ਸੜਕ ਹਾਦਸਿਆਂ ਕਾਰਨ ਪੰਜ ਸੌ ਵਿਅਕਤੀ ਰੋਜ਼ ਮਰਦੇ ਭਾਰਤ ਵਿੱਚ

ਖਬਰਾਂ ਵਿਚਾਰ-ਵਟਾਂਦਰਾ

*ਸੰਗਰੂਰ ਵਿੱਚ 8 ਮਜ਼ਦੂਰਾਂ ਦੀ ਮੌਤ 13 ਜ਼ਖਮੀ
*ਪੰਜਾਬ ਵਿੱਚ ਹਾਦਸਿਆਂ ਦੀ ਗਿਣਤੀ ਘਟਣ ਦਾ ਦਾਅਵਾ
ਜਸਵੀਰ ਸਿੰਘ ਮਾਂਗਟ
ਮੌਜੂਦਾ ਪੂਰਬੀ ਪੰਜਾਬ/ਹਿੰਦੁਸਤਾਨ ਵਿੱਚ ਜ਼ਿੰਦਗੀ ਕਿੰਨੀ ਸਸਤੀ ਹੈ, ਇਥੇ ਵਾਪਰ ਰਹੇ ਸੜਕ ਹਾਦਸੇ ਇਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਦੇ ਹਨ। 13 ਅਕਤੂਬਰ ਨੂੰ ਨਸ਼ਿਆਂ ਦੀ ਵਬਾ ਵਿਰੁਧ ਯੁੱਧ ਛੇੜੀ ਬੈਠੇ ਸੂਰਮੇ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਦੀ ਖ਼ਬਰ ਆਈ। ਇਸ ਹੱਤਿਆ ਵਿੱਚ ਪੂਰਾ ਪ੍ਰਸ਼ਾਸਨ ਸਮਗਲਰਾਂ ਦੇ ਪੱਖ ਵਿੱਚ ਭੁਗਤਦਾ ਨਜ਼ਰ ਆਇਆ। ਇਸ ਤੋਂ ਪਿੱਛੋਂ ਹਾਲੇ ਹਫਤਾ ਵੀ ਨਹੀਂ ਗੁਜ਼ਰਿਆ ਸੀ ਕਿ ਸੰਗਰੂਰ ਜਿਲ੍ਹੇ ਦੇ ਲਹਿਰਾਗਾਗਾ-ਜਾਖਲ ਰੋਡ ‘ਤੇ 8 ਮਨਰੇਗਾ ਵਰਕਰਾਂ ਦੇ ਸੜਕ ਹਾਦਸੇ ਵਿੱਚ ਮਾਰੇ ਜਾਣ ਅਤੇ 13 ਦੇ ਜ਼ਖਮੀ ਹੋਣ ਦੀ ਖਬਰ ਆ ਗਈ ਹੈ। ਇਹ ਸਾਰੇ ਵਰਕਰ ਅਲੀਸ਼ੇਰ ਪਿੰਡ ਨਾਲ ਸੰਬੰਧਤ ਹਨ।

ਹਾਦਸੇ ਵਿੱਚ ਮਾਰੇ ਜਾਣ ਵਾਲੇ ਵਿਅਕਤੀਆਂ ਵਿੱਚ 6 ਔਰਤਾਂ ਹਨ, ਜਿਨ੍ਹਾਂ ਵਿੱਚ ਇਕ ਨਿੱਕੇ ਬੱਚੇ ਦੀ ਮਾਂ ਵੀ ਹੈ। ਸੜਕ ਕਿਨਾਰੇ ਬੈਠ ਕੇ ਚਾਹ-ਪਾਣੀ ਪੀ ਰਹੇ ਇਨ੍ਹਾਂ ਮਨਰੇਗਾ ਵਰਕਰਾਂ ‘ਤੇ ਇੱਕ ਬੇਕਾਬੂ ਹੋਈ ਕਾਰ ਜਾ ਚੜ੍ਹੀ। ਮੋਟਰਸਾਈਕਲ ਵਿੱਚ ਲੱਗ ਕੇ ਸੰਬੰਧਤ ਕਾਰ ਬੇਕਾਬੂ ਹੋ ਗਈ ਅਤੇ ਇਹ ਦੁਖਦਾਈ ਹਾਦਸਾ ਵਾਪਰ ਗਿਆ। ਜ਼ਖਮੀ ਹੋਏ ਵਰਕਰਾਂ ਦਾ ਦੋਸ਼ ਹੈ ਕਿ ਘਟਨਾ ਦੇ ਵਾਪਰਨ ਤੋਂ ਬਾਅਦ ਇੱਕ ਘੰਟੇ ਤੱਕ ਐਂਬੂਲੈਂਸ ਨਹੀਂ ਆਈ ਅਤੇ ਇਸੇ ਕਾਰਨ ਕੁਝ ਗੰਭੀਰ ਜ਼ਖਮੀਆਂ ਦੀ ਮੌਤ ਹੋ ਗਈ। ਪੰਜਾਬ ਸਰਕਾਰ ਨੇ ਮਾਰੇ ਗਏ ਵਰਕਰਾਂ ਨੂੰ 2 ਲੱਖ ਰੁਪਏ ਐਕਸ ਗਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਹੋਂਦ ਵਿੱਚ ਆਈ 10 ਮੈਂਬਰੀ ਇਨਸਾਫ ਕਮੇਟੀ ਨੇ ਜ਼ਖਮੀਆਂ ਦਾ ਪੂਰਾ ਇਲਾਜ ਸਰਕਾਰ ਵੱਲੋਂ ਚੁੱਕੇ ਜਾਣ ਅਤੇ ਮ੍ਰਿਤਕਾਂ ਨੂੰ 10 ਲੱਖ ਰੁਪਏ ਦੇਣ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਹਰਪਾਲ ਸਿੰਘ ਚੀਮਾ ਨੇ ਹਸਪਤਾਲ ਵਿੱਚ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿੱਤਾ।
ਜ਼ਖਮੀ ਹੋਏ ਵਰਕਰਾਂ ਵਿੱਚ ਚਾਰ ਦਾ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਚੱਲ ਰਿਹਾ ਹੈ, ਜਦਕਿ 7 ਜ਼ਖਮੀਆਂ, ਜਿਨ੍ਹਾਂ ਦੀ ਹਾਲਤ ਮੁਕਾਬਲਾਤਨ ਠੀਕ ਹੈ, ਨੂੰ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਇਲਾਜ ਦਿੱਤਾ ਜਾ ਰਿਹਾ ਹੈ। ਮਹਿਕਮੇ ਦੇ ਮੰਤਰੀ ਬਰਿੰਦਰ ਗੋਇਲ ਨੇ ਮਾਮਲੇ ਵਿੱਚ ਵਿਭਾਗੀ ਪੜਤਾਲ ਦਾ ਹੁਕਮ ਦਿੱਤਾ ਹੈ ਅਤੇ ਸੜਕ ਸੁਰੱਖਿਆ ਦੇ ਢੰਗ ਤਰੀਕਿਆਂ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਚਸ਼ਮਦੀਦ ਗਵਾਹਾਂ ਅਨੁਸਾਰ ਇਹ ਹਾਦਸਾ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਵਾਪਰਿਆ। ਮਾਰੇ ਗਏ ਅਤੇ ਜ਼ਖਮੀ ਮਜ਼ਦੂਰਾਂ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਮਨਰੇਗਾ ਦਾ ਕੰਮ ਕਰਵਾਉਣ ਵਾਲੇ ਮਹਿਕਮੇ ਨੇ ਨਾਂ ਤਾਂ ਦੂਰੋਂ ਚਮਕਣ ਵਾਲੀਆਂ ਸੇਫਟੀ ਜੈਕਟਾਂ ਵਰਕਰਾਂ ਨੂੰ ਪਵਾਈਆਂ ਅਤੇ ਨਾ ਹੀ ਚਿਤਾਵਨੀ ਚਿੰਨ੍ਹ, ਬੈਰੀਕੇਡ ਅਤੇ ਕੋਨ ਆਦਿ ਲਗਾਏ ਸਨ। ਅਸਲ ਵਿੱਚ ਇਹ ਨਿਯਮਾਂ ਦੀਆਂ ਉਲੰਘਣਾਵਾਂ ਹੀ ਹਨ, ਜਿਨ੍ਹਾਂ ਕਾਰਨ ਹਾਦਸੇ ਵਾਪਰਦੇ ਹਨ। ਪੰਜਾਬ (ਹਿੰਦੁਸਤਾਨ) ਵਿੱਚ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਆਮ ਹੀ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਸੜਕੀ ਨਿਯਮਾਂ ਦੀ ਉਲੰਘਣਾ ਬਦਲੇ ਜ਼ੁਰਮਾਨਿਆਂ ਦੀ ਰਕਮ ਕਾਫੀ ਵਧਾ ਦਿੱਤੀ ਗਈ ਸੀ। ਇਸ ਦਾ ਅਸਰ ਇਹ ਹੋਇਆ ਕਿ ਉਲੰਘਣਾ ਕਰਨ ਵਾਲੇ ਲੋਕਾਂ ਕੋਲੋਂ ਲਈ ਜਾ ਰਹੀ ਰਿਸ਼ਵਤ ਵਿੱਚ ਵਾਧਾ ਹੋ ਗਿਆ। ਮਗਰੋਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਵੀ ਸੜਕ ਹਾਦਸਿਆਂ ਦੀ ਉੱਚੀ ਦਰ ਜਾਰੀ ਰਹੀ। 2024 ਵਿੱਚ ‘ਆਪ’ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ। ਇਸ ਫੋਰਸ ਵਿੱਚ ਸ਼ਾਮਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਮਹਿੰਗੀਆਂ ਗੱਡੀਆਂ ਦਾ ਫਲੀਟ ਖਰੀਦ ਕੇ ਦਿੱਤਾ ਗਿਆ। ਗੱਡੀਆਂ ਦੇ ਇਸ ਫਲੀਟ ਵਿੱਚੋਂ ਰਿਸ਼ਵਤ ਖਾਣ ਦਾ ਕਿੱਸਾ ਵੀ ਸਾਹਮਣੇ ਆਇਆ ਹੈ।
ਸੜਕ ਸੁਰੱਖਿਆ ਫੋਰਸ ਦੇ ਗਠਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ 48 ਫੀਸਦੀ ਗਿਰਾਵਟ ਦਾ ਦਾਅਵਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਪੰਜਾਬ ਵਿੱਚ ਸੜਕ ਹਾਦਸਿਆਂ ਕਾਰਨ 3062 ਮੌਤਾਂ ਹੋਈਆਂ ਹਨ। ਜਦਕਿ ਸਾਲ 2024 ਵਿੱਚ ਪੰਜਾਬ ਵਿੱਚ ਇਹ ਗਿਣਤੀ 4759 ਸੀ। ਸਾਲ 2025 ਵਿੱਚ ਕੌਮੀ ਪੱਧਰ ‘ਤੇ 1,80,000 ਮੌਤਾਂ ਹਾਦਸਿਆਂ ਕਾਰਨ ਹੋਈਆਂ। ਇਹ ਗਿਣਤੀ 502 ਮੌਤਾਂ ਰੋਜ਼ਾਨਾ ਬਣਦੀ ਹੈ। ਉਤਰ ਪ੍ਰਦੇਸ ਵਿੱਚ ਇਸੇ ਸਾਲ (2025) ਸਭ ਤੋਂ ਜ਼ਿਆਦਾ 27,550 ਮੌਤਾਂ ਸੜਕ ਹਾਦਸਿਆਂ ਵਿੱਚ ਹੋਈਆਂ ਹਨ। 2025 ਤੋਂ ਲੈ ਕੇ ਹੁਣ ਤੱਕ ਕੋਈ ਅਧਿਕਾਰਿਕ ਅੰਕੜਾ ਸਾਹਮਣੇ ਨਹੀਂ ਆਇਆ।
