ਆਤਮਜੀਤ
ਟੋਰਾਂਟੋ ਦਾ ਮੇਨਸਟ੍ਰੀਮ ਰੰਗਮੰਚ, ਖਾਸ ਕਰਕੇ ਮਿਊਜ਼ੀਕਲ ਨਾਟਕ ਅਤੇ ਓਪੇਰਾ ਬਹੁਤ ਵਿਕਸਿਤ ਤੇ ਕਈ ਵਾਰ ਅੱਖਾਂ ਚੁੰਧਿਆ ਦੇਣ ਵਾਲਾ ਹੈ। ਇਸ ਤਰ੍ਹਾਂ ਦਾ ਥੀਏਟਰ ਉੱਤਰ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਹੁੰਦਾ ਹੈ। ਪਰ ਮੈਨੂੰ ਐਸਾ ਰੰਗਮੰਚ ਸਿਰਫ਼ ਟੋਰਾਂਟੋ, ਸ਼ਿਕਾਗੋ ਅਤੇ ਨਿਊ ਯਾਰਕ ਵਿੱਚ ਹੀ ਦੇਖਣ ਦਾ ਮੌਕਾ ਮਿਲਿਆ। ਜਦੋਂ ਮੈਂ ਪਹਿਲੀ ਅਤੇ ਦੂਜੀ ਵਾਰ ਟੋਰਾਂਟੋ ਗਿਆ ਤਾਂ ਕੋਈ ਵੀ ਅਜਿਹਾ ਪੰਜਾਬੀ ਨਹੀਂ ਮਿਲਿਆ, ਜਿਸਦੀ ਮੇਨਸਟ੍ਰੀਮ ਰੰਗਮੰਚ ਨੂੰ ਦੇਖਣ ਦੀ ਰੁਚੀ ਹੁੰਦੀ।
ਉਂਜ ਵੀ ਨਵੇਂ ਪਰਵਾਸੀ ਨੂੰ ਮਨੋਰੰਜਨ ਨਹੀਂ ਸੁਝਦੇ। ਉਸਨੇ ਰੋਟੀ ਕਮਾਉਣੀ ਹੁੰਦੀ ਹੈ ਅਤੇ ਕੀਤੇ ਖਰਚ ਨੂੰ ਕੱਢਣਾ ਹੁੰਦਾ ਹੈ। ਮਕਾਨ ਅਤੇ ਕਾਰ ਦੇ ਕਰਜ਼ੇ ਉਤਾਰਨ ਦਾ ਚੱਕਰ ਵੀ ਹੁੰਦਾ ਹੈ। ਉੱਥੇ ਥੀਏਟਰ ਹੈ ਵੀ ਬਹੁਤ ਮਹਿੰਗਾ। ਜਿਹੜਾ ਮਿਊਜ਼ੀਕਲ ਸ਼ੋਅ ਮੈਂ 20-22 ਸਾਲ ਪਹਿਲਾਂ ਲਗਪਗ 80 ਡਾਲਰ ਵਿੱਚ ਦੇਖਿਆ ਸੀ, ਹੁਣ ਉਸੇ ਦੀ ਟਿਕਟ 125 ਤੋਂ 300 ਡਾਲਰ ਤੱਕ ਹੈ। ਪਰ ਜਿਹੋ-ਜਿਹੇ ਨਾਟਕ ਅਸੀਂ ਇੰਡੀਆ ਵਿੱਚ ਦੇਖਦੇ ਹਾਂ, ਉਸ ਨੂੰ ‘ਡਰਾਮਾ’ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ; ਉਸਦੀ ਔਸਤ ਟਿਕਟ ਕੇਵਲ 20 ਤੋਂ ਲੈ ਕੇ ਲਗਪਗ 60-70 ਡਾਲਰ ਤੱਕ ਹੁੰਦੀ ਹੈ।
1996 ਤੋਂ 1999 ਤੱਕ ‘ਫ਼ੈਂਟਮ ਆਫ਼ ਦ ਆਪੇਰਾ’ ਨਾਂ ਦਾ ਮਿਊਜ਼ੀਕਲ ਟੋਰਾਂਟੋ ਵਿੱਚ ਦੇਖਣ ਲਈ ਬਹੁਤ ਸੰਘਰਸ਼ ਕਰਨਾ ਪਿਆ ਸੀ; ਕਿਸੇ ਸ਼ੋਅ ਵਾਸਤੇ ਕੋਈ ਸੀਟ ਖਾਲੀ ਨਹੀਂ ਸੀ। ਲੰਡਨ ਵਿੱਚ ਉਸੇ ਕੰਪਨੀ ਦੀ ਇੱਕ ਹੋਰ ਟੀਮ ਇਸੇ ਨਾਟਕ ਨੂੰ ਖੇਲ੍ਹ ਰਹੀ ਸੀ, ਪਰ ਮੈਨੂੰ ਉੱਥੇ ਵੀ ਟਿਕਟ ਨਾ ਮਿਲੀ। ਅਗਲੀ ਵਾਰ ਮੇਰੇ ਮਿੱਤਰ ਸਰਦੂਲ ਘੁੰਮਣ ਨੇ ਮੇਰੇ ਏਥੋਂ ਚੱਲਣ ਤੋਂ ਪਹਿਲਾਂ ਸੀਟਾਂ ਬੁਕ ਕਰਵਾਈਆਂ ਤੇ ਅਸੀਂ ਵਿਸ਼ਵ-ਪ੍ਰਸਿੱਧ ਮਿਊਜ਼ੀਕਲ ਨੂੰ ਦੇਖ ਕੇ ਦੰਗ ਰਹਿ ਗਏ।
ਇੱਕ ਹੋਰ ਫ਼ੇਰੀ ਦੌਰਾਨ ਮੈਂ ‘ਮਿਸ ਸਾਇਗਾਉਂ’ ਦੇਖਿਆ। ਵੀਅਤਨਾਮ ਵਿੱਚ ਇੱਕ ਅਮਰੀਕੀ ਫ਼ੌਜੀ ਨੇ ਹਮਦਰਦੀ ਜਤਾਉਂਦਿਆਂ ਬਾਰ ਵਿੱਚ ਕੰਮ ਕਰਦੀ ਵੀਅਤਨਾਮੀ ਔਰਤ ਨਾਲ ਸਾਂਝ ਪਾ ਲਈ। ਕਿਮ ਨਾਂ ਦੀ ਇਸ ਵਿਧਵਾ ਦਾ ਪਤੀ ਵੀਅਤਨਾਮ ਦੀ ਜੰਗ ਵਿੱਚ ਸ਼ਹੀਦ ਹੋ ਚੁੱਕਾ ਸੀ; ਪਰ ਜਦੋਂ ਅਮਰੀਕਨ ਫ਼ੌਜਾਂ ਦੇ ਅਫ਼ਸਰ ਵਾਪਸ ਗਏ ਤਾਂ ਅਜਿਹੀਆਂ ਅਨੇਕ ਬੇਬਸ ਵੀਅਤਨਾਮੀ ਤੀਵੀਆਂ ਨੂੰ ਉੱਥੇ ਹੀ ਛੱਡ ਗਏ। ਅਮਰੀਕਨ ਪਤੀ ਕ੍ਰਿਸ ਦੀ ਮਜਬੂਰੀ ਸਮਝ ਕੇ ਉਹ ਔਰਤ ਆਪਣੇ ਤੇ ਕ੍ਰਿਸ ਦੇ ਬੱਚੇ ਨਾਲ ਰੁਲਦਿਆਂ-ਖੁਲਦਿਆਂ ਬੰਕਾਕ ਪਹੁੰਚਦੀ ਹੈ ਤਾਂ ਕਿ ਅਮਰੀਕਾ ਜਾ ਸਕੇ। ਉੱਥੇ ਉਹ ਜਿਸਮ ਫ਼ਰੋਸ਼ੀ ਦੀ ਸ਼ਿਕਾਰ ਹੁੰਦੀ ਹੈ। ਕੁਝ ਸਾਲਾਂ ਬਾਅਦ ਕ੍ਰਿਸ ਕਿਮ ਨੂੰ ਮਿਲਣ ਲਈ ਬੰਕਾਕ ਆਉਂਦਾ ਹੈ। ਵਿਚਾਰੀ ਨੂੰ ਪਤਾ ਲੱਗਦਾ ਹੈ ਕਿ ਹੁਣ ਤਾਂ ਉਹ ਵਿਆਹਿਆ ਗਿਆ ਹੈ ਅਤੇ ਆਪਣੀ ਬੀਵੀ ਨੂੰ ਕਿਸੇ ਹੋਟਲ ਵਿੱਚ ਛੱਡ ਕੇ ਉਸ ਕੋਲ ਆਇਆ ਹੈ। ਕ੍ਰਿਸ ਨੂੰ ਵੀ ਪਹਿਲੀ ਵਾਰ ਪਤਾ ਲੱਗਦਾ ਹੈ ਕਿ ਉਹ ਇੱਕ ਬੱਚੇ ਦਾ ਬਾਪ ਹੈ। ਅੰਤ ਕਿਮ ਬੱਚੇ ਨੂੰ ਕ੍ਰਿਸ ਦੇ ਹਵਾਲੇ ਕਰਕੇ ਆਪਣੇ-ਆਪ ਨੂੰ ਗੋਲੀ ਮਾਰ ਲੈਂਦੀ ਹੈ।
ਇੱਕ ਤਾਂ ਇਸ ਨਾਟਕ ਵਿੱਚ ਅਮਰੀਕਾ ਦੀ ਫੌਜੀ ਬਰਬਰੀਅਤ ਅਤੇ ਜਜ਼ਬਾਤੀ ਜੰਗਲੀਪੁਣੇ ਨੂੰ ਉਭਾਰਿਆ ਗਿਆ ਹੈ; ਦੂਜਾ, ਗ਼ਰੀਬ ਮੁਲਕਾਂ ਦੇ ਲੋਕਾਂ ਦੀ ਖਾਸਕਰ ਔਰਤਾਂ ਦੀ ਬੇਬਸੀ ਦਿਖਾਈ ਗਈ ਹੈ, ਜਿਹੜੀਆਂ ਆਰਥਿਕ ਥੁੜ੍ਹ ਦੇ ਨਾਲ-ਨਾਲ ਜਜ਼ਬਾਤੀ ਜ਼ਬਰ ਨੂੰ ਵੀ ਬਰਦਾਸ਼ਤ ਕਰਦੀਆਂ ਹਨ। ਮਿਊਜ਼ੀਕਲ ਦੀ ਪੇਸ਼ਕਾਰੀ ਦਾ ਮਿਆਰ ਵੀ ਦਰਸ਼ਕ ਵਾਸਤੇ ਕਈ ਚਮਤਕਾਰ ਸਿਰਜਦਾ ਹੈ। ਤੁਹਾਡੇ ਸਾਹਮਣੇ ਇੱਕ ਹੈਲੀਕਾਪਟਰ ਸਟੇਜ ਉੱਤੇ ਉੱਤਰਦਾ ਹੈ ਅਤੇ ਅਮਰੀਕਨ ਫ਼ੌਜੀਆਂ ਨੂੰ ਲੈ ਕੇ ਵਾਪਸ ਚਲਾ ਜਾਂਦਾ ਹੈ। ਸਭ ਜਾਣਦੇ ਨੇ ਹੈਲੀਕਾਪਟਰ ਆਡੀਟੋਰੀਅਮ ਵਿੱਚ ਨਹੀਂ ਉੱਤਰ ਸਕਦਾ, ਪਰ ਉਸ ਉੱਤੇ ਸ਼ੱਕ ਕਰਨ ਦੀ ਵੀ ਕੋਈ ਗੁੰਜਾਇਸ਼ ਨਹੀਂ!
