ਗੁਰਦੁਆਰਾ ਪੈਲਾਟਾਈਨ: ਬੋਰਡ ਅਤੇ ਧਿਰਾਂ ਦੇ ਆਪਸੀ ਮਤਭੇਦਾਂ ਉੱਤੇ ਚਿੰਤਨ ਦੀ ਲੋੜ

ਖਬਰਾਂ ਵਿਚਾਰ-ਵਟਾਂਦਰਾ

ਕੁਲਜੀਤ ਦਿਆਲਪੁਰੀ
ਸ਼ਿਕਾਗੋ: ਕਦੇ ਕਦੇ ਸੋਚਦਾਂ ਕਿ ਚੁੱਪ ਹੀ ਰਹਾਂ! ਐਵੇਂ ਆਪਾਂ ਕਾਹਨੂੰ ਖ਼ੂਨ ਬਾਲਣਾ; ਪਰ ਮਨ ਵਿੱਚ ਚਲਦੇ ਸਵਾਲਾਂ/ਖਿਆਲਾਂ/ਖਦਸ਼ਿਆਂ ਦੇ ਘਰਾਟਾਂ ਦਾ ਸ਼ੋਰ ਕੁਝ ਹੱਦ ਤੱਕ ਬੇਚੈਨ ਕਰ ਦਿੰਦਾ ਹੈ। ਫਿਰ ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ ਦੀਆਂ ਝੰਜੋੜਨ ਵਾਲੀਆਂ ਇਹ ਸਤਰਾਂ ਜ਼ਹਿਨ ਵਿੱਚ ਆ ਜਾਂਦੀਆਂ ਹਨ ਤੇ ਹਾਵੀ ਹੋਣ ਲੱਗਦੀਆਂ ਹਨ:
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮ੍ਹਾਂਦਾਨ ਕੀ ਕਹਿਣਗੇ…!

ਅਸਲ ਵਿੱਚ ਸਿੱਖ ਰਿਲੀਜੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ) ਦੇ ਬੋਰਡ ਆਫ ਟਰੱਸਟੀਆਂ ਅਤੇ ਉਨ੍ਹਾਂ ਦੇ ਆਪੋ-ਆਪਣੇ ਧੜਿਆਂ ਦੇ ਹਮਾਇਤੀਆਂ ਦੇ ਵਿਚਾਰ ਗੁਰਦੁਆਰਾ ਪ੍ਰਬੰਧ ਦੇ ਸੰਦਰਭ ਦੇ ਮੱਦੇਨਜ਼ਰ ਆਪਸ ਵਿੱਚ ਨਾ ਰਲ਼ਣ ਕਾਰਨ ਪਿਛਲੇ ਕੁਝ ਸਮੇਂ ਤੋਂ ਜਿੰਨਾ ਮਤਭੇਦਾਂ ਦਾ ਲਾਵਾ ਫੁੱਟ ਰਿਹਾ ਹੈ, ਇਸ ਦਾ ਸੇਕ ਬੋਰਡ ਦੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਸਪਸ਼ਟ ਮਹਿਸੂਸ ਹੋਣ ਲੱਗ ਗਿਆ ਹੈ। ਮੀਟਿੰਗਾਂ ਵਿੱਚ ਗੁਰਦੁਆਰਾ ਪੈਲਾਟਾਈਨ ਦੇ ਵੱਖ-ਵੱਖ ਕਾਰਜਾਂ ਆਦਿ ਬਾਰੇ ਮਤੇ ਤਾਂ ਭਾਵੇਂ ਉਸਾਰੂ ਬਿਰਤੀ ਨਾਲ ਤਿਆਰ ਕੀਤੇ ਹੁੰਦੇ ਹਨ, ਪਰ ਜਦੋਂ ਇਨ੍ਹਾਂ ਉੱਤੇ ਧੜਿਆਂ ਵਿੱਚ ਵੰਡੇ ਬੋਰਡ ਮੈਂਬਰਾਂ ਵਿੱਚੋਂ ਕੁਝ ਆਪਣੇ ਵਿਚਾਰ ਜਾਂ ਸੁਝਾਓ ਅਤੇ ਸਹਿਮਤੀ ਜਾਂ ਅਸਹਿਮਤੀ ਪ੍ਰਗਟਾਉਣ ਸਮੇਂ ਕਥਿਤ ਤੌਰ `ਤੇ ਨਿੱਜਵਾਦ ਜਾਂ ਧੜੇਬਾਜ਼ੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਆਉਂਦੇ ਹਨ, ਤਾਂ ਮਾਮਲਾ ਪੇਚੀਦਾ ਬਣਦਾ ਜਾਂਦਾ ਹੈ। ਪ੍ਰਬੰਧਕੀ ਮਾਮਲਿਆਂ, ਨੀਤੀਆਂ ਅਤੇ ਗੁਰੂ ਘਰ ਨਾਲ ਜੁੜੀਆਂ ਗਤੀਵਿਧੀਆਂ ਨੂੰ ਲੈ ਕੇ ਆਪਸੀ ਸਹਿਮਤੀ ਨਾ ਬਣਨਾ ਮੰਦਭਾਗਾ ਤਾਂ ਹੈ ਹੀ, ਸਗੋਂ ਭਵਿੱਖ ਵਿੱਚ ਇਸ ਦਾ ਨਤੀਜਾ ਕਿਸ ਰੂਪ ਵਿੱਚ ਨਿਕਲੇਗਾ, ਇਹ ਵੀ ਗਹਿਰੀ ਚਿੰਤਾ ਦਾ ਵਿਸ਼ਾ ਹੈ। ਬਹੁ-ਗਿਣਤੀ ਸੰਗਤ ਮੈਂਬਰਾਂ ਨੂੰ ਸ਼ਾਇਦ ਇਹ ਇਲਮ ਹੀ ਨਹੀਂ ਕਿ ਗੁਰੂ ਘਰ ਦੇ ਅਹਾਤੇ ਵਿੱਚ ਪ੍ਰਬੰਧਕੀ ਮਸਲਿਆਂ ਪ੍ਰਤੀ ਪੈਦਾ ਹੋਈ ਸਥਿਤੀ ਕਾਰਨ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ; ਜਾਂ ਤਾਂ ਉਹ ਸੱਚਮੁੱਚ ਹੀ ਅਣਜਾਣ ਹਨ ਜਾਂ ਫਿਰ ਕਿਸੇ ਵਾਦ-ਵਿਵਾਦ ਵਿੱਚ ਪੈਣ ਤੋਂ ਚੁੱਪ ਹਨ। ਉਂਜ ਬੜਾ ਕੁਝ ਸੰਗਤ ਤੋਂ ਓਝਲ ਵੀ ਰਹਿ ਜਾਂਦਾ ਹੈ; ਪਰ ਇੰਨਾ ਜਰੂਰ ਹੈ ਕਿ ਕੁਝ ਮਾਮਲਿਆਂ `ਤੇ ਜਿਸ ਤਰ੍ਹਾਂ ਤੂੰ-ਤੜੱਕ ਹੋ ਜਾਂਦੀ ਹੈ, ਉਸ ਦੇ ਸੰਕੇਤ ਨਾਂਹਪੱਖੀ ਸਥਿਤੀ ਪੈਦਾ ਕਰਨ ਵਾਲੇ ਹੀ ਹਨ।
ਨਵੀਂ ਅਗਵਾਈ ਵਾਲੀ ਪ੍ਰਬੰਧਕੀ ਕਮੇਟੀ ਦੇ ਬਣਨ ਸਮੇਂ ਤੋਂ ਲੈ ਕੇ ਹੁਣ ਤੱਕ ਕਰੀਬ ਕਰੀਬ ਨਿਰੰਤਰ ਹੀ ਬੋਰਡ ਦੀਆਂ ਵੱਖ-ਵੱਖ ਮੀਟਿੰਗਾਂ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਥਿਤ ਤਣਾਅ ਪੈਦਾ ਹੋ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਲੰਘੇ ਐਤਵਾਰ ਨੂੰ ਹੋਈ ਮਹੀਨਾਵਾਰ ਮੀਟਿੰਗ ਵਿੱਚ ਵੀ ਅਜਿਹਾ ਹੀ ਕੁਝ ਸੀ। ਮੀਟਿੰਗ ਦੌਰਾਨ ਪਿਛਲੇ ਕੁਝ ਦਿਨਾਂ ਵਿੱਚ ਸੰਗਤ ਦੇ ਚੁਣੇ ਨੁਮਾਇੰਦਿਆਂ ਵੱਲੋਂ ਗੱਲੀਂਬਾਤੀਂ ਜਾਂ ਵਿਹਾਰਕ ਪੱਧਰ ਉੱਤੇ ਕਥਿਤ ਰੂਪ ਵਿੱਚ ਨੀਵਾਂ ਦਿਖਾਉਣ ਜਾਂ ਅਪਸ਼ਬਦ ਬੋਲਣ ਵਾਲੀਆਂ ਗੱਲਾਂ ਉੱਤੇ ਅਤੇ ਇਸੇ ਮਾਮਲੇ `ਤੇ ‘ਬਾਤ ਦਾ ਬਤੰਗੜ ਬਣਾਏ ਜਾਣ’ ਨੂੰ ਲੈ ਕੇ ਵੀ ਸਥਿਤੀ ਨਿਰਾਸ਼ਾਜਨਕ ਹੋ ਗਈ ਸੀ। ਕੱਲ੍ਹ-ਕਲੋਤਰ ਨੂੰ ਮਾਹੌਲ ਹੋਰ ਵੀ ਵਿਗੜਨ ਦਾ ਖਦਸ਼ਾ ਹੈ। ਉਸਾਰੂ ਭੂਮਿਕਾ ਕੌਣ ਤੇ ਕਿੰਨੀ ਜ਼ਿੰਮੇਵਾਰੀ ਨਾਲ ਨਿਭਾਅ ਰਿਹਾ ਹੈ ਜਾਂ ਫਿਰ ਨਹੀਂ, ਇਸ ਨੂੰ ਸਮਝਣਾ ਕਠਿਨ ਹੁੰਦਾ ਜਾ ਰਿਹਾ ਹੈ, ਕਿਉਂਕਿ ਮੀਟਿੰਗ ਵਿੱਚ ਕੌਣ ਕਿੰਨੀ ਮਰਿਆਦਾ ਉਲੰਘ ਰਿਹਾ ਹੈ ਤੇ ਕੌਣ ਕਿਨ੍ਹਾਂ ਮਸਲਿਆਂ ਨੂੰ ਅਣਦੇਖਿਆ ਕਰ ਰਿਹਾ ਹੈ ਅਤੇ ਕੌਣ ਦੋਹਰੇ ਮਾਪਦੰਡ ਅਪਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ- ਇਹ ਸਭ ਵਰਤਾਰਾ ਸੰਗਤ ਮੈਂਬਰ ਮੀਟਿੰਗ ਦਾ ਹਿੱਸਾ ਬਣ ਕੇ ਹੀ ਸਮਝ ਸਕਦੇ ਹਨ।
ਉਂਝ ਸਭ ਦੀਆਂ ਆਪੋ-ਆਪਣੀਆਂ ਦਲੀਲਾਂ ਹਨ, ਬਾਇਲਾਅਜ਼ ਦੀ ਘੋਖਾ-ਘਾਖੀ ਹੈ, ਕਿਤੇ ਨਾ ਕਿਤੇ ਕੰਮ ਵਿੱਚ ਢੁੱਚਰ ਅੜਾਉਣ ਦੀ ਬਿਰਤੀ ਵੀ ਭਾਰੂ ਹੈ ਜਾਂ ਫਿਰ ਕਥਿਤ ਰੂਪ ਵਿੱਚ ਪੈਦਾ ਹੋ ਗਈ ਆਪਸੀ ਰੰਜਿਸ਼ ਕਾਰਨ ਕਿਸੇ ਮੁੱਦੇ ਉੱਤੇ ਲੀਕ ਫੇਰਨ ਜਾਂ ਆਪਣੀ ਗੱਲ ਨੂੰ ਵੱਡਾ ਕਰਨ ਦਾ ਮਾਹੌਲ ਬਣਦਾ ਜਾ ਰਿਹਾ ਹੈ। ਮੀਟਿੰਗਾਂ ਦੇ ਬਣ ਰਹੇ ਮਾਹੌਲ ਤੋਂ ਇਉਂ ਲੱਗਦਾ ਹੈ ਕਿ ਇਹ ਕਿਸੇ ਧਾਰਮਿਕ ਅਸਥਾਨ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਆਪਸੀ ਤਾਲਮੇਲ ਜਾਂ ਚਰਚਾ ਕਰਨ ਦੀ ਮੀਟਿੰਗ ਨਹੀਂ, ਬਲਕਿ ਕਿਸੇ ਪਾਰਲੀਮੈਂਟ ਵਿੱਚ ਚੱਲ ਰਿਹਾ ਕੋਈ ਇਲਜ਼ਾਮ-ਸਾਜ਼ੀ ਵਾਲਾ ਇਜਲਾਸ ਹੋਵੇ। ਮੀਟਿੰਗ ਵਿੱਚ ਜਿਹੜੇ ਪਿੱਛੇ ਬੈਠੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਗੱਲਾਂ ਕਰਦੇ ਹਨ, ਬੇਸ਼ੱਕ ਉਹ ਕਿਸੇ ਮਸਲੇ ਜਾਂ ਗੱਲ ਉੱਤੇ ਸਥਿਤੀ ਸਪਸ਼ਟ ਕਰਨ ਦੇ ਮਕਸਦ ਨਾਲ ਦਖਲ ਦਿੰਦੇ ਹਨ, ਪਰ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਹੱਦ ਤੱਕ ਪੁਆੜੇ ਦੀ ਜੜ੍ਹ ਉੱਥੇ ਵੀ ਲੁਕੀ ਹੋਈ ਹੈ। ਆਪਣੀ ਧਿਰ ਪ੍ਰਤੀ ਲਿਹਾਜ਼ਦਾਰੀ ਨੂੰ ਪਹਿਲ ਦੇਣੀ ਵੀ ਇਸ ਵਰਤਾਰੇ ਦਾ ਹਿੱਸਾ ਬਣਿਆ ਹੋਇਆ ਹੈ। ਸਥਿਤੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਕੁਝ ਬੋਰਡ ਮੈਂਬਰ ਤਾਂ ਆਪਣੀ ਭਾਸ਼ਾ ਉੱਤੇ ਵੀ ਜ਼ਬਤ ਨਹੀਂ ਰੱਖ ਪਾਉਂਦੇ ਤੇ ਉਹ ਅਜਿਹੇ ਸ਼ਬਦ ਮੂੰਹੋਂ ਕੱਢ ਦਿੰਦੇ ਹਨ ਕਿ ਮੀਟਿੰਗ ਵਿੱਚ ਹਾਜ਼ਰ ਹੋਰ ਸੰਗਤ ਮੈਂਬਰਾਂ ਨੂੰ ਵੀ ਉਹ ਸ਼ਬਦ ਰੜਕਣ ਲੱਗਦੇ ਹਨ। ਬੋਰਡ ਦੀ ਮੀਟਿੰਗ ਵਿੱਚ ਜਿਸ ਤਰ੍ਹਾਂ ਦਾ ਖਿਲਾਰਾ ਪੈ ਜਾਂਦਾ ਹੈ, ਉਸ ਨਾਲ ਗੁਰੂ ਘਰ ਦੇ ਸੰਦਰਭ ਵਿੱਚ ਬੋਰਡ ਆਫ ਟਰੱਸਟੀਆਂ ਦੀ ਮੀਟਿੰਗ ਦੀ ਅਹਿਮੀਅਤ ਘਟ ਜਾਂਦੀ ਹੈ। ਗੁਰਦੁਆਰਾ ਸਾਹਿਬ ਦੇ ਬਾਇਲਾਅਜ਼ ਨੂੰ ਕੌਣ ਕਿਸ ਹੱਦ ਤੱਕ ਮੰਨਦਾ ਹੈ ਤੇ ਕਿਸ ਨੂੰ ਕਿੰਨਾ ਪਤਾ ਹੈ, ਇਸ ਤਰ੍ਹਾਂ ਦੀਆਂ ਵਿਅੰਗਮਈ ਤਨਜ਼ਾਂ ਵੀ ਚਰਚਾ ਅਧੀਨ ਹਨ।
ਇਹ ਕਹਿਣਾ ਵੀ ਗਲਤ ਨਹੀਂ ਕਿ ਕਿਤੇ ਨਾ ਕਿਤੇ ਇਸ ਸਭ ਕਸ਼ਮਕਸ਼ ਵਿੱਚ ਗੁਰੂ ਦੀ ਮੱਤ ਪਿੱਛੇ ਰਹਿ ਰਹੀ ਹੈ ਤੇ ਮਨਮਤ ਨੂੰ ਹਵਾ ਦਿੱਤੀ ਜਾ ਰਹੀ ਹੈ। ਗੁਰਬਾਣੀ ਦਾ ਵਿਚਾਰ ਹੈ, “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥” ਪਰ ਦੁਬਿਧਾ ਨੂੰ ਬਲ ਮਿਲ ਰਿਹਾ ਹੈ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਹਊਮੈ ਪ੍ਰਬਲ ਹੋ ਰਹੀ ਹੈ। ਅਜਿਹੀ ਗੱਲ ਤੁਰ ਪੈਣੀ ਕਿ ਮਸਲੇ ਦੀ ਇੱਕ ਹੋਰ ਰਗ ਕਿਤੇ ਨਾ ਕਿਤੇ ਅਹੁਦੇਦਾਰੀਆਂ ਦੀ ਵੰਡ-ਵੰਡਾਈ ਵਿੱਚ ਪਈ ਹੈ, ਵੀ ਬੜੀ ਅਜੀਬ ਪਰ ਤ੍ਰਾਸਦਿਕ ਸਥਿਤੀ ਪੈਦਾ ਕਰਦੀ ਹੈ, ਕਿਉਂਕਿ ਇਸੇ ਸਾਲ ਅਪਰੈਲ ਮਹੀਨੇ ਬੋਰਡ ਆਫ ਟਰਸੱਟੀਆਂ ਅਤੇ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਉਮੀਦਵਾਰਾਂ ਦੀ ਚੋਣ ਉਪਰੰਤ ਪ੍ਰਬੰਧਕੀ ਬੋਰਡ ਬਣਾਏ ਜਾਣ ਨੂੰ ਲੈ ਕੇ ਗਤੀਵਿਧੀਆਂ ਤੇਜ਼ ਹੋ ਗਈਆਂ ਸਨ। ਉਦੋਂ ਦੋ ਕੁ ਅਹੁਦੇਦਾਰੀਆਂ ਸਬੰਧੀ ਕੁਝ ਲੋਕਾਂ ਵੱਲੋਂ ਅੰਦਰੋ-ਅੰਦਰੀ ਵਿਰੋਧ ਦੀਆਂ ਸੁਰਾਂ ਅਲਾਪੇ ਜਾਣ ਦੀ ਗੱਲ ਵੀ ਸੁਣਨ ਨੂੰ ਮਿਲੀ ਸੀ। ਹਾਲ ਹੀ ਵਿੱਚ ਇੱਕ ਹੋਰ ਮਸਲੇ ਨੇ ਵੀ ਤੂਲ ਫੜੀ; ਉਹ ਹੈ, ਸੀ.ਆਈ.ਸੀ. ਲਈ ਇੱਕ ਮੈਂਬਰ ਦੀ ਨਿਯੁਕਤੀ ਜਾਂ ਚੋਣ। ਚੇਤੇ ਰਹੇ, ਕੁਝ ਸਮਾਂ ਪਹਿਲਾਂ ਗੁਰਦੀਪ ਸਿੰਘ ਸੰਘਾ ਨੇ ਸੀ.ਆਈ.ਸੀ. ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਸੀ.ਆਈ.ਸੀ. ਮੈਂਬਰ ਬਣਾਏ ਜਾਣ ਨੂੰ ਲੈ ਕੇ ਵੀ ਮਾਹੌਲ ਗਰਮਾਇਆ ਹੋਇਆ ਹੈ। ਇਸ ਤੋਂ ਇਲਾਵਾ ਧਿਰਾਂ ਨਾਲ ਜੁੜੀ ਸੰਗਤ ਦੇ ਕੁਝ ਮੈਂਬਰ ਕਥਿਤ ਆਪਸੀ ਵਿਵਾਦਾਂ ਕਾਰਨ ਟਕਰਾਅ ਦੀ ਸਥਿਤੀ ਵਿੱਚ ਵੀ ਹਨ। ਮੌਕੇ ਦਾ ਹਾਲ ਭਾਂਪਦਿਆਂ ਇਹ ਕਹਿਣਾ ਜਾਇਜ਼ ਹੈ ਕਿ ਗੁਰਦੁਆਰਾ ਪੈਲਾਟਾਈਨ ਦੇ ਬੋਰਡ ਆਫ ਟਰੱਸਟੀਆਂ ਅਤੇ ਧਿਰਾਂ ਨੂੰ ਆਪਸੀ ਮਤਭੇਦਾਂ ਉੱਤੇ ਚਿੰਤਨ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *