*ਪੰਜ ਲੱਖ ਫਰਾਂਸੀਸੀ ਲੋਕਾਂ ਨੇ ਕੀਤੇ ਵਿਖਾਵੇ
*ਇਟਲੀ ਵਿੱਚ ਨਾਬਾਲਗ ਬੱਚਿਆਂ ਦੇ ਵਿਸ਼ਾਲ ਪ੍ਰਦਰਸ਼ਨ
ਪੰਜਾਬੀ ਪਰਵਾਜ਼ ਬਿਊਰੋ
ਫਰਾਂਸ ਦੇ ਸਰਕਾਰੀ (ਜਨਤਕ) ਸਕੂਲਾਂ ਲਈ ਘਟ ਰਹੇ ਫੰਡ, ਵਧ ਰਹੀ ਮਹਿੰਗਈ ਅਤੇ ਵਿਦਿਆਰਥੀਆਂ ਦੇ ਮੁਕਾਬਲੇ ਅਧਿਆਪਕਾਂ ਦੀ ਘਟਦੀ ਗਿਣਤੀ ਖਿਲਾਫ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਇਟਲੀ ਵਿੱਚ ਵੀ ਵਧ ਰਹੀ ਮਹਿੰਗਾਈ ਅਤੇ ਜੀਣ-ਥੀਣ ਨੂੰ ਦੁਭਰ ਕਰ ਰਹੇ ਆਰਥਕ ਹਾਲਾਤ ਖਿਲਾਫ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ। ਇਟਲੀ ਵਿੱਚ ਇਹ ਪ੍ਰਦਰਸ਼ਨ ਮੁੱਖ ਤੌਰ ‘ਤੇ ਨੀਮ ਸ਼ਹਿਰੀ ਅਤੇ ਹੇਠਲੇ ਮੱਧ ਵਰਗੀ ਤਬਕਿਆਂ ਵਿੱਚੋਂ ਆਪਣਾ ਆਕਾਰ ਗ੍ਰਹਿਣ ਕਰ ਰਹੇ ਹਨ।
ਇਹ ਹਾਲਤ ਦੱਸ ਪਾਉਂਦੀ ਹੈ ਕਿ ਦੁਨੀਆਂ ਵਿੱਚ ਚੱਲ ਰਹੀਆਂ ਦੋ ਜੰਗਾਂ, ਯੂਕਰੇਨ-ਰੂਸ ਜੰਗ ਅਤੇ ਅਮਰੀਕਾ-ਇਰਾਨ ਜੰਗ ਕਾਰਨ ਬੰਦ ਹੋਏ ਹੌਰਮੂਜ਼ ਲਾਂਘੇ ਨੇ ਯੂਰਪ ਦੇ ਦੇਸ਼ਾਂ ਦੀ ਆਰਥਕ ਹਾਲਤ ਪਤਲੀ ਕਰ ਦਿੱਤੀ ਹੈ। ਇਨ੍ਹਾਂ ਜੰਗਾਂ ਦੇ ਸਿੱਟੇ ਵਜੋਂ ਤਕਰੀਬਨ ਸਾਰੀ ਦੁਨੀਆਂ ਵਿੱਚ ਸਿੱਕੇ ਦੇ ਫੈਲਾਅ ਅਤੇ ਮਹਿੰਗਾਈ ਲੋਕਾਂ ਦੇ ਵਿੱਤੋਂ ਬਾਹਰ ਹੋਣ ਲੱਗੀ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਸਬੈਸਟੀਅਨ ਲੇਕੋਰਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅੱਤਿ ਖੱਬੇ-ਪੱਖੀ ਸਿਆਸੀ ਧਿਰਾਂ ਇਨ੍ਹਾਂ ਪ੍ਰਦਰਸ਼ਨਾਂ ਨੂੰ ਹਵਾ ਦੇ ਰਹੀਆਂ ਹਨ।
ਲੰਘੀ ਅਠਾਰਾਂ ਅਕਤੂਬਰ ਨੂੰ ਫਰਾਂਸ ਵਿੱਚ ਪੰਜ ਲੱਖ ਲੋਕਾਂ ਨੇ ਪ੍ਰਦਰਸ਼ਨ ਕੀਤੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਨਿੱਜੀ ਅਤੇ ਪਬਲਿਕ ਜਾਇਦਾਦ ਦੀ ਭੰਨ-ਤੋੜ ਕੀਤੀ ਗਈ। ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਫਰਾਂਸ ਵਿੱਚ ਪ੍ਰਦਰਸ਼ਨਾਂ ਦੌਰਾਨ ਹੋਈ ਲੁੱਟ-ਮਾਰ ਅਤੇ ਸਾੜ-ਫੂਕ ਦੀ ਨਿੰਦਾ ਕੀਤੀ ਹੈ; ਪਰ ਨਾਲ ਹੀ ਕਿਹਾ ਹੈ ਕਿ ਅਮਨਪੂਰਬਕ ਪ੍ਰਦਰਸ਼ਨ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ ਅਤੇ ਇਸ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।
ਯੂਰਪੀਅਨ ਯੂਨੀਅਨ ਦੇ ਅੰਤ੍ਰਿਮ ਮਾਮਲਿਆਂ ਬਾਰੇ ਬੁਲਾਰੇ ਮਾਰਕੁਸ ਲੇਮਰਟ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, “ਸਾਰੇ ਜਮਹੂਰੀ ਮੁਲਕਾਂ ਵਿੱਚ ਪ੍ਰਦਰਸ਼ਨ ਦਾ ਅਧਿਕਾਰ ਇੱਕ ਬੁਨਿਆਦੀ ਅਧਿਕਾਰ ਹੈ। ਅਮਨਪੂਰਬਕ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਆਪਣੇ ਆਪ ’ਤੇ ਭੰਨ=ਤੋੜ ਅਤੇ ਸਾੜ-ਫੂਕ ਕਰਨ ਵਾਲੇ ਲੋਕਾਂ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਇਸ ਕਿਸਮ ਦੀਆਂ ਸਰਗਰਮੀਆਂ ਬਰਦਾਸ਼ਤ ਕਰਨ ਯੋਗ ਨਹੀਂ ਹਨ।” ਉਨ੍ਹਾਂ ਕਿਹਾ ਕਿ ਯੂਰਪੀਅਨ ਯੂਨੀਅਨ ਜਾਇਦਾਦ, ਲੋਕਾਂ ਦੀ ਸੁਰੱਖਿਆ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਫਰਾਂਸ ਸਰਕਾਰ ਦੀ ਹਮਾਇਤ ਕਰਦੀ ਹੈ। ਯਾਦ ਰਹੇ, ਬੀਤੇ ਹਫਤੇ ਦੇ ਅੰਤ ਵਿੱਚ ਫਰਾਂਸ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਵੱਡੀ ਪੱਧਰ ‘ਤੇ ਸਾੜ-ਫੂਕ, ਨਿੱਜੀ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਵਾਪਰੀਆਂ। ਕੌਮੀ ਪੱਧਰ ‘ਤੇ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਦਰਮਿਆਨ ਪੈਰਿਸ ਦੇ ਲੋਵਰੇ ਮਿਊਜ਼ੀਅਮ ਵਿੱਚ ਆਵਾਜਾਈ ਰੋਕ ਦਿੱਤੀ ਗਈ। ਲੋਵਰੇ ਮਿਊਜ਼ੀਅਮ ਦੁਨੀਆਂ ਦੇ ਸਭ ਤੋਂ ਵੱਡੇ ਮਿਊਜ਼ੀਅਮਾਂ ਵਿੱਚੋਂ ਇੱਕ ਹੈ। ਇਸ ਦੇ ਗੇਟ ਦੇ ਬਾਹਰ ਇਕ ਲੀਫਲੈਟ ਚਿਪਕਾ ਦਿੱਤਾ ਗਿਆ। ਇਸ ‘ਤੇ ਲਿਖਿਆ ਸੀ, “ਅਸੀਂ ਇਹ ਐਲਾਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ ਕਿ ਦੁਨੀਆਂ ਦੇ ਸਭ ਤੋਂ ਵੱਡੇ ਮਿਊਜ਼ੀਅਮ ਦੀ ਆਵਾਜਾਈ ਨੂੰ ਰੋਕ ਰਹੇ ਹਾਂ।” ਤਕਰੀਬਨ ਪੰਜ ਲੱਖ ਲੋਕਾਂ ਨੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ।
ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਕਿ ਦੰਗਾਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਲੰਘੇ ਐਤਵਾਰ ਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤੇ। ਫਰਾਂਸ ਦੇ ਸ਼ਹਿਰ ਲਿਮੋਜੇਸ ਵਿੱਚ ਮੌਜੂਦ ਇੱਕ ਉਨ੍ਹੀਂਵੀਂ ਸਦੀ ਦੀ ਇਮਾਰਤ ਨੂੰ ਅੱਗ ਲਗਾ ਦਿੱਤੀ ਗਈ। ਇਸੇ ਤਰ੍ਹਾਂ ਲਿਓਨਸ ਦੇ ਸਿਟੀ ਟੂਰਿਸਟ ਆਫਿਸ ਨੂੰ ਫੂਕ ਦਿੱਤਾ ਗਿਆ। ਸੁਪਰ ਬਾਜ਼ਾਰ ਲੁੱਟ ਲਏ ਗਏ। ਪਿਛਲੇ ਕਈ ਦਹਾਕਿਆਂ ਵਿੱਚ ਹੋਏ ਇਨ੍ਹਾਂ ਸਭ ਤੋਂ ਵਿਸ਼ਾਲ ਰੋਸ ਵਿਖਾਵਿਆਂ ਦੌਰਾਨ ਲਗਜ਼ਰੀ ਬੁਟੀਕਾਂ, ਪੁਲਿਸ ਅਧਿਕਾਰੀਆਂ ਅਤੇ ਵਾਹਨਾ ‘ਤੇ ਹਮਲੇ ਕੀਤੇ ਗਏ ਹਨ। ਇਸੇ ਦੌਰਾਨ ਤਕਰੀਬਨ 2400 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਫਰਾਂਸ ਦੇ ਰਾਸ਼ਟਰਪਤੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, “ਜਿਨ੍ਹਾਂ ਨੇ ਲੁੱਟਮਾਰ ਕੀਤੀ ਹੈ, ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ।” ਫਰਾਂਸੀਸੀ ਪ੍ਰਧਾਨ ਮੰਤਰੀ ਵਾਂਗ ਦੇਸ਼ ਦੇ ਰਾਸ਼ਟਰਪਤੀ ਨੇ ਵੀ ਹਿੰਸਾ ਅਤੇ ਸਾੜ-ਫੂਕ ਲਈ ਅੱਤਿ ਖੱਬੇ ਪੱਖੀਆਂ ਅਤੇ ਪ੍ਰਦਰਸ਼ਨਾਂ ਵਿੱਚ ਜਰਾਇਮ ਪੇਸ਼ਾ ਲੋਕਾਂ ਦੀ ਸ਼ਮੂਲੀਅਤ ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰਦਰਸ਼ਨਾਂ ਦਾ ਸੱਦਾ ਦੇਣ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਨੇ 24 ਅਕਤੂਬਰ ਨੂੰ ਅਗਲੇ ਪ੍ਰਦਰਸ਼ਨ ਦਾ ਸੱਦਾ ਦੇ ਦਿੱਤਾ ਹੈ। 5 ਨਵੰਬਰ ਨੂੰ ਵੀ ਇੱਕ ਪ੍ਰਦਰਸ਼ਨ ਆਯੋਜਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਅਗਾਂਹ ਵੀ ਪ੍ਰਦਰਸ਼ਨ ਜਾਰੀ ਰਹਿਣ ਦੀ ਸੰਭਾਵਨਾ ਹੈ। ਫਰਾਂਸ ਵਿੱਚ ਇਹ ਪ੍ਰਦਰਸ਼ਨ ਪਿਛਲੇ ਮਹੀਨੇ ਸ਼ੁਰੂ ਹੋਏ ਸਨ, ਜਦੋਂ ਹਾਈ ਸਕੂਲ ਵਿਦਿਆਰਥੀਆਂ ਨੇ ਮਾੜੀਆਂ ਸਕੂਲੀ ਹਾਲਤਾਂ, ਅਧਿਆਪਕਾਂ ਦੀ ਘਾਟ ਅਤੇ ਘਟ ਰਹੀਆਂ ਵਿਦਿਅਕ ਸਹੂਲਤਾਂ ਦੇ ਮੁਦਿਆਂ ਨੂੰ ਲੈ ਕੇ ਪ੍ਰਦਰਸ਼ਨ ਜਥੇਬੰਦ ਕੀਤੇ ਸਨ, ਜਿਨ੍ਹਾਂ ਵਿੱਚ ਤਕਰੀਬਨ ਢਾਈ ਲੱਖ ਲੋਕਾਂ ਨੇ ਹਿੱਸਾ ਲਿਆ ਸੀ। ਇਸ ਵਾਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਇਟਲੀ ਵਿੱਚ ਵੀ ਰੋਸ ਪ੍ਰਦਰਸ਼ਨ ਵਧੇ; ਇਸ ਦੌਰਾਨ ਯੂਰਪ ਦੇ ਇੱਕ ਹੋਰ ਮਹੱਤਵਪੂਰਨ ਮੁਲਕ ਇਟਲੀ ਵਿੱਚ ਵੀ ਪ੍ਰਦਰਸ਼ਨ ਹੋਣ ਲੱਗੇ ਹਨ। ਵਧ ਰਹੀਆਂ ਕੀਮਤਾਂ ਅਤੇ ਦੁੱਭਰ ਹੋ ਰਹੀਆਂ ਜੀਣ ਹਾਲਤਾਂ ਵਿਰੁਧ ਲੋਕਾਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਜਥੇਬੰਦ ਕੀਤੇ ਗਏ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਬਹੁਤ ਸਾਰੀਆਂ ਥਾਵਾਂ ‘ਤੇ ਹਿੰਸਕ ਘਟਨਾਵਾਂ ਵਾਪਰਨ ਦੀਆਂ ਵੀ ਖ਼ਬਰਾਂ ਹਨ। ਇਟਲੀ ਦੇ ਸ਼ਹਿਰ ਟੂਰਿਨ ਅਤੇ ਬਲੋਗਨਾ ਵਿੱਚ ਪ੍ਰਦਰਸ਼ਨਾਂ ਦੇ ਹਿੰਸਕ ਹੋ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ। ਇਟਲੀ ਦੇ ਸ਼ਹਿਰ ਮਿਲਾਨ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ 200 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਟਲੀ ਦੇ ਮੀਡੀਆ ਵਿੱਚ ਐਤਵਾਰ ਨੂੰ ਛਪੀਆਂ ਰਿਪੋਰਟਾਂ ਅਨੁਸਾਰ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ 80 ਫੀਸਦੀ ਲੋਕ ਨਾਬਾਲਗ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਦਰਸ਼ਨਕਾਰੀ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਨਹੀਂ ਹਨ। ਇਟਲੀ ਦੀ ਰਾਸ਼ਟਰਪਤੀ ਜਿਓਰਜੀਆ ਮਿਲੋਨੀ ਨੇ ਪ੍ਰਦਰਸ਼ਨਾਂ ਸੰਬਧੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਠੱਗਾਂ ਦੇ ਟੋਲੇ ਹਨ ਅਤੇ ਦੇਸ਼ ਵਿੱਚ ਅਫਰਾ-ਤਫਰੀ ਫੈਲਾਉਣ ਦਾ ਯਤਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮਿਲੋਨੀ ਨੇ ਐਕਸ ‘ਤੇ ਮੌਜੂਦ ਆਪਣੇ ਅਕਾਊਂਟ ਵਿੱਚ ਲਿਖਿਆ, “ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਆਪਣੇ ਸ਼ਹਿਰਾਂ ਨੂੰ ਕੂੜੇ ਦਾ ਢੇਰ ਬਣਾ ਦੇਣਾ ਨਹੀਂ।” ਯਾਦ ਰਹੇ, ਸੱਜੇ ਪੱਖੀ ਸਿਆਸਤਦਾਨ ਜਿਓਰਜੀਆ ਮਿਲੋਨੀ ਨੇ ਅਮਨਪੂਰਬਕ ਪ੍ਰਦਰਸ਼ਨਾਂ ਨੂੰ ਵੀ ਸ਼ਕਤੀ ਨਾਲ ਦਬਾਉਣ ਦਾ ਰਾਹ ਚੁਣਿਆ ਹੈ। ਇਸੇ ਸਾਲ ਮਿਲੋਨੀ ਕੈਬਨੇਟ ਨੇ ਬੱਚਾ ਪਾਰਟੀ ਗੈਂਗਾਂ ਦੇ ਉਭਾਰ ਨੂੰ ਰੋਕਣ ਲਈ ‘ਐਂਟੀ ਮਰਾਂਜਾ’ ਕਾਨੂੰਨ ਪਾਸ ਕੀਤਾ ਸੀ। ਵਿਰੋਧੀ ਰਾਜਨੀਤਿਕ ਪਾਰਟੀਆਂ ਅਕਸਰ ਹੀ ਸਰਕਾਰ ‘ਤੇ ਇਹ ਦੋਸ਼ ਲਾਉਂਦੀਆਂ ਹਨ ਕਿ ਮਿਲੋਨੀ ਸਰਕਾਰ ‘ਸੁਰੱਖਿਆ’ ਦੇ ਮੁੱਦੇ ਨੂੰ ਪ੍ਰਾਪੇਗੰਡਾ ਦੇ ਸੰਦ ਵਜੋਂ ਵਰਤ ਰਹੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਮਿਲੋਨੀ ਸਰਕਾਰ ਨੇ ਲੋਕਾਂ ਦੇ ਮੁੱਖ ਮੁੱਦਿਆਂ, ਸਿੱਖਿਆ, ਮਹਿੰਗਾਈ ਰੋਕਣ, ਬੇਰੁਜ਼ਗਾਰੀ ਘਟਾਉਣ, ਰਿਹਾਇਸ਼ੀ ਪ੍ਰਬੰਧ ਅਤੇ ਜੀਵਨ ਹਾਲਤਾਂ ਨੂੰ ਸੁਧਾਰਨ ਲਈ ਕੁਝ ਨਹੀਂ ਕੀਤਾ।
