ਸਕੂਲੀ ਵਿਦਿਆਰਥੀਆਂ ਦੀ ਲਹਿਰ ਨਾਲ ਹਿੱਲਿਆ ਫਰਾਂਸ

ਖਬਰਾਂ ਗੂੰਜਦਾ ਮੈਦਾਨ

*ਢਾਈ ਲੱਖ ਵਿਦਿਆਰਥੀ ਸੜਕਾਂ ‘ਤੇ ਨਿਕਲੇ
*ਛੇ ਹਜ਼ਾਰ ਤੋਂ ਵੱਧ ਵਿਦਿਆਰਥੀ ਗ੍ਰਿਫਤਾਰ
ਪੰਜਾਬੀ ਪਰਵਾਜ਼ ਬਿਊਰੋ
ਫਰਾਂਸ ਦੇ ਪਬਲਿਕ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਧਦੀ ਗਿਣਤੀ ਅਤੇ ਅਧਿਆਪਕਾਂ ਦੀ ਘਟ ਰਹੀ ਸੰਖਿਆ ਕਾਰਨ ਦੇਸ਼ ਵਿਆਪੀ ਵਿਦਿਆਰਥੀ ਲਹਿਰ ਖੜ੍ਹੀ ਹੋ ਗਈ ਹੈ। ਬੀਤੇ ਮੰਗਲਵਾਰ ਵਿਦਿਆਰਥੀ ਸੰਗਠਨਾਂ ਵੱਲੋਂ ਦਿੱਤੇ ਗਏ ਸੱਦੇ ਦੇ ਤਹਿਤ ਢਾਈ ਲੱਖ ਵਿਦਿਆਰਥੀਆਂ ਨੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਪ੍ਰਦਰਸ਼ਨ ਜਥੇਬੰਦ ਕਰਨ ਵਾਲੀ ਸੰਸਥਾਵਾਂ ਨੇ ਇਹ ਗਿਣਤੀ ਸਾਡੇ ਚਾਰ ਲੱਖ ਦੱਸੀ ਹੈ।

ਫਰਾਂਸ ਦੇ ਸਿੱਖਿਆ ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਹੁਣ ਤੱਕ 25 ਸਕੂਲਾਂ ਨੂੰ ਸਾੜ ਦਿੱਤਾ ਗਿਆ ਹੈ ਜਾਂ ਇਨ੍ਹਾਂ ਦੀ ਭੰਨ ਤੋੜ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਦੀਆਂ ਵਿਦਿਆਰਥੀਆਂ ਨਾਲ ਹੋਈਆਂ ਝੜਪਾਂ ਵਿੱਚ 715 ਪੁਲਿਸ ਅਫਸਰ ਅਤੇ 215 ਅੱਲ੍ਹੜ ਵਿਦਿਆਰਥੀ ਜ਼ਖਮੀ ਹੋਏ ਹਨ। ਸਰਕਾਰੀ ਅੰਕੜਿਆਂ ਅਨੁਸਾਰ 6100 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਿਆਂ ਮੰਤਰਾਲੇ ਅਨੁਸਾਰ ਤਕਰੀਬਨ ਇਹ ਸਾਰੇ ਹੀ ਨਾਬਾਲਗ ਹਨ। ਇਸ ਤੋਂ ਇਲਾਵਾ 1800 ਦੇ ਖਿਲਾਫ ਮੁਕੱਦਮੇ ਚਲਾਏ ਗਏ ਹਨ। ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਵਿਦਿਆਰਥੀਆਂ ਵਿੱਚ 1483 ਤਾਂ 18 ਸਾਲ ਤੋਂ ਘੱਟ ਉਮਰ ਦੇ ਹਨ।