ਮੁਢਲੀਆਂ ਫੇਰੀਆਂ ਦੌਰਾਨ ਮੇਰੀ ਜੇਬ ਆਗਿਆ ਨਹੀਂ ਸੀ ਦੇਂਦੀ ਕਿ ਮੈਂ ਇਕੱਲਾ ਜਾ ਕੇ ਨਾਟਕ ਦੇਖਦਾ। ਉਂਜ ਵੀ ਨਵੇਂ ਗਏ ਬੰਦੇ ਵਾਸਤੇ ਸਾਥ ਤੋਂ ਬਿਨਾ ਡਾਊਨਟਾਊਨ (ਸ਼ਹਿਰ ਦਾ ਕੇਂਦਰੀ ਭਾਗ) ਵਿੱਚ ਜਾਣਾ, ਥੀਏਟਰ ਲੱਭਣਾ ਤੇ ਵਾਪਿਸ ਆਉਣਾ ਸੌਖਾ ਕੰਮ ਨਹੀਂ। ਪਰ ਇਨ੍ਹਾਂ ਪੇਸ਼ਕਾਰੀਆਂ ਦੇ ਅਕਾਰ ਅਤੇ ਮਿਆਰ ਕਾਰਨ ਇਨ੍ਹਾਂ ਨੂੰ ਫ਼ਿਲਮ ਨਾਲੋਂ ਵਧ ਕਦਰਯੋਗ ਤੇ ਮਨੋਰੰਜਕ ਮੰਨਿਆ ਜਾਂਦਾ ਹੈ। ਮੈਨੂੰ ਟੋਰਾਂਟੋ ਵਿੱਚ ‘ਸ਼ੋ ਬੋਟ’ ਅਤੇ ਨਿਊ ਯਾਰਕ ਵਿੱਚ ‘ਦ ਲਾਇਨ ਕਿੰਗ’ ਵਰਗੇ ਮਿਊਜ਼ੀਕਲ ਦੇਖਣ ਦਾ ਵੀ ਮੌਕਾ ਮਿਲਿਆ ਹੈ। ਸਰਦੇ-ਪੁਜਦੇ ਮਿੱਤਰਾਂ/ਵਿਦਿਆਰਥੀਆਂ ਨੇ ਮੈਨੂੰ ਇਹ ਨਾਟਕ ਦਿਖਾਏ। ਕਈ ਹਾਲਤਾਂ ਵਿੱਚ ਇਹ ਨਾਟਕ ਸਾਲਾਂ ਬੱਧੀ ਚਲਦੇ ਹਨ ਅਤੇ ਹਰ ਹਫ਼ਤੇ ਲਗਪਗ 4 ਪੇਸ਼ਕਾਰੀਆਂ ਹੁੰਦੀਆਂ ਹਨ। 25-30 ਕਲਾਕਾਰਾਂ ਦੇ ਨਾਟਕ ਦੇ ਨਾਲ-ਨਾਲ ਏਨੇ ਹੀ ਲੋਕ ਲਾਈਵ ਆਰਕੈਸਟਰਾ ਵਜਾ ਰਹੇ ਹੁੰਦੇ ਹਨ ਅਤੇ ਲਾਈਵ ਗਾਇਨ ਹੁੰਦਾ ਹੈ। ਸੰਗੀਤਕਾਰ ਆਮ ਤੌਰ `ਤੇ ਸਟੇਜ ਦੇ ਹੇਠਾਂ ਬਣੀ ਇੱਕ ਤਰ੍ਹਾਂ ਦੀ ਬੇਸਮੈਂਟ ਵਿੱਚ ਬੈਠੇ ਹੁੰਦੇ ਹਨ। ਉਨ੍ਹਾਂ ਦਾ ਸੰਚਾਲਕ ਸਟੇਜ ਦੇ ਅੱਗੇ ਬਣੀ ਪਿੱਟ ਵਿੱਚ ਖੜਾ ਹੁੰਦਾ ਹੈ। ਇੱਥੋਂ ਉਹ ਚਲ ਰਹੇ ਨਾਟਕ ਨੂੰ ਵੀ ਦੇਖ ਸਕਦਾ ਹੈ ਅਤੇ ਉਸੇ ਮੁਤਾਬਕ ਆਪਣੇ ਸਾਜ਼ਿੰਦਿਆਂ ਨੂੰ ਨਿਰਦੇਸ਼ ਵੀ ਦੇ ਸਕਦਾ ਹੈ। ਉਹ ਇਕੱਲਾ ਬੰਦਾ ਹੈ, ਜਿਸ ਨੂੰ ਨਾਟਕ ਦੇ ਨਾਲ-ਨਾਲ ਆਪਣੇ ਸਾਜ਼ਿੰਦੇ ਵੀ ਦਿੱਸ ਰਹੇ ਹੁੰਦੇ ਹਨ। ਦਰਸ਼ਕਾਂ ਵੱਲ ਉਸਦੀ ਪਿੱਠ ਹੁੰਦੀ ਹੈ, ਪਰ ਕਿਸੇ ਵੀ ਦਰਸ਼ਕ ਲਈ ਦ੍ਰਿਸ਼ ਅਧੂਰਾ ਨਹੀਂ ਹੁੰਦਾ। ਕਈ ਵਾਰ ਅਦਾਕਾਰ ਆਪ ਵੀ ਗਾਉਂਦੇ ਹਨ। ਹਰ ਅਦਾਕਾਰ ਕੋਲ ਕਮੀਜ਼ ਜਾਂ ਕਿਸੇ ਵੀ ਹੋਰ ਪਹਿਰਨ ‘ਤੇ ਲਾਉਣ ਵਾਲਾ ਇੱਕ ਲੈਪਲ ਮਾਈਕ ਹੁੰਦਾ ਹੈ ਅਤੇ ਇੱਕ ਪੂਰੀ ਟੈਕਨੀਕਲ ਟੀਮ ਸਾਊਂਡ ਅਤੇ ਲਾਈਟ ਨੂੰ ਚਲਾਉਂਦੀ ਚਲਾਉਂਦੀ ਹੈ।
ਹਾਲ ਵਿੱਚ ਲਗਪਗ 1000-1500 ਲੋਕਾਂ ਦੇ ਬੈਠਣ ਦੀ ਵਿਵਸਥਾ ਹੁੰਦੀ ਹੈ। ਇਸ ਤੋਂ ਇਲਾਵਾ ਦੋ ਬਾਲਕੋਨੀਆਂ ਹੁੰਦੀਆਂ ਹਨ। ਨਿਊ ਯਾਰਕ ਦੇ ਕੇਂਦਰੀ ਇਲਾਕੇ ਮੈਨਹੱਟਨ ਵਿੱਚ ਬਣਿਆ ‘ਮੈਟਰੋਪੋਲਿਟਅਨ ਓਪੇਰਾ ਹਾਊਸ’ ਅਮਰੀਕਾ ਦਾ ਸਭ ਤੋਂ ਵੱਡਾ ਥੀਏਟਰ ਹੈ, ਜਿਸ ਵਿੱਚ 3800 ਸੀਟਾਂ ਹਨ। ਸ਼ਿਕਾਗੋ ਦੇ ‘ਲਿਰਿਕ ਓਪੇਰਾ ਥੀਏਟਰ’ ਦੀਆਂ 3563 ਸੀਟਾਂ ਹਨ। ਇਹ 45 ਮੰਜ਼ਿਲਾ ਇਮਾਰਤ ਦੇ ਅੰਦਰਵਾਰ ਬਣਿਆ ਹੋਇਆ ਹੈ ਅਤੇ ਇਮਾਰਤ ਦੀਆਂ 22 ਮੰਜ਼ਿਲਾਂ ਵਿੱਚ ਫ਼ੈਲਿਆ ਹੋਇਆ ਹੈ। ਜਦੋਂ ਮੈਂ ਉਸਦੇ ਸਾਹਮਣੇ ਖੜਾ ਹੋ ਕੇ ਉਤਾਂਹ ਦੇਖਦਾ ਹਾਂ ਤਾਂ ਮੈਨੂੰ ਆਪਣੀ ਪੱਗ ਬਚਾਉਣ ਲਈ ਹੱਥ ਰੱਖਣਾ ਪੈਂਦਾ ਹੈ। ਪਰ ਏਨੀਆਂ ਸੀਟਾਂ ਦੇ ਬਾਵਜੂਦ ਸਾਰਿਆਂ ਵਾਸਤੇ ਆਵਾਜ਼ ਅਤੇ ਦ੍ਰਿਸ਼ ਦੀ ਸਪਸ਼ਟਤਾ ਕਮਾਲ ਦੀ ਹੁੰਦੀ ਹੈ। ਇਸ ਪ੍ਰੋਫ਼ੈਸ਼ਨਲ ਰੰਗਮੰਚ ਨੂੰ ਦੇਖ ਕੇ ਖਿਆਲ ਆਉਂਦਾ ਹੈ ਕਿ ਸਾਡੇ ਕੋਲ ਇਹੋ ਜਿਹੇ ਥੀਏਟਰ ਕਿਉਂ ਨਹੀਂ? ਜੇ ਗੁੜਗਾਉਂ ਆਦਿ ਸ਼ਹਿਰਾਂ ਵਿੱਚ ਅਜਿਹਾ ਥੀਏਟਰ ਬਣਿਆ ਵੀ ਹੈ ਤਾਂ ਉਸ ਵਿੱਚ ਸਾਰਥਕ ਮਿਊਜ਼ੀਕਲ ਕਿਉਂ ਨਹੀਂ ਹੁੰਦੇ? ਕੀ ਅਸੀਂ ਸਿਰਫ਼ ਹਾਸੇ-ਠੱਠੇ ਦੇ ਗ਼ੁਲਾਮ ਹਾਂ? ਕੀ ਸਾਨੂੰ ਕਲਾਵਾਂ ਰਾਹੀਂ ਜਨ-ਪੱਧਰ ਉੱਤੇ ਆਪਣੀਆਂ ਸਮੱਸਿਆਵਾਂ ਤੇ ਗੱਲ ਕਰਨ ਦੀ ਜਾਚ ਨਹੀਂ ਆਈ? ਕੀ ਇਹ ਕੰਮ ਗਿਣੇ-ਮਿਥੇ ਦਰਸ਼ਕਾਂ ਵਾਸਤੇ ਸੀਮਿਤ ਬਜਟ ‘ਚ ਤਿਆਰ ਕੀਤੇ ਨਾਟਕਾਂ ਦਾ ਹੀ ਹੈ, ਜੋ ਸ਼ੌਕੀਆ ਨਾਟ-ਮੰਡਲੀਆਂ ਦੇ ਨਿਰਦੇਸ਼ਕਾਂ ਤੇ ਅਦਾਕਾਰਾਂ ਵੱਲੋਂ ਕੀਤਾ ਜਾਂਦਾ ਹੈ?
ਸਾਡੇ ਦੇਸ ਵਿੱਚ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਐਸੇ ਥੀਏਟਰਾਂ ਦੀ ਘਾਟ ਦੇ ਕਾਰਨ ਸਾਫ਼ ਹਨ। ਸਰਕਾਰਾਂ ਕੋਲੋਂ ਕੀ ਉਮੀਦ ਕਰੀਏ, ਜਿਨ੍ਹਾਂ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਜੋਗਾ ਪੈਸਾ ਨਹੀਂ? ਬੁਲਗਾਰੀਆ ਨੇ ਦੂਜੀ ਵੱਡੀ ਜੰਗ ਤੋਂ ਬਾਅਦ ਪੁਰਾਣੇ ਸ਼ਹਿਰ ਦਮਿਤ੍ਰੋਗਰਾਦ ਵਿੱਚ ਨਵਾਂ ਆਧੁਨਿਕ ਸ਼ਹਿਰ ਆਬਾਦ ਕਰਨ ਦਾ ਫ਼ੈਸਲਾ ਲਿਆ ਸੀ। ਇਸ ਸ਼ਹਿਰ ਦੇ ਬਹੁਤੇ ਲੋਕ ਇੰਡਸਟਰੀ ਦੇ ਕਾਮੇ ਸਨ। ਨਵੇਂ ਸ਼ਹਿਰ ਨੂੰ ਵਸਾਉਣ ਵੇਲੇ ਸਰਕਾਰ ਨੇ ਲੋਕਾਂ ਨੂੰ ਪੁੱਛਿਆ ਕਿ ਉਹ ਪਹਿਲਾਂ ਕੀ ਚਾਹੁੰਦੇ ਹਨ: ਥੀਏਟਰ ਕਿ ਰਹਿਣ ਵਾਸਤੇ ਘਰ? ਲੋਕਾਂ ਨੇ ਥੀਏਟਰ ਨੂੰ ਤਰਜੀਹ ਦਿੱਤੀ। ਸਾਡੇ ਪੰਜਾਬੀਆਂ ਦੀ ਅਜਿਹੀ ਕੋਈ ਰੁਚੀ ਨਹੀਂ। ਕੈਨੇਡਾ ਵਿੱਚ ਸਥਾਪਿਤ ਹੋ ਕੇ ਵੀ ਉਨ੍ਹਾਂ ਵਿੱਚ ਥੀਏਟਰ ਦੇਖਣ ਦੀ ਤਲਬ ਦਾ ਨਾ ਪੈਦਾ ਹੋਣਾ ਸੁਭਾਵਕ ਹੈ, ਕਿਉਂਕਿ ਇਹ ਉਨ੍ਹਾਂ ਦੀ ਪਰੰਪਰਾ ਦਾ ਹਿੱਸਾ ਨਹੀਂ ਹੈ। ਇਥੇ ਵਾਂਗ ਹੀ ਜ਼ਮੀਨ ਅਤੇ ਦੂਜੀਆਂ ਜਾਇਦਾਦਾਂ ਵਾਸਤੇ ਸਾਡੇ ਲੋਕਾਂ ਦੀ ਚਾਹਤ ਇੰਨੀ ਜ਼ਿਆਦਾ ਹੈ ਕਿ ਅਸੀਂ ਇੱਕ ਮਕਾਨ ‘ਤੇ ਵੀ ਸੰਤੋਖ ਨਹੀਂ ਕਰਦੇ। ਇੱਕ ਤੋਂ ਬਾਅਦ ਦੂਜਾ ਤੇ ਫ਼ੇਰ ਤੀਜਾ ਮਕਾਨ ਖ਼ਰੀਦਦੇ ਹਾਂ। ਕਈ ਵਾਰੀ ਆਰਥਿਕ ਮੰਦੀ ਦੇ ਵਕਤ ਅਜਿਹੇ ਖ਼ਰੀਦਦਾਰਾਂ ਨੂੰ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ।
ਪਰ ਹੁਣ ਦ੍ਰਿਸ਼ ਬਦਲ ਰਿਹਾ ਹੈ। ਪਹਿਲਾਂ-ਪਹਿਲ ਪੰਜਾਬ ਦੇ ਕਈ ਮਹੱਤਵਪੂਰਨ ਨਾਟਕਕਾਰਾਂ ਤੇ ਨਿਰਦੇਸ਼ਕਾਂ ਨੇ ਟੋਰਾਂਟੋ ਵਿੱਚ ਜਾ ਕੇ ਪੰਜਾਬੀ ਨਾਟਕ ਖੇਡੇ। ਹੁਣ ਵੀ ਲੋਕ ਨਾਟਕ ਕਰਨ ਜਾਂਦੇ ਹਨ, ਪਰ ਕੁਝ ਸਮੇਂ ਬਾਅਦ ਸਿਰਫ਼ ਨਿਰਦੇਸ਼ਕ ਜਾਣ ਲੱਗ ਪਏ ਤੇ ਨਾਟਕਾਂ ਨੂੰ ਓਥੇ ਤਿਆਰ ਕੀਤਾ ਗਿਆ। ਅੱਜ-ਕੱਲ੍ਹ ਗਾਇਕਾਂ ਦੇ ਨਾਲ-ਨਾਲ ਕੁਝ ਸੰਜੀਦਾ ਲੋਕਾਂ ਦਾ ਝੁਕਾਅ ਥੀਏਟਰ ਵੱਲ ਹੋਇਆ ਹੈ। ਵਿਰਸੇ ਦੀ ਭੁੱਖ ਦੀ ਪੂਰਤੀ ਲਈ ਅਤੇ ਟੋਰਾਂਟੋ ਦੇ ਥੀਏਟਰ ਬਾਰੇ ਜਾਨਣ ਤੋਂ ਬਾਅਦ ਪੰਜਾਬੀਆਂ ਨੇ ਵੀ ਕੁਝ ਖਰਚ ਕਰਨਾ ਸ਼ੁਰੂ ਕੀਤਾ ਹੈ। ਪਹਿਲਾਂ 10 ਡਾਲਰ ਦੀ ਟਿਕਟ ਹੁੰਦੀ ਸੀ, ਹੁਣ 30 ਡਾਲਰ ਤੱਕ ਵੀ ਖਰਚੇ ਜਾਂਦੇ ਹਨ। ਮੈਨੂੰ ਯਾਦ ਹੈ ਕਿ ਮੇਰੇ ਦੋ ਨਾਟਕਾਂ- ‘ਕੈਮਲੂਪਸ ਦੀਆਂ ਮੱਛੀਆਂ’ ਅਤੇ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੇ ਇੱਕੋ-ਇੱਕੋ ਦਿਨ ਦੋ-ਦੋ ਸ਼ੋਅ ਭਰੇ ਹੋਏ ਹਾਲਾਂ ਵਿੱਚ ਹੋਏ ਸਨ। ਅੱਜ-ਕੱਲ੍ਹ ਉੱਥੇ ਬਹੁਤ ਸਾਰੇ ਨਾਟ-ਗਰੁਪ ਸਥਾਨਕ ਤੌਰ `ਤੇ ਰੰਗਮੰਚ ਕਰ ਰਹੇ ਹਨ। ਬਲਜਿੰਦਰ ਲੇਲ੍ਹਣਾ, ਜਸਪਾਲ ਢਿੱਲੋਂ, ਹੀਰਾ ਰੰਧਾਵਾ, ਕੁਲਵਿੰਦਰ ਖਹਿਰਾ, ਨਾਹਰ ਔਜਲਾ ਆਦਿਕ ਦੇ ਗਰੁਪਾਂ ਵੱਲੋਂ ਸਾਲ ਵਿੱਚ ਲਗਪਗ 8-9 ਨਵੇਂ ਨਾਟਕ ਖੇਡੇ ਜਾਂਦੇ ਹਨ। ਹੁਣ ਤਾਂ ਹੋਰ ਟੋਲੀਆਂ ਵੀ ਬਣ ਗਈਆਂ ਹੋਣਗੀਆਂ।
ਕੁਝ ਸਾਲ ਪਹਿਲਾਂ ਦਿੱਲੀ ਦਾ ਕਲਾਕਾਰ ਸਰਬਜੀਤ ਸਿੰਘ ਅਰੋੜਾ ਉੱਥੇ ਗਿਆ ਅਤੇ ਲੇਲ੍ਹਣਾ ਦੀ ਪੰਜਾਬ ਆਰਟ ਐਸੋਸੀਏਸ਼ਨ ਨਾਲ ਜੁੜ ਕੇ ਉਸਨੇ ਕਮਾਲ ਦਾ ਕੰਮ ਕੀਤਾ ਹੈ। ਉਹ ਰੰਗਮੰਚ ਕਲਾ ਦਾ ਗਿਆਤਾ ਵੀ ਹੈ ਅਤੇ ਅਨੁਭਵੀ ਵੀ, ਉਸ ਵਿੱਚ ਪੰਜਾਬੀ ਰੰਗਮੰਚ ਨੂੰ ਇੱਕ ਵੱਕਾਰੀ ਸਥਿਤੀ ਵਿੱਚ ਪੁਚਾ ਦੇਣ ਦੀ ਤਮੰਨਾ ਵੀ ਹੈ ਅਤੇ ਤਾਕਤ ਵੀ। ਇਸੇ ਲਈ ਟੋਰਾਂਟੋ ਦੇ ਸਮੁੱਚੇ ਪੰਜਾਬੀ ਰੰਗਮੰਚ ਦਾ ਵੱਕਾਰ ਅਤੇ ਮਿਆਰ ਵਧਿਆ ਹੈ। ਇਵੇਂ ਹੀ ਸੁੱਖੀ ਨਿੱਜਰ ਦਾ ‘ਤੀਆਂ ਦਾ ਮੇਲਾ’, ਇੱਕ ਹੋਰ ਤਨਜ਼ੀਮ ਦਾ ‘ਮੇਲਾ ਕਿਰਤੀਆਂ ਦਾ’, ਜੋਗਿੰਦਰ ਬਾਸੀ ਵੱਲੋਂ ਵੰਡਰਲੈਂਡ ਵਿੱਚ ਲਾਇਆ ਜਾਂਦਾ ‘ਪੰਜਾਬੀ ਮੇਲਾ’ ਤੇ ਉਸੇ ਦਿਨ ਜਸਵਿੰਦਰ ਖੋਸਾ ਦਾ ‘ਪੰਜਾਬ ਡੇ’ ਮੇਲਾ ਪ੍ਰਮੁੱਖ ਸਾਲਾਨਾ ਪ੍ਰੋਗਰਾਮ ਹਨ। ਰਾਜ ਘੁੰਮਣ ਦੇ ਰੇਡੀਓ ਫ਼ੁਲਕਾਰੀ ਵੱਲੋਂ ‘ਚਿੜੀਆਂ ਦਾ ਚੰਬਾ’ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦਾ ਰਿਹਾ ਹੈ। ਕਲਮਾਂ ਦਾ ਕਾਫਲਾ ਨਾਂ ਦੀ ਸਾਹਿਤਿਕ ਤਨਜ਼ੀਮ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ। ਭੁਪਿੰਦਰ ਦੁਲੇ ਵੱਲੋਂ ਹਰ ਮਹੀਨੇ ਕੀਤਾ ਜਾਂਦਾ ਕਵੀ ਦਰਬਾਰ ਵੀ ਸ਼ੁੱਭ ਸਗਨ ਹੈ। ਸ਼ਾਇਦ ਅਜਿਹਾ ਕਰਕੇ ਉਹ ਆਪਣੇ ਪ੍ਰਸਿੱਧ ਕਵੀ-ਪਿਤਾ ਡਾਕਟਰ ਰਣਧੀਰ ਸਿੰਘ ਚੰਦ ਨੂੰ ਸੁੱਚੀ ਸ਼ਰਧਾਂਜਲੀ ਦੇ ਰਿਹਾ ਹੈ।
ਪੱਤਰਕਾਰਤਾ ਅਤੇ ਰੇਡੀਓ-ਖੇਤਰਾਂ ਵਿੱਚ ਸਾਡੇ ਲੋਕਾਂ ਨੇ ਬੜੀਆਂ ਮੱਲਾਂ ਮਾਰੀਆਂ ਹਨ। ਕਈ ਹਫ਼ਤਾਵਾਰੀ ਅਖ਼ਬਾਰ ਛਪਦੇ ਹਨ, ਜਿਨ੍ਹਾਂ ਵਿੱਚ ਏਧਰੋਂ-ਓਧਰੋਂ ਕੱਠੇ ਕੀਤੇ ਲੇਖਾਂ, ਕਹਾਣੀਆਂ ਅਤੇ ਕਵਿਤਾਵਾਂ ਤੋਂ ਇਲਾਵਾ ਭਾਰਤੀ ਪੰਜਾਬ ਦੀਆਂ ਖ਼ਬਰਾਂ ਵੀ ਹੁੰਦੀਆਂ ਹਨ ਤੇ ਸਥਾਨਕ ਖ਼ਬਰਾਂ ਵੀ। ਜਗਦੀਸ਼ ਗਰੇਵਾਲ ਦਾ ‘ਡੇਲੀ ਪੋਸਟ’ ਨਾਂ ਦਾ ਰੋਜ਼ਾਨਾ ਅਖ਼ਬਾਰ ਵੀ ਨਿਕਲਦਾ ਹੈ। ਕੁਝ ਅਖ਼ਬਾਰ ਉਚੇਚੇ ਲੇਖ ਵੀ ਲਿਖਵਾਉਂਦੇ ਹਨ ਅਤੇ ਦੋਹਾਂ ਮੁਲਕਾਂ ਦੇ ਭਖ਼ਦੇ ਮਾਮਲਿਆਂ ਉੱਤੇ ਭਰਵੀਂ ਚਰਚਾ ਹੁੰਦੀ ਹੈ। ਸੀਮਿਤ ਸਾਧਨਾਂ ਦੇ ਹੁੰਦਿਆਂ ਇੰਨਾ ਕੁਝ ਕਰੀ ਜਾਣਾ ਹਿੰਮਤ ਵਾਲੀ ਗੱਲ ਹੈ। ਅਖ਼ਬਾਰਾਂ ਦਾ ਗੁਰੂ-ਘਰਾਂ, ਰੈਸਤੋਰਾਂ ਅਤੇ ਕਰਿਆਨਾ ਸਟੋਰਾਂ ਤੋਂ ਮੁਫ਼ਤ ਵਿਤਰਣ ਕੀਤਾ ਜਾਂਦਾ ਹੈ। ਅਖ਼ਬਾਰਾਂ ਦੀ ਕਮਾਈ ਦਾ ਸਾਧਨ ਸਿਰਫ਼ ਇਸ਼ਤਿਹਾਰ ਹਨ, ਜੋ ਸਥਾਨਕ ਬਿਜ਼ਨਸ ਚਲਾਉਣ ਵਾਲੇ ਦੇਂਦੇ ਹਨ। ਹੁਣ ਕਿਉਂਕਿ ਆਪਣੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ, ਇਸ ਲਈ ਮੇਨਸਟ੍ਰੀਮ ਦੀਆਂ ਕੰਪਨੀਆਂ ਅਤੇ ਸਰਕਾਰ ਦੇ ਕੁਝ ਇਸ਼ਤਿਹਾਰ ਵੀ ਮਿਲ ਜਾਂਦੇ ਹਨ।
ਇਵੇਂ ਹੀ ਅਣਗਿਣਤ ਰੇਡੀਓ ਅਤੇ ਟੀ.ਵੀ. ਪ੍ਰੋਗਰਾਮ ਪੰਜਾਬੀ ਬੋਲੀ ਤੇ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਕੁਝ ਰੇਡੀਓ ਅਤੇ ਟੀ.ਵੀ. ਦਿਨ-ਰਾਤ ਦੇ ਪ੍ਰੋਗਰਾਮਾਂ ਦਾ ਪ੍ਰਸਾਰਨ ਕਰਦੇ ਹਨ ਤੇ ਬਾਕੀ ਰੋਜ਼ਾਨਾ ਇੱਕ, ਦੋ ਜਾਂ ਤਿੰਨ ਘੰਟਿਆਂ ਦਾ ਪ੍ਰੋਗਰਾਮ ਦੇਂਦੇ ਹਨ। ਅਖ਼ਬਾਰਾਂ ਪੜ੍ਹਨ ਦਾ ਵਿਹਲ ਨਾ ਹੋਣ ਕਾਰਨ ਅਤੇ ਕਈ ਘੰਟੇ ਕਾਰਾਂ ਵਿੱਚ ਰਹਿਣ ਕਾਰਨ ਰੇਡੀਓ ਜ਼ਿਆਦਾ ਮਕਬੂਲ ਹੈ। ਹੁਣ ਤਾਂ ਓਥੇ ਪੈਦਾ ਹੋਏ ਪੰਜਾਬੀ ਵੀ ਕਨੇਡਾਈ ਰੰਗਤ ਅਤੇ ਅੰਗਰੇਜ਼ੀ ਦੇ ਤੜਕੇ ਵਾਲੀ ਪੰਜਾਬੀ ਅਤੇ ਅੰਗਰੇਜ਼ੀ ਬੋਲਦੇ ਹਨ। ਇਸ ਨਾਲ ਓਥੋਂ ਦੇ ਜੰਮ-ਪਲ ਬੱਚੇ ਜਿਹੜੇ ਪੰਜਾਬੀ ਲਿਖ ਜਾਂ ਪੜ੍ਹ ਨਹੀਂ ਸਕਦੇ, ਹੁਣ ਬੋਲਾਂ ਦੇ ਮਾਧਿਅਮ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਰਹੇ ਹਨ। ਕੁਲਦੀਪ ਦੀਪਕ ਪੰਜਾਬੀ ਰੇਡੀਉ-ਪੱਤਰਕਾਰਤਾ ਵਿੱਚ ਦਹਾਕਿਆਂ ਤੋਂ ਰੁਝੇ ਹੋਏ ਹਨ। ਮੇਨਸਟ੍ਰੀਮ ਰੇਡੀਓ ‘ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ’ ਉੱਤੇ ਫ਼ਿਲਮੀ ਦੁਨੀਆਂ ਦੀ ਵੱਡੀ ਹਸਤੀ ਗੁਰਿੰਦਰ ਚੱਢਾ ਨਾਲ ਇੰਟਰਵਿਊ ਕਰਨ ਲਈ ਹਰਜੋਤ ਘੁੰਮਣ ਨੂੰ ਸੱਦਿਆ ਗਿਆ।
ਇੰਗਲੈਂਡ ਵਾਸੀ ਚੱਢਾ ਨੇ ‘ਭਾਜੀ ਆਨ ਦ ਬੀਚ’, ‘ਬੈਂਡ ਇਟ ਲਾਈਕ ਬੈਖ੍ਹਮ’, ‘ਬਰਾਈਡ ਐਂਡ ਪ੍ਰੈਜੁਡਿਸ’ ਵਰਗੀਆਂ ਫਿਲਮਾਂ ਬਣਾਈਆਂ ਹਨ। ਹਰਜੋਤ ਕੈਨੇਡਾ ਦੀ ਜੰਮਪਲ ਹੈ ਅਤੇ ਉੱਥੋਂ ਦੀ ਨਵੀਂ ਪੀੜ੍ਹੀ ਵਿੱਚੋਂ ਹੈ। ਉਹ ਬਚਪਨ ਤੋਂ ਮੇਰੀ ਕਲਾਕਾਰ ਰਹੀ ਹੈ ਅਤੇ ਅੱਜ-ਕੱਲ੍ਹ ਰੇਡੀਓ ਦੀ ਦੁਨੀਆਂ ਵਿੱਚ ਨਵੀਂ ਊਰਜਾ ਭਰ ਰਹੀ ਹੈ। ਇਸੇ ਤਰ੍ਹਾਂ ਲਿਲੀ ਸਿੰਘ ਐਕਟਿੰਗ ਦੀ ਦੁਨੀਆਂ ਵਿੱਚ ਛਾਈ ਹੋਈ ਹੈ। ਉਹ ਕੈਨੇਡਾ ਵਿੱਚ ਹੀ ਨਹੀਂ, ਭਾਰਤ ਵਿੱਚ ਵੀ ਮਕਬੂਲ ਹੈ। ਰੂਪੀ ਕੌਰ ਅੰਤਰ-ਰਾਸ਼ਟਰੀ ਪੱਧਰ ਦੀ ਕਵਿਤ੍ਰੀ ਹੈ ਅਤੇ 2014 ਵਿੱਚ ਉਸਦੀ ਛਪੀ ਕਿਤਾਬ ‘ਮਿਲਕ ਐਂਡ ਹਨੀ’ ਦੀਆਂ 25 ਲੱਖ ਕਾਪੀਆਂ ਵਿਕ ਚੁੱਕੀਆਂ ਹਨ ਤੇ ਦੋ ਦਰਜਨ ਜੁæਬਾਨਾਂ ਵਿੱਚ ਤਰਜਮਾ ਹੋ ਚੁਕਾ ਹੈ। ਇਹ ਕਿਤਾਬ ‘ਦ ਨਿਊ ਯਾਰਕ ਟਾਈਮਜ਼’ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਿਤਾਬਾਂ ਦੀ ਸੂਚੀ ਵਿੱਚ ਲਗਾਤਾਰ ਡੇਢ ਸਾਲ ਬੈੱਸਟ-ਸੈੱਲਰ ਰਹੀ। ਬੀ.ਬੀ.ਸੀ. ਵੱਲੋਂ ਐਲਾਨੀ ਦੁਨੀਆਂ ਦੀਆਂ 2017 ਦੀਆਂ ਸੌ ਔਰਤਾਂ ਦੀ ਸੂਚੀ ਵਿੱਚ ਉਸਦਾ ਨਾਂ ਸ਼ਾਮਿਲ ਹੈ। ਹੁਣ ਤਾਂ ਪੈਂਗੁਇਨ ਨਾਂ ਦੀ ਸੰਸਾਰ ਪ੍ਰਸਿੱਧ ਕੰਪਨੀ ਨੇ ਰੂਪੀ ਕੌਰ ਨੂੰ ਖਲੀਲ ਜਿਬਰਾਨ ਦੀਆਂ ਲਿਖਤਾਂ ਵਾਲੀ ਛਾਪੀ ਜਾ ਰਹੀ ਪੁਸਤਕ ਦੀ ਭੂਮਿਕਾ ਲਿਖਣ ਦਾ ਸੱਦਾ ਵੀ ਦਿੱਤਾ ਹੈ। ਰੂਪੀ ਕੌਰ ਦੀਆਂ ਦੋ ਬਹੁਤ ਛੋਟੀਆਂ ਕਵਿਤਾਵਾਂ ਦਾ ਅਨੁਵਾਦ ਦੇਖੋ। ਤੁਹਾਨੂੰ ਉਨ੍ਹਾਂ ਵਿੱਚ ਪੰਜਾਬ ਦੀ ਔਰਤ ਦਿੱਸੇਗੀ। ਉਹ ਕਵਿਤਾਵਾਂ ਨੂੰ ਖੁਦ ਹੀ ਡਰਾਇੰਗਾਂ ਵਿੱਚ ਵੀ ਢਾਲਦੀ ਹੈ:
