ਸਿੱਖਿਆ ਅਦਾਰਿਆਂ ਵਿੱਚ ਵਧਦਾ ਮਾਨਸਿਕ ਦਬਾਅ: ਵਿਦਿਆਰਥੀ ਖੁਦਕੁਸ਼ੀਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ

ਆਮ-ਖਾਸ

ਪੰਜਾਬੀ ਪਰਵਾਜ਼ ਬਿਊਰੋ
ਭਾਰਤ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦਾ ਸੰਕਟ ਹੁਣ ਸਿਰਫ਼ ਕੁਝ ਇਕੱਲੀਆਂ ਘਟਨਾਵਾਂ ਤੱਕ ਸੀਮਤ ਨਹੀਂ ਰਿਹਾ। ਸੁਪਰੀਮ ਕੋਰਟ ਵੱਲੋਂ ਬਣਾਈ ਨੈਸ਼ਨਲ ਟਾਸਕ ਫੋਰਸ (ਐਨ.ਟੀ.ਐਫ.) ਦੇ ਦੇਸ਼ ਪੱਧਰੀ ਸਰਵੇਖਣ ਵਿੱਚ 2.43 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਜਵਾਬ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ 9 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਖ਼ੁਦਕੁਸ਼ੀ ਦਾ ਵਿਚਾਰ ਆਉਂਦਾ ਹੈ ਅਤੇ 34 ਫ਼ੀਸਦੀ ਨੇ ਆਪਣੇ ਹੀ ਕੈਂਪਸ ਵਿੱਚ ਆਪਣੇ ਆਪ ਨੂੰ ਬਾਹਰਲਾ ਮਹਿਸੂਸ ਕਰਨ ਦੀ ਗੱਲ ਕਹੀ।

ਕਰੀਬ 15 ਫ਼ੀਸਦੀ ਵਿਦਿਆਰਥੀਆਂ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਬਹੁਤ ਜ਼ਿਆਦਾ ਤਣਾਅ ਜਾਂ ਕਈ ਹਫ਼ਤਿਆਂ ਤੱਕ ਚਿੰਤਾ ਵਿੱਚ ਰਹਿਣ ਦੀ ਗੱਲ ਵੀ ਦੱਸੀ।
ਇਹ ਅੰਕੜੇ ਉੱਚ ਸਿੱਖਿਆ ਦੇ ਤੇਜ਼ੀ ਨਾਲ ਵਧਦੇ ਪਸਾਰ ਦੇ ਬਾਵਜੂਦ ਸਾਹਮਣੇ ਆ ਰਹੇ ਹਨ। 2011 ਤੋਂ 2022 ਦਰਮਿਆਨ ਉੱਚ ਸਿੱਖਿਆ ਵਿੱਚ ਦਾਖ਼ਲ ਵਿਦਿਆਰਥੀਆਂ ਦੀ ਗਿਣਤੀ 2.92 ਕਰੋੜ ਤੋਂ ਵਧ ਕੇ 4.33 ਕਰੋੜ ਹੋਈ, ਜਦਕਿ ਪ੍ਰਤੀ ਇੱਕ ਲੱਖ ਵਿਦਿਆਰਥੀਆਂ ਪਿੱਛੇ ਖ਼ੁਦਕੁਸ਼ੀ ਦੀ ਦਰ 26.37 ਤੋਂ ਵਧ ਕੇ 30.02 ਹੋ ਗਈ।
ਆਈ.ਆਈ.ਟੀ. ਕੈਂਪਸਾਂ ’ਤੇ ਵੀ ਸਵਾਲ
ਵਿਦਿਆਰਥੀ ਮਾਨਸਿਕ ਸਿਹਤ ਦਾ ਮਸਲਾ ਖ਼ਾਸ ਤੌਰ ’ਤੇ ਆਈ.ਆਈ.ਟੀਜ਼ ਦੇ ਸੰਦਰਭ ਵਿੱਚ ਚਰਚਾ ਵਿੱਚ ਹੈ। ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ 75 ਆਈ.ਆਈ.ਟੀ. ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ। ਸਤੰਬਰ 2026 ਵਿੱਚ ਆਈ.ਆਈ.ਟੀ. ਮੁੰਬਈ ਦੇ ਇੱਕ ਵਿਦਿਆਰਥੀ ਦੀ ਖ਼ੁਦਕੁਸ਼ੀ ਤੋਂ ਬਾਅਦ ਕਰੀਬ 400 ਵਿਦਿਆਰਥੀਆਂ ਨੇ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਨ੍ਹਾਂ ਘਟਨਾਵਾਂ ਦੇ ਪਿੱਛੇ ਇੱਕੋ ਕਾਰਨ ਦੱਸਣਾ ਮੁਸ਼ਕਲ ਹੈ। ਸਾਹਮਣੇ ਆਏ ਮਾਮਲਿਆਂ ਵਿੱਚ ਅਕਾਦਮਿਕ ਦਬਾਅ ਦੇ ਨਾਲ ਪਰਿਵਾਰਕ ਸੰਕਟ, ਇਕੱਲਾਪਣ, ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਅਤੇ ਕੈਂਪਸ ਵਿੱਚ ਸਹਾਇਤਾ ਦੀ ਕਮੀ ਵਰਗੇ ਵੱਖ-ਵੱਖ ਪੱਖ ਨਜ਼ਰ ਆਉਂਦੇ ਹਨ।
ਆਈ.ਆਈ.ਟੀ. ਦਿੱਲੀ ਦੇ ਵਿਦਿਆਰਥੀ ਰਿਸ਼ੀਕੇਸ਼ ਕੁਮਾਰ ਦਾ ਮਾਮਲਾ ਇਸੇ ਜਟਿਲਤਾ ਨੂੰ ਦਰਸਾਉਂਦਾ ਹੈ। ਉਹ ਫਿਜ਼ਿਕਸ ਵਿੱਚ ਐਮ.ਐਸਸੀ. ਕਰ ਰਹੇ ਸਨ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਉੱਤੇ ਕਰਜ਼ਾ ਸੀ ਅਤੇ ਰਿਪੋਰਟ ਮੁਤਾਬਕ ਉਹ ਪਹਿਲਾਂ ਮਾਨਸਿਕ ਸਿਹਤ ਨਾਲ ਜੁੜੇ ਇਲਾਜ ਤੋਂ ਵੀ ਗੁਜ਼ਰ ਚੁੱਕੇ ਸਨ। ਪਰਿਵਾਰ ਦਾ ਦੋਸ਼ ਹੈ ਕਿ ਬਾਅਦ ਵਿੱਚ ਸੰਸਥਾ ਵਿੱਚ ਉਨ੍ਹਾਂ ਨਾਲ ਵੱਖਰੇ ਢੰਗ ਨਾਲ ਵਿਹਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਮਾਂ ਨਾਲ ਵੀ ਅਪਮਾਨਜਨਕ ਵਿਹਾਰ ਹੋਇਆ। ਵਿਦਿਆਰਥੀਆਂ ਦੀ ਮੰਗ ਤੋਂ ਬਾਅਦ ਸੰਸਥਾ ਵੱਲੋਂ ਬਾਹਰੀ ਜਾਂਚ ਕਮੇਟੀ ਬਣਾਏ ਜਾਣ ਦੀ ਗੱਲ ਕਹੀ ਗਈ ਹੈ।
ਆਈ.ਆਈ.ਟੀ. ਮਦਰਾਸ ਦੇ ਸਾਬਕਾ ਵਿਦਿਆਰਥੀ ‘ਪ੍ਰਕਾਸ਼’ ਦੀ ਕਹਾਣੀ ਵਿੱਚ ਪਰਿਵਾਰਕ ਸੰਕਟ ਅਤੇ ਕੈਂਪਸ ਜੀਵਨ ਦੇ ਦਬਾਅ ਦਾ ਜੋੜ ਸਾਹਮਣੇ ਆਉਂਦਾ ਹੈ। ਮਾਪਿਆਂ ਦੇ ਤਲਾਕ ਤੋਂ ਬਾਅਦ ਉਹ ਪ੍ਰੇਸ਼ਾਨ ਰਹਿਣ ਲੱਗੇ। ਆਈ.ਆਈ.ਟੀ. ਵਿੱਚ ਦਾਖ਼ਲੇ ਤੋਂ ਬਾਅਦ ਪੜ੍ਹਾਈ ਵਿੱਚ ਮਨ ਨਾ ਲੱਗਣਾ ਅਤੇ ਉਮੀਦ ਮੁਤਾਬਕ ਨਤੀਜੇ ਨਾ ਆਉਣ ਕਾਰਨ ਸਥਿਤੀ ਹੋਰ ਵਿਗੜ ਗਈ। ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਦੀ ਜਾਨ ਤਾਂ ਬਚ ਗਈ, ਪਰ ਬਾਅਦ ਵਿੱਚ ਹੋਸਟਲ ਵਿੱਚ ਵਾਪਸੀ ਦੀ ਇਜਾਜ਼ਤ ਨਾ ਮਿਲਣ ਕਾਰਨ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ।
ਸਿਰਫ਼ ਅੰਕਾਂ ਦਾ ਦਬਾਅ ਨਹੀਂ
ਕੈਂਪਸ ਦਾ ਅਕਾਦਮਿਕ ਮਾਹੌਲ ਵੀ ਵਿਦਿਆਰਥੀਆਂ ਲਈ ਲਗਾਤਾਰ ਦਬਾਅ ਦਾ ਕਾਰਨ ਬਣ ਸਕਦਾ ਹੈ। ਆਈ.ਆਈ.ਟੀ. ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਇੱਕੋ ਸੈਮੇਸਟਰ ਵਿੱਚ ਕਈ ਕੋਰਸਾਂ ਦੇ ਅਸਾਈਨਮੈਂਟ, ਕੁਇਜ਼ ਅਤੇ ਲੈਬ ਦਾ ਕੰਮ ਇਕੱਠਾ ਆ ਜਾਂਦਾ ਹੈ। ਇੱਕ ਸੈਮੇਸਟਰ ਖ਼ਤਮ ਹੁੰਦੇ ਹੀ ਅਗਲੇ ਸੈਮੇਸਟਰ ਦੇ ਨਾਲ ਇੰਟਰਨਸ਼ਿਪ ਅਤੇ ਨੌਕਰੀ ਦੀ ਚਿੰਤਾ ਸ਼ੁਰੂ ਹੋ ਜਾਂਦੀ ਹੈ। ਦੂਜੇ ਪਾਸੇ, ਜਦੋਂ ਆਲ਼ੇ-ਦੁਆਲੇ ਦੇ ਵਿਦਿਆਰਥੀ ਚੰਗਾ ਪ੍ਰਦਰਸ਼ਨ ਕਰ ਰਹੇ ਹੋਣ ਤਾਂ ਆਪਣੀ ਮੁਸ਼ਕਲ ਬਾਰੇ ਗੱਲ ਕਰਨਾ ਹੋਰ ਔਖਾ ਹੋ ਸਕਦਾ ਹੈ।
ਇਸੇ ਮਾਹੌਲ ਵਿੱਚ ਮਾਨਸਿਕ ਸਿਹਤ ਨਾਲ ਜੁੜਿਆ ਸਮਾਜਿਕ ਡਰ ਵੀ ਇੱਕ ਰੁਕਾਵਟ ਬਣਦਾ ਹੈ। ਰਿਪੋਰਟ ਵਿੱਚ ਇੱਕ ਵਿਦਿਆਰਥੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਈ.ਆਈ.ਟੀ. ਦਿੱਲੀ ਦੇ ਹਰ ਹੋਸਟਲ ਵਿੱਚ ਕਾਊਂਸਲਰ ਹੋਣ ਦੇ ਬਾਵਜੂਦ ਕਈ ਵਿਦਿਆਰਥੀ ਆਪਣੀ ਸਮੱਸਿਆ ਦੱਸਣ ਤੋਂ ਡਰਦੇ ਹਨ। ਉਨ੍ਹਾਂ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਦੀ ਗੱਲ ਗੱਪ-ਸ਼ੱਪ ਦਾ ਹਿੱਸਾ ਬਣ ਸਕਦੀ ਹੈ।
ਸਹੂਲਤਾਂ ਹਨ, ਪਰ ਪ੍ਰਬੰਧ ਵਿੱਚ ਕਮੀਆਂ
ਨੈਸ਼ਨਲ ਟਾਸਕ ਫੋਰਸ ਵੱਲੋਂ ਆਈ.ਆਈ.ਟੀਜ਼ ਦੀ ਮਾਨਸਿਕ ਸਿਹਤ ਪ੍ਰਣਾਲੀ ਦੀ ਜਾਂਚ ਵਿੱਚ ਕਈ ਸੰਸਥਾਗਤ ਕਮੀਆਂ ਦੀ ਗੱਲ ਸਾਹਮਣੇ ਆਈ ਹੈ। 23 ਆਈ.ਆਈ.ਟੀਜ਼ ਵਿੱਚੋਂ ਸਿਰਫ਼ ਚਾਰ ਕੋਲ ਮਾਨਸਿਕ ਸਿਹਤ ਸੰਕਟ ਨਾਲ ਨਜਿੱਠਣ ਲਈ ਮਿਆਰੀ ਕਾਰਜ-ਪ੍ਰਕਿਰਿਆ (ਐਸ.ਓ.ਪੀ.) ਹੋਣ ਦੀ ਰਿਪੋਰਟ ਹੈ। ਇਸ ਤੋਂ ਇਲਾਵਾ 50 ਵਿੱਚੋਂ 47 ਕਾਊਂਸਲਰਾਂ ਨੂੰ ਵਿਸ਼ੇਸ਼ ਸਿਖਲਾਈ ਨਾ ਮਿਲਣ ਦੀ ਗੱਲ ਵੀ ਸਾਹਮਣੇ ਆਈ। ਖ਼ੁਦਕੁਸ਼ੀ ਤੋਂ ਬਾਅਦ ਕੈਂਪਸ ਵਿੱਚ ਕੀ ਕਾਰਵਾਈ ਕੀਤੀ ਜਾਣੀ ਹੈ, ਇਸ ਸਬੰਧੀ ਵੀ ਸਪੱਸ਼ਟ ਪ੍ਰੋਟੋਕੋਲ ਦੀ ਘਾਟ ਦੱਸੀ ਗਈ ਹੈ। ਇਸ ਲਈ ਮਸਲਾ ਸਿਰਫ਼ ਕਾਊਂਸਲਰਾਂ ਦੀ ਗਿਣਤੀ ਵਧਾਉਣ ਦਾ ਨਹੀਂ, ਸਗੋਂ ਉਨ੍ਹਾਂ ਦੀ ਸਿਖਲਾਈ, ਵਿਦਿਆਰਥੀਆਂ ਦਾ ਭਰੋਸਾ ਅਤੇ ਸੰਕਟ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਸਪੱਸ਼ਟ ਪ੍ਰਬੰਧ ਬਣਾਉਣ ਦਾ ਵੀ ਹੈ।
ਮਨੋਵਿਗਿਆਨੀ ਡਾ. ਜੇ.ਪੀ. ਅਗਰਵਾਲ ਨੇ ਵੀ ਖ਼ਤਰੇ ਦੇ ਸੰਕੇਤਾਂ ਦੀ ਛੇਤੀ ਪਛਾਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਅਧਿਆਪਕਾਂ, ਕਾਊਂਸਲਰਾਂ ਅਤੇ ਹੋਸਟਲ ਵਾਰਡਨਾਂ ਨੂੰ ‘ਗੇਟਕੀਪਰ’ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਤਣਾਅ, ਡਿਪਰੈਸ਼ਨ ਅਤੇ ਖ਼ੁਦਕੁਸ਼ੀ ਦੇ ਖ਼ਤਰੇ ਦੇ ਮੁਢਲੇ ਸੰਕੇਤ ਪਛਾਣੇ ਜਾ ਸਕਣ। ਵਿਦਿਆਰਥੀਆਂ ਨੂੰ ਵੀ ਉਪਲਬਧ ਮਾਨਸਿਕ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਜਵਾਬਦੇਹੀ ਦਾ ਸਵਾਲ
ਆਈ.ਆਈ.ਟੀ. ਮਦਰਾਸ ਨਾਲ ਜੁੜੀ 2023 ਦੀ ਇੱਕ ਘਟਨਾ ਰਿਪੋਰਟ ਵਿੱਚ ਸੰਸਥਾਗਤ ਜਵਾਬਦੇਹੀ ਦੇ ਸੰਦਰਭ ਵਿੱਚ ਦਰਜ ਹੈ। ਇੱਕ ਪੀ.ਐਚਡੀ. ਵਿਦਿਆਰਥੀ ਦੀ ਖ਼ੁਦਕੁਸ਼ੀ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੇ ਸੁਪਰਵਾਈਜ਼ਰ ’ਤੇ ਅਕਾਦਮਿਕ ਹੈਰਾਸਮੈਂਟ ਦੇ ਦੋਸ਼ ਲਗਾਏ ਗਏ। ਬਾਹਰੀ ਜਾਂਚ ਕਮੇਟੀ ਬਣਾਈ ਗਈ ਅਤੇ ਰਿਪੋਰਟ ਮੁਤਾਬਕ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਪ੍ਰੋਫੈਸਰ ਨੂੰ ਮੁਅੱਤਲ ਕੀਤਾ ਗਿਆ।
ਇਸ ਪੂਰੇ ਮਾਮਲੇ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਵਿਦਿਆਰਥੀ ਖ਼ੁਦਕੁਸ਼ੀ ਨੂੰ ਕਿਸੇ ਇੱਕ ਕਾਰਨ ਨਾਲ ਸਮਝਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪੜ੍ਹਾਈ ਦਾ ਦਬਾਅ, ਨਿੱਜੀ ਦੁੱਖ, ਪਰਿਵਾਰਕ ਹਾਲਾਤ, ਇਕੱਲਾਪਣ ਅਤੇ ਸੰਸਥਾਗਤ ਪ੍ਰਬੰਧ; ਇਹ ਸਾਰੇ ਤੱਤ ਵੱਖ-ਵੱਖ ਮਾਮਲਿਆਂ ਵਿੱਚ ਵੱਖਰੇ ਢੰਗ ਨਾਲ ਪ੍ਰਭਾਵ ਪਾ ਸਕਦੇ ਹਨ।
ਨੈਸ਼ਨਲ ਟਾਸਕ ਫੋਰਸ ਦੇ ਸਰਵੇਖਣ ਵਿੱਚ ਇੱਕ ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਕਿ 56 ਫ਼ੀਸਦੀ ਵਿਦਿਆਰਥੀਆਂ ਨੇ ਗੰਭੀਰ ਮਸਲਿਆਂ ਨੂੰ ਨਿਰਪੱਖ ਢੰਗ ਨਾਲ ਨਜਿੱਠਣ ਲਈ ਪ੍ਰਸ਼ਾਸਨ ਉੱਤੇ ਭਰੋਸਾ ਪ੍ਰਗਟਾਇਆ। ਇਹ ਭਰੋਸਾ ਕੈਂਪਸ ਪ੍ਰਬੰਧਾਂ ਨੂੰ ਹੋਰ ਮਜਬੂਤ ਕਰਨ ਦਾ ਆਧਾਰ ਬਣ ਸਕਦਾ ਹੈ।
ਉੱਚ ਸਿੱਖਿਆ ਦਾ ਮਕਸਦ ਸਿਰਫ਼ ਡਿਗਰੀ ਅਤੇ ਨੌਕਰੀ ਤੱਕ ਸੀਮਤ ਨਹੀਂ। ਇੱਕ ਸੁਰੱਖਿਅਤ ਅਤੇ ਸਹਾਇਕ ਕੈਂਪਸ ਵੀ ਸਿੱਖਿਆ ਦਾ ਹਿੱਸਾ ਹੈ। ਵਿਦਿਆਰਥੀ ਜਦੋਂ ਅਕਾਦਮਿਕ ਜਾਂ ਨਿੱਜੀ ਸੰਕਟ ਵਿੱਚ ਹੋਵੇ ਤਾਂ ਉਸ ਨੂੰ ਸਮੇਂ ਸਿਰ ਸੁਣਨ ਵਾਲਾ ਵਿਅਕਤੀ, ਤਰਬੀਅਤ ਯਾਫ਼ਤਾ ਮਾਹਿਰ ਅਤੇ ਸਪੱਸ਼ਟ ਸਹਾਇਤਾ ਪ੍ਰਣਾਲੀ ਮਿਲੇ; ਇਹੀ ਉਹ ਬੁਨਿਆਦੀ ਢਾਂਚਾ ਹੈ, ਜਿਸ ਵੱਲ ਮੌਜੂਦਾ ਅੰਕੜੇ ਅਤੇ ਘਟਨਾਵਾਂ ਧਿਆਨ ਖਿੱਚ ਰਹੀਆਂ ਹਨ।

Leave a Reply

Your email address will not be published. Required fields are marked *