ਬਾਈ ਹਰਦੀਪ ਗਿੱਲ ਦੀ ਗਾਇਕੀ ਦੇ ਜਲਵੇ ਨੇ ਸਰੋਤੇ ਸਰਸ਼ਾਰ ਕੀਤੇ

ਸਾਹਿਤਕ ਤੰਦਾਂ ਖਬਰਾਂ ਗੂੰਜਦਾ ਮੈਦਾਨ

ਮਹਿਫ਼ਿਲ-ਏ-ਯਾਰ
ਦਿਆਲਪੁਰੀ
ਪੁਰਾਣਾ ਮਾਖਿਓਂ, ਪੁਰਾਣਾ ਮਾਖਿਓਂ ਹੀ ਹੁੰਦਾ- ਸ਼ੁੱਧ ਤੇ ਗੁਣਾਂ ਨਾਲ ਭਰਪੂਰ। ਇਹ ਗੱਲ ਬਾਈ ਹਰਦੀਪ ਗਿੱਲ ਦੀ ਗਾਇਕੀ ਦੇ ਰੰਗ ਮਾਨਣ ਵਾਲੇ ਭਲੀਭਾਂਤ ਜਾਣਦੇ ਹਨ, ਕਿਉਂਕਿ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਸਾਫ਼-ਸਫਾਫ ਅਤੇ ਸੱਭਿਆਚਾਰਕ ਗਾਇਕੀ ਲਈ ਜਾਣੇ ਜਾਂਦੇ ਇਸ ਮਸ਼ਹੂਰ ਲੋਕ ਗਾਇਕ ਦੀ ਗਾਇਕੀ ਇੱਕ ਵੱਖਰੇ ਹੀ ਅੰਦਾਜ਼ ਵਾਲੀ, ਸ਼ੁੱਧ, ਸਾਹਿਤ ਤੇ ਸੱਭਿਆਚਾਰ ਵਿੱਚ ਪਰੁੰਨੀ ਹੈ। ਉਹ ਯਾਰਾਂ ਦਾ ਯਾਰ ਵੀ ਹੈ, ਇਸੇ ਲਈ ਆਪਣੇ ਯਾਰਾਂ ਦੇ ਸੱਦੇ `ਤੇ ਮਹਿਮਾਨ ਵਜੋਂ ਸ਼ਿਕਾਗੋ ਵਿੱਚ ਇੱਕ ਪਰਿਵਾਰਕ ਮਹਿਫ਼ਿਲ ਵਿੱਚ ਕੁਝ ਗੱਲਾਂ ਤੇ ਕੁਝ ਗੀਤ-ਸੰਗੀਤ ਰਾਹੀਂ ਰੰਗ ਬੰਨ੍ਹ ਕੇ ਗਿਆ ਹੈ।

ਸ਼ਿਕਾਗੋਲੈਂਡ ਦੀਆਂ ਭਾਈਚਾਰਕ ਸ਼ਖਸੀਅਤਾਂ- ਜੈਦੇਵ ਸਿੰਘ (ਸੱਤੀ) ਭੱਠਲ ਤੇ ਪਰਮਿੰਦਰ ਸਿੰਘ ਵਾਲੀਆ ਦੇ ਵਿਸ਼ੇਸ਼ ਸੱਦੇ ਉਤੇ ਅਤੇ ਉਨ੍ਹਾਂ ਵੱਲੋਂ ਹੀ ਅਟਲਾਂਟਿਸ ਬੈਂਕੁਇਟ ਹਾਲ ਵਿੱਚ ਲੰਘੇ ਸ਼ਨਿਚਰਵਾਰ ਨੂੰ ਆਯੋਜਿਤ ਨਿੱਜੀ ਪ੍ਰੋਗਰਾਮ ਵਿੱਚ ਬਾਈ ਹਰਦੀਪ ਗਿੱਲ ਨੇ ਆਪਣੀ ਗਾਇਕੀ ਦੇ ਜਲਵਿਆਂ ਨਾਲ ਚੰਗੀਆਂ ਰੌਣਕਾਂ ਲਾਈਆਂ। ਇਹ ਉਨ੍ਹਾਂ ਨੂੰ ਮਿਲਣ-ਗਿਲਣ ਤੇ ਉਨ੍ਹਾਂ ਦੇ ਉਮਦਾ ਗੀਤਾਂ ਨੂੰ ਸੁਣਨ ਦਾ ਮਨੋਰੰਜਕ ਸਬੱਬ ਸੀ। ਇੱਥੇ ਇਹ ਕਹਿਣਾ ਕੁਥਾਂ ਨਹੀਂ ਕਿ ਗਾਇਕੀ ਦੇ ਖੇਤਰ ਵਿੱਚ ਕਿਸੇ ਸਮੇਂ ਬਾਈ ਹਰਦੀਪ ਗਿੱਲ ਦੀ ਤੂਤੀ ਬੋਲਦੀ ਸੀ, ਪਰ ਕੁਝ ਵਕਫ਼ੇ ਪਿੱਛੋਂ ਉਹ ਆਪਣੇ ਨਵੇਂ ਗੀਤ ‘ਨੋਟ ਹਜ਼ਾਰਾਂ ਵਾਰ ਦਿਆਂ ਤੇਰੇ ਇੱਕ ਇੱਕ ਗੇੜੇ ਤੋਂ’ ਨਾਲ ਮੁੜ ਚਰਚਾ ਵਿੱਚ ਹਨ।
ਬਾਈ ਹਰਦੀਪ ਗਿੱਲ ਨੇ ਪ੍ਰੋਗਰਾਮ ਦੌਰਾਨ ਗਾਉਣ ਦਾ ਆਗਾਜ਼ ਕਰਦਿਆਂ “ਤੈਨੂੰ ਘੁੰਡ ਕੱਢਣਾ ਨਾ ਆਇਆ” ਗੀਤ ਪੇਸ਼ ਕੀਤਾ। ਫਿਰ ਉਨ੍ਹਾਂ ਨੇ “ਦਿਲ ਲੈ ਗਿਆ ਸੰਧੂਰੀ ਪੱਗ ਵਾਲਾ” ਅਤੇ “ਮੁੰਡੇ ਗੱਭਰੂ ਪੰਜਾਬੀ” ਗਾਇਆ ਤਾਂ ਨੱਚਣ ਦਾ ਮਾਹੌਲ ਉਦੋਂ ਹੀ ਬਣ ਗਿਆ ਸੀ। ਉਂਝ ਇਸ ਦੌਰਾਨ ਸਾਹਿਤ ਪ੍ਰੇਮੀ ਡਾ. ਵਿਕਰਮ ਗਿੱਲ “ਸ਼ਹਿਰ ਪਟਿਆਲੇ ਦੇ” ਗੀਤ ਦੀ ਹਿਸਟਰੀ ਜਾਨਣਾ ਚਾਹ ਰਹੇ ਸਨ, ਪਰ ਪ੍ਰੋਗਰਾਮ ਦੀ ਨਿਰੰਤਰਤਾ ਬਣੀ ਰਹੇ, ਇਸ ਲਈ ਡਾ. ਗਿੱਲ ਨੂੰ ਸਵਾਲ-ਜਵਾਬ ਕਰਨ ਤੋਂ ਰੋਕ ਦਿੱਤਾ ਗਿਆ। ਬਾਅਦ ਵਿੱਚ “ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ” ਅਤੇ ਨਾਲ ਹੀ ਲੋਕ ਬੋਲੀਆਂ ਗਾ ਕੇ ਬਾਈ ਹਰਦੀਪ ਨੇ ਪਿੜ ਬੰਨ ਲਿਆ। ਪੀਣ ਦੇ ਸ਼ੌਕੀਨਾਂ ਲਈ ਉਨ੍ਹਾਂ ਨੇ ਗੀਤ “ਥੋੜ੍ਹਾ ਜਿਹਾ ਪਾਇਆ ਪਾਣੀ, ਬਾਕੀ ਦਾ ਖ਼ਬਰੇ ਕੀ ਮਿੱਤਰੋ” ਗਾਇਆ। “ਸ਼ਹਿਰ ਪਟਿਆਲੇ ਦੇ”, “ਚੰਡੀਗੜ੍ਹ ਸ਼ਹਿਰ ਦੀ ਕੁੜੀ”, “ਇੱਟ ਵਰਗੀ ਪੱਕੀ ਏ ਜੱਟਾਂ ਦੀ ਯਾਰੀ”, “ਨੋਟ ਹਜ਼ਾਰਾਂ ਵਾਰ ਦਿਆਂ” ਸਮੇਤ ਹੋਰ ਗੀਤ ਗਾ ਕੇ ਪੂਰਾ ਮਾਹੌਲ ਬਣਾਈ ਰੱਖਿਆ।
ਬਾਈ ਗਿੱਲ ਨੇ ਮਰਹੂਮ ਗੀਤਕਾਰ ਗਿੱਲ ਸੁਰਜੀਤ ਦੇ ਗੀਤ ਗਾਏ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਕੁਝ ਕਿੱਸੇ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ “ਅੱਜ ਮੈਂ ਆਪਣੇ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ ਨਾਂ ਲੈ ਕੇ ਬਦਨਾਮ ਕਰਾਂਗਾ” ਗੀਤ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਆ। ਸਰੋਤਿਆਂ ਵਿੱਚੋਂ ਆਵਾਜ਼ ਆਈ ਕਿ ਉਸ ਕੁੜੀ ਦਾ ਨਾਂ ਦੱਸ ਦਿਓ, ਤਾਂ ਬਾਈ ਗਿੱਲ ਦਾ ਜਵਾਬ ਸੀ, “ਉਸ ਕੁੜੀ ਦਾ ਨਾਂ ਹੈ- ਪੰਜਾਬੀ ਮਾਂ ਬੋਲੀ।” ਅਤੇ ਹਾਲ ਤਾੜੀਆਂ ਨਾਲ ਗੂੰਜ ਉੱਠਿਆ। “ਕਿਤੋਂ ਲੱਭ ਕੇ ਲਿਆਵੋ, ਗੁੰਮ ਹੋ ਗਈ ਜਵਾਨੀ” ਅਤੇ ਅਖੀਰ ਵਿੱਚ “ਦੁਨੀਆ ਉੱਤੇ ਛਾ ਗਈ ਯਾਰੋ ਪੱਗ ਸਰਦਾਰਾਂ ਦੀ” ਗੀਤਾਂ ਨਾਲ ਤਾਂ ਸਾਰੇ ਪੂਰੀ ਤਰ੍ਹਾਂ ਖਿੜ ਪਏ।
ਇਸ ਸਮਾਗਮ ਵਿੱਚ ਸਾਜਿੰLਦੇ ਤਾਂ ਭਾਵੇਂ ਨਹੀਂ ਸਨ, ਉਂਜ ਬਾਈ ਹਰਦੀਪ ਗਿੱਲ ਨੇ ਆਪਣੇ ਗੀਤਾਂ ਦੇ ਸੰਗੀਤ-ਟਰੈਕ ਉਤੇ ਆਪਣੀ ਉਮਰ ਦੇ ਪੜਾਅ ਦੇ ਬਾਵਜੂਦ ਦਮਦਾਰ ਆਵਾਜ਼ ਰਾਹੀਂ ਮਹਿਮਾਨਾਂ ਦਾ ਭਰਪੂਰ ਮਨੋਰੰਜਨ ਕੀਤਾ। ਕਿਸੇ ਸਮੇਂ ਹਾਕੀ ਖੇਡਦੇ ਰਹੇ ਬਾਈ ਗਿੱਲ ਨੂੰ ਸਟੇਜ ਉਤੇ ਪੇਸ਼ਕਾਰੀ ਦੌਰਾਨ ਗੱਲਾਂ ਦੇ ਗੋਲ਼ ਕਰਨੇ ਵੀ ਆਉਂਦੇ ਹਨ। ਸਮਾਗਮ ਦੌਰਾਨ ਉਨ੍ਹਾਂ ਆਪਣੇ ਮਿੱਤਰਾਂ-ਪਰਮਿੰਦਰ ਵਾਲੀਆ ਤੇ ਸੱਤੀ ਭੱਠਲ ਅਤੇ ਜਾਣੂੰਆਂ- ਜੋਧ ਸਿੱਧੂ, ਮਿਸ਼ੀਗਨ ਤੋਂ ਆਏ ਗੀਤਕਾਰ ਤੇ ਕਵੀ ਸਿਕੰਦਰ ਸਿੰਘ ਔਜਲਾ, ਸੁਖਵੀਰ ਸੋਹੀ, ਅਵਤਾਰ ਸਿੰਘ ਤੇ ‘ਭੰਗੜਾ ਰਾਈਮਜ਼’ ਦੇ ਅਮਨ ਕੁਲਾਰ ਆਦਿ ਨਾਲ ਪੂਰਾ ਰਾਬਤਾ ਬਣਾਈ ਰੱਖਿਆ। ਉਨ੍ਹਾਂ ਆਏ ਮਹਿਮਾਨਾਂ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ। ਮਹਿਮਾਨਾਂ ਨੇ ਮਾਣ ਵਜੋਂ ਬਾਈ ਗਿੱਲ ਦੇ ਕੋਟ ਦੀਆਂ ਜੇਬਾਂ ਵੀ ਡਾਲਰਾਂ ਨਾਲ ਭਰ ਦਿੱਤੀਆਂ। ਖਾਸੀਅਤ ਸੀ ਕਿ ਇਹ ਇੱਕ ਪਰਿਵਾਰਕ, ਪਰ ਸੰਗੀਤਕ ਸਮਾਗਮ ਸੀ ਜਿਸ ਦੌਰਾਨ ਬਾਈ ਗਿੱਲ ਦੀ ਗਾਇਕੀ ਉਤੇ ਬੀਬੀਆਂ ਨੇ ਵੀ ਗਿੱਧਾ ਪਾਉਂਦਿਆਂ ਗੇੜੇ ਦਿੱਤੇ ਅਤੇ ਫਿਰ ਬੰਦਿਆਂ ਨੇ ਵੀ ਅੱਡੀਆਂ ਤੇ ਪੱਬਾਂ ਭਾਰ ਭੰਗੜਾ ਪਾਇਆ।
ਬਾਈ ਹਰਦੀਪ ਗਿੱਲ ਦੀ ਵੱਡੀ ਖਾਸੀਅਤ ਇਹ ਹੈ ਕਿ ਉਨ੍ਹਾਂ ਦੇ ਗੀਤਾਂ ਵਿੱਚ ਪੰਜਾਬ ਦੇ ਪਿੰਡਾਂ ਦੀ ਮਹਿਕ, ਪਰਿਵਾਰਕ ਰਿਸ਼ਤੇ ਅਤੇ ਸਮਾਜਿਕ ਸੱਚਾਈਆਂ ਆਦਿ ਸੁਣਨ ਨੂੰ ਮਿਲਦੀਆਂ ਹਨ। ਉਨ੍ਹਾਂ ਨੇ ਸਸਤੀ ਸ਼ੋਹਰਤ ਲਈ ਹਲਕੇ ਪੱਧਰ ਦੇ ਜਾਂ ਦੋਹਰੇ ਅਰਥਾਂ ਵਾਲੇ ਗੀਤ ਨਹੀਂ ਗਾਏ। ਉਨ੍ਹਾਂ ਦਾ ਸੁਭਾਅ ਵੀ ਬਹੁਤ ਨਿੱਘਾ, ਮਿਲਾਪੜਾ ਅਤੇ ਨਿਮਰਤਾ ਭਰਿਆ ਹੈ, ਜਿਸ ਕਰਕੇ ਇੰਡਸਟਰੀ ਦੇ ਬਾਕੀ ਕਲਾਕਾਰ ਵੀ ਉਨ੍ਹਾਂ ਨੂੰ ‘ਬਾਈ’ (ਵੱਡਾ ਭਰਾ) ਕਹਿ ਕੇ ਸਤਿਕਾਰ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਬਾਈ ਹਰਦੀਪ ਦਾ ਸੰਗੀਤ ਪੰਜਾਬੀ ਲੋਕ ਪਰੰਪਰਾਵਾਂ ਵਿੱਚ ਡੂੰਘਾ ਜੁੜਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਇੱਕ ਪੰਜਾਬੀ ਲੋਕ ਗਾਇਕ ਵਜੋਂ ਮਾਨਤਾ ਮਿਲੀ ਅਤੇ ਲੋਕ-ਮੁਖੀ ਵੋਕਲ ਪ੍ਰਦਰਸ਼ਨ ਲਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੰਜਾਬੀ ਸੱਭਿਆਚਾਰ, ਮਾਂ-ਬੋਲੀ ਅਤੇ ਵਿਰਸੇ ਨੂੰ ਆਪਣੀ ਗਾਇਕੀ ਰਾਹੀਂ ਹਮੇਸ਼ਾ ਜ਼ਿੰਦਾ ਰੱਖਿਆ ਹੈ। ਜਿੱਥੇ ਅੱਜ-ਕੱਲ੍ਹ ਦੇ ਦੌਰ ਵਿੱਚ ਹਥਿਆਰਾਂ ਅਤੇ ਲੱਚਰਤਾ ਵਾਲੇ ਗੀਤਾਂ ਦਾ ਬੋਲਬਾਲਾ ਹੈ, ਉੱਥੇ ਹੀ ਬਾਈ ਹਰਦੀਪ ਗਿੱਲ ਵਰਗੇ ਗਾਇਕਾਂ ਨੇ ਆਪਣੀ ਸਾਫ਼-ਸੁਥਰੀ ਗਾਇਕੀ ਅਤੇ ਅਰਥ ਭਰਪੂਰ ਸ਼ਬਦਾਂ ਨਾਲ ਸਰੋਤਿਆਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾਈ ਹੋਈ ਹੈ।
ਸਮਾਗਮ ਦੌਰਾਨ ਮੰਚ ਸੰਚਾਲਨ ਗੁਰਲੀਨ ਕੌਰ ਨੇ ਕੀਤਾ। ਉਸ ਨੇ ਬਾਈ ਹਰਦੀਪ ਗਿੱਲ ਬਾਰੇ ਕਿਹਾ ਕਿ ਇਹ ਸਾਡੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਲੇ ਕਲਾਕਾਰ ਹਨ; ਤੇ ਉਨ੍ਹਾਂ ਨੂੰ ਮਾਂ ਬੋਲੀ ਦਾ ਧਰੂ ਤਾਰਾ ਕਹਿ ਕੇ ਵਡਿਆਇਆ, ਕਿਉਂਕਿ ਬਾਈ ਗਿੱਲ ਪਿਛਲੇ ਕਰੀਬ ਚਾਰ ਦਹਾਕੇ ਤੋਂ ਗਾ ਰਹੇ ਹਨ। ਇਸ ਮੌਕੇ ਇੱਕ ਸੱਜਣ ਨੇ ਦੱਸਿਆ ਕਿ ਉਹ ਪਿਛਲੇ 30-40 ਸਾਲ ਤੋਂ ਹਰਦੀਪ ਭਾਅ ਜੀ ਨੂੰ ਸੁਣਦੇ ਆ ਰਹੇ ਹਨ। ਬੀਬੀ ਗੁੱਡੀ ਸਿੰਘਾ ਨੇ ਆਪਣੇ ਪੇਕੇ ਪਰਿਵਾਰ ਦੇ ਗੋਤ ਦੇ ਜ਼ਿਕਰ ਅਤੇ ਮੋਗੇ ਤੋਂ ਪਿਛੋਕੜ ਨਾਲ ਬਾਈ ਗਿੱਲ ਨਾਲ ਸਾਂਝ ਦਰਸਾਈ। ਚੇਤੇ ਰਹੇ, ਗਿੱਲ ਹਰਦੀਪ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਇਤਿਹਾਸਕ ਪਿੰਡ ਕੋਕਰੀ ਕਲਾਂ ਵਿਖੇ ਹੋਇਆ ਸੀ।
ਇਸ ਮੌਕੇ ਪਰਮਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਪਰਿਵਾਰਕ ਪ੍ਰੋਗਰਾਮ ਹੈ ਤੇ ਇੱਥੇ ਉਹ ਹੀ ਆਏ ਹਨ, ਜਿਨ੍ਹਾਂ ਨੂੰ ਖਾਸ ਤੌਰ ‘ਤੇ ਸੱਦਿਆ ਗਿਆ ਸੀ। ਇਕੱਠ ਕਰਨਾ ਹੁੰਦਾ ਤਾਂ ਹਜ਼ਾਰ ਬੰਦਾ ਵੀ ‘ਕੱਠਾ ਕਰ ਲੈਣਾ ਸੀ। ਹਰਦੀਪ ਗਿੱਲ ਨਾਲ ਉਨ੍ਹਾਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਇਹ ਇੱਥੇ ਮੈਨੂੰ ਮਿਲਣ ਆਏ ਸੀ, ਪਰ ਜਿਵੇਂ ਕਹਿੰਦੇ ਨੇ ਕਿ ਕਲਾਕਾਰ ਪਬਲਿਕ ਪ੍ਰਾਪਰਟੀ ਹੁੰਦੇ ਹਨ, ਸੋ ਮੇਰੀ ਤਮੰਨਾ ਸੀ ਕਿ ਮੈਂ ਇਨ੍ਹਾਂ ਨੂੰ ਆਪਣੇ ਪਿਆਰਿਆਂ ਦੇ ਰੂਬਰੂ ਕਰਾਂ। ਉਨ੍ਹਾਂ ਸਾਰੇ ਮਹਿਮਾਨਾਂ ਦੇ ਮਾਣ ਵਿੱਚ ਕਿਹਾ ਕਿ ਤੁਸੀਂ ਸਾਰੇ ਹੀ ਮੁੱਖ ਮਹਿਮਾਨ ਹੋ।
ਮਿਸ਼ੀਗਨ ਤੋਂ ਆਏ ਸਿਕੰਦਰ ਸਿੰਘ ਔਜਲਾ ਨੇ ਕਿਹਾ ਕਿ ਪਹਿਲਾਂ ਦੋਗਾਣਾ ਜੋੜੀਆਂ ਚੱਲਦੀਆਂ ਸਨ, ਸੋਲੋ ਗੀਤ ਗਾਉਣ ਦਾ ਰਿਵਾਜ਼ ਇੱਕ ਤਰ੍ਹਾਂ ਬਾਈ ਗਿੱਲ ਨੇ ਸ਼ੁਰੂ ਕੀਤਾ। ਇਨ੍ਹਾਂ ਨੇ ਅਜਿਹੀ ਛਾਪ ਛੱਡੀ ਕੇ ਲੋਕ ਉਮੜ ਕੇ ਸੁਣਨ ਜਾਣ ਲੱਗੇ। ਸੁਣਨ ਦਾ ਅਨੰਦ ਉਦੋਂ ਆਉਂਦਾ ਹੈ, ਜਦੋਂ ਲੋਕ ਬਹਿ ਕੇ ਸੁਣਨ। ਬਾਈ ਹਰਦੀਪ ਨੂੰ ਲੋਕ ਬਹਿ ਕੇ ਸੁਣਦੇ ਹਨ, ਪਰ ਨੱਚਣਾ ਵੱਖਰੀ ਗੱਲ ਹੈ, ਕਿਉਂਕਿ ਇਹ ਸਾਡਾ ਸ਼ੌਕ ਹੈ। ਉਨ੍ਹਾਂ ਬਾਈ ਗਿੱਲ ਦੀ ਤੰਦਰੁਸਤੀ ਦੀ ਤਾਰੀਫ ਵਿੱਚ ਕਿਹਾ ਕਿ ਜਦੋਂ ਪਿਆਰ ਮਿਲੇ ਤੇ ਗਾਇਆ ਕਿਸੇ ਨੂੰ ਸਮਰਪਿਤ ਹੋ ਜਾਵੇ ਤਾਂ ਉਹਦੇ ਲਈ ਦੁਆਵਾਂ ਆਪੇ ਨਿਕਲਦੀਆਂ ਹਨ। ਬਾਰ ਲਾਗੇ ਪੈ ਰਹੇ ਰੌਲੇ ਦਾ ਧਿਆਨ ਖਿੱਚਣ ਲਈ ਸ. ਔਜਲਾ ਨੇ ਕਿਹਾ ਕਿ ਜਦੋਂ ਕੋਈ ਅਜਿਹਾ ਪ੍ਰੋਗਰਾਮ ਹੋਵੇ ਤਾਂ ਬਹਿ ਕੇ ਜ਼ਰੂਰ ਸੁਣਿਆ ਕਰੋ। ਉਨ੍ਹਾਂ ਮਰਹੂਮ ਗੀਤਕਾਰ ਗਿੱਲ ਸੁਰਜੀਤ ਨੂੰ ਯਾਦ ਕਰਦਿਆਂ ਕਿਹਾ ਕਿ ਬੰਦਾ ਤੁਰ ਜਾਂਦਾ ਹੈ, ਪਰ ਉਹ ਆਪਣੇ ਲਿਖੇ ਕਰਕੇ ਜਿਉਂਦਾ ਰਹਿੰਦਾ ਹੈ। ਇਸ ਮੌਕੇ ਉਨ੍ਹਾਂ ਆਪਣੇ ਲਿਖੇ ਗੀਤਾਂ ਦੇ ਕੁਝ ਮੁਖੜੇ ਵੀ ਸੁਣਾਏ, ਜਿਨ੍ਹਾਂ ਵਿੱਚ ‘ਹੁਣ ਉਹ ਪਿੰਡ ਰਹੇ ਨਾ’ ਅਤੇ ‘ਸੌਖੀਆਂ ਨ੍ਹੀਂ ਸਿੰਘੋ ਮਿਲੀਆਂ ਸਰਦਾਰੀਆਂ’ ਵੀ ਸ਼ਾਮਿਲ ਸਨ।
ਇਸ ਮੌਕੇ ਬਾਈ ਹਰਦੀਪ ਗਿੱਲ ਦਾ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਦੇਣ ਦੀ ਰਸਮ ਜੈਦੇਵ ਸਿੰਘ ਭੱਠਲ, ਪਰਮਿੰਦਰ ਸਿੰਘ ਵਾਲੀਆ, ਜੋਧ ਸਿੱਧੂ, ਸੁਖਬੀਰ ਸੋਹੀ, ਸਿਕੰਦਰ ਔਜਲਾ, ਅਵਤਾਰ ਸਿੰਘ ਅਤੇ ਹੋਰਨਾਂ ਨੇ ਸਾਂਝੇ ਤੌਰ ‘ਤੇ ਨਿਭਾਈ। ਸੈਨ ਫਰਾਂਸਿਸਕੋ ਤੋਂ ਆਏ ਕੈਨ ਗਿੱਲ ਦਾ ਵੀ ਸਨਮਾਨ ਕੀਤਾ ਗਿਆ। ਬੈਟਲ ਕਰੀਕ ਤੋਂ ਆਏ ਅਵਤਾਰ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਦੇਖ-ਸੁਣ ਕੇ ਐਨਾ ਸਵਾਦ ਆਇਆ, ਬਿਆਨ ਨਹੀਂ ਕੀਤਾ ਜਾ ਸਕਦਾ। ਐਪਲਟਨ ਤੋਂ ਆਏ ਅੰਮ੍ਰਿਤਪਾਲ ਸਿੰਘ ਗਿੱਲ ਅਤੇ ‘ਰੇਡੀਓ ਰੌਣਕ ਮੇਲਾ’ ਚਲਾਉਂਦੇ ਰਹੇ ਮਨਜੀਤ ਸਿੰਘ ਗਿੱਲ ਨੇ ਵੀ ਸਮਾਗਮ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਕਰਨਲ ਮਨਮੋਹਨ ਸਿੰਘ ਮਿਨਹਾਸ ਦੀ ਸਿਹਤ ਨਾਸਾਜ਼ ਹੋਣ ਕਾਰਨ ਉਨ੍ਹਾਂ ਨੂੰ ਚੈੱਕਅਪ ਲਈ ਲਿਜਾਣਾ ਪਿਆ।

Leave a Reply

Your email address will not be published. Required fields are marked *