ਚੱਲ ਵਸਿਆ ਬੋਸਨੀਆ ਦਾ ਬੁੱਚੜ

ਖਬਰਾਂ

*ਸਰਬੀਆ ਦੇ ਬੇਲਗਰੇਡ ਵਿੱਚ ਫੌਜੀ ਸਨਮਾਨਾਂ ਨਾਲ ਦਫਨ
*ਬੋਸਨੀਆਈ ਅਤੇ ਕਰੋਸ਼ੀਅਨ ਲੋਕਾਂ ਦੇ ਕਤਲੇਆਮ ਲਈ ਸੀ ਜ਼ਿੰਮੇਵਾਰ
ਪੰਜਾਬੀ ਪਰਵਾਜ਼ ਬਿਊਰੋ
ਯੂਰਪੀਅਨ ਯੂਨੀਅਨ ਅਤੇ ਕੁਝ ਹੋਰ ਮੁਲਕਾਂ ਵੱਲੋਂ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਸਰਬੀਆ ਦੀ ਮੌਜੂਦਾ ਸਰਕਾਰ ਨੇ ਆਪਣੇ ਇੱਕ ਸਾਬਕਾ ਆਗੂ ਅਤੇ ਫੌਜੀ ਜਰਨੈਲ ਰੈਟਕੋ ਮਿਲਾਡਿਕ ਨੂੰ ਸ਼ਾਹੀ ਢੰਗ ਨਾਲ ਆਖਰੀ ਅਲਵਿਦਾ ਆਖੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਵਿੱਚ ਇੱਕ ਲੱਖ ਬੋਸਨੀਆਈ ਮੁਸਲਮਾਨਾਂ ਦੇ ਕਤਲੇਆਮ ਨੂੰ ਅਮਲ ਵਿੱਚ ਲਿਆਉਣ ਵਾਲੇ ਰੈਟਕੋ ਦੀ ਮੌਤ ਲੰਘੇ 27 ਅਗਸਤ ਨੂੰ ਨੀਦਰਲੈਂਡ ਦੇ ਹੇਗ ਵਿਖੇ ਸੰਯੁਕਤ ਰਾਸ਼ਟਰ ਦੇ ਪਰਿਜ਼ਨ (ਜੇਲ੍ਹ) ਹਸਪਤਾਲ ਵਿੱਚ ਹੋਈ। ਇੱਥੇ ਉਹ ਉਮਰ ਕੈਦ ਭੁਗਤ ਰਿਹਾ ਸੀ। ਮੌਤ ਤੋਂ ਬਾਅਦ ਉਸ ਨੂੰ ਜੱਦੀ ਸ਼ਹਿਰ ਬੇਲਗਰੇਡ ਵਿੱਚ ਦਫਨਾਇਆ ਗਿਆ।

1990 ਵਿੱਚ ਯੋਗੋਸਲਾਵੀਆ ਦੇ ਇੱਕ ਦੇਸ਼ ਵਜੋਂ ਬਿਖਰਣ ਦੇ ਬਾਅਦ ਸ਼ੁਰੂ ਹੋਏ ਕਾਟੋਕਲੇਸ਼ ਵਿੱਚ ਉਸ ਨੇ ਸਰਬੀਆ ਦੇ ਨਾਲ-ਨਾਲ ਮੁਸਲਿਮ ਅਬਾਦੀ ਵਾਲੇ ਬੋਸਨੀਆ ਹਰਜੋਵਿਨਾ ਦੇ ਇੱਕ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਇਲਾਕੇ ਨੂੰ ਮੁਸਲਮਾਨ ਆਬਾਦੀ ਤੋਂ ਮੁਕਤ ਕਰਵਾਉਣ ਲਈ ਉਸ ਨੇ ਨਸਲੀ ਸਫਾਈ ਦੀ ਇੱਕ ਵੱਡੀ ਮੁਹਿੰਮ ਚਲਾਈ। ਉਸ ਦੀ ਕਰਤੂਤ ਦਾ ਸਿੱਟਾ ਇਹ ਨਿਕਲਿਆ ਕਿ ਬੋਸਨੀਆ ਵੀ ਅਖੀਰ ਨੂੰ ਆਜ਼ਾਦ ਮੁਲਕ ਬਣ ਗਿਆ। ਰੈਟਕੋ ਮਿਲਾਡਿਕ ਨੂੰ ਮਨੁੱਖਤਾ ਵਿਰੁੱਧ ਜੁਰਮਾਂ ਕਾਰਨ 2017 ਵਿੱਚ ਅੰਤਰਰਾਸ਼ਟਰੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਆਪਣੇ ਪ੍ਰਾਣ ਤਿਆਗਣ ਵੇਲੇ ਉਹ 84 ਵਰਿ੍ਹਆਂ ਦੀ ਸੀ ਅਤੇ ਬਿਮਾਰ ਹੋਣ ਕਾਰਨ ਉਸ ਨੂੰ ਸੰਯੁਕਤ ਰਾਸ਼ਟਰ ਦੇ ਜੇਲ੍ਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੰਤਰਰਾਸ਼ਟਰੀ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਉਂਦਿਆਂ ਮਨੁੱਖਤਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜੁਰਮਾਂ ਵਿੱਚੋਂ ਇੱਕ ਲਈ ਜ਼ਿੰਮੇਵਾਰ ਠਹਿਰਾਇਆ ਸੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਵਿੰਗ ਦੇ ਸਾਬਕਾ ਮੁਖੀ ਜੇਦਰਾਦ ਹੁਸੈਨ ਨੇ ਉਸ ਨੂੰ ਸ਼ੈਤਾਨ ਦੀ ਸਾਕਾਰ ਮੂਰਤ ਕਿਹਾ ਹੈ; ਪਰ ਆਪਣੇ ਦੇਸ਼ ਸਰਬੀਆ ਵਿੱਚ ਬਹੁਗਿਣਤੀ ਲੋਕ ਹਾਲੇ ਵੀ ਉਸ ਨੂੰ ਆਪਣਾ ਹੀਰੋ ਸਮਝਦੇ ਹਨ। ਸਰਬੀਆਈ ਲੋਕ ਸਲਾਵ ਨਸਲ ਦੇ ਆਰਥੋਡੌਕਸ ਇਸਾਈ ਹਨ ਅਤੇ ਨਸਲੀ ਤੌਰ ‘ਤੇ ਰੂਸੀ ਲੋਕਾਂ ਨਾਲ ਮਿਲਦੇ-ਜੁਲਦੇ ਹਨ। ਮਿਲਾਡਿਕ ਦੀਆਂ ਅੰਤਿਮ ਰਸਮਾਂ ਵੇਲੇ ਸੀਨੀਅਰ ਰੂਸੀ ਆਗੂ ਮੌਜੂਦ ਸਨ। ਯੂਰਪ ਦਾ ਹਿੱਸਾ ਬਣਿਆ ਜਾਵੇ ਜਾਂ ਰੂਸ ਨਾਲ ਨੇੜਤਾ ਨੂੰ ਪੱਕੇ ਪੈਰੀਂ ਕੀਤਾ ਜਾਵੇ, ਇਸ ਪੱਖੋਂ ਸਰਬੀਆ ਹਮੇਸ਼ਾ ਦੁਬਿਧਾ ਦਾ ਸ਼ਿਕਾਰ ਰਿਹਾ ਹੈ।
ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਲਈ ਸਰਬੀ ਅਧਿਕਾਰਤ ਤੌਰ ‘ਤੇ 2014 ਤੋਂ ਲਾਈਨ ਵਿੱਚ ਲੱਗਿਆ ਹੋਇਆ ਹੈ, ਪਰ ਇਹ ਘੜੀ ਕਦੋਂ ਆਵੇਗੀ, ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਇਸ ਅਨਿਸ਼ਚਿਤਤਾ ਕਾਰਨ ਸਰਬੀਆ ਆਪਣੇ ਜਮਾਂਦਰੂ ਭਾਈਵਾਲ ਰੂਸ ਵੱਲ ਵੀ ਖਿਸਕ ਜਾਂਦਾ ਹੈ। ਯੂਰਪ ਸਰਬੀਆ ਦੀ ਵਿਦੇਸ਼ ਨੀਤੀ ਨੂੰ ਆਪਣੇ ਅਨੁਕੂਲ ਢਾਲਣ ਦਾ ਇਛੁੱਕ ਹੈ, ਜਿਸ ਵਿੱਚ ਸਰਬੀਆਈ ਲੋਕਾਂ ਦੀ ਸਮੂਹਿਕ ਚੇਤਨਾ ਅੜਿੱਕਾ ਬਣੀ ਹੋਈ ਹੈ। ਸਰਬੀਆ ਦੀਆਂ ਅਗਲੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਸਰਬੀਆ ਦੀ ਸਰਕਾਰ ਉਸ ਨੂੰ ਚੁੱਪ-ਚਪੀਤੇ ਵੀ ਦਫਨ ਨਹੀਂ ਸੀ ਕਰ ਸਕਦੀ; ਪਰ ਬੋਸੀਨੀਆਈ ਅਤੇ ਕਰੋਸ਼ੀਆਈ ਲੋਕ ਉਸ ਨੂੰ ‘ਬੋਸਨੀਆ ਦੇ ਬੁੱਚੜ’ ਵਜੋਂ ਯਾਦ ਕਰਦੇ ਹਨ। ਕੀ ਕੌਮਾਂ ਦੀਆਂ ਸਮੂਹਿਕ ਚੇਤਨਾਵਾਂ ਇਸੇ ਤਰ੍ਹਾਂ ਪ੍ਰਵਾਨ ਚੜ੍ਹਦੀਆਂ ਹਨ? ਸਰਬੀਆ ਵਾਲੇ ਉਸ ਨੂੰ ਆਪਣੀ ਆਜ਼ਾਦੀ ਨੂੰ ਪ੍ਰਵਾਨ ਚੜ੍ਹਾਉਣ ਵਾਲਾ ਪੂਜਨੀਕ ਜਰਨੈਲ ਸਮਝਦੇ ਹਨ, ਜਦਕਿ ਬੋਸਨੀਆ ਦੇ ਲੋਕ ਇਹ ਵੇਖ-ਪਰਖ ਕੇ ਹੈਰਾਨ ਹਨ ਕਿ ਸਰਬੀਆਈ ਹਜੂਮ ਦਾ ਪਾਗਲਪਣ ਹਾਲੇ ਤੱਕ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਜੁਲਾਈ 1995 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਸਰੇਬਰੇਨਿਕਾ ਕਸਬੇ ਨੂੰ ਬੋਸਨੀਆਈ ਮੁਸਲਮਾਨਾਂ ਅਤੇ ਕਰੋਸ਼ੀਆਈ ਇਸਾਈਆਂ ਲਈ ਸੁਰੱਖਿਅਤ ਟਿਕਾਣਾ ਐਲਾਨ ਦਿੱਤਾ ਸੀ। ਇੱਥੇ ਲੋਕਾਂ ਦੀ ਰਾਖੀ ਲਈ ਸੰਯੁਕਤ ਰਾਸ਼ਟਰ ਦੀ ਅਗਵਾਈ ਵਿੱਚ ਸਾਂਝੀ ਸੁਰੱਖਿਆ ਤਾਇਨਾਤ ਸੀ। ਇਸ ਦੇ ਬਾਵਜੂਦ ਰੈਟਕੋ ਮਿਲਾਡਿਕ ਨੇ ਇਸ ਸ਼ਹਿਰ ‘ਤੇ ਧਾਵਾ ਬੋਲ ਦਿੱਤਾ ਅਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਨੂੰ ਪਾਸੇ ਧੱਕ ਕੇ ਸ਼ਹਿਰ ‘ਤੇ ਕਬਜਾ ਕਰ ਲਿਆ। ਆਪਣੀ ਨਸਲੀ ਸਫਾਈ ਦੀ ਮੁਹਿੰਮ ਤਹਿਤ ਉਸ ਦੀ ਅਗਵਾਈ ਵਾਲੇ ਸਰਬ ਸੁਰੱਖਿਆ ਦਸਤਿਆਂ ਨੇ 8000 ਬੋਸਨੀਆਈ ਮੁਸਲਮਾਨਾਂ ਦਾ ਕਤਲੇਆਮ ਕੀਤਾ। ਇਸ ਤੋਂ ਇਲਾਵਾ 20,000 ਲੋਕ ਸ਼ਹਿਰ ਛੱਡ ਕੇ ਭੱਜ ਗਏ ਸਨ। ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਵਿੱਚ ਇਹ ਸਭ ਤੋਂ ਵੱਡਾ ਕਤਲੇਆਮ ਸੀ। ਇਸ ਕਤਲੇਆਮ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰੇ ਦੀ ਜਾਗ ਖੁੱਲ੍ਹੀ ਅਤੇ ਜੰਗਬੰਦੀ ਦਾ ਐਲਾਨ ਹੋਇਆ। ਇਸ ਜੰਗ ਵਿੱਚ ਜਿਹੜੇ ਕਰੋਸ਼ੀਆਈ ਜਾਂ ਬੋਸਨੀਆਈ ਲੋਕ ਬਚ ਗਏ, ਭਾਵੁਕ ਜ਼ਖਮਾਂ ਦੀ ਲੰਮੀ ਚੀਸ ਤੋਂ ਕਦੀ ਵੀ ਬਚ ਨਾ ਸਕੇ। ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਫਾਰ ਫੌਰਮਰ ਯਗੋਸਲਾਵੀਆ (ਆਈ.ਸੀ.ਟੀ.ਵਾਈ.) 1993 ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਨੇ ਉਪਰੋਕਤ ਕਤਲੇਆਮ ਦੀ ਪੜਤਾਲ ਕਰਨ ਤੋਂ ਬਾਅਦ ਇਸ ਕਤਲੇਆਮ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਦੇਸ ਨਿਕਾਲੇ ਨੂੰ ਨਸਲਕੁਸ਼ੀ ਦਾ ਨਾਂ ਦਿੱਤਾ।
ਸੰਯੁਕਤ ਰਾਸ਼ਟਰ ਦੇ ਉਸ ਸਮੇਂ ਦੇ ਸਕੱਤਰ ਜਨਰਲ ਕੌਫੀ ਅਨਾਨ ਨੇ ਆਪਣੇ ਇੱਕ ਅੰਤ੍ਰਿਮ ਰਿਵਿਊ ਵਿੱਚ ਕਿਹਾ ਸੀ, “ਗੰਭੀਰ ਗਲਤੀ, ਗਲਤ ਜਜਮੈਂਟ ਅਤੇ ਸਮੇਂ ਤੋਂ ਪਹਿਲਾਂ ਮੰਦਹੋਣੀ (ਈਵਿਲ) ਨੂੰ ਭਾਂਪ ਨਾ ਸਕਣ ਕਾਰਨ ਅਸੀਂ ਸਰਬੀਆਈ ਕਤਲੇਆਮ ਤੋਂ ਸਰੇਬਰੇਨਿਕਾ ਦੇ ਲੋਕਾਂ ਨੂੰ ਬਚਾਅ ਨਾ ਸਕੇ।” ਹਾਲਾਂਕਿ ਸਰਬੀਆ ਇੱਕ ਮੁਲਕ ਵਜੋਂ ਹਰਜਾਨੇ ਤੋਂ ਬਚ ਗਿਆ, ਪਰ ਉਸ ਦੀ ਪਾਰਲੀਮੈਂਟ ਨੇ 2010 ਵਿੱਚ ਨਿੱਕੀ ਜਿਹੀ ਬਹੁਗਿਣਤੀ ਨਾਲ ਇੱਕ ਮਤਾ ਪਾਸ ਕਰਕੇ ਉਪਰੋਕਤ ਕਤਲੇਆਮ ਨੂੰ ਰੋਕ ਨਾ ਸਕਣ ਕਾਰਨ ਮੁਆਫੀ ਮੰਗ ਲਈ ਸੀ। ਜੇਲ੍ਹ ਵਿੱਚ ਮਿਲਾਡਿਕ ਗੰਭੀਰ ਬਿਮਾਰੀ (ਮਲਟੀਪਲ ਸਟੋਰਕ) ਦਾ ਸ਼ਿਕਾਰ ਹੋ ਗਿਆ ਸੀ। ਉਸ ਦੇ ਵਕੀਲ ਨੇ ਉਸ ਦੀ ਬਿਮਾਰੀ ਕਾਰਨ ਜਲਦ ਰਿਹਾਈ ਦੀ ਮੰਗ ਕੀਤੀ, ਪਰ ਸੰਯੁਕਤ ਰਾਸ਼ਟਰ ਦੇ ਟ੍ਰਿਬਿਊਨਲ ਵੱਲੋਂ ਇਹ ਮੰਗ ਰੱਦ ਕਰ ਦਿੱਤੀ ਗਈ। 7 ਸਤੰਬਰ 2026 ਨੂੰ ਮਿਲਾਡਿਕ ਨੂੰ ਸਰਬੀਆ ਦੇ ਸ਼ਹਿਰ ਬੇਲਗਰੇਡ ਵਿੱਚ ਫੌਜੀ ਸਨਮਾਨਾਂ ਨਾਲ ਦਫਨਾਇਆ ਗਿਆ। ਇਹ ਰਸਮ ਸਰਬੀਆਈ ਆਰਥੋਡੌਕਸ ਚਰਚ ਦੀ ਅਗਵਾਈ ਵਿੱਚ ਨੇਪਰੇ ਚੜ੍ਹੀ। ਇਸ ਸਮਾਗਮ ਵਿੱਚ ਬਹੁਤ ਸਾਰੇ ਸਰਬੀਆਈ ਕੱਟੜਪੰਥੀ, ਸਾਬਕਾ ਫੌਜੀ, ਫੌਜੀ ਅਫਸਰ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਸਨ। ਉਸ ਨੂੰ ਦਫਨਾਉਣ ਦੁਆਲੇ ਜੁੜੇ ਇਸ ਹਾਈ ਫਾਈ ਸਮਾਗਮ ਖਿਲਾਫ ਯੂਰਪੀਅਨ ਯੂਨੀਅਨ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਯੂਰਪੀਅਨ ਯੂਨੀਅਨ ਦੀ ਪ੍ਰਧਾਨ ਓਰਸਲਾ ਵੋਨਡੇਰ ਲੇਨ ਨੇ ਇਸ ਸੰਬੰਧ ਵਿੱਚ ਆਪਣੇ ਇੱਕ ਬਿਅਨ ਵਿੱਚ ਕਿਹਾ ਕਿ ਇਹ ਬੁਨਿਆਦੀ ਯੂਰਪੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ ਅਤੇ ਸਰਬੀਆ ਵੱਲੋਂ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ।
ਇਸ ਤੋਂ ਇਲਾਵਾ ਸਰੇਬਰੇਨਿਕਾ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਉਸ ਦੇ ਚਲਾਣੇ ‘ਤੇ ਸੁਖ ਦਾ ਸਾਹ ਲਿਆ ਹੈ ਅਤੇ ਨਾਲ ਹੀ ਅਫਸੋਸ ਪ੍ਰਗਟ ਕੀਤਾ ਕਿ ਇੱਕ ਭਿਆਨਕ ਕਾਤਲ ਦੀ ਮਹਿਮਾ ਦਾ ਪਾਗਲਪਣ ਹਾਲੇ ਵੀ ਸਰਬੀਅਨ ਲੋਕਾਂ ਵਿੱਚ ਘਟਿਆ ਨਹੀਂ ਹੈ। ਇਸੇ ਕਾਰਨ ਸਰਬੀਆ ਵਿੱਚ ਰਹਿ ਗਏ ਕਰੋਸ਼ੀਆਈ ਅਤੇ ਬੋਸਨੀਅਨ ਘੱਟਗਿਣਤੀ ਲੋਕਾਂ ਲਈ ਇਹ ਵੱਡਾ ਖ਼ਤਰਾ ਹੈ।

Leave a Reply

Your email address will not be published. Required fields are marked *