾੜੀ ਤੋਂ ਦੁਰੇਡੇ ਇਲਾਕਿਆਂ ਤੱਕ ਵੀ ਫੈਲ ਗਿਆ ਹੈ। ਇਰਾਨ ਦੀ ਕਠਪੁਤਲੀ (ਪਰੌਕਸੀ) ਸਮਝੇ ਜਾਂਦੇ ਹੂਥੀਆਂ ਨੇ ਲਾਲ ਸਮੁੰਦਰ ਵਿੱਚ ਸਾਉਦੀ ਅਰਬ ਦੇ ਤੇਲ ਟੈਂਕਰਾਂ ‘ਤੇ ਹਮਲੇ ਕੀਤੇ ਹਨ। ਮਿਸਰ ਵਿੱਚ ਇੱਕ ਕੁਦਰਤੀ ਗੈਸ ਲਿਜਾ ਰਹੇ ਵਾਹਨ ‘ਤੇ ਹਮਲਾ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਜੰਗ ਦਾ ਘੇਰਾ ਭੂ-ਮੱਧ ਸਾਗਰ ਤੱਕ ਫੈਲਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਦੋਨੋਂ ਮੁਲਕ ਇੱਕ ਦੂਜੇ ‘ਤੇ ਫੌਜੀ ਹਮਲੇ ਜਾਰੀ ਰੱਖ ਰਹੇ ਹਨ, ਫਿਰ ਵੀ ਇਸ ਦੌਰਾਨ ਅਮਰੀਕਾ ਨੇ ਇੱਕ ਆਰਥਕ ਜੰਗ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਜੰਗ ਦਾ ਇੱਕ ‘ਨਵਾਂ ਦੌਰ’ ਹੈ। ਇਸ ਆਰਥਕ ਜੰਗ ਨੂੰ ਸਫਲ ਬਣਾਉਣ ਲਈ ਅਮਰੀਕਾ ਆਪਣੇ ਸਹਿਯੋਗੀਆਂ ਨਾਲ ਰਲ਼ ਕੇ ਇਰਾਨ ਖਿਲਾਫ ਆਰਥਕ ਪਾਬੰਦੀਆਂ ਨੂੰ ਸਖਤ ਕਰਨ ਦਾ ਯਤਨ ਕਰ ਰਿਹਾ ਹੈ। ਹਾਲਾਂਕਿ ਓਮਾਨ ਅਤੇ ਮਿਸਰ- ਦੋਹਾਂ ਮੁਲਕਾਂ ਵਿਚਕਾਰ ਇਸਲਾਮਾਬਾਦ ਫਰੇਮਵਰਕ ਅਧੀਨ ਸਮਝੌਤਾ ਕਰਵਾਉਣ ਲਈ ਯਤਨਸ਼ੀਲ ਹਨ; ਪਰ ਫਿਰ ਵੀ ਦੋਹਾਂ ਮੁਲਕਾਂ ਵਿਚਕਾਰ ਫੌਜੀ ਹਮਲੇ ਮੁੜ ਭੜਕ ਪਏ ਹਨ।
ਇਸ ਦੌਰਾਨ ਅਮਰੀਕਾ ਦੇ ਇੱਕ ਸਾਬਕਾ ਡਿਫੈਂਸ ਸੈਕਟਰੀ ਲਿਓਨ ਪੈਨੇਟਾ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਜੰਗ ਛੇ ਮਹੀਨੇ ਹੋਰ ਲੰਬੀ ਹੋ ਸਕਦੀ ਹੈ। ਬਰਤਾਨਵੀ ਅਖ਼ਬਾਰ ‘ਦਾ ਗਾਰਡੀਅਨ’ ਨਾਲ ਇੱਕ ਇੰਟਰਵਿਊ ਵਿੱਚ ਪੈਨੇਟਾ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਜੰਗ ਹੁਣ ਟਰੰਪ ਦੇ ‘ਜੀਅ ਦਾ ਜੰਜਾਲ’ ਬਣ ਗਈ ਹੈ। ਉਹ ਇੱਕ ਬੰਦ ਗਲੀ ਵਿੱਚ ਫਸ ਗਏ ਹਨ। ਉਨ੍ਹਾਂ ਕਿਹਾ ਕਿ ਇਰਾਕ ਅਤੇ ਅਫਗਾਨਿਸਤਾਨ ਜੰਗ ਵਾਂਗ ਹੀ ਇਹ ਇੱਕ ਹੋਰ ਅਸਫਲ ਜੰਗ ਹੈ। ਉਨ੍ਹਾਂ ਕਿਹਾ ਕਿ ਇਰਾਨ ਅਤੇ ਅਮਰੀਕਾ ਇੱਕ ਅਜੀਬ ਜੰਗੀ ਸਿੰਗ ਫਸਾਈ ਦਾ ਸ਼ਿਕਾਰ ਹੋ ਗਏ, ਜਿਸ ਵਿੱਚੋਂ ਦੋਹਾਂ ਲਈ ਇੱਜ਼ਤ ਬਚਾ ਕੇ ਨਿਕਲਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇਸ ਦ੍ਰਿਸ਼ਟੀ ਤੋਂ ਅਮਰੀਕਾ ਇੱਕ ਸਦੀਵੀ ਜੰਗ ਵਿੱਚ ਫਸਦਾ ਵਿਖਾਈ ਦੇ ਰਿਹਾ ਹੈ।
ਪੈਨੇਟਾ ਦਾ ਇਹ ਬਿਆਨ ਅਮਰੀਕੀ ਫੌਜੀ ਸਕੱਤਰ ਡਾਨ ਡਰਿਸਕੋਲ ਵੱਲੋਂ ਅਚਾਨਕ ਦਿੱਤੇ ਗਏ ਅਸਤੀਫੇ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਅਮਰੀਕੀ ਸੁਰੱਖਿਆ ਸਕੱਤਰ ਪੀਟ ਹੈਗਸਿਟ ਨਾਲ ਕੁਝ ਮਸਲਿਆਂ ‘ਤੇ ਉਨ੍ਹਾਂ ਦੇ ਗੰਭੀਰ ਮੱਤਭੇਦਾਂ ਦੀ ਜਾਣਕਾਰੀ ਸਾਹਮਣੇ ਆਈ ਸੀ। ਯਾਦ ਰਹੇ, ਪੈਨੇਟਾ 2011 ਤੋਂ 2013 ਤੱਕ ਅਮਰੀਕਾ ਦੇ ਸੁਰੱਖਿਆ ਸਕੱਤਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅਮਰੀਕਾ ਦੀ ਸਥਿਤੀ ਇਹ ਹੈ ਕਿ ਇਰਾਨ ਸਮੇਤ ਉਸ ਦੇ ਸਾਰੇ ਵਿਰੋਧੀ ਮੁਲਕ ਇਸ ਮਹਾਸ਼ਕਤੀ ਦੀਆਂ ਕਮਜ਼ੋਰੀਆਂ ਤਲਾਸ਼ਣ ਲੱਗੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਹੈ, “ਅਸੀਂ ਬਹੁਤ ਹੀ ਖਤਰਨਾਕ ਸੰਸਾਰ ਵਿੱਚ ਰਹਿ ਰਹੇ ਹਾਂ। ਇਸ ਖਤਰੇ ਦੀ ਮੁਢਲੀ ਚਿਤਾਵਨੀ ਇਰਾਨ ਸਮੇਤ ਚੀਨ, ਰੂਸ, ਉੱਤਰੀ ਕੋਰੀਆ ਅਤੇ ਅਤਿਵਾਦ ਤੋਂ ਆ ਰਹੀ ਹੈ।”
