ਰਾਜਨੀਤਿਕ ਤੇ ਪ੍ਰਸ਼ਾਸਨਿਕ ਨਿਘਾਰ ਦੀਆਂ ਸੱਭੇ ਹੱਦਾਂ ਪਾਰ

ਖਬਰਾਂ ਵਿਚਾਰ-ਵਟਾਂਦਰਾ

ਮੋਹਨਜੀਤ ‘ਤੇ ਪੁਲਿਸ ਤਸ਼ੱਦਦ
ਪੰਜਾਬੀ ਪਰਵਾਜ਼ ਬਿਊਰੋ
ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਇੱਕ ਨੌਜਵਾਨ ਮੋਹਨਜੀਤ ਸਿੰਘ ‘ਤੇ ਇੱਕ ਮਾਮੂਲੀ ਰੋਸ ਵਿਖਾਵੇ ਕਾਰਨ ਕੀਤੇ ਗਏ ਤਸ਼ੱਦਦ ਨੇ ਇਹ ਵਿਖਾ ਦਿੱਤਾ ਹੈ ਕਿ ਪੰਜਾਬ ਹਾਲੇ ਪੁਲਿਸ ਰਾਜ ਵਾਲੀਆਂ ਰਵਾਇਤਾਂ ਨੂੰ ਸਾਂਭ-ਪਾਲ ਕੇ ਰੱਖ ਰਿਹਾ ਹੈ। ਨੌਜਵਾਨ ‘ਤੇ ਕੀਤਾ ਗਿਆ ਤਸ਼ੱਦਦ ਖਾੜਕੂਵਾਦ ਵੇਲੇ ਪੰਜਾਬ ਦੇ ਨੌਜਵਾਨਾਂ ‘ਤੇ ਕੀਤੇ ਗਏ ਤਸ਼ਦਦ ਦੀਆਂ ਯਾਦਾਂ ਨੂੰ ਹੂਬਹੂ ਤਾਜ਼ਾ ਕਰਦਾ ਹੈ।

ਮੋਹਨਜੀਤ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦਾ ਰਹਿਣ ਵਾਲਾ ਹੈ। ਉਸ ਨੇ ਇਸ ਪਿੰਡ ਵਿੱਚ 2 ਸਤੰਬਰ ਨੂੰ ਹੋਈ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਲਾਗੇ ਦੀ ਕਿਸੇ ਇਮਾਰਤ ‘ਤੇ ਚੜ੍ਹ ਕੇ ਕਾਲਾ ਝੰਡਾ ਲਹਿਰਾਇਆ ਅਤੇ ਨਸ਼ੇ ਦੇ ਵਧ ਰਹੇ ਵਰਤਾਰੇ ਵਿਰੁੱਧ ਰੋਸ ਪ੍ਰਗਟ ਕੀਤਾ। ਮੋਹਨਜੀਤ ਨੇ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਲਈ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਸ ਦੇ ਰੋਸ ਪ੍ਰਗਟ ਕਰਨ ਤੋਂ ਤੁਰੰਤ ਬਾਅਦ ਇੱਕ ਡੀ.ਐਸ.ਪੀ. ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਉਸ ਨਾਲ ਖਿੱਚ ਧੂਅ ਕੀਤੀ ਅਤੇ ਆਪਣੀ ਹਿਰਾਸਤ ਵਿੱਚ ਲੈ ਲਿਆ। ਸਥਾਨਕ ਅਦਾਲਤ ਵਿੱਚ ਪੇਸ਼ ਕੀਤੇ ਜਾਣ ਮੌਕੇ ਉਸ ਨੇ ਦੱਸਿਆ ਕਿ ਸੁਨਾਮ ਦੇ ਦਾਣਾ ਮੰਡੀ ਥਾਣੇ ਵਿੱਚ ਲਿਜਾ ਕੇ ਉਸ ਉੱਤੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ ਗਿਆ। ਉਸ ਨੂੰ ਬਿਜਲੀ ਦੇ ਝਟਕੇ ਲਗਾਏ ਗਏ। ਪੱਟਾਂ ਵਿੱਚ ਬਲੇਡ ਨਾਲ ਚੀਰੇ ਦੇ ਕੇ ਲੂਣ ਪਾਇਆ ਗਿਆ। ਇਸ ਤੋਂ ਇਲਾਵਾ ਉਸ ਦੇ ਲੱਕ ‘ਤੇ ਤਾਰਾਂ ਵਾਲਾ ਬੁਰਸ਼ ਫੇਰ ਕੇ ਲੂਣ ਪਾਇਆ ਗਿਆ। ਸੰਗਰੂਰ ਜ਼ਿਲ੍ਹੇ ਦੀ ਐਸ.ਐਸ.ਪੀ. ਰਵਜੋਤ ਕੌਰ ਨੇ ਇਸ ਘਟਨਾ ਬਾਰੇ ਕਿਹਾ ਕਿ ਮੋਹਨਜੀਤ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਘਰ ਪਹੁੰਚ ਗਿਆ ਹੈ। ਘਰ ਪਹੁੰਚਣ ਤੋਂ ਬਾਅਦ ਵੀ ਮੋਹਨਜੀਤ ਦੀ ਸਿਹਤ ਵਿਗੜਨ ਦੀਆਂ ਖਬਰਾਂ ਨਸ਼ਰ ਹੋਈਆਂ ਹਨ।
ਮੋਹਨਜੀਤ ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰੀ ਸਮੇਂ ਉਸ ਦੀ ਮਾਂ ਅਤੇ ਵੱਡੀ ਭੈਣ ਨੂੰ ਮੰਦਾ ਚੰਗਾ ਬੋਲਿਆ। ਉਸ ਦੇ ਸਿਰ ਵਿੱਚ ਸੌ ਜੁਤੀਆਂ ਮਾਰੀਆਂ ਗਈਆਂ। ਪੁਲਿਸ ਵੱਲੋਂ ਆਮ ਸਾਧਾਰਨ ਮੁਲਜ਼ਮਾਂ ਤੱਕ ਨੂੰ ਨੰਗਾ ਕਰਕੇ ਪਟੇ ਮਾਰਨੇ ਪੰਜਾਬ ਦੇ ਥਾਣਿਆਂ ਵਿੱਚ ਇੱਕ ਆਮ ਵਰਤਾਰਾ ਹੈ। ਇਹ ਮੋਹਨਜੀਤ ਸਿੰਘ ‘ਤੇ ਵੀ ਵਰਤਿਆ ਗਿਆ। ਉਹਦੀ ਦਾਹੜੀ ਪੁੱਟੀ ਗਈ? ਆਪਣੇ ਸਿਆਸੀ ਆਕਾਵਾਂ ਨੂੰ ਵਿਖਾਉਣ ਲਈ ਇੱਕ ਪੁਲਿਸ ਵਾਲੇ ਨੇ ਇਸ ਦੀ ਵੀਡੀਓ ਵੀ ਬਣਾਈ। ਜਦੋਂ ਮਾਮਲਾ ਬਹੁਤ ਜ਼ਿਆਦਾ ਭਖ ਗਿਆ ਅਤੇ ਸਿਆਸੀ ਤੂਲ ਫੜ ਗਿਆ ਤਾਂ ਸੰਬਧਤ ਡੀ.ਐਸ.ਪੀ. ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਸਾਰੇ ਮਾਮਲੇ ‘ਤੇ ਮਿੱਟੀ ਪਾਉਣ ਲਈ ਜ਼ਿਲ੍ਹੇ ਦੀ ਐਸ.ਐਸ.ਪੀ. ਰਵਜੋਤ ਕੌਰ ਗਰੇਵਾਲ ਨੇ ਮੋਹਨਜੀਤ ਸਿੰਘ ਉੱਪਰ ਤੀਜੇ ਦਰਾਜੇ ਦੇ ਤਸ਼ੱਦਦ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਮੋਹਨਜੀਤ ਪੁਰਾਣਾ ਹਿਸਟਰੀ ਸ਼ੀਟਰ ਹੈ ਅਤੇ ਉਸ ਦੇ ਖਿਲਾਫ ਗੰਭੀਰ ਮਾਮਲਿਆਂ ਵਿੱਚ ਐਫ.ਆਈ.ਆਰ. ਪਹਿਲਾਂ ਵੀ ਦਰਜ ਹੋਈਆਂ ਹਨ। ਇਤਿਹਾਤੀ ਹਿਰਾਸਤ ਵਿੱਚ ਲੈਣ ਮਗਰੋਂ ਉਸ ਦੇ ਕਰਵਾਏ ਗਏ ਡੋਪ ਟੈਸਟ ਵਿੱਚ ਪੌਜ਼ੇਟਿਵ ਪਾਇਆ ਗਿਆ ਹੈ। ਜਦਕਿ ਮੋਹਨਜੀਤ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜ਼ਬਰਦਸਤੀ ਉਸ ਨੂੰ ਕੋਈ ਨਸ਼ੀਲੀ ਵਸਤ ਖਵਾਈ ਗਈ।
ਇੱਧਰ ‘ਆਪ’ ਦੇ ਸ਼ਰੀਕਾਂ- ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਸਮੇਤ ਸੱਭੇ ਰਾਜਨੀਤਿਕ ਪਾਰਟੀਆਂ ਮੋਹਨਜੀਤ ਸਿੰਘ ਦੇ ਪੱਖ ਵਿੱਚ ਆ ਗਈਆਂ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਘ ਨੇ ਇਸ ਮਾਮਲੇ ਨੂੰ ਲੈ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਕੌਮੀ ਕਮਿਸ਼ਨ ਕੋਲ ਸ਼ਿਕਾਇਤ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਕੀਤੀ ਗਈ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ-ਪੁਲਿਸ ਨੂੰ ਕਦਮ ਦਰ ਕਦਮ (ਪੁਆਇੰਟ ਬਾਈ ਪੁਆਇੰਟ) ਐਕਸ਼ਨ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਮੋਹਨਜੀਤ ‘ਤੇ ਕੀਤੇ ਗਏ ਤਸ਼ੱਦਦ ਦੀ ਮੈਡੀਕੋ-ਲੀਗਲ ਰਿਪੋਰਟ ਅਤੇ ਬਿਨਾ ਐਡਿਟ ਕੀਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਪੋਰਟ 2 ਹਫਤਿਆਂ ਦੇ ਅੰਦਰ-ਅੰਦਰ ਦਾਖਲ ਕਰਨ ਲਈ ਕਿਹਾ ਹੈ। ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਮੋਹਨਜੀਤ ਸਿੰਘ ਨਾਲ ਟੈਲੀਫੋਨ ‘ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਹੌਸਲਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਨਜੀਤ ਦੇ ਘਰ ਪਹੁੰਚ ਕੇ ਉਸ ਦੀ ਖ਼ਬਰ ਸਾਰ ਪੁੱਛੀ ਹੈ ਅਤੇ ਉਸ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਮੋਹਨਜੀਤ ਸਿੰਘ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਫੌਰੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਅਕਾਲ ਤਖਤ ਸਾਹਿਬ ਦੇ (ਬਾਦਲ ਪੱਖੀ) ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਬੰਧਤ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨਾ ਕਿਸੇ ਵਿਅਕਤੀ ਦਾ ਜਮਹੂਰੀ ਅਧਿਕਾਰ ਹੈ ਅਤੇ ਸਰਕਾਰ ਇਸ ਨੂੰ ਤਾਨਾਸ਼ਾਹਾਂ ਦੀ ਤਰ੍ਹਾਂ ਕੁਚਲ ਰਹੀ ਹੈ। ਜਥੇਦਾਰ ਗੜਗੱਜ ਨੇ ਦੋਸ਼ ਲਗਾਇਆ ਕਿ ਡੀ.ਐਸ.ਪੀ. ਹਰਵਿੰਦਰ ਸਿੰਘ ਨੇ ਕਾਲਾ ਝੰਡਾ ਗੱਲ ਵਿੱਚ ਮੋਹਨਜੀਤ ਨੂੰ ਘਸੀਟਿਆ ਅਤੇ ਬਾਅਦ ਵਿੱਚ ਜ਼ੋਰਦਾਰ ਤਸ਼ੱਦਦ ਦਾ ਸ਼ਿਕਾਰ ਬਣਾਇਆ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਸੰਗਰੂਰ ਦੇ ਐਸ.ਐਸ.ਪੀ. ਨਾਲ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਕਿਹਾ ਕਿ ਜਿਸ ਡੀ.ਐਸ.ਪੀ. ਅਤੇ ਜਿਨ੍ਹਾਂ ਮੁਲਾਜ਼ਮਾਂ ਨੇ ਸਿੰਘ ਦੇ ਕੱਕਾਰਾਂ ਦਾ ਨਿਰਾਦਰ ਕੀਤਾ ਹੈ, ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਬਣਦਾ ਕੇਸ ਦਰਜ ਕੀਤਾ ਜਾਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ 10-15 ਨੌਜਵਾਨ ਨਸ਼ੇ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ (ਚਿੱਟੇ) ਨਸ਼ੇ ਦੀ ਵਿਕਰੀ ਰੋਕੀ ਜਾਵੇ, ਜਿਹੜਾ ਸਰਕਾਰ ਦੀ ਨਜ਼ਰ ਹੇਠ ਵਿਕ ਰਿਹਾ ਹੈ।
ਮੋਹਨਜੀਤ ਸਿੰਘ ‘ਤੇ ਹੋਏ ਘੋਰ ਤਸ਼ੱਦਦ ਦੇ ਮਾਮਲੇ ਨੂੰ ਇਸ ਪੱਖ ਤੋਂ ਸਮਝਣਾ ਵੀ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਲਈ ਪੰਜਾਬ ਵਿਧਾਨ ਸਭਾ ਚੋਣਾਂ ਹੋਂਦ ਦਾ ਸਵਾਲ ਬਣੀਆਂ ਹੋਈਆਂ ਹਨ; ਕਿਉਂਕਿ ਦਿੱਲੀ ਵਿੱਚੋਂ ਉਹ ਪਹਿਲਾਂ ਹੀ ਹਾਰ ਚੁੱਕੇ ਹਨ। ‘ਆਪ’ ਦੇ ਸੀਨੀਅਰ ਆਗੂ ਮੁਨੀਸ਼ ਸਿਸੋਦੀਆ ਚਿਰ ਪਹਿਲਾਂ ਹੀ ਆਉਂਦੀਆਂ ਚੋਣਾਂ ਵਿੱਚ ਸਾਮ, ਦਾਮ, ਦੰਡ, ਭੇਦ ਸਮੇਤ ਸਾਰੇ ਹਰਬੇ ਵਰਤਣ ਵਾਲਾ ਬਿਆਨ ਦੇ ਚੁੱਕੇ ਹਨ। ਇਸ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਪੰਜਾਬ ਪੁਲਿਸ, ਪੰਜਾਬ ਦੇ ਲੋਕਾਂ ਖਾਸ ਕਰਕੇ ਪਿੰਡਾਂ ਦੇ ਲੋਕਾਂ, ਵਿਸ਼ੇਸ਼ ਕਰਕੇ ਕਿਸਾਨੀ ਨਾਲ ਸੰਬੰਧਤ ਨੌਜਵਾਨਾਂ ਨੂੰ ਡਰਾ ਕੇ ਰੱਖਣਾ ਚਾਹੁੰਦੀ ਹੈ। ਇਹ ਨੌਜਵਾਨ ਹੀ ਹਨ ਜਿਹੜੇ ਸੰਭਾਵਤ ਤੌਰ ‘ਤੇ ਚੋਣਾਂ ਵਿੱਚ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਸੰਭਾਵਤ ਵਾਲੰਟੀਅਰ ਬਣ ਸਕਦੇ ਹਨ। ਹਿੰਦੁਸਤਾਨ ਦੀਆਂ ਨੈਸ਼ਨਲ ਪਾਰਟੀਆਂ ਸਮਝਦੀਆਂ ਹਨ ਕਿ ਅੱਜ ਪੰਜਾਬ ਅਤੇ ਇੱਥੇ ਵੱਸਦੀ ਸਿੱਖ ਘੱਟਗਿਣਤੀ ਸਿਆਸੀ ਤੌਰ ‘ਤੇ ਸਭ ਤੋਂ ਮਾੜੀ ਹਾਲਤ ਵਿੱਚ ਹੈ। ਇਸ ਨੂੰ ਦਬੇਲ ਬਣਾਉਣ ਦਾ ਇਹ ਇੱਕ ਸਭ ਤੋਂ ਸੁਨਹਿਰੀ ਮੌਕਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ‘ਆਪ’ ਸਮਝਦੀ ਹੈ ਕਿ ਉਪਰੋਕਤ ਕਿਸਮ ਦੇ ਤਸ਼ੱਦਦ ਨਾਲ ਡਰੇ ਹੋਏ ਲੋਕ ਖਾਸ ਕਰਕੇ ਕਿਸਾਨੀ ਉਨ੍ਹਾਂ ਦੇ ਪੱਖ ਵਿੱਚ ਭੁਗਤ ਸਕਦੀ ਹੈ। ਇਹ ਇਸ ਪਾਰਟੀ ਦੇ ਆਗੂਆਂ ਦਾ ਵਹਿਮ ਹੈ। ਪੰਜਾਬ-ਹਰਿਆਣਾ ਦੇ ਬਾਰਡਰਾਂ ਤੋਂ ਕਿਸਾਨੀ ਸੰਘਰਸ਼ ਨੂੰ ਉਠਾਉਣ ਸਮੇਂ ਸਰਕਾਰ ਅਤੇ ਪੁਲਿਸ ਦੇ ਕਈ ਕਾਰਿੰਦਿਆਂ ਅਤੇ ਨੁਮਾਇੰਦਿਆਂ ਨੇ ਜੱਟਾਂ ਦੇ ਟਰੈਕਟਰ-ਟਰਾਲੀਆਂ ਅਤੇ ਹੋਰ ਮਾਲ ਅਸਬਾਬ ਲੁੱਟ ਲਿਆ ਸੀ। ਕਿਸਾਨਾਂ ਦੀਆਂ ਟਰਾਲੀਆਂ ਕਈ ‘ਆਪ’ ਅਸੈਂਬਲੀ ਮੈਂਬਰਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਮਿਲੀਆਂ ਸਨ। ‘ਆਪ’ ਸਮੇਤ ਕੌਮੀ ਪਾਰਟੀਆਂ ਦੇ ਪੰਜਾਬ ਨਾਲ ਵਰਤਾਓ ਤੋਂ ਲਗਦਾ ਹੈ ਕਿ ਇਹ ਰਾਜ ਇੱਕ ਵਾਰ ਫਿਰ ਇੱਕ ਵੱਡੇ ਖੂਨੀ ਦੌਰ ਵੱਲ ਵਧ ਰਿਹਾ ਹੈ। ਸਿਆਸੀ ਸਥਿਤੀ 1978 ਤੋਂ ਵੱਖਰੀ ਨਹੀਂ ਹੈ, ਸਿਰਫ ਚਿਹਰੇ ਅਤੇ ਪਾਰਟੀਆਂ ਦੇ ਨਾਮ ਹੀ ਬਦਲੇ ਹਨ। ਉਪਰੋਕਤ ਕਿਸਮ ਦਾ ਤਸ਼ੱਦਦ ਪੰਜਾਬ ਦੇ ਲੋਕਾਂ ਨੂੰ ਗੁਲਾਮਾਂ ਵਰਗਾ ਅਹਿਸਾਸ ਕਰਵਾਉਂਦਾ ਹੈ। ਸੱਭੇ ਸਿਆਸੀ ਪਾਰਟੀਆਂ ਅਤੇ ਪੰਜਾਬ ਦੀ ਪੁਲਿਸ ਨੂੰ ਇਸ ਨਜ਼ੁਕ ਸਥਿਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *