ਵਰਿੰਦਰ ਜੋਸ਼ੀ
ਕਈ ਵਾਰ ਕਿਸੇ ਦੇਸ਼ ਦੀ ਸਿਆਸਤ ਦਾ ਰੁਖ਼ ਸਮਝਣ ਲਈ ਉਸ ਦੀਆਂ ਵੱਡੀਆਂ ਨੀਤੀਆਂ ਪੜ੍ਹਨ ਦੀ ਲੋੜ ਨਹੀਂ ਪੈਂਦੀ। ਕਈ ਵਾਰ ਇੱਕ ਨਾਂ ਹੀ ਕਾਫ਼ੀ ਹੁੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲੇਕ ਓਂਟਾਰੀਓ ਦਾ ਨਾਂ ਅਮਰੀਕਾ ਦੀ ਸਰਕਾਰੀ ਵਰਤੋਂ ਵਿੱਚ ‘ਲੇਕ ਅਮਰੀਕਾ’ ਕਰਨ ਦਾ ਫ਼ੈਸਲਾ ਵੀ ਕੁਝ ਅਜਿਹਾ ਹੀ ਹੈ।
27 ਅਗਸਤ ਨੂੰ ਟਰੰਪ ਨੇ ਇੱਕ ਕਾਰਜਕਾਰੀ ਹੁਕਮ ‘ਤੇ ਦਸਤਖ਼ਤ ਕਰਕੇ ਅਮਰੀਕੀ ਸੰਘੀ ਸਰਕਾਰ ਦੇ ਨਕਸ਼ਿਆਂ, ਦਸਤਾਵੇਜ਼ਾਂ ਅਤੇ ‘ਭੂਗੋਲਿਕ ਨਾਵਾਂ ਦੀ ਜਾਣਕਾਰੀ ਪ੍ਰਣਾਲੀ’ ਵਿੱਚ ਲੇਕ ਓਂਟਾਰੀਓ ਦਾ ਨਾਂ ‘ਲੇਕ ਅਮਰੀਕਾ’ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ। ਹੁਕਮ ਵਿੱਚ ਇਸ ਝੀਲ ਨੂੰ ਅਮਰੀਕੀ ਇਤਿਹਾਸ, ਵਪਾਰ ਅਤੇ ਅਰਥਵਿਵਸਥਾ ਲਈ ਮਹੱਤਵਪੂਰਨ ਸਰੋਤ ਦੱਸਿਆ ਗਿਆ ਹੈ।
ਪਰ ਇਸ ਫ਼ੈਸਲੇ ਨਾਲ ਝੀਲ ਦੀ ਭੂਗੋਲਿਕ ਹਕੀਕਤ ਨਹੀਂ ਬਦਲੀ। ਪਾਣੀ ਉੱਥੇ ਹੀ ਹੈ। ਕਿਨਾਰੇ ਉੱਥੇ ਹੀ ਹਨ। ਨਿਊ ਯਾਰਕ ਉੱਥੇ ਹੀ ਹੈ। ਓਂਟਾਰੀਓ ਉੱਥੇ ਹੀ ਹੈ; ਅਤੇ ਦੋਹਾਂ ਦੇਸ਼ਾਂ ਵਿਚਕਾਰ ਸਰਹੱਦ ਵੀ ਉੱਥੇ ਹੀ ਹੈ। ਸਿਰਫ਼ ਨਾਂ ਦੀ ਸਰਕਾਰੀ ਵਰਤੋਂ ਬਦਲੀ ਹੈ। ਇਸ ਲਈ ਇਹ ਮਾਮਲਾ ਭੂਗੋਲ ਨਾਲੋਂ ਵੱਧ ਸਿਆਸਤ ਦਾ ਹੈ।
ਇੱਕ ਝੀਲ, ਦੋ ਨਾਂ
ਲੇਕ ਓਂਟਾਰੀਓ ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ ਵਿੱਚੋਂ ਇੱਕ ਹੈ। ਇਸ ਦਾ ਲਗਭਗ 52 ਫ਼ੀਸਦੀ ਹਿੱਸਾ ਕੈਨੇਡਾ ਵਿੱਚ ਅਤੇ ਬਾਕੀ ਅਮਰੀਕਾ ਦੇ ਨਿਊ ਯਾਰਕ ਰਾਜ ਨਾਲ ਲੱਗਦਾ ਹੈ। ਇਸ ਲਈ ਅਮਰੀਕੀ ਸਰਕਾਰ ਆਪਣੇ ਸਰਕਾਰੀ ਦਸਤਾਵੇਜ਼ਾਂ ਵਿੱਚ ਕੋਈ ਨਾਂ ਵਰਤੇ, ਇਸ ਨਾਲ ਕੈਨੇਡਾ ਆਪਣੇ ਹਿੱਸੇ ਜਾਂ ਆਪਣੀ ਸਰਕਾਰੀ ਵਰਤੋਂ ਵਿੱਚ ਉਸੇ ਨਾਂ ਨੂੰ ਮੰਨਣ ਲਈ ਪਾਬੰਦ ਨਹੀਂ ਹੁੰਦਾ। ਇਹੀ ਹੋ ਰਿਹਾ ਹੈ। ਕੈਨੇਡਾ ਇਸ ਨੂੰ ਲੇਕ ਓਂਟਾਰੀਓ ਹੀ ਕਹਿ ਰਿਹਾ ਹੈ।
ਅਮਰੀਕਾ ਵਿੱਚ ‘ਗੂਗਲ ਮੈਪਸ’ ਅਤੇ ‘ਅਪੀਲ ਮੈਪਸ’ ਨੇ ਵੀ ਅਮਰੀਕੀ ਖਪਤਕਾਰਾਂ ਲਈ ਨਵਾਂ ਨਾਂ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ, ਜਦਕਿ ਕੈਨੇਡੀਅਨਾਂ ਲਈ ਪੁਰਾਣਾ ਨਾਂ ਹੀ ਕਾਇਮ ਹੈ ਅਤੇ ਕਈ ਅੰਤਰਰਾਸ਼ਟਰੀ ਸੰਦਰਭਾਂ ਵਿੱਚ ਦੋਵੇਂ ਨਾਂ ਦਿਖਾਈ ਦੇ ਰਹੇ ਹਨ।
ਇੱਕੋ ਪਾਣੀ ਹੈ; ਪਰ ਨਕਸ਼ਾ ਦੇਖਣ ਵਾਲੇ ਦੀ ਥਾਂ ਬਦਲਣ ਨਾਲ ਨਾਂ ਬਦਲ ਜਾਂਦਾ ਹੈ। ਇਹ ਸਾਡੇ ਸਮੇਂ ਦੀ ਸਿਆਸਤ ਬਾਰੇ ਵੀ ਕੁਝ ਦੱਸਦਾ ਹੈ।
ਨਾਂ ਦੇ ਪਿੱਛੇ ਵਪਾਰ
ਟਰੰਪ ਦਾ ਇਹ ਫ਼ੈਸਲਾ ਉਸ ਸਮੇਂ ਆਇਆ ਹੈ, ਜਦੋਂ ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤੇ ਵਪਾਰਕ ਤਣਾਅ ਵਿੱਚੋਂ ਲੰਘ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਟੈਰਿਫ਼ ਅਤੇ ਵਪਾਰਕ ਨੀਤੀਆਂ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ। ਇਸੇ ਪਿਛੋਕੜ ਵਿੱਚ ਝੀਲ ਦਾ ਨਾਂ ਬਦਲਣ ਦਾ ਫ਼ੈਸਲਾ ਇੱਕ ਪ੍ਰਤੀਕਾਤਮਕ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ‘ਰਾਇਟਰਜ਼’ ਮੁਤਾਬਕ ਇਹ ਹੁਕਮ ਅਮਰੀਕੀ ਸੰਘੀ ਵਰਤੋਂ ਤੱਕ ਸੀਮਤ ਹੈ ਅਤੇ ਕੈਨੇਡਾ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਸ ਨਾਂ ਨੂੰ ਸਵੀਕਾਰ ਕਰਨ ਲਈ ਮਜਬੂਰ ਨਹੀਂ ਕਰਦਾ।
ਟਰੰਪ ਪ੍ਰਸ਼ਾਸਨ ਇਸ ਫ਼ੈਸਲੇ ਨੂੰ ਅਮਰੀਕੀ ਇਤਿਹਾਸ ਅਤੇ ਅਮਰੀਕੀ ਯੋਗਦਾਨ ਨਾਲ ਜੋੜ ਕੇ ਦੇਖਦਾ ਹੈ। ਕਾਰਜਕਾਰੀ ਹੁਕਮ ਵਿੱਚ ‘ਗਰੇਟ ਲੇਕਸ’ ਦੀ ਸੁਰੱਖਿਆ, ਸ਼ਿਪਿੰਗ, ਵਪਾਰ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਅਮਰੀਕਾ ਦੇ ਨਿਵੇਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਰ ਕੈਨੇਡਾ ਲਈ ਇਹ ਨਾਂ ਸਿਰਫ਼ ਇੱਕ ਨਕਸ਼ੇ ਦੀ ਲਿਖਤ ਨਹੀਂ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਨੂੰ ਲੇਕ ਓਂਟਾਰੀਓ ਹੀ ਕਹਿਣ ਦੀ ਗੱਲ ਦੁਹਰਾਈ ਹੈ। ਕੈਨੇਡਾ ਲਈ ‘ਓਂਟਾਰੀਓ’ ਇੱਕ ਲੰਮੇ ਇਤਿਹਾਸ ਨਾਲ ਜੁੜਿਆ ਨਾਂ ਹੈ, ਜੋ ਮੌਜੂਦਾ ਦੋਹਾਂ ਦੇਸ਼ਾਂ ਦੀਆਂ ਆਧੁਨਿਕ ਸਰਹੱਦਾਂ ਤੋਂ ਵੀ ਪੁਰਾਣਾ ਹੈ।
ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਲੋਕ
ਇਸ ਮਾਮਲੇ ਨੂੰ ਦੇਖਦਿਆਂ ਇੱਕ ਹੋਰ ਪੱਖ ਵੀ ਮਹੱਤਵਪੂਰਨ ਹੈ। ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਸਿਰਫ਼ ਨਕਸ਼ੇ ‘ਤੇ ਖਿੱਚੀ ਇੱਕ ਲਕੀਰ ਨਹੀਂ। ਇਸ ਸਰਹੱਦ ਦੇ ਦੋਵੇਂ ਪਾਸੇ ਕਰੋੜਾਂ ਲੋਕਾਂ ਦੀ ਆਰਥਿਕ ਅਤੇ ਸਮਾਜਕ ਜ਼ਿੰਦਗੀ ਆਪਸ ਵਿੱਚ ਜੁੜੀ ਹੋਈ ਹੈ। ਵਪਾਰ ਹੈ, ਆਵਾਜਾਈ ਹੈ, ਪਰਿਵਾਰ ਹਨ, ਰਿਸ਼ਤੇਦਾਰੀਆਂ ਹਨ, ਵਿਦਿਆਰਥੀ ਹਨ, ਰੁਜ਼ਗਾਰ ਹੈ, ਸੈਰ-ਸਪਾਟਾ ਹੈ; ਅਤੇ ਹਜ਼ਾਰਾਂ ਕਾਰੋਬਾਰ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਸਰਹੱਦ ਦੇ ਦੋਵੇਂ ਪਾਸਿਆਂ ਨਾਲ ਜੁੜੀ ਹੋਈ ਹੈ।
ਪੰਜਾਬੀ ਭਾਈਚਾਰਾ ਤਾਂ ਇਸ ਸਰਹੱਦ ਦੀ ਕਹਾਣੀ ਨੂੰ ਹੋਰ ਵੀ ਨੇੜਿਓਂ ਜਾਣਦਾ ਹੈ। ਕਿਸੇ ਦਾ ਘਰ ਟੋਰਾਂਟੋ ਵਿੱਚ ਹੈ ਤੇ ਕਾਰੋਬਾਰ ਸ਼ਿਕਾਗੋ ਵਿੱਚ। ਕਿਸੇ ਦਾ ਪੁੱਤਰ ਕੈਨੇਡਾ ਵਿੱਚ ਪੜ੍ਹ ਰਿਹਾ ਹੈ ਤੇ ਧੀ ਅਮਰੀਕਾ ਵਿੱਚ ਕੰਮ ਕਰ ਰਹੀ ਹੈ। ਕਿਸੇ ਦੇ ਰਿਸ਼ਤੇਦਾਰ ਬਰੈਂਪਟਨ ਵਿੱਚ ਹਨ ਤੇ ਕਿਸੇ ਦੇ ਡਿਟਰੌਇਟ ਵਿੱਚ। ਵਿਆਹ, ਕਾਰੋਬਾਰ, ਸਿੱਖਿਆ ਅਤੇ ਪਰਿਵਾਰਕ ਰਿਸ਼ਤੇ ਸਰਹੱਦਾਂ ਤੋਂ ਪਾਰ ਜਾ ਚੁੱਕੇ ਹਨ। ਇਨ੍ਹਾਂ ਰਿਸ਼ਤਿਆਂ ਨੂੰ ਕਿਸੇ ਨਕਸ਼ੇ ‘ਤੇ ਇੱਕ ਨਵਾਂ ਨਾਂ ਲਿਖ ਕੇ ਬਦਲਿਆ ਨਹੀਂ ਜਾ ਸਕਦਾ।
ਇਹ ਵੀ ਸੱਚ ਹੈ ਕਿ ਸਿਆਸਤ ਸਿਰਫ਼ ਨੀਤੀਆਂ ਦਾ ਨਾਮ ਨਹੀਂ। ਪ੍ਰਤੀਕ ਵੀ ਸਿਆਸਤ ਦਾ ਹਿੱਸਾ ਹੁੰਦੇ ਹਨ। ਨਾਂ ਬਦਲਣਾ, ਝੰਡਾ ਬਦਲਣਾ, ਇਮਾਰਤਾਂ ਦੇ ਨਾਂ ਬਦਲਣਾ; ਇਹ ਸਾਰੇ ਕੰਮ ਕਈ ਵਾਰ ਕਿਸੇ ਦੇਸ਼ ਦੀ ਸਿਆਸੀ ਸੋਚ ਅਤੇ ਰਾਸ਼ਟਰੀ ਭਾਵਨਾ ਨੂੰ ਪ੍ਰਗਟ ਕਰਨ ਦੇ ਢੰਗ ਬਣ ਜਾਂਦੇ ਹਨ। ਟਰੰਪ ਪ੍ਰਸ਼ਾਸਨ ਪਹਿਲਾਂ ਮੈਕਸੀਕੋ ਦੀ ਖਾੜੀ ਨੂੰ ‘ਗਲਫ਼ ਆਫ਼ ਅਮਰੀਕਾ’ ਕਹਿਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਹੁਣ ਲੇਕ ਓਂਟਾਰੀਓ ਦਾ ਨਾਂ ਵੀ ਬਦਲਿਆ ਗਿਆ ਹੈ। ਇਸ ਲਈ ਇਹ ਫ਼ੈਸਲਾ ਇਕੱਲੀ ਘਟਨਾ ਵਜੋਂ ਨਹੀਂ, ਸਗੋਂ ਟਰੰਪ ਦੀ ਉਸ ਸਿਆਸੀ ਸ਼ੈਲੀ ਦੇ ਹਿੱਸੇ ਵਜੋਂ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਭੂਗੋਲਿਕ ਨਾਂ ਵੀ ਰਾਸ਼ਟਰੀ ਪਛਾਣ ਅਤੇ ਤਾਕਤ ਦੇ ਸੰਦੇਸ਼ ਦਾ ਸਾਧਨ ਬਣਦੇ ਹਨ। ਪਰ ਪ੍ਰਤੀਕਾਂ ਦੀ ਆਪਣੀ ਇੱਕ ਹੱਦ ਹੁੰਦੀ ਹੈ, ਉਹ ਸੁਰਖੀਆਂ ਬਣਾ ਸਕਦੇ ਹਨ। ਬਹਿਸ ਛੇੜ ਸਕਦੇ ਹਨ। ਸਿਆਸੀ ਸਮਰਥਕਾਂ ਨੂੰ ਉਤਸ਼ਾਹਿਤ ਕਰ ਸਕਦੇ ਹਨ, ਪਰ ਉਹ ਵਪਾਰਕ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ।
ਝੀਲ ਦਾ ਪਾਣੀ ਦੋਹਾਂ ਦਾ ਹੈ
ਸ਼ਾਇਦ ਇਸ ਪੂਰੇ ਮਾਮਲੇ ਦੀ ਸਭ ਤੋਂ ਸੁੰਦਰ ਗੱਲ ਇਹ ਹੈ ਕਿ ਝੀਲ ਨੇ ਆਪਣਾ ਨਾਂ ਨਹੀਂ ਬਦਲਿਆ। ਉਹ ਅਜੇ ਵੀ ਦੋਹਾਂ ਦੇਸ਼ਾਂ ਦੇ ਕਿਨਾਰਿਆਂ ਨੂੰ ਛੂੰਹਦੀ ਹੈ। ਉਸ ਦਾ ਪਾਣੀ ਪਾਸਪੋਰਟ ਨਹੀਂ ਮੰਗਦਾ। ਹਵਾ ਨੂੰ ਨਹੀਂ ਪਤਾ ਕਿ ਉਹ ਅਮਰੀਕਾ ਵੱਲੋਂ ਆਈ ਹੈ ਜਾਂ ਕੈਨੇਡਾ ਵੱਲੋਂ। ਪੰਛੀ ਸਰਹੱਦ ‘ਤੇ ਰੁਕਦੇ ਨਹੀਂ। ਬੱਦਲਾਂ ਨੂੰ ਟੈਰਿਫ਼ ਦੀ ਜਾਣਕਾਰੀ ਨਹੀਂ; ਅਤੇ ਪਾਣੀ ਨੂੰ ਇਹ ਵੀ ਨਹੀਂ ਪਤਾ ਕਿ ਨਕਸ਼ੇ ‘ਤੇ ਉਸ ਦਾ ਨਾਂ ਕੀ ਲਿਖਿਆ ਗਿਆ ਹੈ।
ਸ਼ਾਇਦ ਇਸੇ ਲਈ ਇਸ ਘਟਨਾ ਨੂੰ ਸਿਰਫ਼ ਮਜ਼ਾਕ ਜਾਂ ਸਿਆਸੀ ਟਕਰਾਅ ਵਜੋਂ ਦੇਖਣ ਦੀ ਥਾਂ ਇੱਕ ਵੱਡੇ ਸਵਾਲ ਵਜੋਂ ਵੀ ਦੇਖਿਆ ਜਾ ਸਕਦਾ ਹੈ- ਕੀ ਦੇਸ਼ਾਂ ਦੇ ਰਿਸ਼ਤੇ ਨਕਸ਼ਿਆਂ ਦੇ ਨਾਂ ਨਾਲ ਬਣਦੇ ਹਨ ਜਾਂ ਲੋਕਾਂ ਦੇ ਆਪਸੀ ਰਿਸ਼ਤਿਆਂ ਨਾਲ? ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨੇ ਦਹਾਕਿਆਂ ਵਿੱਚ ਜੋ ਰਿਸ਼ਤੇ ਬਣਾਏ ਹਨ, ਉਹ ਕਿਸੇ ਇੱਕ ਸਰਕਾਰੀ ਹੁਕਮ ਨਾਲ ਨਹੀਂ ਬਣੇ ਸਨ। ਇਸ ਲਈ ਉਹ ਕਿਸੇ ਇੱਕ ਹੁਕਮ ਨਾਲ ਖ਼ਤਮ ਵੀ ਨਹੀਂ ਹੋਣੇ।
ਨਾਂ ਬਦਲ ਸਕਦਾ ਹੈ, ਨਕਸ਼ਾ ਬਦਲ ਸਕਦਾ ਹੈ, ਸਿਆਸੀ ਬਿਆਨ ਬਦਲ ਸਕਦੇ ਹਨ; ਪਰ ਸਰਹੱਦ ਦੇ ਦੋਵੇਂ ਪਾਸਿਆਂ ਵੱਸਦੇ ਲੋਕਾਂ ਦੀ ਸਾਂਝੀ ਜ਼ਿੰਦਗੀ ਆਪਣੀ ਰਫ਼ਤਾਰ ਨਾਲ ਚੱਲਦੀ ਰਹਿੰਦੀ ਹੈ। ਸ਼ਾਇਦ ਇਹੀ ਇਸ ਸਾਰੀ ਕਹਾਣੀ ਦਾ ਸਭ ਤੋਂ ਸਧਾਰਨ ਸਬਕ ਹੈ। ਝੀਲ ਦਾ ਨਾਂ ਭਾਵੇਂ ‘ਲੇਕ ਅਮਰੀਕਾ’ ਲਿਖ ਦਿੱਤਾ ਜਾਵੇ, ਪਰ ਉਸ ਦੇ ਦੋਵੇਂ ਕਿਨਾਰੇ ਅਜੇ ਵੀ ਇੱਕ-ਦੂਜੇ ਨੂੰ ਲੇਕ ਓਂਟਾਰੀਓ ਰਾਹੀਂ ਹੀ ਮਿਲਦੇ ਹਨ। ਅਸਲ ਚੁਣੌਤੀ ਨਕਸ਼ੇ ‘ਤੇ ਨਵਾਂ ਨਾਂ ਲਿਖਣ ਦੀ ਨਹੀਂ। ਅਸਲ ਚੁਣੌਤੀ ਇਹ ਹੈ ਕਿ ਦੋ ਗੁਆਂਢੀ ਦੇਸ਼ ਆਪਣੇ ਰਿਸ਼ਤਿਆਂ ਦਾ ਪਾਣੀ ਕਿੰਨਾ ਸਾਫ਼ ਰੱਖ ਸਕਦੇ ਹਨ!
