*ਕੇਂਦਰੀ ਗ੍ਰਹਿ ਮੰਤਰੀ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ
*ਇੱਕ ਸੌ ਵੀਹ ਦਿਨਾਂ ‘ਚ ਮੁਕੰਮਲ ਹੋਵੇਗੀ ਜਾਂਚ
ਪੰਜਾਬੀ ਪਰਵਾਜ਼ ਬਿਊਰੋ
ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਅਖੀਰ ਸੀ.ਬੀ.ਆਈ. ਨੂੰ ਜਾਂਚ ਸੌਂਪਣ ਦਾ ਫੈਸਲਾ ਕਰ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਪੰਜਾਬ ਫੇਰੀ ਤੋਂ ਪਹਿਲਾਂ ਇਸ ਸੰਬੰਧੀ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਕਸ ‘ਤੇ ਆਪਣੀ ਇੱਕ ਪੋਸਟ ਪਾ ਕੇ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ, “ਨਸ਼ਿਆਂ ਖਿਲਾਫ ਲੜ ਰਹੇ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡਟ ਕੇ ਖੜ੍ਹੇ ਹਾਂ।” ਪਰਵਿੰਦਰ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਪਰਿਵਾਰ ਦੀ ਇਹ ਪ੍ਰਮੁੱਖ ਮੰਗ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਨਸ਼ੇ ਦੇ ਵਿਰੋਧ ਕਾਰਨ ਮਾਰੇ ਗਏ ਹਰਗੋਬਿੰਦਪੁਰ ਦੇ ਬਿਕਰਮਜੀਤ ਸਿੰਘ ਅਤੇ ਸੰਗਰੂਰ ਜਿਲ੍ਹੇ ਦੇ ਗੁਲਜ਼ਾਰ ਸਿੰਘ ਦੀ ਜਾਂਚ ਵੀ ਸੀ.ਬੀ.ਆਈ. ਨੂੰ ਸੌਂਪ ਦਿੱਤੀ ਜਾਵੇ।
ਇਸ ਕਤਲ ਦੇ ਮਾਮਲੇ ਵਿੱਚ ਸੀ.ਬੀ.ਆਈ. ਦੀ ਜਾਂਚ ਬੁੱਧਵਾਰ ਦੁਪਹਿਰ ਬਾਅਦ ਤੋਂ ਸ਼ੁਰੂ ਹੋ ਜਾਣੀ ਹੈ। ਸ਼ਹੀਦ ਦੇ ਪਰਿਵਾਰ ਨੂੰ ਆਸ ਹੈ ਕਿ ਇਹ ਜਾਂਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਫ ਕਰ ਦੇਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਪਰਵਿੰਦਰ ਕਤਲ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਜੀ ਆਇਆਂ ਕਿਹਾ ਹੈ। ਅਮਿੱਤ ਸ਼ਾਹ ਨੇ ਜ਼ੋਰ ਦਿੱਤਾ ਕਿ 120 ਦਿਨਾਂ ਵਿੱਚ ਇਹ ਜਾਂਚ ਮੁਕੰਮਲ ਕੀਤੀ ਜਾਵੇਗੀ। ਇਸ ਤੋਂ ਲਗਦਾ ਹੈ ਕਿ ਪਰਵਿੰਦਰ ਦੇ ਕਤਲ ਕਾਰਨ ਖੜੇ੍ਹ ਹੋਏ ਸੰਘਰਸ਼ ਨੂੰ ਠੰਡਾ ਕਰਨ ਲਈ ਇਹ ਫੈਸਲਾ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਆਪਸੀ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਮੰਤਰੀ ਨਾਲ ਨੇੜਲੇ ਸੰਬੰਧਾਂ ਦੇ ਚਰਚੇ ਪਹਿਲਾਂ ਹੀ ਹਵਾ ਵਿੱਚ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਬੀਤੇ ਮੰਗਲਵਾਰ ਪਰਵਿੰਦਰ ਦੇ ਪਰਿਵਾਰ ਨਾਲ ਮਿਲਣੀ ਦੌਰਾਨ ਇਹ ਯਕੀਨ ਦਵਾਇਆ ਕਿ ਨਸ਼ੇ ਦਾ ਵਿਰੋਧ ਕਰਨ ਬਦਲੇ ਮਾਰੇ ਗਏ ਪਰਿਵਾਰਾਂ ਦੇ ਬੱਚਿਆਂ ਨੂੰ ਹਰ ਹਾਲਤ ਇਨਸਾਫ ਦਿਵਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਨਾਲ ਪਰਿਵਾਰ ਦੀ ਇਸ ਮਿਲਣੀ ਦੌਰਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਭਾਜਪਾ ਦੇ ਕੌਮੀ ਉੱਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵੀ ਉਨ੍ਹਾਂ ਦੇ ਨਾਲ ਸਨ। ਸੁਨੀਲ ਜਾਖੜ ਨੇ ਇਸ ਸੰਬੰਧ ਵਿੱਚ ਬੋਲਦਿਆਂ ਕਿਹਾ ਕਿ ਸ਼ਾਹ ਨੇ ਪ੍ਰਭਾਵਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਨੂੰ ਇਨਸਾਫ ਯਕੀਨਨ ਦਿਵਾਇਆ ਜਾਵੇਗਾ।
ਇਸੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਇਨਸਾਫ ਹਰ ਹਾਲਤ ਲਿਆ ਜਾਵੇਗਾ ਅਤੇ ਜਨਤਾ ਨੂੰ ਉਡੀਕ ਕਰਨ ਦੀ ਅਪੀਲ ਕੀਤੀ। ਭੀਮ ਸਿੰਘ ਨੇ ਗ੍ਰਹਿ ਮੰਤਰੀ ਨਾਲ ਗੱਲਬਾਤ ਬਾਰੇ ਵਿਸਥਾਰ ਵਿੱਚ ਦੱਸਣ ਤੋਂ ਪਾਸਾ ਵੱਟ ਲਿਆ। ਉਂਝ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਹ ਰਾਜ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ। ਲਗਦਾ ਹੈ, ਸੀ.ਬੀ.ਆਈ. ਦੀ ਪੜਤਾਲ ਸ਼ੁਰੂ ਹੋਣ ਤੋਂ ਬਾਅਦ ਪਰਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਦੀ ਸੰਭਾਵਨਾ ਬਣ ਸਕਦੀ ਹੈ।
ਪੰਜਾਬ ਵਿੱਚ ਨਸ਼ਿਆਂ ਖਿਲਾਫ ਆਵਾਜ਼ ਉਠਾਉਣ ਕਾਰਨ ਹੋਏ ਤਿੰਨ ਕਤਲਾਂ ਦੇ ਪ੍ਰਭਾਵਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਜ਼ਿੰਦਗੀ ਵਿੱਚ ਕਦੀ ਇਸ ਕਦਰ ਉਦਾਸੀ ਮਹਿਸੂਸ ਨਹੀਂ ਕੀਤੀ, ਜਿੰਨੀ ਅੱਜ ਕੀਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਦੀ ਬੁਰਾਈ ਨੂੰ ਸਮਾਪਤ ਕਰਨ ਵਿੱਚ ਅਸਫਲ ਰਹੀ ਹੈ ਅਤੇ ਇਹ ਕਾਲਾ ਵਪਾਰ ਹਰ ਰੋਜ਼ ਵਧ ਰਿਹਾ ਹੈ। ਅਮਿੱਤ ਸ਼ਾਹ ਨੇ ਨਸ਼ਿਆਂ ਦੇ ਖਾਤਮੇ ਲਈ ਸਮਾਂ ਹੱਦ ਤੈਅ ਕਰਦਿਆਂ ਕਿਹਾ ਕਿ 31 ਦਸੰਬਰ 2029 ਤੱਕ ਪੰਜਾਬ ਵਿੱਚੋਂ ਇਹ ਬਿਮਾਰੀ ਖਤਮ ਕਰ ਦਿੱਤੀ ਜਾਵੇਗੀ। ਆਪਣੀ ਪੰਜਾਬ ਫੇਰੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸਭ ਤੋਂ ਪਹਿਲਾਂ ਬਟਾਲਾ ਪਹੁੰਚੇ। ਇੱਥੇ ਹਰਗੋਬਿੰਦਪੁਰ ਸਾਹਿਬ ਖੇਤਰ ਵਿੱਚ ਝੋਟੇ ਤੋਂ ਬਾਅਦ ਨਸ਼ਿਆਂ ਦੇ ਮਾਮਲੇ ਵਿੱਚ ਕਤਲ ਕੀਤੇ ਗਏ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ। ਉਨ੍ਹਾਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਸ਼ਾਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਮਿਲੇ, ਜਿਸ ਨੇ ਪੰਜਾਬ ਦੇ ਵਿੱਤ ਮੰਤਰੀ ਦੇ ਇੱਕ ਸਮਾਗਮ ਵਿੱਚ ਨਸ਼ਿਆਂ ਦਾ ਮਾਮਲਾ ਉਠਾਉਣ ਬਾਅਦ ਬਣੇ ਸਿਆਸੀ ਦਬਾਅ ਕਾਰਨ ਖੁਦਕੁਸ਼ੀ ਕਰ ਲਈ ਸੀ।
ਕੇਂਦਰੀ ਗ੍ਰਹਿ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਉਨ੍ਹਾਂ ਨੂੰ ਸਵਾਲ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਬਾਰਡਰ ਤੋਂ 60 ਕਿਲੋਮੀਟਰ ਤੱਕ ਕੇਂਦਰ ਨੇ ਬੀ.ਐਸ.ਐਫ. ਨੂੰ ਕਾਰਵਾਈ ਲਈ ਖੁਲ੍ਹ ਦੇ ਰੱਖੀ ਹੈ। ਰਾਜਸਥਾਨ, ਮੱਧ ਪ੍ਰਦੇਸ ਅਤੇ ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਹੈ। ਫਿਰ ਵੀ ਨਸ਼ਾ ਪੰਜਾਬ ਵਿੱਚ ਕਿਸ ਤਰ੍ਹਾਂ ਪਹੁੰਚ ਰਿਹਾ ਹੈ? ਉਨ੍ਹਾਂ ਕਿਹਾ ਕਿ ਗੁਜਰਾਤ ਬੰਦਰਗਾਹ ਤੋਂ ਪੰਜਾਬ ਵਿੱਚ ਆ ਰਹੇ ਨਸ਼ੀਲੇ ਪਦਾਰਥਾਂ ਨੂੰ ਕੇਂਦਰ ਸਰਕਾਰ ਨੂੰ ਖੁਦ ਰੋਕਣਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਫੇਰੀ ਦਾ ਮਕਸਦ ਸਿਆਸੀ ਨਹੀਂ ਹੈ; ਪਰ ਨਾਲ ਹੀ ਸਿਆਸੀ ਬਿਆਨ ਦਿੰਦਿਆਂ ਉਨ੍ਹਾਂ ਆਖ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਇਹ ਯਾਦ ਕਰਵਾਉਣ ਲਈ ਆਏ ਹਨ ਕਿ ਪਿਛਲੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਨਸ਼ੇ ਦੀ ਸਪਲਾਈ ਲਾਈਨ ਤੋੜਨ ਦਾ ਵਾਅਦਾ ਕੀਤਾ ਸੀ, ਪਰ ਇਹ ਵਪਾਰ ਹਰ ਆਏ ਦਿਨ ਵਧ ਰਿਹਾ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ‘ਤੇ ਪੋਲਾ ਜਿਹਾ ਹਮਲਾ ਕਰਦਿਆਂ ਕਿਹਾ ਕਿ ਨਸ਼ਾ ਨਾ ਖਤਮ ਕਰ ਸਕਣ ਕਾਰਨ ਬਹਾਨੇ ਬਣਾਉਣ ਤੋਂ ਇਲਾਵਾ ਮੌਜੂਦਾ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣਾ ਅਸਲ ਕੰਮ ਕਰਨ ਦੀ ਬਜਾਏ ਕੇਂਦਰ ਸਰਕਾਰ ‘ਤੇ ਦੋਸ਼ ਲਗਾ ਕੇ ‘ਬਲੇਮ ਗੇਮ’ ਖੇਡ ਰਹੀ ਹੈ। ਜਦੋਂ ਅਮਿੱਤ ਸ਼ਾਹ ਉਪਰੋਕਤ ਤਿੰਨ ਪਰਿਵਾਰਾਂ ਨੂੰ ਮਿਲੇ ਤਾਂ ਉਥੇ ਚਿੱਟੇ ਤੋਂ ਪ੍ਰਭਾਵਤ ਹੋਰ ਪਰਿਵਾਰਾਂ ਦੇ ਮੈਂਬਰ ਵੀ ਮੌਜੂਦ ਸਨ। ਅਮਿੱਤ ਸ਼ਾਹ ਨੇ ਕਿਹਾ ਕਿ “ਉਨ੍ਹਾਂ (ਪ੍ਰਭਾਵਤ ਲੋਕਾਂ) ਵੱਲੋਂ ਜੋ ਕੁਝ ਉਨ੍ਹਾਂ ਨੂੰ ਦੱਸਿਆ ਗਿਆ ਹੈ, ਉਸ ਨੇ ਉਨ੍ਹਾਂ ਨੂੰ ਸਕਤੇ ਵਿੱਚ ਪਾ ਦਿੱਤਾ ਹੈ।”
ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਵੀ ਗੁਲਜ਼ਾਰ ਸਿੰਘ, ਬਿਕਰਮਜੀਤ ਸਿੰਘ ਅਤੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰਾਂ ਨੂੰ ਮਿਲੇ ਸਨ। ਇਸ ਤਰ੍ਹਾਂ ਆਉਂਦੀਆਂ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਇਸ ਹਾਲਤ ਵਿੱਚ ਪਰਵਿੰਦਰ ਸਿੰਘ ਅਤੇ ਹੋਰ ਵਿਅਕਤੀਆਂ ਦੇ ਨਸ਼ਿਆਂ ਦੇ ਮਾਮਲੇ ਵਿੱਚ ਹੋਏ ਕਤਲ ਰਾਜਨੀਤਿਕ ਪਾਰਟੀਆਂ ਦੀ ਚੋਣ ਮੁਹਿੰਮ ਦੀ ਖੁਰਾਕ ਬਣ ਸਕਦੇ ਹਨ। ਇਸ ਸਿਆਸੀ ਮਹਿੰਮ ਵਿੱਚ ਜਿਹੜਾ ਤੱਥ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ, ਉਹ ਇਹ ਹੈ ਕਿ ਪੰਜਾਬ ਅਤੇ ਕੇਂਦਰ ਦੇ ਆਪਸੀ ਸੰਬੰਧ ਬਸਤੀਵਾਦੀ ਹਨ। ਪੰਜਾਬ ਦੇ ਦਰਿਆਈ, ਜ਼ਮੀਨਦੋਜ਼ ਪਾਣੀਆਂ, ਹੋਰ ਕੁਦਰਤੀ ਸੋਮਿਆਂ ਅਤੇ ਮਨੁੱਖੀ ਸੋਮਿਆਂ ਦੀ ਬਰਬਾਦੀ (ਨਸ਼ੇ ਇਸ ਵਿੱਚ ਸ਼ਾਮਲ ਹਨ) ਬਸਤੀਵਾਦੀ ਕਿਸਮ ਦੀ ਹੈ। ਇਸ ਰਿਸ਼ਤੇ ਨੂੰ ਬਰਾਬਰੀ ਦੇ ਰਿਸ਼ਤੇ ਵਿੱਚ ਬਦਲਣ ਤੋਂ ਬਿਨਾ ਪੰਜਾਬ ਦੇ ਦੁੱਖ ਖਤਮ ਨਹੀਂ ਹੋ ਸਕਦੇ। ਇਹ ਲੜਾਈ ਸਾਫ ਸਿਆਸੀ ਨਿਸ਼ਾਨਿਆਂ ਤੋਂ ਬਿਨਾ ਨਹੀਂ ਹੋ ਸਕਦੀ।
