ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਹਥਲੇ ਅੰਕ ਤੋਂ ਸਤਲੁਜ ਤੋਂ ਜਮਨਾ ਤੱਕ ਸਿੱਖ ਰਿਆਸਤਾਂ ਦੇ ਦੂਜੇ ਭਾਗ ਦਾ 1845 ਤੱਕ ਦਾ ਇਤਿਹਾਸ ਛਾਪ ਰਹੇ ਹਾਂ, ਜਿਸ ਵਿੱਚ ਲੈਫਟੀਨੈਂਟ ਕਰਨਲ ਆਕਟਰਲੋਨੀ ਵੱਲੋਂ ਨਿਸ਼ਾਨਦੇਹੀ ਕੀਤੀਆਂ ਰਿਆਸਤਾਂ ਨਾਲ ਸਬੰਧਤ ਸੰਖੇਪ ਵੇਰਵਾ ਹੈ… ਪ੍ਰਬੰਧਕੀ ਸੰਪਾਦਕ
ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417
ਕਿਸ਼ਤ-7
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੱਧ ਨਵੰਬਰ 1808 ਤੱਕ ਕੰਪਨੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਵੱਲ ਭੇਜਣ ਵਾਸਤੇ ਲੈਫਟੀਨੈਂਟ ਕਰਨਲ ਡੀ. ਆਕਟਰਲੋਨੀ ਦੀ ਚੋਣ ਕਰਕੇ ਉਸ ਨੂੰ ਢੁਕਵੀਆਂ ਹਦਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਵਾਰ ਵਾਰ ਦਿੱਤੀ ਜਾਣ ਵਾਲੀ ਇੱਕ ਹਦਾਇਤ ਸਿੱਖਾਂ ਦੇ ਮੁਲਕ ਵਿੱਚ ਉਨ੍ਹਾਂ ਦੀਆਂ ਫੌਜਾਂ ਦੀ ਵਿਉਂਤਬੰਦੀ, ਲੱਛਣਾਂ, ਹਾਲਾਤ ਅਤੇ ਗਿਣਤੀ ਜਾਨਣ ਦੇ ਨਾਲ ਇਹ ਪਤਾ ਕਰਨਾ ਸੀ ਕਿ ਜੇ ਕਰ ਲਾਹੌਰ ਦੇ ਰਾਜੇ ਦੇ ਵਿਹਾਰ ਕਾਰਨ ਉਸ ਖਿਲਾਫ ਲੜਾਈ ਦੀ ਨੌਬਤ ਆਵੇ ਤਾਂ ਉਨ੍ਹਾਂ ਰਿਆਸਤਾਂ ਦੀ ਸਾਂਝੀ ਸ਼ਕਤੀ ਨੂੰ ਅੰਗਰੇਜ਼ਾਂ ਦੇ ਲਾਭ ਹਿਤ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਲੈਫਟੀਨੈਂਟ ਕਰਨਲ ਡੀ. ਆਕਟਰਲੋਨੀ ਨੇ 16 ਜਨਵਰੀ 1809 ਨੂੰ ਜਮਨਾ ਪਾਰ ਕਰਕੇ ਸਿੱਖਾਂ ਦੇ ਮੁਲਕ ਵਿੱਚ ਪੈਰ ਧਰਿਆ ਅਤੇ ਪੜਾਅ ਵਾਰ ਲਾਹੌਰ ਵੱਲ ਵਧਦਾ ਗਿਆ। ਉਨ੍ਹੀਂਵੀਂ ਸਦੀ ਦੇ ਆਰੰਭ ਵਿੱਚ ਜੇ ਛੋਟੀਆਂ ਵੱਡੀਆਂ ਸਭ ਮਿਲਖਾਂ ਦੀ ਗਿਣਤੀ ਕਰੀਏ ਤਾਂ ਇਹ ਇੱਕ ਸੈਂਕੜੇ ਦੇ ਲਗਭਗ ਸੀ, ਪਰ ਲੈਫਟੀਨੈਂਟ ਕਰਨਲ ਆਕਟਰਲੋਨੀ ਵੱਲੋਂ ਸਤਲੁਜ ਤੋਂ ਪੂਰਬ ਵੱਲ ਦੀਆਂ ਸਿੱਖ ਰਿਆਸਤਾਂ/ਮਿਲਖਾਂ ਅਤੇ ਉਨ੍ਹਾਂ ਦੇ ਮਾਲਕਾਂ ਦੀ ਬਣਾਈ ਸੂਚੀ ਵਿੱਚ 34 ਮਿਲਖਾਂ ਸ਼ਾਮਲ ਹਨ। ਇਸ ਸੂਚੀ ਵਿੱਚੋਂ ਪਟਿਆਲਾ ਅਤੇ ਨਾਭਾ ਤਾਂ ਮੁਗਲਾਂ ਦੇ ਸਮੇਂ ਤੋਂ ਹੀ ਰਿਆਸਤਾਂ ਬਣ ਚੁੱਕੀਆਂ ਸਨ, ਪਿੱਛੋਂ ਮਰਹੱਟਿਆਂ ਨਾਲ ਹੋਈ ਸੰਧੀ ਅਨੁਸਾਰ ਜੀਂਦ, ਕੈਥਲ, ਲਾਡਵਾ, ਥਾਨੇਸਰ ਅਤੇ ਸ਼ਾਮਗੜ੍ਹ ਨੂੰ ਵੀ ਰਿਆਸਤਾਂ ਮੰਨਿਆ ਗਿਆ ਸੀ। ਪਾਠਕਾਂ ਦੀ ਸਹੂਲਤ ਲਈ ਲੈਫਟੀਨੈਂਟ ਕਰਨਲ ਆਕਟਰਲੋਨੀ ਵਾਲੀ ਸੂਚੀ, ਉਸ ਵੱਲੋਂ ਉਸ ਸਥਾਨ ਦੇ ਮਾਲਕ ਬਾਰੇ ਦਿੱਤੀ ਪੂਰਕ ਸੂਚਨਾ (ਜੋ ਬ੍ਰੈਕਟ ਵਿੱਚ ਲਿਖੀ ਗਈ ਹੈ) ਸਹਿਤ, ਹੇਠਾਂ ਦਰਜ ਕੀਤੀ ਗਈ ਹੈ:
1. ਪਟਿਆਲਾ (ਮਹਾਰਾਜਾ ਸਾਹਿਬ ਸਿੰਘ)
2. ਕੈਥਲ (ਭਾਈ ਲਾਲ ਸਿੰਘ, ਬਸਾਵਾ ਸਿੰਘ, ਕਾਹਨ ਸਿੰਘ)
3. ਨਾਭਾ (ਰਾਜਾ ਜਸਵੰਤ ਸਿੰਘ)
4. ਜੀਂਦ (ਰਾਜਾ ਭਾਗ ਸਿੰਘ ਅਤੇ ਆਸ਼ਿ੍ਰਤ)
5. ਲਾਡਵਾ (ਗੁਰਦਿੱਤ ਸਿੰਘ)
6. ਰਦੌਰ (ਦੁਲਚਾ ਸਿੰਘ)
7. ਬੂੜੀਆ (ਭਗਵਾਨ ਸਿੰਘ, ਜੈਮਲ ਸਿੰਘ ਅਤੇ ਗੁਲਾਬ ਸਿੰਘ)
8. ਥਾਨੇਸਰ ਅਤੇ ਦਿੱਲੀ* (ਭੰਗਾ ਸਿੰਘ ਅਤੇ ਗੁਲਾਬ ਸਿੰਘ) {ਨੋਟ: *ਗਲਤ ਲਿਖਿਆ ਗਿਆ ਹੈ, ਖੇੜੀ ਲਿਖਿਆ ਜਾਣਾ ਚਾਹੀਦਾ ਸੀ}
9. ਅੰਬਾਲਾ (ਰਾਣੀ ਦਯਾ ਕੌਰ ਅਤੇ ਆਸ਼ਿ੍ਰਤ)
10. ਫੈਜ਼ਲਪੁਰ (ਬੁੱਧ ਸਿੰਘ)
11. ਕਲਸੀਆ (ਜੋਧ ਸਿੰਘ ਅਤੇ ਆਸ਼ਿ੍ਰਤ)
12. ਈਸੜੂ (ਫਤਿਹ ਸਿੰਘ ਆਹਲੂਵਾਲੀਆ)
13. ਭੜੋਗ (ਜਵਾਹਰ ਸਿੰਘ)
14. ਸ਼ਹੀਦਗੜ੍ਹ (ਗੁਲਾਬ ਸਿੰਘ, ਮਹਿਤਾਬ ਸਿੰਘ ਅਤੇ ਦਯਾ ਸਿੰਘ)
15. ਬਗਵਾਂਏਂ (ਦੇਵਾ ਸਿੰਘ)
16. ਮਨੀਮਾਜਰਾ (ਗੋਪਾਲ ਸਿੰਘ)
17. ਮਾਖੋਵਾਲ (ਸੋਢੀ ਸੁਰਜਨ ਸਿੰਘ ਅਤੇ ਦੀਦਾਰ ਸਿੰਘ)
18. ਮਾਛੀਵਾੜਾ (ਸੋਢੀ ਚੜ੍ਹਤ ਸਿੰਘ)
19. ਚਮਕੌਰ (ਨੰਦ ਸਿੰਘ)
20. ਨਾਰਾ (ਗੁੱਜਰ ਸਿੰਘ)
21. ਲੱਧੜਾਂ (ਚੜ੍ਹਤ ਸਿੰਘ)
22. ਸੂਤਰ (ਸ਼ੇਰ ਸਿੰਘ ਅਤੇ ਸੂਜਾ ਸਿੰਘ)
23. ਮਲੌਦ (ਮਿੱਤ ਸਿੰਘ ਅਤੇ ਭਾਗ ਸਿੰਘ)
24. ਗੜਾਂਗਾਂ (ਜੈ ਸਿੰਘ)
25. ਭਦੌੜ (ਬੂੜ ਸਿੰਘ ਅਤੇ ਦੀਪ ਸਿੰਘ)
26. ਤਲਵੰਡੀ ਮੱਝੂ ਕਾ (ਮੋਹਰ ਸਿੰਘ)
27. ਬੱਧਣੀ (ਮੀਆਂ ਨੌਧਾ)
28. ਦਖਰੋਈ (ਭਾਗ ਸਿੰਘ ਅਟੱਲਗੜ੍ਹ)
29. ਸਢੌਰਾ (ਪੰਜਾਬ ਸਿੰਘ)
30. ਖੁਰੂਆਨੀਆ (ਨੱਥਾ ਸਿੰਘ)
31. ਪੱਕੀ (ਹਮੀਰ ਸਿੰਘ)
32. ਫਿਰੋਜ਼ਪੁਰ (ਧੰਨਾ ਸਿੰਘ)
33. ਮਰ੍ਹਾਜਕੇ (ਬਰਾੜ ਸਿੱਖ)
34. ਸ਼ਾਹਬਾਦ (ਫਤਿਹ ਸਿੰਘ ਅਤੇ ਰਣਜੀਤ ਸਿੰਘ)
ਲੈਫਟੀਨੈਂਟ ਕਰਨਲ ਆਕਟਰਲੋਨੀ ਨੇ ਆਪਣੀ ਸੂਚੀ ਵਿੱਚ ਕੁੰਜਪੁਰਾ, ਮਲੇਰਕੋਟਲਾ ਅਤੇ ਮਮਦੋਟ ਨੂੰ ਵੀ ਸਥਾਨ ਦਿੱਤਾ ਹੈ, ਪਰ ਇਹ ਮੁਸਲਮਾਨ ਮਲਕੀਅਤਾਂ ਹੋਣ ਕਾਰਨ ਇਸ ਪੁਸਤਕ ਵਿੱਚ ਇਨ੍ਹਾਂ ਦੀ ਚਰਚਾ ਨਹੀਂ ਕੀਤੀ ਜਾ ਰਹੀ।
ਲੈਫਟੀਨੈਂਟ ਕਰਨਲ ਆਕਟਰਲੋਨੀ ਨੇ ਸਿੱਖ ਰਿਆਸਤਾਂ ਅਤੇ ਮਿਲਖਾਂ ਦੀ ਸਥਾਪਨਾ ਤੇ ਇਨ੍ਹਾਂ ਦੇ ਮਾਲਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸੋ ਪਾਠਕਾਂ ਦੀ ਜਾਣਕਾਰੀ ਵਾਸਤੇ ਰਿਆਸਤਾਂ/ਮਿਲਖਾਂ ਦਾ ਲਾਹੌਰ ਦਰਬਾਰ ਅਤੇ ਕੰਪਨੀ ਸਰਕਾਰ ਦਰਮਿਆਨ 1845-46 ਵਿੱਚ ਹੋਏ ਯੁੱਧ ਤੱਕ ਦਾ ਇਤਿਹਾਸ ਹੇਠਾਂ ਲਿਖਿਆ ਜਾਂਦਾ ਹੈ।
ਸਿੱਖ ਰਿਆਸਤਾਂ- ਪਟਿਆਲਾ, ਨਾਭਾ, ਜੀਂਦ ਅਤੇ ਫਰੀਦਕੋਟ ਦੇ ਇਤਿਹਾਸ ਬਾਰੇ ਕਈ ਪੁਸਤਕਾਂ ਮਿਲਦੀਆਂ ਹਨ, ਇਸ ਲਈ ਇਨ੍ਹਾਂ ਬਾਰੇ ਜਾਣਕਾਰੀ ਸੰਖੇਪ ਵਿੱਚ ਦਰਜ ਕੀਤੀ ਗਈ ਹੈ।
ਕਰਨਲ ਆਕਟਰਲੋਨੀ ਵੱਲੋਂ ਨਿਸ਼ਾਨਦੇਹੀ ਕੀਤੀਆਂ ਰਿਆਸਤਾਂ/ਮਿਲਖਾਂ
1. ਪਟਿਆਲਾ
ਚੌਧਰੀ ਫੂਲ ਦੀ ਔਲਾਦ ਵਿੱਚੋਂ ਉਸਦੇ ਛੋਟੇ ਪੁੱਤਰ ਰਾਮ ਸਿੰਘ ਨੇ ਮਾਲਵੇ ਵਿੱਚ ਕੁਝ ਇਲਾਕਾ ਮੱਲ ਲਿਆ, ਜਿਸ ਨੂੰ ਉਸਦੇ ਪੁੱਤਰ ਆਲਾ ਸਿੰਘ ਨੇ ਵਧਾ ਕੇ ਇੱਕ ਰਿਆਸਤ ਦਾ ਰੂਪ ਦਿੱਤਾ। ਸਮਾਂ ਪਾ ਕੇ ਇਹ ਪੰਜਾਬ ਦੀਆਂ ਸਾਰੀਆਂ ਰਿਆਸਤਾਂ ਵਿੱਚੋਂ ਵੱਡੀ ਰਿਆਸਤ ਬਣ ਗਈ। 1809 ਵਿੱਚ ਦੇਸੀ ਰਿਆਸਤਾਂ ਦੀ ਅੰਗਰੇਜ਼ਾਂ ਨਾਲ ਸੁਰੱਖਿਆ ਸੰਧੀ ਹੋਣ ਸਮੇਂ ਮਹਾਰਾਜਾ ਸਾਹਿਬ ਸਿੰਘ ਰਾਜਗੱਦੀ ਉੱਤੇ ਬਿਰਾਜਮਾਨ ਸੀ।
ਲੈਫਟੀਨੈਂਟ ਕਰਨਲ ਆਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਰਿਆਸਤ ਪਟਿਆਲਾ ਦੀ ਸੈਨਾ ਵਿੱਚ 2500 ਘੋੜਸਵਾਰ, 2200 ਪਿਆਦਾ ਫੌਜ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਮ ਦੀਆਂ ਤੋਪਾਂ ਸਨ।
1813 ਵਿੱਚ ਰਾਜਾ ਸਾਹਿਬ ਸਿੰਘ ਦੇ ਸੁਰਗਵਾਸ ਹੋਣ ਪਿੱਛੋਂ ਕਰਮ ਸਿੰਘ ਮਹਾਰਾਜਾ ਬਣਿਆ, ਜਿਸ ਨੇ ਸਿੱਖਾਂ ਅਤੇ ਅੰਗਰੇਜ਼ਾਂ ਦਰਮਿਆਨ ਲੜਾਈ ਸ਼ੁਰੂ ਹੋਣ ਸਮੇਂ ਅੰਗਰੇਜ਼ ਸਰਕਾਰ ਦੀ ਭਰਪੂਰ ਮਦਦ ਕੀਤੀ। ਦੇਵਨੇਤ ਨਾਲ ਉਹ ਲੜਾਈ ਦੇ ਮੁਢਲੇ ਦੌਰ ਦੌਰਾਨ ਹੀ 23 ਦਸੰਬਰ 1845 ਨੂੰ ਸੁਰਗਵਾਸ ਹੋ ਗਿਆ। ਉਸ ਪਿੱਛੋਂ ਉਸ ਦਾ ਪੁੱਤਰ ਨਰਿੰਦਰ ਸਿੰਘ 18 ਜਨਵਰੀ 1846 ਨੂੰ ਰਾਜਗੱਦੀ ਉੱਤੇ ਬੈਠਾ। ਉਸਨੇ ਵੀ ਯੁੱਧ ਸਮੇਂ ਅੰਗਰੇਜ਼ਾਂ ਦੀ ਹਰ ਲੋੜ ਪੂਰੀ ਕੀਤੀ।
1. ਕੈਥਲ਼: ਰਿਆਸਤ ਜੋ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਗਈ
ਦਿਆਲ ਸਿੰਘ
।
ਗੁਰਬਖਸ਼ ਸਿੰਘ (ਦੇ. 1760)
।
1. ਬੁੱਢਾ ਸਿੰਘ 2. ਧੰਨਾ ਸਿੰਘ 3. ਗੁਰਦਾਸ ਸਿੰਘ 4. ਦੇਸਾ ਸਿੰਘ (ਦੇ. 1781) 5. ਤਖਤ ਸਿੰਘ 6. ਸੁੱਖਾ ਸਿੰਘ
+ 1 + 1 1 1
1.ਕਰਮ ਸਿੰਘ 2.ਚੜ੍ਹਤ ਸਿੰਘ 1.ਬਹਾਲ ਸਿੰਘ 2.ਲ਼ਾਲ ਸਿੰਘ 1.ਦਲ ਸਿੰਘ 1.ਗੁਰਦਿੱਤ ਸਿੰਘ 2 ਬਸਾਵਾ ਸਿੰਘ
(ਦੇ. 1823)
1
1.ਪਰਤਾਬ ਸਿੰਘ (ਦੇ.1828) 2.ਉਦੈ ਸਿੰਘ (ਦੇ.1843) 1 1
1. ਬਹਾਦਰ ਸਿੰਘ 2. ਪੰਜਾਬ ਸਿੰਘ 3. ਗੁਲਾਬ ਸਿੰਘ 4. ਕਾਹਨ ਸਿੰਘ 5. ਸੰਗਤ ਸਿੰਘ
1 (ਦੇ.1845) (ਦੇ.1849)
1 + 1
1. ਭਾਈ ਜਸਮੀਰ ਸਿੰਘ (ਦੇ. 1897) 2. ਨੌਨਿਹਾਲ ਸਿੰਘ (ਦੇ.1861) 1.ਅਨੋਖ ਸਿੰਘ (ਦੇ. 1894)
1 + 1
1. ਭਾਈ ਸ਼ਮਸ਼ੇਰ ਸਿੰਘ 2. ਰਣਜੀਤ ਸਿੰਘ ਭਾਈ ਜਬਰਜੰਗ ਸਿੰਘ
(ਜ.1890) (ਜ.1894) (ਜ. 1888)
ਆਪਣੀ ਹੋਂਦ ਗਵਾ ਚੁੱਕੀਆਂ ਸਿੱਖ ਰਿਆਸਤਾਂ ਵਿੱਚ ਸਭ ਤੋਂ ਉੱਪਰ ਨਾਉਂ ਆਉਂਦਾ ਹੈ ਰਿਆਸਤ ਕੈਥਲ ਦਾ। ਇਸ ਰਿਆਸਤ ਦਾ ਪਿਛੋਕੜ ਵੀ ਮਾਲਵੇ ਦੀਆਂ ਸਿੱਖ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ ਵਾਲਾ ਹੀ ਹੈ ਭਾਵ ਕੈਥਲੀਏ ਵੀ ਸਿੱਧੂ ਗੋਤੀਏ ਸਨ। ਉਨ੍ਹਾਂ ਦੇ ਵੱਡੇ ਵਡੇਰਿਆਂ ਨੇ 14ਵੀਂ ਸਦੀ ਵਿੱਚ ਬਠਿੰਡੇ ਵਿੱਚ ਟਿਕਾਣਾ ਕੀਤਾ ਅਤੇ ਉਸ ਦੇ ਪੁੱਤਰ ਮਾਣਕ ਚੰਦ ਨੇ ਭੁੱਲਰ ਪਿੰਡ ਦੀ ਸਥਾਪਨਾ ਕਰਕੇ ਬਠਿੰਡੇ ਇਲਾਕੇ ਦੇ ਕਈ ਪਿੰਡਾਂ ਉੱਤੇ ਕਬਜ਼ਾ ਕਰ ਲਿਆ। ਮਾਣਕ ਦਾ ਪੋਤਾ ਭਗਤੂ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ਉਸ ਦੇ ਗੁਰਮੁਖੀ ਆਚਾਰ ਵਿਹਾਰ ਕਾਰਨ ਲੋਕ ਉਸ ਨੂੰ ਭਾਈ ਭਗਤੂ ਕਹਿ ਕੇ ਬੁਲਾਉਂਦੇ ਸਨ। ਗੁਰੁ ਅਰਜਨ ਦੇਵ ਜੀ ਨੇ ਉਸ ਨੂੰ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਸੰਗਤ ਦਾ ਗੁਰੂ ਘਰ ਨਾਲ ਸੰਪਰਕ ਬਣਾਈ ਰੱਖਣ ਵਾਸਤੇ ਮਸੰਦ ਥਾਪਿਆ। ਉਸ ਪਿੱਛੋਂ ਹੀ ਇਸ ਖਾਨਦਾਨ ਨਾਲ ਭਾਈ ਦੀ ਅੱਲ ਜੁੜ ਗਈ ਅਤੇ ਭਾਈ ਭਗਤੂ ਦੇ ਬੰਸਜਾਂ ਨੂੰ ‘ਭਾਈ ਕੇ’ ਕਿਹਾ ਜਾਣ ਲੱਗਾ। ਭਾਈ ਭਗਤੂ ਦੇ ਦੋ ਪੁੱਤਰ ਭਾਈ ਜੀਵਨ ਤੇ ਭਾਈ ਗੌਰਾ ਅਤੇ ਇੱਕ ਧੀ ਬੀਬੀ ਗੌਰਾਂ ਸੀ। ਭਾਈ ਜੀਵਨ ਸਤਾਰਾਂ ਸਾਲ ਦੀ ਉਮਰ ਵਿੱਚ ਕਾਲਵਸ ਹੋ ਗਿਆ। ਸੋ ਭਾਈ ਭਗਤੂ ਤੋਂ ਪਿੱਛੋਂ ਭਾਈ ਗੌਰਾ ਪਰਿਵਾਰ ਦਾ ਮੁਖੀ ਅਤੇ ਮਸੰਦ ਬਣਿਆ। ਭਾਈ ਗੌਰਾ ਦੀਆਂ ਦੋ ਪਤਨੀਆਂ ਸਨ ਜਿਨ੍ਹਾਂ ਦੇ ਪੇਟੋਂ ਉਸ ਦੇ ਚਾਰ ਪੁੱਤਰਾਂ– ਭਾਈ ਦਿਆਲ ਦਾਸ, ਭਾਈ ਮਾਈ ਦਾਸ, ਭਾਈ ਖੁਸ਼ਹਾਲ ਸਿੰਘ ਤੇ ਭਾਈ ਮੋਹਰ ਸਿੰਘ ਅਤੇ ਦੋ ਧੀਆਂ ਨੇ ਜਨਮ ਲਿਆ। ਜਦ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਠਹਿਰੇ ਹੋਏ ਸਨ, ਭਾਈ ਦਿਆਲ ਦਾਸ ਨੇ ਦਿਲ ਲਾ ਕੇ ਸੇਵਾ ਕੀਤੀ ਅਤੇ ਅੰਮ੍ਰਿਤ ਛਕ ਕੇ ਭਾਈ ਦਿਆਲ ਸਿੰਘ ਵਜੋਂ ਜਾਣਿਆ ਜਾਣ ਲੱਗਾ। ਇਸ ਦਾ ਟਿਕਾਣਾ ਭੁੱਚੋ ਵਿੱਚ ਸੀ। ਭਾਈ ਗੌਰਾ ਤੋਂ ਪਿੱਛੋਂ ਮਸੰਦ ਦੀ ਪਦਵੀ ਉਸ ਦੇ ਵੱਡੇ ਪੁੱਤਰ ਭਾਈ ਦਿਆਲ ਸਿੰਘ ਨੂੰ ਮਿਲੀ। ਭਾਈ ਦਿਆਲ ਸਿੰਘ ਦੀ ਔਲਾਦ ਇੱਕ ਪੁੱਤਰ ਗੁਰਬਖਸ਼ ਸਿੰਘ ਅਤੇ ਦੋ ਧੀਆਂ ਬੀਬੀ ਲਾਲਾਂ ਅਤੇ ਬੀਬੀ ਭਾਗੋ ਸਨ। ਬੀਬੀ ਭਾਗੋ ਬੇਔਲਾਦ ਮਰ ਗਈ, ਜਦ ਕਿ ਬੀਬੀ ਲਾਲਾਂ ਆਪਣੇ ਸਹੁਰੇ ਪਿੰਡ ਦੇ ਸਰਦਾਰ ਵੱਲੋਂ ਕੀਤੀਆਂ ਵਧੀਕੀਆਂ ਨਾ ਸਹਿੰਦੀ ਆਪਣੇ ਪਰਿਵਾਰ ਸਮੇਤ ਭੁੱਚੋ ਕੀ ਆ ਗਈ।
ਭਾਈ ਦਿਆਲ ਸਿੰਘ ਤੋਂ ਪਿੱਛੋਂ ਉਸ ਦਾ ਪੁੱਤਰ ਭਾਈ ਗੁਰਬਖਸ਼ ਸਿੰਘ ਪਰਿਵਾਰ ਦਾ ਮੁਖੀ ਬਣਿਆ। ਉਹ ਬੜਾ ਸੂਰਬੀਰ ਸੀ। ਭਾਈ ਭਗਤੂ ਦੇ ਬੰਸਜ਼ ਅਤੇ ਸਿੱਧੂ ਭਾਈਚਾਰੇ ਵਿੱਚੋਂ ਹੋਣ ਕਾਰਨ ਪਟਿਆਲੇ ਦਾ ਰਾਜਾ ਆਲਾ ਸਿੰਘ ਤੇ ਹੋਰ ਸਿੱਖ ਸਰਦਾਰ ਭਾਈ ਗੁਰਬਖਸ਼ ਸਿੰਘ ਦਾ ਬਹੁਤ ਸਤਿਕਾਰ ਕਰਦੇ ਸਨ। ਉਸ ਨੇ ਪਟਿਆਲੇ ਵਾਲੇ ਰਾਜਾ ਆਲਾ ਸਿੰਘ ਨਾਲ ਰਲ ਕੇ ਕਈ ਲੜਾਈਆਂ ਲੜੀਆਂ ਅਤੇ ਜਿੱਤੇ ਹੋਏ ਪਿੰਡਾਂ ਨੂੰ ਆਪਸ ਵਿੱਚ ਵੰਡਦੇ ਰਹੇ। ਸਤਲੁਜ ਤੋਂ ਪੱਛਮ ਵੱਲ ਦੇ ਸਿੱਖ ਸਰਦਾਰਾਂ ਦੀ ਮਦਦ ਨਾਲ ਗੁਰਬਖਸ਼ ਸਿੰਘ ਨੇ ਬਠਿੰਡੇ ਦੇ ਇਲਾਕੇ ਉੱਤੇ ਕਬਜ਼ਾ ਕੀਤਾ। ਬੁਲਾਢੇ ਦਾ ਇਲਾਕਾ ਰਾਜਾ ਆਲਾ ਸਿੰਘ ਨੇ ਜਿੱਤ ਕੇ ਉਸ ਨੂੰ ਭੇਟ ਕੀਤਾ। ਭਾਈ ਗੁਰਬਖਸ਼ ਸਿੰਘ ਦੇ ਛੇ ਪੁੱਤਰ ਅਤੇ ਇੱਕ ਧੀ ਸੀ। ਭਾਈ ਗੁਰਬਖਸ਼ ਸਿੰਘ ਦਾ ਇੱਕ ਪੁੱਤਰ ਨਿਆਣੀ ਉਮਰ ਵਿੱਚ ਹੀ ਮਰ ਗਿਆ ਅਤੇ ਬਾਕੀ ਪੰਜ ਭਾਈ ਬੁੱਢਾ ਸਿੰਘ, ਤਖਤ ਸਿੰਘ, ਧੰਨਾ ਸਿੰਘ, ਦੇਸੂ ਸਿੰਘ ਅਤੇ ਸੁੱਖਾ ਸਿੰਘ ਬਾਕੀ ਰਹੇ।
ਕੈਥਲ ਰਿਆਸਤ ਉੱਤੇ ਕਬਜ਼ਾ
ਭਾਈ ਗੁਰਬਖਸ਼ ਸਿੰਘ ਦੇ 1766 ਈਸਵੀ ਵਿੱਚ ਸੁਰਗਵਾਸ ਹੋਣ ਪਿੱਛੋਂ ਉਸ ਦਾ ਸਥਾਨ ਭਾਈ ਬੁੱਢਾ ਸਿੰਘ ਨੂੰ ਮਿਲਿਆ ਅਤੇ ਬਾਕੀ ਭਰਾ ਉਸ ਉਤੇ ਨਿਰਭਰ ਰਹੇ। ਭਾਈ ਬੁੱਢਾ ਸਿੰਘ ਬਹਾਦਰ ਅਤੇ ਦਲੇਰ ਵਿਅਕਤੀ ਸੀ। ਉਸ ਨੇ ਭੰਗਾ ਸਿੰਘ ਤੋਂ ਉਸ ਦੇ ਇਲਾਕੇ ਥਾਨੇਸਰ ਅਤੇ ਪਿਹੋਵਾ ਜਿੱਤ ਲਏ ਤੇ ਕਹੋਡ ਵਿੱਚ ਕਿਲ੍ਹਾ ਉਸਾਰ ਕੇ ਰਹਿਣ ਲੱਗਾ; ਪਰ ਉਸ ਨਾਲ ਉਮਰ ਨੇ ਵਫਾ ਨਾ ਕੀਤੀ। ਉਸ ਦੀ ਮੌਤ ਪਿੱਛੋਂ ਅਗਵਾਈ ਉਸ ਦੇ ਭਰਾ ਦੇਸੂ ਸਿੰਘ ਦੇ ਹੱਥ ਆਈ। ਭਾਈ ਬੁੱਢਾ ਸਿੰਘ ਬੇਔਲਾਦ ਸੁਰਗਵਾਸ ਹੋਇਆ ਸੀ, ਇਸ ਲਈ ਉਸ ਦਾ ਇਲਾਕਾ ਵੀ ਭਾਈ ਦੇਸੂ ਸਿੰਘ ਦੇ ਕਬਜ਼ੇ ਵਿੱਚ ਆ ਗਿਆ। ਉਸ ਨੇ ਭਾਈ ਬੁੱਢਾ ਸਿੰਘ ਦੀਆਂ ਜਿੱਤਾਂ ਨੂੰ ਹੋਰ ਅੱਗੇ ਵਧਾਇਆ। ਅਫਗਾਨ ਹਾਕਮ ਭੀਖ ਬਖਸ਼ ਤੇ ਨਿਆਮਤ ਖਾਂ- ਦੋਵੇਂ ਭਰਾ ਅਹਿਮਦ ਸ਼ਾਹ ਦੇ ਹਮਲਿਆਂ ਦੌਰਾਨ ਕੈਥਲ ਦਾ ਇਲਾਕਾ ਮੱਲ ਕੇ ਬੈਠ ਗਏ ਸਨ। ਕੈਥਲ਼ ਫਤਿਹ ਕਰਨ ਵਾਸਤੇ ਭਾਈ ਦੇਸੂ ਸਿੰਘ ਆਪਣੇ ਸੈਨਿਕ ਸਾਥੀਆਂ ਸਮੇਤ ਪਰਿਵਾਰਕ ਟਿਕਾਣੇ ਭੁਚੋ ਕੀ ਤੋਂ ਚੱਲਿਆ ਅਤੇ ਕੈਥਲ ਨੇੜੇ ਕਟਾਣਾ ਦੇ ਸਥਾਨ ਉੱਤੇ ਜਾ ਕੇ ਰੁਕਿਆ। ਇੱਥੇ ਹੋਰ ਸਿੱਖ ਸਰਦਾਰ ਵੀ ਉਸ ਨੂੰ ਆ ਮਿਲੇ ਅਤੇ ਸਭ ਨੇ ਕੈਥਲ ਨੂੰ ਘੇਰਾ ਪਾ ਲਿਆ। ਪਠਾਣ ਹਾਕਮਾਂ ਨੇ ਇੱਕ ਹਫਤਾ ਮੁਕਾਬਲਾ ਕੀਤਾ, ਪਰ ਜਦ ਕੋਈ ਵਾਹ ਨਾ ਚੱਲੀ ਤਾਂ ਸ਼ਹਿਰ ਛੱਡ ਕੇ ਨੱਸ ਗਏ। ਇਸ ਜਿੱਤ ਪਿੱਛੋਂ ਭਾਈ ਦੇਸੂ ਸਿੰਘ ਨੇ ਕੈਥਲ ਨੂੰ ਆਪਣਾ ਮੁੱਖ ਸਥਾਨ ਬਣਾਇਆ। ਨਿਆਮਤ ਖਾਂ ਨੇ ਦੇਸੂ ਸਿੰਘ ਦੀ ਈਨ ਮੰਨ ਲਈ ਤਾਂ ਉਸ ਨੂੰ ਉਜਾਨਾ ਅਤੇ ਕਈ ਹੋਰ ਪਿੰਡ ਜਾਗੀਰ ਵੱਜੋਂ ਦਿੱਤੇ ਗਏ। ਭੀਖ ਬਖਸ਼ ਡਰਦਾ ਹੋਇਆ ਨੱਸ ਗਿਆ ਅਤੇ ਗੁੰਮਨਾਮੀ ਵਿੱਚ ਹੀ ਫੌਤ ਹੋਇਆ। ਦੇਸੂ ਸਿੰਘ ਨੇ ਸਯਦਾਂ ਤੋਂ ਪੁੰਡਰੀ ਦਾ ਇਲਾਕਾ ਜਿੱਤ ਕੇ ਆਪਣੇ ਰਾਜ ਵਿੱਚ ਸ਼ਾਮਲ ਕੀਤਾ। ਉਸ ਨੇ ਚੀਕਾ ਅਤੇ ਪਿਹੋਵਾ ਵੀ ਜਿੱਤੇ। ਕਰਨਾਲ ਜ਼ਿਲ੍ਹਾ ਗਜ਼ਟੀਅਰ ਵਿੱਚ ਲਿਖੇ ਅਨੁਸਾਰ ਉਸ ਨੇ ਕੈਥਲ ਵਿੱਚ ਕਿਲ੍ਹਾ ਬਣਵਾਉਣ ਦੇ ਨਾਲ ਨਾਲ ਰਿਆਸਤ ਅੰਦਰ ਢੁਕਵੇਂ ਟਿਕਾਣਿਆਂ ਉੱਤੇ ਛੋਟੇ ਕਿਲ੍ਹੇ ਬਣਵਾਏ। ਉਸ ਨੇ ਮਾਂਗਨਾ ਤੋਂ ਕੈਥਲ ਤੱਕ ਪਾਣੀ ਦਾ ਨਾਲਾ ਬਣਾਇਆ ਅਤੇ ਖੇਤੀ ਦੀ ਲੋੜ ਪੂਰੀ ਕਰਨ ਵਾਸਤੇ ਸਰਸਵਤੀ ਦਰਿਆ ਉੱਤੇ ਕਈ ਥਾਂ ਕੱਚੇ ਬੰਨ੍ਹ ਬਣਵਾਏ। ਇਸ ਨਾਲ ਰਿਆਸਤ ਵਿੱਚ ਖੁਸ਼ਹਾਲੀ ਆਈ ਅਤੇ ਰਿਆਸਤ ਦਾ ਖਜ਼ਾਨਾ ਭੀ ਭਰਿਆ। ਕਿਹਾ ਜਾਂਦਾ ਹੈ ਕਿ ਉਸ ਦੇ ਖਜ਼ਾਨੇ ਵਿੱਚ ਦਸ ਲੱਖ ਰੁਪਏ ਜਮਾਂ ਸਨ। ਉਸ ਦੀ ਅਮੀਰੀ ਤੋਂ ਖਾਰ ਖਾਂਦੇ ਪਟਿਆਲਾ ਅਤੇ ਜੀਂਦ ਦੇ ਰਾਜਿਆਂ ਨੇ ਉਸ ਵਿਰੁੱਧ ਦਿੱਲੀ ਦੇ ਮੁਗਲ ਬਾਦਸ਼ਾਹ ਦੇ ਕੰਨ ਭਰੇ ਤਾਂ ਬਾਦਸ਼ਾਹ ਨੇ ਬਹਾਨੇ ਨਾਲ ਭਾਈ ਦੇਸੂ ਸਿੰਘ ਨੂੰ ਦਿੱਲੀ ਬੁਲਾ ਕੇ ਕੈਦ ਕਰ ਲਿਆ। ਉਸ ਵੱਲੋਂ ਅੱਠ ਲੱਖ ਰੁਪਿਆ ਦੇਣ ਦਾ ਵਾਅਦਾ ਕਰਨ ਉੱਤੇ ਉਸ ਦੀ ਬੰਦ ਖਲਾਸੀ ਹੋਈ। ਛੇ ਲੱਖ ਰੁਪਿਆ ਉਸ ਨੇ ਤੁਰਤ ਅਦਾ ਦਿੱਤਾ ਅਤੇ ਦੋ ਲੱਖ ਦੇਣ ਤੱਕ ਆਪਣੇ ਪੁੱਤਰ ਲਾਲ ਸਿੰਘ ਨੂੰ ਬਾਦਸ਼ਾਹ ਕੋਲ ਛਡਿਆ।
ਭਾਈ ਦੇਸੂ ਸਿੰਘ ਨੇ ਆਪਣੇ ਦੂਜੇ ਭਰਾਵਾਂ ਨੂੰ ਅੱਡੋ ਅੱਡ ਜਾਇਦਾਦਾਂ ਦੇ ਦਿੱਤੀਆਂ। ਉਸ ਨੇ ਧੰਨਾ ਸਿੰਘ ਦੇ ਪੁੱਤਰ ਕਰਮ ਸਿੰਘ ਨੂੰ ਕਕਰਾਲੇ ਦਾ ਇਲਾਕਾ ਅਤੇ ਸੁੱਖਾ ਸਿੰਘ ਨੂੰ ਅਰਨੌਲੀ ਦਾ ਇਲਾਕਾ ਦਿੱਤਾ। ਅਰਨੌਲੀ ਵਾਲਿਆਂ ਵਿੱਚੋਂ ਤਖਤ ਸਿੰਘ ਨੂੰ ਮਹਿਲਾਂ ਦਾ ਇਲਾਕਾ ਮਿਲਿਆ। ਤਖਤ ਸਿੰਘ ਦੀ ਮੌਤ ਪਿੱਛੋਂ ਉਸ ਦੀ ਵਿਧਵਾ ਮਾਈ ਸੁੱਖਾਂ ਨੇ ਇਹ ਮਿਲਖ ਸੰਭਾਲੀ। ਭਾਈ ਲਾਲ ਸਿੰਘ, ਗੁਰਦਿੱਤ ਸਿੰਘ, ਵਸਾਵਾ ਸਿੰਘ ਅਤੇ ਕਰਮ ਸਿੰਘ ਇੱਕ ਵਿਧਵਾ ਨੂੰ ਜਾਇਦਾਦ ਦੀ ਮਾਲਕ ਬਣੀ ਵੇਖਣਾ ਪਸੰਦ ਨਹੀਂ ਸਨ ਕਰਦੇ, ਇਸ ਲਈ ਉਨ੍ਹਾਂ ਨੇ ਤਿੰਨ ਸਾਲ ਪਿੱਛੋਂ ਮਾਈ ਸੁੱਖਾਂ ਤੋਂ ਇਹ ਇਲਾਕਾ ਖੋਹ ਕੇ ਆਪਸ ਵਿੱਚ ਵੰਡ ਲਿਆ।
