*ਫਰਾਂਸ, ਜਰਮਨੀ ਅਤੇ ਇਟਲੀ ਵਿੱਚ ਗਰਮੀ ਨਾਲ ਮੌਤਾਂ
*ਪ੍ਰਦੂਸ਼ਣ ਕਾਰਨ ਹੋਈਆਂ ਮੌਸਮੀ ਤਬਦੀਲੀਆਂ ਹਨ ਕਾਰਨ
ਪੰਜਾਬੀ ਪਰਵਾਜ਼ ਬਿਊਰੋ
ਸੋਹਣੇ, ਸੁਨੱਖੇ ਅਤੇ ਸੁਰੱਖਿਅਤ ਸਮਝੇ ਜਾਂਦੇ ਯੂਰਪੀਅਨ ਮੁਲਕਾਂ ਨੂੰ ਵੀ ਵਾਤਾਵਰਣਿਕ ਤਬਦੀਲੀਆਂ ਦਾ ਸੇਕ ਤੰਗ ਕਰਨ ਲੱਗਾ ਹੈ। ਪਿਛਲੀਆਂ ਗਰਮੀਆਂ ਵਿੱਚ ਵੀ ਜਰਮਨੀ, ਫਰਾਂਸ ਅਤੇ ਸਪੇਨ ਜਿਹੇ ਮੁਲਕਾਂ ਵਿੱਚ ਗਰਮੀ ਵਧਣ ਦੀਆਂ ਖਬਰਾਂ ਆਈਆਂ ਸਨ; ਪਰ ਇਸ ਵਾਰ ਇੰਗਲੈਂਡ ਸਮੇਤ ਉਪਰੋਕਤ ਮੁਲਕਾਂ ਵਿੱਚ ਰਿਕਾਰਡ ਗਰਮੀ ਪੈ ਰਹੀ ਹੈ।
ਇਸ ਕਾਰਨ ਇਨ੍ਹਾਂ ਮੁਲਕਾਂ ਵਿੱਚ ਮਨੁੱਖੀ ਜੀਵਨ ਦੀ ਗਤੀ ਧੀਮੀ ਕਰਨੀ ਪੈ ਗਈ ਹੈ। ਇਸ ਤੋਂ ਇਲਾਵਾ ਸੈਲਾਨੀਆਂ, ਵਿਦਿਆਰਥੀਆਂ, ਬੱਚਿਆਂ ਅਤੇ ਵਡੇਰੀ ਉਮਰ ਦੇ ਲੋਕਾਂ ਲਈ ਵਿਸ਼ੇਸ਼ ਅਡਵਾਈਜ਼ਰੀਆਂ ਜਾਰੀ ਕਰਨੀਆਂ ਪੈ ਰਹੀਆਂ ਹਨ। ਯੂਰਪ ਵਿੱਚ ਬਹੁਤ ਸਾਰੇ ਸਕੂਲ ਅਤੇ ਸੈਲਾਨੀ ਕੇਂਦਰ ਵੀ ਬੰਦ ਕਰਨੇ ਪਏ ਹਨ। ਇਹ ਹਾਲਤ ਦਰਸਾਉਂਦੀ ਹੈ ਕਿ ਜਿਵੇਂ ਇਹ ਆਮ ਤੌਰ ’ਤੇ ਸਮਝਿਆ ਜਾਂਦਾ ਸੀ, ਅਮੀਰ ਤਾਰੀਨ ਮੁਲਕ ਵੀ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਸੁਰੱਖਿਅਤ ਨਹੀਂ ਹਨ।
ਬੀਤੇ ਸ਼ਨੀਵਾਰ ਜਰਮਨੀ, ਇਟਲੀ, ਫਰਾਂਸ, ਡੈਨਮਾਰਕ, ਪੁਰਤਗਾਲ, ਪੋਲੈਂਡ, ਸਲੋਵਾਕੀਆ ਅਤੇ ਚੈਕ ਗਣਰਾਜ ਸਮੇਤ ਸਮੁੱਚੇ ਯੂਰਪ ਵਿੱਚ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਡੈਨਮਾਰਕ ਦੇ ਮੌਸਮ ਬਾਰੇ ਵਿਭਾਗ ਅਨੁਸਾਰ ਉਡੇਨਸ ਦੇ ਉੱਤਰ ਵਿੱਚ 36.6 ਡਿਗਰੀ ਸੈਲਸੀਅਸ ਤਾਪਮਾਨ ਨੋਟ ਕੀਤਾ ਗਿਆ। ਇਹ, 1874 ਵਿੱਚ ਜਦੋਂ ਤਾਪਮਾਨ ਰਿਕਾਰਡ ਕੀਤਾ ਜਾਣ ਲੱਗਾ ਸੀ, ਤੋਂ ਬਾਅਦ ਸਭ ਤੋਂ ਜ਼ਿਆਦਾ ਨੋਟ ਕੀਤਾ ਗਿਆ ਹੈ। ਸਲੋਵਾਕੀਆ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਬੀਤੇ ਹਫਤੇ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਤਾਪਮਾਨ 26.3 ਡਿਗਰੀ ਸੈਲਸੀਅਸ ਤੋਂ ਨੀਚੇ ਨਹੀਂ ਗਿਆ। ਬਰਤਾਨੀਆ, ਫਰਾਂਸ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਜੂਨ ਮਹੀਨੇ ਵਿੱਚ ਰਿਕਾਰਡ ਗਰਮੀ ਪਈ ਹੈ। ਗਰਮੀ ਤੋਂ ਬਚਣ ਲਈ ਦਰਿਆਵਾਂ ਵਿੱਚ ਨਹਾਉਣ ਵਾਸਤੇ ਅਹੁਲੇ ਲੋਕਾਂ ਦੀਆਂ ਡੁੱਬਣ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਹਨ।
ਪਿਛਲੇ ਕੁਝ ਦਿਨਾਂ ਵਿੱਚ ਇੰਗਲੈਂਡ ਵਿੱਚ ਗਰਮੀ ਕਾਰਨ ਦਰਿਆਵਾਂ ਵਿੱਚ ਨਹਾਉਣ ਗਏ 8 ਵਿਅਕਤੀਆਂ ਦੀਆਂ ਡੁੱਬਣ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਹਨ। ਬੀਤੇ ਹਫਤੇ ਰਾਤਾਂ ਦਾ ਤਾਪਮਾਨ ਪਿਛਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਰਿਹਾ ਹੈ। ਮੌਸਮੀ ਤਬਦੀਲੀਆਂ ਬਾਰੇ ਵਿਗਿਆਨੀਆਂ ਅਨੁਸਾਰ ਜਰਮਨੀ, ਫਰਾਂਸ ਅਤੇ ਇਟਲੀ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਨੋਟ ਕੀਤਾ ਗਿਆ। ਮੌਸਮੀ ਤਬਦੀਲੀਆਂ ਬਾਰੇ ਖੋਜ ਕਾਰਜਾਂ ਵਿੱਚ ਜੁਟੇ ਵਿਗਿਆਨੀ ਇਸ ਹੱਦੋਂ ਪਰੇ ਪੈ ਰਹੀ ਗਰਮੀ ਪਿੱਛੇ ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਹੋ ਰਹੀਆਂ ਮੌਸਮੀ ਤਬਦੀਲੀਆਂ ਦਾ ਹੱਥ ਵੇਖ ਰਹੇ ਹਨ। ਇਹ ਵਰਤਾਰਾ ਸਮੁੱਚੇ ਤੌਰ ‘ਤੇ ਮਨੁੱਖੀ ਗਤੀਵਿਧੀਆਂ ਦਾ ਸਿੱਟਾ ਹੈ। ਫਰਾਂਸ ਦੇ ਬਾਰਡਰ ਦੇ ਲਾਗੇ ਜਰਮਨ ਵਾਲੇ ਪਾਸੇ ਬੀਤੇ ਸ਼ਨੀਵਾਰ 41.3 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਤਾਪਮਾਨ ਵਧਣ ਨਾਲ ਫਰਾਂਸ ਵਿੱਚ ਤਕਰੀਬਨ 40 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਨ੍ਹਾਂ ਵਿੱਚੋਂ ਬਹੁਤੇ ਗਰਮੀ ਤੋਂ ਬਚਣ ਲਈ ਖੁੱਲ੍ਹੇ ਪਾਣੀ ਵਿੱਚ ਨਹਾਉਂਦੇ ਹੋਏ ਡੁੱਬ ਗਏ।
ਪੋਲੈਂਡ ਵਿੱਚ 1921 ਵਿੱਚ ਸਭ ਤੋਂ ਜ਼ਿਆਦਾ ਤਾਪਮਾਨ 40.2 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਸੀ। ਬੀਤੇ ਐਤਵਾਰ ਇਹ ਰਿਕਾਰਡ ਵੀ ਟੁੱਟ ਗਿਆ। ਪੋਲੈਂਡ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੇਜ਼ ਧੁੱਪ ਅਤੇ ਜਿਸਮਾਨੀ ਤੌਰ ‘ਤੇ ਸਖਤ ਕਾਰਜਾਂ ਤੋਂ ਗੁਰੇਜ਼ ਕੀਤਾ ਜਾਵੇ। ਪਾਣੀ ਪੀਣ ਅਤੇ ਹੈਟ ਵਗੈਰਾ ਪਹਿਨਣ ਦੀ ਵੀ ਸਲਾਹ ਦਿੱਤੀ ਹੈ। ਬਹੁਤ ਸਾਰੇ ਸ਼ਹਿਰਾਂ ਵਿੱਚ ਹਵਾ ਨੂੰ ਠੰਡੀ ਰੱਖਣੀ ਲਈ ਪਾਣੀ ਵਾਲੇ ਪਰਦੇ ਤਾਣੇ ਗਏ ਹਨ। ਐਤਵਾਰ ਅਤੇ ਸੋਮਵਾਰ ਦੇ ਵਿਚਕਾਰ ਦੀ ਰਾਤ ਸਲੋਵਾਕੀਆ ਵਿੱਚ ਸਭ ਤੋਂ ਗਰਮ ਰਾਤ ਨੋਟ ਕੀਤੀ ਗਈ। ਜਰਮਨੀ ਵਿੱਚ ਵੀ ਰਾਤ ਦੇ ਤਾਪਮਾਨ ਦਾ ਰਿਕਾਰਡ ਟੁੱਟਣ ਦੀਆਂ ਖਬਰਾਂ ਹਨ। ਪੂਰਬੀ ਸੈਕਸੋਨੀ ਦੇ ਬਾਅਟਜੇਨ ਵਿੱਚ ਰਾਤ ਦਾ ਤਾਪਮਾਨ 29.4 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਬੀਤੇ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਬਰਲਿਨ ਵਿੱਚ ਤਪਸ਼ ਨੂੰ ਘੱਟ ਰੱਖਣ ਲਈ ਪਾਣੀ ਵਾਲੀਆਂ ਤੋਪਾਂ ਦੀ ਵਰਤੋਂ ਕੀਤੀ ਗਈ। ਜਰਮਨ ਦੇ ਰੇਲਵੇ ਵਿਭਾਗ ਨੇ ਅਡਵਾਇਜ਼ਰੀ ਜਾਰੀ ਕੀਤੀ ਹੈ ਕਿ ਗੈਰ-ਜ਼ਰੂਰੀ ਸਫਰ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਸਲੋਵਾਕੀਆ ਵਿੱਚ ਸਾਲ 2007 ਵਿੱਚ ਸਭ ਤੋਂ ਜ਼ਿਆਦਾ 40.3 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਸੀ। ਬੀਤੇ ਐਤਵਾਰ ਇਹ ਰਿਕਰਡ ਵੀ ਟੁੱਟ ਗਿਆ।
ਇਸ ਦੌਰਾਨ ਫਰਾਂਸ ਵਿੱਚ ਗਰਮੀ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਣ ਦੀਆਂ ਖਬਰਾਂ ਹਨ। 24 ਤੋਂ 27 ਜੂਨ ਦੇ ਵਿਚਕਾਰ ਪਿਛਲੀ ਔਸਤ ਨਾਲੋਂ 1000 ਵੱਧ ਮੌਤਾਂ ਹੋਈਆਂ ਹਨ। ਪੈਰਿਸ ਅਤੇ ਇਸ ਦੇ ਨੀਮ ਸ਼ਹਿਰੀ ਇਲਾਕਿਆਂ ਸਮੇਤ ਲੀ ਡੇ ਫਰਾਂਸ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਘਰਾਂ ਵਿੱਚ ਹੋਈਆਂ ਹਨ। ਫਰਾਂਸ ਦੇ ਸਿਹਤ ਵਿਭਾਗ ਅਨੁਸਾਰ ਘਰਾਂ ਵਿੱਚ ਇਕੱਲੇ ਦੁਕੱਲੇ ਰਹਿ ਰਹੇ ਲੋਕਾਂ ਦਾ ਧਿਆਨ ਰੱਖਿਆ ਜਾਵੇ। ਜ਼ਿਆਦਾ ਮੌਤਾਂ 65 ਸਾਲ ਦੀ ਉਮਰ ਤੋਂ ਵਧੇਰੇ ਲੋਕਾਂ ਦੀਆਂ ਹੋਈਆਂ ਹਨ। ਫਰਾਂਸ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਸ ਵਾਰ ਤਾਮਮਾਨ ਵਧਣ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਵਧੇਗੀ। ਗਰੀਨ ਪਾਰਟੀ ਦੇ ਆਗੂ ਮੇਰਾਈਨ ਟੋਨਡੇਲੀਅਰ ਨੇ ਕਿਹਾ ਕਿ ਗਰਮੀ ਕਾਰਨ ਹੋ ਰਹੀਆਂ ਸਾਰੀਆਂ ਮੌਤਾਂ ਬਾਰੇ ਡੈਟਾ ਇਕੱਤਰ ਕੀਤਾ ਜਾਣਾ ਚਾਹੀਦਾ ਹੈ। ਮੌਸਮੀ ਤਬਦੀਲੀਆਂ ਨੂੰ ਰੋਕਣ ਲਈ ਰਾਜਨੀਤਿਕ ਕਦਮ ਚੁੱਕਣੇ ਚਾਹੀਦੇ ਹਨ। ਫਰਾਂਸ ਦੇ ਇੰਟੀਰੀਅਰ ਮੰਤਰੀ ਨੇ ਕਿਹਾ ਕਿ ਗਰਮੀ ਤੋਂ ਪ੍ਰਭਾਵਤ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਲਈ 1,22,000 ਤੋਂ ਵੱਧ ਐਂਬੂਲੈਂਸਾਂ ਸਰਗਰਮ ਕੀਤੀਆਂ ਗਈਆਂ ਹਨ।
ਉੱਤਰੀ ਫਰਾਂਸ ਦੇ ਵੱਡੇ ਹਿੱਸੇ ਵਿੱਚ ਤੇਜ਼ ਹਵਾਵਾਂ ਅਸਮਾਨੀ ਬਿਜਲੀ ਪੈਣ ਦੀਆਂ ਵੀ ਖ਼ਬਰਾਂ ਹਨ। ਇਸ ਖੇਤਰ ਦੇ ਤਕਰੀਬਨ 60 ਹਜ਼ਾਰ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਪੱਛਮੀ ਯੂਰਪ ਦੇ ਮੁਲਕਾਂ ਨੂੰ ਲੂਹੰਦੀ ਇਹ ਲਹਿਰ ਪੂਰਬੀ ਯੂਰਪ ਵੱਲ ਵਧ ਰਹੀ ਹੈ। ਜੂਨ ਦੇ ਆਖਰੀ ਅੱਧ ਵਿੱਚ ਵਧ ਰਹੀ ਇਹ ਗਰਮੀ ਮਨੁੱਖੀ ਆਧਾਰ ਢਾਂਚੇ ਅਤੇ ਸਿਹਤ ਸੇਵਾਵਾਂ ਦੇ ਇਨ੍ਹਾਂ ਮੁਲਕਾਂ ਵਿਚਲੇ ਈਕੋਸਿਸਟਮ ਨੂੰ ਉਸ ਦੇ ਆਖਰੀ ਸਿਰਿਆਂ ਤੱਕ ਖਿੱਚ ਰਹੀ ਹੈ।
ਬੈਲਜੀਅਮ ਦੀ ਰਾਜਧਾਨੀ ਬਰਸਲ ਦੇ ਬਾਹਰਵਾਰ ਇੱਕ ਵਾਹਨ ‘ਤੇ ਦਰਖਤ ਗਿਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਪੇਨ ਦੀ ਸਰਕਾਰ ਵੱਲੋਂ ਇਕੱਤਰ ਕੀਤੇ ਗਏ ਮੁਢਲੇ ਅੰਕੜਿਆਂ ਅਨੁਸਾਰ ਗਰਮੀ ਕਾਰਨ 327 ਮੌਤਾਂ ਹੋਣ ਦੀਆਂ ਖਬਰਾਂ ਹਨ।
ਮੌਸਮੀ ਤਬਦੀਲੀਆਂ ਨੂੰ ਨੋਟ ਕਰਨ ਵਾਲੇ ਵਿਗਿਆਨੀ ਯੂਰਪ ਵਿੱਚ ਚੱਲ ਰਹੀ ਇਸ ਹੀਟਵੇਵ ਲਈ ‘ਉਮੇਗਾ ਬਲੌਕ’ ਵਰਤਾਰੇ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਇਸ ਤਹਿਤ ਗਰੀਨ ਹਾਊਸ ਗੈਸਾਂ ਕਾਰਨ ਸੂਰਜੀ ਗਰਮੀ ਧਰਤੀ ਦੇ ਨਜ਼ਦੀਕ ਦੇ ਵਾਤਾਵਰਣ ਵਿੱਚ ਟਰੈਪ ਹੋ ਜਾਂਦੀ ਹੈ। ‘ਵਰਲਡ ਵੈਦਰ ਐਟਰੀਬਿਊਸ਼ਨ ਨੈਟਵਰਕ’ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਵਧੀ ਮਨੁੱਖੀ ਗਤੀਵਿਧੀ ਤੋਂ ਬਿਨਾ ਇਸ ਕਿਸਮ ਦੀ ਹੀਟਵੇਵ 50 ਸਾਲ ਪਹਿਲਾਂ ਬਿਲਕੁਲ ਅਸੰਭਵ ਸੀ।
ਜੂਨ ਦੇ ਪਿਛਲੇ ਪੰਦਰਵਾੜੇ ਵਿੱਚ ਫਰਾਂਸ ਵਿੱਚ ਵੱਧ ਤੋਂ ਵੱਧ ਤਾਪਮਾਨ 44.3 ਅਤੇ ਰਾਜਧਾਨੀ ਪੈਰਿਸ ਵਿੱਚ 40.9 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਹੈ। ਜਰਮਨੀ, ਇੰਗਲੈਂਡ ਅਤੇ ਯੂਰਪ ਦੀਆਂ ਕੰਨੀਆਂ ‘ਤੇ ਵੱਸਦੇ ਮੁਲਕਾਂ ਵਿੱਚ ਕ੍ਰਮਵਾਰ 41.5, 36.7, 37.0 ਡਿਗਰੀ ਸੈਲਸੀਅਸ ਤਾਪਮਾਨ ਨੋਟ ਕੀਤਾ ਗਿਆ ਹੈ। ਜਿਉਂ-ਜਿਉਂ ਗਰਮੀ ਦੀ ਇਹ ਲਹਿਰ ਪੱਛਮੀ ਯੂਰਪ ਤੋਂ ਕੇਂਦਰੀ ਅਤੇ ਪੂਰਬੀ ਯੂਰਪ ਵੱਲ ਵਧ ਰਹੀ ਹੈ। ਇਹ ਮੌਸਮੀ ਸੰਕਟ ਤੋਂ ਨਿਕਲ ਕੇ ਜ਼ਿੰਦਗੀ ਦੇ ਬਾਕੀ ਖੇਤਰਾਂ ਨੂੰ ਵੀ ਪ੍ਰਭਾਵਤ ਕਰਨ ਲੱਗੀ ਹੈ। ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਅਤੇ ਅਮਰੀਕਾ ਵਿੱਚ ਵੀ ਹੀਟਵੇਵ ਦੇ ਸਰਗਰਮ ਹੋਣ ਦੇ ਆਸਾਰ ਹਨ।
