ਵਿਦੇਸ਼ਾਂ ਵਿੱਚ ਭਾਰਤੀ ਮਜ਼ਦੂਰਾਂ ਦੀ ਦਰਦਨਾਕ ਹਕੀਕਤ

ਵਿਚਾਰ-ਵਟਾਂਦਰਾ

*ਹਰ ਰੋਜ਼ 20 ਤੋਂ ਵੱਧ ਜਾ ਰਹੀਆਂ ਨੇ ਜਾਨਾਂ *ਖਾੜੀ ਦੇਸ਼ਾਂ ਵਿੱਚ ਹਾਲਾਤ ਹੋਰ ਵੀ ਗੰਭੀਰ
ਪੰਜਾਬੀ ਪਰਵਾਜ਼ ਬਿਊਰੋ
ਰੁਜ਼ਗਾਰ ਦੀ ਖੋਜ ਵਿੱਚ ਵਿਦੇਸ਼ ਜਾਣਾ ਅੱਜ ਕੱਲ੍ਹ ਹਜ਼ਾਰਾਂ ਭਾਰਤੀ ਪਰਿਵਾਰਾਂ ਦੀ ਲੋੜ ਬਣ ਚੁੱਕੀ ਹੈ। ਖ਼ਾਸ ਕਰ ਕੇ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼ ਅਤੇ ਕੇਰਲ ਵਰਗੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਖਾੜੀ ਦੇਸ਼ਾਂ ਵੱਲ ਰੁਖ ਕਰਦੇ ਹਨ; ਪਰ ਹਾਲੀਆ ਸਰਕਾਰੀ ਅੰਕੜੇ ਇਸ ਸੱਚਾਈ ਨੂੰ ਬੇਨਕਾਬ ਕਰਦੇ ਹਨ ਕਿ ਇਹ ਸਫ਼ਰ ਸਿਰਫ਼ ਸੁਪਨਿਆਂ ਦਾ ਨਹੀਂ, ਸਗੋਂ ਕਈ ਵਾਰ ਮੌਤ ਅਤੇ ਸ਼ੋਸ਼ਣ ਨਾਲ ਭਰਿਆ ਹੋਇਆ ਵੀ ਹੁੰਦਾ ਹੈ।

ਭਾਰਤ ਸਰਕਾਰ ਵੱਲੋਂ ਰਾਜ ਸਭਾ ਵਿੱਚ ਦਿੱਤੀ ਜਾਣਕਾਰੀ ਮੁਤਾਬਕ, ਪਿਛਲੇ ਪੰਜ ਸਾਲਾਂ (2021 ਤੋਂ 2025) ਵਿੱਚ ਵਿਦੇਸ਼ਾਂ ਵਿੱਚ ਕੁੱਲ 37,740 ਭਾਰਤੀ ਮਜ਼ਦੂਰਾਂ ਦੀ ਮੌਤ ਹੋਈ। ਇਸਦਾ ਸਿੱਧਾ ਅਰਥ ਇਹ ਹੈ ਕਿ ਹਰ ਰੋਜ਼ ਔਸਤਨ 20 ਤੋਂ ਵੱਧ ਭਾਰਤੀ ਆਪਣੀ ਜਾਨ ਗੁਆ ਰਹੇ ਹਨ। ਇਹ ਅੰਕੜਾ ਨਾ ਸਿਰਫ਼ ਚਿੰਤਾਜਨਕ ਹੈ, ਸਗੋਂ ਸਾਡੇ ਮਜ਼ਦੂਰਾਂ ਦੀ ਅਸਲ ਹਾਲਤ ਬਾਰੇ ਇੱਕ ਦਰਦਨਾਕ ਤਸਵੀਰ ਵੀ ਪੇਸ਼ ਕਰਦਾ ਹੈ।
ਸਾਲ ਦਰ ਸਾਲ ਵੱਧ ਰਹੀਆਂ ਮੌਤਾਂ: ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਪਤਾ ਲੱਗਦਾ ਹੈ ਕਿ 2021 ਵਿੱਚ ਸਭ ਤੋਂ ਵੱਧ 8,234 ਮੌਤਾਂ ਦਰਜ ਹੋਈਆਂ। ਇਸ ਤੋਂ ਬਾਅਦ 2022 ਵਿੱਚ ਇਹ ਗਿਣਤੀ ਘਟ ਕੇ 6,614 ਰਹੀ, ਪਰ ਫਿਰ ਮੌਤਾਂ ਦਾ ਅੰਕੜਾ ਮੁੜ ਵਧਣਾ ਸ਼ੁਰੂ ਹੋ ਗਿਆ। 