ਮੇਰੀ ਮਾਂ ਨੇ ਸੁਪਨੇ ਕੁਰਬਾਨ ਕੀਤੇ
ਤਾਂ ਹੀ ਮੈਂ ਸੁਪਨੇ ਲੈ ਸਕੀ
-0-
ਤੂੰ ਮੇਰੇ ਵੱਲ ਤੱਕ ਕੇ ਕੁਰਲਾਉਂਦੀ ਏਂ
‘ਸਾਰਾ ਕੁਝ ਮੈਨੂੰ ਜ਼ਖ਼ਮੀ ਕਰ ਸੁੱਟਦੈ।’
ਮੈਂ ਤੇਰੇ ਕੰਨਾਂ ਨੇੜੇ ਹੋ ਆਖਦੀ ਹਾਂ
‘ਇਹ ਸਾਰੇ ਫੱਟ ਭਰ ਸਕਦੇ ਨੇ।’
ਰਿੱਕ ਮਠਾਰੂ ਨੇ ਕੁਝ ਸਾਲ ਪਹਿਲਾਂ ਕੈਨੇਡਾ ਭਰ ਦੀ ਨਾਨ-ਪ੍ਰੌਫ਼ੈਸ਼ਨਲ ਸ਼ੈੱਫ਼ ਦੀ ਸ਼੍ਰੇਣੀ ਵਿੱਚ ਢਾਈ ਲੱਖ ਡਾਲਰ ਦਾ ਪਹਿਲਾ ਇਨਾਮ ਜਿੱਤਿਆ ਸੀ। ਸੰਬੰਧਿਤ ਕੰਪਨੀ ਨੇ ਉਸਦੇ ਨੁਸਖੇ ਦਾ ਭੋਜਨ ‘ਬਟਰ ਚਿਕਨ ਲਜ਼ਾਨੀਆਂ’ ਤਿਆਰ ਕਰਕੇ ਪੈਕਟਾਂ ਰਾਹੀਂ ਸਾਰੇ ਕੈਨੇਡਾ ਵਿੱਚ ਵੇਚਿਆ ਸੀ। ਉਸ ਦਵਾਰਾ ਚਲਾਏ ਜਾਂਦੇ ਰੈਸਟੋਰਾਂ ‘ਰਿੱਕ’ਸ ਗੁੱਡ ਈਟਸ’ ਵਿੱਚ ਪੰਜਾਬੀ ਤੇ ਕੈਨੇਡਾ ਦੇ ਮਿਲਵੇਂ ਸਵਾਦਾਂ ਵਾਲਾ ਨਵੇਕਲੀ ਕਿਸਮ ਦਾ ਖਾਣਾ ਪਰੋਸਿਆ ਜਾਦਾ ਹੈ। ਏਥੇ ਕੈਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਣਾ ਖਾਣ ਆਉਂਦਾ ਰਿਹਾ ਹੈ। ਟੋਰਾਂਟੋ ਵਿੱਚ ਪੰਜਾਬੀਆਂ ਦੀਆਂ ਆਸਾਂ ਤੇ ਉਮੀਦਾਂ ਦਾ ਸੂਰਜ ਨਿਕਲ ਆਇਆ ਹੈ। ਹੁਣ ਪੰਜਾਬੀਆਂ ਦੀ ਗਿਣਤੀ ਇੰਨੀ ਹੈ ਕਿ ਕਈ ਥਾਈਂ ਲਗਦਾ ਹੀ ਨਹੀਂ ਕਿ ਇਹ ਪਰਦੇਸ ਹੈ। ਚਾਰੇ ਪਾਸੇ ਬੱਲੇ-ਬੱਲੇ ਹੈ; ਪਰ ਇਹ ਵੀ ਕਹਿਣਾ ਲਾਜ਼ਮੀ ਹੈ ਕਿ ਅਸੀਂ ਪੁਰਾਣੇ ਪੰਜਾਬ ਤੋਂ ਮੁਕਤ ਵੀ ਨਹੀਂ ਹੋਏ। ਚੰਗੀਆਂ ਗੱਲਾਂ ਦੇ ਨਾਲ-ਨਾਲ ਮੰਦੀਆਂ ਵੀ ਸੰਭਾਲੀ ਬੈਠੇ ਹਾਂ। ਗੁਰਦਵਾਰਿਆਂ, ਕਈ ਮਾਰਕੀਟਾਂ ਅਤੇ ਕੁਝ ਸਿਨੇਮਾਂ ਘਰਾਂ ਵਿੱਚ ਪੂਰੀ ਤਰ੍ਹਾਂ ‘ਦੇਸੀ’ ਮਾਹੌਲ ਹੁੰਦਾ ਹੈ; ਉਹ ਵਰਤਾਰਾ ਜਿਹੜਾ ਸਾਨੂੰ ਸੋਭਾ ਨਹੀਂ ਦੇਂਦਾ। ਜਦੋਂ ਕੁਝ ਸਾਲ ਪਹਿਲਾਂ ਮੈਂ ਬਰੈਂਪਟਨ ਦੇ ਸਿਲਵਰ ਸਿਟੀ ਮਾਲ ਵਿੱਚ ਪੰਜਾਬੀ ਫ਼ਿਲਮ ‘ਬੰਬੂਕਾਟ’ ਦੇਖਣ ਗਿਆ ਸੀ ਤਾਂ ਪਿਕਚਰ ਦੇ ਖ਼ਤਮ ਹੋਣ ‘ਤੇ ਉਸ ਮਾਡਰਨ ਮਲਟੀਪਲੈਕਸ ਦੇ ਵਾਸ਼ਰੂਮਾਂ ਤੇ ਹਾਲ ਦੇ ਫ਼ਲੋਰ ਦਾ ਬਹੁਤ ਬੁਰਾ ਹਾਲ ਸੀ। ਬਾਕੀ ਕਮਿਊਨਿਟੀਆਂ ਸਾਡੇ ਇਸ ਚਲਨ ਵੱਲ ਦੇਖ ਰਹੀਆਂ ਹਨ। ਇਸ ਕਰਕੇ ਵੀ ਯੂਰਪੀ ਕੌਮਾਂ ਦੇ ਲੋਕਾਂ ਨਾਲ ਸਾਡੇ ਸਮਾਜਕ ਸੰਬੰਧ ਨਹੀਂ ਬਣਦੇ। ਸਾਨੂੰ ਇਨ੍ਹਾਂ ਵਰਤਾਰਿਆਂ ਸੰਬੰਧੀ ਵੱਡੇ ਪੱਧਰ ‘ਤੇ ਸਚੇਤ ਹੋਣਾ ਪਵੇਗਾ।
