ਨਿੰਮਾ ਡੱਲੇਵਾਲਾ
ਪੰਜਾਬ ਸਿਆਂ, ਮੈਂ ਤੇਰੇ ਇੱਕ ਪਿੰਡ ਦਾ ਜੰਮਪਲ ਤੇ ਉਸ ਪਿੰਡ ਦੀਆਂ ਗਲੀਆਂ ਵਿੱਚ ਖੇਡ ਜਵਾਨ ਹੋ ਰਿਜਕ ਦਾ ਪਿੱਛਾ ਕਰਦਾ ਕਰਦਾ ਆ ਅੱਪੜਿਆ ਸੱਤ ਸਮੁੰਦਰੋਂ ਪਾਰ ਪਰਦੇਸਾਂ ਦੀ ਧਰਤੀ ਉਤੇ। ਜਿੱਥੇ ਮੇਰੇ ਜਿਹੇ ਹੋਰ ਵੀ ਕਰੋੜਾਂ ਗਰੀਬੀ ਦੇ ਅਤੇ ਕਈ ਮਜਬੂਰੀਆਂ ਦੇ ਸਤਾਏ ਪਰਦੇਸੀ ਬਣ ਬੈਠੇ ਹਨ। ਅਸੀਂ ਭਾਵੇਂ ਲੱਖ ਪਰਦੇਸਾਂ ਵਿੱਚ ਵੱਸਦੇ ਹਾਂ, ਪਰ ਸਾਡੀਆਂ ਰੂਹਾਂ ਕਦੇ ਵੀ ਤੇਰੇ ਤੋਂ ਵੱਖ ਨਹੀਂ ਹੋਈਆਂ। ਅਸੀਂ ਯਾਦਾਂ ਅਤੇ ਖਿਆਲਾਂ ਵਾਲੇ ਜਹਾਜ਼ੀਂ ਚੜ੍ਹ ਕੇ ਦਿਨ ਵਿੱਚ ਕਈ ਕਈ ਵਾਰੀ ਤੇਰੀ ਧਰਤੀ `ਤੇ ਘੁੰਮ ਆਉਂਦੇ ਹਾਂ। ਸਾਨੂੰ ਕੋਹਾਂ ਦੂਰ ਬੈਠਿਆਂ ਨੂੰ ਵੀ ਤੇਰਾ ਹਰ ਇੱਕ ਦਰਦ ਮਹਿਸੂਸ ਹੁੰਦਾ ਹੈ।
ਤੇਰੇ ਵੱਢੀ ਹੋਈ ਇੱਕ ਚੂੰਡੀ ਦੀ ਵੀ ਸਾਨੂੰ ਤਕਲੀਫ ਹੁੰਦੀ ਹੈ, ਕਿਉਂਕਿ ਸਾਡਾ ਅਸਲ ਘਰ ਤੇ ਤੂੰ ਹੀ ਏਂ! ਪਰਦੇਸ ਤਾਂ ਸਾਡੀ ਕਰਮ ਭੂਮੀ ਹੈ। ਅਗਰ ਜਨਮ ਭੂਮੀ `ਤੇ ਰੱਜਵੀਂ ਮਿਲ ਜਾਏ ਤਾਂ ਕੋਈ ਵੀ ਕਦੇ ਪਰਦੇਸੀ ਨਾ ਹੋਵੇ! ਪਰ ਅੱਜ ਦਾ ਦਰਦ ਤਾਂ ਇਹ ਹੈ, ਜੋ ਤੇਰੇ ਨਾਮ ਇੱਕ ਖੱਤ ਲਿਖਣ ਦਾ ਕਾਰਨ ਬਣਿਆ ਕਿ ਤੈਨੂੰ ਮਾਰ ਮੁਕਾਉਣ ਦੀਆਂ ਰਣਨੀਤੀਆਂ ਪੂਰੇ ਜੋਬਨ `ਤੇ ਹਨ। `47 ਵੇਲੇ ਤੇਰੇ ਦੋ ਟੋਟੇ ਕਰ ਤੈਨੂੰ ਦਿੱਤੇ ਜ਼ਖ਼ਮ ਕਦੇ ਸੁੱਕਣ ਹੀ ਨਹੀਂ ਦਿੱਤੇ, ਸਗੋਂ ਜਦ ਵੀ ਮੌਕਾ ਮਿਲਿਆ ਲੂਣ ਹੀ ਛਿੜਕਿਆ ਗਿਆ। ਦਿੱਲੀ, ਜਿਸ ਨੂੰ ਤੂੰ ਹਮੇਸ਼ਾ ਆਪਣੀ ਵੱਡੀ ਭੈਣ ਸਮਝਿਆ, ਉਸ ਨੇ ਤੇਰੀ ਹਿੱਕ ਉਤੇ ਟੈਂਕ, ਤੋਪਾਂ ਚਾੜ੍ਹ ਤੈਨੂੰ ਕੁਚਲਿਆ ਤੇ ਤੇਰੀ ਝੋਲੀ `84 ਦੇ ਦਰਦ ਦਾ ਤੋਹਫਾ ਪਾ ਦਿੱਤਾ, ਜਿਸ ਦਾ ਭਿਆਨਕ ਰੂਪ ਕਦੇ ਵੀ ਇਤਿਹਾਸ ਦੇ ਪੰਨਿਆਂ ਤੋਂ ਨਹੀਂ ਮਿਟੇਗਾ। ਕਈ ਵਾਰ ਵੱਡੀਆਂ ਭੈਣਾਂ ਵੀ ਛੋਟੇ ਭਾਈਆਂ ਦਾ ਹੱਕ ਮਾਰ ਜਾਇਆ ਕਰਦੀਆਂ ਨੇ, ਪਰ ਤੇਰੀਆਂ ਅੱਖਾਂ ਤੋਂ ਵਿਸ਼ਵਾਸ ਦੀ ਪੱਟੀ ਕੌਣ ਉਤਾਰੇ! ਤੈਨੂੰ ਉਸ ਦੀ ਰੱਖੜੀ ਵਿੱਚੋਂ ਹੱਥਕੜੀ ਕਿਉਂ ਨਹੀਂ ਨਜ਼ਰ ਆਉਂਦੀ!
ਕਦੇ ਵੀ ਤੇਰੀ ਸਕੀ ਬਣੀ ਨਾ, ਜਿਸਨੂੰ ਸਮਝੇ ਭੈਣ ਪੰਜਾਬਾ।
ਅੱਖ ਹਮੇਸ਼ਾ ਤੇਰੇ ਹੱਕ `ਤੇ, ਰੱਖੀ ਰੱਖਦੀ ਡੈਣ ਪੰਜਾਬਾ।
ਢਾਹੁਣਾ ਤੈਨੂੰ ਆਉਂਦਾ ਏ, ਨਾ ਕਬੂਲੀ ਢਹਿਣ ਪੰਜਾਬਾ।
ਦਿੱਲੀ ਤੇ ਵਿਸ਼ਵਾਸ ਕਰੀਂ ਨਾ, ਸਭ ਦਾ ਇਹੋ ਕਹਿਣ ਪੰਜਾਬਾ।
‘ਨਿੰਮਾ’ ਆਖੇ ਹਮੇਸ਼ਾ ਰੱਬ ਦੇ, ਸਿਰ `ਤੇ ਹੱਥ ਰਹਿਣ ਪੰਜਾਬਾ।
ਤੂੰ ਭਾਰਤ ਮਾਂ ਦਾ ਕਮਾਊ ਪੁੱਤ ਸਭ ਦੇ ਢਿੱਡ ਭਰਨ ਵਾਲਾ, ਤੇਰੇ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਹੋਇਐ। ਭਾਰਤ ਮਾਂ ਦੇ ਗਲ਼ ਆਜ਼ਾਦੀ ਵਾਲੇ ਫੁੱਲਾਂ ਦਾ ਹਾਰ ਪਾਉਣ ਵਾਲਿਆ ਤੇਰੇ ਗਲ਼ੋਂ ਕਦੇ ਗੁਲਾਮੀ ਵਾਲੀਆਂ ਜੰਜ਼ੀਰਾਂ ਨਹੀਂ ਲੱਥੀਆਂ। ਕਸੂਰ ਤੇਰਾ ਵੀ ਨਹੀਂ, ਤੇਰੇ ਹਾਕਮਾਂ ਦਾ ਹੈ, ਜਿਨ੍ਹਾਂ ਹੱਥ ਤੇਰੇ ਬਾਸ਼ਿੰਦੇ ਤੇਰੀ ਵਾਗਡੋਰ ਦੇ ਦਿੰਦੇ ਹਨ ਤੇ ਉਹ ਹਾਕਮ ਤੇਰੀ ਉਹੀ ਡੋਰ ਦਿੱਲੀ ਹੱਥ ਫੜ੍ਹਾ ਦਿੰਦੇ ਹਨ। ਤੇਰੇ ਹੀ, ਤੇਰੇ ਹਰੇ ਭਰੇ ਰੁੱਖ ਦੀਆਂ ਜੜ੍ਹਾਂ ਵਿੱਚ ਗੱਦਾਰੀ ਵਾਲਾ ਤੇਲ ਤੇਰੀ ਵੱਡੀ ਭੈਣ ਨਾਲ ਮਿਲ ਕੇ ਪਾਉਣੋਂ ਨਹੀਂ ਹਟਦੇ। ਕਦੇ ਤੇਰੀਆਂ ਜ਼ਮੀਨਾਂ ਉਤੇ ਹਮਲਾ ਤੇ ਕਦੇ ਪਾਣੀਆਂ ਉਤੇ ਡਾਕਾ। ਜਿਸ ਨੂੰ ਵੀ ਤੂੰ ਆਪਣੀ ਕੁਰਸੀ ਦਿੱਤੀ, ਉਸ ਨੇ ਹੀ ਤੇਰਾ ਦਿੱਲੀ ਨਾਲ ਸੌਦਾ ਕੀਤਾ। ਤੇਰਾ ਕਦੇ ਕੋਈ ਸਕਾ ਨਹੀਂ ਬਣਿਆ। ਤੈਨੂੰ ਜਦ ਵੀ ਠੋਕਰ ਮਾਰ ਸੁੱਟਿਆ ਤੇ ਤੂੰ ਉਠ ਕੇ ਕੱਪੜੇ ਝਾੜ ਫਿਰ ਦੌੜ ਪਿਆ। ਤੈਨੂੰ ਪਾਣੀਆਂ ਵਿੱਚ ਡੋਬਿਆ ਤੇ ਤੂੰ ਤੈਰ ਕਿਨਾਰੇ ਪਹੁੰਚ ਗਿਆ, ਪਰ ਹੁਣ ਪਾਣੀ ਤੇਰੇ ਸਿਰੋਂ ਟੱਪਦਾ ਨਜ਼ਰ ਆ ਰਿਹਾ ਹੈ, ਕਿਉਂਕਿ ਹੁਣ ਤੇਰੀ ਜਵਾਨੀ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੋੜ੍ਹ ਕੇ ਤੇਰਾ ਵਜੂਦ ਮਿਟਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਸਰਕਾਰ। ਅਗਰ ਤੂੰ ਹੁਣ ਨਾ ਜਾਗਿਆ ਤਾਂ ਤੈਨੂੰ ਸਦਾ ਦੀ ਨੀਂਦ ਸੁਲਾਇਆ ਜਾ ਸਕਦਾ ਹੈ। ਤੇਰਿਆਂ ਪਿੰਡਾਂ ਵਿੱਚ ਨਸ਼ੇ ਦੀ ਅੱਗ ਨਾਲ ਜਵਾਨੀ ਦੇ ਸਿਵੇ ਕਦੋਂ ਦੇ ਹੀ ਬਲਣੇ ਸ਼ੁਰੂ ਹੋਏ ਹਨ ਤੇ ਰਾਤੇ ਤੇਰੀ ਭਾਸ਼ਾ ਦਾ ਪਤਨ ਕਰਨ ਲਈ ਹਰ ਹੱਥਕੰਡਾ ਅਪਨਾਇਆ ਜਾ ਰਿਹਾ ਹੈ। ਤੇਰੇ ਹੱਕ ਵਿੱਚ ਉਠਣ ਵਾਲੀ ਹਰ ਆਵਾਜ਼ ਦਾ ਗਲਾ ਘੁੱਟਿਆ ਜਾ ਰਿਹਾ ਹੈ। ਤੇਰੀ ਚਿੰਤਾ ਕਰਨ ਵਾਲੇ ਦੀ ਅਗਲੇ ਹੀ ਦਿਨ ਚਿਤਾ ਬਣਾ ਦਿੱਤੀ ਜਾਂਦੀ ਹੈ ਤੇ ਜਾਂ ਕੁੱਟ ਮਾਰ ਕਰ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਤੇਰੇ ਰਾਖੇ ਅਖਵਾਉਣ ਵਾਲੇ ਜਿਸ ਨੂੰ ਤੂੰ ਖਾਕੀ ਵਰਦੀ ਪੁਆਈ ਹੈ, ਉਹ ਵੀ ਜਬਰ ਜ਼ੁਲਮ ਨੂੰ ਸਿਖਰ `ਤੇ ਲੈ ਗਏ। ਜਿਸ ਤੋਂ ਪੈਦਾ ਹੋਇਆ ਡਰ ਅਤੇ ਖੌਫ ਲੋਕਾਂ ਦੇ ਮੂੰਹ ਉਤੇ ਤਾਲਾ ਬਣ ਗਏ। ਦਿੱਲੀਓਂ ਆਈ ਅਣਪਛਾਤੀ ਦਹਿਸ਼ਤ ਤੇਰੇ ਵਿਹੜੇ ਖੌਫ ਬਣ ਘੁੰਮ ਰਹੀ ਹੈ ਤੇ ਤੇਰੀ ਦਲੇਰੀ ਉਤੇ ਹਮਲਾ ਕਰ ਰਹੀ ਹੈ।
ਤੈਨੂੰ ਲੋੜ ਹੈ ਜਾਗਣ ਦੀ, ਹੁਣ ਜਾਗ ਪੰਜਾਬਾ ਜਾਗ।
ਜੇ ਅੱਜ ਨਾ ਜਾਗਿਆ ਤੂੰ, ਤੇਰੇ ਸੌ ਜਾਣਗੇ ਭਾਗ।
ਵਿੱਚ ਵੈਣਾਂ ਦੇ ਨੇ ਬਦਲ ਰਹੇ, ਤੇਰੇ ਸੱਤ ਸੁਰਾਂ ਦੇ ਰਾਗ।
ਤੇਰੀ ਬੁੱਕਲ ਬੈਠ ਕੇ ਡੰਗ ਰਹੇ, ਤੇਰੇ ਆਪਣੇ ਬਣ ਕੇ ਨਾਗ।
‘ਨਿੰਮਾ’ ਕਰੇ ਦੁਆਵਾਂ ਤੇਰੇ ਲਈ, ਸਦਾ ਖਿੜਿਆ ਰਹੇ ਤੇਰਾ ਬਾਗ।
ਪੰਜਾਬ ਸਿਆਂ, ਕੁਝ ਸਵਾਲ ਤਾਂ ਤੇਰੇ ਵਸਨੀਕਾਂ ਨੂੰ ਵੀ ਬਣਦੇ ਹਨ। ਜਿਵੇਂ ਪਿੰਡ ਦਾ ਹਰ ਇੱਕ ਘਰ ਆਪੋ ਆਪਣੀ ਸਫਾਈ ਕਰਦਾ ਹੈ, ਕੀ ਹਰ ਇੱਕ ਪਿੰਡ ਦੇ ਲੋਕ ਆਪੋ-ਆਪਣੇ ਪਿੰਡ ਦੀ ਸਫਾਈ ਨਹੀਂ ਕਰ ਸਕਦੇ? ਸਾਰਾ ਪਿੰਡ ਨਾ ਤਾਂ ਨਸ਼ੇ ਕਰਦਾ ਹੋ ਸਕਦਾ ਹੈ ਤੇ ਨਾ ਵੇਚਦਾ ਹੋ ਸਕਦਾ ਹੈ। ਕੁਝ ਕੁ ਨਸ਼ੇ ਦੀਆਂ ਲਤਾਂ ਵਾਲਿਆਂ ਨੂੰ ਆਸਾਨੀ ਨਾਲ ਨੱਥਾਂ ਪਾਈਆਂ ਜਾ ਸਕਦੀਆਂ ਹਨ। ਅਗਰ ਗਵਾਂਢੀ ਦੇ ਘਰ ਨੂੰ ਲੱਗੀ ਬੁਝਾਉਣ ਵਿੱਚ ਮਦਦ ਨਹੀਂ ਕਰਾਂਗੇ ਤਾਂ ਉਸ ਅੱਗ ਦੀ ਲਪੇਟ ਤੋਂ ਤੁਹਾਡਾ ਘਰ ਵੀ ਨਹੀਂ ਬਚ ਸਕਦਾ। ਲੋਕਾਂ ਸਾਹਮਣੇ ਨਸ਼ਾ ਮਿਟਾਉਣ ਦਾ ਹੋਕਾ ਦੇਣ ਵਾਲੇ ਹੀ ਗੁਪਤ ਭਾਸ਼ਾ ਵਿੱਚ ਨਸ਼ੇ ਤੁਹਾਡੇ ਘਰਾਂ ਤੱਕ ਘੱਲਦੇ ਹਨ।
ਪੰਜਾਬ ਸਿਆਂ! ਜਦੋਂ ਤੇਰੀ ਕੁਰਸੀ ਉਤੇ ਬੈਠਣ ਲਈ ਚੋਣ ਦਾ ਸਮਾਂ ਆਉਂਦਾ ਹੈ, ਉਦੋਂ ਤੇਰੇ ਲੋਕ ਸਿਰਫ ਇੱਕ ਬੋਤਲ ਅਤੇ ਆਟੇ-ਦਾਲ ਦੀ ਸਕੀਮ `ਤੇ ਹੀ ਵਿਕ ਜਾਂਦੇ ਨੇ। ਕੀ ਇਹ ਅਸਲ ਮੁੱਲ ਹੈ ਇਨ੍ਹਾਂ ਦਾ? ਤੇਰੀ ਧਰਤੀ ਉਤੇ ਕਣਕ ਤਾਂ ਜੰਮਦੀ ਹੈ, ਪਰ ਅਣਖਾਂ ਵਾਲੀ ਫਸਲ ਮਰਦੀ ਜਾ ਰਹੀ ਹੈ। ਬਾਕੀ ਇਨ੍ਹਾਂ ਨੂੰ ਲੰਗਰ ਬੜੇ ਲਾਉਣੇ ਆਉਂਦੇ ਹਨ, ਜਿੱਥੇ ਮਰਜੀ ਭੇਜ ਦਿਓ ਲੰਗਰ ਲਾਉਣ ਲਈ। ਜਿਹੜੇ ਹੱਥ ਇਨ੍ਹਾਂ ਦਾ ਲੰਗਰ ਖਾਂਦੇ ਹਨ, ਉਹ ਇਨ੍ਹਾਂ ਦਾ ਕੁਟਾਪਾ ਕਰਦੇ ਹਨ। ਕੀ ਇਹ ਲੰਗਰ ਲਾਉਣ ਜੋਗੇ ਹੀ ਰਹ ਗਏ। ਨਸਲਾਂ ਅਤੇ ਫਸਲਾਂ ਦੀ ਹੋਂਦ ਮਿਟਾਉਣ ਵਾਲੀ ਰਾਜਨੀਤੀ ਨੂੰ ਸਮਝਣ ਦੀਆਂ ਅੱਜ ਡਾਹਢੀਆਂ ਲੋੜਾਂ ਹਨ। ਤੇਰੇ ਪੰਜਾਬੀਆਂ ਨੂੰ ਤੇਰੇ ਹੀ ਪੰਜਾਬੀਆਂ ਤੋਂ ਮਰਵਾਇਆ ਜਾ ਰਿਹਾ ਹੈ। ਕੀ ਇਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ ਜਾਂ ਨਜ਼ਰਅੰਦਾਜ਼ਗੀ ਹੋ ਰਹੀ ਹੈ! ਕਹਿ ਤੇਰੇ ਵਿਹੜੇ ਵੱਸਦੇ ਲੋਕਾਂ ਨੂੰ ਕਿ ਤੇਰਾ ਅਤੇ ਆਪਣੀ ਜਵਾਨੀ ਤੇ ਕਿਸਾਨੀ ਦਾ ਖਿਆਲ ਰੱਖਣ। ਦਿੱਲੀ ਦੀ ਇਨ੍ਹਾਂ ਉਤੇ ਪੂਰੀ ਅੱਖ ਹੈ। ਅਗਰ ਇਹ ਖਤਮ ਹੈ ਤਾਂ ਸਮਝੀਂ ਪੰਜਾਬਾ ਤੂੰ ਵੀ ਖਤਮ! ਅਸੀਂ ਪਰਦੇਸੀ ਤੇ ਸਾਡੀਆਂ ਸਭ ਦੁਆਵਾਂ ਹਮੇਸ਼ਾ ਤੇਰੇ ਨਾਲ ਨੇ ਤੇ ਤੂੰ ਵਸਦਾ ਰਹੇ, ਨਾਲੇ ਹੱਸਦਾ ਰਹੇ।
ਦਿਲ ਤੇ ਉਦਾਸੀ ਆ`ਜੇ, ਆਉਂਦਾ ਜਦੋਂ ਯਾਦ ਤੂੰ ਪੰਜਾਬ।
ਸਾਡੀਆਂ ਦੁਆਵਾਂ ਇਹੋ, ਮਹਿਕਾਂ ਵੰਡੇ ਸਦਾ ਤੂੰ ਪੰਜਾਬ।
ਆਉਂਦੇ ਅਸੀਂ ਵੀ ਰਹਾਂਗੇ, ਤੂੰ ਆਉਂਦਾ ਰਹੀਂ ਵਿੱਚ ਸਾਡੇ ਖਾਬ।
ਤੇਰੇ ਨੈਣੋਂ ਨੀਰ ਨਾ ਵਗੇ, ਪਰ ਵਗਦਾ ਰਹੇ ਰਾਵੀ ਤੇ ਝਨਾਬ।
ਐਨੀ ਕੋਈ ਵੀ ਨਾ ਪੜ੍ਹੀ, ਜਿੰਨੀ ਯਾਦਾਂ ਵਾਲੀ ਪੜ੍ਹੀਏ ਕਿਤਾਬ।
‘ਨਿੰਮੇ’ ਨੂੰ ਤਾਂ ਦਿਲ ਫਿਰ ਖੁਦ ਆਖ ਦਿੰਦਾ, ਜਾ ਜਾ ਕੇ ਪੀਲਾ ਵੇ ਸ਼ਰਾਬ।
