ਕੈਨੇਡਾ ਵਿੱਚ ਅਗਸਤ ਦੌਰਾਨ 41,000 ਤੋਂ ਵੱਧ ਨੌਕਰੀਆਂ ਖੁੱਸੀਆਂ

ਖਬਰਾਂ

*ਰੁਜ਼ਗਾਰ ਵਿੱਚ ਆਈ ਗਿਰਾਵਟ; ਮਾਹਿਰਾਂ ਨੇ ਨੌਕਰੀਆਂ ਵਧਣ ਦਾ ਲਾਇਆ ਸੀ ਅਨੁਮਾਨ
ਪੰਜਾਬੀ ਪਰਵਾਜ਼ ਬਿਊਰੋ
ਕੈਨੇਡਾ ਵਿੱਚ ਅਗਸਤ ਦੌਰਾਨ 41,700 ਨੌਕਰੀਆਂ ਖੁੱਸੀਆਂ ਹਨ। ਦੂਜੇ ਪਾਸੇ ਇੰਨੇ ਵੱਡੇ ਪੱਧਰ ’ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 6.4% ’ਤੇ ਸਥਿਰ ਬਣੀ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਦੇ ਸਰਵੇਖਣ ਵਿੱਚ ਇਹ ਪੇਸ਼ੀਨਗੋਈ ਕੀਤੀ ਗਈ ਸੀ ਕਿ ਜੁਲਾਈ ਦੇ ਮਹੀਨੇ ਦੌਰਾਨ ਹੋਏ 75,100 ਨੌਕਰੀਆਂ ਦੇ ਭਾਰੀ ਵਾਧੇ ਤੋਂ ਬਾਅਦ ਅਗਸਤ ਵਿੱਚ ਲਗਪਗ 15,000 ਨੌਕਰੀਆਂ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਪਰ ਅਸਲ ਹਾਲਾਤ ਇਸ ਦੇ ਬਿਲਕੁਲ ਉਲਟ ਰਹੇ ਅਤੇ ਰੁਜ਼ਗਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।

ਇਹ ਖੁਲਾਸਾ ਆਰਥਿਕ ਰਿਪੋਰਟ ਵਿੱਚ ਹੋਇਆ ਹੈ। ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿੱਤੀ ਬਾਜ਼ਾਰਾਂ ਵਿੱਚ ਤੁਰੰਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ, ਜਿਸ ਕਾਰਨ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 0.51% ਡਿੱਗ ਕੇ ਛ$1.3860 `ਤੇ ਆ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਪਿਛਲੇ ਸਾਲ ਤੋਂ ਪਰਵਾਸੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇੱਕ ਤਾਂ ਕੈਨੇਡਾ ਸਰਕਾਰ ਨੇ ਪੱਕੇ ਹੋਣ ਦੇ ਨਿਯਮ ਸਖਤ ਕਰ ਦਿੱਤੇ ਹਨ। ਦੂਜੇ ਪਾਸੇ ਨੌਕਰੀਆਂ ਜਾਣ ਦਾ ਖਦਸ਼ਾ ਬਰਕਰਾਰ ਹੈ ਤੇ ਨੌਕਰੀਆਂ ਲੱਭਣ ਲਈ ਨੌਜਵਾਨਾਂ ਨੂੰ ਜੂਝਣਾ ਪੈ ਰਿਹਾ ਹੈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜ਼ਿਆਦਾਤਰ ਨੌਕਰੀਆਂ ਦਾ ਨੁਕਸਾਨ ਫੁੱਲ-ਟਾਈਮ ਰੁਜ਼ਗਾਰ ਵਿੱਚ ਦੇਖਿਆ ਗਿਆ ਹੈ, ਜਿੱਥੇ ਕੁੱਲ 35,900 ਅਹੁਦੇ ਘਟ ਗਏ ਹਨ, ਜਦੋਂ ਕਿ ਪਾਰਟ-ਟਾਈਮ ਰੁਜ਼ਗਾਰ ਵਿੱਚ ਵੀ 5,800 ਨੌਕਰੀਆਂ ਦੀ ਕਮੀ ਆਈ ਹੈ। ਸੇਵਾ-ਉਤਪਾਦਨ ਉਦਯੋਗਾਂ ਜਿਵੇਂ ਕਿ ਸਿਹਤ ਸੰਭਾਲ, ਸਿੱਖਿਆ, ਆਵਾਜਾਈ ਅਤੇ ਵਿੱਤ ਨੂੰ ਇਸ ਮੰਦੀ ਦਾ ਸਭ ਤੋਂ ਵੱਡਾ ਨੁਕਸਾਨ ਝੱਲਣਾ ਪਿਆ ਹੈ ਅਤੇ ਅਗਸਤ ਮਹੀਨੇ ਦੌਰਾਨ ਇਕੱਲੇ ਇਸ ਸੈਕਟਰ ਨੇ 51,500 ਨੌਕਰੀਆਂ ਗੁਆ ਦਿੱਤੀਆਂ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 0.3 ਫ਼ੀਸਦੀ ਵਧ ਕੇ 12.9% ਤੱਕ ਪਹੁੰਚ ਗਈ ਹੈ ਅਤੇ ਸਥਾਈ ਕਰਮਚਾਰੀਆਂ ਦੀ ਔਸਤ ਪ੍ਰਤੀ ਘੰਟਾ ਉਜਰਤ ਵਿੱਚ ਵੀ ਗਿਰਾਵਟ ਆ ਕੇ ਇਹ ਸਿਰਫ਼ 2% ਰਹਿ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ 50% ਟੈਰਿਫਾਂ ਦੇ ਪ੍ਰਭਾਵ ਅਤੇ ਕੈਨੇਡਾ ਦੀਆਂ ਜਵਾਬੀ ਕਾਰਵਾਈਆਂ ਦੇ ਲਾਗੂ ਹੋਣ ਕਾਰਨ ਕੈਨੇਡਾ ਦੇ ਲੇਬਰ ਮਾਰਕੀਟ ਦੀ ਇਸ ਪਹਿਲਾਂ ਹੀ ਮੱਧਮ ਪੈ ਚੁੱਕੀ ਗਤੀ ਨੂੰ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟੋਰਾਂਟੋ ਵਿੱਚ ਰੁਜ਼ਗਾਰ ਦਾ ਸੰਕਟ ਵਧਿਆ; ਸੀ.ਐਨ.ਈ. ਦੀਆਂ 5,000 ਨੌਕਰੀਆਂ ਲਈ 50,000 ਨੌਜਵਾਨਾਂ ਦੀਆਂ ਅਰਜ਼ੀਆਂ
ਕੈਨੇਡਾ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੀ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਸ ਦੀ ਤਾਜ਼ਾ ਮਿਸਾਲ ਟੋਰਾਂਟੋ ਵਿੱਚ ਦੇਖਣ ਨੂੰ ਮਿਲੀ ਹੈ। ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ (ਸੀ.ਐਨ.ਈ.) ਵੱਲੋਂ ਮਹਿਜ਼ ਕੁਝ ਸੌ ਮੌਸਮੀ (ਸੲਅਸੋਨਅਲ) ਅਤੇ ਸੋਲ੍ਹਾਂ ਦਿਨਾਂ ਦੀਆਂ ਨੌਕਰੀਆਂ ਲਈ ਕੱਢੇ ਗਏ ਇਸ਼ਤਿਹਾਰ ਉੱਤੇ ਹੈਰਾਨੀਜਨਕ ਤੌਰ ‘ਤੇ ਲਗਪਗ 50,000 ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ।
ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਦੇ 17 ਫ਼ੀਸਦੀ ਦੇ ਖ਼ਤਰਨਾਕ ਪੱਧਰ ਤੱਕ ਪਹੁੰਚਣ ਨੇ ਨੌਜਵਾਨ ਵਰਗ ਦੇ ਭਵਿੱਖ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਜੀ.ਟੀ.ਏ. ਦੇ ਐਨਰਕੇਅਰ ਸੈਂਟਰ ਵਿੱਚ ਲੱਗੇ ਸਾਲਾਨਾ ਜੌਬ ਫੇਅਰ ਦੌਰਾਨ ਨੌਜਵਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਜੀ.ਟੀ.ਏ. ਪ੍ਰਬੰਧਕਾਂ ਮੁਤਾਬਕ ਉਨ੍ਹਾਂ ਕੋਲ ਕੁੱਲ ਮਿਲਾ ਕੇ ਲਗਪਗ 5,000 ਅਸਾਮੀਆਂ ਹਨ, ਜਿਨ੍ਹਾਂ ਵਿੱਚ ਕੈਸ਼ੀਅਰ, ਰਿਟੇਲ ਸਟਾਫ਼, ਗੇਮ ਅਟੈਂਡੈਂਟ, ਫੂਡ ਸਰਵਿਸ ਅਤੇ ਗਾਈਡਾਂ ਵਰਗੀਆਂ ਨੌਕਰੀਆਂ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਲਈ 50,000 ਤੋਂ ਵੱਧ ਆਨਲਾਈਨ ਅਰਜ਼ੀਆਂ ਦਾ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਹਰੇਕ ਇੱਕ ਨੌਕਰੀ ਲਈ ਸਿੱਧਾ ਮੁਕਾਬਲਾ ਲਗਪਗ 10 ਉਮੀਦਵਾਰਾਂ ਵਿੱਚ ਹੈ।
ਇਹ ਅੰਕੜੇ ਸਿਰਫ਼ ਇੱਕ ਮੇਲੇ ਦੀ ਕਹਾਣੀ ਨਹੀਂ ਹਨ, ਸਗੋਂ ਕੈਨੇਡਾ ਵਿੱਚ ਐਂਟਰੀ-ਪੱਧਰ ਦੀਆਂ ਨੌਕਰੀਆਂ ਦੇ ਬਾਜ਼ਾਰ ਦੀ ਖ਼ਸਤਾ ਹਾਲਤ ਨੂੰ ਬਿਆਨ ਕਰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਗੁਜ਼ਾਰਾ ਕਰਨ ਲਈ ਪਾਰਟ-ਟਾਈਮ ਜਾਂ ਮੌਸਮੀ ਕੰਮ ਲੱਭ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਹੁਣ ਮਾਮੂਲੀ ਨੌਕਰੀ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ।
ਅੰਕੜੇ ਦੱਸਦੇ ਹਨ ਕਿ ਜੀ.ਟੀ.ਏ. ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਇਸ ਸਾਲ ਅਪ੍ਰੈਲ ਵਿੱਚ ਸਿਖਰ ‘ਤੇ ਪਹੁੰਚਦਿਆਂ ਲਗਪਗ 17 ਫ਼ੀਸਦੀ ਤੱਕ ਜਾ ਪਹੁੰਚੀ ਸੀ। ਇਸ ਗੰਭੀਰ ਆਰਥਿਕ ਮੰਦਹਾਲੀ ਕਾਰਨ ਸਿਰਫ਼ ਸਥਾਨਕ ਨੌਜਵਾਨ ਹੀ ਨਹੀਂ, ਸਗੋਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਓਪਨ ਵਰਕ ਪਰਮਿਟ ‘ਤੇ ਕੰਮ ਦੀ ਭਾਲ ਕਰ ਰਹੇ ਨੌਜਵਾਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਰੁਜ਼ਗਾਰ ਦੀ ਇਸ ਘਾਟ ਨੇ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਮਾਨਸਿਕ ਤਣਾਅ ਨੂੰ ਵਧਾ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਵਾਰ ਸੀ.ਐਨ.ਈ. ਪ੍ਰਬੰਧਕਾਂ ਨੇ ਮੈਟਰੋਲਿੰਕਸ (ੰੲਟਰੋਲਨਿਣ), ਵਾਈ.ਐੱਮ.ਸੀ.ਏ. ਅਤੇ ਰਾਇਲ ਓਂਟਾਰੀਓ ਮਿਊਜ਼ੀਅਮ ਵਰਗੀਆਂ ਹੋਰਨਾਂ ਏਜੰਸੀਆਂ ਨਾਲ ਵੀ ਹੱਥ ਮਿਲਾਇਆ ਹੈ ਤਾਂ ਜੋ ਨੌਜਵਾਨਾਂ ਨੂੰ ਸਿਰਫ਼ ਮੇਲੇ ਦੌਰਾਨ ਹੀ ਨਹੀਂ, ਸਗੋਂ ਲੰਬੇ ਸਮੇਂ ਲਈ ਵੀ ਰੁਜ਼ਗਾਰ ਦੇ ਮੌਕੇ ਜਾਂ ਮਾਰਗ ਦਰਸ਼ਨ ਮਿਲ ਸਕੇ। ਇਸ ਤੋਂ ਇਲਾਵਾ ਜੌਬ ਫੇਅਰ ਵਿੱਚ ਨੌਜਵਾਨਾਂ ਨੂੰ ਰੈਜ਼ਿਊਮੇ ਬਣਾਉਣ ਵਿੱਚ ਮਦਦ ਅਤੇ ਮੁਫ਼ਤ ਫ਼ੋਟੋਗਰਾਫੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਉਨ੍ਹਾਂ ਦੀ ਕਾਮਯਾਬੀ ਦਾ ਥੋੜ੍ਹਾ ਬਹੁਤ ਰਾਹ ਸੌਖਾ ਕੀਤਾ ਜਾ ਸਕੇ।
ਇਹ ਸਥਿਤੀ ਕੈਨੇਡਾ ਦੀ ਮੌਜੂਦਾ ਆਰਥਿਕ ਪ੍ਰਣਾਲੀ ਅਤੇ ਲੇਬਰ ਮਾਰਕੀਟ ‘ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ, ਜਿੱਥੇ ਯੋਗ ਅਤੇ ਪੜ੍ਹੇ-ਲਿਖੇ ਨੌਜਵਾਨ ਆਪਣੇ ਘਰ ਦਾ ਖਰਚਾ ਚਲਾਉਣ ਅਤੇ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਮਾਮੂਲੀ ਦਿਹਾੜੀਆਂ ਅਤੇ ਅਸਥਾਈ ਨੌਕਰੀਆਂ ਖ਼ਾਤਰ ਹਜ਼ਾਰਾਂ ਦੀ ਗਿਣਤੀ ਵਿੱਚ ਧੱਕੇ ਖਾਣ ਲਈ ਮਜਬੂਰ ਹਨ।

Leave a Reply

Your email address will not be published. Required fields are marked *