ਪਰਮਜੀਤ ਸਿੰਘ ਢੀਂਗਰਾ
ਫੋਨ:+91-94173 58120
ਨੇਪਾਲ ਤ੍ਰਾਸਦੀ ਨੇ ਅਨੇਕਾਂ ਸਵਾਲਾਂ ਦੇ ਨਾਲ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇ ਵਿਕਾਸ ਦੇ ਮਾਪਦੰਡ ਇਹੀ ਰਹੇ ਤਾਂ ਕੁਦਰਤ ਇਸ ਤੋਂ ਵੀ ਵੱਡਾ ਕਹਿਰ ਢਾਹ ਸਕਦੀ ਹੈ। ਕੁਝ ਸਾਲ ਪਹਿਲਾਂ ਜੋ ਕੁਝ ਕੇਦਾਰਨਾਥ ਵਿੱਚ ਵਾਪਰਿਆ ਸੀ, ਉਹ ਅਜੇ ਕੱਲ੍ਹ ਦੀ ਗੱਲ ਹੈ; ਪਰ ਮਨੁੱਖ ਦੀ ਫਿਤਰਤ ਹੈ ਕਿ ਉਹ ਲਾਲਚ ਦੇ ਮੋਹ ਵਸ ਜਲਦੀ ਭੁੱਲ ਜਾਂਦਾ ਹੈ।
ਨੇਪਾਲ ਤ੍ਰਾਸਦੀ ਦੀਆਂ ਭਿਆਨਕ ਤਸਵੀਰਾਂ ਤੇ ਵੀਡੀਓ ਕਲਿੱਪ ਦੇਖ ਕੇ ਮਨ ਵਿੱਚ ਕਰੁਣਾ ਦੇ ਨਾਲ ਨਾਲ ਅਨੇਕਾਂ ਸਵਾਲ ਵੀ ਪੈਦਾ ਹੁੰਦੇ ਹਨ ਕਿ ਕੁਦਰਤ ਨਾਲ ਛੇੜਛਾੜ ਤੇ ਵਾਤਾਵਰਣ ਦੀ ਤਬਾਹੀ ਲਈ ਮਨੁੱਖ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਤਬਾਹੀ ਤੋਂ ਬਾਅਦ ਅਨੇਕਾਂ ਸਲਾਹਾਂ, ਮਸ਼ਵਰੇ ਤੇ ਸਕੀਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ, ਨਾਲ ਨਾਲ ਬਚਾਅ ਤੇ ਮੁੜ ਵਸੇਬੇ ਦੇ ਯਤਨ ਕੀਤੇ ਜਾ ਰਹੇ ਹਨ। ਵਿਗਿਆਨੀ ਤੇ ਵਾਤਾਵਰਣ ਪ੍ਰੇਮੀ ਬੜੇ ਲੰਮੇ ਅਰਸੇ ਤੋਂ ਚਿੰਤਾ ਕਰ ਰਹੇ ਹਨ ਕਿ ਹਿਮਾਲਿਆ ਪਰਬਤ ਹੁਣ ਹੋਰ ਬੋਝ ਸਹਿਣ ਤੋਂ ਇਨਕਾਰੀ ਹੈ। ਇਸ ਲਈ ਇਹਦੇ `ਤੇ ਵਧੇਰੇ ਦਬਾਅ ਪਾਉਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ। ਕਸ਼ਮੀਰ ਤੋਂ ਲੈ ਕੇ ਹਿਮਾਚਲ ਤੇ ਉਤਰਾਖੰਡ ਤੱਕ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਕੇ ਖਤਰਨਾਕ ਝੀਲਾਂ ਦਾ ਰੂਪ ਲੈ ਰਹੇ ਹਨ।
ਪਿੱਛੇ ਜਿਹੇ ਜ਼ੀਰੋ ਪਾਸ (ਕਸ਼ਮੀਰ) ਕੋਲ ਤੇਜ਼ੀ ਨਾਲ ਪਿਘਲਦੇ ਗਲੇਸ਼ੀਅਰ ਦੇਖਣ ਦਾ ਸਬੱਬ ਬਣਿਆ, ਜੋ ਨਿਸਚੇ ਹੀ ਖਤਰੇ ਦੀ ਘੰਟੀ ਹਨ। ਗਲੇਸ਼ੀਅਰਾਂ ਦੇ ਪਿਘਲਣ ਨਾਲ ਵਾਤਾਵਰਣ ਗਰਮ ਹੋ ਰਿਹਾ ਹੈ ਤੇ ਈਕੋ ਸਿਸਟਮ ਸੁੰਗੜਦਾ ਜਾ ਰਿਹਾ ਹੈ। ਇਨ੍ਹਾਂ ਰਾਜਾਂ ਨੇ ਮੁਢਲੇ ਰੂਪ ਵਿੱਚ ਝੀਲਾਂ ਦਾ ਪਤਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਇਹਦੇ ਲਈ ਸੈਟੇਲਾਈਟ ਆਧਾਰਤ ਰੀਅਲ-ਟਾਈਮ ਨਿਗਰਾਨੀ ਯੰਤਰ, ਸਖਤ ਜੇਨਿੰਗ ਕਾਨੂੰਨ ਤੇ ਈਕੋ-ਫਰੈਂਡਲੀ ਵਾਤਾਵਰਣ ਵਰਗੇ ਪ੍ਰੋਗਰਾਮ ਉਲੀਕਣ ਦੀ ਲੋੜ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਪਹਾੜੀ ਆਫਤ ਸ਼ਹਿਰਾਂ ਤੱਕ ਵੀ ਆ ਪਹੁੰਚੇਗੀ।
ਹਿਮਾਲਿਆ ਪਰਬਤ ਭਾਰਤ ਦੇ ਰੱਖਿਆ ਕਵਚ ਦੇ ਨਾਲ ਨਾਲ ਮੌਸਮਾਂ, ਰੁੱਤਾਂ ਦਾ ਵੀ ਜਾਦੂਗਰ ਹੈ। ਸਾਡਾ ਉਪ-ਮਹਾਂਦੀਪ ਕੁਦਰਤੀ ਤਬਾਹੀ ਦੇ ਅਜਿਹੇ ਮੁਹਾਣੇ `ਤੇ ਖੜਾ ਹੈ, ਜਿਸਦਾ ਇੱਕ ਰੂਪ ਨੇਪਾਲ ਤੇ ਤਿੱਬਤ ਦੀ ਸੀਮਾ `ਤੇ ਦੇਖਣ ਨੂੰ ਮਿਲਿਆ ਹੈ, ਜਿੱਥੇ ਆਏ ਫਲੈਸ਼ ਫਲੱਡ ਨੇ ਸੈਂਕੜੇ ਜ਼ਿੰਦਗੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਓਥੇ ਪੂਰੇ ਇਲਾਕੇ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਮਾਹਿਰਾਂ ਅਨੁਸਾਰ ਇਹ ਤਬਾਹੀ ਗਲੇਸ਼ੀਅਰ ਦੇ ਟੁੱਟਣ, ਤਾਪਮਾਨ ਵਿੱਚ ਹੋਏ ਵਾਧੇ ਤੇ ਪਰਬਤਾਂ ਦੀ ਅਸਥਿਰਤਾ ਦਾ ਨਤੀਜਾ ਹੈ। ਇਹ ਭਾਰਤ ਲਈ ਗੰਭੀਰ ਤੇ ਸ਼ਾਇਦ ਆਖਰੀ ਚੇਤਾਵਨੀ ਹੈ। ਜੰਮੂ-ਕਸ਼ਮੀਰ ਤੇ ਲੇਹ-ਲੱਦਾਖ਼ ਦੇ ਖੇਤਰਾਂ ਵਿੱਚ ਜਲਵਾਯੂ ਤਬਦੀਲੀ ਦਾ ਅਸਰ ਪ੍ਰਭਾਵੀ ਰੂਪ ਵਿੱਚ ਨਜ਼ਰ ਆਉਣ ਲੱਗ ਪਿਆ ਹੈ। ਕਸ਼ਮੀਰ ਯੂਨੀਵਰਸਿਟੀ ਦੇ ਧਰਤ-ਵਿਗਿਆਨ ਵਿਭਾਗ ਤੇ ਕਈ ਹੋਰ ਸੰਸਥਾਵਾਂ ਦੇ ਅਧਿਐਨਾਂ ਵਿੱਚ ਆਏ ਅੰਕੜੇ ਦੱਸ ਰਹੇ ਹਨ ਕਿ ਇਸ ਖੇਤਰ ਵਿੱਚ ਗਲੇਸ਼ੀਅਰ ਬੜੀ ਤੇਜ਼ੀ ਨਾਲ ਸੁੰਗੜ ਰਹੇ ਹਨ। ਸਿੱਟੇ ਵਜੋਂ ਗਰਮੀ ਦੇ ਪ੍ਰਕੋਪ ਦੇ ਵਧਣ ਨਾਲ ਬਰਫ ਪੈਣ ਦੀ ਰਫਤਾਰ ਮੱਠੀ ਪੈ ਰਹੀ ਹੈ। ਤਾਪਮਾਨ ਵਧਣ ਨਾਲ ਕਸ਼ਮੀਰ ਘਾਟੀ ਵਿੱਚ ਅਨਿਯਮਤ ਢੰਗ ਨਾਲ ਝੀਲਾਂ ਬਣ ਰਹੀਆਂ ਹਨ, ਜਿਨ੍ਹਾਂ ਦੇ ਫਟਣ ਦਾ ਖਤਰਾ ਵੀ ਵੱਧ ਗਿਆ ਹੈ। ਜੇ ਪੂਰੀ ਸਾਵਧਾਨੀ ਨਾਲ ਇਨ੍ਹਾਂ ਝੀਲਾਂ ਵਿਚਲੇ ਜਲ ਪੱਧਰ ਦੀ ਨਿਗਰਾਨੀ ਨਾ ਕੀਤੀ ਗਈ ਤਾਂ ਜੇਹਲਮ ਦਰਿਆ ਦੇ ਬੇਸਿਨ ਵਿੱਚ ਵਸੀ ਸੰਘਣੀ ਆਬਾਦੀ ਜਲ ਮਗਨ ਹੋ ਸਕਦੀ ਹੈ। ਕਸ਼ਮੀਰ ਘਾਟੀ ਵਿੱਚ ਸਿਰਫ਼ ਵਾਤਾਵਰਣ ਤੇ ਵਾਟਰ ਮੈਨੇਜਮੈਂਟ ਦਾ ਹੀ ਮਸਲਾ ਨਹੀਂ, ਸਗੋਂ ਇਹ ਤੀਬਰ ਭੂਚਾਲਾਂ ਦੀ ਜੱਦ ਵਾਲਾ ਕੇਂਦਰ ਬਣਦਾ ਜਾ ਰਿਹਾ ਹੈ। ਪਹਾੜਾਂ ਨੂੰ ਖੋਦ ਕੇ ਮੀਲਾਂ ਲੰਮੀਆਂ ਸੁਰੰਗਾਂ ਬਣਾਉਣ ਨਾਲ ਪਹਾੜ ਦੀ ਜੜ੍ਹ ਤੇ ਤਾਕਤ ਕਮਜ਼ੋਰ ਹੋ ਰਹੀ ਹੈ। ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾ ਤੇ ਕਈ ਹੋਰ ਵਿਗਿਆਨਕ ਸੰਸਥਾਵਾਂ ਦੁਆਰਾ ਕੀਤੇ ਅਧਿਐਨਾਂ ਅਨੁਸਾਰ ਉਤਰਾਖੰਡ ਤੇ ਉੱਚ-ਹਿਮਾਲਿਆ ਖੇਤਰਾਂ ਵਿੱਚ 1000 ਤੋਂ ਵਧੇਰੇ ਛੋਟੀਆਂ-ਵੱਡੀਆਂ ਗਲੇਸ਼ੀਅਰ ਝੀਲਾਂ ਬਣ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਕਈ ਫਲੈਸ਼ ਫਲੱਡ ਦਾ ਕਾਰਨ ਬਣਨ ਲਈ ਤਿਆਰ ਹਨ। ਅਜਿਹੀ ਸਥਿਤੀ ਹਿਮਾਚਲ ਦੀਆਂ ਘਾਟੀਆਂ ਵਿੱਚ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਬਰਫ ਦੇ ਤੇਜ਼ੀ ਨਾਲ ਪਿਘਲਣ ਕਾਰਨ ਸਤਲੁਜ, ਬਿਆਸ ਤੇ ਝਨਾਂ ਦਰਿਆਵਾਂ ਵਿੱਚ ਪਾਣੀ ਦੀ ਰਫਤਾਰ ਵੱਧ ਗਈ ਹੈ। ਦੋ ਸਾਲ ਪਹਿਲਾਂ ਇਨ੍ਹਾਂ ਵਿੱਚ ਪਾਣੀ ਦੇ ਵਧਣ ਨਾਲ ਡੈਮਾਂ ਵਿੱਚੋਂ ਛੱਡੇ ਵਧੇਰੇ ਪਾਣੀ ਨੇ ਪੰਜਾਬ ਦੇ ਬਾਰਡਰ ਦੇ ਸਾਰੇ ਜ਼ਿਲ੍ਹੇ ਬੁਰੀ ਤਰ੍ਹਾਂ ਤਬਾਹ ਕਰ ਦਿੱਤੇ ਸਨ, ਜੋ ਅਜੇ ਤੱਕ ਪੁਰਾਣੀ ਸਥਿਤੀ ਬਹਾਲ ਕਰਨ ਲਈ ਜੂਝ ਰਹੇ ਹਨ। ਹਿਮਾਚਲ ਦੇ ਜਲਵਾਯੂ ਤਬਦੀਲੀ ਕੇਂਦਰ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਪਿਛਲੇ ਕੁਝ ਵਰਿ੍ਹਆਂ ਵਿੱਚ ਵਧੇਰੇ ਬਾਰਿਸ਼ਾਂ, ਬੱਦਲ ਫੱਟਣ ਤੇ ਅਚਾਨਕ ਆਉਣ ਵਾਲੇ ਹੜ੍ਹਾਂ ਵਿੱਚ 40 ਫੀਸਦੀ ਵਾਧਾ ਹੋਇਆ ਹੈ। ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰਾਂ ਕਰਕੇ ਨਵੀਆਂ ਝੀਲਾਂ ਬਣ ਰਹੀਆਂ ਹਨ, ਜਿਨ੍ਹਾਂ ਦੇ ਕੁਦਰਤੀ ਬੰਨ੍ਹ ਕਾਫੀ ਕਮਜ਼ੋਰ ਹਨ। ਦਰਿਆਵਾਂ ਦੇ ਮੁਹਾਣਿਆਂ `ਤੇ ਫਲੱਡ ਆਉਣ ਵਾਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਹੋ ਰਹੀਆਂ ਉਸਾਰੀਆਂ ਨੇ ਕੁਦਰਤੀ ਆਫਤਾਂ ਨੂੰ ਹੋਰ ਘਾਤਕ ਬਣਾ ਦਿੱਤਾ ਹੈ। ਇਸ ਲਈ ਅਜਿਹੀਆਂ ਉਸਾਰੀਆਂ ਰੋਕਣ ਲਈ ਉਚਿਤ ਯਤਨ ਕੀਤੇ ਜਾਣੇ ਚਾਹੀਦੇ ਹਨ। ਨਵੀਆਂ ਬਣ ਰਹੀਆਂ ਝੀਲਾਂ ਦੀ ਨਿਗਰਾਨੀ ਲਈ ਹਰ ਵੇਲੇ ਸੁਚੇਤ ਹੋਣ ਦੀ ਲੋੜ ਹੈ। ਪਹਾੜਾਂ ਨੂੰ ਸਿਰਫ਼ ਸੈਲਾਨੀਆਂ ਦੇ ਕੇਂਦਰ ਬਣਾ ਕੇ ਵਿਕਸਤ ਕਰਨ ਦੀ ਬਜਾਏ ਇਨ੍ਹਾਂ ਦੀ ਕੁਦਰਤੀ ਸਾਂਭ-ਸੰਭਾਲ ਤੇ ਸੁਰੱਖਿਆ ਦੀ ਵਧੇਰੇ ਲੋੜ ਹੈ। ਜੇ ਪਹਾੜ ਅੱਜ ਨਾ ਬਚਾਏ ਗਏ ਤਾਂ ਅਸੀਂ ਇਤਿਹਾਸ ਦਾ ਇੱਕ ਪੰਨਾ ਬਣ ਕੇ ਰਹਿ ਜਾਵਾਂਗੇ। ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰਾਂ ਦੇ ਰਲਵੇਂ-ਮਿਲਵੇਂ ਉਦਮਾਂ ਤੇ ਜਾਗਰੂਕਤਾ ਨਾਲ ਹੀ ਅਸੀਂ ਇਨ੍ਹਾਂ ਦੀ ਰਾਖੀ ਕਰਕੇ ਆਉਣ ਵਾਲੀਆਂ ਨਸਲਾਂ ਲਈ ਕੁਦਰਤੀ ਵਾਤਾਵਰਣ ਬਚਾਅ ਸਕਦੇ ਹਾਂ।
ਪੋਸਟ ਸਕ੍ਰਿਪਟ: ਇਹੋ ਜਿਹੀਆਂ ਤ੍ਰਾਸਦੀਆਂ ਵਾਪਰਦੀਆਂ ਰਹਿਣਗੀਆਂ ਕਿਉਂਕਿ ਮਨੁੱਖ ਏਨਾ ਲਾਲਚੀ ਤੇ ਸਵਾਰਥੀ ਹੋ ਗਿਆ ਹੈ ਕਿ ਉਹ ਕੁਦਰਤ ਨੂੰ ਵੀ ਯਰਗਮਾਲ ਸਮਝ ਰਿਹਾ ਹੈ, ਜਦ ਕਿ ਕੁਦਰਤ ਦੇ ਆਪਣੇ ਨੇਮ ਤੇ ਸਿਧਾਂਤ ਹਨ। ਉਨ੍ਹਾਂ ਨੂੰ ਭੰਗ ਕਰਨ ਨਾਲ ਸਿਰਫ਼ ਤਬਾਹੀ ਦੇ ਮੰਜ਼ਰ ਹੀ ਬਣ ਸਕਦੇ ਹਨ। ਫਿਰ ਵੀ ਕੁਝ ਪਹਿਲਕਦਮੀਆਂ ਕਰਨੀਆਂ ਜ਼ਰੂਰੀ ਹਨ। ਆਈ.ਆਈ.ਟੀ. ਮੰਡੀ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ 2000 ਤੋਂ ਵੱਧ ਗਲੇਸ਼ੀਅਰ ਝੀਲਾਂ ਦੇ ਕੀਤੇ ਗਏ ਅਧਿਐਨ ਵਿੱਚ 9 ਤੋਂ 12 ਝੀਲਾਂ ਨੂੰ ਗੰਭੀਰ ਖਤਰੇ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਖੋਜ ਮੁਤਾਬਕ ਪਿਛਲੇ ਦਸ ਸਾਲਾਂ ਵਿੱਚ ਗਲੇਸ਼ੀਅਰ ਝੀਲਾਂ ਦਾ ਅਕਾਰ 30 ਤੋਂ 60 ਫੀਸਦੀ ਵਧਿਆ ਹੈ। ਵੱਧ ਰਹੇ ਸੈਰ ਸਪਾਟੇ ਕਾਰਨ ਗਲੇਸ਼ੀਅਰਾਂ `ਤੇ ਕਾਰਬਨ ਤੇ ਧੂੜ ਜਮ੍ਹਾਂ ਹੋ ਰਹੀ ਹੈ। ਇਹ ਕਾਲੀ ਪਰਤ ਸੂਰਜੀ ਊਰਜਾ ਨੂੰ ਵਧੇਰੇ ਸੋਖਦੀ ਹੈ, ਜਿਸ ਨਾਲ ਗਲੇਸ਼ੀਅਰਾਂ ਦੇ ਪਿਘਲਣ ਦੀ ਰਫਤਾਰ ਵੱਧ ਜਾਂਦੀ ਹੈ। ਤਾਪਮਾਨ ਵਧਣ ਨਾਲ ਪਰਮਾਫ੍ਰੋਸਟ ਪਿਘਲਣ ਨਾਲ ਉਪਰਲੀ ਜ਼ਮੀਨ ਦੀ ਪਰਤ ਖਿਸਕ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸੈਰ ਸਪਾਟੇ ਨੂੰ ਸੀਮਤ ਕਰਕੇ, ਕਾਰਬਨ ਦੀ ਮਾਤਰਾ ਘਟਾਉਣ ਦਾ ਯਤਨ ਕੀਤਾ ਜਾਵੇ। ਈਕੋ ਫਰੈਂਡਲੀ ਯੋਜਨਾਵਾਂ ਹੀ ਪਹਾੜਾਂ ਦੀ ਜ਼ਿੰਦਗੀ ਨੂੰ ਬਚਾਅ ਕੇ ਵਾਤਾਵਰਣ ਵਿੱਚ ਸੰਤੁਲਨ ਪੈਦਾ ਕਰ ਸਕਦੀਆਂ ਹਨ।
