*ਅਸਲ ਦੁਸ਼ਮਣਾਂ ਦੇ ਚਿਹਰੇ ਨੰਗੇ ਹੋਏ
*ਤਿੱਖੇ ਟਕਰਾਵਾਂ ਵੱਲ ਵਧ ਸਕਦੇ ਹਨ ਹਾਲਾਤ
ਜਸਵੀਰ ਸਿੰਘ ਸ਼ੀਰੀ
ਪਰਮਿੰਦਰ ਸਿੰਘ ਝੋਟੇ ਦਾ ਕਤਲ ਕਿਸ ਸਰਕਾਰ ਜਾਂ ਕਿਸ ਸੁਰੱਖਿਆ ਏਜੰਸੀ ਨੇ ਕਰਵਾਇਆ ਹੈ, ਇਹਦੇ ਬਾਰੇ ਨਿਤਾਰਾ ਤਾਂ ਕੋਈ ਨਿਰਪੱਖ ਜਾਂਚ ਹੀ ਕਰ ਸਕਦੀ ਹੈ, ਪਰ ਇਹ ਤੱਥ ਹੈ ਕਿ ਇਹ ਕਤਲ ਸੱਤਾਸ਼ੀਲ ਸਿਆਸਤ, ਪੁਲਿਸ ਅਤੇ ਡਰੱਗ ਮਾਫੀਆ ਵੱਲੋਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਇੱਕ ਰਾਜਸੀ ਕਤਲ ਹੈ। ਇਸ ਦੇ ਰਾਜਨੀਤਿਕ ਪ੍ਰਭਾਵ ਪੈਣੇ ਅਟੱਲ ਹਨ। ਸੁਣਨ ਵਿੱਚ ਆਇਆ ਹੈ ਕਿ ਪੁਲਿਸ ਪ੍ਰਸ਼ਾਸਨਿਕ ਹਲਕਿਆਂ ਵਿੱਚੋਂ ਇੱਕ ਗੱਲ ਪਹਿਲਾਂ ਹੀ ਛਣ-ਛਣ ਕੇ ਸਾਹਮਣੇ ਆ ਰਹੀ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਚਿਹਰੇ ਦਾ ਕਤਲ ਹੋਣਾ ਹੈ।
ਬਿਲਕੁਲ ਉਸ ਵਕਤ ਜਦੋਂ ਰਾਜ ਸਰਕਾਰ ਨਾਲ ਸੰਬੰਧਤ ਸਿਆਸਤਦਾਨਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ 10,000 ਕਰੋੜ ਦੇ ਭ੍ਰਿਸ਼ਟਾਚਾਰ ਦੀ ਚਰਚਾ ਚੱਲ ਰਹੀ ਸੀ ਅਤੇ ਇਸ ਸੰਬੰਧ ਵਿੱਚ ਈ.ਡੀ. ਤੇ ਸੀ.ਬੀ.ਆਈ. ਵੱਲੋਂ ਛਾਪੇ ਮਾਰੇ ਜਾ ਰਹੇ ਸਨ ਤਾਂ ਇਸ ਕਤਲ ਦੀ ਘਟਨਾ ਵਾਪਰ ਜਾਂਦੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਓਝਲ ਹੋ ਗਏ ਅਤੇ ਝੋਟੇ ਦੇ ਕਤਲ ਦੀ ਘਟਨਾ ਨੇ ਉਸ ਦੀ ਥਾਂ ਲੈ ਲਈ। ਸੰਕਟ ਦੇ ਸਮੇਂ ਅਖਬਾਰਾਂ ਦੀਆਂ ਸੁਰਖੀਆਂ ਨੂੰ ਮੈਨੇਜ ਕਰਨ ਲਈ ਹਿੰਦੋਸਤਾਨੀ ਸਿਆਸਤ ਕਤਲਾਂ ਤੋਂ ਗੁਰੇਜ਼ ਨਹੀਂ ਕਰਦੀ।
ਦੂਜੇ ਪਾਸੇ ਇਸ ਕਤਲ ਤੋਂ ਬਾਅਦ ਜਿੱਡਾ ਵੱਡਾ ਪ੍ਰਤੀਕਰਮ ਸਾਹਮਣੇ ਆਇਆ ਹੈ, ਉਸ ਨੇ ਅਗਲੀਆਂ ਚੋਣਾਂ ਦੀ ਦ੍ਰਿਸ਼ਟੀ ਤੋਂ ਆਮ ਆਦਮੀ ਪਾਰਟੀ ਦੀ ਹਾਲਤ ਬੇਹੱਦ ਪਤਲੀ ਕਰ ਦਿੱਤੀ ਹੈ। ਕਾਰਨ ਇਸ ਦਾ ਇਹ ਕਿ ਪੰਜਾਬ ਪੁਲਿਸ ਦੀ ਅੰਤਿਮ ਪ੍ਰਸ਼ਾਸਨਿਕ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਦੇ ਹੱਥ ਵਿੱਚ ਹੈ। ਲੋਕ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀ.ਜੀ.ਪੀ. ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ਹੀਦ ਕਾਰਕੁੰਨ ਦਾ ਪੋਸਟ ਮਾਰਟਮ ਪੀ.ਜੀ.ਆਈ. ਤੋਂ ਕਰਵਾਉਣ, ਤਸਕਰ-ਪੁਲਿਸ ਅਤੇ ਸਿਆਸਤਦਾਨ ਦੇ ਗੱਠਜੋੜ ਦੀ ਜਾਂਚ, ਸੀ.ਬੀ.ਆਈ. ਤੋਂ ਕਰਵਾਉਣ, ਕਤਲ ਵਾਲੀ ਥਾਂ ‘ਤੇ ਪਰਵਿੰਦਰ ਦਾ ਬੁੱਤ ਲਗਵਾਉਣ, ਮਾਨਸਾ ਦੇ ਐਸ.ਐਚ.ਓ., ਡੀ.ਐਸ.ਪੀ. ਅਤੇ ਡਰੱਗ ਇੰਸਪੈਕਟਰ ਨੂੰ ਨੌਕਰੀ ਤੋਂ ਡਿਸਮਿਸ ਕਰਨ, ਸ਼ਹੀਦ ਦੇ ਨਾਂ ‘ਤੇ ਖਿਆਲਾ ਕਲਾਂ ਵਿਖੇ ਟਰਾਮਾ ਸੈਂਟਰ ਬਣਾਉਣ ਅਤੇ ਕਾਤਲਾਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰਾਂ ਅਨੁਸਾਰ ਵੱਡੇ ਚਿਹਰੇ ਦੇ ਸੰਭਾਵਤ ਕਤਲ ਦੀ ਕਹਾਣੀ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਦੇ ਘੇਰਿਆਂ ਵਿੱਚੋਂ ਛਣ ਕੇ ਹੀ ਸਾਹਮਣੇ ਆ ਰਹੀ ਸੀ। ਇਸ ਤੋਂ ਸਾਫ ਹੈ ਕਿ ਇਸ ਸੰਭਾਵਤ ਕਤਲ ਬਾਰੇ ਕੇਂਦਰੀ ਜਾਂਚ ਏਜੰਸੀਆਂ ਜਾਂ ਰਾਜ ਦੇ ਖੁਫੀਆ ਤੰਤਰ ਨੂੰ ਪਤਾ ਸੀ। ਫਿਰ ਵੀ ਇਸ ਕਤਲ ਨੂੰ ਰੋਕਣ ਵਿੱਚ ਨਾ ਸਿਰਫ ਇਹ ਅਸਫਲ ਰਹੀਆਂ ਸਗੋਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ-ਮੱਠ ਵੀ ਵਿਖਾਈ ਗਈ। ਇਸੇ ਕਰਕੇ ਲੋਕਾਂ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੰਤਰ ਖਿਲਾਫ ਵਧੇਰੇ ਵੱਡਾ ਰੋਹ ਹੈ। ਭਾਰਤੀ ਜਨਤਾ ਪਾਰਟੀ ਇਸ ਰੋਹ ਨੂੰ ਹੋਰ ਹਵਾ ਦੇਣ ਅਤੇ ਆਪਣੇ ਆਪ ਨੂੰ ਬਿਲਕੁਲ ਨਿਰਦੋਸ਼ ਸਿੱਧ ਕਰਨ ਦਾ ਯਤਨ ਕਰ ਰਹੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਹਾਲੇ ਕੁਝ ਦੇਰ ਪਹਿਲਾਂ ਹੀ ਨਸ਼ਿਆਂ ਦੇ ਖਿਲਾਫ ਇੱਕ ਮਾਰਚ ਜਥੇਬੰਦ ਕਰਕੇ ਹਟੀ ਹੈ। ਪੰਜਾਬ ਸਰਕਾਰ ਨੇ ਵੀ ‘ਯੁੱਧ ਨਸ਼ਿਆਂ ਵਿਰੁਧ’ ਚਲਾ ਰੱਖਿਆ ਹੈ। ਇਸ ਤਹਿਤ ਕੁਝ ਕਥਿਤ ਨਸ਼ਾ ਤਸਕਰਾਂ ਦੇ ਘਰ ਵੀ ਢਾਹੇ ਗਏ ਹਨ; ਪਰ ਇਸ ਮੁਹਿੰਮ ਦਾ ਨਤੀਜਾ ਕੁਝ ਨਹੀਂ ਨਿਕਲਿਆ। ਨਸ਼ੇ ਦੀ ਸਪਲਾਈ ਪਹਿਲਾਂ ਨਾਲੋਂ ਵੀ ਤੇਜ਼ ਹੋ ਗਈ ਹੈ। ਇਸ ਸਥਿਤੀ ਦਾ ਭਾਰਤੀ ਜਨਤਾ ਪਾਰਟੀ ਲਾਭ ਲੈਣ ਦਾ ਯਤਨ ਕਰ ਰਹੀ ਹੈ। ਇਸ ਦੇ ਬਾਵਜੂਦ ਕਿ ‘ਆਪ’ ਅਤੇ ਭਾਜਪਾ ਵਰਗੀਆਂ ਕੇਂਦਰਵਾਦੀ ਪਾਰਟੀਆਂ ਦੀਆਂ ਜੜ੍ਹਾਂ ਸਾਂਝੇ ਸੋਮੇ ਵਿੱਚੋਂ ਨਿਕਲਦੀਆਂ ਹਨ। ਇਸੇ ਲਈ ‘ਆਪ’ ਲੀਡਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਉਹੋ ਧਿਰ ਬਚਾਉਣ ਦਾ ਯਤਨ ਕਰ ਰਹੀ ਹੈ, ਜਿਸ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਨਿਕਾਸ ਤੇ ਵਿਕਾਸ ਹੋਇਆ ਹੈ। ਪੰਜਾਬ ਦੇ ਕਿੰਨੇ ਮਹਿਕਮਿਆਂ, ਕੁਦਰਤੀ ਅਤੇ ਮਨੁੱਖੀ ਸੋਮਿਆਂ ਦਾ ਰਾਜਨੀਤਿਕ ਪਾਰਟੀਆਂ ਨੇ ਨਾਸ਼ ਕਰ ਦਿੱਤਾ ਹੈ। ਇਸ ਦਾ ਕਿਸੇ ਨੂੰ ਕੋਈ ਬਹੁਤਾ ਫਿਕਰ ਨਹੀਂ ਹੈ।
ਸਵਾਲ ਹੈ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਪਰਵਿੰਦਰ ਸਿੰਘ ਝੋਟੇ ਦੇ ਕਤਲ ਦਾ ਕਿਸ ਪਾਰਟੀ ਨੂੰ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ ਅਤੇ ਕਿਸ ਨੂੰ ਸਭ ਤੋਂ ਵਧੇਰੇ ਫਾਇਦਾ? ਨਿਰਸੰਦੇਹ ਹਾਲ ਦੀ ਘੜੀ ਅਕਾਲੀ ਦਲ (ਵਾਰਸ ਪੰਜਾਬ ਦੇ) ਨੂੰ ਇਹ ਘਟਨਾ ਵਧੇਰੇ ਸਿਆਸੀ ਲਾਹਾ ਪਹੁੰਚਾ ਰਹੀ ਹੈ; ਪਰ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨਸ਼ਿਆਂ ਦੇ ਮਾਮਲੇ ਨੂੰ ਮੁੱਖ ਸਿਆਸੀ ਮੁੱਦਾ ਬਣਾਉਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਕੀ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਇਹ ਆਸ ਕਰਦੀ ਹੈ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਕਾਰਨ ਲੋਕ ਉਸ ਦੇ ਵੱਲ ਮੁੜਨਗੇ? ਅਜਿਹੀ ਹਾਲਤ ਹਾਲ ਦੀ ਘੜੀ ਦਿਸ ਨਹੀਂ ਰਹੀ। ਲੋਕਾਂ ਨੂੰ ਕਿਸਾਨ ਮੋਰਚੇ ਨਾਲ ਭਾਜਪਾ ਵੱਲੋਂ ਕੀਤਾ ਗਿਆ ਵਿਹਾਰ ਯਾਦ ਹੈ, ਜਦੋਂ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਸਨ। ਇਸ ਦ੍ਰਿਸ਼ਟੀ ਤੋਂ ਵੇਖਿਆਂ ਇਸ ਕਤਲ ਵਿੱਚ ਕੇਂਦਰੀ ਏਜੰਸੀਆਂ ਦੇ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋਹਾਂ ਹੀ ਹਾਲਤਾਂ ਵਿੱਚ ਇਹ ਕਤਲ ਇੱਕ ਤਰ੍ਹਾਂ ਨਾਲ ਸਿਆਸੀ ਕਤਲ ਹੀ ਹੈ; ਜਦਕਿ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਇਸ ਨੂੰ ਨਿੱਜੀ ਦੁਸ਼ਮਣੀ ਦਾ ਮਾਮਲਾ ਦਰਸਾਉਣ ਦਾ ਯਤਨ ਕਰ ਰਹੇ ਹਨ। ਝੋਟੇ ਦਾ ਕਤਲ ਇਸ ਪਾਸੇ ਵੀ ਸੰਕੇਤ ਕਰਦਾ ਹੈ ਕਿ ਦੀਪ ਸਿੱਧੂ ਦਾ ਚਲਾਣਾ ਮਹਿਜ ਐਕਸੀਡੈਂਟ ਦਾ ਨਤੀਜਾ ਨਹੀਂ ਸੀ।
ਯਾਦ ਰਹੇ, ਮਾਨਸਾ ਖੇਤਰ ਵਿੱਚ ਨਸ਼ਿਆਂ ਵਿਰੁਧ ਜਹਾਦ ਵਿੱਢਣ ਵਾਲੇ ਪੰਤਾਲੀ ਸਾਲਾ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਵਿੱਚ ਇੱਕ ਦਵਾਈਆਂ ਦੀ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦਵਾਈਆਂ ਦੀ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਜਦੋਂ ਉਸ ਨੂੰ ਗੋਲੀ ਮਾਰੀ ਗਈ ਤਾਂ ਉਹ ਇੰਟਰਨੈਟ ‘ਤੇ ਲਾਈਵ ਸੀ। ਕਾਤਲ ਵੱਲੋਂ ਗੋਲੀ ਮਾਰਨ ਤੋਂ ਪਹਿਲਾਂ ਅਸ਼ਵਨੀ ਕੁਮਾਰ ਨੇ ਕਿਸੇ ਨਾਲ ਫੋਨ ‘ਤੇ ਲੰਮੀ ਗੱਲਬਾਤ ਕੀਤੀ। ਦੁਕਾਨਦਾਰ ਵੱਲੋਂ ਕਿਸੇ ਬਜ਼ੁਰਗ ਵਿਅਕਤੀ ਨੂੰ ਨਸ਼ੇ ਦੀ ਦਵਾਈ ਵੇਚੀ ਗਈ ਸੀ। ਗੋਲੀ ਚਲਾਉਣ ਵਾਲੇ ਅਸ਼ਵਨੀ ਕੁਮਾਰ, ਉਸ ਦੇ ਬੇਟੇ ਅਤੇ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਝੋਟੇ ਤੋਂ ਇਲਾਵਾ ਚਾਰ ਹੋਰ ਵਿਅਕਤੀ ਵੀ ਇਸ ਘਟਨਾ ਵਿੱਚ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਹਰਖੇL ਹੋਏ ਲੋਕਾਂ ਨੇ ਅਸ਼ਵਨੀ ਕੁਮਾਰ ਦੀ ਦੁਕਾਨ ਨੂੰ ਢਾਹ ਕੇ ਅੱਗ ਲਗਾ ਦਿੱਤੀ। ਅਸ਼ਵਨੀ ਦੇ ਘਰ ਦੀ ਇੱਕ ਕੰਧ ਵੀ ਗਿਰਾਈ ਗਈ ਹੈ। ਇਸ ਕਤਲ ਦੇ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ‘ਤੇ ਆਧਾਰਤ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ ਇਸ ਸੰਘਰਸ਼ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਸਥਾਨਕ ਤਿਕੋਣੀ ਚੌਂਕ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਮਾਨਸਾ ਦੇ ਸਰਕਾਰੀ ਹਸਪਤਾਲ ਦੀ ਮੌਰਚਰੀ, ਜਿੱਥੇ ਪਰਵਿੰਦਰ ਦੀ ਲਾਸ਼ ਪਈ ਹੈ, ਸਾਹਮਣੇ ਨਹਿੰਗ ਸਿੰਘ ਡਟੇ ਹੋਏ ਹਨ ਅਤੇ ਸਿਰ ਦੇਣ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਜੇ ਸ਼ਹੀਦ ਦੀ ਲਾਸ਼ ਨੂੰ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਥੋਂ ਕਈ ਲਾਸ਼ਾਂ ਹੋਰ ਵੀ ਜਾਣਗੀਆਂ।
ਯਾਦ ਰਹੇ, ਪਰਵਿੰਦਰ ਸਿੰਘ ਦਾ ਇਸ ਦੁਕਾਨਦਾਰ ਨਾਲ ਨਸ਼ੇ ਵੇਚਣ ਕਾਰਨ 2023 ਵਿੱਚ ਵੀ ਇੱਕ ਵਾਰ ਝਗੜਾ ਹੋਇਆ ਸੀ। ਉਸ ਨੂੰ ਕਥਿਤ ਤੌਰ ‘ਤੇ ਨਸ਼ਿਆਂ ਦੀਆਂ ਗੋਲੀਆਂ ਅਤੇ ਕੈਪਸੂਲ ਵਗੈਰਾ ਵੇਚਣ ਕਾਰਨ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਬਾਜ਼ਾਰ ਵਿੱਚ ਘੁਮਾਇਆ ਗਿਆ ਸੀ। ਪੁਲਿਸ ਨੇ ਝੋਟੇ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਅਸ਼ਵਨੀ ਖਿਲਾਫ ਕੇਸ ਦਰਜ ਕਰ ਲਿਆ ਸੀ, ਪਰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੇ ਦੋਸ਼ ਵਿੱਚ ਬਾਅਦ ਵਿੱਚ ਝੋਟੇ ਦੇ ਖਿਲਾਫ ਵੀ ਕੇਸ ਦਰਜ ਕਰ ਲਿਆ ਗਿਆ ਅਤੇ ਉਸ ਨੂੰ ਤਿੰਨ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ।
ਝੋਟੇ ਦੇ ਕਤਲ (13 ਅਕਤੂਬਰ) ਸੰਬੰਧੀ ਵਾਇਰਲ ਹੋਈ ਇੱਕ ਲਾਈਵ ਵੀਡੀਓ ਵਿੱਚ ਸ਼ਹੀਦ ਕਾਰਕੁੰਨ ਅਸ਼ਵਨੀ ਕੁਮਾਰ ਨੂੰ ਗੋਲੀ ਮਾਰਨ ਲਈ ਵੰਗਾਰਦਾ ਵਿਖਾਈ ਦੇ ਰਿਹਾ ਹੈ। ਇਸ ਦੌਰਾਨ ਅਸ਼ਵਨੀ ਕੁਮਾਰ ਅਤੇ ਉਸ ਦੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਦੇ ਹੱਥ ਵਿੱਚ ਪਿਸਤੌਲ ਵਿਖਾਈ ਦੇ ਰਿਹਾ ਹੈ। ਵਾਇਰਲ ਹੋਈ ਇਹ ਵੀਡੀਓ 48 ਸੈਕਿੰਡ ਦੀ ਹੈ। ਝੋਟੇ ਦੇ ਕਤਲ ਦੀ ਸਕੀਮ ਘੜਨ ਵਾਲੇ ਲੋਕਾਂ ਨੇ ਸੋਚਿਆ ਹੋਵੇਗਾ ਕਿ ਉਸ ਦੀ ਆਵਾਜ਼ ਨੂੰ ਖਾਮੋਸ਼ ਕਰਨ ਤੋਂ ਬਾਅਦ ਪੰਜਾਬ ਵਿੱਚ ਇਸ ਵਬਾ ਖਿਲਾਫ ਉਠ ਰਹੀ ਆਵਾਜ਼ ਵੀ ਚੁੱਪ ਕਰ ਜਾਵੇਗੀ; ਪਰ ਇਹ ਸੰਘਰਸ਼ ਸਗੋਂ ਪਹਿਲਾਂ ਨਾਲੋਂ ਵੀ ਪ੍ਰਚੰਡ ਹੋ ਗਿਆ ਹੈ। ਕਤਲ ਤੋਂ ਬਾਅਦ ਝੋਟੇ ਦੇ ਪਿਤਾ ਦੇ ਪ੍ਰਤੀਕਰਮ ਨੇ ਦੁਨੀਆਂ ਦੰਗ ਕਰ ਦਿੱਤੀ। ਉਸ ਨੇ ਪਰਵਿੰਦਰ ਦੇ ਅਧੂਰੇ ਕਾਜ ਨੂੰ ਸਿਰੇ ਲਾਉਣ ਦੀ ਕਸਮ ਖਾਧੀ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਸ ਦਾ ਬੇਟਾ ਭਾਵੇਂ ਸ਼ਹੀਦ ਹੋ ਗਿਆ ਹੈ, ਪਰ ਉਹਨੇ ਮੈਨੂੰ ਜ਼ਿੰਦਗੀ ਦਾ ਇੱਕ ਮਕਸਦ ਦੇ ਦਿੱਤਾ ਹੈ। ਅਕਾਲ ਤਖਤ ਸਾਹਿਬ ਦੇ ਬਾਦਲ ਧਿਰ ਵੱਲੋਂ ਨਿਯੁਕਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਮੁਤਬਾਦਲ ਜਥੇਦਾਰ ਜਗਤਾਰ ਸਿੰਘ ਹਵਾਰਾ- ਦੋਹਾਂ ਨੇ ਝੋਟੇ ਨੂੰ ਕੌਮੀ ਸ਼ਹੀਦ ਕਰਾਰ ਦੇ ਦਿੱਤਾ ਹੈ। ਪਰਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਉਸ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀ ਐਕਸ਼ਨ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ, ਉਸ ਨੂੰ ਪੰਜਾਬ ਦੇ ਲੋਕਾਂ ਨੇ ਆਪ ਮੁਹਾਰੇ ਵੱਡਾ ਹੁੰਘਾਰਾ ਦਿੱਤਾ। ਸੜਕਾਂ ਅਤੇ ਬਾਜ਼ਾਰਾਂ ਵਿੱਚ ਸੁੰਨ ਪਸਰ ਗਈ।
ਇਸ ਕਤਲ ਕਾਂਡ ਨੇ ਨਸ਼ਾ ਮਾਫੀਆ, ਇਸ ਨੂੰ ਪਰਮੋਟ ਕਰ ਰਹੇ ਸਿਆਸਤਦਾਨਾਂ ਅਤੇ ਇਸ ਵਿੱਚ ਲਿਪਤ ਪੁਲਿਸ ਪ੍ਰਸ਼ਾਸਨ ਤੇ ਇਸ ਵਬਾ ਵਿਰੁੱਧ ਜੂਝ ਰਹੇ ਸੰਘਰਸ਼ਸ਼ੀਲ ਲੋਕਾਂ ਵਿਚਕਾਰ ਗੂੜ੍ਹੀ ਲਕੀਰ ਖਿੱਚ ਦਿੱਤੀ ਹੈ। ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਦੇ ਖਿਲਾਫ ਨਿੱਤਰ ਆਈਆਂ ਹਨ। ਝੋਟੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਧਰਨੇ ਦੀ ਅਗਵਾਈ ਕਰ ਰਹੀ ਐਕਸ਼ਨ ਕਮੇਟੀ ਨੇ ਪੰਜਾਬ ਦੇ ਸਾਰੇ ਅਸੈਂਬਲੀ ਮੈਂਬਰਾਂ ਨੂੰ ਲਾਹਨਤ ਪੱਤਰ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਝੋਟੇ ਦੇ ਕਤਲ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਪ੍ਰਤੀਕਰਮ ਵਿੱਚ ਕਿਹਾ ਕਿ ਝੋਟੇ ਦਾ ਕਤਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਗੜ ਗਈ ਹਾਲਤ ਅਤੇ ਸਰਕਾਰ ਦੀ ਨਸ਼ਿਆਂ ਵਿਰੁਧ ਮਹਿੰਮ ਦੀ ਅਸਫਲਤਾ ਦੀ ਦੱਸ ਪਾਉਂਦਾ ਹੈ। ਇਸ ਦੌਰਾਨ ‘ਆਪ’ ਲੀਡਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਮਲੇ ਤੋਂ ਪਾਸਾ ਵੱਟਦੇ ਨਜ਼ਰ ਆਏ ਅਤੇ ਫਰਾਂਸ ਚਲੇ ਗਏ।