ਤਾਜ਼ਾ ਸੰਗਰੂਰ ਹਾਦਸੇ ਵਿੱਚ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਕਮਾਊ ਜੀਅ ਚਲੇ ਗਏ, ਉਨ੍ਹਾਂ ਦਾ ਦੋ ਲੱਖ ਰੁਪਏ ਨਾਲ ਸਾਰੀ ਉਮਰ ਗੁਜ਼ਾਰਾ ਨਹੀਂ ਹੋਣਾ। ਪ੍ਰਭਾਵਿਤ ਹੋਣ ਵਾਲੇ ਪਰਿਵਾਰ ਹਾਦਸਿਆਂ ਦੀ ਬਹੁਤ ਭਿਆਨਕ ਕੀਮਤ ਤਾਰਦੇ ਹਨ। ਇਸ ਨਾਲ ਪਰਿਵਾਰ ਆਰਥਕ ਸੰਕਟ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਅਗਾਂਹ ਬੱਚਿਆਂ ਦੀ ਪੜ੍ਹਾਈ-ਲਿਖਾਈ ਵੀ ਰੁਕ ਜਾਂਦੀ ਹੈ। ਇਸ ਤਰ੍ਹਾਂ ਪੀੜ੍ਹੀਆਂ ਤੱਕ ਹਦਾਸਿਆਂ ਦੇ ਅਸਰ ਪ੍ਰਭਾਵਤ ਲੋਕਾਂ ‘ਤੇ ਪੈਂਦੇ ਰਹਿੰਦੇ ਹਨ।
ਭਗਵੰਤ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2024 ਵਿੱਚ ਸੜਕ ਸੁਰੱਖਿਆ ਫੋਰਸ ਬਣਾਉਣ ਤੋਂ ਬਾਅਦ ਪੰਜਾਬ ਵਿੱਚ ਸੜਕ ਹਾਦਸੇ 48 ਫੀਸਦੀ ਘੱਟ ਹੋਏ ਹਨ। ਪਹਿਲੀ ਕਾਂਗਰਸ ਸਰਕਾਰ ਨਾਲ ਤੁਲਨਾ ਕਰਕੇ ਵੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਮਾਨ ਸਰਕਾਰ ਦੇ ਪਹਿਲੇ ਤਿੰਨ ਸਾਲਾਂ ਵਿੱਚ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਸੀ। 2021 ਵਿੱਚ ਜਦੋਂ ਕੈਪਟਨ/ਕਾਂਗਰਸ ਸਰਕਾਰ ਸੀ, ਦੌਰਾਨ ਹਾਦਸਿਆਂ ਕਾਰਨ 4589 ਮੌਤਾਂ ਹੋਈਆਂ। ਪਰ 2022 ਵਿੱਚ ਜਦੋਂ ਮਾਨ ਸਰਕਾਰ ਬਣ ਗਈ ਤਾਂ ਇੱਕ ਸਾਲ ਵਿੱਚ ਹਾਦਸਿਆਂ ਕਾਰਨ 4756 ਮੌਤਾਂ ਹੋਈਆਂ। 2023 ਵਿੱਚ ਇਨ੍ਹਾਂ ਮੌਤਾਂ ਦੀ ਗਿਣਤੀ ਵਧ ਕੇ 4829 ਹੋ ਗਈ ਸੀ। ਸਾਲ 2024 ਵਿੱਚ 4760 ਮੌਤਾਂ ਹੋਈਆਂ, ਯਾਨੀ ਮਰਨ ਵਾਲਿਆਂ ਦੀ ਗਿਣਤੀ ਵਧਦੀ ਚਲੀ ਗਈ। ਪਰ 2025 ਵਿੱਚ ਮੌਤਾਂ ਦੀ ਇਹ ਗਿਣਤੀ ਘਟੀ ਦੱਸੀ ਜਾ ਰਹੀ ਹੈ। ਫਿਰ ਵੀ ਤਾਜ਼ਾ ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਪੁੱਛਿਆ ਜਾ ਸਕਦਾ ਕਿ ਘਟਨਾ ਦੇ ਵਾਪਰਨ ਤੋਂ ਇੱਕ ਘੰਟਾ ਬਾਅਦ ਤੱਕ ਸੜਕ ਸੁਰੱਖਿਆ ਫੋਰਸ ਕਿੱਥੇ ਸੀ? ਸੜਕ ਸੁਰੱਖਿਆ ਫੋਰਸ ਵਿੱਚ 1597 ਮੁਲਾਜ਼ਮ ਕੰਮ ਕਰ ਰਹੇ ਹਨ। ਹਾਦਸਾ ਵਾਪਰਨ ਦੇ ਖ਼ਤਰੇ ਵਾਲੇ 4200 ਕਿਲੋਮੀਟਰ ਵਿੱਚ 144 ਵਿਸ਼ੇਸ਼ ਪ੍ਰਫੈਸ਼ਨਲ ਵਾਹਨ ਤਾਇਨਾਤ ਕੀਤੇ ਗਏ ਹਨ। ਪੰਜਾਬ ਰਾਜ ਰੋਡ ਸੇਫਟੀ ਕੌਂਸਲ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ 35 ਨਵੀਨਤਮ ਲਾਈਫ ਸਪੋਰਟ ਐਂਬੂਲੈਂਸਾਂ ਅਤੇ 50 ਬੇਸਿਕ ਲਾਈਫ ਸਪੋਰਟ ਸਿਸਟਮ ਲੈ ਕੇ ਦਿੱਤੇ ਗਏ ਹਨ। ਹਾਦਸੇ ਤੋਂ ਬਾਅਦ ਸਰਕਾਰੀ ਸਪੋਰਟ ਸਿਸਟਮ ਦੀ ਸੁਸਤੀ ਅਕਸਰ ਵਧੇਰੇ ਮੌਤਾਂ ਦਾ ਕਾਰਨ ਬਣਦੀ ਹੈ।
ਹਿੰਦੋਸਤਾਨ ਵਿੱਚ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਹੱਦੋਂ ਵੱਧ ਸਪੀਡ ਹੈ, ਸ਼ਰਾਬ ਦੀ ਵਰਤੋਂ ਅਤੇ ਅਣਗਹਿਲੀ (ਕੇਅਰਲੈਸ ਡਰਾਈਵਿੰਗ) ਆਦਿ ਹੈ। ਸਪਸ਼ਟ ਹੈ ਕਿ ਪੰਜਾਬ ਦੀ ਸੜਕ ਸੁਰੱਖਿਆ ਫੋਰਸ ਤੈਅ ਗਤੀ ਅਨੁਸਾਰ ਵਾਹਨਾਂ ਦੀ ਗਤੀ (ਸਪੀਡ) ਨੂੰ ਲਾਗੂ ਕਰਨ ਵਿੱਚ ਵੀ ਸਫਲ ਨਹੀਂ ਹੋ ਸਕੀ ਹੈ। ਇਸ ਨੂੰ ਪੰਜਾਬ ਸਰਕਾਰ ਅਤੇ ਸੜਕ ਸੁਰੱਖਿਆ ਫੋਰਸ ਦੀ ਅਣਗਹਿਲੀ ਹੀ ਕਿਹਾ ਜਾਵੇਗਾ। ਚੀਨ ਵਿੱਚ ਸੜਕ ਹਾਦਸੇ ਵਾਪਰਨ ਦੀਆਂ ਘਟਨਾਵਾਂ ਭਾਰਤ ਨਾਲੋਂ ਅੱਧੀਆਂ ਹਨ। ਸਪਸ਼ਟ ਹੈ ਕਿ ਜੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਇੱਛਾ ਸ਼ਕਤੀ ਹੋਏ ਤਾਂ ਹਾਦਸਿਆਂ ਅਤੇ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਗਿਣਨਯੋਗ ਤਰੀਕੇ ਨਾਲ ਘੱਟ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *