ਲਲਿਤ ਮੌਰੀਆ
ਜਲਵਾਯੂ ਤਬਦੀਲੀ ਬਾਰੇ ਵੱਡੀਆਂ-ਵੱਡੀਆਂ ਗੱਲਾਂ ਅਸੀਂ ਰੋਜ਼ ਸੁਣਦੇ ਹਾਂ। ਵਿਗਿਆਨੀਆਂ ਦੀਆਂ ਰਿਪੋਰਟਾਂ ਆਉਂਦੀਆਂ ਹਨ, ਸਰਕਾਰਾਂ ਵੱਡੇ ਐਲਾਨ ਕਰਦੀਆਂ ਹਨ, ਦੁਨੀਆ ਭਰ ਵਿੱਚ ਸੰਮੇਲਨ ਹੁੰਦੇ ਹਨ ਅਤੇ ਧਰਤੀ ਨੂੰ ਬਚਾਉਣ ਦੇ ਵਾਅਦੇ ਕੀਤੇ ਜਾਂਦੇ ਹਨ; ਪਰ ਆਮ ਮਨੁੱਖ ਨੂੰ ਅਕਸਰ ਇਹ ਲੱਗਦਾ ਹੈ ਕਿ ਇਹ ਕੰਮ ਸਰਕਾਰਾਂ, ਵਿਗਿਆਨੀਆਂ ਜਾਂ ਵੱਡੀਆਂ ਸੰਸਥਾਵਾਂ ਦਾ ਹੈ। ਅਸਲ ਸਵਾਲ ਇਹ ਹੈ ਕਿ ਅਸੀਂ ਆਪ ਇਸ ਵਿੱਚ ਕੀ ਕਰ ਰਹੇ ਹਾਂ?
ਇੱਕ ਨਵੀਂ ਖੋਜ ਦੱਸਦੀ ਹੈ ਕਿ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸਿਰਫ਼ ਸਰਕਾਰੀ ਨੀਤੀਆਂ ਅਤੇ ਨਵੀਂ ਤਕਨੀਕ ਕਾਫ਼ੀ ਨਹੀਂ। ਲੋਕਾਂ ਦੀਆਂ ਰੋਜ਼ਾਨਾ ਦੀਆਂ ਆਦਤਾਂ ਅਤੇ ਇੱਕ-ਦੂਜੇ ਉੱਤੇ ਪੈਣ ਵਾਲਾ ਸਮਾਜਿਕ ਪ੍ਰਭਾਵ ਵੀ ਵੱਡੀ ਤਾਕਤ ਬਣ ਸਕਦਾ ਹੈ। ਜਦੋਂ ਕੋਈ ਮਨੁੱਖ ਆਪਣਾ ਕੋਈ ਚੰਗਾ ਬਦਲਾਅ ਕਰਦਾ ਹੈ ਤਾਂ ਉਸ ਦਾ ਅਸਰ ਕਈ ਵਾਰ ਕਿਸੇ ਵੱਡੇ ਭਾਸ਼ਣ ਨਾਲੋਂ ਵੱਧ ਹੁੰਦਾ ਹੈ।
ਇਸੇ ਗੱਲ ਨੂੰ ਸਮਝਣ ਲਈ ਸੈਂਟਰ ਫ਼ਾਰ ਕਲਾਈਮੇਟ ਚੇਂਜ ਐਂਡ ਸੋਸ਼ਲ ਟ੍ਰਾਂਸਫ਼ਾਰਮੇਸ਼ਨਜ਼ ਨਾਲ ਜੁੜੀ ਇੱਕ ਖੋਜ ਵਿੱਚ ਇਹ ਦੇਖਿਆ ਗਿਆ ਕਿ ਲੋਕਾਂ ਦੀ ਸੋਚ ਅਤੇ ਉਨ੍ਹਾਂ ਦੀਆਂ ਆਦਤਾਂ ਉੱਤੇ ਸਮਾਜਿਕ ਪ੍ਰਭਾਵ ਕਿਵੇਂ ਪੈਂਦਾ ਹੈ। ਇਹ ਅਧਿਐਨ ਨੇਚਰ ਕਲਾਈਮੇਟ ਚੇਂਜ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਬਦਲਾਅ ਭਾਸ਼ਣ ਨਾਲ ਨਹੀਂ, ਉਦਾਹਰਨ ਨਾਲ ਆਉਂਦਾ ਹੈ
ਮੰਨ ਲਓ ਤੁਹਾਡਾ ਗੁਆਂਢੀ ਆਪਣੇ ਘਰ ਦੀ ਛੱਤ ਉੱਤੇ ਸੂਰਜੀ ਪੈਨਲ ਲਗਵਾ ਲੈਂਦਾ ਹੈ। ਕੋਈ ਡਾਕਟਰ ਆਪਣੇ ਮਰੀਜ਼ਾਂ ਨਾਲ ਸਿਹਤ ਅਤੇ ਸਾਫ਼ ਵਾਤਾਵਰਨ ਦੇ ਰਿਸ਼ਤੇ ਬਾਰੇ ਗੱਲ ਕਰਦਾ ਹੈ। ਕਿਸੇ ਦੁਕਾਨਦਾਰ ਨੇ ਆਪਣੀ ਦੁਕਾਨ ਵਿੱਚ ਬਿਜਲੀ ਦੀ ਵਰਤੋਂ ਘਟਾ ਦਿੱਤੀ ਹੈ। ਇਹ ਛੋਟੀਆਂ ਗੱਲਾਂ ਲੱਗਦੀਆਂ ਹਨ, ਪਰ ਇਨ੍ਹਾਂ ਦਾ ਅਸਰ ਵੱਡਾ ਹੋ ਸਕਦਾ ਹੈ।
ਅਸੀਂ ਅਕਸਰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਖ ਕੇ ਆਪਣੀਆਂ ਆਦਤਾਂ ਬਣਾਉਂਦੇ ਹਾਂ। ਜੇ ਕੋਈ ਕੰਮ ਸਾਡੇ ਜਾਣ-ਪਛਾਣ ਵਾਲਾ ਮਨੁੱਖ ਕਰਦਾ ਹੈ ਅਤੇ ਉਸ ਦਾ ਨਤੀਜਾ ਸਾਡੇ ਸਾਹਮਣੇ ਹੁੰਦਾ ਹੈ, ਤਾਂ ਉਸ ਉੱਤੇ ਭਰੋਸਾ ਕਰਨਾ ਸੌਖਾ ਹੁੰਦਾ ਹੈ।
ਕਾਰਡਿਫ ਯੂਨੀਵਰਸਿਟੀ ਦੀ ਖੋਜਕਰਤਾ ਡਾ. ਬ੍ਰਿਓਨੀ ਲੈਟਰ ਅਨੁਸਾਰ ਜਲਵਾਯੂ ਸੰਕਟ ਨਾਲ ਲੜਨ ਲਈ ਸਿਰਫ਼ ਨਵੀਂ ਤਕਨੀਕ ਦੀ ਲੋੜ ਨਹੀਂ, ਸਗੋਂ ਮਨੁੱਖੀ ਆਦਤਾਂ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਜਦੋਂ ਸਾਡੇ ਆਪਣੇ ਲੋਕ ਕੁਝ ਨਵਾਂ ਅਤੇ ਚੰਗਾ ਕਰਦੇ ਹਨ ਤਾਂ ਉਹ ਕਿਸੇ ਭਾਸ਼ਣ ਦੀ ਬਜਾਏ ਭਰੋਸੇਯੋਗ ਸਲਾਹ ਵਾਂਗ ਲੱਗਦਾ ਹੈ।
ਜਿਸ ਉੱਤੇ ਭਰੋਸਾ, ਉਸ ਦੀ ਗੱਲ ਦਾ ਅਸਰ
ਕਿਸੇ ਵੀ ਸੁਨੇਹੇ ਦਾ ਅਸਰ ਸਿਰਫ਼ ਉਸ ਦੀ ਗੱਲ ਉੱਤੇ ਨਿਰਭਰ ਨਹੀਂ ਕਰਦਾ। ਇਹ ਵੀ ਮਹੱਤਵਪੂਰਨ ਹੈ ਕਿ ਗੱਲ ਕੌਣ ਕਰ ਰਿਹਾ ਹੈ। ਉਹ ਕੋਈ ਵਿਗਿਆਨੀ ਹੋ ਸਕਦਾ ਹੈ, ਖਿਡਾਰੀ, ਅਧਿਆਪਕ, ਡਾਕਟਰ, ਧਾਰਮਿਕ ਆਗੂ, ਕਲਾਕਾਰ ਜਾਂ ਸਾਡੇ ਪਰਿਵਾਰ ਦਾ ਕੋਈ ਮੈਂਬਰ। ਕਈ ਵਾਰ ਇੱਕ ਆਮ ਦੋਸਤ ਦੀ ਗੱਲ ਵੀ ਕਿਸੇ ਵੱਡੀ ਸ਼ਖ਼ਸੀਅਤ ਨਾਲੋਂ ਵੱਧ ਅਸਰ ਕਰਦੀ ਹੈ, ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਅਤੇ ਉਸ ਉੱਤੇ ਭਰੋਸਾ ਕਰਦੇ ਹਾਂ।
ਇਸੇ ਤਰ੍ਹਾਂ ਇਹ ਵੀ ਜ਼ਰੂਰੀ ਹੈ ਕਿ ਸੁਨੇਹਾ ਕਿਸ ਨੂੰ ਦਿੱਤਾ ਜਾ ਰਿਹਾ ਹੈ। ਹਰ ਮਨੁੱਖ ਦੀ ਜ਼ਿੰਦਗੀ, ਆਮਦਨ, ਉਮਰ ਅਤੇ ਸੋਚ ਵੱਖਰੀ ਹੈ। ਇਸ ਲਈ ਜਲਵਾਯੂ ਤਬਦੀਲੀ ਬਾਰੇ ਗੱਲ ਵੀ ਉਸ ਦੀ ਜ਼ਿੰਦਗੀ ਨਾਲ ਜੋੜ ਕੇ ਕੀਤੀ ਜਾਵੇ ਤਾਂ ਉਸ ਦਾ ਅਸਰ ਵੱਧ ਹੋ ਸਕਦਾ ਹੈ।
ਸਾਡੀਆਂ ਰੋਜ਼ਾਨਾ ਆਦਤਾਂ ਹੀ ਵੱਡਾ ਮੈਦਾਨ ਹਨ
ਜਲਵਾਯੂ ਤਬਦੀਲੀ ਨਾਲ ਜੁੜੇ ਬਹੁਤ ਸਾਰੇ ਫ਼ੈਸਲੇ ਅਸੀਂ ਹਰ ਰੋਜ਼ ਕਰਦੇ ਹਾਂ। ਅਸੀਂ ਕਿਹੜਾ ਸਫ਼ਰ ਕਰਦੇ ਹਾਂ, ਘਰ ਵਿੱਚ ਕਿੰਨੀ ਬਿਜਲੀ ਵਰਤਦੇ ਹਾਂ, ਕੀ ਖਾਂਦੇ ਹਾਂ, ਕਿੰਨੀ ਵਸਤੂਆਂ ਖ਼ਰੀਦਦੇ ਹਾਂ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕਰਦੇ ਹਾਂ-ਇਹ ਸਭ ਵਾਤਾਵਰਨ ਉੱਤੇ ਅਸਰ ਪਾਉਂਦੇ ਹਨ।
ਜਨਤਕ ਆਵਾਜਾਈ ਦੀ ਵਰਤੋਂ ਕਰਨਾ, ਬਿਜਲੀ ਦੀ ਬੱਚਤ ਕਰਨੀ, ਸੂਰਜੀ ਊਰਜਾ ਵੱਲ ਜਾਣਾ ਜਾਂ ਖਾਣ-ਪੀਣ ਦੀਆਂ ਆਦਤਾਂ ਬਾਰੇ ਸੋਚਣਾ- ਇਹ ਸਾਰੇ ਨਿੱਜੀ ਫ਼ੈਸਲੇ ਹਨ; ਪਰ ਜਦੋਂ ਇਹ ਫ਼ੈਸਲੇ ਵੱਡੀ ਗਿਣਤੀ ਵਿੱਚ ਲੋਕ ਕਰਨ ਲੱਗਦੇ ਹਨ ਤਾਂ ਇਹ ਸਮਾਜਿਕ ਰੁਝਾਨ ਬਣ ਜਾਂਦੇ ਹਨ। ਮਿਸਾਲ ਵਜੋਂ ਜੇ ਕਿਸੇ ਪਰਿਵਾਰ ਵਿੱਚ ਬਿਜਲੀ ਬਚਾਉਣ ਦੀ ਆਦਤ ਬਣ ਜਾਵੇ ਤਾਂ ਬੱਚੇ ਵੀ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਦੇ ਹਨ। ਇੱਕ ਛੋਟੀ ਆਦਤ ਦੂਜੇ ਮਨੁੱਖ ਤੱਕ ਜਾਂਦੀ ਹੈ ਅਤੇ ਹੌਲੀ-ਹੌਲੀ ਇੱਕ ਵੱਡੀ ਸਮਾਜਿਕ ਆਦਤ ਬਣ ਸਕਦੀ ਹੈ।
ਚਿੰਤਾ ਬਹੁਤ ਹੈ, ਪਰ ਕਾਰਵਾਈ ਘੱਟ
ਜਲਵਾਯੂ ਤਬਦੀਲੀ ਬਾਰੇ ਲੋਕਾਂ ਦੀ ਚਿੰਤਾ ਵਧ ਰਹੀ ਹੈ। ਅਸੀਂ ਗਰਮੀ ਦੇ ਵਧਦੇ ਦਿਨ ਦੇਖ ਰਹੇ ਹਾਂ, ਮੌਸਮ ਵਿੱਚ ਤਬਦੀਲੀਆਂ ਮਹਿਸੂਸ ਕਰ ਰਹੇ ਹਾਂ, ਭਾਰੀ ਮੀਂਹ ਤੋਂ ਬਾਅਦ ਹੜ੍ਹ ਅਤੇ ਜਲ-ਭਰਾਅ ਦੇਖ ਰਹੇ ਹਾਂ। ਖੇਤੀ ਉੱਤੇ ਵੀ ਮੌਸਮ ਦੇ ਬਦਲਾਅ ਦਾ ਅਸਰ ਪੈ ਰਿਹਾ ਹੈ; ਪਰ ਚਿੰਤਾ ਅਤੇ ਕਾਰਵਾਈ ਵਿੱਚ ਅਜੇ ਵੀ ਵੱਡਾ ਫ਼ਰਕ ਹੈ।
ਲੋਕ ਜਾਣਦੇ ਹਨ ਕਿ ਵਾਤਾਵਰਨ ਨੂੰ ਨੁਕਸਾਨ ਹੋ ਰਿਹਾ ਹੈ, ਪਰ ਆਪਣੀ ਜੀਵਨ-ਸ਼ੈਲੀ ਵਿੱਚ ਤਬਦੀਲੀ ਲਿਆਉਣਾ ਹਾਲੇ ਵੀ ਔਖਾ ਲੱਗਦਾ ਹੈ। ਇਸੇ ਲਈ ਖੋਜਕਾਰਾਂ ਦਾ ਮੰਨਣਾ ਹੈ ਕਿ ਵਾਤਾਵਰਨ ਪੱਖੀ ਜੀਵਨ-ਸ਼ੈਲੀ ਨੂੰ ਬੋਝ ਜਾਂ ਕੁਰਬਾਨੀ ਵਜੋਂ ਪੇਸ਼ ਕਰਨ ਦੀ ਬਜਾਏ ਇਸ ਨੂੰ ਸਮਾਜਿਕ ਮਾਣ ਨਾਲ ਜੋੜਨਾ ਚਾਹੀਦਾ ਹੈ। ਯੂਨੀਵਰਸਿਟੀ ਆਫ਼ ਬਾਥ ਨਾਲ ਜੁੜੇ ਖੋਜ-ਕਰਤਾ ਡਾ. ਸੈਮ ਹੈਮਪਟਨ ਦਾ ਵੀ ਇਹੀ ਮੰਨਣਾ ਹੈ ਕਿ ਧਰਤੀ ਨੂੰ ਬਚਾਉਣ ਵਾਲੀ ਜੀਵਨ-ਸ਼ੈਲੀ ਨੂੰ ਮਜਬੂਰੀ ਨਹੀਂ, ਸਗੋਂ ਸਾਡੀ ਸਮਾਜਿਕ ਪਛਾਣ ਅਤੇ ਮਾਣ ਦਾ ਹਿੱਸਾ ਬਣਾਉਣਾ ਹੋਵੇਗਾ।
ਇਸ ਦਾ ਮਤਲਬ ਇਹ ਨਹੀਂ ਕਿ ਧਰਤੀ ਬਚਾਉਣ ਦੀ ਸਾਰੀ ਜ਼ਿੰਮੇਵਾਰੀ ਆਮ ਲੋਕਾਂ ਉੱਤੇ ਪਾ ਦਿੱਤੀ ਜਾਵੇ। ਸਰਕਾਰਾਂ ਦੀ ਜ਼ਿੰਮੇਵਾਰੀ ਆਪਣੀ ਥਾਂ ਸਭ ਤੋਂ ਵੱਡੀ ਹੈ। ਸਾਫ਼ ਊਰਜਾ, ਜਨਤਕ ਆਵਾਜਾਈ, ਪ੍ਰਦੂਸ਼ਣ ਉੱਤੇ ਕਾਬੂ, ਹਰੇ-ਭਰੇ ਸ਼ਹਿਰ, ਪਾਣੀ ਦੀ ਸੰਭਾਲ ਅਤੇ ਵਾਤਾਵਰਨ ਦੀ ਰੱਖਿਆ ਲਈ ਮਜਬੂਤ ਨੀਤੀਆਂ ਬਣਾਉਣਾ ਸਰਕਾਰਾਂ ਦਾ ਕੰਮ ਹੈ। ਵੱਡੀਆਂ ਕੰਪਨੀਆਂ ਨੂੰ ਵੀ ਆਪਣੇ ਪ੍ਰਦੂਸ਼ਣ ਅਤੇ ਸਰੋਤਾਂ ਦੀ ਵਰਤੋਂ ਲਈ ਜਵਾਬਦੇਹ ਬਣਾਉਣਾ ਪਵੇਗਾ; ਪਰ ਸਰਕਾਰ ਦੇ ਐਲਾਨਾਂ ਦੀ ਉਡੀਕ ਕਰਦਿਆਂ ਸਮਾਜ ਆਪਣੀ ਭੂਮਿਕਾ ਤੋਂ ਮੁਕਤ ਨਹੀਂ ਹੋ ਸਕਦਾ।
ਜਲਵਾਯੂ ਸੰਕਟ ਬਹੁਤ ਵੱਡਾ ਹੈ, ਪਰ ਇਸ ਦਾ ਮੁਕਾਬਲਾ ਕਈ ਵਾਰ ਬਹੁਤ ਛੋਟੀ ਥਾਂ ਤੋਂ ਸ਼ੁਰੂ ਹੁੰਦਾ ਹੈ- ਸਾਡੇ ਘਰ ਤੋਂ, ਸਾਡੇ ਮੁਹੱਲੇ ਤੋਂ, ਸਾਡੇ ਦਫ਼ਤਰ ਤੋਂ ਅਤੇ ਸਾਡੇ ਦੋਸਤਾਂ ਦੇ ਘੇਰੇ ਤੋਂ। ਇੱਕ ਵਿਅਕਤੀ ਦੀ ਬਦਲੀ ਹੋਈ ਆਦਤ ਦੂਜੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦੂਜੇ ਤੋਂ ਤੀਜਾ ਅਤੇ ਤੀਜੇ ਤੋਂ ਚੌਥਾ। ਇਸ ਤਰ੍ਹਾਂ ਨਿੱਜੀ ਫ਼ੈਸਲੇ ਸਮਾਜਕ ਤਬਦੀਲੀ ਦਾ ਰੂਪ ਲੈ ਸਕਦੇ ਹਨ।
ਆਖ਼ਰ ਧਰਤੀ ਸਿਰਫ਼ ਸਰਕਾਰਾਂ ਦੀ ਨਹੀਂ, ਸਾਡੀ ਵੀ ਹੈ। ਇਸ ਨੂੰ ਬਚਾਉਣ ਲਈ ਨੇਤਾਵਾਂ ਦੇ ਵਾਅਦੇ ਜ਼ਰੂਰੀ ਹਨ, ਪਰ ਕਾਫ਼ੀ ਨਹੀਂ। ਕਾਨੂੰਨ ਜ਼ਰੂਰੀ ਹਨ, ਪਰ ਕਾਫ਼ੀ ਨਹੀਂ। ਤਕਨੀਕ ਜ਼ਰੂਰੀ ਹੈ, ਪਰ ਕਾਫ਼ੀ ਨਹੀਂ। ਅਸਲ ਬਦਲਾਅ ਉਦੋਂ ਆਵੇਗਾ, ਜਦੋਂ ਅਸੀਂ ਇਹ ਮੰਨਣਾ ਸ਼ੁਰੂ ਕਰਾਂਗੇ ਕਿ ਧਰਤੀ ਨੂੰ ਬਚਾਉਣ ਵਾਲਾ ਮਨੁੱਖ ਕੋਈ ਦੂਰ ਬੈਠਾ ਵਿਗਿਆਨੀ ਨਹੀਂ-ਉਹ ਅਸੀਂ ਆਪ ਵੀ ਹੋ ਸਕਦੇ ਹਾਂ।