2023 ਵਿੱਚ 7,291, 2024 ਵਿੱਚ 7,747, ਅਤੇ 2025 ਵਿੱਚ 7,854 ਮੌਤਾਂ ਦਰਜ ਕੀਤੀਆਂ ਗਈਆਂ। ਇਹ ਰੁਝਾਨ ਸਪਸ਼ਟ ਕਰਦਾ ਹੈ ਕਿ ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੋ ਰਹੇ ਹਨ।
ਖਾੜੀ ਦੇਸ਼-ਸਭ ਤੋਂ ਵੱਡਾ ਕੇਂਦਰ: ਇਨ੍ਹਾਂ ਮੌਤਾਂ ਵਿੱਚੋਂ 86 ਫ਼ੀਸਦੀ ਤੋਂ ਵੱਧ ਮਾਮਲੇ ਖਾੜੀ ਦੇਸ਼ਾਂ ਨਾਲ ਜੁੜੇ ਹੋਏ ਹਨ। ਸਭ ਤੋਂ ਵੱਧ ਮੌਤਾਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਸਾਉਦੀ ਅਰਬ ਵਿੱਚ ਦਰਜ ਕੀਤੀਆਂ ਗਈਆਂ। ਪੰਜ ਸਾਲਾਂ ਵਿੱਚ ਯੂ.ਏ.ਈ. ਵਿੱਚ 12,380 ਅਤੇ ਸਾਉਦੀ ਅਰਬ ਵਿੱਚ 11,757 ਮਜ਼ਦੂਰਾਂ ਦੀ ਜਾਨ ਗਈ। ਇਸ ਤੋਂ ਇਲਾਵਾ ਕੂਵੈਤ ਵਿੱਚ 3,890, ਓਮਾਨ ਵਿੱਚ 2,821, ਕਤਰ ਵਿੱਚ 1,760 ਅਤੇ ਮਲੇਸ਼ੀਆ ਵਿੱਚ 1,915 ਮੌਤਾਂ ਹੋਈਆਂ।
ਜੇ ਖਾਸ ਤੌਰ ’ਤੇ ਖਾੜੀ ਖੇਤਰ ਨੂੰ ਦੇਖਿਆ ਜਾਵੇ, ਤਾਂ 2021 ਤੋਂ 2025 ਦੇ ਦਰਮਿਆਨ ਇੱਥੇ ਹੀ 32,608 ਮੌਤਾਂ ਦਰਜ ਹੋਈਆਂ, ਜੋ ਕਿ ਹਰ ਰੋਜ਼ ਲਗਭਗ 18 ਮੌਤਾਂ ਦੇ ਬਰਾਬਰ ਹੈ। ਇਹ ਦਰ ਪਹਿਲਾਂ ਦੇ ਅੰਕੜਿਆਂ ਨਾਲੋਂ ਕਾਫ਼ੀ ਵੱਧ ਹੈ। 2012 ਤੋਂ 2018 ਦੇ ਸਮੇਂ ਦੌਰਾਨ ਇਹ ਅੰਕੜਾ ਲਗਭਗ 10 ਮੌਤਾਂ ਪ੍ਰਤੀ ਦਿਨ ਸੀ, ਜੋ ਹੁਣ ਦੁੱਗਣਾ ਹੋ ਗਿਆ ਹੈ।
ਹੋਰ ਦੇਸ਼ਾਂ ਵਿੱਚ ਵੀ ਹਾਲਾਤ ਚਿੰਤਾਜਨਕ: ਖਾੜੀ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਮੌਤਾਂ ਅਤੇ ਮੁਸ਼ਕਲਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਅਮਰੀਕਾ ਵਿੱਚ 454, ਸਿੰਗਾਪੁਰ ਵਿੱਚ 451, ਨਾਈਜੀਰੀਆ ਵਿੱਚ 210 ਅਤੇ ਬਰਤਾਨੀਆ ਵਿੱਚ 188 ਮੌਤਾਂ ਦਰਜ ਹੋਈਆਂ। ਹਾਲਾਂਕਿ ਇੱਥੇ ਗਿਣਤੀ ਘੱਟ ਹੈ, ਪਰ ਇਹ ਵੀ ਦਰਸਾਉਂਦਾ ਹੈ ਕਿ ਸਮੱਸਿਆ ਸਿਰਫ਼ ਖਾੜੀ ਤੱਕ ਸੀਮਿਤ ਨਹੀਂ।
ਸ਼ੋਸ਼ਣ ਅਤੇ ਦੁਰਵਿਹਾਰ-ਇੱਕ ਵੱਡੀ ਸਮੱਸਿਆ: ਮੌਤਾਂ ਦੇ ਨਾਲ ਨਾਲ ਮਜ਼ਦੂਰਾਂ ਦੇ ਸ਼ੋਸ਼ਣ ਦੇ ਮਾਮਲੇ ਵੀ ਚਿੰਤਾਜਨਕ ਹਨ। ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਦੂਤਾਵਾਸਾਂ ਨੂੰ ਕੁੱਲ 80,985 ਸ਼ਿਕਾਇਤਾਂ ਮਿਲੀਆਂ। ਸਭ ਤੋਂ ਵੱਧ ਸ਼ਿਕਾਇਤਾਂ ਯੂ.ਏ.ਈ. ਤੋਂ 16,965, ਕੂਵੈਤ ਤੋਂ 15,234, ਓਮਾਨ ਤੋਂ 13,295 ਅਤੇ ਸਾਉਦੀ ਅਰਬ ਤੋਂ 12,988 ਆਈਆਂ।
ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਹਾਲਾਤ ਚਿੰਤਾਜਨਕ ਹਨ। ਮਲੇਸ਼ੀਆ ਤੋਂ 8,333 ਅਤੇ ਮਾਲਦੀਵ ਤੋਂ 2,981 ਸ਼ਿਕਾਇਤਾਂ ਦਰਜ ਹੋਈਆਂ। ਕੁਝ ਦੇਸ਼ਾਂ ਵਿੱਚ ਮੌਤਾਂ ਘੱਟ ਹਨ, ਪਰ ਸ਼ਿਕਾਇਤਾਂ ਦੀ ਗਿਣਤੀ ਕਾਫ਼ੀ ਵੱਧ ਹੈ। ਜਿਵੇਂ ਮਿਆਂਮਾਰ ਵਿੱਚ ਇੱਕ ਵੀ ਮੌਤ ਨਹੀਂ ਹੋਈ, ਪਰ 2,548 ਸ਼ਿਕਾਇਤਾਂ ਦਰਜ ਹੋਈਆਂ। ਸ਼ਿਕਾਇਤਾਂ ਦੀ ਗਿਣਤੀ ਵੀ ਸਾਲ ਦਰ ਸਾਲ ਵਧ ਰਹੀ ਹੈ। 2021 ਵਿੱਚ 11,632 ਸ਼ਿਕਾਇਤਾਂ ਸਨ, ਜੋ 2025 ਵਿੱਚ ਵੱਧ ਕੇ 22,479 ਹੋ ਗਈਆਂ- ਯਾਨੀ ਲਗਭਗ ਦੁੱਗਣਾ ਵਾਧਾ। ਇਹ ਸਪਸ਼ਟ ਕਰਦਾ ਹੈ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਘਟਣ ਦੀ ਬਜਾਏ ਵਧ ਰਹੀਆਂ ਹਨ।
ਮੁੱਖ ਸਮੱਸਿਆਵਾਂ ਕੀ ਹਨ?
ਸਰਕਾਰ ਦੇ ਮੁਤਾਬਕ ਸਭ ਤੋਂ ਵੱਡੀ ਸਮੱਸਿਆ ਤਨਖ਼ਾਹ ਵਿੱਚ ਦੇਰੀ ਜਾਂ ਨਾ ਮਿਲਣਾ ਹੈ। ਇਸ ਤੋਂ ਇਲਾਵਾ ਕੰਮ ਦੀਆਂ ਕਠਿਨ ਅਤੇ ਅਸੁਰੱਖਿਅਤ ਸ਼ਰਤਾਂ, ਕੰਟਰੈਕਟ ਦੇ ਨਿਯਮਾਂ ਦੀ ਉਲੰਘਣਾ, ਕੰਪਨੀਆਂ ਵੱਲੋਂ ਫ਼ਾਇਦੇ ਨਾ ਦੇਣਾ, ਪਾਸਪੋਰਟ ਜ਼ਬਤ ਕਰਨਾ ਅਤੇ ਕੰਮ ਦੇ ਲੰਮੇ ਘੰਟੇ, ਆਦਿ। ਇਹ ਸਾਰੀਆਂ ਗੱਲਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਹੋਰ ਮੁਸ਼ਕਲ ਬਣਾ ਦਿੰਦੀਆਂ ਹਨ।
ਸਮਾਜਿਕ ਅਤੇ ਆਰਥਿਕ ਪੱਖ: ਭਾਰਤ ਤੋਂ ਹਰ ਸਾਲ ਲੱਖਾਂ ਮਜ਼ਦੂਰ ਵਿਦੇਸ਼ ਜਾਂਦੇ ਹਨ ਅਤੇ ਦੇਸ਼ ਦੀ ਅਰਥਵਿਵਸਥਾ ਲਈ ਵੱਡੀ ਮਾਤਰਾ ਵਿੱਚ ਪੈਸਾ (ਰੲਮਟਿਟਅਨਚੲਸ) ਭੇਜਦੇ ਹਨ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ; ਪਰ ਇਸਦੇ ਬਾਵਜੂਦ ਮਜ਼ਦੂਰਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਦੀ ਹਾਲਤ ਸੰਤੋਸ਼ਜਨਕ ਨਹੀਂ।
ਕੀ ਕੀਤਾ ਜਾਣਾ ਚਾਹੀਦਾ ਹੈ?
ਇਹ ਹਾਲਾਤ ਦਰਸਾਉਂਦੇ ਹਨ ਕਿ ਹੁਣ ਸਮਾਂ ਆ ਗਿਆ ਹੈ ਕਿ ਵਿਦੇਸ਼ ਜਾਣ ਵਾਲੇ ਮਜ਼ਦੂਰਾਂ ਲਈ ਸਖ਼ਤ ਨਿਯਮ ਬਣਾਏ ਜਾਣ; ਭਰਤੀ ਏਜੰਸੀਆਂ ਦੀ ਪੂਰੀ ਜਾਂਚ ਹੋਵੇ; ਦੂਤਾਵਾਸਾਂ ਨੂੰ ਹੋਰ ਮਜਬੂਤ ਕੀਤਾ ਜਾਵੇ; ਮਜ਼ਦੂਰਾਂ ਨੂੰ ਜਾਣ ਤੋਂ ਪਹਿਲਾਂ ਸਹੀ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਜਾਵੇ ਅਤੇ ਵਿਦੇਸ਼ੀ ਸਰਕਾਰਾਂ ਨਾਲ ਮਜ਼ਦੂਰਾਂ ਦੀ ਸੁਰੱਖਿਆ ਲਈ ਸਮਝੌਤੇ ਕੀਤੇ ਜਾਣ।
ਸੋ; ਵਿਦੇਸ਼ ਜਾਣਾ ਸਿਰਫ਼ ਇੱਕ ਨੌਕਰੀ ਨਹੀਂ, ਸਗੋਂ ਇੱਕ ਪਰਿਵਾਰ ਦੀ ਆਸ ਹੁੰਦੀ ਹੈ। ਪਰ ਜਦੋਂ ਇਹ ਆਸ ਮੌਤ ਜਾਂ ਸ਼ੋਸ਼ਣ ਵਿੱਚ ਬਦਲ ਜਾਵੇ, ਤਾਂ ਇਹ ਸਿਰਫ਼ ਵਿਅਕਤੀਗਤ ਨਹੀਂ, ਸਗੋਂ ਰਾਸ਼ਟਰੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਅੰਕੜੇ ਸਾਨੂੰ ਚੇਤਾਵਨੀ ਦੇ ਰਹੇ ਹਨ ਕਿ ਜੇ ਸਮੇਂ ’ਤੇ ਕਦਮ ਨਾ ਚੁੱਕੇ ਗਏ ਤਾਂ ਇਹ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ। ਇਸ ਲਈ ਲੋੜ ਹੈ ਕਿ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਅਤੇ ਇੱਜ਼ਤ ਭਰੀ ਬਣਾਉਣ ਲਈ ਤੁਰੰਤ ਅਤੇ ਠੋਸ ਕਦਮ ਚੁੱਕੇ ਜਾਣ ਤਾਂ ਜੋ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਤਾਂ ਜਾਣ, ਪਰ ਆਪਣੀ ਜਾਨ ਦੀ ਕੀਮਤ ’ਤੇ ਨਹੀਂ।

Leave a Reply

Your email address will not be published. Required fields are marked *