ਵਿਦਿਆਰਥੀਆਂ ਦੀ ਇੱਕ ਜਥੇਬੰਦੀ ‘ਨੈਸ਼ਨਲ ਯੂਨੀਅਨ ਆਫ ਲਾਈਸੀ ਸਟੂਡੈਂਟਸ’ ਨੇ ਕਿਹਾ ਕਿ ਦੇਸ਼ ਦੇ ਕੁੱਲ 3700 ਸਕੂਲਾਂ ਵਿੱਚੋਂ 1800 ਦਾ ਕੰਮ-ਕਾਜ ਠੱਪ ਕਰ ਦਿੱਤਾ ਗਿਆ ਹੈ। ਟਰੇਡ ਯੂਨੀਅਨਾਂ ਸਮੇਤ ਅਧਿਆਪਕਾਂ ਦੇ ਕੁਝ ਹਿੱਸੇ ਅਤੇ ਹੋਰ ਲੋਕ ਵੀ ਵਿਦਿਆਰਥੀਆਂ ਦੇ ਪੱਖ ਵਿੱਚ ਨਿਕਲ ਆਏ ਹਨ। ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਨੇ ਸਕੂਲਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵੱਲ ਜਾਂਦੇ ਮਾਰਗ ਬੰਦ ਕਰ ਦਿੱਤੇ। ਫਰਾਂਸ ਦੀ ਸਰਕਾਰ ਦੇ ਨੁਮਾਇੰਦਿਆਂ ਦਾ ਆਖਣਾ ਹੈ ਕਿ ਵਿਦਿਆਰਥੀਆਂ ਦੇ ਇਸ ਉਭਾਰ ਪਿੱਛੇ ਕੱਟੜ ਖੱਬੇ-ਪੱਖੀ ਸਿਆਸੀ ਪਾਰਟੀਆਂ ਦਾ ਹੱਥ ਹੈ। ਵਿਦਿਆਰਥੀ ਸਕੂਲ ਖੁਲ੍ਹਣ ਦੇ ਘੰਟਿਆਂ ਨੂੰ ਘਟਾਏ ਜਾਣ ਅਤੇ ਅਧਿਆਪਕਾਂ ਦੀ ਗਿਣਤੀ ਵਧਾਏ ਜਾਣ ਦੀ ਮੰਗ ਕਰ ਰਹੇ ਹਨ। ਯਾਦ ਰਹੇ, ਫਰਾਂਸ ਵਿੱਚ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੁੰਦਾ ਹੈ। ਵਿਦਿਆਰਥੀ ਸੰਗਠਨਾਂ ਦਾ ਆਖਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਇਨ੍ਹਾਂ ਲਈ ਸੰਘਰਸ਼ ਜਾਰੀ ਰਹੇਗਾ।
ਫਰਾਂਸ ਦੇ ਗ੍ਰਹਿ (ਇੰਟੀਰੀਅਰ) ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਹਫਤੇ ਮੰਗਲਵਾਰ ਨੂੰ ਪੈਰਿਸ, ਮਾਰਸੇਲੇ, ਨਤਾਂਸ ਅਤੇ ਲਿਓਨ ਸਮੇਤ ਬਹੁਤ ਸਾਰੇ ਸ਼ਹਿਰਾਂ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਦੋ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਸਭ ਤੋਂ ਵੱਡਾ ਵਿਦਿਆਰਥੀ ਪ੍ਰਦਰਸ਼ਨ ਪੈਰਿਸ ਵਿੱਚ ਆਯੋਜਤ ਕੀਤਾ ਗਿਆ। ਇਸ ਵਿੱਚ 50 ਹਜ਼ਾਰ ਦੇ ਕਰੀਬ ਲੋਕ ਸ਼ਾਮਲ ਹੋਏ।
ਪੈਰਿਸ ਦੇ ਉੱਤਰੀ ਨੀਮ-ਸ਼ਹਰੀ ਖੇਤਰ ਵਿੱਚ ਸ਼ੁਰੂ ਹੋਏ ਪ੍ਰਦਰਸ਼ਨਾਂ ਦਾ ਇਹ ਪੰਦਰਵਾਂ ਦਿਨ ਸੀ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸੈਂਕੜੇ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਪ੍ਰਦਰਸ਼ਨਾਂ ਦੌਰਾਨ ਦੰਗਾ ਰੋਕੂ ਪੁਲਿਸ ਵੱਲੋਂ ਸਟੰਨ ਗ੍ਰਨੇਡ ਸੁੱਟੇ ਜਾਣ ਕਾਰਨ ਇੱਕ ਵਿਦਿਆਰਥੀ ਦਾ ਹੱਥ ਉੱਡ ਜਾਣ ਅਤੇ ਇੱਕ ਹੋਰ ਦੀ ਇੱਕ ਅੱਖ ਦੀ ਨਜ਼ਰ ਚਲੇ ਜਾਣ ਦੀ ਖ਼ਬਰ ਹੈ। ਇੱਕ 14 ਸਾਲਾ ਬੱਚੇ ਦਾ ਜਬਾੜ੍ਹਾ ਟੁੱਟ ਗਿਆ। ਫਰਾਂਸ ਵਿੱਚ ਅਨੇਕਾਂ ਥਾਵਾਂ ‘ਤੇ ਵਿਦਿਆਰਥੀਆਂ ਦੀਆਂ ਦੰਗਾ ਰੋਕੂ ਪੁਲਿਸ ਨਾਲ ਝੜਪਾਂ ਹੋਈਆਂ ਹਨ। ਆਮ ਰੂਪ ਵਿੱਚ ਅਮਨ ਪੂਰਬਕ ਕੀਤੇ ਜਾ ਰਹੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਵਿਦਿਆਰਥੀਆਂ ਦੇ ਕੁਝ ਗੁੱਟਾਂ ਨੇ ਡਸਟਬਿਨਾਂ, ਬੱਸ ਸ਼ੈਲਟਰਾਂ ਅਤੇ ਪੁਲਿਸ ਵੱਲ ਪੱਥਰ ਵਗੈਰਾ ਸੁੱਟਣ ਦੀਆਂ ਕਾਰਵਾਈਆਂ ਕੀਤੀਆਂ। ਇਸ ਵਿਦਿਆਰਥੀ ਹਿੰਸਾ ਨੂੰ ਕਾਬੂ ਕਰਨ ਲਈ ਫਰਾਂਸ ਦੀ ਦੰਗਾ ਵਿਰੋਧੀ ਪੁਲਿਸ ਵੱਲੋਂ ਲਾਠੀਆਂ ਅਤੇ ਅੱਥਰੂ ਗੈਸ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ।
ਫਰਾਂਸ ਵਿੱਚ 1968 ਵਿੱਚ ਚੱਲੀ ਵਿਦਿਆਰਥੀ ਲਹਿਰ ਦੇ ਪ੍ਰਮੁੱਖ ਨਾਹਰੇ- ‘ਗੁੱਸਾ ਹੈ ਸਾਡੀਆਂ ਕਿਤਾਬਾਂ ਹੇਠ’ ਨੂੰ ਮੁੜ ਦੁਹਰਾਇਆ ਜਾ ਰਿਹਾ ਹੈ। ਵਿਦਿਆਰਥੀਆਂ ਅਨੁਸਾਰ ‘ਸਕੂਲਾਂ ਕੋਲ ਪੈਸਾ ਨਹੀਂ=ਦੇਸ਼ ਦਾ ਕੋਈ ਭਵਿੱਖ ਨਹੀਂ।’ ਯਾਦ ਰਹੇ, ਫਰਾਂਸ ਦੇ ਜਨਤਕ ਸਕੂਲਾਂ ਵਿੱਚ ਔਸਤਨ 25 ਵਿਦਿਆਰਥੀਆਂ ਦੀ ਹਾਜ਼ਰੀ ਹੁੰਦੀ ਹੈ। ਵਿਦਿਆਰਥੀ ਇਸ ਨੂੰ ਘਟਾਉਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨ ਵਿੱਚ ਹਿੱਸਾ ਲੈਣ ਆਈ ਇੱਕ ਵਿਦਿਆਰਥਣ ਨੇ ਕਿਹਾ ਕਿ ਅਸੀਂ ਆਪਣੀ ਸਿੱਖਿਆ ਅਤੇ ਸਿਖਿਅਤ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ। ਕੁਝ ਅਧਿਆਪਕ ਵੀ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਵਿਦਿਆਰਥੀਆਂ ਦਾ ਸਾਥ ਦੇ ਰਹੇ ਹਨ। ਫਰਾਂਸ ਦੀਆਂ ਟਰੇਡ ਯੂਨੀਅਨਾਂ ਅਤੇ ਗਰੀਨ ਪਾਰਟੀ ਵੱਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਕੀਤੀ ਜਾ ਰਹੀ ਹੈ। ਗਰੀਨ ਪਾਰਟੀ ਦੇ ਲੀਡਰ ਮਾਰਿਨ ਟੋਂਡਲੀਅਰ ਨੇ ਸਰਕਾਰੀ ਅਧਿਕਾਰੀਆਂ ਅਤੇ ਮਾਪਿਆਂ ਨੂੰ ਵਿਦਿਆਰਥੀਆਂ ਦੇ ਹੱਕ ਵਿੱਚ ਚਿੱਟੇ ਕੱਪੜੇ ਪਾਉਣ ਦਾ ਸੱਦਾ ਦਿੱਤਾ। ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਪੁਲਿਸ ਵੱਲੋਂ ਕੀਤੇ ਜਾ ਰਹੇ ਵਧਵੇਂ ਤਸ਼ੱਦਦ ਦੀ ਨਿਖੇਧੀ ਕੀਤੀ ਹੈ।
ਐਮੀਨੈਸਟੀ ਇੰਟਰਨੈਸ਼ਨਲ ਦੇ ਫਰਾਂਸ ਦੇ ਪ੍ਰਧਾਨ ਐਨੇ ਸੋਵੀਨਲ ਨੇ ਕਿਹਾ ਕਿ ਬੀਤੇ ਹਫਤੇ ਸਾਹਮਣੇ ਆਈਆਂ ਫੋਟੋਆਂ ਅਤੇ ਗਵਾਹੀਆਂ ਅੱਥਰੂ ਗੈਸ, ਲਾਠੀਆਂ ਅਤੇ ਹੋਰ ਦੰਗਾ ਰੋਕੂ ਪੁਲਿਸ ਤਕਨੀਕਾਂ ਦੀ ਖਤਰਨਾਕ ਵਰਤੋਂ ਦੀ ਦੱਸ ਪਾਉਂਦੀਆਂ ਹਨ। ਫਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨਾਨਜ਼ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਪ੍ਰਦਰਸ਼ਨਾਂ ਦੌਰਾਨ ਪੁਲਿਸ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਦੀ ਪੜਤਾਲ ਲਈ 10 ਕਮੇਟੀਆਂ ਬਿਠਾਈਆਂ ਹਨ। ਬੀਤੇ ਸੋਮਵਾਰ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਇੱਕ 15 ਸਾਲਾ ਬੱਚੇ ਦਾ ਹੱਥ ਉਡ ਗਿਆ ਸੀ। ਜਦਕਿ ਇੱਕ ਸੋਲਾਂ ਸਾਲਾ ਬੱਚੇ ਦੀ ਗੰਭੀਰ ਜ਼ਖਮੀ ਹੋਣ ਕਾਰਨ ਇੱਕ ਅੱਖ ਦੀ ਨਜ਼ਰ ਚਲੀ ਗਈ। ਇੱਕ ਹੋਰ ਪ੍ਰਦਰਸ਼ਨ ਵਿੱਚ 14 ਸਾਲਾ ਬੱਚੇ ਦੇ ਜਬਾੜੇ ‘ਤੇ ਜ਼ਬਰਦਸਤ ਸੱਟ ਲੱਗਣ ਕਾਰਨ ਸਾਰੇ ਦੰਦ ਉੱਡ ਗਏ। ਇਹ ਬੱਚਾ ਹੁਣ ਹਸਪਤਾਲ ਦਾਖਲ ਹੈ ਅਤੇ ਬੋਲਣ ਤੋਂ ਆਰੀ ਹੈ।
ਫਰਾਂਸ ਦੇ ਪ੍ਰਧਾਨ ਮੰਤਰੀ ਸੈਬਸਟੀਅਨ ਲੈਕੋਰਨੋ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਘੱਟੋ ਘੱਟ 215 ਅੱਸਰ ਉਮਰ ਬੱਚਿਆਂ ਸਮੇਤ 85 ਸਕੂਲ ਸਟਾਫ ਨਾਲ ਸੰਬੰਧਤ ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਦੌਰਾਨ ਫਰਾਂਸ ਦੇ ਸਕੂਲ ਸਿਸਟਮ ਵੱਲੋਂ ਤਾਰੀ ਗਈ ਇਹ ਸਭ ਤੋਂ ਵੱਡੀ ਕੀਮਤ ਹੈ। ਫਰਾਂਸੀਸੀ ਮੀਡੀਆ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਇੱਕ ਕੇਂਦਰੀ ਮੰਤਰੀ ਨੂੰ ਸੱਦ ਕੇ ਵਿਦਿਆਰਥੀਆਂ ਨਾਲ ਗੱਲਬਾਤ ਤੋਰਨ ਲਈ ਕਿਹਾ ਹੈ। ਬੰਗਲਾ ਦੇਸ਼, ਨੇਪਾਲ ਅਤੇ ਭਾਰਤ ਤੋਂ ਬਾਅਦ ਫਰਾਂਸ ਵਿੱਚ ਖੜ੍ਹਾ ਹੋਇਆ ਇਹ ਸਭ ਤੋਂ ਵੱਡਾ ਜਵਾਨ ਪ੍ਰਤੀਰੋਧ ਹੈ। ਬੰਗਾਲ ਅਤੇ ਨੇਪਾਲ ਦੀ ਵਿਦਿਆਰਥੀ ਲਹਿਰ ਨੇ ਦੇਸ ਦੀ ਸੱਤਾ ਤਬਦੀਲ ਕਰ ਦਿੱਤੀ ਸੀ। ਜਦਕਿ ਭਾਰਤ ਵਿੱਚ ਨੌਜਵਾਨਾਂ ਵੱਲੋਂ ਆਯੋਜਤ ਕੀਤੇ ਗਏ ਪ੍ਰਦਰਸ਼ਨਾਂ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਸੀ। ਹੁਣ ਕੇਂਦਰੀ ਚੋਣ ਕਮਿਸ਼ਨ ਵੱਲੋਂ 13 ਕਰੋੜ ਵੋਟਰਾਂ ਦੇ ਨਾਂ ਵੋਟਰ ਲਿਸਟਾਂ ਵਿੱਚੋਂ ਕੱਟ ਦੇਣ ਨੂੰ ਲੈ ਕੇ ਵੀ ਕਾਕਰੋਚ ਜਨਤਾ ਪਾਰਟੀ ਨਾਲ ਜੁੜੇ ਨੌਜਵਾਨ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।
ਵੱਖ-ਵੱਖ ਮੁਲਕਾਂ ਵਿੱਚ ਨੌਜਵਾਨ ਵਰਗ ਦੀ ਸਾਹਮਣੇ ਆ ਰਹੀ ਨਾਰਾਜ਼ਗੀ ਦਾ ਇਹ ਦੌਰ 1970ਵਿਆਂ ਤੋਂ ਬਾਅਦ ਇੱਕ ਵਾਰ ਫਿਰ ਸਾਹਮਣੇ ਆ ਰਿਹਾ ਹੈ। ਇਸ ਵਿੱਚ ਅਮਰੀਕੀ ਅਗਵਾਈ ਵਿੱਚ ਸੰਸਾਰ ਨੂੰ ਇੱਕ ਵਾਰ ਦਿੱਤੀ ਗਈ ਸਥਿਰਤਾ ਹਿੱਲਣ ਲੱਗੀ ਹੈ। ਡਾਲਰ ਸਮੇਤ ਦੁਨੀਆਂ ਭਰ ਦੀਆਂ ਕਰੰਸੀਆਂ ਡਿੱਕਡੋਲੇ ਖਾ ਰਹੀਆਂ ਹਨ। ਫਰਾਂਸ ਜਿਹੇ ਵਿਕਸਤ ਮੁਲਕਾਂ ਦਾ ਆਰਥਕ ਢਾਂਚਾ ਵੀ ਹਿੱਲਿਆ ਪਿਆ ਹੈ। ਇਸ ਕਾਰਨ ਜਨਤਕ (ਸਰਕਾਰੀ) ਸਕੂਲੀ ਵਿਦਿਆ ‘ਤੇ ਖਰਚ ਲਗਾਤਾਰ ਘਟ ਰਿਹਾ ਹੈ। ਸਾਡੇ ਇੱਧਰ (ਭਾਰਤ ਵਿੱਚ) ਵੀ ਸਥਿਤੀ ਵੱਖਰੀ ਨਹੀਂ। ਇਸ ਸਥਿਤੀ ਵਿੱਚ ਦੁਨੀਆਂ ਕਿਸੇ ਹੋਰ ਕਿਸਮ ਦੀ ਆਰਥਕਤਾ ਅਤੇ ਸਮਾਜਕ ਪ੍ਰਬੰਧਨ ਦੀ ਤਾਲਾਸ਼ ਵਿੱਚ ਹੈ। ਨਵੇਂ ਪ੍ਰਬੰਧ ਦੇ ਕੇਂਦਰ ਵਿੱਚ ਕੁਦਰਤ ਅਤੇ ਸਮੁੱਚੇ ਜੀਵ ਸੰਸਾਰ ਦੀ ਸੁਰੱਖਿਆ ਦਾ ਮੁੱਦਾ ਸਥਿਤ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *