‘ਤੂਤਾਂ ਵਾਲਾ ਖੂਹ’ ਨਾਵਲ ਦੇ ਲੇਖਕ ਢਾਡੀ ਸੋਹਣ ਸਿੰਘ ਸੀਤਲ ਦੇ ਪਿੰਡ ਕਾਦੀਵਿੰਡ ਦੀ ਜ਼ਿਆਰਤ-3
ਕਦੇ ਸਮਾਂ ਸੀ ਕਿ ਸਿੱਖ ਪੰਥ ਦੇ ਮਹਾਨ ਢਾਡੀ ਸੋਹਣ ਸਿੰਘ ਸੀਤਲ ਦੁਆਰਾ ਸੁਣਾਈਆਂ ਸੂਰਬੀਰਾਂ ਦੀਆਂ ਵਾਰਾਂ ਅਤੇ ਸਿੱਖ ਇਤਿਹਾਸ ਆਮ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸੀ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਕਿ ਸਿੱਖ ਇਤਿਹਾਸ ਬਾਰੇ ਜੋ ਕੰਮ ਯੂਨੀਵਰਸਿਟੀਆਂ ਨਹੀਂ ਕਰ ਸਕੀਆਂ, ਉਹ ਢਾਡੀ ਸੀਤਲ ਜੀ ਨੇ ਲਗਨ ਅਤੇ ਮਿਹਨਤ ਨਾਲ ਕੀਤਾ।
ਸੀਤਲ ਜੀ ਦੇ ਵੇਲੇ ਦੇ ਬਜ਼ੁਰਗ ਪਿੰਡ ਦੀ ਪਰਿ੍ਹਆ ਵਿੱਚ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਬੜੀ ਸ਼ਰਧਾ ਨਾਲ ਕਰਿਆ ਕਰਦੇ ਸਨ। ਸਿੱਖ ਇਤਿਹਾਸ ਦੇ ਪਾਠਕਾਂ ਅਤੇ ਪੰਜਾਬੀ ਸਾਹਿਤ ਦੇ ਰਸੀਆਂ ਲਈ ਕੈਲੀਫੋਰਨੀਆ ਵੱਸਦੇ ਸ. ਜਸਵੰਤ ਸਿੰਘ ਸੰਧੂ ਘਰਿੰਡਾ ਦਾ ਲਿਖਿਆ ਸੋਹਣ ਸਿੰਘ ਸੀਤਲ ਦੇ ਪਿੰਡ ਕਾਦੀਵਿੰਡ ਦੀ ਜ਼ਿਆਰਤ ਨਾਲ ਸਬੰਧਤ ਇਹ ਹਥਲਾ ਲੰਮਾ ਲੇਖ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਪੇਸ਼ ਹੈ, ਤੀਜੀ ਤੇ ਆਖਰੀ ਕਿਸ਼ਤ… ਪ੍ਰਬੰਧਕੀ ਸੰਪਾਦਕ
ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-605-6494 (ਅਮਰੀਕਾ)
+91-9814435244 (ਇੰਡੀਆ)
(ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ)
ਸੋਹਣ ਸਿੰਘ ਸੀਤਲ ਨੂੰ ਪੰਜਾਬ ਦੀ ਵੰਡ ਦਾ ਬੜਾ ਦੁੱਖ ਸੀ। ਵੰਡ `ਤੇ ਉਨ੍ਹਾਂ ‘ਪੰਜਾਬ ਦਾ ਉਜਾੜਾ’ ਨਾਮਕ ਕਿਤਾਬ ਵੀ ਲਿਖੀ। ਕਾਦੀਵਿੰਡ ਛੱਡਣ ਦਾ ਵੀ ਬੜਾ ਹੇਰਵਾ ਸੀ। 100 ਕਿੱਲਾ ਜ਼ਮੀਨ ਤੇ ਸੱਤ ਕਮਰਿਆਂ ਵਾਲਾ ਸੀਮਿੰਟਿਡ ਘਰ 21 ਅਗਸਤ 1947 ਨੂੰ ਛੱਡਿਆ, ਜੋ ਮੁੜ ਵੇਖਣਾ ਨਸੀਬ ਨਾ ਹੋਇਆ। ‘ਤੂਤਾਂ ਵਾਲਾ’ ਖੂਹ ਨਾਵਲ ਵਿੱਚ 47 ਤੋਂ ਪਹਿਲਾਂ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦੇ ਸਬੰਧਾਂ ਅਤੇ `47 ਤੋਂ ਪਹਿਲਾਂ ਦੇ ਪੰਜਾਬ ਦੇ ਕਲਚਰ ਦੀ ਗੱਲ ਬੜੀ ਠੇਠ ਮਝੈਲੀ ਪੰਜਾਬੀ ਵਿੱਚ ਕੀਤੀ ਹੈ। ਦੱਸਿਆ ਹੈ ਕਿ ਲੋਕ ਮਰ ਕੇ ਤਾਂ ਵਿਛੜਦੇ ਵੇਖੇ ਸੀ, ਪਰ ਜਿਉਂਦੇ ਵਿਛੜਦੇ ਨਹੀਂ ਸੀ ਵੇਖੇ। ਇਹ ਨਾਵਲ ਦਸਵੀਂ ਜਮਾਤ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਕਈ ਸਾਲ ਲੱਗਾ ਰਿਹਾ ਹੈ। ਵੰਡ ਨਾਲ ਪੰਜਾਬ ਆਰਥਿਕ ਤੇ ਸਮਾਜਿਕ ਅਤੇ ਜਾਨ-ਮਾਲ ਪੱਖੋਂ ਤਬਾਹ ਹੋ ਗਿਆ। ਬਾਬੇ ਅਕਾਲੀ ਦੇ ਮੂੰਹੋਂ ਅਖਵਾ ਕੇ ਬਾਪੂ ਸੀਤਲ ਜੀ ਨੇ ਪੇਸ਼ੀਨਗੋਈ ਕੀਤੀ ਹੈ ਕਿ ਸਮਾਂ ਪਾ ਕੇ ਪੰਜਾਬ ਫਿਰ ਇਕੱਠਾ ਹੋਵੇਗਾ। ‘ਤੂਤਾਂ ਵਾਲੇ ਖੂਹ’ ਦੇ ਅਖੀਰੀ ਕਾਂਡ ਪੰਜਾਬ ਦੇ ਮੁੜ ਇੱਕ ਹੋਣ ਦੀ ਗੱਲ ਕਰ ਰਿਹਾ ਹੈ।
“ਤੂਤਾਂ ਵਾਲੇ ਖੂਹ ਦੇ ਕੋਲ ਦੀ ਲੰਘਦਿਆਂ ਸੱਜਣ ਸਿੰਘ ਨੇ ਦਿਲ ਹੀ ਦਿਲ ਵਿੱਚ ਬੜੇ ਹਿਰਖ ਨਾਲ ਕਿਹਾ, ‘ਲੈ ਉਇ ਧੰਨੇ ਸ਼ਾਹ! ਸਾਂਭ ਲੈ ਖੂਹ।’ ਪਰ ਉਹ ਮੂੰਹੋਂ ਕੁਝ ਨਾ ਬੋਲ ਸਕਿਆ।
ਉਹ ਦੋ ਪੈਲੀਆਂ ਅੱਗੇ ਗਏ ਤਾਂ ਉਨ੍ਹਾਂ ਦੇ ਕੰਨੀਂ ਗਹਿਣੇ ਲੁਹਾਰ ਦੀ ਉਦਾਸੀ ਹੋਈ `ਵਾਜ ਪਈ। ਬਾਬਾ ਕਾਲੀਆਂ! ਤੁਸੀਂ ਹਿੰਦੂ, ਸਿੱਖ ਹਿੰਦੁਸਤਾਨ ਚਲੇ ਜਾਓਗੇ। ਮੋਮਨਾ ਵਾਸਤੇ ਪਾਕਿਸਤਾਨ ਬਣ ਗਿਆ ਏ। ਤੇ ਮੇਰੇ ਵਰਗੇ ਕਾਫਰ ਵਾਸਤੇ ਕਿਹੜਾ ਥਾਂ ਏਂ? ਮੈਨੂੰ ਵੀ ਕੁਝ ਦੱਸ ਜਾਹ।”
“ਮੀਆਂ ਗਹਿਣਿਆਂ! ਸਬਰ ਕਰ। ਕਰਤਾਰ ਦੇ ਰੰਗ ਵੇਖ। ਜੋ ਉਸਨੂੰ ਭਾਵੇਂ। ਹੱਛਾ, ਫੇਰ ਮਿਲਾਂਗੇ।” “ਜ਼ਰੂਰ ਮਿਲਾਂਗੇ।” ਬਾਬੇ ਅਕਾਲੀ ਨੇ ਉਹਨੂੰ ਧੀਰਜ ਦੇ ਕੇ ਪਿਛਾਂਹ ਮੋੜ ਦਿੱਤਾ।
“ਬਾਬਾ ਕਾਲੀਆਂ! ਲਿਆ ਟਰੰਕ ਗੱਡ ’ਤੇ ਰੱਖ ਦਿਹ।” ਸੱਜਣ ਸਿੰਘ ਨੇ ਕੋਲ ਪਹੁੰਚ ਕੇ ਹਮਦਰਦੀ ਨਾਲ ਕਿਹਾ।
“ਨਹੀਂ ਪੁੱਤ! ਇਹ ਕਿਸੇ ਦੀ ਅਮਾਨਤ ਏ। ਇਹ ਮੈਂ ਨਹੀਂ ਦੇ ਸਕਦਾ।” ਬਾਬੇ ਅਕਾਲੀ ਨੇ ਉਹ ਛੋਟਾ ਜਿਹਾ ਟਰੰਕ ਕੱਛ ਹੇਠ ਦਬਾਉਂਦਿਆ ਕਿਹਾ।
ਕਾਫਲਾ ਚੁੱਪ ਚਾਪ ਤੁਰਿਆ ਜਾ ਰਿਹਾ ਸੀ। ਕਿਸੇ ਕੋਲ ਵੀ ਕਹਿਣ-ਸੁਣਨ ਨੂੰ ਕੁਝ ਨਹੀਂ ਸੀ। ਹਰ ਦਿਲ ਉੱਤੇ ਇੱਕ ਮਾਰੂ ਸਹਿਮ ਛਾਇਆ ਹੋਇਆ ਸੀ। ਦਿਲ ਖੁਸਦੇ ਸਨ, ਅੱਖਾਂ ਵਹਿੰਦੀਆਂ ਸਨ, ਪਰ ਜ਼ਬਾਨ ਬੰਦ ਸੀ। ਦੋਹਾਂ ਮੁਲਕਾਂ ਦੀ ਹੱਦ ਉੱਤੇ ਪਹੁੰਚ ਕੇ ਗੱਡ ਰੁਕ ਗਈ। ਜਿੱਥੇ ਕਾਗਜ਼ਾਂ ਉੱਤੇ ਲਕੀਰ ਖਿੱਚ ਕੇ ਰਾਜ ਗੱਦੀ ਦੇ ਚਾਹਵਾਨਾਂ ਨੇ ਸੱਜਰੀ ਸੱਜਰੀ ਧਰਤੀ ਦੀ ਹਿੱਕ ਚੀਰੀ ਸੀ। ਹੁਣ ਤੱਕ ਇਲਮਦੀਨ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਕਾਬੂ ਕੀਤੀ ਆਇਆ ਸੀ। ਆਖਰੀ ਵਾਰ ਬਾਲਸਖਾਈ ਦੇ ਗਲ ਮਿਲਦਿਆਂ ਉਹਦੇ ਸਬਰ ਦੇ ਬੰਨ ਟੁੱਟ ਗਏ। ਉਹ ਉੱਚੀ ਉੱਚੀ ਧਾਹੀਂ ਮਾਰ ਕੇ ਰੋ ਪਿਆ। ਉਇ ਸੱਜਣਾਂ! ਕੀ ਆਪਾਂ ਹੁਣ ਕਦੇ ਵੀ ਨਹੀਂ ਮਿਲਾਂਗੇ? ਆਪਾਂ ਮਰਨ ਤੋਂ ਪਹਿਲਾਂ ਈ ਵਿੱਛੜ ਗਏ? ਸਿਆਣੇ ਆਂਹਦੇ ਹੁੰਦੇ ਨੇ ਲੜਨ ਰਾਤ ਹੋਵੇ, ਵਿਛੜਨ ਰਾਤ ਨਾ ਹੋਵੇ, “ਅਗ੍ਹਾਂ ਸਿਰਫ਼ ਦੋਹਾਂ ਦੇ ਹਟਕੋਰੇ ਹੀ ਰਹਿ ਗਏ। ਉਇ ਕਮਲਿਓ! ਕਿਉਂ ਰੋਂਦੇ ਓ? ਬਾਬੇ ਅਕਾਲੀ ਦੋਹਾਂ ਨੂੰ ਮਿੱਠੀ ਜਿਹੀ ਝਿੜਕ ਦੇਂਦਿਆਂ ਕਿਹਾ।” ਮੈਦਾਨ ਵਿੱਚ ਫੱਟੜ ਹੋ ਕੇ ਸੂਰਮੇ ਰੋਇਆ ਕਰਦੇ ਨੇ? ਅਸੀਂ ਇੱਕ ਬਹੁਤ ਵੱਡੀ ਜੰਗ ਲੜੇ ਆਂ, ਅੰਗਰੇਜ਼ ਦੇ ਵਿਰੁੱਧ ਆਜ਼ਾਦੀ ਦੀ ਜੰਗ ਤੇ ਉਸ ਵਿੱਚ ਅਸੀਂ ਮਰਦਾਂ ਵਾਂਗ ਜਿੱਤੇ ਆ। ਜਾਂਦਾ ਜਾਂਦਾ ਅੰਗਰੇਜ਼ ਸਾਡੇ ਵਿੱਚ ਇਹ ਪਾਟਕ ਪਾ ਚੱਲਿਆ ਏ, ਪਰ ਇਹ ਵਿੱਥਾਂ ਸਦਾ ਨਹੀਂ ਰਹਿਣਗੀਆਂ। ਤੁਸੀਂ ਇੱਕ ਲਹੂ ਓ, ਇੱਕੋ ਕੌਮ ਓ। ਵੇਖ ਲੈਣਾ। ਤੁਸੀਂ ਫੇਰ ਮਿਲੋਗੇ। ਹਾਂ ਫੇਰ ਮਿਲੋਗੇ। ਬਾਬੇ ਨੇ ਸ਼ਬਦਾਂ `ਤੇ ਜ਼ੋਰ ਦੇਂਦਿਆਂ ਕਿਹਾ। ਫੇਰ ਤੁਹਾਨੂੰ ਕੋਈ ਨਹੀਂ ਨਖੇੜ ਸਕੇਗਾ। ਪਰ… ਪਰ ਏਸ ਤਰ੍ਹਾਂ ਅੰਞਾਣਿਆਂ ਵਾਂਗ ਭੁੱਬਾਂ ਮਾਰ ਕੇ ਆਪਣੀ ਬਹਾਦਰੀ ਨੂੰ ਕਮਜ਼ੋਰ ਨਾ ਕਰੋ। ਅਜੇ ਤਾਂ ਤੁਸਾਂ ਇੱਕ ਹੋਰ ਲੜਾਈ ਲੜਨੀ ਏਂ। ਇਸ ਬੀਤੀ ਲੜਾਈ ਨਾਲੋਂ ਵੀ ਵੱਡੀ ਬਹੁਤ ਵੱਡੀ। ਤੇ ਉਹ ਲੜਾਈ ਹੋਵੇਗੀ ਭੁੱਖ ਦੇ ਖਿਲਾਫ, ਗਰੀਬੀ ਦੇ ਖਿਲਾਫ ਤੇ ਹੋਰ ਨਿੱਕੀਆਂ ਮੋਟੀਆਂ ਕਈ ਬੀਮਾਰੀਆਂ ਜੋ ਸਾਲਾਂ ਦੀ ਲੰਮੀ ਗੁਲਾਮੀ ਪਿੱਛੇ ਛੱਡ ਚੱਲੀ ਏ, ਉਨ੍ਹਾਂ ਸਾਰੀਆਂ ਦੇ ਖਿਲਾਫ ਏਥੇ ਬੱਸ ਨਹੀਂ। ਐਨੀਆਂ ਕੁਰਬਾਨੀਆਂ ਦੇ ਕੇ ਜਿਹੜੀ ਆਜ਼ਾਦੀ ਹਾਸਲ ਕੀਤੀ ਏ, ਉਸ ਦੀ ਰੱਖਿਆ ਵੀ ਤੁਹਾਨੂੰ ਕਰਨੀ ਪਵੇਗੀ। ਸੋ ਮੇਰੇ ਯੋਧਿਓ! ਤਗੜੇ ਹੋਵੋ, ਬਲ ਧਾਰੋ ਤੇ ਨਵੀਂ ਆਉਣ ਵਾਲੀ ਮੁਹਿੰਮ ਲਈ ਤਿਆਰ ਹੋਵੇ।”
ਬੇਸ਼ਕ ਸੀਤਲ ਜੀ ਸਿੱਖ ਧਰਮ ਦੇ ਪ੍ਰਚਾਰਕ ਸਨ, ਪਰ ਉਹ ਇੱਕ ਧਰਮ ਪੱਖੀ ਨਹੀਂ ਸਨ। ਸਦਾ ਇਨਸਾਨੀਅਤ ਦੇ ਪੁਜਾਰੀ ਰਹੇ। ਉਨ੍ਹਾਂ ਦੀਆਂ ਕਵਿਤਾਵਾਂ ਤੇ ਵਾਰਤਕ ਵਿੱਚ ਅਗਾਂਹਵਧੂ ਨਜ਼ਰੀਆ ਸੀ। ਉਨ੍ਹਾਂ ਹਮੇਸ਼ਾ ਦੱਬੇ ਕੁਚਲੇ ਭਾਈ ਲਾਲੋਆਂ ਦੀ ਗੱਲ ਕੀਤੀ ਹੈ। ਉਹ ਜਾਤ-ਪਾਤ ਨੂੰ ਰੱਦ ਕਰਕੇ ਮਨੁੱਖ ਦੀ ਬਰਾਬਰੀ ਦੀ ਗੱਲ ਕਰਦੇ ਸਨ। ਉਨ੍ਹਾਂ ਦਾ ਸੁਨੇਹਾ ਸਾਰੇ ਸੰਸਾਰ ਲਈ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਾਨੂੰ ਬੀਤੇ ਤੋਂ ਸਬਕ ਸਿੱਖ ਕੇ ਵਰਤਮਾਨ ਦੀਆਂ ਸਮੱਸਿਆਵਾਂ ਨਾਲ ਹੱਲ ਕਰਨਾ ਤੇ ਭਵਿੱਖ ਵਿੱਚ ਜ਼ਿੰਦਗੀ ਨੂੰ ਸਹੀ ਰਸਤੇ `ਤੇ ਪਾਉਣਾ।
ਗੁਰੂ ਨਾਨਕ ਦੇਵ ਜੀ ਨੇ ਲਿਖਿਆ- “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥” ਸਮਾਜ ਦੀ ਉਪਰੋਕਤ ਅਵਸਥਾ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਸੀ। ਅੱਜ ਵੀ ਸਮਾਜ ਦੀ ਦਸ਼ਾ ਵਿੱਚ ਕੋਈ ਫਰਕ ਨਹੀਂ। ਉਨ੍ਹਾਂ ਆਪਣੀ ਇੱਕ ਕਲੀ ਵਿੱਚ ਧਰਮ ਰਾਜ ਦੀ ਕਚਹਿਰੀ ਵਿੱਚ ਧਰਤੀ ਦੀ ਪੁਕਾਰ ਦਾ ਅਜੋਕੀ ਸਥਿਤੀ ਦਾ ਵਰਣਨ ਇੰਝ ਕੀਤਾ ਹੈ:
ਜਿਸ ਨੂੰ ਮਜ੍ਹਬਾਂ ਵਾਲੇ ਕਹਿਣ ਕਚਹਿਰੀ ਧਰਮ ਸੀ,
ਦੁੱਖਾਂ ਮਾਰੀ ਧਰਤੀ ਉਥੇ ਜਾ ਪੁਕਾਰਦੀ।
ਕਹਿੰਦੀ ਪਾਪਾਂ ਦੀ ਹੱਦ ਹੋ ਗਈ ਮੇਰੇ ਦਾਤਿਆ,
ਪੈ ਗਈ ਹੋਂਦ ਜਾਪਦੀ ਸ਼ੱਕ ਵਿੱਚ ਬਖਸ਼ਣਹਾਰ ਦੀ।
ਜਿਨ੍ਹਾਂ ਦੇਣਾ ਸੀ ਉਪਦੇਸ਼ ਜਗਤ ਨੂੰ ਧਰਮ ਦਾ,
ਪੱਟੀ ਨਿੱਤ ਪੜ੍ਹਾਉਂਦੇ ਰਹਿੰਦੇ ਅੱਤਿਆਚਾਰ ਦੀ।
ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ,
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।
ਲੋੜ ਸੀ ਢਾਲਾਂ ਦੀ ਛਾਂ ਕਰਦਾ ਕੋਈ ਗਰੀਬ `ਤੇ,
ਪੀ ਰੱਤ ਪਿਆਸ ਬੁਝੇ ਨਾ ਯੋਧੇ ਦੀ ਤਲਵਾਰ ਦੀ।
ਐ ਪ੍ਰਭੂ ਰਚਨਹਾਰ ਤੂੰ ਰਚਨਾ ਆਪਣੀ ਸਾਂਭ ਲੈ,
ਮਾਨਸ ਦੈਂਤ ਰੂਪ ਦਾ ਮੈਂ ਨਾ ਭਾਰ ਸਹਾਰਦੀ
ਜੇ ਤੂੰ ਚਾਹੁੰਦਾ ਇਹ ਦੁਨੀਆਂ ਤੇਰੀ ਵਸਦੀ ਰਹੇ,
ਤਾਂ ਫਿਰ ਭੇਜ ਰੂਹ ਕੋਈ ਸੱਚੇ ਪਰਉਪਕਾਰ ਦੀ
‘ਸੀਤਲ’ ਮੈਂ ਨਹੀਂ ਗਾ ਹੁਣ ਵਿਛਣਾ ਕਿਸੇ ਭੁਲੇਖੇ `ਤੇ,
ਮਾਨਸ ਦੇਹ ਹੋਵੇ ਪਰ ਜੋਤ ਹੋਵੇ ਕਰਤਾਰ ਦੀ।
ਸੀਤਲ ਜੀ ਸਟੇਜ ਤੋਂ ਕਿਹਾ ਕਰਦੇ ਸਨ, “ਕਿ ਸਾਡਾ ਸਿੱਖ ਇਤਿਹਾਸ ਇੱਕ ਸ਼ਾਨਦਾਰ ਇਤਿਹਾਸ ਹੈ। ਸਿੱਖ ਹੈ ਤਾਂ ਪੰਜਾਬ ਹੈ, ਪੰਜਾਬ ਹੈ ਤਾਂ ਸਿੱਖ ਹੈ। ਗੁਰੂ ਗ੍ਰੰਥ ਸਾਹਿਬ ਹੀ ਅਸਲ ਵਿੱਚ ਪੰਜਾਬ ਦਾ ਸੰਵਿਧਾਨ ਹੈ। ਅੱਜ ਸਾਡੇ ਲੀਡਰ ਇਸ ਸੰਵਿਧਾਨ `ਤੇ ਚਲਣਾ ਸ਼ੁਰੂ ਕਰ ਦੇਣ, ਪੰਜਾਬ ਸੁਰਗ ਬਣ ਸਕਦਾ ਹੈ। ਗੁਰੂਆਂ ਨੇ ਜਿਸ ਪਿਛਾਂਹ-ਖਿੱਚੂ ਧਾਰਮਿਕ ਤੰਗ ਦ੍ਰਿਸ਼ਟੀ `ਚੋਂ ਸਾਨੂੰ ਕੱਢਿਆ ਸੀ। ਅੱਜ ਫਿਰ ਅਸੀਂ ਉਸ ਤੰਗ-ਦ੍ਰਿਸ਼ਟੀ ਦਾ ਸ਼ਿਕਾਰ ਹੋ ਗਏ ਹਾਂ। ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਦੇ ਸੁਨਹਿਰੀ ਅਸੂਲ ਨੂੰ ਭੁੱਲ ਕੇ ਜਾਤ-ਪਾਤ ਤੇ ਊਚ-ਨੀਚ ਦਾ ਸ਼ਿਕਾਰ ਹੋ ਗਏ ਹਾਂ।
ਸੀਤਲ ਜੀ ਕਿਹਾ ਕਰਦੇ ਸਨ ਕਿ ਜੇ ਦੁਨੀਆਂ `ਤੇ ਆਏ ਹੋ ਤਾਂ ਕੁਝ ਕਰਕੇ ਜਾਓ, ਅੰਨ ਗੰਦਾ ਕਰਨ ਦਾ ਕੋਈ ਫਾਇਦਾ ਨਹੀਂ। ਮਨੁੱਖੀ ਸਰੀਰ ਨਾਸਵਾਨ ਹੈ। ਇਸ ਸਦਾ ਇਥੇ ਨਹੀਂ ਰਹਿਣਾ। ਇਹ ਦੁਨੀਆਂ ਇੱਕ ਸਰਾਂ ਹੈ, ਜਿਥੇ ਮੁਸਾਫਰ ਆਉਂਦੇ ਨੇ ਤੇ ਚਲੇ ਜਾਂਦੇ ਨੇ। ਬਾਦਸ਼ਾਹ ਫਕੀਰ ਬਣ ਜਾਂਦੇ ਨੇ ਤੇ ਫਕੀਰ ਬਾਦਸ਼ਾਹ ਬਣ ਜਾਂਦੇ ਨੇ। ਉਹ ਆਪਣੀ ਇੱਕ ਰਚਨਾ ਵਿੱਚ ਲਿਖਦੇ ਨੇ ਕਿ ਮਨੁੱਖ `ਤੇ ਇੱਕੋ ਜਿਹਾ ਵਕਤ ਨਹੀਂ ਰਹਿੰਦਾ:
ਇਹ ਦੁਨੀਆਂ ਇੱਕ ਅਖਾੜਾ ਹੈ, ਤੇ ਖਲਕਤ ਹੈ ਤਮਾਸ਼ਾਈ,
ਮੈਂ ਜੀਵਨ-ਖੇਡ ਵਿੱਚ ਭੁੱਲਦੇ ਬੜੇ ਬੁੱਧਵਾਨ ਵੇਖੇ ਨੇ।
ਜੋ ਉੱਡਦੇ ਅਰਸ਼ ’ਤੇ ਪਲ ਵਿੱਚ ਪਟਕਦੇ ਫਰਸ਼ ’ਤੇ ਵੇਖੇ ਨੇ,
ਤੇ ਪੈਰਾਂ ਵਿੱਚ ਰੁਲਦੇ ਕਈ ਚੜ੍ਹੇ ਅਸਮਾਨ ਵੇਖੇ ਨੇ।
ਤਖ਼ਤ `ਤੇ ਬੈਠਿਆਂ ਹੈ ਵੇਖਿਆ ਬੇ-ਘਰ ਗੁਲਾਮਾਂ ਨੂੰ,
ਤੇ ਮੰਗਦੇ ਭੀਖ ਗਲੀਆਂ ਵਿੱਚ ਕਈ ਸੁਲਤਾਨ ਵੇਖੇ ਨੇ।
ਜਿਨ੍ਹਾਂ ਮਹਿਲਾਂ ’ਚ ਕਲ੍ਹ ਤੀਕਰ ਹੁੰਦਾ ਸੀ ਨਾਚ ਪਰੀਆਂ ਦਾ,
ਮੈਂ ਪੈਂਦੇ ਕੀਰਨੇ ਅੱਜ ਉਹ ਬਣੇ ਸ਼ਮਸ਼ਾਨ ਵੇਖੇ ਨੇ।
ਜਿਨ੍ਹਾਂ ਗਲ਼ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਢਾਉਂਦੇ ਸੀ,
ਉਹ ਬੇਹਿਆਂ ਟੁਕੜਿਆਂ ਨੂੰ ਤਰਸਦੇ ਇਨਸਾਨ ਵੇਖੇ ਨੇ।
ਜਿਨ੍ਹਾਂ ਦੇ ਸਾਹਮਣੇ ਝੁਕਦੇ ਸੀ ਲੱਖ ਸਿਰ ਜਵਾਨਾਂ ਦੇ,
ਮੈਂ ਗੈਰਾਂ ਸਾਹਮਣੇ ਝੁਕਦੇ ਉਹ ਬਲਵਾਨ ਵੇਖੇ ਨੇ।
ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਉਂਦੇ ਸੀ ਜ਼ਮਾਨੇ ਨੂੰ,
ਮੈਂ ਕਾਇਰਾਂ ਜਿਉਂ ਵਿਲਕਦੇ ਉਨ੍ਹਾਂ ਦੇ ਅਰਮਾਨ ਵੇਖੇ ਨੇ।
ਕਹਾਂ ਕੀ? ਬੇਇਲਮ, ਬੇਸਮਝ ਲੋਕਾਂ ਦੀ ਹਜ਼ੂਰੀ ਵਿੱਚ,
ਅਕਲ ਦੇ ਕੋਟ ਹੱਥ ਬੱਧੀ ਖਲੇ ਹੈਰਾਨ ਵੇਖੇ ਨੇ।
ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ,
ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ।
ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧ ਸੰਤਾਂ ਨੂੰ,
ਤੇ ਮੰਦਰ ਦੇ ਪੁਾਜਰੀ ਵੇਚਦੇ ਈਮਾਨ ਵੇਖੇ ਨੇ।
ਗਲੇ ਮਿਲਦੇ ਮੁਹੱਬਤ ਨਾਲ ਮੈਂ ਵੇਖੇ ਨੇ ਦੁਸ਼ਮਣ ਵੀ,
ਤੇ ਮਿੱਤਰਾਂ ਵਿੱਚ ਹੁੰਦੇ ਲਹੂ ਦੇ ਘਮਸਾਨ ਵੇਖੇ ਨੇ।
ਅਨੋਖੇ ਰੰਗ ਨੇ ਕੁਦਰਤ ਦੇ ਜਾਣੇ ਕੌਣ ‘ਸੀਤਲ’ ਜੀ,
ਮੈਂ, ਉਜੜੇ ਵਸਦੇ ਤੇ ਵਸਦੇ ਵੀਰਾਨ ਵੇਖੇ ਨੇ।
ਜਦ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖ ਕੇ ਪ੍ਰਣ ਤੋੜ ਦਿੱਤਾ ਤੇ ਸੰਤ ਫਤਿਹ ਸਿੰਘ ਨੇ ਹਵਨ-ਕੁੱਡਾਂ ਵਿੱਚ ਸੜ ਮਰਨ ਦੀ ਅਰਦਾਸ ਭੰਗ ਕਰ ਦਿੱਤੀ ਤਾਂ ਅਰਦਾਸ ਦੀ ਮਹਾਨਤਾ ਨੂੰ ਬਹਾਲ ਕਰਨ ਲਈ ਸ. ਦਰਸ਼ਨ ਸਿੰਘ ਫੇਰੂਮਾਨ ਨੇ ਮਰਨ ਵਰਤ ਰੱਖਿਆ ਤੇ 74 ਦਿਨ ਬਾਅਦ ਸ਼ਹੀਦੀ ਜਾਮ ਪੀ ਗਏ ਤਾਂ ਸੀਤਲ ਜੀ ਦੀ ‘ਅਜੀਤ’ ਅਖ਼ਬਾਰ ਵਿੱਚ ਸ਼ਰਧਾਂਜਲੀ ਵਜੋਂ ਇੱਕ ਕਵਿਤਾ ਛਪੀ ਜਿਸ ਦੀਆਂ ਲਾਈਨਾਂ ਇਸ ਪ੍ਰਕਾਰ ਹਨ:
ਸਤਿਗੁਰ ਅਰਜਨ ਦੇਵ ਜੀ ਜੋ ਰੀਤ ਚਲਾਈ।
ਪਿੱਛੋਂ ਉੱਮਤ ਓਸਦੀ ਅੱਜ ਤੀਕ ਨਿਭਾਈ।
ਤਾਰੂ ਸਿੰਘ ਨੇ ਖੋਪਰੀ ਹੱਸ ਹੱਸ ਲੁਹਾਈ।
ਸਤੀ ਦਾਸ ਜਿਹੇ ਸਿਦਕੀਆਂ ਨੇ ਤੋੜ ਨਿਭਾਈ।
ਦੂਜੀ ਬੋਤਾ ਸਿੰਘ ਨੇ ਸੀ ਤੋੜ ਚੜ੍ਹਾਈ।
ਊਧਮ ਸਿੰਘ ਜਿਹੇ ਪਰਵਾਨਿਆਂ ਜੋ ਆਸ ਜਗਾਈ।
ਪਿੱਛੇ ਜਹਿ ਕੁਝ ਢਿੱਲੜਾਂ ਜਾਂ ਢਿੱਲ ਵਿਖਾਈ।
ਮਿਹਣੇ ਦੇਣ ਲੱਗ ਪਈ ਪੰਥ ਨੂੰ ਲੋਕਾਈ।
ਸੋਚੇ ਦਰਸ਼ਨ ਸਿੰਘ ਹੁਣ ਮਰਦਾਂ ਸਿਰ ਆਈ।
ਫੂਲਾ ਸਿੰਘ ਨਿਹੰਗ ਜਿਉਂ ਤੋੜ ਨਿਭਾਈ।
ਧੰਨ ਫੇਰੂਮਾਨ ਹੈ ਧੰਨ ਉਸ ਦੀ ਮਾਈ
ਜਿਨ੍ਹੇ ਪਾਈ ‘ਸੀਤਲਾ’ ਸਿਰ ਦੇ ਕੇ ਪਾਈ।
ਅਠਾਰਾਂ ਕਿੱਲੇ ਲੱਗੇ ਬਾਗ `ਚੋਂ ਸਿਰਫ ਦੋ ਜਾਮਨੂੰ ਦੇ ਦਰੱਖ਼ਤ ਹੀ ਬਚੇ ਨੇ, ਉਨ੍ਹਾਂ ਦੇ ਦਰਸ਼ਨ ਕਰਕੇ ਚਾਰ ਕਨਾਲ ਥਾਂ ਵਿੱਚ ਹੁਣ ਮੇਊਆ ਦੀ ਚਾਰ ਕੋਠੀਆਂ ਪੈ ਚੁੱਕੀਆਂ ਨੇ, ਜਿੱਥੇ ਬਾਪੂ ਦਾ ਸਤ ਕਮਰਿਆਂ ਵਾਲਾ ਸੀਮਿੰਟਿਡ ਮਕਾਨ ਬਣਿਆ, ਉਸ ਵਕਤ ਦੀ ਦੋ ਕਿੱਲਿਆਂ ਦੇ ਦਰਸ਼ਨ ਕੀਤੇ। ਹੁਣ ਸੀਤਲ ਜੀ ਦੇ ਪੁਰਾਣੇ ਘਰ ਦੇ ਵਿੱਚ ਪਸ਼ੂ ਬੱਝਦੇ ਨੇ, ਪਰ ਦਰਸ਼ਨ ਕਰਕੇ ਮਨ ਨੂੰ ਸਕੂਨ ਮਿਲਿਆ ਤੇ ਮੈਂ ਭਰੇ ਮਨ ਨਾਲ ਕਾਦੀਵਿੰਡ ਨੂੰ ਅਲਵਿਦਾ ਕਹੀ, ਜਿਸ ਨੇ ਬਾਪੂ ਸੀਤਲ ਜੀ ਵਰਗੀ ਅਜ਼ੀਮ ਸ਼ਖ਼ਸੀਅਤ ਪੈਦਾ ਕੀਤੀ। ਅਮੀਨ!
