ਕਦੇ ਸਮਾਂ ਸੀ ਕਿ ਸਿੱਖ ਪੰਥ ਦੇ ਮਹਾਨ ਢਾਡੀ ਸੋਹਣ ਸਿੰਘ ਸੀਤਲ ਦੁਆਰਾ ਸੁਣਾਈਆਂ ਸੂਰਬੀਰਾਂ ਦੀਆਂ ਵਾਰਾਂ ਅਤੇ ਸਿੱਖ ਇਤਿਹਾਸ ਆਮ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸੀ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਕਿ ਸਿੱਖ ਇਤਿਹਾਸ ਬਾਰੇ ਜੋ ਕੰਮ ਯੂਨੀਵਰਸਿਟੀਆਂ ਨਹੀਂ ਕਰ ਸਕੀਆਂ, ਉਹ ਢਾਡੀ ਸੀਤਲ ਜੀ ਨੇ ਲਗਨ ਅਤੇ ਮਿਹਨਤ ਨਾਲ ਕੀਤਾ। ਸੀਤਲ ਜੀ ਦੇ ਵੇਲੇ ਦੇ ਬਜ਼ੁਰਗ ਪਿੰਡ ਦੀ ਪਰਿ੍ਹਆ ਵਿੱਚ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਬੜੀ ਸ਼ਰਧਾ ਨਾਲ ਕਰਿਆ ਕਰਦੇ ਸਨ।
ਸਿੱਖ ਇਤਿਹਾਸ ਦੇ ਪਾਠਕਾਂ ਅਤੇ ਪੰਜਾਬੀ ਸਾਹਿਤ ਦੇ ਰਸੀਆਂ ਲਈ ਕੈਲੀਫੋਰਨੀਆ ਵੱਸਦੇ ਸ. ਜਸਵੰਤ ਸਿੰਘ ਸੰਧੂ ਘਰਿੰਡਾ ਦਾ ਲਿਖਿਆ ਸੋਹਣ ਸਿੰਘ ਸੀਤਲ ਦੇ ਪਿੰਡ ਕਾਦੀਵਿੰਡ ਦੀ ਜ਼ਿਆਰਤ ਨਾਲ ਸਬੰਧਤ ਇਹ ਹਥਲਾ ਲੰਮਾ ਲੇਖ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਪੇਸ਼ ਹੈ, ਪਹਿਲੀ ਕਿਸ਼ਤ… ਪ੍ਰਬੰਧਕੀ ਸੰਪਾਦਕ
ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-605-6494 (ਅਮਰੀਕਾ)
+91-9814435244 (ਇੰਡੀਆ)
ਢਾਡੀ ਕਲਾ ਦੇ ਪਿਤਾਮਾ ਤੇ ਪੈਗੰਬਰ ਸੋਹਣ ਸਿੰਘ ਸੀਤਲ ਦਾ ਮੈਂ ਪ੍ਰਸ਼ੰਸਕ ਹਾਂ। ਮੈਂ ਤੀਹ ਸਾਲ ਬਾਬਾ ਬੁੱਢਾ ਜੀ ਦੇ ਮੇਲੇ `ਤੇ ਅੰਮ੍ਰਿਤਸਰ ਦੇ ਮੰਜੀ ਸਾਹਿਬ ਦੇ ਦੀਵਾਨਾਂ ਵਿੱਚ ਉਨ੍ਹਾਂ ਨੂੰ ਸੁਣਿਆ। ਉਹ ਕਹਿਣੀ ਤੇ ਕਰਨੀ ਦੇ ਪੂਰੇ ਸੂਰੇ ਸਨ। ਸਿੱਖ ਇਤਿਹਾਸ ਨੂੰ ਉਨ੍ਹਾਂ ਵਿਗਿਆਨਿਕ ਰੂਪ ਵਿੱਚ ਸਿੱਖ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ। ਸਾਦਾ ਰਹਿਣੀ, ਨਿਰਮਾਣਤਾ ਉਨ੍ਹਾਂ ਦੇ ਜੀਵਨ ਦਾ ਅਨਿਖੜਵਾਂ ਅੰਗ ਸੀ। ਅਜਿਹੀ ਮਹਾਨ ਸ਼ਖ਼ਸੀਅਤ ਦਾ ਪਿੰਡ ਵੇਖਣ ਦੀ ਮੇਰੀ ਪ੍ਰਬਲ ਰੀਝ ਸੀ। ਕਾਦੀਵਿੰਡ ਦਾ ਇੱਕ ਨੌਜਵਾਨ ਨਵੀਦ ਤੇ ਸਯਦ ਦਿਲਦਾਰ ਹੁਸੈਨ ਸ਼ਾਹ ਲਾਹੌਰ ਮੇਰੇ ਫੇਸ ਬੁੱਕ ਦੋਸਤ ਬਣ ਗਏ। ਨਵੀਦ ਨੇ ਮੈਨੂੰ ਸੀਤਲ ਜੀ ਦੇ ਵੱਡੇ ਲੜਕੇ ਰਵਿੰਦਰ ਸਿੰਘ ਦੇ ਚੌਥੀ ਜਮਾਤ ਦੇ ਕਲਾਸ ਫੈਲੋਅ ਹਾਜ਼ੀ ਮੁਹੰਮਦ ਸ਼ਰੀਫ਼ ਬਾਰੇ, ਬਾਬੇ ਤਾਜਦੀਨ ਤੇ ਸੀਤਲ ਜੀ ਦੇ ਡੰਗਰਾਂ ਦੇ ਵਾਗੀ ਬਾਬੇ ਬਰਕਤ ਬਾਰੇ ਦੱਸਿਆ। ਮੇਰੇ ਮਨ ਵਿੱਚ ਉਪਰੋਕਤ ਬੰਦਿਆਂ ਨੂੰ ਮਿਲਣ ਦੀ ਪ੍ਰਬਲ ਰੀਝ ਪੈਦਾ ਹੋ ਗਈ-ਸੱਯਦ ਦਿਲਦਾਰ ਹੁਸੈਨ ਜੀ ਨੇ ਬਾਬੇ ਬਰਕਤ ਦਾ ਪਤਾ ਕੀਤਾ ਤਾਂ ਉਹ ਬਾਬੇ ਬਰਕਤ ਨੂੰ ਜਾ ਕੇ ਕਾਦੀਵਿੰਡ ਮਿਲਿਆ। ਉਸ ਨਾਲ ਸੀਤਲ ਜੀ ਦੀਆਂ ਗੱਲਾਂ ਕੀਤੀਆਂ। ਕਿਉਂਕਿ ਸੰਤਾਲੀ ਵੇਲੇ ਬਰਕਤ ਦੀ ਉਮਰ ਤੇਰਾਂ ਸਾਲ ਦੀ ਸੀ। ਜਦ ਸੀਤਲ ਜੀ ਨੇ ਆਪਣਾ ਪਿੰਡ ਛੱਡਿਆ ਤਾਂ ਬਰਕਤ ਦੇ ਬਾਪ ਮੰਗੂ ਤੇ ਉਸਦੀ ਪਤਨੀ ਨੇ ਬਰਕਤ ਨੂੰ ਆਪਣਾ ਪੁੱਤ ਬਣਾ ਕੇ ਭਾਰਤ ਲੈ ਜਾਣ ਲਈ ਉਸ ਦੀ ਬਾਂਹ ਸੀਤਲ ਜੀ ਨੂੰ ਫੜਾ ਦਿੱਤੀ। ਉਹ ਭਾਰਤ ਵਿੱਚ ਤਿੰਨ ਦਿਨ ਰਿਹਾ। ਪਰ ਇੱਕ ਅਜਿਹੀ ਮਾੜੀ ਘਟਨਾ ਵਾਪਰ ਗਈ, ਸੀਤਲ ਜੀ ਨੇ ਬਰਕਤ ਨੂੰ ਵਾਪਸ ਕਾਦੀਵਿੰਡ ਭੇਜ ਦਿੱਤਾ। ਦਿਲਦਾਰ ਹੁਸੈਨ ਨਾਲ ਬਾਬੇ ਬਰਕਤ ਨੇ ਸੀਤਲ ਜੀ ਪੁੱਤ ਬਣਾਉਣ ਦੀਆਂ ਗੱਲਾਂ ਦੱਸੀਆਂ। ਅਗਲੇ ਦਿਨ ਬਾਬੇ ਬਰਕਤ ਦੀ ਡਾਕੂਮੈਂਟਰੀ ਫਿਲਮ ਬਣਾਉਣ ਦਾ ਵਾਇਦਾ ਕਰ ਸ਼ਾਹ ਜੀ ਵਾਪਸ ਲਾਹੌਰ ਆ ਗਏ। ਅਚਾਨਕ ਕਾਦੀਵਿੰਡ ਤੋਂ ਖਬਰ ਆ ਗਈ ਕਿ ਸੀਤਲ ਜੀ ਦੀਆਂ ਗੱਲਾਂ ਯਾਦ ਕਰਕੇ ਉਸ ਦਾ ਹਉਕਾ ਨਿਕਲ ਗਿਆ ਤੇ ਉਸ ਦੀ ਮੌਤ ਹੋ ਗਈ। ਮੈਂ ਬਾਬੇ ਬਰਕਤ ਨੂੰ ਨਾ ਮਿਲ ਸਕਿਆ, ਪਰ ਉਸ ਦੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ।
