*ਸਾਬਕਾ ਹਾਕੀ ਕਪਤਾਨ ਸਾਹਮਣੇ ਵੱਡੀਆਂ ਜਥੇਬੰਦਕ ਚੁਣੌਤੀਆਂ
ਕਾਂਗਰਸ ਅੰਦਰਲੀ ਧੜੇਬੰਦੀ ਵੱਡੇਰੀ ਤੇ ਚੋਣਾਂ ਨੇੜੇ
ਜਸਵੀਰ ਸਿੰਘ ਸ਼ੀਰੀ
ਕਾਂਗਰਸ ਹਾਈ ਕਮਾਨ ਵੱਲੋਂ ਸਾਬਕਾ ਉਲੰਪੀਅਨ ਅਤੇ ਹਿੰਦੁਸਤਾਨ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਨੂੰ ਪ੍ਰਧਾਨ ਬਣਾਏ ਜਾਣ ਨਾਲ ਕਾਂਗਰਸ ਪਾਰਟੀ ਵਿੱਚ ਅਗਲੀਆਂ ਵਿਧਾਨ ਸਭਾ ਚੋਣ ਲਈ ਜਾਨ ਫੂਕੀ ਜਾ ਸਕੇਗੀ ਜਾਂ ਨਹੀਂ, ਇਸ ਦਾ ਜਵਾਬ ਆਉਂਦੇ ਕੁਝ ਮਹੀਨਿਆਂ ਵਿੱਚ ਮਿਲੇਗਾ। ਫਿਰ ਵੀ ਹਾਲ ਦੀ ਘੜੀ ਇਸ ਨਿਯੁਕਤੀ ਦਾ ਆਮ ਤੌਰ ‘ਤੇ ਸਵਾਗਤ ਹੀ ਹੋਇਆ ਹੈ। ਇਸ ਨੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਚੋਣਾਂ ਲਈ ਹੋਣ ਵਾਲੀ ਵੱਖ-ਵੱਖ ਪਾਰਟੀਆਂ ਦੀ ਕਵਾਇਦ ਵਿੱਚ ਵੀ ਤੇਜ਼ੀ ਲੈ ਆਂਦੀ ਹੈ।
ਪਰਗਟ ਸਿੰਘ ਦਾ ਆਪਣਾ ਪਿਛੋਕੜ ਭਾਵੇਂ ਇੱਕ ਖਿਡਾਰੀ ਦਾ ਰਿਹਾ ਹੈ, ਪਰ ਉਸ ਦੀ ਪਤਨੀ ਪੰਜਾਬ ਦੇ ਮਰਹੂਮ ਕਾਂਗਰਸੀ ਆਗੂ ਤੇ ਰਾਜਸਥਾਨ ਦੇ ਸਾਬਕਾ ਗਵਰਨਰ ਦਰਬਾਰਾ ਸਿੰਘ ਦੀ ਬੇਟੀ ਹੈ। ਇਸ ਤਰ੍ਹਾਂ ਉਸ ਦੇ ਪਰਿਵਾਰਕ ਪਿਛੋਕੜ ਦਾ ਦੂਜਾ ਸਿਰਾ ਸਿਆਸਤ ਨਾਲ ਜਾ ਜੁੜਦਾ ਹੈ। ਨਿਰਸੰਦੇਹ ਪਰਗਟ ਸਿੰਘ ਨੂੰ ਪੰਜਾਬ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਿਆ ਹੋਵੇਗਾ। ਯਾਦ ਰਹੇ, ਦਰਬਾਰਾ ਸਿੰਘ ਦੀ ਹਕੂਮਤ ਵੇਲੇ ਹੀ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਹੱਕ ਬਾਰੇ ਕੇਸ ਸੁਪਰੀਮ ਕੋਰਟ ਵਿੱਚੋਂ ਵਾਪਸ ਲਿਆ ਗਿਆ ਸੀ। ਇਸ ਦੇ ਬਾਵਜੂਦ ਪੰਜਾਬ ਸਿਆਸਤ ਨੂੰ ਮੁੱਦਿਆਂ ਨਾਲ ਜੋੜਨ ਦੀ ਕਵਾਇਦ ਦੇ ਪੱਖ ਵਿੱਚ ਖਲੋ ਕੇ ਪਰਗਟ ਸਿੰਘ ਨੇ ਆਪਣਾ ਸਿਆਸੀ ਅਕਸ ਨਰੋਏ ਰੂਪ ਵਿੱਚ ਉਭਾਰ ਲਿਆ ਹੈ।
ਪੰਜਾਬ ਦੇ ਮੌਜੂਦਾ ਰਾਜਨੀਤਕ ਚਿਤਰਪੱਟ ‘ਤੇ ਪਰਗਟ ਸਿੰਘ ਜਿਹੇ ਧੀਮੀ ਸੁਰ ਵਾਲੇ ਲੀਡਰ ਦਾ ਉਭਰ ਆਉਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਹਿੰਦੁਸਤਾਨ ਅੱਜ ਇਕ ਬਹੁਗਿਣਤੀ-ਪ੍ਰਸਤ ਜਮਹੂਰੀਅਤ ਤੋਂ ਆਪਣੇ ਅਗਲੇ/ਪਿਛਲੇ ਸਫਰ ਲਈ ਚੌਰਾਹੇ ‘ਤੇ ਖੜ੍ਹਾ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਇਕ ਅੱਤਿ ਸੱਜਾ ਰੁਝਾਨ ਮੁਲਕ ਨੂੰ ਬਹੁਗਿਣਤੀ-ਪ੍ਰਸਤ ਜਮਹੂਰੀਅਤ ਤੋਂ ਅੰਨ੍ਹੀ ਬੋਲੀ ਕੁਲੈਕਟਿਵ ਹਿੰਦੂ ਡਿਕਟੇਟਰਸ਼ਿੱਪ ਵੱਲ ਧੂਹ ਲਿਜਾਣ ਦਾ ਯਤਨ ਕਰ ਰਿਹਾ ਹੈ। ਦੂਜੇ ਪਾਸੇ, ਕਾਂਗਰਸ ਦੀ ਲੀਡਰਸ਼ਿਪ ਇਸ ਨੂੰ ਨਹਿਰੂਵਾਦੀ ਜਮਹੂਰੀਅਤ ਬਣਾਈ ਰੱਖਣ ਦਾ ਯਤਨ ਕਰ ਰਹੀ ਹੈ। ਬਿਨਾ ਸ਼ੱਕ ਕਾਂਗਰਸ ਪਾਰਟੀ ਅੰਦਰ ਵੀ ਸੱਜੇ ਪੱਖੀ ਰੁਝਾਨ ਮੌਜੂਦ ਹੈ, ਪਰ ਰਾਹੁਲ ਗਾਂਧੀ ਦੇ ਰੂਪ ਵਿੱਚ ਨਵੀਂ ਲੀਡਰਸ਼ਿਪ ਇਸ ਵਿੱਚ ਦਲਿੱਤ, ਮੁਸਲਮਾਨ ਅਤੇ ਪੱਛੜੇ ਵਰਗਾਂ ਦੀ ਨੁਮਾਇੰਦਗੀ ਨੂੰ ਹੋਰ ਅੱਗੇ ਵਧਾਉਣ ਦਾ ਯਤਨ ਕਰ ਰਹੀ ਹੈ। ਇਹ ਪੰਜਾਬ ਲਈ ਵੀ ਅਤੇ ਹਿੰਦੁਸਤਾਨੀ ਜਮਹੂਰੀ ਪ੍ਰਬੰਧ ਲਈ ਵੀ ਲਾਹੇਵੰਦ ਹੋ ਸਕਦਾ ਹੈ; ਪਰ ਵੱਡਾ ਸਵਾਲ ਇਸ ਮੁਲਕ ਵਿੱਚ ਮੌਜੂਦ ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਵੱਖ-ਵੱਖ ਕੌਮੀਅਤਾਂ ਦੀ ਨੁਮਾਇੰਦਗੀ ਨੂੰ ਸਹੀ ਤਰ੍ਹਾਂ ਥਾਂ ਦੇਣ (ਅਡਜਸਟ ਕਰਨ) ਦੀ ਹੈ। ਖਾਸ ਕਰਕੇ ਉਨ੍ਹਾਂ ਰਾਜਾਂ ਵਿੱਚ, ਜਿੱਥੇ ਧਾਰਮਿਕ ਘੱਟਗਿਣਤੀਆਂ ਬਹੁਗਿਣਤੀ ਵਿੱਚ ਵੱਸਦੀਆਂ ਹਨ। ਇਹ ਸਵਾਲ ਹਾਲੇ ਵੀ ਕਾਂਗਰਸ ਪਾਰਟੀ ਦੀ ਲੀਡਰਸ਼ਿੱਪ ਦੀ ਦ੍ਰਿਸ਼ਟੀ ਤੋਂ ਓਹਲੇ ਵਿੱਚ ਹੈ। 1947 ਬਾਅਦ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ ਇਸ ਸਵਾਲ ਨੂੰ ਹੱਲ ਕਰਨ ਦੇ ਵਿਰੁੱਧ ਸਟੈਂਡ ਲੈਂਦੀ ਰਹੀ ਹੈ। ਇਸ ਮਸਲੇ ਉਤੇ ਪਹੁੰਚ ਬਦਲਣ ਨਾਲ ਹੀ ਇਸ ਮੁਲਕ/ਪੰਜਾਬ ਦਾ ਭਵਿਖ ਸੰਵਰ ਜਾਂ ਵਿਗੜ ਸਕਦਾ ਹੈ। ਹਿੰਦੁਸਤਾਨੀ ਸਿਆਸੀ ਢਾਂਚੇ ਵਿੱਚ ਢਾਂਚਾਗਤ ਤਬਦੀਲੀਆਂ ਜਾਂ ਫੇਰਬਦਲ ਕਰਨਾ ਭਾਵੇਂ ਪਰਗਟ ਸਿੰਘ ਦੇ ਵੱਸ ਦੀ ਗੱਲ ਨਹੀਂ, ਫਿਰ ਵੀ ਬਹੁਤ ਕੁਝ ਅਜਿਹਾ ਹੈ, ਜੋ ਪਰਗਟ ਸਿੰਘ (ਸੱਤਾ ਵਿੱਚ ਆਉਣ ‘ਤੇ) ਕਰ ਸਕਦਾ ਹੈ; ਖਾਸ ਕਰਕੇ ਨਸ਼ਿਆਂ ਦੀ ਰੋਕਥਾਮ, ਖੇਡਾਂ ਨੂੰ ਉਤਾਸ਼ਾਹਿਤ ਕਰਨ, ਵਿਦਿਅਕ ਖੇਤਰ ਸੁਧਾਰਨ ਅਤੇ ਕਰਜਾਮੁਕਤੀ ਦੀ ਦ੍ਰਿਸ਼ਟੀ ਤੋਂ।
ਪਰਗਟ ਸਿੰਘ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦਾ ਐਲਾਨ ਕਾਂਗਰਸ ਹਾਈਕਮਾਨ ਨੇ 2 ਅਕਤੂਬਰ ਨੂੰ ਕੀਤਾ ਹੈ। ਇਸ ਨਾਲ ਕਾਂਗਰਸ ਪਾਰਟੀ ਵਿੱਚ ਮੌਜੂਦ ਧੜੇਬੰਦੀ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਹੱਲ ਕਰਨ ਅਤੇ ਚੋਣਾਂ ਵਿੱਚ ਅਸਰਦਾਰ ਨਤੀਜਿਆਂ ਦੀ ਜ਼ਿੰਮੇਵਾਰੀ ਵੀ ਉਸ ‘ਤੇ ਆਣ ਪਈ ਹੈ। ਇਸ ਪੱਖੋਂ ਸਫਲਤਾ/ਅਸਫਲਤਾ ਪਰਗਟ ਸਿੰਘ ਦੇ ਅਗਲੇ ਸਿਆਸੀ ਭਵਿੱਖ ਨੂੰ ਤੈਅ ਕਰੇਗੀ।
ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੀ ਧੜੇਬੰਦੀ ਤੋਂ ਮੁਕਤ ਹੋਣ ਅਤੇ ਸਾਫ-ਸਫਾਫ ਜਨਤਕ ਅਕਸ ਨੇ ਉਸ ਦੇ ਮੌਜੂਦਾ ਉਭਾਰ ਵਿੱਚ ਕੇਂਦਰੀ ਭੂਮਿਕਾ ਅਦਾ ਕੀਤੀ ਹੈ, ਪਰ ਖਿਡਾਰੀ ਤੋਂ ਰਾਜ ਸਿਆਸਤ ਦੀ ਟੀਸੀ ਤੱਕ ਸਫਰ ਕਰਨ ਵਾਲਾ ਇਹ ਸ਼ਖਸ ਕਿਸਮਤ ਦਾ ਵੀ ਧਨੀ ਹੈ। ਉਸ ਨੇ ਆਪਣੀ ਇੱਕ ਟੀ.ਵੀ. ਇੰਟਰਵਿਊ ਵਿੱਚ ਮੰਨਿਆ ਸੀ ਕਿ ਹਿੰਦੁਸਤਾਨੀ ਹਾਕੀ ਟੀਮ ਵਿੱਚ ਉਸ ਦੀ ਚੋਣ ਵੀ ਕਿਸਮਤ ਨਾਲ ਹੋਈ ਸੀ। ਖਿਡਾਰੀ ਹੋਣ ਦੇ ਨਾਤੇ ਪਰਗਟ ਸਿੰਘ ਪੰਜਾਬ ਪੁਲਿਸ ਵਿੱਚ ਐਸ.ਪੀ. ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਸ ਨੂੰ ਪੰਜਾਬ ਵਿੱਚ ਖੇਡ ਵਿਭਾਗ ਦਾ ਡਾਇਰੈਕਟਰ ਬਣਾਇਆ। ਬਾਅਦ ਵਿੱਚ ਅਕਾਲੀ ਦਲ ਰਾਹੀਂਂ ਉਸ ਨੇ ਪੰਜਾਬ ਸਿਆਸਤ ਵਿੱਚ ਪ੍ਰਵੇਸ਼ ਕੀਤਾ। 2012 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਉਸ ਨੇ ਆਪਣੇ ਕਾਂਗਰਸੀ ਵਿਰੋਧੀ ਤੋਂ 6000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। 2016 ਵਿੱਚ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿੱਪ ਨਾਲ ਮੱਤਭੇਦਾਂ ਕਾਰਨ ਪਰਗਟ ਸਿੰਘ ਨੂੰ ਅਕਾਲੀ ਦਲ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਉਸ ਨੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨਾਲ ਰਲ ਕੇ ‘ਆਵਾਜ਼-ਏ-ਪੰਜਾਬ’ ਨਾਂ ਦਾ ਫਰੰਟ ਕਾਇਮ ਕੀਤਾ ਸੀ। ਉਸੇ ਸਾਲ ਦਸੰਬਰ ਮਹੀਨੇ ਵਿੱਚ ਉਸ ਨੇ ਸਿੱਧੂ ਦੇ ਨਾਲ ਹੀ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਰਗਟ ਸਿੰਘ ਨੇ ਕਾਂਗਰਸ ਪਾਰਟੀ ਦੀ ਟਿਕਟ ‘ਤੇ ਜਲੰਧਰ ਛਾਉਣੀ ਸੀਟ ਤੋਂ ਅਕਾਲੀ ਉਮੀਦਵਾਰ ਤੋਂ ਵੱਡੇ ਫਰਕ (29,000 ਤੋਂ ਵੱਧ ਵੋਟਾਂ) ਨਾਲ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਆਖ਼ਰੀ ਦੌਰ ਵਿੱਚ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਸੀ। ਉਸ ਕੋਲ ਖੇਡਾਂ, ਉਚ ਵਿੱਦਿਆ, ਸਕੂਲੀ ਸਿੱਖਿਆ ਅਤੇ ਪਰਵਾਸੀ ਮਾਮਲੇ ਵੀ ਰਹੇ। 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਗਰਾਫ ਤੇਜ਼ੀ ਨਾਲ ਡਿੱਗਣ ਦੇ ਬਾਵਜੂਦ ਪਰਗਟ ਸਿੰਘ ਨੇ ਜਲੰਧਰ ਛਾਉਣੀ ਤੋਂ ਆਪਣੀ ਸੀਟ ਮੁੜ ਜਿੱਤ ਲਈ ਸੀ। ਇਸ ਤਰ੍ਹਾਂ ਉਹ ਤਿੰਨ ਵਾਰ ਪੰਜਾਬ ਅਸੈਂਬਲੀ ਦਾ ਮੈਂਬਰ ਰਿਹਾ ਹੈ। ਭਾਰੂ ਰੂਪ ਵਿੱਚ ਇੱਕ ਦਲਿਤ ਅਤੇ ਪੱਛੜੇ ਵਰਗਾਂ ਦਾ ਖੇਤਰ ਰਹੇ ਅਸੈਂਬਲੀ ਹਲਕੇ ਤੋਂ ਚੁਣਿਆ ਜਾਂਦਾ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਸਮਾਜ ਵਿੱਚ ਮੌਜੂਦ ਤਿੰਨ ਵੰਡ ਰੇਖਾਵਾਂ (ਫਾਲਟ ਲਾਈਨਜ਼)- ਦਲਿਤ, ਹਿੰਦੂ ਅਤੇ ਸਿੱਖ ਹਲਕਿਆਂ ਵਿੱਚ ਉਸ ਦਾ ਵਿਵਾਦਹੀਣ ਚਿਹਰਾ ਕਬੂਲਿਆ ਜਾਂਦਾ ਰਿਹਾ ਹੈ।
1975 ਦਾ ਸੰਸਾਰ ਹਾਕੀ ਕੱਪ ਜਿੱਤਣ ਤੋਂ ਬਾਅਦ ਹਿੰਦੁਸਤਾਨੀ ਹਾਕੀ ਦੀ ਖੇਡ ਦਾ ਪਤਨ ਤੇਜ਼ੀ ਨਾਲ ਸ਼ੁਰੂ ਹੋ ਗਿਆ ਸੀ। ਪਰਗਟ ਸਿੰਘ ਅਤੇ ਧੰਨਰਾਜ ਪਿੱਲੇ ਦੇ ਦੌਰ ਵਿੱਚ ਇਸ ਦਾ ਮੁੜ ਉਭਾਰ ਸ਼ੁਰੂ ਹੁੰਦਾ ਹੈ। 1985-86 ਵਿੱਚ ਪਰਗਟ ਸਿੰਘ ਦੀ ਖੇਡ ਚਰਮ ਸੀਮਾਂ ‘ਤੇ ਸੀ। ਇਨ੍ਹਾਂ ਸਾਲਾਂ ਵਿੱਚ ਉਹ ਪਾਕਿਸਤਾਨ ਵਿੱਚ ਹੋਈ ਚੈਂਪੀਅਨਸ ਟਰਾਫੀ ਵਿੱਚ ਹਾਲੈਂਡ ਖਿਲਾਫ ਅਤੇ ਇਸ ਤੋਂ ਪਹਿਲਾਂ ਵਿਸ਼ਵ ਕੱਪ ਵਿੱਚ ਜਰਮਨੀ ਖਿਲਾਫ ਇਕੱਲਿਆਂ (ਡਿਫੈਂਡਿੰਗ ਪੁਜ਼ਿਸ਼ਨ ਤੋਂ ਬਾਲ ਫੜ ਕੇ) ਗੋਲ ਕਰਨ ਵਿੱਚ ਸਫਲ ਰਿਹਾ ਸੀ। ਬੰਗਲਾ ਦੇਸ਼ ਵਿੱਚ ਹੋਏ ਏਸ਼ੀਆ ਕੱਪ ਵਿੱਚ ਰੈਫਰੀ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕੀਤੇ ਗਏ ਖਿਡਾਰੀਆਂ ਵਿੱਚ ਵੀ ਉਹ ਸ਼ਾਮਲ ਸੀ। ਫਿਰ ਵੀ ਕਿਸੇ ਤਰ੍ਹਾਂ ਆਪਣਾ ਖੇਡ ਕੈਰੀਅਰ ਬਚਾਉਣ ਵਿੱਚ ਸਫਲ ਰਿਹਾ ਸੀ। ਮਗਰੋਂ ਉਹ ਭਾਰਤੀ ਟੀਮ ਦਾ ਕਪਤਾਨ ਵੀ ਰਿਹਾ ਅਤੇ 1992 ਵਿੱਚ ਖੇਡ ਤੋਂ ਰਿਟਾਇਰ ਹੋਇਆ। ਆਪਣੇ ਸਿਆਸੀ ਕੈਰੀਅਰ ਦੇ ਸਿਖ਼ਰ ‘ਤੇ ਕੀ ਉਹ ਪੰਜਾਬ ਕਾਂਗਰਸ ਨੂੰ ਤਿੱਖੀ ਧੜੇਬੰਦੀ ਵਿੱਚੋਂ ਮੁੜ ਉਭਾਰਨ ਵਿੱਚ ਵੀ ਸਫਲ ਰਹੇਗਾ? ਇਹ ਵੇਖਣਾ ਦਿਲਚਸਪ ਹੋਵੇਗਾ।
———————————-
16 ਸਾਲ ਬਾਅਦ ਦੋਆਬੇ ਨੂੰ ਮਿਲੀ ਸੂਬਾ ਪ੍ਰਧਾਨਗੀ
ਪਰਗਟ ਸਿੰਘ ਦੀ ਨਿਯੁਕਤੀ ਦਾ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਕਰੀਬ 16 ਸਾਲ ਬਾਅਦ ਦੋਆਬਾ ਖੇਤਰ ਤੋਂ ਕੋਈ ਆਗੂ ਪੰਜਾਬ ਕਾਂਗਰਸ ਦੀ ਸੂਬਾ ਇਕਾਈ ਦੀ ਕਮਾਨ ਸੰਭਾਲ ਰਿਹਾ ਹੈ। ਇਸ ਤੋਂ ਪਹਿਲਾਂ 2010 ਵਿੱਚ ਮਹਿੰਦਰ ਸਿੰਘ ਕੇ.ਪੀ. ਇਸ ਅਹੁਦੇ ’ਤੇ ਰਹੇ ਸਨ। ਪਰਗਟ ਸਿੰਘ ਦੋਆਬੇ ਦੇ ਸਿਆਸੀ ਤੌਰ ’ਤੇ ਮਹੱਤਵਪੂਰਨ ਜਲੰਧਰ ਕੈਂਟ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ।
ਕਾਂਗਰਸ ਦੇ ਅੰਦਰੂਨੀ ਸਮੀਕਰਨਾਂ ਦੇ ਮੱਦੇਨਜ਼ਰ ਵੀ ਇਹ ਨਿਯੁਕਤੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਪਾਰਟੀ ਵਿੱਚ ਲੰਮੇ ਸਮੇਂ ਤੋਂ ਵੱਖ-ਵੱਖ ਆਗੂਆਂ ਵਿਚਕਾਰ ਸਿਆਸੀ ਖਿੱਚੋਤਾਣ ਅਤੇ ਅੰਦਰੂਨੀ ਮਤਭੇਦਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ। ਪਰਗਟ ਸਿੰਘ ਕਿਸੇ ਇੱਕ ਵੱਡੇ ਧੜੇ ਦੇ ਆਗੂ ਵਜੋਂ ਨਹੀਂ ਜਾਣੇ ਜਾਂਦੇ। ਇਸ ਕਰਕੇ ਉਨ੍ਹਾਂ ਤੋਂ ਵੱਖ-ਵੱਖ ਧੜਿਆਂ ਅਤੇ ਆਗੂਆਂ ਵਿਚਕਾਰ ਤਾਲਮੇਲ ਬਣਾਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਦੋਆਬੇ ਦੀ ਸਿਆਸਤ ਵੀ ਬਣੀ ਨਿਯੁਕਤੀ ਦਾ ਕੇਂਦਰ
ਦੋਆਬਾ ਪੰਜਾਬ ਦੀ ਸਿਆਸਤ ਵਿੱਚ ਲੰਮੇ ਸਮੇਂ ਤੋਂ ਕਾਂਗਰਸ ਦਾ ਇੱਕ ਮਹੱਤਵਪੂਰਨ ਆਧਾਰ ਰਿਹਾ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਾਲੇ ਇਸ ਖੇਤਰ ਵਿੱਚ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਵੀ ਆਪਣਾ ਆਧਾਰ ਵਧਾਇਆ ਹੈ। ਇਸ ਪਿਛੋਕੜ ਵਿੱਚ ਦੋਆਬੇ ਦੇ ਆਗੂ ਨੂੰ ਸੂਬਾ ਪ੍ਰਧਾਨ ਬਣਾਉਣ ਨੂੰ ਪਾਰਟੀ ਦੀ ਖੇਤਰੀ ਪਹੁੰਚ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪਰਗਟ ਸਿੰਘ ਸਿੱਖਿਆ ਅਤੇ ਖੇਡ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਅਰਜੁਨ ਐਵਾਰਡ ਅਤੇ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਪਿਛੋਕੜ ਕਾਰਨ ਉਨ੍ਹਾਂ ਦੀ ਸਿਆਸੀ ਪਛਾਣ ਪਾਰਟੀ ਦੇ ਹੋਰ ਆਗੂਆਂ ਨਾਲੋਂ ਵੱਖਰੀ ਹੈ। ਖੇਡਾਂ, ਨੌਜਵਾਨਾਂ, ਬੇਰੁਜ਼ਗਾਰੀ, ਨਸ਼ਿਆਂ, ਕਾਨੂੰਨ-ਵਿਵਸਥਾ ਅਤੇ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ’ਤੇ ਉਹ ਅਕਸਰ ਬੋਲਦੇ ਰਹੇ ਹਨ।
ਪਰਿਵਾਰ ਵਿੱਚ ਵੀ ਖੁਸ਼ੀ ਦਾ ਮਾਹੌਲ
ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਵੀ ਖੁਸ਼ੀ ਮਨਾਈ ਗਈ। ਉਨ੍ਹਾਂ ਦੀ ਪਤਨੀ ਬਰਿੰਦਰ ਕੌਰ ਨੇ ਕਿਹਾ ਕਿ ਪਰਿਵਾਰ ਲਈ ਇਹ ਦੋਹਰੀ ਖੁਸ਼ੀ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰ ਵਿੱਚ ਪਹਿਲੇ ਪੋਤੇ ਤੇਗ ਦਾ ਜਨਮ ਹੋਇਆ ਸੀ, ਉਸੇ ਸਮੇਂ ਪਰਗਟ ਸਿੰਘ ਵਿਧਾਇਕ ਬਣੇ ਸਨ ਅਤੇ ਹੁਣ ਦੂਜੇ ਪੋਤੇ ਦੇ ਜਨਮ ਦੇ ਸਮੇਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਅਗਵਾਈ ਦੀ ਜ਼ਿੰਮੇਵਾਰੀ ਮਿਲੀ ਹੈ। ਬਰਿੰਦਰ ਕੌਰ ਨੇ ਕਿਹਾ ਕਿ ਪਰਗਟ ਸਿੰਘ ਖਿਡਾਰੀ ਰਹੇ ਹਨ ਅਤੇ ਖਿਡਾਰੀ ਲਈ ਚੁਣੌਤੀਆਂ ਕੋਈ ਨਵੀਂ ਗੱਲ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਮਜਬੂਤੀ ਨਾਲ ਉਠਾਉਣਗੇ।
-ਪੰਜਾਬੀ ਪਰਵਾਜ਼ ਬਿਊਰੋ
