*ਸਿਰਫ 24 ਫੀਸਦੀ ਵੋਟਾਂ ਪਈਆਂ
*ਮਾਰਕ ਕਾਰਨੀ ਨੇ ਪੱਛਮੀ ਸੂਬਿਆਂ ਨਾਲ ਵਿਤਕਰੇ ਘਟਾਉਣ ‘ਤੇ ਜ਼ੋਰ ਦਿੱਤਾ
ਜਸਵੀਰ ਸਿੰਘ ਸ਼ੀਰੀ
ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ‘ਤੇ ਕਰਵਾਏ ਗਏ ਇੱਕ ਨਾਨ-ਬਾਈਂਡਿੰਗ ਰੈਫਰੈਂਡਮ ਵਿੱਚ ਰਾਜ ਦੇ ਵੱਡੀ ਬਹੁਗਿਣਤੀ ਲੋਕਾਂ ਨੇ ਮੁਲਕ ਦੇ ਨਾਲ ਰਹਿਣ ਦੇ ਹੱਕ ਵਿੱਚ ਹਾਮੀ ਭਰੀ ਹੈ। ਇਹ ਰੈਫਰੈਂਡਮ ਇਸ ਲਈ ਕਰਵਾਇਆ ਜਾ ਰਿਹਾ ਹੈ ਤਾਂ ਕਿ ਕੈਨੇਡਾ ਤੋਂ ਵੱਖ ਹੋਣ ਦਾ ਅਮਲ ਸ਼ੁਰੂ ਕਰਨ ਜਾਂ ਨਾ ਕਰਨ ਬਾਰੇ ਫੈਸਲਾ ਕੀਤਾ ਜਾ ਸਕੇ।
ਯਾਦ ਰਹੇ, ਜੇ ਵੋਟਾਂ ਵੱਖਵਾਦੀਆਂ ਨੂੰ ਵੱਧ ਮਿਲਦੀਆਂ ਹਨ ਤਾਂ ਬਾਈਂਡਿੰਗ ਰੈਫਰੈਂਡਮ ਲਈ ਆਧਾਰ ਤਿਆਰ ਹੋ ਜਾਂਦਾ ਹੈ।
ਇਹ ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਅਮਲ ਦਾ ਹੀ ਹਿੱਸਾ ਹੋਣਾ ਹੈ। ਇਸ ਤੋਂ ਪਹਿਲਾਂ ਕਿਊਬਕ ਚੋਣਾਂ ਦੇ 5 ਅਕਤੂਬਰ ਨੂੰ ਆਏ ਨਤੀਜਿਆਂ ਵਿੱਚ ਵੱਖਵਾਦੀ ਜਿੱਤ ਗਏ ਸਨ, ਪਰ ਬਹੁਗਿਣਤੀ ਹਾਸਲ ਨਹੀਂ ਕਰ ਸਕੇ ਸਨ। ਵੱਖਵਾਦੀ ਪਾਰਟੀ ‘ਪਾਰਟੀ ਕਿਊਬਿਕ (ਪੀ.ਕਿਊ)’ ਨੇ 59 ਸੀਟਾਂ ਜਿੱਤੀਆਂ ਸਨ, ਜਦਕਿ ਬਹੁਗਿਣਤੀ ਹਾਸਲ ਕਰਨ ਲਈ 64 ਸੀਟਾਂ ਹਾਸਲ ਕਰਨ ਦੀ ਲੋੜ ਸੀ। ਇਸ ਪਾਰਟੀ ਦੇ ਆਗੂ ਪਾਲ ਸਟਿਪਰੇ ਨੇ ਕਿਊਬਿਕ ਵਿੱਚ ਘੱਟਗਿਣਤੀ ਸਰਕਾਰ ਦਾ ਗਠਨ ਕੀਤਾ ਹੈ ਅਤੇ ਵੱਖ ਹੋਣ ਬਾਰੇ ਰੈਫਰੈਂਡਮ ਦੋ ਸਾਲ ਅੱਗੇ ਪਾ ਦਿੱਤਾ ਹੈ। ਅਲਬਰਟਾ ਅਤੇ ਕਿਊਬਿਕ ਦੇ ਵੱਖਵਾਦੀਆਂ ਵਿੱਚ ਫਰਕ ਇਹ ਹੈ ਕਿ ਜਿੱਥੇ ਕਿਊਬਿਕ ਦੇ ਵੱਖਵਾਦੀ ਸੱਭਿਆਚਾਰਕ, ਭਾਸ਼ਾਈ ਅਤੇ ਇਤਿਹਾਸਕ ਆਧਾਰ ‘ਤੇ ਕੈਨੇਡਾ ਤੋਂ ਵੱਖ ਹੋਣ ਦੀ ਗੱਲ ਕਰਦੇ ਹਨ, ਉਥੇ ਐਲਬਰਟਾ ਦੇ ਲੋਕਾਂ ਦਾ ਰੋਸ ਵਿਕਾਸ ਵਿੱਚ ਪਛੜਨ ਨੂੰ ਲੈ ਕੇ ਹੈ।
ਰੈਫਰੈਂਡਮ ਵਾਸਤੇ ਵੋਟਿੰਗ ਹਾਲੇ ਵੀ ਚੱਲ ਰਹੀ ਹੈ, ਪਰ ਸੋਮਵਾਰ ਤੱਕ ਪਈਆਂ ਵੋਟਾਂ ਦੇ ਗੈਰ-ਅਧਿਕਾਰਤ ਨਤੀਜਿਆਂ ਅਨੁਸਾਰ ਇਸ ਰੈਫਰੈਂਡਮ ਦੌਰਾਨ 1.3 ਮਿਲੀਅਨ ਵੋਟਾਂ ਹੀ ਹਾਲੇ ਗਿਣੀਆਂ ਗਈਆਂ ਹਨ। ਤਕਰੀਬਨ 76 ਫੀਸਦੀ ਲੋਕਾਂ ਨੇ ਕੈਨੇਡਾ ਦੇ ਨਾਲ ਮਿਲ ਕੇ ਰਹਿਣ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ, ਜਦਕਿ 24 ਫੀਸਦੀ ਲੋਕਾਂ ਨੇ ਵੱਖ ਹੋਣ ਦਾ ਅਮਲ ਸ਼ੁਰੂ ਕਰਨ ਦੇ ਹੱਕ ਵਿੱਚ ਵੋਟਾਂ ਪਾਈਆਂ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਲਬਰਟਾ ਦੇ ਵਸਨੀਕ ਹਨ। ਉਨ੍ਹਾਂ ਇਸ ਨਤੀਜੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, “ਐਲਬਰਟਾ ਨੇ ਸਪਸ਼ਟ ਚੋਣ ਕੀਤੀ ਹੈ। ਲੋਕਾਂ ਨੇ ਏਕਤਾ ਬਣਾਈ ਰੱਖਣ ਅਤੇ ਸਮੂਹਿਕ ਰੂਪ ਵਿੱਚ ਵਿਕਾਸ ਦਾ ਰਾਹ ਚੁਣਿਆ ਹੈ। ਸਭ ਤੋਂ ਉੱਪਰ ਐਲਬਰਟਾ ਨੇ ਕੈਨੇਡਾ ਦੀ ਚੋਣ ਕੀਤੀ ਹੈ। ਇਸ ਨਾਲ ਸਾਨੂੰ ਵਪਾਰ ਵਿੱਚ ਵੰਨ-ਸੁਵੰਨਤਾ ਲਿਆਉਣ, ਆਧਾਰ ਢਾਂਚੇ ਦਾ ਵਿਕਾਸ ਕਰਨ ਅਤੇ ਐਲਬਰਟਾ ਦੀ ਕੇਂਦਰੀ ਭੂਮਿਕਾ ਨਾਲ ਕੈਨੇਡਾ ਨੂੰ ਊਰਜਾ ਹੱਬ ਬਣਾਉਣ ਵਿੱਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕੈਨੇਡਾ ਦੇ ਵੱਖਵਾਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਕਰਕੇ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਮੁਹਿੰਮ ਨੂੰ ਬਲ ਦੇਣ ਦਾ ਯਤਨ ਕੀਤਾ ਹੈ। ਡੋਨਾਲਡ ਟਰੰਪ ਪਹਿਲਾਂ ਹੀ ਕੈਨੇਡਾ ਨੂੰ ਅਮਰੀਕਾ ਦਾ ਇੱਕ ਰਾਜ ਬਣਾਉਣ ਦੇ ਬਿਆਨ ਦੇ ਰਹੇ ਹਨ। ਜਾਪਦਾ ਹੈ ਇਸੇ ਕਾਰਨ ਐਲਬਰਟਾ ਦੇ ਬਹੁਗਿਣਤੀ ਲੋਕਾਂ ਨੇ ਵੱਖਵਾਦੀਆਂ ਤੋਂ ਦੂਰੀ ਬਣਾ ਲਈ ਹੈ। ਅਮਰੀਕਾ ਦੇ ਅਰਬਪਤੀ ਐਲਨ ਮਸਕ ਵੀ ਅਲਬਰਟਾ ਅਤੇ ਸਸਕੈਚਵਨ ਦੀ ਕੈਨੇਡਾ ਤੋਂ ਆਜ਼ਾਦੀ ਦੀ ਹਮਾਇਤ ਕਰ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪੱਛਮੀ ਰਾਜਾਂ ਵਿੱਚ ਫੈਡਰਲ ਸਰਕਾਰ ਪ੍ਰਤੀ ਦੂਰੀ ਨੂੰ ਖਤਮ ਕਰਨ ਲਈ ‘ਪੈਸਿਫਿਕ ਲਿੰਕ ਆਇਲ ਪਾਈਪ ਲਾਈਨ’ ਨੂੰ ਸਿਰੇ ਲਾਉਣ, ਆਧਾਰ ਢਾਂਚੇ ਵਿਕਾਸ ਕਰਨ, ਪਣ ਊਰਜਾ ਖੇਤਰ ਵਿੱਚ ਨਿਵੇਸ਼ ‘ਤੇ ਜ਼ੋਰ ਦੇ ਰਹੇ ਹਨ।
ਇਲੈਕਸ਼ਨ ਕੈਨੇਡਾ ਦੇ ਇੱਕ ਅਧਿਕਾਰੀ ਡੇਵਿਡ ਕੋਲਿਟੋ ਨੇ ਇਸ ਵੋਟਿੰਗ ਐਕਸਰਸਾਈਜ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਤਰੀਕਾ ਹੈ। ਉੁਸ ਨੇ ਦੱਸਿਆ ਕਿ ਐਲਬਰਟਾ ਦੇ ਬਹੁਤੇ ਵਸਨੀਕਾਂ ਵਿੱਚ ਫੈਡਰਲ ਸਰਕਾਰ ਪ੍ਰਤੀ ਨਿਰਾਸ਼ਾ ਹੈ, ਪਰ ਇਹਦੇ ਬਾਵਜੂਦ ਉਹ ਦੇਸ਼ ਤੋਂ ਅਲੱਗ ਹੋਣਾ ਨਹੀਂ ਚਾਹੁੰਦੇ। ਨੈਗੇਟਿਵ ਨਤੀਜਿਆਂ ਦੇ ਬਾਵਜੂਦ, ਕੈਨੇਡਾ ਨਾਲੋਂ ਵੱਖ ਹੋਣ ਦੀ ਵਕਾਲਤ ਕਰ ਰਹੇ ਲੀਡਰ ਇਸ ਘਟਨਾਕ੍ਰਮ ਵਿੱਚ ਹਾਂਦਰੂ ਪੱਖ ਵੇਖ ਰਹੇ ਹਨ। ਇੱਕ ਵੱਖਵਾਦੀ ਆਗੂ ਕੀਥ ਵਿਲਸਨ ਨੇ ਇਸ ਦੌਰਾਨ ਕਿਹਾ ਕਿ ਵੋਟਾਂ ਹਾਲੇ ਹੋਰ ਪੈਣੀਆਂ ਹਨ। ਇਹ ਆਖਰੀ ਨਤੀਜਾ ਨਹੀਂ ਹੈ। ਸਾਨੂੰ ਆਸ ਹੈ ਕਿ ਨਤੀਜੇ ਉਪਰ-ਨੀਚੇ ਹੋਣਗੇ। ਉਨ੍ਹਾਂ ਹੋਰ ਕਿਹਾ ਕਿ ਇਹ ਛੋਟੀ ਗੱਲ ਨਹੀਂ ਕਿ ਐਲਬਰਟਾ ਦੇ ਇੱਕ ਚੌਥਾਈ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਵਿਹਾਰ ਨਹੀਂ ਕੀਤਾ ਜਾ ਰਿਹਾ।
ਐਲਬਰਟਾ ਦੇ ਇੱਕ ਅੱਤਿ ਸੱਜੇ ਪੱਖੀ ਲੀਡਰ ਡੇਵਿਡ ਪਾਰਕਰ ਨੇ ਇਨ੍ਹਾਂ ਨਤੀਜਿਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਤੀਜੇ ਬੇਹੱਦ ਨੈਗੇਟਿਵ ਹਨ ਅਤੇ ਆਜ਼ਾਦੀ ਬਹੁਤ ਦੂਰ ਦੀ ਗੱਲ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਲਈ ਇਹ ਹਾਰ ਨਹੀਂ ਹੈ। ਐਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਨਤੀਜਿਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਇਹ ਸਾਬਤ ਕਰਦਾ ਹੈ ਕਿ ਐਲਬਰਟਾ ਦੇ ਲੋਕ ਬਹੁਗਿਣਤੀ ਵਿੱਚ ਦੇਸ਼ ਦੇ ਨਾਲ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਐਲਬਰਟਾ ਦੇ ਲੋਕਾਂ ਨੇ ਕੈਨੇਡਾ ਦੀ ਏਕਤਾ ਦੇ ਨਾਲ-ਨਾਲ ਮਜਬੂਤ ਐਲਬਰਟਾ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ। ਇਸ ਦੇ ਬਾਵਜੂਦ ਕਿ ਵੋਟਿੰਗ ਆਜ਼ਾਦੀ ਦੇ ਪੱਖ ਵਿੱਚ ਨਹੀਂ, ਪਰ ਫਿਰ ਵੀ ਐਲਬਰਟਾ ਦੀ ਸਿਆਸਤ ਵਿੱਚ ਡੂੰਘੀ ਦਰਾੜ ਨਜ਼ਰ ਆ ਗਈ ਹੈ। ਇਸ ਨਾਨ-ਬਾਈਂਡਿੰਗ ਰੈਫਰੈਂਡਮ ਵਿੱਚ ਵੱਖ ਹੋਣ ਦੇ ਅਮਲ ਨੂੰ ਸ਼ੁਰੂ ਕਰਨ ਤੋਂ ਇਲਾਵਾ ਪਰਵਾਸ, ਸਿਹਤ ਸੰਭਾਲ, ਵਿੱਦਿਅਕ ਸੇਵਾਵਾਂ ਅਤੇ ਰਾਜ ਦੀਆਂ ਸੰਵਿਧਾਨਕ ਸ਼ਕਤੀਆਂ ਆਦਿ ਬਾਰੇ ਵੀ ਸਵਾਲ ਪੁੱਛੇ ਗਏ ਹਨ। ਇਲੈਕਸ਼ਨ ਐਲਬਰਟਾ ਅਨੁਸਾਰ ਬਾਕੀ ਬਚਦੇ ਨਤੀਜਿਆਂ ਨੂੰ ਆਉਣ ਵਿੱਚ ਸਮਾਂ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਏਕਤਾ ਅਤੇ ਐਲਬਰਟਾ ਦੀ ਆਜ਼ਾਦੀ ਦਾ ਪੱਖ ਪੂਰਨ ਵਾਲੇ ਲੀਡਰ ਬੀਤੇ ਦਿਨਾਂ ਵਿੱਚ ਆਪਸ ਵਿੱਚ ਗੁੱਥਮ ਗੁੱਥਾ ਹੁੰਦੇ ਵੇਖੇ ਗਏ ਹਨ।
ਬੀਤੇ ਹਫਤੇ ਇੱਕ ਸਮਾਗਮ ਵਿੱਚ ਬੋਲਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕੇ ਕੈਨੇਡਾ ਤੋਂ ਵੱਖ ਹੋਣ ਲਈ ਵੋਟ ਪਾਉਣੀ ਇੱਕ ਖਤਰਨਾਕ ਸ਼ੇਖੀ ਹੈ। ਇਸ ਨਾਲ ਇੱਕ ਲੰਮੀ ਅਤੇ ਖਤਰਨਾਕ ਅਸਥਿਰਤਾ ਜਨਮ ਲੈ ਸਕਦੀ ਹੈ। ਇਹਦੇ ਨਾਲ ਐਲਬਰਟਾ ਅਤੇ ਕੈਨੇਡਾ- ਦੋਹਾਂ ਲਈ ਵਿਕਾਸ ਦੇ ਮੌਕੇ ਖੂਹ ਖਾਤੇ ਪੈ ਜਾਣਗੇ। ਕਨਜ਼ਰਵੇਟਿਵ ਪਾਰਟੀ ਦੇ ਲੀਡਰ ਪਾਇਰੇ ਪੌਲੀਵਰ ਦੀ ਪਾਰਲੀਮੈਂਟਰੀ ਸੀਟ ਵੀ ਐਲਬਰਟਾ ਵਿੱਚ ਹੀ ਹੈ। ਉਨ੍ਹਾਂ ਨੇ ਇਸ ਘਟਨਾਕ੍ਰਮ ਬਾਰੇ ਕਿਹਾ ਕਿ ਐਲਬਰਟਾ ਦੇ ਲੋਕ ਵੱਖਵਾਦੀ ਨਹੀਂ ਹਨ। ਇਸ ਰੈਫਰੈਂਡਮ ਰਾਹੀਂ ਜਿਹੜੇ ਲੋਕ ਮੌਜੂਦਾ ਸਰਕਾਰ ‘ਤੇ ਆਪਣੀ ਨਿਰਾਸ਼ਾ ਜ਼ਾਹਰ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਸਰਕਾਰ ਕੈਨੇਡਾ ਨਹੀਂ ਹੈ। ਸਰਕਾਰ ਤੋਂ ਅੱਗੇ ਕੈਨੇਡਾ ਹੋਰ ਬਹੁਤ ਕੁਝ ਹੈ। ਇੱਥੇ ਲੋਕ ਵੱਸਦੇ ਹਨ, ਕੈਨੇਡਾ ਇੱਕ ਜ਼ਮੀਨ ਹੈ, ਝੰਡਾ ਤੇ ਇਤਿਹਾਸ ਹੈ।
ਇਲੈਕਸ਼ਨ ਐਲਬਰਟਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਐਲਬਰਟਾ ਦੇ 1.3 ਮਿਲੀਅਨ ਵੋਟਰਾਂ ਵਿੱਚੋਂ 43 ਫੀਸਦੀ ਸੋਮਵਾਰ ਤੱਕ ਪਹਿਲਾਂ ਹੀ ਵੋਟਾਂ ਪਾ ਚੁੱਕੇ ਹਨ। ਇਹ ਵੋਟਾਂ ਡਾਕ ਰਾਹੀਂ ਵੀ ਪਾਈਆਂ ਗਈਆਂ ਹਨ ਅਤੇ ਸਿਧੀਆਂ ਪੇਸ਼ਗੀ ਵੋਟਾਂ ਵੀ ਹਨ। ਇਹ ਅੰਕੜਾ ਸੰਕੇਤ ਕਰਦਾ ਹੈ ਕਿ ਇਸ ਵਾਰ 2021 ਦੇ ਰੈਫਰੈਂਡਮ ਨਾਲੋਂ ਵੱਧ ਵੋਟਾਂ ਪੈਣਗੀਆਂ। ਐਲਬਰਟਾ ਦੀ ਮੁੱਖ ਮੰਤਰੀ (ਪਰੀਮੀਅਰ) ਡੈਨੀਅਲ ਸਮਿਥ ਪਹਿਲਾਂ ਅਲਬਰਟਾ ਦੀ ਆਜ਼ਾਦੀ ਦੇ ਹੱਕ ਵਿੱਚ ਆਪਣਾ ਡੱਕਾ ਸੁੱਟ ਰਹੀ ਸੀ, ਪਰ ਹੁਣ ਉਹ ਆਪਣਾ ਪੈਂਤੜਾ ਬਦਲ ਕੇ ਕੈਨੇਡਾ ਦੀ ਇਕਮੁੱਠਤਾ ਦਾ ਪੱਖ ਪੂਰ ਰਹੀ ਹੈ। ਮੈਡਮ ਸਮਿੱਥ ਰਾਜ ਦੀ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੀ ਹੈ। ਇਸ ਪਾਰਟੀ ਵਿੱਚ ਕੈਨੇਡਾ ਪੱਖੀ ਅਤੇ ਵੱਖਵਾਦੀ- ਦੋਨੋ ਮੌਜੂਦ ਹਨ। ਡੈਨੀਅਲ ਸਮਿੱਥ ਇਨ੍ਹਾਂ ਧਿਰਾਂ ਵਿਚਕਾਰ ਪੁਲ ਬਣਨ ਦਾ ਯਤਨ ਕਰਦੀ ਰਹੀ ਹੈ। ਉਸ ਦੀ ਲੋਕਪ੍ਰਿਅਤਾ ਪਿਛਲੇ ਸਮੇਂ ਵਿੱਚ ਕਾਫੀ ਘਟੀ ਹੈ। ਪਾਰਟੀ ਦੇ ਇੱਕ ਗੜ੍ਹ ਵਿੱਚ ਜ਼ਿਮਨੀ ਚੋਣ ਹਾਰ ਜਾਣ ਤੋਂ ਬਾਅਦ ਉਸ ਨੂੰ ਹੋਰ ਵਧੇਰੇ ਧੱਕਾ ਲੱਗਿਆ ਹੈ। ਉਸ ਤੋਂ ਪਹਿਲੇ ਪਾਰਟੀ ਪ੍ਰਧਾਨ ਜੌਨਸਨ ਕੈਨੀ ਨੂੰ ਵੱਖਵਾਦੀਆਂ ਨੇ ਅਹੁਦੇ ਤੋਂ ਲਾਹ ਦਿੱਤਾ ਸੀ। ਰਾਜ ਦੀ ਬਹੁਗਿਣਤੀ ਵੱਲੋਂ ਰੱਦ ਕੀਤੇ ਜਾਣ ਦੇ ਬਾਵਜੂਦ ਵੱਖਵਾਦੀ ਆਪਣੀ ਮੁਹਿੰਮ ਨੂੰ ਜਾਰੀ ਰੱਖਣ ‘ਤੇ ਬਜ਼ਿੱਦ ਹਨ। ਇੱਕ ਪ੍ਰਮੁੱਖ ਵੱਖਵਾਦੀ ਆਗੂ ਨੇ ਇਸ ਦੌਰਾਨ ਕਿਹਾ ਕਿ ਉਹ ਬੀਬੀ ਡੈਨੀਅਲ ਸਮਿੱਥ ਨੂੰ ਪਾਰਟੀ ਅਗਵਾਈ ਤੋਂ ਹਟਾ ਦੇਣਗੇ। ਇਸ ਵਾਸਤੇ ਵਿਸ਼ੇਸ਼ ਮੀਟਿੰਗ ਸੱਦੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ। ਇੱਕ ਹੋਰ ਵੱਖਵਾਦੀ ਆਗੂ ਜੈਫਰੀ ਰਾਥ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਤੱਕ ਡੈਨੀਅਲ ਸਮਿੱਥ ਤਾਕਤ ਵਿੱਚ ਹੈ, ਆਜ਼ਾਦ ਐਲਬਰਟਾ ਇੱਕ ਸੁਪਨਾ ਹੀ ਰਹੇਗਾ।
