ਰਦੌਰ, ਬੂੜੀਆ ਅਤੇ ਥਾਨੇਸਰ ਮਿਸਲਾਂ

ਆਮ-ਖਾਸ

ਕਿਸ਼ਤ-11
ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਹਥਲੇ ਅੰਕ ਵਿੱਚ ਰਦੌਰ (ਡੱਲੇਵਾਲੀਆ ਮਿਸਲ), ਬੂੜੀਆ (ਭੰਗੀ ਮਿਸਲ) ਅਤੇ ਥਾਨੇਸਰ (ਮਿਸਲ ਡੱਲੇਵਾਲੀਆ) ਨਾਲ ਜੁੜੇ ਵੇਰਵਿਆਂ ਦਾ ਸੰਖੇਪ ਵਰਣਨ ਹੈ… ਪ੍ਰਬੰਧਕੀ ਸੰਪਾਦਕ

ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਰਦੌਰ (ਡੱਲੇਵਾਲੀਆ ਮਿਸਲ)
ਡੱਲੇਵਾਲੀਆ ਮਿਸਲ ਦੇ ਸ. ਤਾਰਾ ਸਿੰਘ ਗੈਬਾ ਨੇ ਸ. ਬਘੇਲ ਸਿੰਘ, ਜੱਸਾ ਸਿੰਘ ਆਦਿ ਨਾਲ ਮਿਲ ਕੇ ਦਿੱਲ਼ੀ ਨੂੰ ਫਤਿਹ ਕਰਨ ਸਮੇਂ ਜਮਨਾ ਦਰਿਆ ਦੇ ਹੇਠ ਬਹੁਤ ਸਾਰਾ ਇਲਾਕਾ ਕਬਜ਼ੇ ਵਿੱਚ ਕਰ ਲਿਆ। ਉਸ ਦਾ ਵਧੇਰੇ ਇਲਾਕਾ ਦੁਆਬੇ ਵਿੱਚ ਸੀ, ਇਸ ਲਈ ਉਸ ਨੇ ਰਾਹੋਂ ਨੂੰ ਸਦਰ ਮੁਕਾਮ ਬਣਾਇਆ ਹੋਇਆ ਸੀ। ਉਸ ਦੀ ਮੌਤ ਪਿੱਛੋਂ ਉਸ ਦੇ ਪੁੱਤਰ ਦੁਲਚਾ ਸਿੰਘ ਨੇ ਇਹ ਇਲਾਕਾ ਸਾਂਭਿਆ। ਜਦ ਮਹਾਰਾਜਾ ਰਣਜੀਤ ਸਿੰਘ ਨੇ ਦੁਲਚਾ ਸਿੰਘ ਦਾ ਸਤਲੁਜ ਤੋਂ ਉੱਤਰ ਵੱਲ ਦਾ ਇਲਾਕਾ ਉਸ ਤੋਂ ਖੋਹ ਲਿਆ ਤਾਂ ਦੁਲਚਾ ਸਿੰਘ ਜਮਨਾ ਨੇੜਲੀ ਮਿਲਖ ਰਦੌਰ ਵਿੱਚ ਚਲਿਆ ਗਿਆ। ਸਤਲੁਜ ਤੋਂ ਪੂਰਬ ਵੱਲ ਦਾ ਇਲਾਕਾ 1809 ਤੋਂ ਅੰਗਰੇਜ਼ੀ ਸਰਪ੍ਰਸਤੀ ਵਿੱਚ ਚਲਾ ਗਿਆ ਹੋਣ ਕਾਰਨ ਇਸ ਹੋਣੀ ਤੋਂ ਬਚਿਆ ਰਿਹਾ।
ਲੈਫਟੀਨੈਂਟ ਕਰਨਲ ਆਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਰਦੌਰ ਦੀ ਸੈਨਾ ਵਿੱਚ 184 ਘੋੜ ਸਵਾਰ ਅਤੇ 120 ਪਿਆਦਾ ਫੌਜੀ ਸਨ। ਲੈਫਟੀਨੈਂਟ ਕਰਨਲ ਆਕਟਰਲੋਨੀ ਨੇ ਉਸ ਦੇ ਆਸ਼ਰਿਤਾਂ ਵਿੱਚ ਪ੍ਰੇਮ ਸਿੰਘ ਨੂੰ ਹਲਾਹੜ, ਜੋਧ ਸਿੰਘ ਪਾਥ ਪਟਿਆਂ ਦੇ 2 ਪਿੰਡ, ਸੁਧਾ ਸਿੰਘ ਅਤੇ ਤੋਲਿਆਣੀ ਸਿੰਘ ਨੂੰ ਧੀਨ ਹੋਨਾ, ਜੈ ਸਿੰਘ, ਖੁਸ਼ਹਾਲ ਸਿੰਘ ਅਤੇ ਓਰਨ ਸਿੰਘ ਨੂੰ ਜੈਨਪੁਰ ਦੇ 4 ਪਿੰਡਾਂ ਦੇ ਮਾਲਕ ਦੱਸਿਆ ਹੈ।
ਪ੍ਰੇਮ ਸਿੰਘ ਦੀ ਮੌਤ ਪਿੱਛੋਂ ਹਲਾਹੜ ਦੀ ਮਿਲਖ ਉਸ ਦੇ ਪੁੱਤਰ ਦਸੌਂਧਾ ਸਿੰਘ ਨੇ ਸੰਭਾਲੀ। 1827 ਵਿੱਚ ਦੁਲਚਾ ਸਿੰਘ ਬੇਔਲਾਦ ਮਰਿਆ ਤਾਂ ਦਸੌਂਧਾ ਸਿੰਘ ਨੇ ਰਦੌਰ ਉੱਤੇ ਆਪਣਾ ਹੱਕ ਜਤਾਇਆ। ਅੰਗਰੇਜ਼ੀ ਏਜੰਟ ਮਰ੍ਹੇ ਨੇ ਪਟਿਆਲਾ, ਨਾਭਾ, ਕੈਥਲ ਜੀਂਦ ਦੇ ਰਾਜਿਆਂ ਤੋਂ ਇਸ ਬਾਰੇ ਰਾਇ ਮੰਗੀ। ਪ੍ਰੇਮ ਸਿੰਘ ਦੇ ਪਹਿਲਾਂ ਦੋ ਵਿਆਹ ਸਨ- ਪਹਿਲੀ ਪਤਨੀ ਦਾ ਨਾਂ ਲੱਧੀ ਸੀ ਅਤੇ ਦੂਜੀ ਦਾ ਨਾਂ ਰਾਜਾਂ। ਫਿਰ ਉਸ ਨੇ ਜੋਰੀ ਨਾਂ ਦੀ ਔਰਤ ਨੂੰ ਧੱਕੇ ਨਾਲ ਆਪਣੇ ਘਰ ਲੈ ਆਂਦਾ, ਜਿਸ ਦਾ ਪਹਿਲਾ ਪਤੀ ਅਜੇ ਜਿਉਂਦਾ ਸੀ। ਇਸ ਔਰਤ ਦੇ ਪੇਟੋਂ ਦਸੌਂਧਾ ਸਿੰਘ ਦਾ ਜਨਮ ਹੋਇਆ ਸੀ। ਸੋ, ਸਭਨਾਂ ਨੇ ਦਸੌਂਧਾ ਸਿੰਘ ਨੂੰ ਨਾਜਾਇਜ਼ ਔਲਾਦ ਦੱਸਦਿਆਂ ਉਸ ਨੂੰ ਮਿਲਖ ਸੌਂਪਣ ਦਾ ਵਿਰੋਧ ਕੀਤਾ। ਨਤੀਜੇ ਵਜੋਂ ਮਿਲਖ ਦੀ ਮਾਲਕੀ ਵਿਧਵਾ ਇੰਦ ਕੌਰ ਨੂੰ ਦਿੱਤੀ ਗਈ। ਸਰਦਾਰਨੀ ਇੰਦ ਕੌਰ ਨੇ ਸ. ਅਜੀਤ ਸਿੰਘ ਲਾਡਵਾ ਨਾਲ ਵਿਆਹੀ ਆਪਣੀ ਧੀ ਦੇ ਪੁੱਤਰ ਨੂੰ ਗੋਦ ਲੈਣਾ ਚਾਹਿਆ, ਪਰ ਏਜੰਟ ਤੋਂ ਪ੍ਰਵਾਨਗੀ ਨਾ ਮਿਲੀ।