ਮੈਂ ਕਾਦੀਵਿੰਡ ਦੀ ਸਰਜ਼ਮੀਂ `ਤੇ ਪੈਰ ਧਰਿਆ। ਮੈਨੂੰ ਬਾਪੂ ਦੀਆਂ ਆਪਣੀ ਸਵੈ-ਜੀਵਨੀ ਵਿੱਚ ਲਿਖਿਆ, ਉਨ੍ਹਾਂ ਦੀਆਂ ਕੌੜੀਆਂ ਮਿੱਠੀਆਂ ਘਟਨਾਵਾਂ ਯਾਦ ਆ ਗਈਆਂ। ਉਹ ਤਹਿਰੀਰ ਤੇ ਤਕਰੀਰ ਦੇ ਧਨੀ ਸਨ। ਸੀਤਲ ਜੀ ਆਪਣੀ ਜੀਵਨ ਕਹਾਣੀ ‘ਵੇਖੀ ਮਾਣੀ ਦੁਨੀਆਂ’ ਵਿੱਚ ਇੱਕ ਥਾਂ ਲਿਖਦੇ ਨੇ: “ਮਰਨੇ ਕੇ ਬਾਅਦ ‘ਸੀਤਲ’ ਅਪਨੀ ਕਰੇਂਗੇ ਕੋਈ, ਕਰਤੇ ਹੈਂ ਹਮ ਜਹਾਂ ਮੇ ਗੁਜਰੇ ਹੂਓਂ ਕੀ ਬਾਤੇਂ।”
ਉਪਰੋਕਤ ਸ਼ੇਅਰ ਨੂੰ ਮੁੱਖ ਰੱਖ ਕੇ ਮੈਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਦੱਸਣ ਲੱਗਾ ਹਾਂ। ਕਾਦੀਵਿੰਡ ਤੋਂ ਉੱਜੜ ਕੇ ਉਹ ਜ਼ੀਰੇ ਜਾ ਬੈਠੇ, ਜਿੱਥੇ ਉਨ੍ਹਾਂ ਨੂੰ ਸੌ ਕਿੱਲੇ ਕਾਦੀਵਿੰਡ ਵਾਲੀ ਜ਼ਮੀਨ ਸਿਰਫ ਬਾਹਠ ਕਿੱਲ੍ਹੇ ਅਲਾਟ ਹੋਈ। ਬੱਚਿਆਂ ਨੇ ਕਦੀ ਖੇਤੀਬਾੜੀ ਦਾ ਕੰਮ ਕੀਤਾ ਨਹੀਂ ਸੀ। ਇਸ ਲਈ ਉਹ ਵਾਹੀ ਵਿੱਚ ਕਾਮਯਾਬ ਨਾ ਹੋਏ। 62 ਕਿੱਲੇ ਵੇਚ ਕੇ ਲੁਧਿਆਣੇ ਚਲੇ ਗਏ, ਜਿੱਥੇ ਉਨ੍ਹਾਂ ਦੋ ਕਨਾਲ ਵਿੱਚ ਕੋਠੀ ਪਾਈ ਤੇ ਕਿਤਾਬਾਂ ਛਾਪਣ ਲਈ ਛਾਪਾ ਖਾਨਾ ਲਾ ਲਿਆ।
ਉਹ ਹਰ ਸਾਲ 21 ਅੱਸੂ ਨੂੰ ਬਾਬੇ ਬੁੱਢੇ ਆਉਂਦੇ ਤੇ 22 ਅੱਸੂ ਨੂੰ ਵਾਪਸ ਲੁਧਿਆਣੇ ਚਲੇ ਜਾਂਦੇ ਸਨ। ਬਾਬੇ ਬੁੱਢੇ ਕਿਆਮ ਦੇ ਸਮੇਂ ਉਹ ਤਿੰਨ ਦੀਵਾਨ ਲਾਉਂਦੇ ਸਨ। ਬਾਬੇ ਬੁੱਢੇ ਸਕੂਲ ਵਿੱਚ ਉਨ੍ਹਾਂ ਦਾ ਨਿਵਾਸ ਹੁੰਦਾ ਸੀ। ਕਈ ਨਾਮਵਰ ਢਾਡੀ ਤੇ ਮੇਰੇ ਵਰਗੇ ਕਈ ਹੋਰ ਪ੍ਰਸ਼ੰਸਕ ਉਨ੍ਹਾਂ ਦੀ ਮੰਜੀ ਦਵਾਲੇ ਬੈਠੇ ਹੁੰਦੇ ਸਨ। ਇਸ ਸਮੇਂ ਉਨ੍ਹਾਂ ਦੀਆਂ ਲੱਤਾਂ ਬਾਹਾਂ ਘੁੱਟਣ ਦੀ ਸੇਵਾ ਮੇਰੀ ਅਗੰਮੀ ਖੁਸ਼ੀ ਹੁੰਦੀ ਸੀ। ਜਦ ਉਹ ਆਪਣਾ ਟਾਈਮ ਲਾਉਣ ਲਈ ਦੀਵਾਨ ਹਾਲ ਜਾਂਦੇ ਤਾਂ ਮੈਂ ਉਨ੍ਹਾਂ ਦਾ ਜੋੜਾ ਲੁਹਾ ਕੇ ਜੋੜਾ ਘਰ ਰੱਖ ਕੇ ਆਉਣਾ ਤਾਂ ਮੈਨੂੰ ਉਨ੍ਹਾਂ ਕਹਿਣਾ, “ਮਾਸਟਰ ਜੀ, ਮੈਂ ਇਹ ਤੁਹਾਡਾ ਭਾਰ ਕਦੋਂ ਲਾਹਵਾਂਗਾ, ਤਾਂ ਮੈਂ ਕਹਿਣਾ ਕਿ ਮੈਂ ਤੁਹਾਡਾ ਭਾਰ ਸੱਤ ਜਨਮ ਪੈਦਾ ਹੋ ਕੇ ਵੀ ਨਹੀਂ ਲਾਹ ਸਕਦਾ। ਮੈਂ ਜੋ ਸੇਧ ਤੁਹਾਡੇ ਵਿਚਾਰਾਂ ਤੋਂ ਲਈ ਹੈ, ਉਸ ਦਾ ਮੁੱਲ ਤਾਰ ਨਹੀਂ ਸਕਦਾ।”
ਇਸ ਅਜੀਮ ਸ਼ਖ਼ਸੀਅਤ ਦਾ ਜਨਮ ਇਸ ਪਿੰਡ ਕਾਦੀਵਿੰਡ, ਤਹਿਸੀਲ ਕਸੂਰ (ਹੁਣ ਜ਼ਿਲ੍ਹਾ ਲਾਹੌਰ, ਪਾਕਿਸਤਾਨ) ਵਿਖੇ 7 ਅਗਸਤ 1909 ਨੂੰ ਹੋਇਆ। ਪਿਤਾ ਦਾ ਨਾਂ ਸ. ਖੁਸ਼ਹਾਲ ਸਿੰਘ ਤੇ ਮਾਤਾ ਦਾ ਨਾਂ ਸਰਦਾਰਨੀ ਦਿਆਲ ਕੌਰ। ਮੁਢਲੀ ਵਿਦਿਆਂ ਉਨ੍ਹਾਂ ਪਿੰਡ ਦੇ ਗ੍ਰੰਥੀ ਕੋਲੋਂ ਲਈ। ਉਦੋਂ ਅੱਜ ਵਾਂਗ ਪਿੰਡ-ਪਿੰਡ ਸਕੂਲ ਨਹੀਂ ਸਨ। ਉਨ੍ਹਾਂ ਦੇ ਪਿੰਡ ਤੋਂ ਤਿੰਨ ਮੀਲ ਦੀ ਦੂਰੀ `ਤੇ ਵਰਨ ਸਕੂਲ `ਚੋਂ ਉਨ੍ਹਾਂ ਚੌਥੀ ਜਮਾਤ ਪਾਸ ਕੀਤੀ ਤੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਜਮਾਤ ਫਸਟ ਡਵੀਜ਼ਨ ਵਿੱਚ ਪਾਸ ਕੀਤੀ।
ਉਨ੍ਹਾਂ ਦਾ ਬਚਪਨ ਡਰ ਦੇ ਸਾਏ ਥੱਲੇ ਬੀਤਿਆ ਸੀ। ਮਾਪਿਆਂ ਦੇ ਇਕਲੌਤੇ ਪੁੱਤਰ ਹੋਣ ਕਰਕੇ ਮਾਪੇ ਉਨ੍ਹਾਂ ਦਾ ਵਸਾਹ ਨਹੀਂ ਸਨ ਖਾਂਦੇ। ਜਵਾਨ ਹੋਏ ਤਾਂ ਪੜ੍ਹਾਈ ਦੇ ਨਾਲ-ਨਾਲ ਵਾਹੀ ਖੇਤੀ ਵਿੱਚ ਆਪਣੇ ਪਿਤਾ ਜੀ ਦਾ ਹੱਥ ਵਟਾਉਂਦੇ। ਜਦ ਖੇਤੀ ਤਿਆਰ ਹੋ ਜਾਂਦੀ ਤਾਂ ਸ਼ਰੀਕ ਖੜੀ ਫਸਲ ਵਿੱਚ ਡੰਗਰ ਛੱਡ ਕੇ ਉਜਾੜ ਦਿੰਦੇ। ਚੋਰੀ ਪੱਠੇ ਵੱਢ ਲੈਣੇ, ਕਈ ਵਾਰ ਖਲਵਾੜਿਆਂ ਨੂੰ ਅੱਗ ਲਾ ਦੇਣੀ। ਝੂਠੇ ਚੋਰੀ ਦੇ ਕੇਸ ਵੀ ਬਣਵਾਏ ਤੇ ਨਹਿਰੀ ਪਾਣੀ ਵੱਢ ਲੈਣਾ- ਇਨ੍ਹਾਂ ਗੱਲਾਂ ਤੋਂ ਤੰਗ ਆ ਕੇ ਉਨ੍ਹਾਂ 1933 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਪਾਸ ਕੀਤੀ। ਇਸ ਆਸ ਨਾਲ ਕਿ ਪ੍ਰਾਈਵੇਟ ਬੀ.ਏ. ਕਰਕੇ ਕਿਸੇ ਨੌਕਰੀ `ਤੇ ਲੱਗ ਕੇ ਜੱਟ-ਸੰਸਾਰ ਤੋਂ ਦੂਰ ਹੋ ਜਾਵਾਂਗਾ; ਪਰ ਇਸ ਕੋਸ਼ਿਸ਼ ਵਿੱਚ ਵੀ ਉਹ ਸਫਲ ਨਾ ਹੋ ਸਕੇ। ਅਖੀਰ ਉਹ ਬੜੇ ਨਾਟਕੀ ਢੰਗ ਨਾਲ ਢਾਡੀ ਬਣ ਗਏ। ਇੱਕ ਵਾਰ ਉਨ੍ਹਾਂ ਦੇ ਪਿੰਡ ਰਾਸਧਾਰੀਏ ਆ ਗਏ। ਉਨ੍ਹਾਂ ਨੇ ਬਿਨਾਂ ਪਰਦੇ ਅਤੇ ਸਟੇਜ ਦੇ ਪੂਰਨ ਭਗਤ ਤੇ ਰਾਜਾ ਹਰੀ ਚੰਦ ਦੇ ਨਾਟਕ ਖੇਡੇ। ਉਨ੍ਹਾਂ ਵਿੱਚ ਇੱਕ ਮੁੰਡਾ ਰਬਾਬੀਆਂ ਦਾ ਸੀ, ਜੋ ਬੜੀ ਰਸੀਲੀ ਆਵਾਜ਼ ਦਾ ਮਾਲਕ ਸੀ। ਉਹ ਬਹੁਤੇ ਗੁਰਬਾਣੀ ਦੇ ਸ਼ਬਦ (ਖਾਸ ਕਰ ਆਸਾ ਦੀ ਵਾਰ ਵਿੱਚ ਪੜ੍ਹੇ ਜਾਣ ਵਾਲੇ ਛੱਕੇ) ਕਿਹਾ ਕਰਦਾ ਸੀ। ਭਿੰਨੀ ਰਾਤ ਉਹਦੀ ਆਵਾਜ਼ ਸਾਰੇ ਪਿੰਡ ਵਿੱਚ ਸੁਣੀਂਦੀ ਸੀ। ਉਹ ਸਾਰੀ ਮੰਡਲੀ ਦੀ ਜਾਨ ਸੀ। ਸੀਤਲ ਜੀ ਰਾਸ ਵੇਖਣ ਨਹੀਂ ਸੀ ਜਾਂਦੇ। ਉਨ੍ਹਾਂ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਹੀ ਉਸ ਰਬਾਬੀ ਲੜਕੇ ਦੀ ਆਵਾਜ਼ ਸੁਣਨ ਦੀ ਤਾਂਘ ਹੁੰਦੀ। ਪਿੰਡ ਦੇ ਕੁਝ ਗੱਭਰੂ ਜੋ ਉਨ੍ਹਾਂ ਦੇ ਹਾਣੀ ਸਨ, ਰਾਸਧਾਰੀਆਂ `ਤੇ ਏਨੇ ਲੱਟੂ ਹੋਏ ਕਿ ਰਾਸਧਾਰੀਆਂ ਦੇ ਜਾਣ ਤੋਂ ਬਾਅਦ ਪਿੰਡੋਂ ਬਾਹਰ ਢੋਲਕੀ, ਛੈਣੇ ਤੇ ਚਿਮਟਾ ਲੈ ਕੇ ਪਿੰਡ ਵਿੱਚ ਇਕੱਠੇ ਹੋ ਕੇ ਮਨ-ਖੁਸ਼ੀਆਂ ਕਰਦੇ ਰਹਿੰਦੇ। ਉਹ ਰਾਸਧਾਰੀਆਂ ਵਾਂਗ ਸਾਂਗ ਬਣਦੇ, ਘੰਗਰੂ ਬੰਨ ਕੇ ਨੱਚਦੇ ਵੀ। ਵਧੇਰੇ ਉਹ ਪੂਰਨ ਭਗਤ ਜਾਂ ਰਾਜਾ ਹਰੀਚੰਦ ਦਾ ਨਾਟਕ ਕਰਦੇ, ਪਰ ਉਹ ਗੱਲ ਨਾ ਬਣਦੀ।
ਇੱਕ ਦਿਨ ਸੀਤਲ ਜੀ ਆਪਣੇ ਨਿਆਈਂ ਵਾਲੇ ਖੇਤ ਵਿੱਚ ਮੰਜੇ `ਤੇ ਬੈਠੇ ਕੁਝ ਲਿਖ ਰਹੇ ਸਨ। ਉਨ੍ਹਾਂ ਦੇ ਚਾਰ-ਪੰਜ ਹਾਣੀ ਉਨ੍ਹਾਂ ਦੇ ਕੋਲ ਆਏ ਤੇ ਕਹਿਣ ਲੱਗੇ ਕਿ ਆਪਾਂ ਵੀ ਇਹ ਨਾਟਕ ਰਾਸਧਾਰੀਆਂ ਵਾਂਗ ਖੇਡੀਏ। ਪਰ ਸੀਤਲ ਜੀ ਕਿਉਂਕਿ ਧਾਰਮਿਕ ਖਿਆਲਾਂ ਦੇ ਸਨ, ਉਨ੍ਹਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਣਾ ਧਾਰਮਿਕ ਰੁਚੀਆ ਦੇ ਵਿਰੁੱਧ ਲੱਗਾ। ਸਾਥੀ ਕਹਿਣ ਲੱਗੇ ਕਿ ਰਾਗੀ ਜਥਾ ਬਣਾ ਲਈਏ। ਸੀਤਲ ਜੀ ਨੇ ਹਾਮੀ ਭਰ ਦਿੱਤੀ। ਪਰ ਜੋੜੀ-ਵਾਜੇ ਚੁੱਕਣ ਦੇ ਡਰੋਂ ਢਾਡੀ ਜਥਾ ਬਣਾਉਣ ਦੀ ਸਲਾਹ ਪੱਕੀ ਹੋ ਗਈ। ਪਿੰਡ ਲੱਲਿਆਣੀ (ਜਿਸ ਦਾ ਨਾਂ ਹੁਣ ਮੁਸਤਫਾਬਾਦ ਰੱਖ ਦਿੱਤਾ ਗਿਆ ਹੈ) ਤੋਂ ਬਾਬਾ ਚਰਾਗਦੀਨ (ਭਰਾਈ) ਨੂੰ ਲੈ ਆਏ। ਉਹ ਆਪਣੇ ਕਸਬ (ਕਿੱਤੇ) ਦੇ ਉਸਤਾਦ ਸਨ। ਢਾਡੀਪੁਣਾ ਉਨ੍ਹਾਂ ਦਾ ਪਿਤਾ ਪੁਰਖੀ ਕਿੱਤਾ ਸੀ। ਬਾਬਾ ਚਰਾਗਦੀਨ ਨੇ ਸੀਤਲ ਜੀ ਤੇ ਸਾਥੀਆਂ ਨੂੰ ਢੱਡ ਅਤੇ ਸਾਰੰਗੀ ਵਜਾਉਣੀ ਸਿਖਾਈ। ਪੁਰਾਣੀਆਂ ਕਲਾਸੀਕਲ ਤਰਜਾਂ ਸਿਖਾਈਆਂ। ਸਿਖਲਾਈ ਸੀਤਲ ਜੀ ਦੀ ਬੈਠਕ ਵਿੱਚ ਹੁੰਦੀ। ਅੱਧੀ-ਅੱਧੀ ਰਾਤ ਤੱਕ ਮਿਹਨਤ ਕਰਨੀ। ਢਾਡੀ ਜਥੇ ਦੇ ਰੂਪ ਵਿੱਚ ਪਹਿਲੀ ਸਟੇਜ ਸੀਤਲ ਜੀ ਦਾ ਪਿੰਡ ਦਾ ਗੁਰਦੁਆਰਾ ਸੀ ਤੇ ਦੂਸਰੀ ਸਟੇਜ ਸੀ ‘ਕਸੂਰ।’ ਸੀਤਲ ਜੀ ਨੇ ਵਾਰਾਂ ਆਪ ਲਿਖਣੀਆਂ ਸ਼ੁਰੂ ਕੀਤੀਆਂ। ਪਹਿਲਾਂ ਕੁਝ ਚਿਰ ਪ੍ਰਸਿੱਧ ਢਾਡੀ ਸੋਹਣ ਸਿੰਘ ‘ਘੁੱਕੇਵਾਲੀਆਂ’ ਦੀਆਂ ਵਾਰਾਂ ਗਾਉਂਦੇ ਰਹੇ।
