ਭਵਿੱਖ ਦੀ ਗੱਲ
ਅਮਨਦੀਪ ਸਿੰਘ ਸਿੱਧੂ
ਫੋਨ:+91-8847543637
ਸਾਫ਼ ਹਵਾ ਅਤੇ ਸਾਫ਼ ਊਰਜਾ ਦੀ ਤਲਾਸ਼ ਹੁਣ ਕਿਸੇ ਇੱਕ ਮੁਲਕ ਦੀ ਲੋੜ ਨਹੀਂ ਰਹੀ। ਇਹ ਪੂਰੀ ਦੁਨੀਆ ਦੀ ਸਾਂਝੀ ਲੋੜ ਬਣ ਚੁੱਕੀ ਹੈ। ਕੋਲਾ, ਤੇਲ ਅਤੇ ਗੈਸ ’ਤੇ ਨਿਰਭਰ ਊਰਜਾ ਪ੍ਰਣਾਲੀ ਨੇ ਮਨੁੱਖੀ ਵਿਕਾਸ ਨੂੰ ਤੇਜ਼ੀ ਤਾਂ ਦਿੱਤੀ, ਪਰ ਇਸ ਦੀ ਕੀਮਤ ਧਰਤੀ ਦੇ ਵਧਦੇ ਤਾਪਮਾਨ, ਬਦਲਦੇ ਮੌਸਮ ਅਤੇ ਪ੍ਰਦੂਸ਼ਿਤ ਹਵਾ ਦੇ ਰੂਪ ਵਿੱਚ ਵੀ ਚੁਕਾਉਣੀ ਪਈ। ਇਸੇ ਲਈ ਹੁਣ ਦੁਨੀਆ ਅਜਿਹੇ ਊਰਜਾ ਸਰੋਤਾਂ ਵੱਲ ਦੇਖ ਰਹੀ ਹੈ, ਜਿਨ੍ਹਾਂ ਨਾਲ ਵਿਕਾਸ ਦੀ ਰਫ਼ਤਾਰ ਵੀ ਬਣੀ ਰਹੇ ਅਤੇ ਵਾਤਾਵਰਨ ’ਤੇ ਬੋਝ ਵੀ ਘਟੇ।
ਇਸ ਦੌੜ ਵਿੱਚ ਗਰੀਨ ਹਾਈਡ੍ਰੋਜਨ ਇੱਕ ਮਹੱਤਵਪੂਰਨ ਨਾਮ ਬਣ ਕੇ ਉਭਰਿਆ ਹੈ। ਸੂਰਜ ਅਤੇ ਹਵਾ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਦੀ ਵਰਤੋਂ ਕਰਕੇ ਪਾਣੀ ਤੋਂ ਹਾਈਡ੍ਰੋਜਨ ਤਿਆਰ ਕੀਤਾ ਜਾ ਸਕਦਾ ਹੈ। ਜੇ ਇਸ ਪ੍ਰਕਿਰਿਆ ਲਈ ਵਰਤੀ ਜਾਣ ਵਾਲੀ ਬਿਜਲੀ ਸਾਫ਼ ਸਰੋਤਾਂ ਤੋਂ ਆਉਂਦੀ ਹੈ ਤਾਂ ਇਸ ਨੂੰ ਗਰੀਨ ਹਾਈਡ੍ਰੋਜਨ ਕਿਹਾ ਜਾਂਦਾ ਹੈ। ਇਸ ਵਿੱਚ ਕਾਰਬਨ ਦਾ ਨਿਕਾਸ ਬਹੁਤ ਘੱਟ ਜਾਂ ਲਗਭਗ ਨਾ ਹੋਣ ਕਰਕੇ ਇਸ ਨੂੰ ਭਵਿੱਖ ਦੀ ਸਾਫ਼ ਊਰਜਾ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।
ਦੁਨੀਆ ਵਿੱਚ ਹਾਈਡ੍ਰੋਜਨ ਦੀ ਮੰਗ ਪਹਿਲਾਂ ਹੀ ਵਧ ਰਹੀ ਹੈ। 2024 ਵਿੱਚ ਇਸ ਦੀ ਮੰਗ ਲਗਭਗ 10 ਕਰੋੜ ਟਨ ਤੱਕ ਪਹੁੰਚ ਗਈ ਸੀ, ਜੋ ਇੱਕ ਦਹਾਕੇ ਪਹਿਲਾਂ ਨਾਲੋਂ ਕਰੀਬ 30 ਫ਼ੀਸਦੀ ਵੱਧ ਹੈ। ਪਰ ਇਸ ਵੱਡੀ ਮੰਗ ਦੇ ਮੁਕਾਬਲੇ ਘੱਟ ਕਾਰਬਨ ਵਾਲੇ ਹਾਈਡ੍ਰੋਜਨ ਦੀ ਪੈਦਾਵਾਰ ਅਜੇ ਵੀ ਬਹੁਤ ਘੱਟ ਹੈ। ਆਉਣ ਵਾਲੇ ਸਾਲਾਂ ਵਿੱਚ ਜੇ ਦੁਨੀਆ ਸੱਚਮੁੱਚ ਕਾਰਬਨ ਨਿਕਾਸ ਘਟਾਉਣ ਵੱਲ ਵਧਦੀ ਹੈ ਤਾਂ ਗਰੀਨ ਹਾਈਡ੍ਰੋਜਨ ਦੀ ਲੋੜ ਹੋਰ ਵਧ ਸਕਦੀ ਹੈ।
ਹਾਈਡ੍ਰੋਜਨ ਦੀ ਸਭ ਤੋਂ ਵੱਡੀ ਖੂਬੀ ਹੀ ਉਸ ਦੀ ਇੱਕ ਵੱਡੀ ਮੁਸ਼ਕਲ ਵੀ ਹੈ। ਇਹ ਬਹੁਤ ਹਲਕੀ ਗੈਸ ਹੈ। ਆਮ ਹਾਲਤ ਵਿੱਚ ਇਸ ਨੂੰ ਵੱਡੀ ਮਾਤਰਾ ਵਿੱਚ ਸੰਭਾਲਣਾ ਅਤੇ ਹਜ਼ਾਰਾਂ ਕਿਲੋਮੀਟਰ ਦੂਰ ਭੇਜਣਾ ਆਸਾਨ ਨਹੀਂ। ਜੇ ਦੁਨੀਆ ਦੇ ਇੱਕ ਹਿੱਸੇ ਵਿੱਚ ਸੂਰਜੀ ਜਾਂ ਹਵਾਈ ਊਰਜਾ ਦੀ ਬਹੁਤਾਤ ਹੈ ਅਤੇ ਦੂਜੇ ਹਿੱਸੇ ਵਿੱਚ ਉਦਯੋਗਾਂ ਨੂੰ ਹਾਈਡ੍ਰੋਜਨ ਦੀ ਲੋੜ ਹੈ ਤਾਂ ਦੋਵਾਂ ਵਿਚਕਾਰ ਸਿਰਫ਼ ਉਤਪਾਦਨ ਦਾ ਨਹੀਂ, ਆਵਾਜਾਈ ਦਾ ਵੀ ਪੁਲ ਬਣਾਉਣਾ ਪਵੇਗਾ।
ਇਸੇ ਚੁਣੌਤੀ ਨੇ ਵਿਗਿਆਨੀਆਂ ਨੂੰ ਹਾਈਡ੍ਰੋਜਨ ਦੀ ਢੋਆ-ਢੁਆਈ ਦੇ ਨਵੇਂ ਤਰੀਕੇ ਲੱਭਣ ਲਈ ਮਜਬੂਰ ਕੀਤਾ ਹੈ। ਇਨ੍ਹਾਂ ਵਿੱਚ ਲਿਕਵਿਡ ਆਰਗੈਨਿਕ ਹਾਈਡ੍ਰੋਜਨ ਕੈਰੀਅਰ, ਜਿਸ ਨੂੰ ਸੰਖੇਪ ਵਿੱਚ ਐਲ.ਓ.ਐੱਚ.ਸੀ. ਕਿਹਾ ਜਾਂਦਾ ਹੈ, ਇੱਕ ਸੰਭਾਵਨਾ ਭਰਿਆ ਤਰੀਕਾ ਹੈ।
ਇਸ ਤਕਨੀਕ ਵਿੱਚ ਹਾਈਡ੍ਰੋਜਨ ਨੂੰ ਇੱਕ ਖ਼ਾਸ ਤਰਲ ਪਦਾਰਥ ਨਾਲ ਰਸਾਇਣਕ ਪ੍ਰਕਿਰਿਆ ਰਾਹੀਂ ਜੋੜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਤਰਲ ਨੂੰ ਆਮ ਤੇਲ ਵਾਂਗ ਸੰਭਾਲਿਆ ਅਤੇ ਲੰਮੀ ਦੂਰੀ ਤੱਕ ਲਿਜਾਇਆ ਜਾ ਸਕਦਾ ਹੈ। ਜਿੱਥੇ ਹਾਈਡ੍ਰੋਜਨ ਦੀ ਲੋੜ ਹੋਵੇ, ਉੱਥੇ ਇੱਕ ਹੋਰ ਪ੍ਰਕਿਰਿਆ ਰਾਹੀਂ ਹਾਈਡ੍ਰੋਜਨ ਨੂੰ ਤਰਲ ਤੋਂ ਵੱਖ ਕਰ ਲਿਆ ਜਾਂਦਾ ਹੈ। ਕੈਰੀਅਰ ਤਰਲ ਨੂੰ ਮੁੜ ਉਸੇ ਚੱਕਰ ਵਿੱਚ ਵਰਤਣ ਲਈ ਵਾਪਸ ਭੇਜਿਆ ਜਾ ਸਕਦਾ ਹੈ।
ਇਸ ਤਰ੍ਹਾਂ ਦੇਖੀਏ ਤਾਂ ਇਹ ਤਕਨੀਕ ਹਾਈਡ੍ਰੋਜਨ ਨੂੰ ਸਿਰਫ਼ ਇੱਕ ਗੈਸ ਨਹੀਂ ਰਹਿਣ ਦਿੰਦੀ, ਸਗੋਂ ਉਸ ਨੂੰ ਅਜਿਹੇ ਰੂਪ ਵਿੱਚ ਬਦਲ ਦਿੰਦੀ ਹੈ, ਜਿਸ ਦੀ ਢੋਆ-ਢੁਆਈ ਮੌਜੂਦਾ ਤੇਲ ਅਤੇ ਗੈਸ ਵਾਲੇ ਢਾਂਚੇ ਰਾਹੀਂ ਵੀ ਸੰਭਵ ਹੋ ਸਕਦੀ ਹੈ।
ਪਰ ਹਰ ਗਰੀਨ ਰਸਤਾ ਸੱਚਮੁੱਚ ਗਰੀਨ ਨਹੀਂ। ਇੱਥੇ ਹੀ ਇਸ ਨਵੀਂ ਊਰਜਾ ਕਹਾਣੀ ਦਾ ਦੂਜਾ ਪਾਸਾ ਸਾਹਮਣੇ ਆਉਂਦਾ ਹੈ। ਬਾਸਕ ਯੂਨੀਵਰਸਿਟੀ ਦੀ ਸੁਪ੍ਰੇਨ ਖੋਜ ਟੀਮ ਨੇ ਯੂਰਪੀ ਪ੍ਰਾਜੈਕਟ ਅਧੀਨ ਗਰੀਨ ਹਾਈਡ੍ਰੋਜਨ ਦੀ ਵਿਸ਼ਵ ਪੱਧਰੀ ਸਪਲਾਈ ਲੜੀ ਦੇ ਸਮਾਜਿਕ, ਵਾਤਾਵਰਨਕ ਅਤੇ ਆਰਥਿਕ ਪ੍ਰਭਾਵਾਂ ਦਾ ਅਧਿਐਨ ਕੀਤਾ ਹੈ। ਖੋਜ ਵਿੱਚ ਨਾਮੀਬੀਆ, ਸਾਊਦੀ ਅਰਬ, ਨਾਰਵੇ ਅਤੇ ਸਪੇਨ ਵਰਗੇ ਸੰਭਾਵੀ ਉਤਪਾਦਕ ਮੁਲਕਾਂ ਅਤੇ ਜਰਮਨੀ, ਨੀਦਰਲੈਂਡ, ਜਪਾਨ ਤੇ ਇਟਲੀ ਵਰਗੇ ਸੰਭਾਵੀ ਖ਼ਰੀਦਦਾਰਾਂ ਨੂੰ ਧਿਆਨ ਵਿੱਚ ਰੱਖਿਆ ਗਿਆ।
ਅਧਿਐਨ ਦਾ ਇੱਕ ਅਹਿਮ ਨਤੀਜਾ ਇਹ ਹੈ ਕਿ ਗਰੀਨ ਹਾਈਡ੍ਰੋਜਨ ਲਈ ਕੋਈ ਇੱਕ ਅਜਿਹਾ ਰਸਤਾ ਨਹੀਂ, ਜਿਸ ਨੂੰ ਹਰ ਹਾਲਤ ਵਿੱਚ ਸਭ ਤੋਂ ਵਧੀਆ ਕਿਹਾ ਜਾ ਸਕੇ। ਇੱਕ ਰਸਤਾ ਸਸਤਾ ਹੋ ਸਕਦਾ ਹੈ, ਦੂਜੇ ਦਾ ਵਾਤਾਵਰਨ ’ਤੇ ਪ੍ਰਭਾਵ ਘੱਟ ਹੋ ਸਕਦਾ ਹੈ। ਕਿਸੇ ਤੀਜੇ ਰਸਤੇ ਵਿੱਚ ਤਕਨੀਕੀ ਸਹੂਲਤ ਵੱਧ ਹੋ ਸਕਦੀ ਹੈ, ਪਰ ਉਸ ਨਾਲ ਸਮਾਜਿਕ ਜਾਂ ਰਾਜਨੀਤਕ ਖ਼ਤਰੇ ਜੁੜੇ ਹੋ ਸਕਦੇ ਹਨ।
ਇਸ ਲਈ ਹਾਈਡ੍ਰੋਜਨ ਦੀ ਦੁਨੀਆ ਨੂੰ ਸਿਰਫ਼ ਪੈਸੇ ਦੀ ਦੁਨੀਆ ਬਣਾਉਣ ਦਾ ਖ਼ਤਰਾ ਵੀ ਹੈ। ਜੇ ਸਿਰਫ਼ ਇਹ ਦੇਖਿਆ ਗਿਆ ਕਿ ਕਿੱਥੇ ਹਾਈਡ੍ਰੋਜਨ ਸਭ ਤੋਂ ਸਸਤਾ ਬਣ ਸਕਦਾ ਹੈ ਅਤੇ ਕਿੱਥੇ ਸਭ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਤਾਂ ਇਹ ਸਵਾਲ ਪਿੱਛੇ ਰਹਿ ਸਕਦਾ ਹੈ ਕਿ ਇਸ ਸਾਰੀ ਪ੍ਰਕਿਰਿਆ ਦੀ ਕੀਮਤ ਕੌਣ ਚੁਕਾਏਗਾ।
ਊਰਜਾ ਦੇ ਨਵੇਂ ਨਕਸ਼ੇ ਵਿੱਚ ਪੁਰਾਣਾ ਸਵਾਲ
ਭਵਿੱਖ ਵਿੱਚ ਅਫ਼ਰੀਕਾ, ਲਾਤੀਨੀ ਅਮਰੀਕਾ, ਮੱਧ ਪੂਰਬ ਅਤੇ ਓਸ਼ੇਨੀਆ ਦੇ ਕਈ ਇਲਾਕੇ ਹਾਈਡ੍ਰੋਜਨ ਦੇ ਵੱਡੇ ਉਤਪਾਦਨ ਕੇਂਦਰ ਬਣ ਸਕਦੇ ਹਨ। ਇਨ੍ਹਾਂ ਖੇਤਰਾਂ ਵਿੱਚ ਸੂਰਜੀ ਅਤੇ ਹਵਾਈ ਊਰਜਾ ਦੀ ਵੱਡੀ ਸੰਭਾਵਨਾ ਹੈ। ਦੂਜੇ ਪਾਸੇ ਯੂਰਪ, ਜਪਾਨ ਅਤੇ ਦੱਖਣੀ ਕੋਰੀਆ ਵਰਗੇ ਉਦਯੋਗਿਕ ਖੇਤਰ ਹਾਈਡ੍ਰੋਜਨ ਦੇ ਵੱਡੇ ਬਰਾਮਦਕਾਰ ਬਣ ਸਕਦੇ ਹਨ। ਇਸ ਨਾਲ ਦੁਨੀਆ ਦਾ ਊਰਜਾ ਵਪਾਰ ਇੱਕ ਨਵੇਂ ਰੂਪ ਵਿੱਚ ਸਾਹਮਣੇ ਆ ਸਕਦਾ ਹੈ। ਜਿਵੇਂ ਅੱਜ ਤੇਲ ਅਤੇ ਗੈਸ ਲਈ ਕੁਝ ਮੁਲਕਾਂ ਦੀ ਮਹੱਤਤਾ ਹੈ, ਉਸੇ ਤਰ੍ਹਾਂ ਕੱਲ੍ਹ ਸੂਰਜ, ਹਵਾ ਅਤੇ ਗਰੀਨ ਹਾਈਡ੍ਰੋਜਨ ਦੀ ਪੈਦਾਵਾਰ ਵਾਲੇ ਖੇਤਰ ਨਵੇਂ ਊਰਜਾ ਕੇਂਦਰ ਬਣ ਸਕਦੇ ਹਨ।
ਪਰ ਇਤਿਹਾਸ ਇਹ ਵੀ ਦੱਸਦਾ ਹੈ ਕਿ ਜਦੋਂ ਕਿਸੇ ਕੁਦਰਤੀ ਸਰੋਤ ਦੀ ਕੌਮਾਂਤਰੀ ਮੰਗ ਵਧਦੀ ਹੈ ਤਾਂ ਉਸ ਨਾਲ ਜੁੜੇ ਇਲਾਕਿਆਂ ਦੇ ਲੋਕਾਂ ਦੇ ਹਿੱਤ ਹਮੇਸ਼ਾ ਆਪਣੇ ਆਪ ਸੁਰੱਖਿਅਤ ਨਹੀਂ ਹੁੰਦੇ। ਇਸ ਲਈ ਗਰੀਨ ਹਾਈਡ੍ਰੋਜਨ ਦੀ ਕਹਾਣੀ ਵਿੱਚ ਇਹ ਸਵਾਲ ਸ਼ੁਰੂ ਤੋਂ ਹੀ ਸ਼ਾਮਲ ਹੋਣਾ ਚਾਹੀਦਾ ਹੈ ਕਿ ਉਤਪਾਦਨ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਇਸ ਵਿਚੋਂ ਕੀ ਮਿਲੇਗਾ। ਜੇ ਕਿਸੇ ਖੇਤਰ ਦੀ ਜ਼ਮੀਨ, ਪਾਣੀ ਜਾਂ ਹੋਰ ਕੁਦਰਤੀ ਸਰੋਤ ਵੱਡੇ ਪੱਧਰ ’ਤੇ ਹਾਈਡ੍ਰੋਜਨ ਉਤਪਾਦਨ ਲਈ ਵਰਤੇ ਜਾਂਦੇ ਹਨ ਤਾਂ ਸਥਾਨਕ ਲੋਕਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਫ਼ ਊਰਜਾ ਦਾ ਮਤਲਬ ਸਿਰਫ਼ ਘੱਟ ਕਾਰਬਨ ਨਹੀਂ। ਇਸ ਦਾ ਮਤਲਬ ਇਹ ਵੀ ਹੋਣਾ ਚਾਹੀਦਾ ਹੈ ਕਿ ਵਿਕਾਸ ਦੀ ਕੀਮਤ ਸਮਾਜ ਦੇ ਕਮਜ਼ੋਰ ਹਿੱਸੇ ਨਾ ਚੁਕਾਉਣ।
ਤਕਨਾਲੋਜੀ ਨੂੰ ਵੀ ਆਪਣੀ ਕੀਮਤ ਘਟਾਉਣੀ ਪਵੇਗੀ
ਗਰੀਨ ਹਾਈਡ੍ਰੋਜਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਐਲ.ਓ.ਐੱਚ.ਸੀ. ਤਕਨੀਕ ਇੱਕ ਰਾਹ ਖੋਲ੍ਹਦੀ ਹੈ, ਪਰ ਇਹ ਰਾਹ ਅਜੇ ਪੂਰੀ ਤਰ੍ਹਾਂ ਸੌਖਾ ਨਹੀਂ ਹੋਇਆ। ਹਾਈਡ੍ਰੋਜਨ ਬਣਾਉਣ ਅਤੇ ਬਾਅਦ ਵਿੱਚ ਉਸ ਨੂੰ ਕੈਰੀਅਰ ਤਰਲ ਤੋਂ ਵੱਖ ਕਰਨ ਦੋਵਾਂ ਪ੍ਰਕਿਰਿਆਵਾਂ ਵਿੱਚ ਕਾਫ਼ੀ ਊਰਜਾ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਜਿਸ ਊਰਜਾ ਸਰੋਤ ਨੂੰ ਅਸੀਂ ਸਾਫ਼ ਬਣਾਉਣਾ ਚਾਹੁੰਦੇ ਹਾਂ, ਉਸ ਦੀ ਪੂਰੀ ਯਾਤਰਾ ਵੀ ਊਰਜਾ-ਕੁਸ਼ਲ ਹੋਣੀ ਚਾਹੀਦੀ ਹੈ। ਨਹੀਂ ਤਾਂ ਇੱਕ ਪਾਸੇ ਕਾਰਬਨ ਨਿਕਾਸ ਘਟਾਉਣ ਦੀ ਕੋਸ਼ਿਸ਼ ਹੋਵੇਗੀ ਅਤੇ ਦੂਜੇ ਪਾਸੇ ਊਰਜਾ ਦੀ ਵੱਡੀ ਖਪਤ ਇੱਕ ਨਵੀਂ ਸਮੱਸਿਆ ਖੜ੍ਹੀ ਕਰ ਸਕਦੀ ਹੈ।
ਇਸ ਲਈ ਤਕਨੀਕੀ ਖੋਜ ਦਾ ਅਗਲਾ ਪੜਾਅ ਸਿਰਫ਼ ਹਾਈਡ੍ਰੋਜਨ ਬਣਾਉਣ ਤੱਕ ਸੀਮਤ ਨਹੀਂ ਰਹਿ ਸਕਦਾ। ਉਤਪਾਦਨ, ਭੰਡਾਰਨ, ਢੋਆ-ਢੁਆਈ ਅਤੇ ਮੁੜ ਹਾਈਡ੍ਰੋਜਨ ਪ੍ਰਾਪਤ ਕਰਨ ਅਤੇ ਹਰ ਪੜਾਅ ਨੂੰ ਵਧੇਰੇ ਕੁਸ਼ਲ ਬਣਾਉਣਾ ਪਵੇਗਾ।
ਗਰੀਨ ਭਵਿੱਖ ਦਾ ਅਰਥ
ਗਰੀਨ ਹਾਈਡ੍ਰੋਜਨ ਆਉਣ ਵਾਲੇ ਸਮੇਂ ਦੀ ਊਰਜਾ ਪ੍ਰਣਾਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ, ਪਰ ਕਿਸੇ ਤਕਨਾਲੋਜੀ ਨੂੰ ਸਿਰਫ਼ ਇਸ ਲਈ ਗਰੀਨ ਨਹੀਂ ਕਿਹਾ ਜਾ ਸਕਦਾ ਕਿ ਉਸ ਨਾਲ ਕਾਰਬਨ ਘੱਟ ਨਿਕਲਦਾ ਹੈ। ਉਸ ਦੀ ਪੂਰੀ ਯਾਤਰਾ ਨੂੰ ਦੇਖਣਾ ਪਵੇਗਾ-ਊਰਜਾ ਕਿੱਥੋਂ ਆਈ, ਪਾਣੀ ਅਤੇ ਜ਼ਮੀਨ ’ਤੇ ਕੀ ਅਸਰ ਪਿਆ, ਉਤਪਾਦਨ ਵਾਲੇ ਖੇਤਰਾਂ ਦੇ ਲੋਕਾਂ ਨੂੰ ਕੀ ਮਿਲਿਆ ਅਤੇ ਇਸ ਦੇ ਆਰਥਿਕ ਲਾਭ ਕਿੱਥੇ ਗਏ। ਦੁਨੀਆ ਨੂੰ ਤੇਲ ਤੋਂ ਬਾਅਦ ਕਿਸੇ ਨਵੇਂ ਸਰੋਤ ਦੀ ਉਹੀ ਕਹਾਣੀ ਦੁਹਰਾਉਣ ਤੋਂ ਬਚਣਾ ਪਵੇਗਾ, ਜਿਸ ਵਿੱਚ ਉਤਪਾਦਨ ਇੱਕ ਥਾਂ ਹੁੰਦਾ ਹੈ, ਮੁਨਾਫ਼ਾ ਦੂਜੀ ਥਾਂ ਜਾਂਦਾ ਹੈ ਅਤੇ ਕੀਮਤ ਕੋਈ ਹੋਰ ਚੁਕਾਉਂਦਾ ਹੈ।
ਗਰੀਨ ਹਾਈਡ੍ਰੋਜਨ ਦਾ ਅਸਲ ਭਵਿੱਖ ਤਦ ਹੀ ਬਣੇਗਾ, ਜਦੋਂ ਤਕਨਾਲੋਜੀ ਅਤੇ ਵਾਤਾਵਰਨ ਦੇ ਨਾਲ ਸਮਾਜ ਵੀ ਇਸ ਯਾਤਰਾ ਦਾ ਕੇਂਦਰ ਬਣੇ। ਕਾਰਬਨ ਘਟਾਉਣਾ ਜ਼ਰੂਰੀ ਹੈ, ਪਰ ਇਸ ਦੇ ਨਾਲ ਸਮਾਜਿਕ ਸੁਰੱਖਿਆ, ਸਥਾਨਕ ਹੱਕ ਅਤੇ ਵਿਕਾਸਸ਼ੀਲ ਮੁਲਕਾਂ ਦੇ ਹਿੱਤ ਵੀ ਉਨੇ ਹੀ ਜ਼ਰੂਰੀ ਹਨ। ਸਾਫ਼ ਊਰਜਾ ਦੀ ਦੁਨੀਆ ਬਣਾਉਣੀ ਹੈ ਤਾਂ ਸਿਰਫ਼ ਊਰਜਾ ਦਾ ਸਰੋਤ ਬਦਲਣਾ ਕਾਫ਼ੀ ਨਹੀਂ। ਵਿਕਾਸ ਦਾ ਢੰਗ ਵੀ ਬਦਲਣਾ ਪਵੇਗਾ। ਤਦ ਹੀ ਹਾਈਡ੍ਰੋਜਨ ਦੀ ਇਹ ਨਵੀਂ ਰਾਹਦਾਰੀ ਸੱਚਮੁੱਚ ਧਰਤੀ ਲਈ ਵੀ ਗਰੀਨ ਹੋਵੇਗੀ ਅਤੇ ਮਨੁੱਖ ਲਈ ਵੀ।