ਰਾਣੀ ਇੰਦ ਕੌਰ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਅਤ ਕੀਤੀ ਕਿ ਉਸ ਦੀ ਜਾਇਦਾਦ ਉਸ ਦੇ ਦੋਹਤੇ ਯਾਨੀ ਲਾਡਵਾ ਦੇ ਮੁਖੀ ਨਾਲ ਵਿਆਹੀ ਉਸ ਦੀ ਧੀ ਦੇ ਪੁੱਤਰ ਨੂੰ ਦਿੱਤੀ ਜਾਵੇ। 1837 ਵਿੱਚ ਰਾਣੀ ਇੰਦ ਕੌਰ ਦੀ ਮੌਤ ਪਿੱਛੋਂ ਇਸ ਮਿਲਖ ਉੱਤੇ ਦੋ ਦਾਅਵੇਦਾਰ ਖੜ੍ਹੇ ਹੋ ਗਏ। ਲਾਡਵਾ ਦੇ ਮੁਖੀ ਰਾਜਾ ਅਜੀਤ ਸਿੰਘ ਨੇ ਰਾਣੀ ਇੰਦ ਕੌਰ ਵੱਲੋਂ ਬਣਾਈ ਵਸੀਅਤ ਦੇ ਆਧਾਰ ਉੱਤੇ ਆਪਣਾ ਦਾਅਵਾ ਪੇਸ਼ ਕਰ ਦਿੱਤਾ, ਪਰ ਅੰਗਰੇਜ਼ ਸਰਕਾਰ ਨੇ ਇਹ ਕਹਿੰਦਿਆਂ ਦਾਅਵਾ ਖਾਰਜ ਕਰ ਦਿੱਤਾ ਕਿ ਇੰਦ ਕੌਰ ਨੂੰ ਵਸੀਅਤ ਲਿਖ ਕੇ ਜਾਇਦਾਦ ਕਿਸੇ ਨੂੰ ਦੇਣ ਦਾ ਅਧਿਕਾਰ ਨਹੀਂ ਸੀ। ਉਸ ਦੀ ਨਿੱਜੀ ਸੰਪਤੀ ਉਸ ਦੀ ਲਾਡਵੇ ਵਿਆਹੀ ਧੀ ਨੂੰ ਦੇ ਦਿੱਤੀ ਗਈ।
ਦੂਜਾ ਦਾਅਵੇਦਾਰ ਦਸੌਂਧਾ ਸਿੰਘ ਦਾ ਪੁੱਤਰ ਫਤਿਹ ਸਿੰਘ ਸੀ। ਫਤਿਹ ਸਿੰਘ ਦੀ ਦਲੀਲ ਸੀ ਕਿ ਔਰਤ ਵੱਲੋਂ ਪਹਿਲੇ ਪਤੀ ਦੇ ਜਿਉਂਦਿਆਂ ਦੂਜੇ ਪੁਰਸ਼ ਨਾਲ ਕਰੇਵਾ ਕਰਵਾ ਕੇ ਉਸ ਦੇ ਘਰ ਵਸਣਾ ਜਾਇਜ਼ ਹੈ। ਅੰਗਰੇਜ਼ੀ ਏਜੰਟ ਨੇ ਇਸ ਬਾਰੇ ਸਿੱਖ ਮੁਖੀਆਂ ਦੀ ਰਾਇ ਲਈ ਤਾਂ ਬਹੁਤਿਆਂ ਨੇ ਫਤਿਹ ਸਿੰਘ ਦੇ ਦਾਅਵੇ ਨੂੰ ਹਾਸੋਹੀਣਾ ਦੱਸਿਆ। ਉਸ ਦਾ ਦਾਅਵਾ ਪਹਿਲਾਂ ਵਾਂਗ ਹੀ ਰੱਦ ਕਰ ਦਿੱਤਾ ਗਿਆ।
ਜਦ ਰਦੌਰ ਦੀ ਮਾਲਕੀ ਦਾ ਝਗੜਾ ਚੱਲ ਰਿਹਾ ਸੀ ਤਾਂ ਛਲੌਂਦੀ ਮਿਸਲ ਦੀ ਮਾਲਕ ਰਤਨ ਕੌਰ ਵਿਧਵਾ ਸ. ਬਘੇਲ ਸਿੰਘ ਨੇ ਆਪਣਾ ਦੀਵਾਨ ਅੰਗਰੇਜ਼ੀ ਏਜੰਟ ਕਲਾਰਕ ਕੋਲ ਭੇਜਿਆ। ਉਸ ਦਾ ਕਹਿਣਾ ਸੀ ਕਿ ਜੇਕਰ ਅੰਗਰੇਜ਼ ਸਰਕਾਰ ਰਦੌਰ ਉੱਤੋਂ ਆਪਣਾ ਹੱਕ ਛੱਡਣਾ ਚਾਹੁੰਦੀ ਹੋਵੇ ਤਾਂ ਉਹ ਆਪਣੇ ਪਤੀ ਬਘੇਲ ਸਿੰਘ ਦੇ ਕਰੋੜਸਿੰਘੀਆ ਮਿਸਲ ਦਾ ਮੁਖੀ ਹੋਣ ਦੇ ਕਾਰਨ ਰਦੌਰ ਲੈਣ ਨੂੰ ਤਿਆਰ ਹੈ। ਉਸ ਨੇ ਇਹ ਵੀ ਲਿਖਿਆ ਕਿ ਕਿਉਂਜੋ ਉਸ ਦਾ ਕੋਈ ਵਾਰਸ ਨਹੀਂ, ਇਸ ਲਈ ਉਸ ਦੀ ਮੌਤ ਪਿੱਛੋਂ ਰਦੌਰ ਅਤੇ ਛਲੌਂਦੀ ਕਨਖਲ, ਹਰਦੁਆਰ ਦੇ ਬ੍ਰਾਹਮਣਾਂ ਨੂੰ ਦਿੱਤੇ ਜਾਣ। ਏਜੰਟ ਨੇ ਉਸ ਦਾ ਦਾਅਵਾ ਵੀ ਖਾਰਜ ਕਰ ਦਿੱਤਾ ਅਤੇ ਰਦੌਰ ਦੀ ਮਿਲਖ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ।

ਬੂੜੀਆ (ਭੰਗੀ ਮਿਸਲ)
1. ਨਾਨੂੰ ਸਿੰਘ (1764)
1
1. ਭਾਗ ਸਿੰਘ (1809) 2. ਰਾਇ ਸਿੰਘ (1805)
1
ਸ਼ੇਰ ਸਿੰਘ (1804)
1
1. ਜੈਮਲ ਸਿੰਘ (1818) 2. ਗੁਲਾਬ ਸਿੰਘ (1843)
1
ਜੀਵਨ ਸਿੰਘ (1842-1893)
1
ਗਜਿੰਦਰ ਸਿੰਘ (1890)
1
ਲਛਮਣ ਸਿੰਘ (1891)
ਇਸ ਮਿਸਲ ਦਾ ਇਹ ਨਾਂ ਪੈਣ ਬਾਰੇ ਦੋ ਰਾਵਾਂ ਹਨ। ਪਹਿਲੀ ਰਾਇ ਇਹ ਹੈ ਕਿ ਛੱਜਾ ਸਿੰਘ ਵਾਸੀ ਪੰਜਵੜ ਜ਼ਿਲ੍ਹਾ ਅੰਮ੍ਰਿਤਸਰ ਨੂੰ ਭੰਗ ਪੀਣ ਦੀ ਆਦਤ ਸੀ, ਜਿਸ ਕਾਰਨ ਉਸ ਦੇ ਜਥੇ ਨੂੰ ਇਹ ਨਾਂ ਦਿੱਤਾ ਗਿਆ। ਦੂਜੀ ਰਾਇ ਅਨੁਸਾਰ ਛੱਜਾ ਸਿੰਘ ਤੋਂ ਅਗਲਾ ਆਗੂ ਭੀਮਾ ਸਿੰਘ ਉਰਫ ਭੂਮਾ ਸਿੰਘ ਆਪਣੇ ਸਾਥੀਆਂ ਨਾਲ ਸਖਤੀ ਵਰਤਦਾ ਸੀ, ਜਿਸ ਕਾਰਨ ਸਾਰੇ ਉਸ ਨੁੰ ਤੁਰਕੀ ਸ਼ਬਦ ‘ਬਾਲਾ-ਬਾਸ਼’ (ਸਿਰ ਫਿਰਿਆ) ਕਹਿਣ ਲੱਗੇ। ਜਦ ਭੀਮਾ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਸਾਥੀਆਂ ਤੋਂ ਮਾਫੀ ਮੰਗੀ, ਜੋ ਇਸ ਸ਼ਰਤ ਉੱਤੇ ਮਿਲੀ ਕਿ ਉਹ ਭੰਗ ਘੋਟ ਕੇ ਸਾਰਿਆਂ ਨੂੰ ਪਿਲਾਏਗਾ। ਉਸ ਨੇ ਸ਼ਰਤ ਪੂਰੀ ਕੀਤੀ, ਜਿਸ ਤੋਂ ਮਿਸਲ ਨੂੰ ਇਹ ਸੰਗਿਆ ਮਿਲੀ।
ਸਰਹਿੰਦ ਦੀ ਫਤਿਹ ਪਿੱਛੋਂ ਭੰਗੀ ਮਿਸਲ ਦੇ ਨਾਨੂੰ ਸਿੰਘ ਨੇ ਸੂਬਾ ਸਰਹਿੰਦ ਦੇ ਪਿੰਡਾਂ ਦਿਆਲ ਗੜ੍ਹ, ਦਾਦੂਪੁਰ, ਖਰਵਾਨ, ਦਾਮਲਾ, ਵਜੀਦਪੁਰ, ਜਗਾਧਰੀ ਅਤੇ ਬੂੜੀਆ ਉੱਤੇ ਕਬਜ਼ਾ ਕੀਤਾ। ਇਹ ਸਾਰੇ ਪਿੰਡ ਔਰੰਗਾਬਾਦ ਦੇ ਪਠਾਣਾਂ ਦੇ ਅਧੀਨ ਸਨ। ਔਰੰਗਾਬਾਦ ਦੇ ਪਠਾਣ ਭੰਗੀ ਸਰਦਾਰ ਨਾਲ ਹਥਿਆਰਬੰਦ ਟੱਕਰ ਲੈਣ ਦੇ ਸਮਰੱਥ ਨਹੀਂ ਸਨ, ਇਸ ਲਈ ਉਨ੍ਹਾਂ ਨੇ ਚਾਲਬਾਜ਼ੀ ਵਰਤਦਿਆਂ ਨਾਨੂੰ ਸਿੰਘ ਨੂੰ ਆਦਰ ਮਾਣ ਦੇਣ ਦੇ ਬਹਾਨੇ ਆਪਣੇ ਘਰ ਬੁਲਾਇਆ ਅਤੇ ਉਸ ਦਾ ਕਤਲ ਕਰ ਦਿੱਤਾ। ਨਾਨੂੰ ਸਿੰਘ ਦੇ ਗੋਦ ਲਏ ਪੁੱਤਰ ਰਾਇ ਸਿੰਘ ਅਤੇ ਪੁੱਤਰ ਭਾਗ ਸਿੰਘ ਨੂੰ ਪਠਾਣਾਂ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣ ਵਾਸਤੇ ਪਠਾਣਾਂ ਉੱਤੇ ਹਮਲਾ ਕਰਕੇ ਉਨ੍ਹਾਂ ਦਾ ਕਿਲ੍ਹਾ ਢਾਹ ਦਿੱਤਾ ਅਤੇ ਉਨ੍ਹਾਂ ਦੀ ਅਧੀਨਗੀ ਹੇਠਲਾ ਲਗਭਗ ਦੋ ਸੌ ਪਿੰਡਾਂ ਦਾ ਸਾਰਾ ਇਲਾਕਾ ਮੱਲ ਲਿਆ। ਇਹ ਘਟਨਾ 1783 ਵਿੱਚ ਹੋਈ।
ਨਾਨੂੰ ਸਿੰਘ ਦੇ ਸੁਰਗਵਾਸ ਹੋਣ ਪਿੱਛੋਂ ਮਿਲਖ ਦੀ ਵੰਡ ਉਸ ਦੇ ਦੋ ਪੁੱਤਰਾਂ ਵਿੱਚ ਤਿੰਨ ਅਤੇ ਦੋ ਦੇ ਅਨੁਪਾਤ ਵਿੱਚ ਹੋਈ। ਇਸ ਅਨੁਸਾਰ ਬੂੜੀਆ ਖਾਸ ਦੇ 120 ਪਿੰਡ ਭਾਗ ਸਿੰਘ ਦੇ ਹਿੱਸੇ ਆਏ ਅਤੇ ਰਾਇ ਸਿੰਘ ਨੂੰ 84 ਪਿੰਡ ਮਿਲੇ, ਜਿਨ੍ਹਾਂ ਵਿੱਚ ਜਗਾਧਰੀ ਅਤੇ ਦਿਆਲਗੜ੍ਹ ਸ਼ਾਮਲ ਸਨ। ਦਿਆਲਗੜ੍ਹ ਵਿੱਚ ਉਨ੍ਹਾਂ ਪਹਿਲਾਂ ਹੀ ਕਿਲ੍ਹਾ ਬਣਾ ਲਿਆ ਸੀ, ਸੋ ਰਾਇ ਸਿੰਘ ਨੇ ਆਪਣੀ ਅੱਡਰੀ ਮਿਲਖ ਦਾ ਸਦਰ ਮੁਕਾਮ ਦਿਆਲਗੜ੍ਹ ਨੂੰ ਬਣਾਇਆ।
ਭਾਗ ਸਿੰਘ ਨੇ ਆਪਣੀ ਮਿਲਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ, ਉਸ ਨੇ ਇੱਕ ਹਿੱਸਾ ਆਪਣੇ ਕੋਲ ਰੱਖਿਆ, ਇੱਕ ਹਿੱਸਾ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਦਿੱਤਾ, ਇੱਕ ਹਿੱਸਾ ਸ਼ੇਰ ਸਿੰਘ ਦੇ ਪੁੱਤਰਾਂ ਜੈਮਲ ਸਿੰਘ ਅਤੇ ਗੁਲਾਬ ਸਿੰਘ ਵਿੱਚ ਅੱਧੋ ਅੱਧ ਵੰਡਿਆ ਅਤੇ ਚੌਥਾ ਹਿੱਸਾ ਸ. ਦਯਾ ਸਿੰਘ ਨੂੰ ਦਿੱਤਾ। ਉਸ ਨੇ ਕੁਝ ਪਿੰਡ ਆਪਣੀ ਪਤਨੀ ਨੂੰ ਵੀ ਦਿੱਤੇ। ਉਸ ਦਾ ਪੁੱਤਰ ਸ਼ੇਰ ਸਿੰਘ ਵੀ ਆਪਣੇ ਪਿਤਾ ਵਾਂਗ ਅੰਗਰੇਜ਼ਾਂ ਨਾਲ ਇੱਟ-ਖੜਿਕਾ ਲੈਂਦਾ ਰਹਿੰਦਾ ਸੀ ਅਤੇ 1804 ਵਿੱਚ ਸਹਾਰਨਪੁਰ ਨੇੜੇ ਅੰਗਰੇਜ਼ਾਂ ਨਾਲ ਹੋਈ ਝੜਪ ਵਿੱਚ ਮਾਰਿਆ ਗਿਆ।
1808 ਵਿੱਚ ਇੱਕ ਅੰਗਰੇਜ਼ ਯਾਤਰੂ ਬੂੜੀਆ ਵਿਚਦੀ ਲੰਘਿਆ, ਉਸ ਨੇ ਇਸ ਮਿਲਖ ਬਾਰੇ ਬੜੀ ਦਿਲਚਸਪ ਟਿੱਪਣੀ ਕੀਤੀ ਹੈ, ਜੋ ਪਿੱਛੋਂ ਹੋਰ ਅੰਗਰੇਜ਼ ਅਧਿਕਾਰੀਆਂ ਦੀਆਂ ਟਿੱਪਣੀਆਂ ਨੂੰ ਝੁਠਲਾਉਂਦੀ ਹੈ। ਉਸ ਦੇ ਕਹਿਣ ਅਨੁਸਾਰ ਇੱਥੋਂ ਦੀ ਵਾਹੀ ਖੇਤੀ ਇਸ ਮਿੱਟੀ ਦੇ ਉਪਜਾਊ ਹੋਣ ਅਤੇ ਲੋਕਾਂ ਦੇ ਮਿਹਨਤੀ ਹੋਣ ਦਾ ਪੱਕਾ ਸਬੂਤ ਹੈ। ਉਸ ਨੇ ਲੋਕਾਂ ਨੂੰ ਸੋਹਣੇ ਕੱਪੜਿਆਂ ਵਿੱਚ ਸਜੇ ਸਿਹਤਮੰਦ, ਸੌਖੇ ਅਤੇ ਸੰਤੋਖੀ ਦੇਖਿਆ। ਇਹ ਚੰਗੀ ਅਤੇ ਇਨਸਾਫ ਪਸੰਦ ਸਰਕਾਰ ਦਾ ਪ੍ਰਭਾਵ ਹੈ ਕਿ ਨਗਰ ਦੇ ਵਾਸੀ ਪ੍ਰਸੰਨ ਪਰਜਾ ਹਨ। ਹਲ-ਵਾਹਕ ਤੋਂ ਮਾਲੀਏ ਵਜੋਂ ਉਪਜ ਦਾ ਅੱਧਾ ਹਿੱਸਾ ਲਿਆ ਜਾਂਦਾ ਹੈ। ਭਾਵੇਂ ਸਾਰੇ ਅਧਿਕਾਰ ਸਰਦਾਰ ਕੋਲ ਹਨ, ਪਰ ਉਹ ਅਜਿਹੇ ਇਨਸਾਫ-ਪਸੰਦ ਤਰੀਕੇ ਨਾਲ ਰਾਜ ਕਰਦਾ ਹੈ ਕਿ ਸਾਰੀ ਪਰਜਾ, ਜਿਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕਰਨਾ ਉਹ ਆਪਣਾ ਫਰਜ਼ ਸਮਝਦਾ ਹੈ, ਉਸ ਨੂੰ ਪਿਆਰਦੀ ਸਤਿਕਾਰਦੀ ਹੈ। ਭਾਵੇਂ ਸਰਦਾਰ ਕੋਲ ਅਸੀਮ ਸ਼ਕਤੀ ਹੈ, ਪਰ ਉਹ ਦਿਆਲੂ ਅਤੇ ਨਿਰਪੱਖ ਹੋ ਕੇ ਇਨਸਾਫ ਕਰਦਾ ਹੈ। ਉਹ ਕਾਤਲਾਂ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੰਦਾ। ਅਦਾਲਤੀ ਪ੍ਰਬੰਧ ਦੇ ਸਦ-ਪ੍ਰਭਾਵ ਸਦਕਾ ਕਤਲ ਦੀ ਵਾਰਦਾਤ ਕਦੇ ਕਦਾਈਂ ਹੁੰਦੀ ਹੈ। ਕਸਬਿਆਂ ਵਿੱਚ ਪੁਲਸ ਦਾ ਪ੍ਰਬੰਧ ਨਿਯੰਤ੍ਰਿਤ ਹੈ ਕਿ ਕਿਸੇ ਵੀ ਕੌਮ ਦਾ ਆਦਮੀ ਭਰੋਸੇ ਨਾਲ ਉੱਥੇ ਜਾ ਸਕਦਾ ਹੈ ਅਤੇ ਠਹਿਰਨ ਦੌਰਾਨ ਕੋਈ ਖੋਹਾ-ਖਿੰਝੀ ਨਹੀਂ ਹੁੰਦੀ। ਉਸ ਨੇ ਜਿੰਨੇ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚੋਂ ਕਿਸੇ ਨੇ ਸਰਦਾਰ ਖਿਲਾਫ ਸ਼ਿਕਾਇਤ ਨਹੀਂ ਕੀਤੀ।
1809 ਵਿੱਚ ਭਾਗ ਸਿੰਘ ਦੀ ਮੌਤ ਹੋਣ ਪਿੱਛੋਂ ਉਸ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਖੜ੍ਹਾ ਹੋ ਗਿਆ। ਇੱਕ ਧਿਰ ਉਸ ਦੀ ਵਿਧਵਾ, ਦੂਜੀ ਧਿਰ ਸ਼ੇਰ ਸਿੰਘ ਦਾ ਵੱਡਾ ਪੁੱਤਰ ਜੈਮਲ ਸਿੰਘ ਅਤੇ ਤੀਜੀ ਧਿਰ ਸ਼ੇਰ ਸਿੰਘ ਦਾ ਛੋਟਾ ਪੁੱਤਰ ਗੁਲਾਬ ਸਿੰਘ ਸੀ। ਜੈਮਲ ਸਿੰਘ ਵੱਡਾ ਹੋਣ ਕਾਰਨ ਬੂੜੀਆ ਉਸ ਦੇ ਹਿੱਸੇ ਆਇਆ, ਇਸ ਲਈ ਉਸ ਦੀ ਮਿਲਖ ਏਸੇ ਨਾਂ ਨਾਲ ਜਾਣੀ ਗਈ। ਗੁਲਾਬ ਸਿੰਘ ਨੂੰ ਹੋਰ ਪਿੰਡ ਮਿਲੇ। ਜੈਮਲ ਸਿੰਘ ਨੇ ਹੋਰ ਸਿੱਖ ਸਰਦਾਰਾਂ ਦੇ ਨਾਲ 1809 ਵਿੱਚ ਅੰਗਰੇਜ਼ੀ ਸੁਰੱਖਿਆ ਪ੍ਰਾਪਤ ਕੀਤੀ। ਲੈਫਟੀਨੈਂਟ ਕਰਨਲ ਆਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਬੂੜੀਆ ਦੀ ਸੈਨਾ ਵਿੱਚ 330 ਘੋੜ ਸਵਾਰ ਅਤੇ 495 ਪਿਆਦਾ ਫੌਜੀ ਸਨ।
ਜਾਇਦਾਦ ਦੀ ਵੰਡ ਦੋਵਾਂ ਭਰਾਵਾਂ ਵਿੱਚ ਨਿਰੰਤਰ ਝਗੜੇ ਦਾ ਕਾਰਨ ਬਣੀ ਰਹੀ। ਦਸੰਬਰ 1813 ਵਿੱਚ ਲੈਫਟੀਨੈਂਟ ਕਰਨਲ ਆਕਟਰਲੋਨੀ ਬੂੜੀਆ ਆਇਆ ਅਤੇ ਸਾਰੀਆਂ ਧਿਰਾਂ ਨੂੰ ਸਮਝਾ-ਬੁਝਾਅ ਕੇ ਟਿਕ ਟਿਕਾ ਕਰਵਾਇਆ। (ਆਕਟਰਲੋਨੀ ਨੇ ਆਪਣੀ ਸੂਚੀ ਵਿੱਚ ਇਸ ਮਿਲਖ ਦੇ ਮਾਲਕਾਂ ਵਿੱਚ ਜੈਮਲ ਸਿੰਘ ਅਤੇ ਗੁਲਾਬ ਸਿੰਘ ਦੇ ਨਾਲ ਤੀਜਾ ਨਾਉਂ ਭਗਵਾਨ ਸਿੰਘ ਲਿਖਿਆ ਹੈ। ਇਹ ਨਾਂ ਇਸ ਘਰਾਣੇ ਵਿੱਚ ਕਿਸੇ ਦਾ ਨਹੀਂ, ਇਸ ਲਈ ਸੰਭਵ ਹੈ ਭਗਵਾਨ ਸਿੰਘ ਬੂੜੀਆ ਦਾ ਕੋਈ ਅਧੀਨ ਜਾਗੀਰਦਾਰ ਹੋਵੇ।)
ਜੈਮਲ ਸਿੰਘ ਬੇਔਲਾਦ ਰਿਹਾ, ਇਸ ਲਈ 1817 ਵਿੱਚ ਉਸ ਦੀ ਮੌਤ ਪਿੱਛੋਂ ਉਸ ਦੇ ਭਰਾ ਗੁਲਾਬ ਸਿੰਘ ਨੇ ਸਾਰੀ ਜਾਗੀਰ ਦੀ ਮਾਲਕੀ ਦਾ ਦਾਅਵਾ ਕੀਤਾ, ਪਰ ਵਿਰਾਸਤੀ ਨਿਯਮ ਅਧੀਨ ਜੈਮਲ ਸਿੰਘ ਦੀ ਜਾਗੀਰ ਉਸ ਦੀ ਵਿਧਵਾ ਨੰਦ ਕੌਰ ਨੂੰ ਸੌਂਪੀ ਗਈ। ਨੰਦ ਕੌਰ ਦੀ ਮੌਤ ਹੋਣ ਪਿੱਛੋਂ ਸਾਰੀ ਜਾਇਦਾਦ ਗੁਲਾਬ ਸਿੰਘ ਦੇ ਹੱਥ ਆਈ, ਪਰ ਉਸ ਨੇ ਚੌਥਾ ਹਿੱਸਾ ਦਯਾ ਸਿੰਘ ਕੋਲ ਰਹਿਣ ਦਿੱਤਾ।
ਜਦ ਗੁਲਾਬ ਸਿੰਘ 1843 ਵਿੱਚ ਸੁਰਗਵਾਸ ਹੋਇਆ, ਉਦੋਂ ਉਸ ਦਾ ਇਕਲੌਤਾ ਪੁੱਤਰ ਜੀਵਨ ਸਿੰਘ ਕੇਵਲ ਇੱਕ ਸਾਲ ਦਾ ਸੀ। ਅੰਗਰੇਜ਼ਾਂ ਅਤੇ ਲਾਹੌਰ ਦਰਮਿਆਨ ਲੜਾਈ ਉਸ ਦੀ ਨਾਬਾਲਗੀ ਸਮੇਂ ਹੀ ਹੋਈ।

ਬੂੜੀਆ ਮਿਲਖ ਦੇ ਕੁਝ ਭਾਗ ਦੀ ਜ਼ਬਤੀ
ਭਾਵੇਂ ਇਸ ਮਿਲਖ ਦੀ ਮੁੱਖ ਮਾਲਕੀ ਸ. ਭਾਗ ਸਿੰਘ ਅਤੇ ਸ. ਰਾਇ ਸਿੰਘ ਦੇ ਬੰਸਜ਼ਾਂ ਕੋਲ ਸੀ, ਪਰ ਇਸ ਮਿਲਖ ਦਾ ਕੁਝ ਭਾਗ ਸ. ਮੇਘ ਸਿੰਘ ਦੀ ਮਾਲਕੀ ਹੇਠ ਸੀ। ਉਸ ਦੇ ਪਰਿਵਾਰ ਵਿੱਚ ਦਾਦੀ, ਮਤਰੇਈ ਮਾਂ ਅਤੇ ਦੋ ਪਤਨੀਆਂ ਸਨ, ਪਰ ਉਸ ਦੀ ਕਿਸੇ ਨਾਲ ਵੀ ਨਹੀਂ ਸੀ ਬਣਦੀ। ਉਸ ਨੇ ਆਪਣੀ ਦਾਦੀ ਅਤੇ ਮਤਰੇਈ ਮਾਂ ਨੂੰ ਕ੍ਰਮਵਾਰ ਇੱਕ ਹਜ਼ਾਰ ਅਤੇ ਅੱਠ ਸੌ ਰੁਪਏ ਸਾਲਾਨਾ ਮਾਲੀਆ ਦੇਣ ਵਾਲੇ ਪਿੰਡ ਸੌਂਪੇ ਹੋਏ ਸਨ। ਇਉਂ ਹੀ ਦੋਵਾਂ ਪਤਨੀਆਂ ਨੂੰ ਗੁਜ਼ਾਰੇ ਵਾਸਤੇ ਪਿੰਡ ਦਿੱਤੇ ਹੋਏ ਸਨ ਅਤੇ ਆਪ ਇਕੱਲਾ ਰਹਿੰਦਾ ਸੀ। ਉਸ ਦੀ ਇੱਕ ਪਤਨੀ ਨੇ ਦਿੱਲੀ ਵਿੱਚ ਅੰਗਰੇਜ਼ ਰੈਜ਼ੀਡੈਂਟ ਕੋਲ ਸ਼ਿਕਾਇਤ ਵੀ ਕੀਤੀ, ਜੋ ਅਣਸੁਣੀ ਰਹੀ। ਮੇਘ ਸਿੰਘ ਦੇ ਕੋਈ ਔਲਾਦ ਨਹੀਂ ਸੀ, ਇਸ ਲਈ ਜੁਲਾਈ 1835 ਵਿੱਚ ਉਸ ਦੀ ਮੌਤ ਹੋਣ ਦੇ ਅਗਲੇ ਹੀ ਦਿਨ ਗਰਵਨਰ ਜਨਰਲ ਦੇ ਏਜੰਟ ਨੇ ਉਸ ਦੀ ਮਿਲਖ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ। 1836 ਵਿੱਚ ਜਦ ਏਜੰਟ ਕਲਾਰਕ ਬੂੜੀਏ ਗਿਆ ਤਾਂ ਕੁਝ ਪਤਵੰਤਿਆਂ ਨੇ ਉਸ ਨੂੰ ਮੇਘ ਸਿੰਘ ਦੀਆਂ ਵਿਧਵਾਵਾਂ ਲਈ ਗੁਜ਼ਾਰਾ ਦੇਣ ਦੀ ਬੇਨਤੀ ਕੀਤੀ। ਇਸ ਉੱਤੇ ਕਲਾਰਕ ਨੇ ਅੰਗਰੇਜ਼ ਰੈਜ਼ੀਡੈਂਟ ਕੋਲ ਦੋਵਾਂ ਨੂੰ ਜਾਂ ਜੋ ਜਿਉਂਦੀ ਰਹੇ, 1150 ਰੁਪਏ ਸਾਲਾਨਾ ਆਮਦਨ ਵਾਲਾ ਪਿੰਡ ਰਾਮਪੁਰ ਇਸ ਸ਼ਰਤ ਉੱਤੇ ਦੇਣ ਦੀ ਸਿਫਾਰਸ਼ ਕੀਤੀ ਕਿ ਉਹ ਰਾਮਪੁਰ ਜਾਂ ਬੂੜੀਆ ਵਿੱਚ ਰਿਹਾਇਸ਼ ਰੱਖਣਗੀਆਂ, ਪਰ ਅੰਗਰੇਜ਼ ਸਰਕਾਰ ਨੇ ਉਸ ਦੀ ਸਿਫਾਰਸ਼ ਨਾ ਮੰਨੀ। ਦਲੀਲ ਇਹ ਦਿੱਤੀ ਕਿ ਨਾ ਤਾਂ ਗੁਜ਼ਾਰਾ ਲੈਣ ਵਾਸਤੇ ਉਨ੍ਹਾਂ ਨੂੰ ਕੋਈ ਅਧਿਕਾਰ ਪ੍ਰਾਪਤ ਹੈ ਅਤੇ ਨਾ ਹੀ ਉਨ੍ਹਾਂ ਦੀ ਸਥਿਤੀ ਏਨੀ ਨਿਮਾਣੀ ਦਿਸਦੀ ਹੈ ਕਿ ਉਨ੍ਹਾਂ ਨੂੰ ਗੁਜ਼ਾਰਾ ਦਿੱਤਾ ਜਾਵੇ।
ਸਰਕਾਰ ਦੇ ਇਸ ਫੈਸਲੇ ਦੇ ਨਤੀਜੇ ਵਜੋਂ 1835 ਵਿੱਚ ਬੂੜੀਆ ਮਿਲਖ ਦਾ ਇਹ ਭਾਗ ਅੰਗਰੇਜ਼ਾਂ ਦੇ ਅਧਿਕਾਰ ਹੇਠ ਚਲਾ ਗਿਆ। ਇਸ ਵਿੱਚ 36 ਪਿੰਡ ਸ਼ਾਮਲ ਸਨ।

ਥਾਨੇਸਰ (ਮਿਸਲ ਡੱਲੇਵਾਲੀਆ)
ਮਿੱਤ ਸਿੰਘ
1
1. ਭਾਗ ਸਿੰਘ 2. ਭੰਗਾ ਸਿੰਘ
1 1
ਬਾਜ ਸਿੰਘ 1. ਸਾਹਿਬ ਸਿੰਘ 2. ਫਤਿਹ ਸਿੰਘ
1
1. ਜਮੀਅਤ ਸਿੰਘ (ਬੇਔਲਾਦ, ਦੇਹਾਂਤ 1832)
ਜਨਵਰੀ 1764 ਵਿੱਚ ਜਦ ਸਿੱਖਾਂ ਨੇ ਅਹਿਮਦ ਸ਼ਾਹ ਦੁਰਾਨੀ ਵੱਲੋਂ ਥਾਪੇ ਸਰਹਿੰਦ ਦੇ ਗਵਰਨਰ ਜ਼ੈਨ ਖਾਂ ਨੂੰ ਹਰਾ ਕੇ ਜਮਨਾ ਦਰਿਆ ਦੇ ਹੇਠਲੇ ਪਾਸੇ ਇਲਾਕਾ ਮੱਲਿਆ ਤਾਂ ਮਾਝੇ ਤੋਂ ਆਏ ਡੱਲੇਵਾਲੀਆ ਮਿਸਲ ਦੇ ਸ. ਮਿੱਤ ਸਿੰਘ ਨੇ ਆਪਣੇ ਦੋ ਭਤੀਜਿਆਂ- ਭਾਗ ਸਿੰਘ ਅਤੇ ਭੰਗਾ ਸਿੰਘ ਨੂੰ ਨਾਲ ਲੈ ਕੇ ਪਿਹੋਵਾ ਅਤੇ ਥਾਨੇਸਰ ਉੱਤੇ ਕਬਜ਼ਾ ਕੀਤਾ। “ਭਾਈ ਭੰਗਾ ਸਿੰਘ ਥਾਨੇਸਰ: ਸਿੱਖ ਕੌਮ ਦਾ ਅਣਗੌਲਿਆ ਹੀਰਾ” ਦਾ ਲੇਖਕ ਇਨ੍ਹਾਂ ਦੇ ਇਲਾਕੇ ਦੀ ਨਿਸ਼ਾਨਦੇਹੀ ਕਰਦਿਆਂ ਲਿਖਦਾ ਹੈ ਕਿ ਉਨ੍ਹਾਂ ਨੇ “ਥਾਨੇਸਰ ਪਿਹੋਵਾ ਦੇ 34 ਪਿੰਡਾਂ, ਕਲਸੇਵਾ ਦੇ 9 ਪਿੰਡਾਂ, ਜਮਨਾ ਨਦੀ ਦੇ ਉੱਤਰੀ ਕਿਨਾਰੇ ਉੱਤੇ ਬਿਆਨੇ ਦੇ ਹਿੱਸੇ, ਡਮਕੋਲੀ ਤੇ ਉਸ ਦੇ ਨਾਲ ਲੱਗਦੇ 150 ਪਿੰਡਾਂ ਅਤੇ ਅਧੋਆ ਥਮਬੜ ਦੇ ਨਾਲ 40 ਪਿੰਡਾਂ ਉੱਤੇ ਕਬਜ਼ਾ ਕੀਤਾ ਹੋਇਆ ਸੀ।” ਉਸ ਨੇ ਕਾਹੋਡ ਨੂੰ ਆਪਣੀ ਰਾਜਧਾਨੀ ਬਣਾਇਆ।