1936 ਈ. ਦੀ ਸਤਾਈ ਵਿਸਾਖ ਦਾ ਦਿਨ ਉਨ੍ਹਾਂ ਵਾਸਤੇ ਸਭ ਤੋਂ ਸ਼ੁਭ ਦਿਹਾੜਾ ਸੀ। ਉਨ੍ਹਾਂ ਦੇ ਪਿੰਡ ਤੋਂ ਦਸ-ਬਾਰਾਂ ਮੀਲ ਦੂਰ ਪਿੰਡ ਰੱਤੋ ਕੇ ਵਿੱਚ ਬਾਬੇ ਬੀਰ ਸਿੰਘ ਜੀ ਨੌਰੰਗਾਬਾਦੀਏ ਦਾ ਗੁਰਦੁਆਰਾ ਸੀ। ਸਤਾਈ ਵਿਸਾਖ ਨੂੰ ਉੱਥੇ ਹਰ ਸਾਲ ਬੜਾ ਭਾਰੀ ਮੇਲਾ ਉਨ੍ਹਾਂ ਦੀ ਯਾਦ ਵਿੱਚ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਉਨ੍ਹਾਂ ਉਚੇਚੀ ਵਾਰ ਲਿਖੀ, ‘ਸਿੱਖ ਰਾਜ ਕਿਵੇਂ ਗਿਆ’ ਦਾ ਪਹਿਲਾ ਭਾਗ ਉਨ੍ਹਾਂ ਲਿਖਿਆ ਜੋ ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ `ਤੇ ਮੁੱਕਦਾ ਸੀ। ਉਹ ਢਾਡੀ ਜਥੇ ਸਮੇਤ ਮੇਲੇ ਵਿੱਚ ਸ਼ਾਮਲ ਹੋਣ ਲਈ ਪਿੰਡ ਦੇ ਦਸਾਂ-ਬਾਰਾਂ ਬੰਦਿਆਂ ਨਾਲ ਪਿੰਡ ਰੱਤੋਕੇ ਦੇ ਗੁਰਦੁਆਰੇ ਪਹੁੰਚ ਗਏ। ਉਨ੍ਹਾਂ ਸਟੇਜ ਸੈਕਟਰੀ ਨੂੰ ਟਾਈਮ ਲਾਉਣ ਵਾਸਤੇ ਪੁੱਛਿਆ। ਸਟੇਜ ਸੈਕਟਰੀ ਨੇ ਆਪਣੇ ਸੁਭਾਅ ਅਨੁਸਾਰ ਕਿਹਾ, ‘ਸ਼ੁਰੂ ਕਰ ਉਇ ਮੁੰਡਿਆ’ ਸੌਦਾ ਵਿਕਦਾ ਵੇਖ ਕੇ ਸੋਚਾਂਗਾ।
ਗੁਰੂ ਦੀ ਓਟ ਲੈ ਕੇ ਉਨ੍ਹਾਂ ਸ਼ੁਰੂ ਕੀਤਾ। ਸ਼ੇਰੇ ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ। ਭਗਵਾਨ ਰਾਮ ਚੰਦਰ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਸਜਰਾ ਲਿਆ ਮਿਲਾਇਆ। ਫਿਰ ਸ਼ੇਰੇ ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਬਾਅਦ ਆਪਣਿਆਂ ਹੱਥੋਂ ਆਪਣਿਆਂ ਦੇ ਕਤਲ, ਡੋਗਰਿਆਂ ਦੀ ਗੱਦਾਰੀ ਅਤੇ ਸਿੱਖ ਸਰਦਾਰਾਂ ਦੀ ਗੱਦੀ ਦੀ ਭੁੱਖ ਤੇ ਆਪਸੀ ਫੁੱਟ ਬਾਬਾ ਬੀਰ ਸਿੰਘ ਜੀ ਦੀ ਹੀਰਾ ਸਿੰਘ ਡੋਗਰੇ ਦੀਆਂ ਫੌਜਾਂ ਹੱਥੋਂ ਸ਼ਹੀਦੀ `ਤੇ ਆ ਕੇ ਖ਼ਤਮ ਕੀਤਾ। ਨਾ ਉਨ੍ਹਾਂ ਨੂੰ ਕਿਸੇ ਹਟਾਇਆ, ਨਾ ਉਨ੍ਹਾਂ ਹਿੰਮਤ ਹਾਰੀ। ਸਾਢੇ ਤਿੰਨ ਘੰਟੇ ਬਾਅਦ ਉਨ੍ਹਾਂ ਆਪ ਫਤਹਿ ਬੁਲਾਈ।
ਸਰੋਤਿਆਂ ਵਾਸਤੇ ਇਹ ਦਿਲ ਕੰਬਾਊ ਕਹਾਣੀ ਬਿਲਕੁਲ ਨਵੀਂ ਸੀ। ਦੀਵਾਨ ਵਿੱਚ ਸਾਰੇ ਰੋ ਰਹੇ ਸਨ। ਕੋਈ ਵੀ ਅੱਖ ਸੁੱਕੀ ਨਹੀਂ ਸੀ। ਇੱਥੋਂ ਤੱਕ ਕਿ ਮਹੰਤ ਬਾਬਾ ਹਰਨਾਮ ਸਿੰਘ ਜੀ ਵੀ ਰੋ ਰਹੇ ਸਨ। ਉਨ੍ਹਾਂ ਇਸ਼ਾਰੇ ਨਾਲ ਸੀਤਲ ਜੀ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੂੰ ਅੱਜ ਨਹੀਂ ਜਾਣਾ। ਭਲਕੇ ਮੈਂ ਇਹ ਵਾਰ ਤੈਥੋਂ ਫੇਰ ਸੁਣਨੀਂ ਏਂ। ਨਾਲ ਹੀ ਉਨ੍ਹਾਂ ਆਪਣੇ ਸੇਵਕ ਨੂੰ ਹੁਕਮ ਕੀਤਾ ਕਿ ਇਨ੍ਹਾਂ ਦੇ ਖਾਣ-ਪੀਣ ਤੇ ਰਿਹਾਇਸ਼ ਦਾ ਪ੍ਰਬੰਧ ਕਰੋ।
ਦੀਵਾਨ ਸਮਾਪਤ ਹੋ ਗਿਆ। ਸੀਤਲ ਜੀ ਜਥੇ ਸਮੇਤ ਨਗਰ-ਨਿਵਾਸੀਆਂ ਕੋਲ ਪਹੁੰਚੇ। ਡੁਰਲੀ ਜਥੇ ਦਾ ਲੀਡਰ ਸੀ ਬਿਸ਼ਨ ਸਿੰਘ। ਇਸ ਯਾਤਰਾ ਦੌਰਾਨ ਅਸੀਂ ਸ. ਮਨਮੋਹਨ ਸਿੰਘ ਦੇ ਪਿੰਡ ਸਰਹਾਲੀ ਕਲਾਂ ਪਹੁੰਚੇ, ਜੋ ਉਨ੍ਹਾਂ ਦਾ ਜੱਦੀ ਪਿੰਡ ਸੀ। ਜਿਸ ਮੁਸਲਮਾਨ ਮੇਜ਼ਬਾਨ ਦੇ ਘਰੋਂ ਅਸੀਂ ਚਾਹ ਪੀਤੀ, ਉਸ ਨੇ ਦੱਸਿਆ ਕਿ ਬਿਸ਼ਨ ਸਿੰਘ ਸਾਡੀ ਵੀ ਘੋੜੀ ਚੋਰੀ ਕਰਕੇ ਲੈ ਗਿਆ। ਉਸ ਦੀ ਵੀਹ-ਵੀਹ ਮੀਲ ਤਕ ਧੁੰਮ ਸੀ। ਛੇ ਫੁੱਟ ਉੱਚਾ ਲੰਮਾ ਜਵਾਨ ਦੋ ਆਦਮੀਆਂ ਦਾ ਇਕੱਲਾ ਟਾਕਰਾ ਕਰਨ ਵਾਲਾ। ਚੋਰੀ, ਡਾਕੇ, ਕਤਲ ਵਿੱਚ ਕਈ ਵਾਰ ਕੈਦ ਕੱਟ ਚੁੱਕਾ; ਸਮੇਂ ਦੀ ਪੁਲਿਸ ਤੋਂ ਆਕੀ। ਦੂਰੋਂ-ਨੇੜਿਓਂ ਉਹ ਸੀਤਲ ਜੀ ਦਾ ਚਾਚਾ ਲੱਗਦਾ ਸੀ। ਉਸ ਨੇ ਸੀਤਲ ਜੀ ਨੂੰ ਜੱਫੀ ਵਿੱਚ ਲੈ ਲਿਆ। ਫਿਰ ਬੜੇ ਰੋਅਬ ਨਾਲ ਬੋਲਿਆ, “ਮੈਂ ਤੇਰਾ ਕੀ ਲੱਗਦਾ ਆਂ ਉਇ?” “ਚਾਚਾ” ਉਨ੍ਹਾਂ ਨੇ ਉਸੇ ਸੁਰ ਵਿੱਚ ਕਿਹਾ।
“ਸੁਣ ਲੈ ਫਿਰ! ਤੇਰਾ ਸਾਰਾ ਉਜਾੜਾ ਮੈਂ ਕਰਾਉਂਦਾ ਸੀ। ਤੇ ਕਰਾਉਂਦਾ ਸੀ ਤੇਰੇ ਚਾਚੇ ਦੇ ਆਖੇ। ਅੱਜ ਤੋਂ ਸਭ ਮੁਆਫ। ਤਕੜਾ ਹੋ ਕੇ ਪਿੰਡ ਦਾ ਨਾਂ ਉੱਚਾ ਕਰ। ਜੇ ਤੇਰੀ ਵੱਟ ਉੱਤਦੀ ਵੀ ਕੋਈ ਲੰਘ ਗਿਆ ਤਾਂ ਮੇਰਾ ਨਾਂ ਬਿਸ਼ਨ ਸਿਹੁੰ ਨਾ ਸੱਦੀ।” ਉਹ ਦਿਨ ਸੀਤਲ ਜੀ ਦੀਆਂ ਮੁਸੀਬਤਾਂ ਦਾ ਆਖਰੀ ਦਿਨ ਸੀ। ਵਾਹਿਗੁਰੂ ਦੀ ਮਿਹਰ ਸਦਕਾ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਮਿੱਤਰ ਬਣ ਗਏ।
ਸੀਤਲ ਜੀ ਨੂੰ ਲੋਕਾਂ ਇੱਕ ਸਫਲ ਢਾਡੀ ਪ੍ਰਵਾਨ ਕਰ ਲਿਆ। ਉਨ੍ਹਾਂ ਢਾਡੀ ਵਾਰਾਂ ਰਾਹੀਂ ਅਨਪੜ੍ਹ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਸਿੱਖ ਇਤਿਹਾਸ ਦੀ ਖੋਜ ਕਰਕੇ ਇਸ ਨੂੰ ਤਰਕ ਸੰਗਤ ਆਧਾਰ `ਤੇ ਲਿਖਿਆ। ਸਿੱਖ ਇਤਿਹਾਸ ਬਾਰੇ ਜੋ ਕੰਮ ਯੂਨੀਵਰਸਿਟੀਆਂ ਨਹੀਂ ਕਰ ਸਕੀਆਂ, ਉਹ ਸੀਤਲ ਜੀ ਨੇ ਲਗਨ ਅਤੇ ਮਿਹਨਤ ਨਾਲ ਕੀਤਾ। ਸਿੱਖ ਇਤਿਹਾਸ ਦੇ ਸੋਮੇ ਪੁਰਾਤਨ ਇਤਿਹਾਸਕ ਧਾਰਮਿਕ ਤੱਥਾਂ ਦਾ ਸਾਰੰਸ਼ ਤੇ ਉਸ ਉੱਤੇ ਇਤਿਹਾਸਕ ਧਾਰਮਿਕ ਪੱਖ ਤੋਂ ਅਲੋਚਨਾ; ਬੜੀ ਮਿਹਨਤ ਕੀਤੀ। ਸੀਤਲ ਜੀ ਨੇ ਉਸ ਪੱਲਿਓਂ ਬੜਾ ਖਰਚ ਕੀਤਾ, ਪਰ ਪਾਠਕਾਂ ਵੱਲੋਂ ਖਾਸ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਦਾ ਮੱਤ ਸੀ ਕਿ ਜਿੰਨੇ ਵੀ ਵਰ, ਸਰਾਪ ਸਿੱਖ ਇਤਿਹਾਸ ਵਿੱਚ ਆਏ ਨੇ ਸਭ ਹਿੰਦੂਇਜ਼ਮ ਦੀ ਦੇਣ ਹੈ। ਜੋ ਵੀ ਕਰਾਮਾਤਾਂ ਸਿੱਖ ਇਤਿਹਾਸ ਵਿੱਚ ਆਈਆਂ ਨੇ, ਇਸਲਾਮ ਤੋਂ ਆਈਆਂ ਨੇ। ਸਿੱਖ ਧਰਮ ਵਿੱਚ ਵਰ, ਸਰਾਪ ਅਤੇ ਕਰਾਮਾਤਾਂ ਦੀ ਕੋਈ ਥਾਂ ਨਹੀਂ। ਉਨ੍ਹਾਂ ਦਾ ਖਿਆਲ ਸੀ ਕਿ ਨਰਕ, ਸੁਰਗ ਆਦਿ ਕਲਪਿਤ ਹਨ। ਚਲਾਕ ਲੋਕਾਂ ਨੇ ਸੁਰਗ ਦੇ ਸਬਜਬਾਗ ਤੇ ਨਰਕਾਂ ਦੇ ਡਰਾਵੇ ਦੇ ਦੇ ਭੋਲੀ ਭਾਲੀ ਆਮ ਜਨਤਾ ਨੂੰ ਲੁਟਿਆ। 1956 ਵਿੱਚ ਉਨ੍ਹਾਂ ‘ਕਲਯੁੱਗ ਕਿ ਸਤਯੁੱਗ’ ਨਾਮੀ ਕਵਿਤਾ ਲਿਖੀ, ਜਿਸ ਵਿੱਚ ਉਨ੍ਹਾਂ ਆਪਣੇ ਖਿਆਲਾਂ ਦਾ ਇਜ਼ਹਾਰ ਇਸ ਤਰ੍ਹਾਂ ਕੀਤਾ ਹੈ:
ਭੁੱਲੀ ਦੁਨੀਆਂ ਐਵੇਂ ਕਲਯੁੱਗ ਕਲਯੁੱਗ ਕੂਕਦੀ,
ਮੈਨੂੰ ਸਤਯੁੱਗ ਆਉਂਦਾ ਦੀਂਹਦਾ ਵਿੱਚ ਜਹਾਨ ਦੇ।
ਜਿਹੜਾ ਆਦਮ ਇੱਕ ਦਿਨ ਖੱਡਾਂ ਦੇ ਵਿੱਚ ਰਹਿੰਦਾ ਸੀ,
ਉਹਦੇ ਪੁੱਤਰ ਉੱਡਦੇ ਫਿਰਦੇ ਵਿੱਚ ਅਸਮਾਨ ਦੇ।
ਨਜ਼ਰਾਂ ਲੈਂਦੇ ਸੀ ਜੋ ਕਰਾਮਾਤ ਦੇ ਮਾਣ `ਤੇ,
ਹੱਥ ਬੰਨ ਖੜੇ ਦੇਵਤੇ ਅੱਗੇ ਸਾਇੰਸਦਾਨ ਦੇ।
ਭੁੱਲੇ ਲੋਕੀਂ ਇੱਕ ਦਿਨ ਵਿਹਲੜ ਨੂੰ ਸੀ ਪੂਜਦੇ,
ਚੰਗੇ ਕਾਮੇ ਨੂੰ ਅੱਜ ਸਮਝਦਾਰ ਸਨਮਾਨ ਦੇ
ਦੁਨੀਆਂ ਭੇਖਾਂ ਦੀ ਥਾਂ ਅਮਲਾਂ ਵੱਲੇ ਵੇਖਦੀ,
ਜਾਂਦੇ ਅਰਥ ਬਦਲਦੇ ਦਿਨ ਦਿਨ ਧਰਮ ਈਮਾਨ ਦੇ।
ਮਾਲਾਂ ਵਾਲੇ ਦੀ ਥਾਂ ਇੱਜ਼ਤ ਅੱਜ ਮਜ਼ਦੂਰ ਦੀ,
ਚੱਲੇ ਬਦਲ ਨਜ਼ਰੀਏ ਆਦਮ ਦੀ ਸੰਤਾਨ ਦੇ।
ਇੱਕ ਦਿਨ ਪੇਸ਼ ਹੋਣਗੇ ਫਟੀਆ ਲੀਰਾਂ ਸਾਹਮਣੇ,
ਫਿਰਦੇ ਰੇਸ਼ਮ ਵਿੱਚ ਜੋ ਚੇਲੇ ਲੁਕੇ ਸ਼ੈਤਾਨ ਦੇ।
ਜਿਨ੍ਹਾਂ ਕੁਲੀਆਂ ਵਿੱਚ ਨਾ ਸੂਰਜ ਡਰਦਾ ਝਾਕਦਾ,
ਇੱਕ ਦਿਨ ਮਹਿਲ ਹੋਣਗੇ ਓਥੇ ਸ਼ਾਹੀਸ਼ਾਨ ਦੇ।
ਇੱਕ ਦਿਨ ਲਾਲੋ ਘਰ ਵੀ ਭੋਗ ਪਦਾਰਥ ਹੋਣਗੇ,
ਹੋਸਣ ਦੂਰ ਭੁਲੇਖੇ ਭਾਗੋ ਦੇ ਪੁੰਨ ਦਾਨ ਦੇ।
ਰੱਬ ਦਾ ਰੂਪ ਸਮਝ ਇਨਸਾਨ ਮਿਲੂ ਇਨਸਾਨ ਨੂੰ,
ਦਰਸ਼ਨ ਬੰਦੇ ਵਿੱਚੋਂ ਹੋਵਣਗੇ ਭਗਵਾਨ ਦੇ।
ਪੂਰੇ ਬੋਲ ਹੋਣਗੇ ਆਖਰ ਬਾਬੇ ਨਾਨਕ ਦੇ,
ਦੁਨੀਆਂ ਸੁਰਗ ਬਣੇਗੀ ਵੱਸਣ ਯੋਗ ਇਨਸਾਨ ਦੇ।
ਚਾਨਣ ਹੋ ਜੂ ‘ਸੀਤਲ’ ਫੈਲੂ ਧਰਮ ਅਕਾਲ ਦਾ,
ਪਰਦੇ ਦੂਰ ਹੋਣਗੇ ਭਰਮ ਅਤੇ ਅਗਿਆਨ ਦੇ।
ਅੱਜ ਕੱਲ੍ਹ ਭੇਖੀ ਸਾਧ ਰਾਮ ਰਹੀਮ, ਬਾਪੂ ਆਸਾਰਾਮ, ਰਾਮ ਪਾਲ ਤੇ ਸਵਾਮੀ ਅਦਿੱਤਿਆ ਨੰਦ ਆਦਿ। ਇਨ੍ਹਾਂ ਉਪਰੋਕਤ ਪਖੰਡੀ ਸਾਧਾਂ ਬਾਰੇ ਉਨ੍ਹਾਂ 1958 ਵਿੱਚ ਇੱਕ ਕਵਿਤਾ ‘ਇਹ ਦੁਨੀਆਂ ਤੇ ਅਗਲੀ ਦੁਨੀਆ’ ਲਿਖੀ:
ਆਹ ਲੈ ਸਾਧਾ! ਆਪਣੀ ਅਗਲੀ ਦੁਨੀਆਂ ਸਾਂਭ ਲੈ,
ਮੇਰੀ ਦੁਨੀਆਂ ਮੈਨੂੰ ਮਰਜ਼ੀ ਨਾਲ ਸਜਾਣ ਦੇ।
ਤਪੀਆ! ਹੋਵਣ ਤੈਨੂੰ ਤੇਰੇ ਸੁਰਗ ਸੁਹੰਢਣੇ,
ਏਸ ਧਰਤੀ ਉੱਤੇ ਮੈਨੂੰ ਸੁਰਗ ਬਨਾਣ ਦੇ।
ਤੇਰੇ ਕਲਪ ਬ੍ਰਿਛ ਦੀ ਛਾਂ ਵੱਲ ਮੈਂ ਨਹੀਂ ਝਾਕਦਾ,
ਬੰਜਰ ਪੁੱਟ ਪੁੱਟ ਮੈਨੂੰ ਏਥੇ ਬਾਗ ਲਗਾਣ ਦੇ।
ਧ੍ਰਿਗ ਉਸ ਬੰਦੇ ਨੂੰ ਜੋ ਖਾਹਸ਼ ਕਰੇ ਉਸ ਜੰਨਤ ਦੀ,
ਜਿੱਥੋਂ ਕੱਢਿਆ ਬਾਬਾ ਆਦਮ ਨਾਲ ਅਪਮਾਨ ਦੇ।
ਮਾਲਾ ਫੇਰੇ ਉੱਚੀ ਕੂਕੇਂ ਨਜ਼ਰਾਂ ਹੂਰਾਂ ਤੇ,
ਤੈਨੂੰ ਆਉਂਦੇ ਨੇ ਢੰਗ ਅੱਲ੍ਹਾ ਨੂੰ ਭਰਮਾਣ ਦੇ।
ਪਰੀਆ ਸੁਰਗ ਦੀਆਂ ਦੀ ਝਾਕ ਤੁਸਾਂ ਨੂੰ ਸੰਤ ਜੀ,
ਮੇਰੀ ਇੱਕ ਸਲੋਨੀ ਉਹਦੀਆਂ ਰੀਝਾਂ ਲਾਹੁਣ ਦੇ।
ਤੇਰੇ ਠਾਕਰ ਨੂੰ ਵੀ ਭੋਗ ਲਵਾਂ ਲਊਂ ਮਿਸਰ ਜੀ,
ਰੋਂਦੇ ਭੋਲੇ ਦਾ ਤਾਂ ਪਹਿਲਾਂ ਮੂੰਹ ਜੂਠਾਣ ਦੇ।
ਵਿਹਲਾ ਹੋ ਕੇ ਬਾਬਾ! ਮਾਲਾ ਵੀ ਫੇਰ ਲਊਂ,
ਸਭ ਨੇ ਖਾਣਾ ਕਿਥੋਂ ਪੈਲੀ ਨੂੰ ਸੀ ਲਾਣਦੇ।
ਪੂਜਾ ਕਰ ਲਊਂ ਤੇਰੇ ਅਰਸ਼ੀਂ ਵੱਸਣ ਵਾਲੇ ਦੀ,
ਪਹਿਲਾਂ ਬੰਦੇ ਦੀ ਤਾਂ ਮੈਨੂੰ ਟਹਿਲ ਕਮਾਣ ਦੇ।
ਸੀਤਲ ਚੰਗਾ ਬਣ ਇਨਸਾਨ, ਜੋ ਤੇਰਾ ਧਰਮ ਹੈ,
ਕਾਹਨੂੰ ਪਿੱਛੇ ਫਿਰਦੈਂ ਪੰਡਤ ਦੇ ਭਗਵਾਨ ਦੇ।
ਜੱਦੀ ਪਿੰਡ ਕਾਦੀਵਿੰਡ (ਪਾਕਿਸਤਾਨ) ਵਿੱਚ ਉਨ੍ਹਾਂ ਕੋਲ 100 ਏਕੜ ਜ਼ਮੀਨ ਸੀ। ਉਨ੍ਹਾਂ ਬੜੀ ਮਿਹਨਤ ਕਰਕੇ ਉਸ ਨੂੰ ਵਾਹੀਯੋਗ ਬਣਾਇਆ। 18 ਕਿੱਲੇ ਬਾਗ ਲਵਾਇਆ, ਜਿਸ ਨਾਲ ਉਨ੍ਹਾਂ ਦੀ ਆਮਦਨ ਵਧ ਗਈ। ਘਰ ਦੇ ਮਕਾਨ ਕੱਚੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਜਨਮ ਲਿਆ। ਇਹ ਵੀ ਲੋਕੋਕਤੀ ਹੈ ਕਿ ਜਿਸ ਘਰ ਵਿੱਚ ਪੁਤ ਜਨਮ ਲੈਂਦਾ ਹੈ, ਉਸ ਦੀਆਂ ਕੰਧਾਂ ਕੰਬਦੀਆਂ ਕਿ ਇੱਕ ਦਿਨ ਇਸ ਨੇ ਸਾਨੂੰ ਜੜ੍ਹਾਂ ਤੱਕ ਹਿਲਾ ਦੇਣਾ ਹੈ। ਜੇ ਲਾਇਕ ਹੋਇਆ ਤਾਂ ਢਾਹ ਕੇ ਚੰਗੀ ਇਮਾਰਤ ਬਣਾ ਦੇਵੇਗਾ, ਜੇ ਨਿਕੰਮਾ ਨਿਕਲਿਆ ਤਾਂ ਕੜੀਆਂ ਵੇਚ ਕੇ ਖਾ ਜਾਵੇਗਾ, ਹਰ ਹਾਲ ਸਾਡੀ ਖੈਰ ਨਹੀਂ। ਉਨ੍ਹਾਂ ਦਾ ਜਿਸ ਕਮਰੇ ਵਿੱਚ ਜਨਮ ਹੋਇਆ, ਉਸ ਵਿੱਚ ਚੂਹਿਆਂ ਦੀਆਂ ਖੁੱਡਾਂ ਸਨ। ਸੌਣ ਵਾਲਿਆਂ ਨੂੰ ਭੁੜਕ-ਭੁੜਕ ਕੇ ਦਸਦੇ ਸਨ ਕਿ ਕਿੰਨੀ ਰਾਤ ਬੀਤ ਗਈ ਹੈ। ਜੇ ਫਿਰ ਵੀ ਕੋਈ ਸੋਤਲ ਨਾ ਜਾਗੇ ਤਾਂ ਉਹਦੇ ਨੰਗੇ ਪੈਰ `ਤੇ ਦੰਦੀ ਵੱਢ ਦੇਂਦੇ ਸਨ। ਉਨ੍ਹਾਂ ਨਾਲ ਇਹ ਬੜੀ ਵਾਰ ਹੋਇਆ। ਰੱਬ ਦੀ ਮਿਹਰ ਨਾਲ ਉਨ੍ਹਾਂ ਵੱਡੇ ਹੋ ਕੇ ਚੂਹਿਆਂ ਨੂੰ ਘਰ `ਚੋਂ ਦੇਸ-ਨਿਕਾਲਾ ਦੇ ਦਿੱਤਾ ਤੇ ਕੱਚਿਆਂ ਕੋਠਿਆਂ ਦੀ ਥਾਂ ਉਨ੍ਹਾਂ ਨੀਹਾਂ ਉੱਤੇ ਸੱਤ ਕਮਰਿਆਂ ਵਾਲਾ ਸੀਮਿਟਿੰਡ ਘਰ ਬਣਾ ਦਿੱਤਾ, ਪਰ ਰਾਜਨੀਤੀ ਦੇ ਕਰੂਰ ਚੱਕਰ ਦੇ ਮਾਰੇ ਉਹ ਪਾਕਿਸਤਾਨ (ਕਾਦੀਵਿੰਡ) ਵਿੱਚ ਛੱਡ ਆਏ। ਉਹ ਕਹਿੰਦੇ ਹੁੰਦੇ ਸਨ ਕਿ ਜਿਸ ਜ਼ਮੀਨ ਵਿੱਚ ਬਜ਼ੁਰਗਾਂ ਦਾ ਮੁੜ੍ਹਕਾ ਡੁਲਿ੍ਹਆ ਹੋਵੇ, ਉਹ ਬੜੀ ਕੀਮਤੀ ਹੁੰਦੀ ਹੈ। ਕਾਦੀਵਿੰਡ ਇੱਕ ਮੁਸਲਮਾਨ ਫਕੀਰ ਉਨ੍ਹਾਂ ਪਾਸੋਂ ਇੱਕ ਕਨਾਲ ਜ਼ਮੀਨ ਤਕੀਆ ਬਣਾਉਣ ਲਈ ਮੰਗ ਰਿਹਾ ਸੀ, ਪਰ ਉਨ੍ਹਾਂ ਨਾ ਦਿੱਤੀ। ਪਰ ਪਾਕਿਸਤਾਨ ਬਣ ਜਾਣ ਪਿੱਛੋਂ ਜ਼ੀਰੇ ਅਲਾਟ ਹੋਈ 62 ਕਿਲ੍ਹੇ ਜ਼ਮੀਨ ਵੇਚਣ ਦਾ ਉਨ੍ਹਾਂ ਦੇ ਮਨ `ਤੇ ਕੋਈ ਦੁੱਖ ਨਾ ਹੋਇਆ। ਉਹ ਕਹਿੰਦੇ ਹੁੰਦੇ ਸਨ ਕਿ ਮੈਂ ਕਾਦੀਵਿੰਡ ਨਾਲੋਂ ਮਾਇਕ ਤੌਰ `ਤੇ ਹੋਰ ਸੁੱਖ ਸਹੂਲਤਾਂ ਕਰਕੇ ਸੁੱਖੀ ਹਾਂ, ਪਰ ਜਦੋਂ ਵੀ ਸੁਪਨਾ ਆਉਂਦਾ ਹੈ- ਕਾਦੀਵਿੰਡ ਦੀ ਨਿਆਈਂ ਦਾ ਆਉਂਦਾ ਹੈ, ਸੀਤਲ ਭਵਨ ਲੁਧਿਆਣੇ ਦਾ ਕਦੇ ਨਹੀਂ।
ਉਨ੍ਹਾਂ ਦੀ ਰਹਿਣੀ-ਬਹਿਣੀ ਬੜੀ ਸਾਦਾ ਸੀ। ਚਿੱਟਾ ਕਮੀਜ਼ ਪਜ਼ਾਮਾ ਨੀਲੀ ਪੱਗ ਥੱਲੇ ਚਿੱਟੀ ਫਿਫਟੀ ਤੇ ਪੈਰੀਂ ਸਾਧਾਰਣ ਗੁਰਗਾਬੀ, ਚਾਹ-ਸ਼ਰਾਬ ਦੇ ਸਾਰੀ ਉਮਰ ਲਾਗੇ ਨਹੀਂ ਗਏ। ਸਾਦੀ ਖੁਰਾਕ, ਰੋਟੀ, ਦਾਲ, ਦੁੱਧ ਤੇ ਫਲ। ਉਹ ਕਹਾਣੀਕਾਰ, ਸਾਹਿਤਕਾਰ, ਨਾਵਲਕਾਰ, ਵਾਰਕਾਰ ਸਨ ਪਰ ਸਾਰੀ ਉਮਰ ਕਾਰ ਨਹੀਂ ਲਈ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਮੈਨੂੰ ਘਰੋਂ ਲੈ ਜਾਂਦੇ ਨੇ ਤੇ ਘਰ ਈ ਛੱਡ ਜਾਂਦੇ ਨੇ। ਮੈਨੂੰ ਕਾਰ ਲੈਣ ਦੀ ਕੀ ਲੋੜ ਹੈ। ਉਹ ਸਾਦੀ ਰਹਿਣੀ ਤੇ ਉੱਚੀ ਸੋਚ ਦੇ ਮਾਲਕ ਸਨ। ਪੰਜਾਬੀ ਦੇ ਕੁਝ ਮਹਾਨ ਲੇਖਕ ਸੀਤਲ ਜੀ ਨੂੰ ਢਾਡੀ ਹੋਣ ਕਰਕੇ ਪੰਜਾਬੀ ਜ਼ਬਾਨ ਦਾ ਲੇਖਕ ਮੰਨਦੇ ਹੀ ਨਹੀਂ ਸਨ। ਸਾਰਿਆਂ ਤੋਂ ਪਹਿਲਾਂ ‘ਸੀਤਲ’ ਜੀ ਬਾਰੇ ਲੇਖ ਲਿਖਣ ਦੀ ਦਲੇਰੀ ਸ. ਸੁਖਪਾਲਵੀਰ ਸਿੰਘ ਹਸਰਤ ਨੇ ਕੀਤੀ। ਕ੍ਰਿਪਾਲ ਸਿੰਘ ਕਸੇਲ, ਜੋ ਪੰਜਾਬੀ ਭਾਸ਼ਾ ਵਿਭਾਗ ਵੱਲੋਂ ‘ਪੰਜਾਬੀ ਸਾਹਿਤ ਦਾ ਇਤਿਹਾਸ’ ਲਿਖ ਰਹੇ ਸਨ, ਨੇ ਉਨ੍ਹਾਂ ਦੇ ਨਾਵਲਾਂ ਬਾਰੇ ਲਿਖਿਆ। ਲੇਖਕ ਤੇ ਪ੍ਰਸਿੱਧ ਵਿਦਵਾਨ ਗੁਰਬਚਨ ਸਿੰਘ ‘ਤਾਲਿਬ’ ਨੇ ਦੂਜੇ ਨਾਵਲਕਾਰਾਂ ਵਿੱਚੋਂ ਸੀਤਲ ਜੀ ਦਾ ਨਾਂ ਇਸ ਤਰ੍ਹਾਂ ਕੱਢ ਦਿੱਤਾ ਜਿਵੇਂ ਅੱਲ੍ਹਾ ਤਾਲਅ ਨੇ ਆਦਮ ਨੂੰ ਬਹਿਸ਼ਤ ਵਿੱਚੋਂ ਕੱਢ ਦਿੱਤਾ ਸੀ। ਜਦੋਂ ਉਨ੍ਹਾਂ ਨੂੰ 1974 ਵਿੱਚ ਸਾਹਿਤ ਅਕਾਡਮੀ ਦਾ ਸਨਮਾਨ ਮਿਲ ਗਿਆ ਤਾਂ ਸੋਧਕ ਸਾਹਿਬ ਨੂੰ ਬੜੀ ਹੈਰਾਨੀ ਹੋਈ ਤੇ ਨਾਲ ਹੀ ਪ੍ਰੇਸ਼ਾਨੀ ਵੀ, ਜੋ ਪੂਰੀ ਦ੍ਰਿੜ੍ਹਤਾ ਨਾਲ ਕਹਿੰਦੇ ਸਨ ਕਿ ਹੋਰ ਸਭ ਕੁਝ ਹੋ ਸਕਦਾ ਹੈ ਪਰ ਇੱਕ ਢਾਡੀ ਨਾਵਲਕਾਰ ਨਹੀਂ ਹੋ ਸਕਦਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤੱਕ ਸਿੱਖ ਇਤਿਹਾਸ ਲਿਖਿਆ ਹੈ, ਜਿਸ ਦਾ ਕੋਈ 18,000 ਸਫਾ ਬਣਦਾ ਹੈ। ਲਗਪਗ 82 ਕਿਤਾਬਾਂ ਵਿੱਚੋਂ ਉਨ੍ਹਾਂ ਦੀ ਜੀਵਨ ਫਿਲਾਸਫ਼ੀ ਦਾ ਪਤਾ ਲੱਗਦਾ ਹੈ।
1952 ਵਿੱਚ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਮੇਰੇ ਨਾਲ ਦੇ ਮੁੰਡੇ ਹਰ ਗੁਰਪੁਰਬ `ਤੇ ਧਾਰਮਿਕ ਕਵਿਤਾਵਾਂ ਪੜ੍ਹਦੇ ਹਨ। ਚੰਗੀ ਕਵਿਤਾ ਪੜ੍ਹਨ ਵਾਲੇ ਨੂੰ ਗੁਰਦਵਾਰਾ ਕਮੇਟੀ ਵੱਲੋਂ ਇਨਾਮ ਦਿੱਤਾ ਜਾਂਦਾ ਸੀ। ਮੈਂ ਆਪਣੇ ਪਿੰਡ ਦੇ ਮੁੰਡੇ ਚੰਨਣ ਸਿੰਘ ਪਾਸ ਇੱਕ ਕਿਤਾਬ ਵੇਖੀ, ਜਿਸ ਦਾ ਟਾਈਟਲ ‘ਸੀਤਲ ਕਿਰਣਾਂ’ ਸੀ ਤੇ ਲੇਖਕ ਦਾ ਨਾਂ ਸੀ ਸ. ਸੋਹਣ ਸਿੰਘ ‘ਸੀਤਲ’। ਮੈਂ ਉਸ ਕੋਲੋਂ ਕਿਤਾਬ ਲੈ ਕੇ ਪੜ੍ਹੀ। ਇਨ੍ਹਾਂ ਵਿੱਚ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਵਾਲਾ ਪ੍ਰਸੰਗ ਮੈਨੂੰ ਬਹੁਤ ਚੰਗਾ ਲੱਗਦਾ।
ਉਸ ਵੇਲੇ ਦੇ ਬਜ਼ੁਰਗ ਪਿੰਡ ਦੀ ਪਰ੍ਹੇ ਵਿੱਚ ਬੈਠ ਕੇ ਸੀਤਲ ਜੀ ਦੀਆਂ ਗੱਲਾਂ ਬੜੀ ਸ਼ਰਧਾ ਨਾਲ ਕਰਿਆ ਕਰਦੇ ਸਨ। ਸੀਤਲ ਜੀ ਦੁਆਰਾ ਸੁਣਾਈਆਂ ਸੂਰਬੀਰਾਂ ਦੀਆਂ ਵਾਰਾਂ ਅਤੇ ਸਿੱਖ ਇਤਿਹਾਸ ਆਮ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸੀ। ਮੇਰੇ ਪਿਤਾ ਜੀ ਵੀ ‘ਸੀਤਲ’ ਜੀ ਨੂੰ ਸੁਣਨ ਤਾਰਨਤਾਰਨ ਦੀ ਹਰ ਮੱਸਿਆ `ਤੇ ਜਾਇਆ ਕਰਦੇ ਸਨ। ਇੱਕ ਵਾਰ ਮੈਂ ਵੀ ਉਨ੍ਹਾਂ ਨਾਲ ਮੱਸਿਆ ਵੇਖਣ ਚਲਾ ਗਿਆ। ਸੈਂਟਰ ਮਾਝਾ ਦਾ ਦੀਵਾਨ ਪ੍ਰਦੱਖਣਾ ਦੀ ਉੱਤਰ ਵਾਲੀ ਬਾਹੀ ਲੱਗਦਾ ਹੁੰਦਾ ਸੀ, ਜਿਸ ਦਾ ਸਟੇਜ ਸੈਕਟਰੀ ਪਿੰਡ ਸੁਰ ਸਿੰਘ ਦੇ ਰਹਿਣ ਵਾਲਾ ਸ. ਮਹਿਲ ਸਿੰਘ ਹੁੰਦਾ ਸੀ, ਜੋ ਨਨਕਾਣਾ ਸਾਹਿਬ ਦੇ ਸਿੱਖਾਂ ਤੋਂ ਵਿਛੋੜੇ ਦੀ ਕਹਾਣੀ ਬੜੇ ਦਰਦਨਾਕ ਸ਼ਬਦਾਂ ਵਿੱਚ ਬਿਆਨ ਕਰਦਾ ਹੁੰਦਾ ਸੀ। ਪਹਿਲੀ ਵਾਰ ਮੈਂ ਸੀਤਲ ਜੀ ਨੂੰ ਉਥੇ ਸੁਣਿਆ।
ਸੈਂਟਰ ਮਾਝਾ ਦੀਵਾਨ ਵਿੱਚ ਸਿੱਖ ਇਤਿਹਾਸ ਦੇ ਨਾਲ ਉਨ੍ਹਾਂ ਮੰਗਲਾਚਰਨ ਤੋਂ ਬਾਅਦ ਜੋ ਕਵਿਤਾ ਗਾਇਨ ਕੀਤੀ, ਉਹ ਮੈਨੂੰ ਅੱਜ ਤੱਕ ਯਾਦ ਹੈ। ਤੁਸੀਂ ਵੀ ਮੁਲਾਹਜ਼ਾ ਫਰਮਾਓ:
ਸੁੱਤਾ ਉੱਠ ਉਏ ਦੇਸ਼ ਮੇਰੇ ਦੇ ਗੱਭਰੂਆਂ!
ਸ਼ਾਇਰ, ਦਿਲ ਦੀ ਮੱਲਾ, ਗੁੱਝੀ ਰਮਜ਼ ਪਛਾਣੀ।
ਤੇਰੀ ਟੱਲੀਆਂ ਦੀ ਸੁਣ ਵਾਜ ਧਰਤੀ ਜਾਗਦੀ,
ਤੇਰੀ ਹੂੰਗਰ ਸੁਣ ਕੇ ਜਾਗੇ ਖੂਹੀ ਪਾਣੀ।
ਤੇਰੀ ਛਾਤੀ ਅੰਦਰ ਲੈਣ ਅੰਗੜਾਈਆਂ ਸ਼ਕਤੀਆਂ,
ਤੇਰੇ ਚਿਹਰੇ ਉੱਤੇ ਡਲ੍ਹਕੇ ਜੋਤ ਨੂਰਾਨੀ।
ਹਿੰਮਤ ਧਾਰ ਬਦਲ ਦੇ ਅਣਚਾਹੀਆਂ ਤਕਦੀਰਾਂ ਨੂੰ,
“ਆਪੇ ਦੇਊ ਦਾਤਾ” ਛੱਡ ਦੇ ਆਸ ਪੁਰਾਣੀ।
ਇਹ ਸਤਰਾਂ ਜੋ ਦੇਸ਼ ਪੰਜਾਬ ਦੇ ਗੱਭਰੂ ਨੂੰ ਮੁਖਾਤਬ ਨੇ, ਇਨ੍ਹਾਂ ਵਿੱਚ ਇੱਕ ਤਾਂ ਉਨ੍ਹਾਂ ਵੇਲਿਆਂ ਦੇ ਪੰਜਾਬ ਦੀ ਝਲਕ ਮਿਲਦੀ ਹੈ, ਜਦੋਂ ਅੰਮ੍ਰਿਤ ਵੇਲੇ ਲੋਕ ਆਪਣੇ ਹਲਾਂ ਦੀਆਂ ਹਰਨਾਲੀਆਂ ਕਰਕੇ ਖੇਤਾਂ ਵੱਲ ਤੁਰਦੇ ਸਨ ਤੇ ਬਲਦਾਂ ਦੇ ਗਲ਼ਾਂ ਵਿੱਚ ਪਾਈਆਂ ਟੱਲੀਆਂ ਖੜਕਦੀਆਂ ਜਾਂਦੀਆਂ ਸਨ। ਬਲਦਾਂ ਮਾਰੀ ‘ਹੂੰਗਰ’ ਦੀ ਆਵਾਜ਼ ਸੁਣ ਕੇ ਲੋਕ ਜਾਗ ਪੈਂਦੇ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਨ ਲਈ ਖੂਹਾਂ `ਤੇ ਪਹੁੰਚ ਜਾਂਦੇ। ਪਰ ਮੇਰੇ ਦਿਲ ਨੂੰ ਸਭ ਤੋਂ ਵੱਧ ਖਿੱਚ ਪਿਛਲੀਆਂ ਦੋ ਸਤਰਾਂ ਨੇ ਪਾਈ। ਆਪਣੀ ਕਿਸਮਤ ਬਦਲਣ ਲਈ ਬੰਦੇ ਨੂੰ ਆਪ ਮਿਹਨਤ ਕਰਨੀ ਪੈਣੀ ਹੈ। ਦਾਤਾ ਵੀ ਉਸੇ ਨੂੰ ਦੇਂਦਾ ਹੈ, ਜੋ ਲੈਣ ਲਈ ਹੱਥ ਨਹੀਂ ਅੱਡਦਾ ਸਗੋਂ ਹੱਥਾਂ ਨੂੰ ਹਰਕਤ ਵਿੱਚ ਲਿਆ ਕੇ ਕਿਰਤ ਕਰਦਾ ਹੈ।
ਇਹ ਵੀ ਇੱਕ ਕਾਰਨ ਸੀ ਕਿ ਜਿਸ ਨੇ ਮੈਨੂੰ ਸੀਤਲ ਜੀ ਦਾ ਪ੍ਰਸ਼ੰਸਕ ਬਣਾ ਦਿੱਤਾ। ਸਾਰੇ ਢਾਡੀਆਂ ਤੇ ਲੇਖਕਾਂ ਵਿੱਚੋਂ ਮੇਰੇ ਮਨ ਵਿੱਚ ਉਨ੍ਹਾਂ ਦੀ ਇੱਜ਼ਤ ਸਭ ਤੋਂ ਜ਼ਿਆਦਾ ਹੈ। ਉਹ ਇੱਕ ਵਧੀਆ ਇਨਸਾਨ ਸਨ।
ਪਹਿਲਾਂ ਮੈਂ ਪੁਲਿਸ ਵਿੱਚ ਭਰਤੀ ਹੋ ਗਿਆ। ਪੁਲਿਸ ਦੀ ਨੌਕਰੀ ਛੱਡ ਕੇ ਮੈਂ 1962 ਵਿੱਚ ਸਰਹਾਲੀ (ਅੰਮ੍ਰਿਤਸਰ) ਵਿਖੇ ਜੇ.ਬੀ.ਟੀ. ਵਿੱਚ ਦਾਖਲ ਹੋ ਗਿਆ।
ਪੰਜਾਬੀ ਸੂਬੇ ਦਾ ਮੋਰਚਾ ਸੰਤ ਫਤਹਿ ਸਿੰਘ ਹੋਰਾਂ ਦੀ ਅਗਵਾਈ ਵਿੱਚ ਚੱਲ ਰਿਹਾ ਸੀ। ਗਿਆਨੀ ਹਰਚਰਨ ਸਿੰਘ ਹੁਡਿਆਰਾ ਨੇ ਪ੍ਰਣ ਕੀਤਾ ਹੋਇਆ ਸੀ ਕਿ ਜਿੰਨਾ ਚਿਰ ਪੰਜਾਬੀ ਸੂਬਾ ਨਹੀਂ ਬਣ ਜਾਂਦਾ, ਮੈਂ ਪੂਰੇ ਬਸਤਰ ਨਹੀਂ ਪਹਿਨਾਂਗਾ। ਉਹ ਕਛਹਿਰੇ ਤੇ ਕੰਬਲ ਵਿੱਚ ਹੀ ਰਹਿੰਦੇ ਸਨ। ਮੰਜੀ ਸਾਹਿਬ ਦੀ ਸਟੇਜ `ਤੇ ਸੀਤਲ ਜੀ ਵੀ ਜਥੇ ਸਮੇਤ ਬੈਠੇ ਸਨ। ਹੁਡਿਆਰਾ ਜੀ ਨੇ ‘ਸੀਤਲ’ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਤੁਸੀਂ ਵੀ ਪੰਜਾਬੀ ਸੂਬੇ ਲਈ ਕੋਈ ਕੁਰਬਾਨੀ ਕਰੋ। ਉਨ੍ਹਾਂ ਤੋਂ ਬਾਅਦ ਸੀਤਲ ਜੀ ਸਟੇਜ `ਤੇ ਆਏ ਤੇ ਹੁਡਿਆਰਾ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਸਿਆਸੀ ਲੋਕ ਪੰਜਾਬੀ ਸੂਬੇ ਲਈ ਕੁਰਬਾਨੀ ਕਰੋ। ਤੁਸੀਂ ਮਰਨ ਵਰਤ ਦਾ ਪ੍ਰਣ ਕਰੋ ਤੇ ਫਿਰ ਮਰੋ ਵੀ। ਤੁਹਾਡੀ ਸ਼ਹੀਦੀ ਤੋਂ ਬਾਅਦ ਮੈਂ ਤੁਹਾਡੀਆਂ ਵਾਰਾਂ ਗਾਇਆ ਕਰਾਂਗਾ। ਮੇਰਾ ਕੰਮ ਸ਼ਹੀਦਾਂ ਦੀਆਂ ਵਾਰਾਂ ਗਾਉਣਾ ਹੈ, ਕੁਰਬਾਨੀ ਕਰਨਾ ਨਹੀਂ। (ਕਿਉਂਕਿ ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਮਰਨ ਵਰਤ ਰੱਖ ਕੇ ਬਿਨਾਂ ਕੁਝ ਮਿਲਿਆਂ ਹੀ ਛੱਡ ਚੁੱਕੇ ਸਨ) ਇਹ ਸੁਣ ਕੇ ਇੱਕ ਨਿਹੰਗ ਸਿੰਘ ਨੇ ‘ਬੋਲੇ ਸੋ ਨਿਹਾਲ’ ਦੀ ਲੰਮੀ ਹੇਕ ਲਾ ਕੇ ਜੈਕਾਰਾ ਛੱਡਿਆ। ਸਾਰੀ ਸੰਗਤ ਉਸ ਵੱਲ ਵੇਖਣ ਲੱਗ ਪਈ ਤਾਂ ਸੀਤਲ ਜੀ ਨੇ ਕਿਹਾ, ‘ਮੇਰੇ ਵੱਲ ਧਿਆਨ ਦਿਓ, ਜਿਸ ਮਗਰ ਕੋਈ ਜਾਵੇ ਨਾ, ਉਹ ਵੀ ਮੁੜ ਹੀ ਆਉਂਦਾ ਹੈ।’
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)
