ਕੀ ਵਿਗਿਆਨ ਚੰਨ ਦੀ ਕਲਪਨਾਵਾਂ ਭਰੀ ਦੁਨੀਆ ਦਾ ਸੁਪਨਾ ਤੋੜ ਸਕੇਗਾ?

ਵਿਚਾਰ-ਵਟਾਂਦਰਾ

ਅਕਸ਼ਮਾ ਸ਼ਰਮਾ
ਸੀਨੀਅਰ ਪੱਤਰਕਾਰ
—
ਪੰਜਾਬੀ ਅਨੁਵਾਦ
ਰੂਪਦੀਪ ਕੌਰ
ਜਦੋਂ ਚੰਨ ‘ਤੇ ਲੈਂਡਰ ਉਤਰਿਆ ਅਤੇ ਰੋਵਰ ਉੱਥੇ ਘੁੰਮਣ ਲੱਗਾ, ਚੰਨ ਦੇ ਟੋਇਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ, ਉੱਥੇ ਹੋ ਰਹੀ ਉਲਕਾ-ਬਾਰਿਸ਼ ਬਾਰੇ ਜਾਣਕਾਰੀ ਮਿਲਣ ਲੱਗੀ ਅਤੇ ਵੱਖ-ਵੱਖ ਥਾਵਾਂ ਦੇ ਤਾਪਮਾਨ ਬਾਰੇ ਦੱਸਿਆ ਜਾਣ ਲੱਗਾ ਤਾਂ ਸੋਸ਼ਲ ਮੀਡੀਆ ‘ਤੇ ਇਹ ਬਹਿਸ ਸ਼ੁਰੂ ਹੋ ਗਈ ਕਿ ਹੁਣ ਕੋਈ ਕਿਸੇ ਦੇ ਚਿਹਰੇ ਨੂੰ ਚੰਨ ਵਰਗਾ ਨਹੀਂ ਕਹੇਗਾ। ਨਾ ਚੰਨ ਨਾਲ਼ ਤੁਲਨਾ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਆਪਣੀ ਮਹਿਬੂਬਾ ਨੂੰ ਕਹੇਗਾ ਕਿ ਤੂੰ ਚੰਨ ਵਰਗੀ ਸੋਹਣੀ ਹੈਂ।

ਕਿਹਾ ਗਿਆ ਕਿ ਹੁਣ ਇਹ ਸਾਰੀਆਂ ਗੱਲਾਂ ਸਿਰਫ਼ ਕਲਪਨਾ ਜਾਂ ਗੱਪ ਸਮਝੀਆਂ ਜਾਣਗੀਆਂ। ਆਖ਼ਰ ਵਿਗਿਆਨ ਨੇ ਦੱਸ ਦਿੱਤਾ ਹੈ ਕਿ ਚੰਨ ‘ਤੇ ਮਨੁੱਖ ਦੇ ਰਹਿਣ ਵਾਲੀਆਂ ਹਾਲਤਾਂ ਨਹੀਂ ਹਨ। ਉੱਥੇ ਹਵਾ ਨਹੀਂ ਹੈ ਅਤੇ ਪਾਣੀ ਵੀ ਧਰਤੀ ਵਰਗਾ ਨਹੀਂ ਹੈ।
ਅਸੀਂ ਇਹ ਤਾਂ ਉਸ ਵੇਲੇ ਤੋਂ ਜਾਣਦੇ ਹਾਂ ਜਦੋਂ ਮਨੁੱਖ ਨੇ ਪਹਿਲੀ ਵਾਰ ਚੰਨ ‘ਤੇ ਕਦਮ ਰੱਖਿਆ ਸੀ ਕਿ ਉੱਥੋਂ ਦੀ ਜ਼ਮੀਨ ਉੱਚੀ-ਨੀਵੀਂ ਹੈ ਅਤੇ ਮਨੁੱਖ ਲਈ ਉੱਥੇ ਤੁਰਨਾ ਵੀ ਸੌਖਾ ਨਹੀਂ, ਪਰ ਇਸ ਜਾਣਕਾਰੀ ਨੇ ਕਵੀਆਂ ਅਤੇ ਲੇਖਕਾਂ ਦੀ ਕਲਪਨਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਉਹ ਅੱਜ ਵੀ ਕਹਿੰਦੇ ਹਨ- ‘ਚੰਨ ਮੇਰਾ, ਚਾਨਣੀ ਤੂੰ।’ ਆਮ ਮਨੁੱਖ ਲਈ ਵੀ ਨਾ ਤਾਂ ਚਾਨਣੀ ਦੀ ਠੰਢਕ ਬਦਲੀ ਹੈ ਅਤੇ ਨਾ ਹੀ ਪੂਰਨਮਾਸ਼ੀ ਦੇ ਚੰਨ ਨੂੰ ਦੇਖਣ ਦਾ ਸੁਖ। ਚੰਨ ਨਾਲ ਜੁੜੀਆਂ ਕਹਾਣੀਆਂ ਅਤੇ ਧਾਰਮਿਕ ਵਿਸ਼ਵਾਸ ਵੀ ਆਪਣੀ ਥਾਂ ਕਾਇਮ ਹਨ।
ਜੇ ਵਿਗਿਆਨ ਦੀ ਜਾਣਕਾਰੀ ਨੇ ਸਾਡੀ ਕਲਪਨਾ ਨੂੰ ਖ਼ਤਮ ਕਰ ਦੇਣਾ ਹੁੰਦਾ ਤਾਂ ਕਰਵਾ ਚੌਥ ਵਰਗਾ ਤਿਉਹਾਰ ਇੰਨਾ ਵੱਡਾ ਨਾ ਹੁੰਦਾ। ਇਹ ਗੱਲ ਸਹੀ ਹੈ ਕਿ ਫ਼ਿਲਮਾਂ ਅਤੇ ਮੀਡੀਆ ਨੇ ਕਰਵਾ ਚੌਥ ਨੂੰ ਹੋਰ ਲੋਕਪ੍ਰਿਯ ਬਣਾਇਆ, ਪਰ ਇਹ ਵੀ ਸੱਚ ਹੈ ਕਿ ਪੜ੍ਹੀਆਂ-ਲਿਖੀਆਂ ਔਰਤਾਂ ਦੀ ਗਿਣਤੀ ਵਧਣ ਦੇ ਬਾਵਜੂਦ ਚੰਨ ਨੂੰ ਦੇਖ ਕੇ ਵਰਤ ਖੋਲ੍ਹਣ ਦੀ ਰੀਤ ਘਟੀ ਨਹੀਂ। ਇਸ ਦਿਨ ਟੀ.ਵੀ. ਚੈਨਲ ਲਗਾਤਾਰ ਦੱਸਦੇ ਹਨ ਕਿ ਚੰਨ ਨਿਕਲਿਆ ਜਾਂ ਨਹੀਂ। ਜਿਹੜੇ ਚੈਨਲ ਚੰਦਰਯਾਨ ਦੀ ਲੈਂਡਿੰਗ ਨੂੰ ਕਈ ਦਿਨ ਤੱਕ ਖ਼ਬਰਾਂ ਵਿੱਚ ਸਭ ਤੋਂ ਵੱਧ ਥਾਂ ਦਿੰਦੇ ਰਹੇ, ਉਹੀ ਕਰਵਾ ਚੌਥ ਵਾਲੇ ਦਿਨ ਚੰਨ ਨਿਕਲਣ ਦੀਆਂ ਤਸਵੀਰਾਂ ਵੀ ਦਿਖਾਉਣਗੇ। ਇਸ ਦਾ ਕਾਰਨ ਵਿਗਿਆਨ ਨਾਲੋਂ ਵੱਧ ਦਰਸ਼ਕ ਅਤੇ ਟੀ.ਆਰ.ਪੀ. ਹੋ ਸਕਦਾ ਹੈ।
ਇਸੇ ਤਰ੍ਹਾਂ ਲੋਕ ਚੰਨ ਦੇਖੇ ਬਿਨਾਂ ਈਦ ਮਨਾਉਣ ਨਹੀਂ ਲੱਗ ਪੈਣਗੇ। ‘ਈਦ ਦਾ ਚੰਨ’ ਵਾਲਾ ਮੁਹਾਵਰਾ ਵੀ ਨਹੀਂ ਬਦਲੇਗਾ। ਜਿਨ੍ਹਾਂ ਨੇ ਈਦ ਦਾ ਚੰਨ ਦੇਖਿਆ ਹੈ, ਉਹ ਜਾਣਦੇ ਹਨ ਕਿ ਉਹ ਕਿੰਨਾ ਸੋਹਣਾ ਲੱਗਦਾ ਹੈ।
ਸ਼ਿਵ ਜੀ ਦੇ ਮੱਥੇ ‘ਤੇ ਲੱਗਾ ਚੰਨ ਵੀ ਆਪਣੀ ਥਾਂ ਰਹੇਗਾ ਅਤੇ ਚੰਨ ਨੂੰ ਦੇਖ ਕੇ ਕੀਤੀ ਜਾਂਦੀ ਪੂਜਾ ਵੀ ਜਾਰੀ ਰਹੇਗੀ। ਕਿਉਂਕਿ ਯਥਾਰਥ, ਜਿਸ ਨੂੰ ਅਸੀਂ ਵਿਗਿਆਨ ਅਤੇ ਤਰਕ ਨਾਲ ਜੋੜਦੇ ਹਾਂ, ਅਤੇ ਕਲਪਨਾ; ਇਹ ਦੋਵੇਂ ਵੱਖਰੀਆਂ ਚੀਜ਼ਾਂ ਹਨ। ਉਹ ਕਦੇ ਪੂਰੀ ਤਰ੍ਹਾਂ ਇੱਕ ਨਹੀਂ ਹੋ ਜਾਂਦੀਆਂ।
ਜ਼ਿੰਦਗੀ ਵਿੱਚ ਯਥਾਰਥ ਵੀ ਹੈ ਅਤੇ ਕਲਪਨਾ ਵੀ। ਸਗੋਂ ਕਈ ਵਾਰ ਕਲਪਨਾ ਹੀ ਸਾਨੂੰ ਯਥਾਰਥ ਤੱਕ ਲੈ ਕੇ ਜਾਂਦੀ ਹੈ। ਦੁਨੀਆ ਦੀਆਂ ਬਹੁਤ ਸਾਰੀਆਂ ਵਿਗਿਆਨਕ ਖੋਜਾਂ ਵੀ ਪਹਿਲਾਂ ਕਿਸੇ ਦੀ ਕਲਪਨਾ ਹੀ ਸਨ। ਮਸ਼ਹੂਰ ਫ਼ਰਾਂਸੀਸੀ ਲੇਖਕ ਜੂਲ ਵਰਨ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੇ ਨਾਵਲ ‘ਫਰਾਮ ਦ ਅਰਥ ਟੂ ਦ ਮੂਨ’ ਵਿੱਚ ਪੁਲਾੜੀ ਜਹਾਜ਼ ਦੀ ਕਲਪਨਾ ਕੀਤੀ ਗਈ ਸੀ। ਜੇ ਮਨੁੱਖ ਨੇ ਪੰਛੀਆਂ ਨੂੰ ਅਸਮਾਨ ਵਿੱਚ ਉੱਡਦੇ ਨਾ ਦੇਖਿਆ ਹੁੰਦਾ ਤਾਂ ਸ਼ਾਇਦ ਹਵਾਈ ਜਹਾਜ਼ ਬਣਾਉਣ ਦਾ ਖ਼ਿਆਲ ਵੀ ਨਾ ਆਉਂਦਾ। ਕਿਸੇ ਨੇ ਇਹ ਨਾ ਸੋਚਿਆ ਹੁੰਦਾ ਕਿ ਜੇ ਪੰਛੀ ਉੱਡ ਸਕਦੇ ਹਨ ਤਾਂ ਮਨੁੱਖ ਕਿਉਂ ਨਹੀਂ!
ਕਈ ਵਾਰ ਮੈਂ ਸੋਚਦੀ ਹਾਂ ਕਿ ਪੂਰਨਮਾਸ਼ੀ ਦੇ ਦਿਨ ਸਮੁੰਦਰ ਵਿੱਚ ਆਉਣ ਵਾਲੇ ਜਵਾਰ-ਭਾਟੇ ਤੋਂ ਲੈ ਕੇ ਮਨੁੱਖੀ ਮਨ ‘ਤੇ ਚੰਨ ਦੇ ਪ੍ਰਭਾਵ ਬਾਰੇ ਬਣੀਆਂ ਧਾਰਨਾਵਾਂ ਤੱਕ-ਹੁਣ ਚੰਨ ਬਾਰੇ ਹੋਈਆਂ ਨਵੀਆਂ ਖੋਜਾਂ ਇਨ੍ਹਾਂ ‘ਤੇ ਕੀ ਅਸਰ ਪਾਉਣਗੀਆਂ? ਜਦੋਂ ਵੀ ਚੰਨ ਦੀ ਗੱਲ ਹੁੰਦੀ ਹੈ ਤਾਂ ਧਰਤੀ ਦੇ ਮਨੁੱਖ ਨੂੰ ਉਹ ਇੱਕ ਕੋਮਲ ਅਤੇ ਸੁਹਾਵਣੀ ਚੀਜ਼ ਲੱਗਦਾ ਹੈ। ਭਾਰਤੀ ਵਿਗਿਆਨੀਆਂ ਨੇ ਵੀ ਬਹੁਤ ਪਹਿਲਾਂ ਚੰਨ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ ਸਨ, ਜਿਹੜੀਆਂ ਅੱਜ ਚੰਦਰਯਾਨ ਦੀਆਂ ਖੋਜਾਂ ਰਾਹੀਂ ਸਾਹਮਣੇ ਆ ਰਹੀਆਂ ਹਨ।
ਮੈਨੂੰ ਬਚਪਨ ਦੀ ਇੱਕ ਗੱਲ ਯਾਦ ਆਉਂਦੀ ਹੈ। ਮੇਰੀ ਦਾਦੀ ਦੀ ਮੌਤ ਹੋ ਗਈ ਸੀ। ਮੈਂ ਰੋਂਦੀ ਹੋਈ ਮਾਂ ਨੂੰ ਪੁੱਛਿਆ-ਦਾਦੀ ਕਿੱਥੇ ਚਲੀ ਗਈ? ਮਾਂ ਨੇ ਕਿਹਾ-ਦਾਦੀ ਕਿਤੇ ਨਹੀਂ ਗਈ। ਉਹ ਚੰਨ ‘ਤੇ ਰਹਿਣ ਚਲੀ ਗਈ ਹੈ। ਉੱਥੋਂ ਉਹ ਸਾਨੂੰ ਦੇਖਦੀ ਹੈ। ਇਹ ਸੁਣ ਕੇ ਮੇਰੇ ਮਨ ਨੂੰ ਬਹੁਤ ਸਹਾਰਾ ਮਿਲਿਆ। ਦਾਦੀ ਭਾਵੇਂ ਬਹੁਤ ਦੂਰ ਚਲੀ ਗਈ ਸੀ, ਪਰ ਉਹ ਕਿਤੇ ਤਾਂ ਸੀ ਅਤੇ ਉੱਥੋਂ ਸਾਨੂੰ ਦੇਖ ਰਹੀ ਸੀ। ਪਰ ਜਦੋਂ ਮਨੁੱਖ ਦੇ ਚੰਨ ‘ਤੇ ਕਦਮ ਰੱਖਣ ਤੋਂ ਬਾਅਦ ਇਹ ਖ਼ਬਰਾਂ ਆਉਣ ਲੱਗੀਆਂ ਕਿ ਚੰਨ ‘ਤੇ ਤਾਂ ਕੋਈ ਰਹਿ ਹੀ ਨਹੀਂ ਸਕਦਾ, ਉੱਥੇ ਕੁਝ ਵੀ ਨਹੀਂ ਹੈ, ਤਾਂ ਮੇਰਾ ਬਚਪਨ ਦਾ ਉਹ ਵਿਸ਼ਵਾਸ ਟੁੱਟ ਗਿਆ। ਮਨ ਦੁਖੀ ਹੋ ਗਿਆ। ਮਾਂ ਨੇ ਤਾਂ ਕਿਹਾ ਸੀ ਕਿ ਦਾਦੀ ਚੰਨ ‘ਤੇ ਰਹਿੰਦੀ ਹੈ। ਫਿਰ ਮਨ ਵਿੱਚ ਇਹ ਵੀ ਆਉਂਦਾ ਸੀ ਕਿ ਚਾਚਾ ਵੀ ਉੱਥੇ ਹੋਣਗੇ। ਬਚਪਨ ਵਿੱਚ ਵਿਛੜਿਆ ਭਰਾ, ਨਾਨਾ, ਮਾਮਾ, ਬਾਬਾ, ਨਾਨੀ; ਸਾਰੇ ਉੱਥੇ ਹੋਣਗੇ। ਫਿਰ ਉਹ ਕਿੱਥੇ ਗਏ?
ਕਈ ਵਾਰ ਸੱਚਾਈ ਦਾ ਸਾਹਮਣਾ ਮਨ ਨੂੰ ਬਹੁਤ ਦੁਖੀ ਕਰ ਦਿੰਦਾ ਹੈ। ਬੱਚਿਆਂ ਲਈ ਤਾਂ ਹੋਰ ਵੀ ਵੱਧ, ਕਿਉਂਕਿ ਬੱਚੇ ਆਪਣੀ ਕਲਪਨਾ ਦੀ ਦੁਨੀਆ ਵਿੱਚ ਰਹਿੰਦੇ ਹਨ। ਉਨ੍ਹਾਂ ਲਈ ਉਹ ਕਲਪਨਾ ਹੀ ਸੱਚ ਹੁੰਦੀ ਹੈ। ਬਚਪਨ ਦਾ ਇੱਕ ਅਰਥ ਇਹ ਵੀ ਹੈ ਕਿ ਬੱਚਾ ਆਪਣੀ ਮਰਜ਼ੀ ਨਾਲ ਆਪਣੀ ਦੁਨੀਆ ਬਣਾਉਂਦਾ ਹੈ।
ਸੱਤਰ ਦੇ ਦਹਾਕੇ ਦੀ ਗੱਲ ਹੈ। ਮੈਂ ਸ਼ਾਇਦ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਫ਼ੌਜੀ ਜਵਾਨਾਂ ਲਈ ‘ਵਿਵਿਧ ਭਾਰਤੀ’ ‘ਤੇ ‘ਜੈਮਾਲਾ’ ਪ੍ਰੋਗਰਾਮ ਆਉਂਦਾ ਸੀ। ਕੋਈ ਮਸ਼ਹੂਰ ਵਿਅਕਤੀ ਜਾਂ ਕਲਾਕਾਰ ਇਸ ਨੂੰ ਪੇਸ਼ ਕਰਦਾ ਸੀ। ਉਨ੍ਹਾਂ ਦਿਨਾਂ ਵਿੱਚ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦਾ ਵਿਆਹ ਹੋਇਆ ਸੀ। ਉਨ੍ਹਾਂ ਨੇ ਵੀ ਇੱਕ ਵਾਰ ‘ਜੈਮਾਲਾ’ ਪ੍ਰੋਗਰਾਮ ਪੇਸ਼ ਕੀਤਾ। ਆਪਣੀ ਪਤਨੀ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਨੇ ਗਾਣਾ ਸੁਣਾਇਆ- ‘ਚਾਂਦ ਸੀ ਮਹਬੂਬਾ ਹੋ ਮੇਰੀ, ਕਬ ਐਸਾ ਮੈਂਨੇ ਸੋਚਾ ਥਾ…।’
ਉਸ ਗੀਤ ਵਿੱਚ ਕਿਤੇ ਵੀ ਚੰਨ ਦੀਆਂ ਕਮੀਆਂ ਜਾਂ ਉਸ ਦੀ ਬਦਸੂਰਤੀ ਦੀ ਗੱਲ ਨਹੀਂ ਸੀ। ਇਹ ਪ੍ਰੋਗਰਾਮ ਮਨੁੱਖ ਦੇ ਚੰਨ ‘ਤੇ ਕਦਮ ਰੱਖਣ ਤੋਂ ਕਈ ਸਾਲ ਬਾਅਦ ਆਇਆ ਸੀ। ਸੱਚ ਇਹ ਹੈ ਕਿ ਸਾਡੇ ਲਈ ਚੰਨ ਦਾ ਮਤਲਬ ਹੀ ਸੁੰਦਰਤਾ, ਕੋਮਲਤਾ ਅਤੇ ਜ਼ਿੰਦਗੀ ਦੇ ਚੰਗੇ ਪੱਖ ਹਨ।
ਵਿਗਿਆਨ ਜੋ ਦੱਸਦਾ ਹੈ, ਉਹ ਆਪਣੀ ਥਾਂ ਸੱਚ ਹੈ। ਪਰ ਲੋਕਾਂ ਦੇ ਮਨ ਵਿੱਚ ਚੰਨ ਦੀ ਜੋ ਤਸਵੀਰ ਹੈ, ਉਹ ਵੀ ਆਪਣੀ ਥਾਂ ਹੈ। ਚੰਨ ਦੇ ਇਸ ਸੁਹਣੇ ਰੂਪ ਨੂੰ ਸੰਸਕ੍ਰਿਤ, ਪੰਜਾਬੀ ਅਤੇ ਹਿੰਦੀ ਸਾਹਿਤ ਤੋਂ ਲੈ ਕੇ ਫ਼ਿਲਮਾਂ ਤੱਕ ਹਰ ਥਾਂ ਮਿਲਦਾ ਹੈ। ਚੰਨ ਦਾ ਮਤਲਬ ਪਿਆਰ ਅਤੇ ਰੁਮਾਂਸ ਵੀ ਹੈ। ਹਿੰਦੀ, ਪੰਜਾਬੀ ਫ਼ਿਲਮਾਂ ਦੇ ਅਣਗਿਣਤ ਗੀਤਾਂ ਵਿੱਚ ਚੰਨ ਇਸੇ ਰੂਪ ਵਿੱਚ ਆਉਂਦਾ ਹੈ। ‘ਚੰਦਾ ਮਾਮਾ ਦੂਰ ਕੇ’ ਤੋਂ ਲੈ ਕੇ ‘ਚਲੋ ਦਿਲਦਾਰ ਚਲੋ, ਚਾਂਦ ਕੇ ਪਾਰ ਚਲੋ’ ਤੱਕ ਕਿੰਨੇ ਹੀ ਗੀਤਾਂ ਨੇ ਮਨੁੱਖ ਅਤੇ ਚੰਨ ਦੇ ਰਿਸ਼ਤੇ ਨੂੰ ਆਪਣੀ ਯਾਦ ਵਿੱਚ ਸੰਭਾਲਿਆ ਹੈ।
‘ਧੀਰੇ-ਧੀਰੇ ਚਲ ਚਾਂਦ ਗਗਨ ਮੇਂ’, ‘ਖੋਇਆ-ਖੋਇਆ ਚਾਂਦ’, ‘ਚੌਦਹਵੀਂ ਕਾ ਚਾਂਦ ਹੋ’, ‘ਯੇ ਚਾਂਦ ਸਾ ਰੋਸ਼ਨ ਚਿਹਰਾ’, ‘ਚਾਂਦ ਛੁਪਾ ਬਾਦਲ ਮੇਂ’-ਇਨ੍ਹਾਂ ਗੀਤਾਂ ਵਿੱਚ ਚੰਨ ਸਿਰਫ਼ ਇੱਕ ਆਕਾਸ਼ੀ ਪਿੰਡ ਨਹੀਂ। ਉਹ ਠੰਢਕ, ਰੌਸ਼ਨੀ, ਪਿਆਰ ਅਤੇ ਉਡੀਕ ਦਾ ਪ੍ਰਤੀਕ ਹੈ। ਚੰਨ ਨੂੰ ‘ਮਾਮਾ’ ਕਹਿਣਾ ਵੀ ਆਪਣੇ ਆਪ ਵਿੱਚ ਇੱਕ ਰਿਸ਼ਤਾ ਹੈ। ਮਾਮਾ, ਮਾਂ ਨਾਲ ਜੁੜਿਆ ਰਿਸ਼ਤਾ ਹੈ। ਮਾਂ ਸਾਡੇ ਜੀਵਨ ਵਿੱਚ ਪਿਆਰ, ਕੋਮਲਤਾ ਅਤੇ ਸੁਰੱਖਿਆ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਚੰਨ ਵੀ ਸਾਡੇ ਮਨ ਵਿੱਚ ਪਿਆਰ ਅਤੇ ਕੋਮਲ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
ਚੰਦਰਯਾਨ ਦੇ ਸਮੇਂ ਇਸਰੋ ਵੱਲੋਂ ਭੇਜੇ ਗਏ ਸੁਨੇਹਿਆਂ ਵਿੱਚ ਵੀ ਵਿਗਿਆਨ ਦੇ ਨਾਲ ਕਲਪਨਾ ਅਤੇ ਪਿਆਰ ਦਾ ਰੰਗ ਸੀ। ਚੰਦਰਯਾਨ ਵੱਲੋਂ ਧਰਤੀ ਵਾਸੀਆਂ ਨੂੰ ਜਿਵੇਂ ਇਹ ਸੁਨੇਹਾ ਦਿੱਤਾ ਗਿਆ- ‘ਮੈਂ ਚੰਨ ‘ਤੇ ਪਹੁੰਚ ਗਿਆ ਹਾਂ ਅਤੇ ਤੁਸੀਂ ਵੀ।’ ਰੋਵਰ ਦਾ ਲੈਂਡਰ ਨੂੰ ਪੁੱਛਣਾ- ‘ਕੀ ਮੈਂ ਥੋੜ੍ਹਾ ਘੁੰਮਣ ਜਾ ਸਕਦਾ ਹਾਂ?’ ਅਤੇ ਲੈਂਡਰ ਦਾ ਜਵਾਬ- ‘ਹਾਂ, ਪਰ ਸੰਪਰਕ ਵਿੱਚ ਰਹਿਣਾ’-ਇਹ ਸਭ ਕਿਸੇ ਬੱਚੇ ਦੇ ਖੇਡਣ ਵਰਗਾ ਲੱਗਦਾ ਸੀ।
ਇਸੇ ਦੌਰਾਨ ਰੱਖੜੀ ਦਾ ਤਿਉਹਾਰ ਵੀ ਆਇਆ ਸੀ। ਇੱਕ ਕਾਰਟੂਨ ਬਹੁਤ ਮਸ਼ਹੂਰ ਹੋਇਆ, ਜਿਸ ਵਿੱਚ ਧਰਤੀ ਚੰਦਰਯਾਨ ਰਾਹੀਂ ਚੰਨ ਨੂੰ ਰੱਖੜੀ ਬੰਨ੍ਹ ਰਹੀ ਸੀ। ਵਿਗਿਆਨ, ਲੋਕ-ਕਹਾਣੀ ਅਤੇ ਕਲਪਨਾ ਦਾ ਇਹ ਸੁਮੇਲ ਬਹੁਤ ਸੁਹਣਾ ਸੀ। ਤਾਂ ਕੀ ਵਿਗਿਆਨ ਦੀਆਂ ਨਵੀਆਂ ਖੋਜਾਂ ਸਾਡੇ ਮਨ ਵਿੱਚੋਂ ਚੰਨ ਦੀ ਇਹ ਕੋਮਲ ਤਸਵੀਰ ਮਿਟਾ ਦੇਣਗੀਆਂ? ਸ਼ਾਇਦ ਨਹੀਂ।
ਜ਼ਿੰਦਗੀ ਵਿੱਚੋਂ ਜੇ ਕੋਮਲ ਭਾਵਨਾਵਾਂ ਕੱਢ ਦਿੱਤੀਆਂ ਜਾਣ ਅਤੇ ਸਿਰਫ਼ ਤੱਥ ਤੇ ਤਰਕ ਹੀ ਰਹਿ ਜਾਣ ਤਾਂ ਜ਼ਿੰਦਗੀ ਬਹੁਤ ਰੁੱਖੀ ਅਤੇ ਨੀਰਸ ਹੋ ਜਾਵੇਗੀ। ਵਿਗਿਆਨ ਆਪਣੀਆਂ ਨਵੀਆਂ ਉਚਾਈਆਂ ਛੂਹੰਦਾ ਰਹੇਗਾ। ਚੰਨ ਬਾਰੇ ਹੋਰ ਰਾਜ਼ ਵੀ ਸਾਹਮਣੇ ਆਉਣਗੇ, ਪਰ ਮਨੁੱਖ ਦੀ ਕਲਪਨਾ ਦੀ ਦੁਨੀਆ ਵੀ ਨਾਲ-ਨਾਲ ਚੱਲਦੀ ਰਹੇਗੀ।
ਅਸੀਂ ਚੰਨ ਨੂੰ ਦੇਖਦੇ ਰਹਾਂਗੇ, ਉਸ ਨਾਲ ਆਪਣੀਆਂ ਕਹਾਣੀਆਂ ਜੋੜਦੇ ਰਹਾਂਗੇ ਅਤੇ ਉਸ ਵਿੱਚ ਪਿਆਰ, ਸੁੰਦਰਤਾ ਅਤੇ ਆਪਣੇ ਸੁਪਨੇ ਲੱਭਦੇ ਰਹਾਂਗੇ। ਕਿਉਂਕਿ ਵਿਗਿਆਨ ਸਾਨੂੰ ਚੰਨ ਦੀ ਹਕੀਕਤ ਦੱਸ ਸਕਦਾ ਹੈ, ਪਰ ਚੰਨ ਸਾਡੇ ਮਨ ਵਿੱਚ ਕੀ ਅਰਥ ਰੱਖਦਾ ਹੈ-ਇਹ ਵਿਗਿਆਨ ਤੈਅ ਨਹੀਂ ਕਰ ਸਕਦਾ।

Leave a Reply

Your email address will not be published. Required fields are marked *