ਮਿੱਤ ਸਿੰਘ ਅਵਿਵਾਹਿਤ ਹੋਣ ਕਾਰਨ ਉਸ ਦੀ ਮੌਤ ਪਿੱਛੋਂ ਇਹ ਜਾਗੀਰ ਉਸ ਦੇ ਦੋਵਾਂ ਭਤੀਜਿਆਂ ਭਾਗ ਸਿੰਘ ਅਤੇ ਭੰਗਾ ਸਿੰਘ ਨੇ ਆਪਸ ਵਿੱਚ ਵੰਡ ਲਈ। ਭੰਗਾ ਸਿੰਘ ਨੂੰ 3/5 ਅਤੇ ਭਾਗ ਸਿੰਘ ਨੂੰ 2/5 ਹਿੱਸਾ ਮਿਲਿਆ। ਥਾਨੇਸਰ ਭੰਗਾ ਸਿੰਘ ਦੇ ਹਿੱਸੇ ਆਇਆ। ਇਨ੍ਹੀਂ ਦਿਨੀਂ ਭਾਈ ਦੇਸੂ ਸਿੰਘ ਕੈਥਲ ਨੇ ਥਾਨੇਸਰ ਇਨ੍ਹਾਂ ਕੋਲੋਂ ਖੋਹ ਲਿਆ, ਪਰ 1779 ਵਿੱਚ ਉਸ ਦੀ ਮੌਤ ਪਿੱਛੋਂ ਥਾਨੇਸਰੀਏ ਸਰਦਾਰ ਮੁੜ ਕਬਜ਼ਾ ਕਰਨ ਵਿੱਚ ਸਫਲ ਹੋ ਗਏ। 1794 ਵਿੱਚ ਜਦ ਮਰਹੱਟਿਆਂ ਨੇ ਪਟਿਆਲੇ ਉੱਤੇ ਹਮਲਾ ਕੀਤਾ ਤਾਂ ਬੀਬੀ ਸਾਹਿਬ ਕੌਰ ਦੀ ਅਗਵਾਈ ਵਿੱਚ ਉਸ ਦਾ ਮੁਕਾਬਲਾ ਕਰਨ ਵਾਲਿਆਂ ਵਿੱਚ ਸ. ਭਾਗ ਸਿੰਘ ਅਤੇ ਸ. ਭੰਗਾ ਸਿੰਘ ਵੀ ਸ਼ਾਮਲ ਹੋਏ। ਸਤੰਬਰ 1803 ਵਿੱਚ ਉਹ ਅੰਗਰੇਜ਼ਾਂ ਅਤੇ ਮਰਹੱਟਿਆਂ ਦਰਮਿਆਨ ਹੋਏ ਯੁੱਧ ਵਿੱਚ ਅੰਗਰੇਜ਼ਾਂ ਖਿਲਾਫ ਮਰਹੱਟਿਆਂ ਦੀ ਮਦਦ ਕਰਨ ਵਾਲੇ ਸਿੱਖ ਸਰਦਾਰਾਂ ਦੇ ਸਹਿਯੋਗੀ ਸਨ ਅਤੇ ਪਿੱਛੋਂ ਵੀ ਲਗਭਗ ਇੱਕ ਸਾਲ ਤੱਕ ਅੰਗਰੇਜ਼ੀ ਇਲਾਕੇ ਵਿੱਚ ਮਾਰ ਧਾੜ ਕਰਦੇ ਰਹੇ। ਭੰਗਾ ਸਿੰਘ ਨੇ ਜਮਨਾ ਪਾਰ ਵੀ ਕੁਝ ਇਲਾਕੇ ਉੱਤੇ ਕਬਜ਼ਾ ਕੀਤਾ, ਜੋ ਜਿਉਂਦੇ ਜੀਅ ਉਸ ਕੋਲ ਰਿਹਾ ਪਰ ਉਸ ਦੇ ਵਾਰਸ ਕਬਜ਼ਾ ਬਰਕਰਾਰ ਨਾ ਰੱਖ ਸਕੇ।
ਮਾਰਚ 1805 ਦੀ ਆਮ ਮਾਫੀ ਦੇ ਐਲਾਨਨਾਮੇ ਰਾਹੀਂ ਅੰਗਰੇਜ਼ਾਂ ਨੇ ਥਾਨੇਸਰ ਨੂੰ ਮਾਨਤਾ ਦਿੱਤੀ। 1806 ਵਿੱਚ ਮਹਾਰਾਜਾ ਰਣਜੀਤ ਸਿੰਘ ਅੰਬਾਲਾ ਟੱਪ ਕੇ ਥਾਨੇਸਰ ਤੱਕ ਪੁੱਜਾ ਤਾਂ ਉਸ ਨੇ ਥਾਨੇਸਰ ਦੇ ਕੁਝ ਪਿੰਡ ਖੋਹ ਲਏ, ਜੋ ਸਤਲੁਜ ਤੋਂ ਪੂਰਬ ਵੱਲ ਦੇ ਸਿੱਖ ਸਰਦਾਰਾਂ ਵੱਲੋਂ 1809 ਵਿੱਚ ਅੰਗਰੇਜ਼ਾਂ ਦੀ ਸੁਰੱਖਿਆ ਲੈ ਲੈਣ ਪਿੱਛੋਂ ਅੰਗਰੇਜ਼ ਏਜੰਟ ਲੈਫਟੀਨੈਂਟ ਕਰਨਲ ਆਕਟਰਲੋਨੀ ਦੀ ਦਖਲਅੰਦਾਜ਼ੀ ਕਾਰਨ ਮੱਧ 1809 ਵਿੱਚ ਵਾਪਸ ਕਰਵਾ ਦਿੱਤੇ ਗਏ। ਲੈਫਟੀਨੈਂਟ ਕਰਨਲ ਆਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਥਾਨੇਸਰ ਦੀ ਸੈਨਾ ਵਿੱਚ 400 ਘੋੜ ਸਵਾਰ, 150 ਪਿਆਦਾ ਫੌਜੀ ਅਤੇ 4 ਤੋਪਾਂ ਸ਼ਾਮਲ ਸਨ। (ਆਕਟਰਲੋਨੀ ਨੇ ਆਪਣੀ ਸੂਚੀ ਵਿੱਚ ਇਸ ਮਿਲਖ ਦੇ ਮਾਲਕਾਂ ਵਿੱਚ ਭੰਗਾ ਸਿੰਘ ਦੇ ਨਾਲ ਗੁਲਾਬ ਸਿੰਘ ਦਾ ਨਾਂ ਲਿਖਿਆ ਹੈ, ਜੋ ਇਸ ਘਰਾਣੇ ਵਿੱਚ ਕਿਸੇ ਦਾ ਨਾਂ ਨਹੀਂ। ਸੰਭਵ ਹੈ ਉਹ ਭਾਗ ਸਿੰਘ ਨੂੰ ਹੀ ਗੁਲਾਬ ਸਿੰਘ ਲਿਖ ਰਿਹਾ ਹੋਵੇ ਜਾਂ ਗੁਲਾਬ ਸਿੰਘ ਥਾਨੇਸਰ ਦੇ ਅਧੀਨ ਕੋਈ ਛੋਟਾ ਜਾਗੀਰਦਾਰ ਹੋਵੇ।)
ਭਰਾਵੀਂ ਵੰਡ ਵਿੱਚ ਭਾਗ ਸਿੰਘ ਨੂੰ ਮਿਲਖ ਦੇ 2/5 ਭਾਗ ਵਜੋਂ ਪਿਪਲੀ ਅਤੇ ਪਹੋਵੇ ਦਾ ਇਲਾਕਾ ਮਿਲਿਆ। ਉਸ ਦੇ ਚਾਰ ਪੁੱਤਰ ਸਨ। ਵੱਡਾ ਪੁੱਤਰ ਮਹਿਤਾਬ ਸਿੰਘ ਮਹਾਰਾਜਾ ਪਟਿਆਲਾ ਵੱਲੋਂ ਨਾਭੇ ਦੇ ਰਾਜੇ ਨਾਲ ਦੁਲੱਦੀ ਪਿੰਡ ਉੱਤੇ ਕਬਜ਼ੇ ਲਈ ਹੋਈ ਲੜਾਈ ਵਿੱਚ ਮਾਰਿਆ ਗਿਆ। ਚੌਹਾਂ ਪੁੱਤਰਾਂ ਵਿੱਚੋਂ ਬੰਸ ਕੇਵਲ ਬਾਜ ਸਿੰਘ ਦਾ ਹੀ ਵਧਿਆ, ਜਿਸ ਦੀ ਔਲਾਦ ਇੱਕ ਬੇਟਾ ਜਮੀਅਤ ਸਿੰਘ ਸੀ। ਬਾਜ ਸਿੰਘ 1823 ਵਿੱਚ ਸੁਰਗਵਾਸ ਹੋਇਆ ਤਾਂ ਉਸ ਦੀ ਜਾਇਦਾਦ ਉੱਤੇ ਉਸ ਦੀ ਵਿਧਵਾ ਪ੍ਰੇਮ ਕੌਰ ਨੇ ਦਾਅਵਾ ਕੀਤਾ, ਪਰ ਅੰਗਰੇਜ਼ ਸਰਕਾਰ ਨੇ ਜਾਇਦਾਦ ਉਸ ਨੂੰ ਦੇਣ ਦੀ ਥਾਂ ਸਾਰੀ ਜਾਇਦਾਦ ਬਾਜ ਸਿੰਘ ਦੇ ਪੁੱਤਰ ਜਮੀਅਤ ਸਿੰਘ ਦੇ ਹਵਾਲੇ ਕੀਤੀ। 1832 ਵਿੱਚ ਜਮੀਅਤ ਸਿੰਘ ਦੇ ਸੁਰਗਵਾਸ ਹੋਣ ਪਿੱਛੋਂ ਉਸ ਦੇ ਪੁੱਤਰ ਬਿਸ਼ਨ ਸਿੰਘ ਨੇ ਮਿਲਖ ਦੀ ਵਾਗਡੋਰ ਸੰਭਾਲਣੀ ਚਾਹੀ, ਪਰ ਏਜੰਟ ਨੇ ਉਸ ਨੂੰ ਜਮੀਅਤ ਸਿੰਘ ਦੀ ਨਾਜਾਇਜ਼ ਔਲਾਦ ਮੰਨਦਿਆਂ ਉਸ ਦਾ ਦਾਅਵਾ ਰੱਦ ਕਰ ਦਿੱਤਾ ਅਤੇ ਮਿਲਖ ਦੇ 43 ਪਿੰਡ, ਜਿਨ੍ਹਾਂ ਵਿੱਚ 26 ਪਿੰਡ ਪਿਪਲੀ ਇਲਾਕੇ ਅਤੇ 17 ਪਿੰਡ ਇੰਦਰੀ ਇਲਾਕੇ ਦੇ ਸਨ, ਅੰਗਰੇਜ਼ ਸਰਕਾਰ ਦੀ ਝੋਲੀ ਪੈ ਗਏ।
ਦੂਜੇ ਭਰਾ ਸ. ਭੰਗਾ ਸਿੰਘ ਦੀਆਂ ਦੋ ਪਤਨੀਆਂ ਸਨ। ਪਹਿਲੀ ਪਤਨੀ ਨੇ ਇੱਕ ਪੁੱਤਰ ਸਾਹਿਬ ਸਿੰਘ ਨੂੰ ਜਨਮ ਦਿੱਤਾ ਅਤੇ ਦੂਜੀ ਪਤਨੀ, ਜਿਸ ਦਾ ਨਾਂ ਜੀਆਂ ਸੀ, ਦੇ ਪੇਟੋਂ ਇੱਕ ਲੜਕਾ ਫਤਿਹ ਸਿੰਘ ਅਤੇ ਇੱਕ ਲੜਕੀ ਕਰਮ ਕੌਰ ਪੈਦਾ ਹੋਏ। ਫਤਿਹ ਸਿੰਘ ਦਾ ਵਿਆਹ ਜੀਂਦ ਰਿਆਸਤ ਦੇ ਰਾਜੇ ਭਾਗ ਸਿੰਘ ਦੀ ਭਤੀਜੀ ਨਾਲ ਹੋਇਆ ਅਤੇ ਲੜਕੀ 1810 ਵਿੱਚ ਮਹਾਰਾਜਾ ਕਰਮ ਸਿੰਘ ਪਟਿਆਲਾ ਨੂੰ ਵਿਆਹੀ ਗਈ। ਪਟਿਆਲਾ ਰਿਆਸਤ ਨਾਲ ਰਿਸ਼ਤੇਦਾਰੀ ਹੋਣ ਕਾਰਨ ਸ. ਭੰਗਾ ਸਿੰਘ ਪਟਿਆਲੇ ਵੱਲੋਂ ਲੜਾਈਆਂ ਵਿੱਚ ਭਾਗ ਲੈਂਦਾ ਰਿਹਾ। ਭਾਗ ਸਿੰਘ ਦੀ ਮੌਤ ਹੋਣ ਪਿੱਛੋਂ ਗੱਦੀ ਉੱਤੇ ਬੈਠਣ ਦਾ ਹੱਕ ਸਾਹਿਬ ਸਿੰਘ ਦਾ ਬਣਦਾ ਸੀ, ਪਰ ਅੰਗਰੇਜ਼ ਸਰਕਾਰ ਨੇ ਉਸ ਨੂੰ ਸ. ਭਾਗ ਸਿੰਘ ਦੀ ਨਾਜਾਇਜ਼ ਔਲਾਦ ਮੰਨਿਆ, ਇਸ ਲਈ ਗੱਦੀ ਫਤਿਹ ਸਿੰਘ ਨੂੰ ਦਿੱਤੀ ਗਈ। ਉਂਜ ਸਾਹਿਬ ਸਿੰਘ ਨੂੰ ਗੁਜ਼ਾਰੇ ਵਾਸਤੇ ਸਾਢੇ ਨੌਂ ਪਿੰਡ ਦਿੱਤੇ ਗਏ। ਇਹ ਪਿੰਡ ਸਾਹਿਬ ਸਿੰਘ ਤੋਂ ਪਿੱਛੋਂ ਉਸ ਦੇ ਪੁੱਤਰ ਬਿਸ਼ਨ ਸਿੰਘ ਨੂੰ ਮਿਲੇ।
ਫਤਿਹ ਸਿੰਘ ਦੇ ਕੋਈ ਔਲਾਦ ਨਹੀਂ ਸੀ। 1819 ਵਿੱਚ ਉਸ ਦੇ ਅਕਾਲ ਚਲਾਣਾ ਕਰਨ ਪਿਛੋਂ ਰਾਜ ਪ੍ਰਬੰਧ ਉਸ ਦੀ ਮਾਂ ਮਾਈ ਜੀਆਂ ਨੇ ਸੰਭਾਲਿਆ। 1836 ਵਿੱਚ ਮਾਈ ਜੀਆਂ ਦੀ ਮੌਤ ਹੋਈ ਤਾਂ ਅੰਗਰੇਜ਼ ਅਧਿਕਾਰੀ ਦੀ ਪ੍ਰਵਾਨਗੀ ਨਾਲ ਰਾਜ ਦੀ ਵਾਗਡੋਰ ਫਤਿਹ ਸਿੰਘ ਦੀਆਂ ਦੋਵਾਂ ਵਿਧਵਾਵਾਂ ਨੇ ਸਾਂਝੇ ਤੌਰ ਉੱਤੇ ਆਪਣੇ ਹੱਥ ਲੈ ਲਈ, ਸ਼ਰਤ ਇਹ ਸੀ ਕਿ ਉਨ੍ਹਾਂ ਕੋਲ ਇਹ ਹੱਕ ਉਮਰ ਭਰ ਲਈ ਹੀ ਰਹੇਗਾ। ਵੱਡੀ ਰਾਣੀ ਦੀ ਮੌਤ ਹੋਣ ਪਿੱਛੋਂ ਛੋਟੀ ਵਿਧਵਾ ਚੰਦ ਕੌਰ ਨੇ ਰਾਜ ਸਾਂਭਿਆ।
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)

Leave a Reply

Your email address will not be published. Required fields are marked *