ਰੇਡੀਓ ‘ਚੰਨ ਪਰਦੇਸੀ’ ਦੀ 14ਵੀਂ ਵਰ੍ਹੇਗੰਢ ਮੌਕੇ ਸਮਾਗਮ

ਖਬਰਾਂ ਗੂੰਜਦਾ ਮੈਦਾਨ

*ਮੀਡੀਆ ਤੇ ਪੰਜਾਬ ਦੇ ਸੰਦਰਭ ਵਿੱਚ ਤਕਰੀਰਾਂ ਦੇ ਨਾਲ ਨਾਲ ਗੀਤ-ਸੰਗੀਤ ਦੀ ਛਹਿਬਰ ਵੀ ਲੱਗੀ
ਕੁਲਜੀਤ ਸਿੰਘ
ਇੰਡੀਅਨਐਪੋਲਿਸ, ਇੰਡੀਆਨਾ: ਪੰਜਾਬੀ ਤਾਂ ਜਾਣਦੇ ਹੀ ਹਨ ਕਿ ਜਦੋਂ ਕੋਈ ਪੁੱਠਾ/ਸਿੱਧਾ ਕੰਮ ਕਰ ਦੇਵੇ ਤਾਂ ਉਸ ਦੇ ਕੀਤੇ `ਤੇ ਵਿਅੰਗ ਕੱਸਣ ਲਈ ਆਖਦੇ ਨੇ, ‘ਚਾੜ੍ਹ`ਤਾ ਚੰਨ!’ ਆਸ਼ਕ ਚੰਨ-ਤਾਰਿਆਂ ਨਾਲ ਗੱਲਾਂ ਕਰਦੇ ਹਨ ਅਤੇ ਖੂਬਸੂਰਤ ਚਿਹਰੇ ਨੂੰ ਚੰਨ ਦੇ ਟੁਕੜੇ ਦੀ ਸੰਗਿਆ ਦਿੱਤੀ ਜਾਂਦੀ ਹੈ। ਚੰਨ ਜਾਂ ਚੰਦ ਨਾਲ ਤਾਂ ਅਨੇਕਾਂ ਕਿੱਸੇ, ਗੀਤ, ਕਹਾਣੀਆਂ ਆਦਿ ਜੁੜੇ ਹੋਏ ਹਨ। ਉਂਜ ‘ਚੌਧਵੀਂ ਦੇ ਚੰਨ’ ਦਾ ਸ਼ਾਬਦਿਕ ਅਰਥ ਹੈ- ਚੰਦਰਮਾ ਦੇ ਚੱਕਰ ਦੀ 14ਵੀਂ ਰਾਤ ਦਾ ਚੰਨ (ਪੂਰਨਮਾਸ਼ੀ), ਜੋ ਪੂਰੀ ਤਰ੍ਹਾਂ ਰੌਸ਼ਨ ਤੇ ਖੂਬਸੂਰਤ ਹੁੰਦਾ ਹੈ। ਮੁਹੰਮਦ ਰਫ਼ੀ ਦਾ ਇੱਕ ਮਸ਼ਹੂਰ ਰੋਮਾਂਟਿਕ ਗੀਤ ਵੀ ਹੈ, ‘ਚੌਧਵੀਂ ਕਾ ਚਾਂਦ ਹੋ, ਯਾ ਆਫਤਾਬ ਹੋ…।’

ਇੰਜ ਹੀ ਰੇਡੀਓ ‘ਚੰਨ ਪਰਦੇਸੀ’ ਦੀ 14ਵੀਂ ਵਰ੍ਹੇਗੰਢ ਮੌਕੇ ਇੰਡੀਅਨਐਪੋਲਿਸ ਦੇ ਮਹਾਰਾਜਾ ਪੈਲੇਸ ਵਿੱਚ ਕਰਵਾਇਆ ਗਿਆ ਸਮਾਗਮ ਵੀ ਰੌਸ਼ਨ-ਰੌਸ਼ਨ ਸੀ। ਇਹ ਸਮਾਗਮ ਗੀਤ-ਸੰਗੀਤ ਕਰਕੇ ਭਾਈਚਾਰੇ ਦੇ ਮਨੋਰੰਜਨ ਦਾ ਸਬੱਬ ਤਾਂ ਬਣਿਆ ਹੀ, ਸਗੋਂ ਇਸ ਮੌਕੇ ਮੀਡੀਏ ਨਾਲ ਸਬੰਧਤ ਕੁਝ ਤਕਰੀਰਾਂ ਸਨ ਅਤੇ ਨਿਰਪੱਖ ਮੀਡੀਏ ਤੇ ਪੰਜਾਬ ਦੇ ਅੱਜ ਦੇ ਜੋ ਹਾਲਾਤ ਹਨ, ਉਨ੍ਹਾਂ ਉਤੇ ਵੀ ਗੱਲਾਂ ਹੋਈਆਂ। ਇਸ ਮੌਕੇ ਪੰਜਾਬੀਆਂ ਨੂੰ ਪੰਜਾਬ ਨਾਲ ਖੜਨ ਅਤੇ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਦਾ ਵਿਰੋਧ ਕਰਨ ਦਾ ਸੱਦਾ ਵੀ ਦਿੱਤਾ ਗਿਆ।
ਰੇਡੀਓ ‘ਚੰਨ ਪਰਦੇਸੀ’ ਦੇ ਮੈਨੇਜਿੰਗ ਡਾਇਰੈਕਟਰ ਸ. ਸਰਵਣ ਸਿੰਘ ਟਿਵਾਣਾ ਨੇ ਆਪਣੇ ਦਿਲ ਦੇ ਅਲਫ਼ਾਜ਼ਾਂ ਦੀ ਸਾਂਝ ਪਾਉਂਦਿਆਂ ਪਹੁੰਚੇ ਮਹਿਮਾਨਾਂ ਦੇ ਮਾਣ ਵਿੱਚ ਕਿਹਾ ਕਿ ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਥੋੜ੍ਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਰਦੇਸਾਂ ਵਿੱਚ ਆਪਣੇ ਸੱਭਿਆਚਾਰ ਨੂੰ ਨਾਲ ਲੈ ਕੇ ਤੁਰਨਾ ਹੈ, ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਇਸ ਮੌਕੇ ਉਨ੍ਹਾਂ ਵੱਖ-ਵੱਖ ਮੀਡੀਆ ਨੁਮਾਇੰਦਿਆਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਪੱਤਰਕਾਰਾਂ ਦੀ ਸਿਫਤ ਕੀਤੀ, ਜਿਨ੍ਹਾਂ ਨੇ ਸਮਝੌਤਾ ਇੱਕੋ ਗੱਲ `ਤੇ ਕੀਤਾ ਕਿ ਹਮੇਸ਼ਾ ਸੱਚ ਦੀ ਆਵਾਜ਼ ਉਠਾਉਣੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪੱਤਰਕਾਰ ਹਨ, ਜੋ ‘ਪੰਜਾਬੀ ਟ੍ਰਿਬਿਊਨ’ ਤੇ ਹੋਰ ਅਖਬਾਰਾਂ ਵਿੱਚ ਕੰਮ ਕਰਦੇ-ਕਰਦੇ ਅੱਗੇ ਵਧੇ ਹਨ। ਉਨ੍ਹਾਂ ਭਗਵੰਤ ਮਾਨ ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਫੀ ਸਮਾਂ ਪਹਿਲਾਂ ਪੀਪਲ`ਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਸ਼ੁਰੂ ਕਰਨ ਦੀ ਗੱਲ ਕਰਦਿਆਂ ਸ਼ਿਕਾਗੋ ਵਿੱਚ ਹੋਏ ਪ੍ਰੋਗਰਾਮ ਦੇ ਹਵਾਲੇ ਨਾਲ ਕਿਹਾ ਕਿ ਭਗਵੰਤ ਮਾਨ ਨੇ ਸਿਆਸਤ ਦੀ ਪਹਿਲੀ ਪੌੜੀ ਸ਼ਿਕਾਗੋ ਤੋਂ ਚੜ੍ਹੀ ਸੀ। ਉਦੋਂ ਉਸ ਪਾਰਟੀ ਨਾਲ ਜੁੜਨ ਦਾ ਸਾਡਾ ਮਕਸਦ ਸੀ ਕਿ ਲੋਕਾਂ ਦੇ ਮੁੱਦੇ ਅੱਗੇ ਲਿਆਏ ਜਾਣ। ਰੇਡੀਓ ‘ਚੰਨ ਪਰਦੇਸੀ’ ਸ਼ੁਰੂ ਕਰਨ ਸਮੇਂ ਵੀ ਮੈਂ (ਸ. ਟਿਵਾਣਾ) ਅਤੇ ਦਰਸ਼ਨ ਸਿੰਘ ਬਸਰਾਓਂ (ਰੇਡੀਓ ਦੇ ਦੂਜੇ ਪ੍ਰਬੰਧਕ) ਨੇ ਤਹੱਈਆ ਕੀਤਾ ਸੀ ਕਿ ਅਸੀਂ ਪੰਜਾਬ ਤੇ ਲੋਕਾਂ ਦੇ ਮੱਦਿਆਂ ਦੀ ਪੱਤਰਕਾਰੀ ਕਰਨੀ ਹੈ। ਉਨ੍ਹਾਂ ਦੱਸਿਆ ਕਿ ਰੇਡੀਓ ਤੋਂ ਮੁੱਦਿਆਂ `ਤੇ ਚਰਚਾ ਕੀਤੀ ਜਾਂਦੀ ਹੈ ਅਤੇ ਜਦੋਂ ਕਿਸੇ ਕਾਰਨ ਪ੍ਰੋਗਰਾਮ ਲੇਟ ਜਾਂ ਰੱਦ ਹੋ ਜਾਂਦਾ ਹੈ ਤਾਂ ਸਰੋਤੇ ਕਾਲਾਂ ਕਰ ਕਰ ਕੇ ਪੁੱਛਦੇ ਹਨ। ਉਨ੍ਹਾਂ ਮਾਣ ਨਾਲ ਕਿਹਾ ਕਿ ਅੱਜ ਅਸੀਂ ਇੱਥੇ ਤੱਕ ਪਹੁੰਚਣ ਵਿੱਚ ਸਫਲ ਹੋਏ ਹਾਂ ਕਿ ਦੁਨੀਆਂ ਭਰ ਵਿੱਚ ਰੇਡੀਓ ‘ਚੰਨ ਪਰਦੇਸੀ’ ਨੂੰ ਸੁਣਿਆ ਜਾਂਦਾ ਹੈ।
ਮੀਡੀਆ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਗੱਲ ਕਰਦਿਆਂ ਸ. ਟਿਵਾਣਾ ਨੇ ਕਿਹਾ ਕਿ ‘ਗ਼ਦਰ’ ਅਖਬਾਰ ਗ਼ਦਰੀ ਬਾਬਿਆਂ ਦੀ ਦੇਣ ਹੈ ਤੇ ਇਸ ਨੇ ਦੇਸ (ਭਾਰਤ) ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਅੱਜ ਦੇ ਜ਼ਮਾਨੇ ਵਿੱਚ ਸੱਚੇ ਮੀਡੀਏ ਲਈ ਬਹੁਤ ਮੁਸ਼ਕਿਲਾਂ ਹਨ। ਸਰਕਾਰਾਂ ਨੇ ਮੀਡੀਆ ਦੇ ਚੰਗੇ ਬੁਲਾਰਿਆਂ, ਵਧੀਆ ਪੌਡਕਾਸਟ ਕਰਨ ਵਾਲਿਆਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਸੱਚੀ ਗੱਲ ਲੋਕਾਂ ਤੱਕ ਪਹੁੰਚਾਉਣੀ ਸੁਖਾਲੀ ਨਹੀਂ ਰਹੀ। ਸਰਕਾਰਾਂ ਤਾਂ ਸੱਚ ਦੀ ਆਵਾਜ਼ ਨੂੰ ਦਬਾਅ ਹੀ ਰਹੀਆਂ ਹਨ, ਉਤੋਂ ਸੋਸ਼ਲ ਮੀਡੀਆ ਨੇ ਵੀ ਪੱਤਰਕਾਰੀ ਨੂੰ ਢਾਹ ਲਾਈ ਹੈ। ਸ. ਟਿਵਾਣਾ ਨੇ ਮੀਡੀਆ ਤੇ ਭਾਈਚਾਰੇ ਦੇ ਆਪਸੀ ਸਹਿਯੋਗ ਦੀ ਗੱਲ ਦੇ ਹਵਾਲੇ ਨਾਲ ਕਿਹਾ ਕਿ ਭਾਵੇਂ ਰੇਡੀਓ ਹੈ ਜਾਂ ਪਿੰ੍ਰਟ ਮੀਡੀਆ; ਜਾਂ ਫਿਰ ਇਲੈਕਟ੍ਰਾਨਿਕ (ਚੈਨਲ/ਰੇਡੀਓ) ਮੀਡੀਆ ਹੈ, ਇਹ ਭਾਈਚਾਰੇ ਦੀ ਸੁਪੋਰਟ ਤੋਂ ਬਿਨਾ ਨਹੀਂ ਚੱਲ ਸਕਦੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸੱਚੇ ਦਿਲੋਂ ਤੇ ਸਹੀ ਤਰੀਕੇ ਨਾਲ ਜੇ ਭਾਈਚਾਰਾ ਮੀਡੀਏ ਦੀ ਸੁਪੋਰਟ ਕਰਦਾ ਰਹੇਗਾ, ਸੱਚ ਲੋਕਾਂ ਤੱਕ ਪਹੁੰਚਦਾ ਰਹੇਗਾ ਤੇ ਯਕੀਨਨ ਇਸ ਦਾ ਭਾਈਚਾਰੇ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਸਰੋਤਿਆਂ ਨੂੰ ਰੇਡੀਓ ਪ੍ਰੋਗਰਾਮ ਵੱਧ ਤੋਂ ਵੱਧ ਸੁਣਨ ਅਤੇ ਆਪਣੇ ਸੁਝਾਅ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸ. ਟਿਵਾਣਾ ਨੇ ਰੇਡੀਓ ‘ਚੰਨ ਪਰਦੇਸੀ’ ਨਾਈਟ `ਤੇ ਪਹੁੰਚ ਕੇ ਸੁਪੋਰਟ ਕਰਨ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਆਪਣੇ ਸਾਥੀ ਦਰਸ਼ਨ ਬਸਰਾਓਂ ਨੂੰ ਵਧਾਈ ਦਿੱਤੀ, ਜਿਸ ਨੇ ਹਿੰਮਤ ਮਾਰ ਕੇ ਰੇਡੀਓ ਦੀ 14ਵੀਂ ਵਰ੍ਹੇਗੰਢ ਮਨਾਉਣ ਦਾ ਪ੍ਰਬੰਧ ਕੀਤਾ। ਉਨ੍ਹਾਂ ਦੱਸਿਆ ਕਿ ਅਮੈਰਿਕਾ ਦੀ ਲੂਪ ਆਇਲ ਕੰਪਨੀ ਨੇ ਰੇਡੀਓ ‘ਚੰਨ ਪਰਦੇਸੀ’ ਦੀ ਸੁਪੋਰਟ ਲਈ ਪੰਜ ਹਜ਼ਾਰ ਡਾਲਰ ਦੇਣ ਦਾ ਵਾਅਦਾ ਕੀਤਾ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।
ਨਾਮੀ ਲੇਖਕ ਤੇ ਸ਼ਾਇਰ ਰਵਿੰਦਰ ਸਹਿਰਾਅ ਨੇ ਰੇਡੀਓ ‘ਚੰਨ ਪਰਦੇਸੀ’ ਦੀ 14ਵੀਂ ਨਾਈਟ ਬਾਰੇ ਕਿਹਾ ਕਿ ਇਹ ਇਉਂ ਲੱਗਦਾ ਹੈ, ਜਿਵੇਂ ਕਿਸੇ ਮੁੰਡੇ ਦਾ ਚੌਧਵਾਂ ਜਨਮ ਦਿਨ ਮਨਾ ਰਹੇ ਹੋਈਏ। ਉਨ੍ਹਾਂ ਕਿਹਾ ਕਿ 1901 ਵਿੱਚ ਇਟਲੀ ਦੇ ਵਿਗਿਆਨੀ ਕਾਰਨੀ ਨੇ ਜਦੋਂ ਰੇਡੀਓ ਦੀ ਕਾਢ ਕੱਢੀ ਸੀ, ਉਸ ਵੇਲੇ ਉਸ ਨੂੰ ਇਹ ਨਹੀਂ ਸੀ ਪਤਾ ਕਿ ਇੰਡੀਅਨਐਪੋਲਿਸ ਦੇ ਮਹਾਰਾਜਾ ਪੈਲੇਸ ਵਿੱਚ ਕਿਸੇ ਰੇਡੀਓ ਦੀ ਨਾਈਟ ਵੀ ਮਨਾਈ ਜਾਵੇਗੀ। ਇਸ ਮੌਕੇ ਸ. ਸਹਿਰਾਅ ਨੇ ਰੇਡੀਓ, ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਏ ਦੀ ਪੱਤਰਕਾਰੀ ਦੇ ਸੰਦਰਭ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਨੇ ਬਹੁਤ ਗੰਦ ਪਾਇਆ ਹੈ ਤੇ ਪ੍ਰਿੰਟ ਮੀਡੀਏ ਨੂੰ ਆਪਾਂ ਛੱਡਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਰੇਡੀਓ ਦਾ ਇੱਕ ਧਰਮ ਤੇ ਇੱਕ ਕਰਮ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਖਬਾਰ ‘ਨਵਾਂ ਜ਼ਮਾਨਾ’ ਦੇ ਸੰਪਾਦਕ ਜਗਜੀਤ ਸਿੰਘ ਅਨੰਦ ਨੇ ਕਿਹਾ ਸੀ ਕਿ ਪੱਤਰਕਾਰੀ ਵਿੱਚ ਜੇ ਆਪਣਾ ਨਾਂ ਜਿਉਂਦਾ ਰੱਖਣਾ ਹੈ ਤਾਂ ਵੱਖਰੀ ਲੀਹ ਪਾਉਣੀ ਪਵੇਗੀ; ਕਿਉਂਕਿ ਇੱਕ ਪਾਸੇ ਉਹ ਲੋਕ (ਵੱਡੀਆਂ ਕਾਰਪੋਰੇਸ਼ਨਾਂ ਵਾਲੇ) ਹੋਣਗੇ, ਜੋ ਆਮ ਲੋਕਾਂ ਨੂੰ ਲੁੱਟਦੇ ਹਨ ਅਤੇ ਦੂਜੇ ਪਾਸੇ ਉਹ ਲੋਕ ਹੋਣਗੇ, ਜੋ ਆਮ ਲੋਕਾਂ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਰੇਡੀਓ ‘ਚੰਨ ਪਰਦੇਸੀ’ `ਤੇ ਸ. ਟਿਵਾਣਾ ਹਮੇਸ਼ਾ ਮੁੱਦਿਆਂ ਦੀ ਗੱਲ ਕਰਦੇ ਹਨ, ਪੱਤਰਕਾਰੀ ਦੇ ਧਰਮ ਨੂੰ ਪਾਲਣ ਦੀ ਇਹ ਵੱਡੀ ਗੱਲ ਹੈ। ਸ. ਸਹਿਰਾਅ ਨੇ ਰੇਡੀਓ ਉਤੇ ਹੋਰ ਵੀ ਮੁੱਦਿਆਂ ਉਤੇ ਚਰਚਾ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਉਹ ਮੀਡੀਆ ਹੀ ਦੇਰ ਤੱਕ ਰਹੇਗਾ, ਜੋ ਆਪਣੇ ਭਾਈਚਾਰੇ ਦੇ ਵੱਖ-ਵੱਖ ਮੁੱਦਿਆਂ ਅਤੇ ਇੱਥੋਂ ਦੇ ਸਿਸਟਮ ਤੇ ਲੋਕਾਂ ਨੂੰ ਤਰਜੀਹ ਦੇਵੇਗਾ। ਉਨ੍ਹਾਂ ਆਪਣੀ ਤਕਰੀਰ ਇਨ੍ਹਾਂ ਸ਼ਬਦਾਂ ਨਾਲ ਸਮੇਟੀ:
ਇਨਕਲਾਬੀ ਬੋਲ ਜਦੋਂ ਹਵਾ ਵਿੱਚ ਤਰਦੇ ਨੇ
ਉਹ ਸਿਰਫ ਆਮ ਲੋਕਾਂ ਦੀ ਗੱਲ ਕਰਦੇ ਨੇ।
ਇਸ ਮੌਕੇ ਭਾਈਚਾਰਕ ਸ਼ਖਸੀਅਤ ਤੇ ਬਿਜ਼ਨਸਮੈਨ ਸ. ਬਲਦੇਵ ਸਿੰਘ ਸੱਲ੍ਹਾਂ ਨੇ ਕਿਹਾ ਕਿ ਸ. ਟਿਵਾਣਾ ਤੇ ਸ. ਬਸਰਾਓਂ ਰੇਡੀਓ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ; ਪਰ ਉਨ੍ਹਾਂ ਨਾਲ ਹੀ ਪੰਜਾਬੀਆਂ ਨੂੰ ਹੋਕਾ ਦਿੱਤਾ ਕਿ ਪੰਜਾਬ ਵਿੱਚ ਜੋ ਹੋ ਰਿਹਾ ਹੈ, ਉਹ ਚੰਗਾ ਨਹੀਂ ਕਿਉਂਕਿ ਜੋ ਵੀ ਪੰਜਾਬ ਲਈ ਆਵਾਜ਼ ਉਠਾਉਂਦਾ ਹੈ, ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਨਸ਼ਿਆਂ ਖ਼ਿਲਾਫ ਆਵਾਜ਼ ਬੁਲੰਦ ਕਰਦੇ ਫੌਤ ਹੋ ਗਏ ਪਰਵਿੰਦਰ ਸਿੰਘ ਝੋਟਾ ਦਾ ਜ਼ਿਕਰ ਕਰਦਿਆਂ ਸ. ਸੱਲ੍ਹਾਂ ਨੇ ਕਿਹਾ ਕਿ ਸਰਕਾਰਾਂ ਦੀ ਪੰਜਾਬ ਨੂੰ ਨਸ਼ਿਆਂ ਨਾਲ ਤਬਾਹ ਕਰਨ ਦੀ ਪਾਲਿਸੀ ਹੈ। ਸਾਡੇ ਆਪਣੇ ਸਰਦਾਰ ਤੇ ਸਰਕਾਰ, ਆਪਣੀ ਪੁਲਿਸ ਤੇ ਪੰਜਾਬ ਦੇ ਆਪਣੇ ਲੀਡਰ ਹੀ ਪੰਜਾਬ ਨੂੰ ਖ਼ਤਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਅੱਜ ਅਸੀਂ ਕੀ ਹਾਂ! ਭੱਈਏ ਸਾਡਾ ਪੰਜਾਬ ਲੁੱਟੀ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਤੇ ਸਿੱਖੀ ਨੂੰ ਖ਼ਤਮ ਕਰਨ ਵਾਲਿਆਂ ਵਿਰੁੱਧ ਤਕੜੇ ਹੋਣ ਦੀ ਲੋੜ `ਤੇ ਜ਼ੋਰ ਦਿੱਤਾ ਤੇ ਕਿਹਾ ਕਿ ਸ਼ਾਇਦ ਅੰਗਰੇਜ਼ਾਂ ਦੇ ਰਾਜ ਸਮੇਂ ਅਸੀਂ ਆਜ਼ਾਦ ਹੋਵਾਂਗੇ, ਪਰ ਅੱਜ ਅਸੀਂ ਗੁਲਾਮ ਹਾਂ। ਉਨ੍ਹਾਂ ਨੇ ਪੰਜਾਬੀਆਂ ਨੂੰ ਤਕੜੇ ਹੋਣ ਲਈ ਪ੍ਰੇਰਦਿਆਂ ਆਪੋ-ਆਪਣੇ ਪਿੰਡਾਂ ਦੀ ਸੰਭਾਲ ਲਈ ਝੰਜੋੜਿਆ, ਪਰ ਰਉਂ ਵਿੱਚ ਆਏ ਉਹ ਨਸ਼ੇ ਵੇਚਣ ਵਾਲਿਆਂ ਨੂੰ ਮਾਈਕ ਤੋਂ ਗਾਲ੍ਹ ਵੀ ਕੱਢ ਗਏ।
ਉਂਜ ਸ. ਸੱਲ੍ਹਾਂ ਦੀ ਤਕਰੀਰ ਤੋਂ ਪਹਿਲਾਂ ‘ਠੇਕੇ’ `ਤੇ ਕਾਫੀ ਸ਼ੋਰ ਪੈ ਰਿਹਾ ਸੀ ਤੇ ਗੁਰਬਖ਼ਸ਼ ਸਿੰਘ ਰੰਧਾਵਾ ਨੂੰ ਸਟੇਜ ਤੋਂ ਕਹਿਣਾ ਪੈ ਗਿਆ ਕਿ ਦਾਰੂ ਪੀਣ ਦਾ ਪ੍ਰੋਗਰਾਮ ਫੇਰ ਕਦੇ ਰੱਖ ਲਵਾਂਗੇ, ਅੱਜ ਅੱਗੇ ਆ ਕੇ ਬੈਠੋ ਤੇ ਕੰਮ ਦੀਆਂ ਗੱਲਾਂ ਸੁਣੋ। ‘ਪੰਜਾਬੀ ਪਰਵਾਜ਼’ ਦੇ ਕੁਲਜੀਤ ਦਿਆਲਪੁਰੀ ਨੇ ਸਮਾਗਮ `ਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਰੇਡੀਓ ‘ਚੰਨ ਪਰਦੇਸੀ’ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਮੀਡੀਆ ਦੇ ਇਸ ਸਮਾਗਮ ਨੂੰ ਸਹਿਯੋਗ ਦੇਣ ਲਈ ਭਾਈਚਾਰੇ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਦੀ ਕਾਰਵਾਈ ਬਾਖ਼ੂਬੀ ਸੰਭਾਲਦਿਆਂ ਸ਼ਿਕਾਗੋ ਦੇ ਗੁਰਮੁਖ ਸਿੰਘ ਭੁੱਲਰ ਨੇ ਰੇਡੀਓ ‘ਚੰਨ ਪਰਦੇਸੀ’ ਟੀਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਰਪਣ ਭਾਵਨਾ ਨਾਲ ਕਰਨੇ ਪੈਂਦੇ ਹਨ, ਕਿਉਂਕਿ ਜਦੋਂ ਤੁਹਾਡੇ ਅੰਦਰ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਚਾਅ ਹੁੰਦਾ ਹੈ ਤਾਂ ਬਹੁਤ ਕੁਝ ਕਰਨਾ ਪੈਂਦਾ ਹੈ। ਉਨ੍ਹਾਂ ਕੁਝ ਸ਼ੇਅਰ ਵੀ ਸੁਣਾਏ ਤੇ ਮਹਿਮਾਨਾਂ ਦਾ ਸਵਾਗਤ ਕੀਤਾ। ਜਦੋਂ ਇੱਕ ਗਾਇਕ ਮਿਥੇ ਸਮੇਂ ਤੋਂ ਥੋੜ੍ਹਾ ਵੱਧ ਸਮਾਂ ਲੈ ਗਿਆ ਤਾਂ ਮੰਚ ਸੰਚਾਲਕ ਨੂੰ ਗਾਇਕਾਂ ਨੂੰ ਸਮੇਂ ਦਾ ਧਿਆਨ ਰੱਖਣ ਦੀ ਤਾਕੀਦ ਕਰਨੀ ਪਈ। ਦੂਜੇ ਮੰਚ ਸੰਚਾਲਕ ਬਲਰਾਜ ਸਿੰਘ ਨੇ ਵਿਸ਼ੇਸ਼ ਤੌਰ `ਤੇ ਪਹੁੰਚੇ ਵੱਖ-ਵੱਖ ਮੀਡੀਆ ਦੇ ਨੁਮਾਇੰਦਿਆਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਕਈ ਫਿਲਮਾਂ ਵਿੱਚ ਕੰਮ ਕਰ ਚੁਕੇ ਅਦਾਕਾਰ ਸਿਕੰਦਰ ਘੁੰਮਣ ਤੇ ਨਾਮੀ ਪਹਿਲਵਾਨ ਕਰਤਾਰ ਸਿੰਘ ਅਤੇ ਹੋਰ ਭਾਈਚਾਰਕ ਤੇ ਸੰਸਥਾਵਾਂ ਨਾਲ ਜੁੜੀਆਂ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਸਨ।
ਸ਼ਿਕਾਗੋ ਦੇ ‘ਦੇਸੀ ਜੰਕਸ਼ਨ’ ਰੇਡੀਓ ਵਾਲੇ ਜੱਸੀ ਪਰਮਾਰ ਤੇ ਗੁਰਮੁਖ ਸਿੰਘ ਭੁੱਲਰ ਦੀ ਜੁਗਲਬੰਦੀ ਵਾਲਾ ਹਾਸ-ਵਿਅੰਗ ‘ਭਾਈਆ ਜੀ’ ਵੀ ਇਸ ਨਾਈਟ ਦਾ ਖਾਸ ਹਿੱਸਾ ਰਿਹਾ। ਸਮਾਗਮ ਦੌਰਾਨ ਹਾਜ਼ਰ ਕੁਝ ਸ਼ਖਸੀਅਤਾਂ ਉਤੇ ਮਜ਼ਾਹੀਆ ਟਿੱਪਣੀਆਂ ਨਾਲ ਮਾਹੌਲ ਹਾਸੇ-ਠੱਠੇ ਵਾਲਾ ਬਣਿਆ ਰਿਹਾ। ਵਿਅੰਗ ਦਾ ਇੱਕ ਹਿੱਸਾ ਇਹ ਸੀ ਕਿ ‘ਕੁਰਸੀ ਤੇ ਮਾਈਕ’ ਵਿੱਚ ਕੀ ਸਬੰਧ ਹੈ। ਭਾਈਆ ਜੀ ਦਾ ਜਵਾਬ ਸੀ, ‘ਦੋਹਾਂ ਤੋਂ ਬੰਦੇ ਖਿੱਚ ਕੇ ਲਾਹੁਣੇ ਪੈਂਦੇ ਹਨ।’
ਗੀਤ-ਸੰਗੀਤ ਦੇ ਦੌਰ ਸਮੇਂ ਸਥਾਨਕ ਕਲਾਕਾਰਾਂ ਰੈਵ ਇੰਦਰ, ਚੰਨੀ ਬਰਨਾਲਾ, ਹਰਵਿੰਦਰ ਹਾਰਵੀ ਤੇ ਹੋਰਨਾਂ ਨੇ ਆਪਣੇ ਅਤੇ ਵੱਖ-ਵੱਖ ਗਾਇਕਾਂ ਦੇ ਕੁਝ ਹਿੱਟ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਉਂਜ ਗਾਇਕ ਬਲਬੀਰ ਸੂਫੀ ਨੇ ਰੇਡੀਓ ‘ਚੰਨ ਪਰਦੇਸੀ’ ਨੂੰ ਸਮਰਪਿਤ ਇੱਕ ਗੀਤ ਗਾ ਕੇ ਵਾਹ ਵਾਹ ਬਟੋਰੀ। ਗੀਤ ਦੇ ਕੁਝ ਬੋਲ ਇਉਂ ਸਨ:
ਰੋਂਦਿਆਂ ਦੇ ਨਾਲ ਰੋਂਦਾ ਏ
ਤੇ ਹੱਸਦਿਆਂ ਦੇ ਨਾਲ ਹੱਸਦਾ।
ਨਾ ਇਹ ਰੁਕਿਆ, ਨਾ ਝੁਕਿਆ
ਹੋਕਾ ਦੇਵੇ ਸੱਚ ਦਾ…।
ਚੰਨ ਪਰਦੇਸੀ ਸਾਹਾਂ ਦੇ ਵਿੱਚ ਵੱਸਦਾ।

ਇਹਦੇ ਕੋਲੋਂ ਆਉਣ ਮਹਿਕਾਂ
ਸੱਜਰੇ ਗੁਲਾਬ ਦੀਆਂ,
ਜਦੋਂ ਇਹ ਸੁਣਾਉਂਦਾ ਹੈ
ਨੀ ਖ਼ਬਰਾਂ ਪੰਜਾਬ ਦੀਆਂ,
ਕਿੱਥੇ ਕਿੱਥੇ, ਕੀ ਕੀ ਹੋਇਆ
ਸੱਚੀਆਂ ਗੱਲਾਂ ਦੱਸਦਾ…।
ਚੰਨ ਪਰਦੇਸੀ ਸਾਹਾਂ ਦੇ ਵਿੱਚ ਵੱਸਦਾ….।
ਬਾਅਦ ਵਿੱਚ ਬਲਬੀਰ ਸੂਫੀ ਨੇ ਹੋਰ ਵੀ ਗੀਤ ਸੁਣਾਏ। ਗਾਇਕਾ ਹਰਮਨਪ੍ਰੀਤ ਕੌਰ ਨੂੰ ਸਮਾਂ ਅਖ਼ੀਰ ਵਿੱਚ ਮਿਲਿਆ, ਪਰ ਉਸ ਨੇ ਹੋਰਨਾਂ ਆਮ ਪ੍ਰਚਲਿਤ ਗੀਤਾਂ ਤੋਂ ਇਲਾਵਾ ‘ਨਾ ਜਾਇਓ ਪਰਦੇਸ ਉਥੇ ਨਹੀਂ ਮਾਂ ਲੱਭਣੀ’ ਨਾਲ ਭਾਵੁਕਤਾ ਭਰ ਦਿੱਤੀ ਅਤੇ ‘ਵੇ ਮੈਂ ਜਾਵਾਂ ਡਿਊਟੀ `ਤੇ, ਆ ਕੇ ਕਰਾਂ ਕੰਮ ਘਰ ਦਾ ਸਾਰਾ’ ਨਾਲ ਮਹਿਮਾਨ ਬੀਬੀਆਂ ਨੂੰ ਖੁਸ਼ ਕਰ ਲਿਆ। ਸੰਗੀਤ ਬਿੱਟੂ ਦੇਵਗਨ ਤੇ ਟੀਮ ਦਾ ਸੀ। ਤਸਵੀਰਾਂ ਤੇ ਵੀਡੀਓ ਕੁਮਾਰ ਵੈਡਿੰਗ ਫੋਟੋਗ੍ਰਾਫੀ ਦੀ ਟੀਮ ਨੇ ਕੈਮਰਾਬੱਧ ਕੀਤੀਆਂ।
ਉਂਜ ਕੁਝ ਸੱਜਣਾਂ ਦੀ ਇਹ ਸਲਾਹ ਸੀ ਕਿ ਹਰਮਨਪ੍ਰੀਤ ਨੂੰ ਸਮਾਂ ਪਹਿਲਾਂ ਦੇਣਾ ਬਣਦਾ ਸੀ; ਕਿਉਂਕਿ ਉਦੋਂ ਤੱਕ ਮਾਹੌਲ ਵਿੱਚ ਰੰਗੀਨ ਪਾਣੀ ਦਾ ਪ੍ਰਭਾਵ ਬਹੁਤਾ ਤਾਰੀ ਨਹੀਂ ਸੀ ਹੋਇਆ। ਸਮਾਗਮ ਵਿੱਚ ਇੰਡੀਆਨਾ ਸਟੇਟ ਤੋਂ ਇਲਾਵਾ ਮਿਸ਼ੀਗਨ, ਓਹਾਇਓ, ਸ਼ਿਕਾਗੋ ਅਤੇ ਹੋਰਨਾਂ ਸ਼ਹਿਰਾਂ ਤੋਂ ਵੀ ਰੇਡੀਓ ‘ਚੰਨ ਪਰਦੇਸੀ’ ਦੇ ਪ੍ਰਸ਼ੰਸਕ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *