ਅਸ਼ਵਨੀ ਚਤਰਥ, ਬਟਾਲਾ
ਫੋਨ:+91-6284220595
ਅਜੋਕੇ ਮਨਸੂਈ ਬੁੱਧੀ ਦੇ ਯੁੱਗ ਵਿੱਚ ਹਰ ਕੋਈ ਆਪਣੇ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਬਨਾਉਟੀ ਬੁੱਧੀ ਦੀ ਭਾਲ ਕਰਨ ਲੱਗ ਜਾਂਦਾ ਹੈ। ਇਹ ਹੀ ਗੱਲ ਬੱਚਿਆਂ ਉੱਤੇ ਵੀ ਲਾਗੂ ਹੁੰਦੀ ਹੈ, ਭਾਵ ਬੱਚੇ ਆਪਣੀਆਂ ਸ਼ੰਕਾਵਾਂ ਘਰ ਦੇ ਸਿਆਣਿਆਂ ਨਾਲ ਸਾਂਝੀਆਂ ਕਰਨ ਦੀ ਬਜਾਏ ਇਟਰਨੈੱਟ ਤੋਂ ਹੀ ਉਨ੍ਹਾਂ ਦੇ ਜਵਾਬ ਲੱਭਣ ਲੱਗ ਜਾਂਦੇ ਹਨ। ਇਸ ਤਰ੍ਹਾਂ ਬੱਚਿਆਂ ਅਤੇ ਮਾਪਿਆਂ ਦੀ ਸਾਂਝ ਘਟਣ ਕਰਕੇ ਉਨ੍ਹਾਂ ਦਾ ਭਾਵਨਾਤਮਿਕ ਵਿਕਾਸ ਕਿਤੇ ਨਾ ਕਿਤੇ ਪੱਛੜ ਜਾਂਦਾ ਹੈ।
ਅਜਿਹੇ ਵਿੱਚ ਉਨ੍ਹਾਂ ਦੀ ਭਾਵਨਾਤਮਿਕ ਬੁੱਧੀ ਦੇ ਵਿਕਾਸ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਅਹਿਮ ਭੂਮਿਕਾ ਬਣ ਜਾਂਦੀ ਹੈ। ਭਾਵਨਾਤਮਿਕ ਬੁੱਧੀ ਤੋਂ ਭਾਵ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਸਮਝ ਕੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਪ੍ਰਗਟਾਵਾ ਕਰਨਾ। ਮਨਸੂਈ ਬੁੱਧੀ ਤਾਂ ਸਿਰਫ਼ ਉਹ ਕੰਮ ਕਰ ਸਕਦੀ ਹੈ, ਜੋ ਉਸ ਮਸ਼ੀਨ ਵੱਲੋਂ ਪਿਛਲੇ ਸਮੇਂ ਵਿੱਚ ਅਨੇਕਾਂ ਵਾਰ ਕੀਤਾ ਗਿਆ ਹੋਵੇ ਜਾਂ ਜੋ ਉਸ ਵਿੱਚ ਪਹਿਲਾਂ ਤੋਂ ਹੀ ਨਿਰਧਾਰਤ ਕੀਤਾ ਗਿਆ ਹੋਵੇ। ਮਨਸੂਈ ਬੁੱਧੀ ਕਦੇ ਵੀ ਮਨੁੱਖੀ ਹੁਨਰ ਦੀ ਥਾਂ ਨਹੀਂ ਲੈ ਸਕਦੀ ਜਦਕਿ ਮਨੁੱਖ ਦੀ ਕੁਦਰਤੀ ਬੁੱਧੀ ਵਿੱਚ ਭਾਵਨਾਤਮਿਕ ਫੈਸਲੇ ਲੈਣੇ ਤੇ ਭਾਵਨਾਤਮਿਕ ਰਿਸ਼ਤੇ ਕਾਇਮ ਕਰਨ ਦੀ ਕਾਬਲਿਅਤ ਹੁੰਦੀ ਹੈ। ਇਸ ਤਰੀਕੇ ਨਾਲ ਆਦਮੀ ਦੀ ਕੁਦਰਤੀ ਭਾਵਨਾਤਮਿਕ ਲਿਆਕਤ ਮਸ਼ੀਨੀ ਬੁੱਧੀ ਤੋਂ ਕਿਤੇ ਜ਼ਿਆਦਾ ਅਹਿਮੀਅਤ ਰੱਖਦੀ ਹੈ।
ਇਨ੍ਹਾਂ ਗੱਲਾਂ ਨੂੰ ਵੇਖਦਿਆਂ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚਿਆਂ ਵਿੱਚ ਸਮਾਜਿਕ ਰਿਸ਼ਤੇ ਕਾਇਮ ਕਰਨ ਲਈ, ਉਨ੍ਹਾਂ ਨੂੰ ਭਾਵਨਾਤਮਿਕ ਪੱਖੋਂ ਮਜਬੂਤ ਇਨਸਾਨ ਬਣਾਉਣ ਲਈ ਅਤੇ ਜ਼ਿੰਦਗੀ ਵਿੱਚ ਸਹੀ ਦਿਸ਼ਾ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਸੰਵਾਰਨ ਲਈ ਉਨ੍ਹਾਂ ਨੂੰ ਭਾਵਨਾਪਰਿਪੱਕ ਇਨਸਾਨ ਬਣਾਉਣਾ ਚਾਹੀਦਾ ਹੈ। ਅਜਿਹਾ ਕਰਨ ਲਈ ਉਨ੍ਹਾਂ ਵਿੱਚ ਸਵੈ–ਨਿਯੰਤਰਨ ਦਾ ਗੁਣ, ਜ਼ਿੰਦਗੀ ਦੀਆਂ ਠੋਕਰਾਂ ਕਾਰਨ ਮਿਲਨ ਵਾਲੀਆਂ ਅਸਫਲਤਾਵਾਂ ਤੋਂ ਫਿਰ ਤੋਂ ਉਭਰਨ ਦਾ ਗੁਣ, ਦੂਜਿਆਂ ਪ੍ਰਤੀ ਹਮਦਰਦੀ ਅਤੇ ਆਪਣੀਆਂ ਕਮੀਆਂ ਅਤੇ ਕਾਬਲੀਅਤਾਂ ਬਾਰੇ ਸਵੈ–ਜਾਗਰੂਕ ਹੋਣਾ ਆਦਿ ਜਿਹੇ ਗੁਣ ਪੈਦਾ ਕਰਨਾ ਜ਼ਰੂਰੀ ਹੋ ਜਾਂਦਾ ਹੈ। ਦਿਆਲਤਾ, ਹਮਦਰਦੀ ਅਤੇ ਦਰਿਆਦਿਲੀ ਅਜਿਹੇ ਗੁਣ ਹਨ, ਜੋ ਕਿ ਘਰ ਦੇ ਕੁਦਰਤੀ ਮਾਹੌਲ ਵਿੱਚ ਹੀ ਪੈਦਾ ਕੀਤੇ ਜਾ ਸਕਦੇ ਹਨ ਅਤੇ ਸਕੂਲ ਵਿੱਚ ਇਨ੍ਹਾਂ ਗੁਣਾਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ- ਭਾਵ ਇਨ੍ਹਾਂ ਦਾ ਵਿਕਾਸ ਹੁੰਦਾ ਹੈ। ਮਾਪੇ ਆਪਣੇ ਘਰ ਵਿੱਚ ਗੱਲਬਾਤ ਜਾਂ ਵਿਚਾਰ-ਵਟਾਂਦਰੇ ਦੌਰਾਨ ਰਜ਼ਾਮੰਦੀ ਅਤੇ ਸਹਿਣਸ਼ੀਲਤਾ ਆਦਿ ਗੁਣਾਂ ਦਾ ਪ੍ਰਗਟਾਵਾ ਕਰਕੇ ਬੱਚਿਆਂ ਵਿੱਚ ਅਜਿਹੇ ਗੁਣਾਂ ਦੇ ਵਿਕਾਸ ਲਈ ਮੌਕੇ ਪੈਦਾ ਕਰ ਸਕਦੇ ਹਨ।
ਵਿਗਿਆਨਕ ਖੋਜਾਂ ਵਿੱਚ ਵੀ ਵੇਖਿਆ ਗਿਆ ਹੈ ਕਿ ਮਾਪਿਆਂ ਤੇ ਬੱਚਿਆਂ ਦੇ ਸੁਹਿਰਦ ਰਿਸ਼ਤੇ ਬੱਚਿਆਂ ਵਿੱਚ ਮਜਬੂਤ ਭਾਵਨਾਤਮਿਕ ਬੁੱਧੀ ਦਾ ਵਿਕਾਸ ਕਰਨ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਉਂਦੇ ਹਨ। ਗੱਲ ਕਰੀਏ ਜੇਕਰ ਪੁਰਾਣੇ ਸਮੇਂ ਦੀ ਤਾਂ ਉਨ੍ਹਾਂ ਸਮਿਆਂ ’ਚ ਪਰਿਵਾਰ ਵੱਡੇ ਹੋਇਆ ਕਰਦੇ ਸਨ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਇਆ ਕਰਦੀ ਸੀ। ਉਸ ਸਮੇਂ ਦੇ ਮਾਪਿਆਂ ਜਾਂ ਘਰ ਦੇ ਕਿਸੇ ਸਿਆਣੇ ਵੱਲੋਂ ਬੱਚੇ ਨੂੰ ਆਵਾਜ਼ ਦੇਣ ’ਤੇ ਬੱਚੇ ਦੇ ਕੰਨ ਖੜ੍ਹੇ ਹੋ ਜਾਂਦੇ ਸਨ ਅਤੇ ਉਹ ਝੱਟ ਹੀ ਸਿਆਣੇ ਕੋਲ ਆ ਕੇ ‘ਹਾਂ ਜੀ’ ਕਹਿ ਕੇ ਬੁਲਾਏ ਜਾਣ ਦਾ ਕਾਰਨ ਪੁੱਛਦਾ ਸੀ ਤੇ ਦੱਸਿਆ ਗਿਆ ਕੰਮ ਜਲਦੀ ਨਾਲ ਕਰ ਦਿੰਦਾ ਸੀ। ਬੱਚਿਆਂ ਕੋਲੋਂ ‘ਨਾਂਹ’ ਕਹਿਣ ਦੀ ਉਮੀਦ ਨਹੀਂ ਸੀ ਕੀਤੀ ਜਾਂਦੀ। ਸਮਾਂ ਬਦਲਿਆ ਅਤੇ ਪਰਿਵਾਰ ਛੋਟੇ ਹੋਣ ਲੱਗੇ ਭਾਵ ਪਰਿਵਾਰ ਵਿੱਚ ਬੱਚਿਆਂ ਦੀ ਗਿਣਤੀ ਆਮ ਤੌਰ `ਤੇ ਇਕ ਜਾਂ ਦੋ ਹੋਣ ਲੱਗ ਪਈ। ਅਜਿਹੇ ਹਾਲਾਤਾਂ ਵਿੱਚ ਨਵੇਂ ਜ਼ਮਾਨੇ ਦੇ ਮਾਪਿਆਂ ਵੱਲੋਂ ਬੱਚਿਆਂ ਦੇ ਪਾਲਣ ਪੋਸ਼ਣ ਉੱਤੇ ਦਿੱਤੀ ਜਾਣ ਵਾਲੀ ਤਵੱਜੋ ਵਧੇਰੇ ਕੇਂਦਰਿਤ ਅਤੇ ਵਿਹਾਰਕ ਹੋਣ ਲੱਗ ਪਈ। ਸਮਾਂ ਅਜਿਹਾ ਆਇਆ ਕਿ ਸਿਆਣਿਆਂ ਵੱਲੋਂ ਬੱਚਿਆਂ ਨੂੰ ਝਿੜਕਣ ਰੂਪੀ ਤਾੜਨਾ ਦੀ ਥਾਂ ਉਨ੍ਹਾਂ ਨੂੰ ਲਾਡ-ਪਿਆਰ ਨਾਲ ਸਮਝਾਉਣ ਨੇ ਲੈ ਲਈ। ਭਾਵੇਂ ਕਿ ਪੁਰਾਣੇ ਜ਼ਮਾਨੇ ਦੇ ਮਾਪਿਆਂ ਵੱਲੋਂ ਬੱਚਿਆਂ ਨੂੰ ਝਿੜਕਣ ਦਾ ਮੰਤਵ ਬੱਚਿਆਂ ਨੂੰ ਸਹੀ ਲੀਹ `ਤੇ ਲਿਆਉਣਾ ਹੁੰਦਾ ਸੀ।
ਇਸ ਤੋਂ ਬਾਅਦ ਸਮੇਂ ਦਾ ਚੱਕਾ ਹੋਰ ਘੁੰਮਿਆ ਅਤੇ ਤਕਨਾਲੋਜੀ ਦਾ ਵਿਕਾਸ ਹੋਇਆ, ਜਿਸ ਨਾਲ ਇਲੈਕਟ੍ਰਾਨਿਕਸ ਦੀਆਂ ਅਨੇਕਾਂ ਮਸ਼ੀਨਾਂ ਜਿਵੇਂ ਮੋਬਾਇਲ ਫ਼ੋਨ, ਸਮਾਰਟ ਫ਼ੋਨ, ਹੈਡ ਫ਼ੋਨ, ਈਅਰ ਫ਼ੋਨ, ਬਲਿਊ ਟੁਥ ਅਤੇ ਵੀਡੀਓ ਗੇਮਜ਼ ਜਿਹੇ ਅਨੇਕਾਂ ਆਧੁਨਿਕ ਸਾਧਨਾਂ ਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਬੱਚੇ ਲੰਮਾ-ਲੰਮਾ ਸਮਾਂ ਮੋਬਾਇਲ ਉੱਤੇ ਗੱਲਾਂ ਕਰਦੇ ਹਨ, ਚੈਟਿੰਗ ਕਰਦੇ ਹਨ ਜਾਂ ਫਿਰ ਵੀਡੀਓ ਗੇਮਜ਼ ਖੇਡਦੇ ਰਹਿੰਦੇ ਹਨ। ਆਧੁਨਿਕ ਯੁੱਗ ਦੇ ਅਜਿਹੇ ਸਾਧਨਾਂ ਨੇ ਬੱਚਿਆਂ ਨੂੰ ਕੰਮਾਂ-ਕਾਰਾਂ ਤੋਂ ਸਿਰਫ ਨਕਾਰਾ ਹੀ ਨਹੀਂ ਕਰ ਛੱਡਿਆ, ਸਗੋਂ ਉਹ ਭਾਵਨਾਰਹਿਤ ਵੀ ਬਣ ਗਏ ਹਨ। ਉਨ੍ਹਾਂ ਵਿੱਚ ਸਿਆਣਿਆਂ ਦੀ ਗੱਲ ਸੁਣਨ ਅਤੇ ਸਹੀ ਤਰੀਕੇ ਨਾਲ ਜਵਾਬ ਦੇਣ ਦੇ ਵਿਹਾਰ ਵਿੱਚ ਵੱਡੀ ਤਬਦੀਲੀ ਆ ਗਈ ਹੈ। ਅਜੋਕੇ ਬੱਚਿਆਂ ਵਿੱਚ ਭਾਵਨਾਤਮਿਕ ਵਿਕਾਸ ਨਾ ਹੋਣ ਕਰਕੇ ਉਹ ਜ਼ਿਆਦਾ ਜ਼ਿੱਦੀ, ਅੱਖੜ, ਗੁਸੈਲ ਅਤੇ ਚਿੜਚਿੜੇ ਸੁਭਾਅ ਵਾਲੇ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿੱਚ ਵੱਡਿਆਂ ਦਾ ਸਤਿਕਾਰ ਕਰਨ ਅਤੇ ਘਰੇਲੂ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਣਦਾ ਸਤਿਕਾਰ ਦੇਣ ਵਿੱਚ ਕਮੀ ਆਈ ਹੈ।
ਅਜੋਕੇ ਯੁੱਗ ਦੀ ਇੱਕ ਹੋਰ ਦੇਣ ਇਹ ਵੀ ਹੈ ਕਿ ਉਚੇਰੀ ਪੜ੍ਹਾਈ ਲਈ ਬੱਚਿਆਂ ਨੂੰ ਦੂਰ-ਦੁਰੇਡੇ ਥਾਵਾਂ ਉੱਤੇ ਭੇਜਣਾ ਪੈ ਰਿਹਾ ਹੈ, ਜਿਸ ਨਾਲ ਬੱਚੇ ਲੰਮਾ ਸਮਾਂ ਘਰੇਲੂ ਵਾਤਾਵਰਨ ਤੋਂ ਦੂਰ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਦਾ ਘਰੇਲੂ ਰਿਸ਼ਤਿਆਂ ਪ੍ਰਤੀ ਮੋਹ ਘੱਟ ਜਾਂਦਾ ਹੈ ਅਤੇ ਉਹ ਇਕੱਲੇ ਰਹਿਣਾ ਪਸੰਦ ਕਰਦੇ ਹਨ ਤੇ ਸਿਆਣਿਆਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਸੁਣਦੇ ਹਨ। ਜਾਂ ਕਹਿ ਲਈਏ ਕਿ ਉਹ ਵੱਡਿਆਂ ਨੂੰ ਪੁਰਾਣੇ ਵਿਚਾਰਾਂ ਵਾਲੇ ਅਤੇ ਬੇਸਮਝ ਸਮਝਣ ਲੱਗਦੇ ਹਨ। ਇੱਕ ਵਾਕ ਜੋ ਅਕਸਰ ਬੱਚਿਆਂ ਕੋਲੋਂ ਵਡੇਰਿਆਂ ਨੂੰ ਸੁਣਨ ਨੂੰ ਮਿਲਦਾ ਉਹ ਹੈ, ‘ਤੁਹਾਨੂੰ ਨਹੀਂ ਪਤਾ।’ ਅਸਲੀਅਤ ਇਹ ਹੈ ਕਿ ਉਚੇਰੀ ਪੜ੍ਹਾਈ ਲਈ ਬੱਚਿਆਂ ਨੂੰ ਵੱਡੇ ਸ਼ਹਿਰਾਂ, ਜਿਨ੍ਹਾਂ ਨੂੰ ‘ਮਸ਼ੀਨੀ ਸ਼ਹਿਰ’ ਵੀ ਕਹਿ ਸਕਦੇ ਹਾਂ, ਵਿਚ ਭੇਜਣ ਨਾਲ ਉਨ੍ਹਾਂ ਦਾ ਜੀਵਨ ਢੰਗ ਵੀ ਮਸ਼ੀਨੀ ਹੋ ਜਾਂਦਾ ਹੈ। ਮਾਂ ਦੇ ਹੱਥੋਂ ਮਿਲਣ ਵਾਲੇ ਮੋਹ, ਪਿਆਰ ਅਤੇ ਮਿਠਾਸ ਭਰੇ ਘਰੇਲੂ ਖਾਣੇ ਦੀ ਬਜਾਏ ਬਜ਼ਾਰ ਦਾ ਡੱਬਾ ਬੰਦ ਤੇ ਮਸ਼ੀਨੀ ਖਾਣਾ ਖਾਣ ਨਾਲ ਉਨ੍ਹਾਂ ਦੀ ਪਰਿਵਾਰਕ ਰਿਸ਼ਤਿਆਂ ਨੂੰ ਨਿਭਾਉਣ ਦੀ ਸੋਚ ਵੀ ਮਸ਼ੀਨੀ ਹੋ ਜਾਂਦੀ ਹੈ ਜਿਸ ਵਿੱਚ ਪਿਆਰ, ਸਤਿਕਾਰ ਅਤੇ ਮਿਲਵਰਤਨ ਦੀ ਥਾਂ ’ਤੇ ਡੰਗ ਟਪਾਊ ਮਸ਼ੀਨੀ ਵਿਚਾਰਧਾਰਾ ਹਾਵੀ ਹੋ ਜਾਂਦੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਮਾਪੇ ਕੀ ਕਰਨ- ਇਸਦਾ ਜਵਾਬ ਇਹ ਹੈ ਕਿ ਬੱਚਿਆਂ ਨੂੰ ਬਚਪਨ ਵਿੱਚ ਹੀ ਘਰੇਲੂ ਕਦਰਾਂ ਕੀਮਤਾਂ ਜਿਵੇਂ ਵੱਡਿਆਂ ਦਾ ਸਤਿਕਾਰ ਕਰਨਾ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੂੰ ਭਾਵਨਾਤਮਿਕ ਪੱਖੋਂ ਮਜਬੂਤ ਬਣਾਉਣਾ ਚਾਹੀਦਾ ਹੈ ਤਾਂ ਜੋ ਵੱਡੇ ਹੋ ਕੇ ਵੀ ਇਨ੍ਹਾਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ। ਜੇਕਰ ਨਿੱਕੀ ਉਮਰੇ ਹੀ ਬੱਚਿਆਂ ਦੀ ਤਵੱਜੋ ਸ਼ਕਤੀ, ਉਨ੍ਹਾਂ ਦਾ ਮਿਜ਼ਾਜ, ਅਨੁਕੂਲਤਾ, ਹਲਾਤਾਂ ਨੂੰ ਸਮਝਣ ਦੀ ਸਮਰੱਥਾ ਅਤੇ ਇੱਛਾ-ਸ਼ਕਤੀ ਜਿਹੇ ਗੁਣਾਂ ਨੂੰ ਸੁਆਰਿਆ ਜਾਵੇ ਤਾਂ ਅਜਿਹੀ ਮਜਬੂਤ ਸ਼ਖਸੀਅਤ ਵਾਲੇ ਬੱਚੇ ਪਰਿਵਾਰ ਅਤੇ ਸਮਾਜ ਲਈ ਵਧੇਰੇ ਵਿਹਾਰਕ ਤੇ ਫ਼ਾਇਦੇਮੰਦ ਸਾਬਿਤ ਹੋ ਸਕਦੇ ਹਨ।