ਅਮਰੀਕਾ ਦੇ ਸਾਬਕਾ ਸੈਕਟਰੀ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ, ਜਦੋਂ ਪੈਂਟਾਗਾਨ ਵਿੱਚੋਂ ਅਜਿਹੇ ਸੰਕੇਤ ਮਿਲਦੇ ਹਨ ਕਿ ਇੱਥੇ ਸਭ ਕੁਝ ਠੀਕ ਠਾਕ ਨਹੀਂ ਹੈ ਤਾਂ ਵਿਰੋਧੀਆਂ ਵੱਲੋਂ ਖ਼ਤਰਾ ਕਈ ਗੁਣਾਂ ਵਧ ਜਾਂਦਾ ਹੈ। ਅਮਰੀਕਾ ਦੇ ਇਸ ਸਾਬਕਾ ਸੁਰੱਖਿਆ ਸਕੱਤਰ ਨੇ ਜੰਗ ਵਿੱਚੋਂ ਬਾਹਰ ਆਉਣ ਦੇ ਤਿੰਨ ਰਾਹ ਸੁਝਾਏ ਹਨ। ਪਹਿਲਾ ਇਹ ਹੈ ਕਿ ਇਸ ਜੰਗ ਦੀ ਅਸਫਲਤਾ ਨੂੰ ਸਵੀਕਾਰ ਕਰਦੇ ਹੋਏ ਸਿੱਧੇ ਤੌਰ ‘ਤੇ ਇਸ ਤੋਂ ਬਾਹਰ ਨਿਕਲ ਆਇਆ ਜਾਵੇ। ਦੂਜਾ ਰਾਹ ਇਹ ਹੈ ਕਿ ਹਾਲ ਦੀ ਘੜੀ ਦੋਹਾਂ ਮੁਲਕਾਂ ਵੱਲੋਂ ਸਿੰਗ ਫਸਾ ਕੇ ਰੱਖੇ ਜਾਣ ਅਤੇ ਫਿਰ ਕੋਈ ਵੀ ਸਰੰਡਰ ਜਾਂ ਸਮਝੌਤਾ ਨਾ ਕਰਦਿਆਂ ਜੰਗ ਵਿੱਚੋਂ ਹੱਥ ਖਿੱਚ ਲਿਆ ਜਾਵੇ; ਪਰ ਇਸ ਨਾਲ ਜੰਗ ਮੁੜ ਛਿੜਨ ਦਾ ਖਤਰਾ ਬਣਿਆ ਰਹੇਗਾ।
ਤੀਜਾ ਰਾਹ ਇਹ ਹੈ ਕਿ ਅਮਰੀਕਾ ਹੌਰਮੂਜ਼ ਲਾਂਘੇ ‘ਤੇ ਕਬਜ਼ਾ ਕਰ ਲਵੇ ਅਤੇ ਪਿੱਛੋਂ ਜਿੱਤ ਦਾ ਐਲਾਨ ਕਰ ਦੇਵੇ। ਇਹ ਤਾਂ ਹੀ ਹੋ ਸਕਦਾ ਹੈ, ਜੇ ਅਮਰੀਕਾ ਦਾ ਸਿੱਧਾ ਨਿਸ਼ਾਨਾ ਇਹ ਬਣੇ ਕਿ ਇਸ ਮੌਕੇ ਹੌਰਮੂਜ਼ ਲਾਂਘੇ ਨੂੰ ਖੁਲ੍ਹਵਾਉਣਾ ਹੀ ਅਮਰੀਕੀ ਫੌਜੀ ਮੁਹਿੰਮ ਦਾ ਮੁੱਖ ਨਿਸ਼ਾਨਾ ਹੈ। ਹੌਰਮੂਜ਼ ‘ਤੇ ਕਬਜ਼ੇ ਦੀ ਲੜਾਈ ਅਮਰੀਕਾ ਲਈ ਉਂਝ ਆਸਾਨ ਨਹੀਂ ਹੋਏਗੀ। ਧਰਤੀ ‘ਤੇ ਆਪਣੀ ਫੌਜ ਉਤਾਰੇ ਬਿਨਾ ਇਹ ਸੰਭਵ ਨਹੀਂ।

Leave a Reply

Your email address will not be published. Required fields are marked *