ਆਮ ਆਦਮੀ ਪਾਰਟੀ ਨੇ ਜਿੱਤੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ

ਸਿਆਸੀ ਹਲਚਲ ਖਬਰਾਂ

*ਕਾਂਗਰਸ ਨੇ ਮੱਲਿਆ ਦੂਜਾ ਸਥਾਨ, ਅਕਾਲੀ ਦਲ ਅਤੇ ਭਾਜਪਾ ਪਛੜੇ
*ਆਜ਼ਾਦ ਉਮੀਦਵਾਰ ਰਹੇ ਤੀਜੇ ਸਥਾਨ ‘ਤੇ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। ਇਨ੍ਹਾਂ ਚੋਣਾਂ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ 954 ਮੈਂਬਰ ਚੁਣੇ ਗਏ ਹਨ, ਜਦਕਿ ਕਾਂਗਰਸ ਪਾਰਟੀ 393 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਦੂਜੇ ਨੰਬਰ ‘ਤੇ ਰਹੀ ਹੈ। ਇਸ ਤੋਂ ਇਲਾਵਾ 251 ਵਾਰਡਾਂ ਵਿੱਚ ਜਿੱਤ ਨਾਲ ਆਜ਼ਾਦ ਉਮੀਦਵਾਰ ਤੀਜੇ, 192 ਮੈਂਬਰਾਂ ਦੀ ਜਿੱਤ ਨਾਲ ਅਕਾਲੀ ਦਲ ਚੌਥੇ ਅਤੇ ਭਾਰਤੀ ਜਨਤਾ ਪਾਰਟੀ ਪੰਜਵੇਂ ਨੰਬਰ ‘ਤੇ ਰਹੀ ਹੈ।

ਭਾਜਪਾ ਦੇ 172 ਉਮੀਦਵਾਰ ਜਿੱਤੇ ਹਨ। ਬਹੁਜਨ ਸਮਾਜ ਪਾਰਟੀ ਦੇ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਘੱਟ 7 ਮੈਂਬਰ ਜਿੱਤੇ ਹਨ। ਇਸ ਦੌਰਾਨ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਪ੍ਰਾਪਤ ਕੀਤੀ ਗਈ ਜਿੱਤ ਅਸਲ ਵਿੱਚ ਪੰਜਾਬ ਸਰਕਾਰ ਵੱਲੋਂ ਲੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਸਰਕਾਰੀ ਮਸ਼ੀਨਰੀ ਅਤੇ ਧਨ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ।
ਆਮ ਆਦਮੀ ਪਾਰਟੀ ਨੇ ਕੁੱਲ ਮਿਲਾ ਕੇ 48 ਫੀਸਦੀ ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਵਿਕਾਸ ਦੀਆਂ ਨੀਤੀਆਂ ‘ਤੇ ਮੋਹਰ ਲਗਾ ਦਿੱਤੀ ਹੈ। ਪੰਜਾਬ ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਪੰਜਾਬ ਸਰਕਾਰ ਦੇ ਪੱਖ ਵਿੱਚ ਆਉਣਗੇ ਇਹ ਤੇ ਪਹਿਲਾਂ ਹੀ ਸਪਸ਼ਟ ਸੀ, ਪਰ ਇਨ੍ਹਾਂ ਵਿੱਚ ਵਿਰੋਧੀ ਪਾਰਟੀਆਂ ਇੰਨੀਆਂ ਪਛੜ ਜਾਣਗੀਆਂ, ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ। ਖਾਸ ਕਰਕੇ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦਾ ਆਜ਼ਾਦ ਜਿੱਤੇ ਉਮੀਦਵਾਰਾਂ ਤੋਂ ਵੀ ਪਿੱਛੇ ਰਹਿ ਜਾਣਾ ਇਹ ਦਰਸਾਉਂਦਾ ਹੈ ਕਿ ਅੰਤਾਂ ਦਾ ਜ਼ੋਰ ਲਗਾਉਣ ਦੇ ਬਾਵਜੂਦ ਅਕਾਲੀ ਦਲ (ਬਾਦਲ) ਦਾ ਪੁਨਰ ਉਥਾਨ ਨਹੀਂ ਹੋ ਰਿਹਾ। ਦੂਜੇ ਪਾਸੇ ਪੰਜਾਬ ਵਿੱਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਸੰਕੇਤ ਮਿਲ ਗਿਆ ਹੈ ਕਿ ਹਾਲੇ ਪੰਜਾਬ ਵਿੱਚ ਆਪਣੇ ਤੌਰ `ਤੇ ਚੋਣ ਜਿੱਤਣਾ ਉਸ ਲਈ ਦੂਰ ਦੀ ਕੌਡੀ ਹੈ।
ਇੱਥੇ ਇਹ ਵੀ ਧਿਆਨ ਦੇਣ ਵਾਲਾ ਨੁਕਤਾ ਹੈ ਕਿ ਪੰਚਾਇਤਾਂ, ਪੰਚਾਇਤ ਸੰਮਤੀਆਂ ਜਾਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਵਿੱਚ ਇਹ ਆਮ ਵਾਪਰਦਾ ਹੈ ਕਿ ਸੱਤਾ ਵਿੱਚ ਮੌਜੂਦ ਪਾਰਟੀਆਂ ਕਾਗਜ਼ ਦਾਖਲ ਕਰਨ ਦੀਆਂ ਹੇਰਾ-ਫੇਰੀਆਂ, ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕਣ, ਵੋਟ ਗਿਣਤੀ ਵਿੱਚ ਘਪਲੇ ਅਤੇ ਪ੍ਰਚਾਰ ਲਈ ਸਰਕਾਰੀ ਸਾਧਨਾਂ/ਸੰਸਥਾਵਾਂ ਦੀ ਰੱਜ ਕੇ ਦੁਰਵਰਤੋਂ ਰਾਹੀਂ ਅਕਸਰ ਜਿੱਤ ਹੀ ਜਾਂਦੀਆਂ ਹਨ। ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਦਾ ਹੁਣ ਤੱਕ ਦਾ ਇਤਿਹਾਸ ਇਸ ਦੀ ਪੁਸ਼ਟੀ ਕਰਦਾ ਹੈ। ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਜੇ ਸਬੱਬ ਨਾਲ ਸੱਤਾਧਾਰੀ ਪਾਰਟੀ ਹਾਰ ਜਾਵੇ ਤਾਂ ਇਹ ਰਾਜ ਕਰਨ ਵਾਲੀ ਪਾਰਟੀ ਦੀ ਬੇਹੱਦ ਮੰਦੀ ਹਾਲਤ ਵੱਲ ਹੀ ਸੰਕੇਤ ਸਮਝਿਆ ਜਾਂਦਾ ਹੈ।
ਪੰਜਾਬ ਵਿੱਚ ਸਮੁੱਚੀ ਚੋਣ ਰਾਜਨੀਤੀ ਦੀ ਹਾਲਤ ਅੱਜ ਇਹ ਹੈ ਕਿ ਲੋਕ ਆਮ ਆਦਮੀ ਪਾਰਟੀ ਵੱਲੋਂ ਬੀਤੇ ਸਾਢੇ ਚਾਰ ਸਾਲਾਂ ਵਿੱਚ ਦਿੱਤੇ ਗਏ ਪ੍ਰਸ਼ਾਸਨ ਤੋਂ ਖੁਸ਼ ਨਹੀਂ ਹਨ, ਪਰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੀ ਹਾਲਤ ਵੀ ਪਤਲੀ ਰਹਿ ਰਹੀ ਹੈ। ਖਾਸ ਕਰਕੇ ਪੰਜਾਬ ਦੀ ਸਿੱਖ ਸਿਆਸਤ ਵੱਡੇ ਸੰਕਟ ਦੇ ਸਾਹਮਣੇ ਹੈ। 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦ ਹੋਂਦ ਵਿੱਚ ਆਇਆ ਅਕਾਲੀ ਦਲ (ਪੁਨਰ-ਸੁਰਜੀਤ) ਹੁਣ ਬਿਖ਼ਰ ਰਿਹਾ ਹੈ। ਇਸ ਪ੍ਰਸੰਗ ਵਿੱਚ ਇਹ ਦਿਲਚਸਪ ਹੈ ਕਿ ਅੰਗਰੇਜ਼ੀ ਦੇ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਅਨੁਸਾਰ ਭਾਜਪਾ ਅਤੇ ਪੁਨਰ-ਸੁਰਜੀਤ ਦਲ ਗਠਜੋੜ ਬਾਰੇ ਸੋਚ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਹੋਣ ਕਾਰਨ ਅਕਾਲੀ ਦਲ (ਵਾਰਸ ਪੰਜਾਬ ਦੇ) ਵੀ ਆਪਣੇ ਆਪ ਨੂੰ ਅੱਗੇ ਵਧਾਉਣ ਵਿੱਚ ਦਿੱਕਤਾਂ ਝੱਲ ਰਿਹਾ ਹੈ। ਇਨ੍ਹਾਂ ਦੋਹਾਂ ਅਕਾਲੀ ਦਲਾਂ ਦੀ ਏਕਤਾ ਲਈ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਿੱਚ ਬਣੀ 8 ਮੈਂਬਰੀ ਕਮੇਟੀ ਵੀ ਭੰਗ ਹੋ ਚੁੱਕੀ ਹੈ। ਅਕਾਲੀ ਦਲ (ਬਾਦਲ) ਵੱਡੇ ਸਾਧਨਾਂ/ਸੋਮਿਆਂ ਦੇ ਜ਼ਰੀਏ ਰਾਜਨੀਤਿਕ ਸਰਗਰਮੀ ਕਰ ਰਿਹਾ ਹੈ; ਪਰ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦਰਸਾਉਂਦੀਆਂ ਹਨ ਕਿ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਇਸ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ। 2 ਦਸੰਬਰ 2024 ਦੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਆਪਣੀਆਂ ਰਾਜਨੀਤਿਕ ਲੋੜਾਂ ਅਨੁਸਾਰ ਚੋਣਵੇਂ ਢੰਗ ਨਾਲ ਸਵੀਕਾਰ ਕਰਨ ਕਰਕੇ ਸ਼ਾਇਦ ਅਕਾਲੀ ਦਲ (ਬਾਦਲ) ਦੀ ਬੇੜੀ ਹਾਲੇ ਵੀ ਬੇਦਬੀਆਂ ਵਾਲੇ ਚਿੱਕੜ ਵਿੱਚ ਫਸੀ ਹੋਈ ਹੈ।
ਮੋਗਾ, ਬਰਨਾਲਾ, ਬਠਿੰਡਾ ਅਤੇ ਬਟਾਲਾ ਵਿੱਚ ਆਮ ਆਦਮੀ ਪਾਰਟੀ ਨੇ ਕ੍ਰਮਵਾਰ 30, 36, 31 ਅਤੇ 30 ਵਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। 31 ਵਾਰਡਾਂ ‘ਤੇ ਕਬਜ਼ਾ ਕਰਕੇ ਕਾਂਗਰਸ ਪਾਰਟੀ ਕਪੂਰਥਲਾ ਵਿੱਚ ਮੀਤੀ ਰਹੀ ਹੈ। ਇਸ ਜਿੱਤ ਦਾ ਸਿਹਰਾ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੂੰ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਪਠਾਨਕੋਟ ਅਤੇ ਅਬਹੋਰ ਵਿੱਚ ਕ੍ਰਮਵਾਰ 22 ਅਤੇ 28 ਵਾਰਡ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਨ੍ਹਾਂ ਦੋਹਾਂ ਮਿਊਂਸਪਲ ਕਾਰਪੋਰੇਸ਼ਨਾਂ ਦੇ ਕੁੱਲ 50 ਵਾਰਡ ਹਨ। ਕਾਂਗਰਸ ਫਿਰੋਜਪੁਰ ਵਿੱਚ ਵੀ 22 ਵਾਰਡ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇੱਥੇ ਆਮ ਆਦਮੀ ਪਾਰਟੀ ਨੇ 17 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਜੀਰਾ, ਤਲਵੰਡੀ ਭਾਈ ਆਦਿ ਨਗਰ ਪੰਚਾਇਤਾਂ ਵਿੱਚ ਵੀ ‘ਆਪ’ ਦੇ ਬਹੁਗਿਣਤੀ ਮੈਂਬਰ ਜਿੱਤੇ ਹਨ।
ਮੁਹਾਲੀ ਵਿੱਚ ਆਮ ਆਦਮੀ ਪਾਰਟੀ 24 ਸੀਟਾਂ ਜਿੱਤ ਕੇ ਸਭ ਤੋਂ ਮੋਹਰੀ ਰਹੀ ਹੈ, ਪਰ ਬਹੁਮਤਿ ਨਾਲੋਂ ਹਾਲੇ ਵੀ ਉਸ ਕੋਲ 2 ਸੀਟਾਂ ਘੱਟ ਹਨ। ਇਸ ਜ਼ਿਲ੍ਹੇ ਵਿੱਚ ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਿੰਦਰ ਕੌਰ ਸਿਰਫ ਇੱਕ ਵੋਟ ਨਾਲ ਜਿੱਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਵਿੱਚ 10 ਤੋਂ ਵੱਧ ਮੁਕਾਬਲੇ ਕੁਝ ਕੁ ਵੋਟਾਂ ਦੇ ਫਰਕ ਨਾਲ ਹੀ ਜਿੱਤੇ/ਹਾਰੇ ਗਏ ਹਨ। ਇਨ੍ਹਾਂ ਵਾਰਡਾਂ ਵਿੱਚ ਮੁਕਾਬਲਾ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ ਵਿਚਕਾਰ ਸੀ। ਮੁਕਤਸਰ ਦੇ 30 ਨੰਬਰ ਵਾਰਡ ਵਿੱਚੋਂ ਅਕਾਲੀ ਉਮੀਦਵਾਰ ਵੰਦਨਾ ਸ਼ਰਮਾ ਨੇ ‘ਆਪ’ ਦੇ ਉਮੀਦਵਾਰ ਨੂੰ ਸਿਰਫ ਇੱਕ ਵੋਟ ਨਾਲ ਹਰਾਇਆ। ਵੰਦਨਾ ਨੂੰ 703 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 702 ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਨਥਾਣਾਂ ਤੋਂ ਕੁਲਦੀਪ ਰਾਏ 2 ਵੋਟਾਂ ਨਾਲ ਜਿੱਤੇ ਅਤੇ ਗੋਨੇਆਣਾ ਤੋਂ ਰਮਨਦੀਪ ਕੌਰ 4 ਵੋਟਾਂ ਨਾਲ ਜਿੱਤੇ ਹਨ। ‘ਆਪ’ ਦੇ ਜਨਰਲ ਸਕੱਤਰ ਸੰਨੀ ਸਿੰਘ ਆਹਲੂਵਾਲੀਆ ਅਤੇ ਮੁਹਾਲੀ ਦੇ ਅਸੈਂਬਲੀ ਮੈਂਬਰ ਕੁਲਵੰਤ ਸਿੰਘ ਦੇ ਪੁੱਤਰ ਇਸ ਮਹੱਤਵਪੂਰਨ ਜ਼ਿਲ੍ਹੇ ਦੇ ਮੇਅਰ ਬਣਨ ਦੀ ਦੌੜ ਵਿੱਚ ਸ਼ਾਮਲ ਹਨ। ਰੋਪੜ ਵਿੱਚ ਕਾਂਗਰਸ ਪਾਰਟੀ ਨੂੰ ਸਿਰਫ ਇੱਕ ਵਾਰਡ ਵਿੱਚ ਜਿੱਤ ਮਿਲੀ ਹੈ। ਇੱਥੇ ਅਕਾਲੀਆਂ ਦਾ ਪਤਨ ਵੀ ਜਾਰੀ ਰਹਿ ਰਿਹਾ ਹੈ।
ਅਨੰਦਪੁਰ ਸਾਹਿਬ ਵਿੱਚ ਕਾਂਗਰਸ ਦੀ ਹਾਲਤ ਰੋਪੜ ਨਾਲੋਂ ਬੇਹਤਰ ਰਹੀ ਹੈ। ਨੰਗਲ ਕਸਬੇ ਵਿੱਚ ਕਾਂਗਰਸ ਪਾਰਟੀ ਨੇ ‘ਆਪ’ ਨਾਲੋਂ ਵੱਧ ਸੀਟਾਂ ਜਿੱਤੀਆਂ ਹਨ। ਸਿਆਸੀ ਨਜ਼ਰੀਏ ਤੋਂ ਬਟਾਲੇ ਦਾ ਕੇਸ ਵਧੇਰੇ ਮਹੱਤਵਪੂਰਨ ਹੈ, ਇੱਥੇ ‘ਆਪ’ 30 ਵਾਰਡਾਂ ਵਿੱਚ ਜਿੱਤ ਗਈ ਹੈ ਅਤੇ ਕਾਂਗਰਸ ਨੂੰ ਸਿਰਫ 10 ਵਾਰਡਾਂ ਵਿੱਚ ਜਿੱਤ ਹਾਸਲ ਹੋਈ ਹੈ। ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਪਿਛਲੀ ਵਾਰ ਅਕਾਲੀ ਦਲ ਕੋਲ 137 ਵਾਰਡ ਸਨ, ਹੁਣ ਉਸ ਕੋਲ ਸਿਰਫ ਚਾਰ ਵਾਰਡ ਰਹਿ ਗਏ ਹਨ। ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦਾ ਗੜ੍ਹ ਸਮਝੀ ਜਾਂਦੀ ਮਜੀਠਾ ਨਗਰ ਪੰਚਾਇਤ ਵਿੱਚ ‘ਆਪ’ ਨੇ 7 ਅਤੇ ਅਕਾਲੀ ਦਲ ਨੇ 6 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ।
ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਭਾਰੂ ਰਹੀ ਹੈ। ਲੁਧਿਆਣਾ ਕਾਰਪੋਰੇਸ਼ਨ ਤੋਂ ਇਲਾਵਾ ‘ਆਪ’ ਨੇ ਜਗਰਾਉਂ, ਖੰਨਾ, ਦੋਰਾਹਾ, ਪਾਇਲ ਰਾਏਕੋਟ, ਸਮਰਾਲਾ ਆਦਿ ਵੀ ਜਿੱਤ ਲਏ ਹਨ। ਇਸ ਤੋਂ ਇਲਾਵਾ ਲਾਲੜੂ, ਨਵਾਂ ਗਾਉਂ, ਫਾਜ਼ਿਲਕਾ, ਜੀਰਾ, ਜ਼ੀਰਕਪੁਰ, ਬਠਿੰਡਾ, ਲੌਂਗੋਵਾਲ ਆਦਿ ਜ਼ਿਲਿ੍ਹਆਂ ਅਤੇ ਕਸਬਿਆਂ ਵਿੱਚ ਵੀ ਆਮ ਆਦਮੀ ਪਾਰਟੀ ਜੇਤੂ ਰਹੀ। ਜਲੰਧਰ, ਲੋਹੀਆਂ, ਸੁਲਤਾਨਪੁਰ ਲੋਧੀ, ਸ਼ਾਹਕੋਟ ਵਿੱਚ ਆਮ ਆਦਮੀ ਪਾਰਟੀ ਮੋਹਰੀ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਵਿੱਚ ਭਾਜਪਾ ਅਤੇ ‘ਆਪ’ ਵਿਚਕਾਰ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ। ਇੱਥੇ ਭਾਜਪਾ ਨੇ ‘ਆਪ’ ਨਾਲੋਂ ਵੱਧ ਵਾਰਡ ਜਿੱਤੇ ਹਨ। ਬਠਿੰਡਾ ਦੇ ਵਾਰਡ ਨੰਬਰ ਪੰਜ ਤੋਂ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਚੋਣ ਜਿੱਤ ਗਈ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਇਸ ਨਾਲ ਸੰਬੰਧਤ ਤਿੰਨ ਮਿਊਂਸਪਲ ਕੌਂਸਲਾਂ ਵਿੱਚ ਵੀ ਆਮ ਆਦਮੀ ਪਾਰਟੀ ਬਹੁਮਤਿ ਹਾਸਲ ਕਰ ਗਈ ਹੈ।
ਨਵਾਂ ਸਹਿਰ ਮਿਊਂਸਪਲ ਕੌਂਸਲ ਦਾ ਰਿਜ਼ਲਟ ਦਿਲਚਸਪ ਰਿਹਾ। ਇੱਥੇ ਕੁੱਲ 19 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ ਸੱਭ ਤੋਂ ਵੱਧ 8 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ, ਜਦਕਿ ‘ਆਪ’ ਨੂੰ 6 ਵਾਰਡਾਂ ਵਿੱਚ ਜਿੱਤ ਹਾਸਲ ਹੋਈ। ਅਕਾਲੀ ਦਲ ਨੇ 2 ਅਤੇ ਬਸਪਾ ਨੇ ਇੱਕ ਵਾਰਡ ਵਿੱਚ ਜਿੱਤ ਹਾਸਲ ਕੀਤੀ। ਅਕਾਲੀਆਂ, ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਲਈ ਮਹੱਤਵਪੂਰਨ ਕਸਬੇ ਗਿੱਦੜਬਾਹਾ ਵਿੱਚ ‘ਆਪ’ ਨੇ ਕਾਂਗਰਸ ਅਤੇ ਅਕਾਲੀ ਦਲ- ਦੋਹਾਂ ਨੂੰ ਮਾਤ ਦੇ ਦਿੱਤੀ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਅਕਾਲੀਆਂ ਤੋਂ ਇਲਾਵਾ ਬਾਕੀ ਸਾਰੀਆਂ ਵਿਰੋਧੀ ਪਾਰਟੀਆਂ ਦੇ ਵੱਡੇ ਆਗੂ ਘੱਟੋ ਘੱਟ ਆਪੋ-ਆਪਣੇ ਇਲਾਕੇ ਵਿੱਚ ਜਿੱਤਣ ਵਿੱਚ ਸਫਲ ਰਹੇ ਹਨ।

Leave a Reply

Your email address will not be published. Required fields are marked *