ਡਾ. ਅਰਵਿੰਦਰ ਸਿੰਘ ਭੱਲਾ*
ਫੋਨ:+91-9463062603
ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਫ਼ੁਰਮਾਇਆ ਕਿ ਇਨਸਾਨ ਆਪਣੀ ਹਯਾਤੀ ਦਾ ਸਫ਼ਰ ਤੈਅ ਕਰਦੇ ਹੋਏ ਕਈ ਵਾਰ ਮਹਿਜ਼ ਆਪਣੀ ਜ਼ਿੱਦ ਪੁਗਾਉਣ ਦੀ ਖ਼ਾਤਰ ਅਜਿਹੇ ਅਨੇਕਾਂ ਬੇਸ਼ਕੀਮਤੀ ਰਿਸ਼ਤਿਆਂ ਨੂੰ ਸਦਾ ਲਈ ਗੁਆ ਦਿੰਦਾ ਹੈ, ਜੋ ਦਰਅਸਲ ਉਸ ਦੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ। ਰਿਸ਼ਤਿਆਂ ਨੂੰ ਪੁਗਾਉਣ ਲਈ ਝੁਕਣਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਲੋਕ ਅਕਸਰ ਆਪਣੀ ਝੂਠੀ ਅਨਾ ਯਾਨੀ ਸ਼ਾਨੋ-ਸ਼ੌਕਤ/ਅਹੰਕਾਰ ਦੇ ਓਹਲੇ ਬਹੁਤ ਸਾਰੇ ਮਨੁੱਖੀ ਰਿਸ਼ਤਿਆਂ ਨੂੰ ਸਹਿਕਦੇ ਹੋਏ ਛੱਡ ਕੇ ਨਵੇਂ ਰਿਸ਼ਤਿਆਂ ਨੂੰ ਗੰਢਣ ਦੀ ਕੋਸ਼ਿਸ਼ ਵਿੱਚ ਕਈ ਵਾਰ ਉਮਰ ਭਰ ਦੇ ਹੇਰਵਿਆਂ ਨੂੰ ਆਪਣੀ ਝੋਲੀ ਪਵਾ ਲੈਂਦੇ ਹਨ।
ਜੇ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਰਿਸ਼ਤੇ ਉਹ ਹੀ ਇਨਸਾਨ ਨਿਭਾਅ ਸਕਦਾ ਹੈ, ਜੋ ਬੁਲੰਦ ਕਿਰਦਾਰ ਰੱਖਦਾ ਹੋਵੇ, ਜਿਹੜਾ ਆਪਣੇ ਧੁਰ ਅੰਦਰੋਂ ਸੰਵੇਦਨਸ਼ੀਲ ਹੋਵੇ ਤੇ ਜਿਸ ਦਾ ਜ਼ਮੀਰ ਜ਼ਿੰਦਾ ਹੋਵੇ। ਕਮਜਰਫ, ਮੌਕਾਪ੍ਰਸਤ ਅਤੇ ਝੂਠੇ ਲੋਕ ਅਕਸਰ ਰਿਸ਼ਤਿਆਂ ਦੀ ਲਾਜ਼ ਨਹੀਂ ਰੱਖ ਪਾਉਂਦੇ ਹਨ। ਅਕਸਰ ਲੋਕ ਆਪਣੀਆਂ ਨਿਗੁਣੀਆਂ ਜਿਹੀਆਂ ਗਰਜ਼ਾਂ ਅਤੇ ਬਹੁਤ ਹੀ ਸਤਹੀ ਪੱਧਰ ਦੇ ਸਰੋਕਾਰਾਂ ਨੂੰ ਮੁੱਖ ਰੱਖਦਿਆਂ ਕਿਸੇ ਨਾਲ ਆਪਣੇ ਰਿਸ਼ਤਿਆਂ-ਨਾਤਿਆਂ ਨੂੰ ਨਿਰਧਾਰਤ ਕਰਦੇ ਹਨ। ਮੋਹ, ਪਿਆਰ ਅਤੇ ਆਪਣੇਪਣ ਦੇ ਅਹਿਸਾਸ ਤੋਂ ਸੱਖਣੇ ਰਿਸ਼ਤੇ ਜਿੱਥੇ ਬਹੁਤ ਜਲਦ ਦਮ ਤੋੜ ਦਿੰਦੇ ਹਨ, ਉਥੇ ਰੂਹਾਂ ਦੇ ਰਿਸ਼ਤੇ ਬੇਸ਼ੁਮਾਰ ਅਗਨੀ ਪ੍ਰੀਖਿਆਵਾਂ ਵਿੱਚੋਂ ਗੁਜ਼ਰ ਕੇ ਵੀ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜਿਉਣ ਯੋਗ ਬਣਾਉਣ ਵਿੱਚ ਮਰਕਜ਼ੀ ਕਿਰਦਾਰ ਨਿਭਾਉਂਦੇ ਹਨ।
ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਇਹ ਵੀ ਫ਼ੁਰਮਾਇਆ ਕਿ ਰਿਸ਼ਤਿਆਂ ਨੂੰ ਨਿਭਾਉਣ ਦਾ ਸਫ਼ਰ ਆਪਣੇ ਵੱਲੋਂ ਸ਼ਰਤਾਂ ਨਿਰਧਾਰਤ ਕਰਕੇ ਕਦੇ ਵੀ ਆਪਣੀ ਮੰਜ਼ਿਲ ਵੱਲ ਅੱਗੇ ਨਹੀਂ ਵਧ ਪਾਉਂਦਾ ਹੈ। ਨਫ਼ੇ-ਨੁਕਸਾਨ ਦੇ ਸਮੀਕਰਨਾਂ ਵਿੱਚ ਉਲਝੇ ਰਿਸ਼ਤੇ ਬਹੁਤ ਜਲਦ ਹੀ ਨੀਰਸ ਅਤੇ ਬੋਝਲ ਜਿਹੇ ਮਹਿਸੂਸ ਹੋਣ ਲੱਗਦੇ ਹਨ। ਜਦੋਂ ਅਸੀਂ ਨਫ਼ਾਸਤ, ਸ਼ਰਾਫਤ ਅਤੇ ਆਪਣੇ ਭੋਲੇਪਣ ਨੂੰ ਤਿਆਗ ਕੇ ਇੱਕ-ਦੂਜੇ ਨਾਲ ਵਾਬਸਤਾ ਸੰਬੰਧਾਂ ਵਿੱਚੋਂ ਕੁਝ ਕੱਢਣ-ਪਾਉਣ ਦੀ ਮਨਸ਼ਾ ਨਾਲ ਆਪਣੀ ਪਸੰਦ ਦਾ ਮਨੁੱਖੀ ਰਿਸ਼ਤਿਆਂ ਦਾ ਸੰਸਾਰ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਤਾਂ ਠੀਕ ਉਸੇ ਸਮੇਂ ਕਿਤੇ ਨਾ ਕਿਤੇ ਅਸੀਂ ਕਿਸੇ ਨਾ ਕਿਸੇ ਨਾਲ ਦਗਾ ਕਮਾ ਰਹੇ ਹੁੰਦੇ ਹਾਂ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਖੁਸ਼ਗਵਾਰ ਅਤੇ ਨਾਗਵਾਰ ਰਿਸ਼ਤੇ ਜ਼ਿੰਦਗੀ ਦਾ ਚਿਹਰਾ-ਮੋਹਰਾ ਜਾਂ ਸਮੁੱਚਾ ਮੁਹਾਂਦਰਾ ਹੀ ਬਦਲ ਦਿੰਦੇ ਹਨ। ਇੱਕ-ਦੂਜੇ ਨਾਲ ਜੁੜੀਆਂ ਖੱਟੀਆਂ-ਮਿੱਠੀਆਂ ਯਾਦਾਂ ਦੇ ਝਰੋਖੇ ਵਿੱਚੋਂ ਜ਼ਿੰਦਗੀ ਦੇ ਅਨੇਕਾਂ ਪਹਿਲੂਆਂ, ਰੰਗਾਂ ਅਤੇ ਨਕਸ਼ਾਂ ਬਾਰੇ ਸਾਡੀ ਸਮਝ ਪਰਪੱਕ ਹੁੰਦੀ ਹੈ। ਜ਼ਿੰਦਗੀ ਦੇ ਸਾਰੇ ਗਿਆਨ ਸ਼ਾਸਤਰ ਜਾਂ ਦਰਸ਼ਨ ਸ਼ਾਸਤਰ ਦੀ ਸਮਝ ਉਸ ਸਮੇਂ ਤੱਕ ਅਧੂਰੀ ਹੁੰਦੀ ਹੈ, ਜਦੋਂ ਤੱਕ ਅਸੀਂ ਅਹਿਸਾਸਾਂ ਦੇ ਕੋਮਲ ਰਿਸ਼ਤਿਆਂ ਨੂੰ ਹਰ ਹੀਲੇ ਸਲਾਮਤ ਰੱਖਣ ਦਾ ਹੁਨਰ ਸਿੱਖਣ ਵਿੱਚ ਮੁਹਾਰਤ ਹਾਸਲ ਨਹੀਂ ਕਰ ਲੈਂਦੇ ਹਾਂ। ਇਨਸਾਨੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਮਹਿਫੂਜ਼ ਰੱਖਣ ਅਤੇ ਰਿਸ਼ਤਿਆਂ ਦੀ ਬੇਹੁਰਮਤੀ ਹੋਣ ਤੋਂ ਰੋਕਣ ਲਈ ਇਹ ਵੀ ਬੇਹੱਦ ਜ਼ਰੂਰੀ ਹੈ ਕਿ ਇੱਕ-ਦੂਜੇ ਨਾਲ ਮਿਲਦਿਆਂ-ਵਰਤਦਿਆਂ ਅਸੀਂ ਇੱਕ-ਦੂਜੇ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਸਤਿਕਾਰ ਕਰਨਾ ਆਪਣੀ ਜੀਵਨ ਸ਼ੈਲੀ ਦਾ ਅਨਿਖੜਵਾਂ ਅੰਗ ਬਣਾਉਣ ਦਾ ਉਪਰਾਲਾ ਕਰੀਏ।
ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਇਹ ਹਦਾਇਤ ਕੀਤੀ ਕਿ ਹਾਲਾਤ ਜਾਂ ਪ੍ਰਸਥਿਤੀਆਂ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਕਿਉਂ ਨਾ ਹੋਣ, ਫਿਰ ਵੀ ਇੱਕ-ਦੂਜੇ ਨਾਲ ਜੁੜੇ ਆਪਣੇ ਰਿਸ਼ਤਿਆਂ ਦੇ ਬੁਨਿਆਦੀ ਤਕਾਜ਼ੇ ਸਾਨੂੰ ਹਮੇਸ਼ਾ ਪੂਰੇ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਪੁਰਸਕੂਨ ਜ਼ਿੰਦਗੀ ਬਿਤਾਉਣ ਲਈ ਵੀ ਇਹ ਲਾਜ਼ਮੀ ਹੈ ਕਿ ਮਨੁੱਖ ਰਿਸ਼ਤਿਆਂ ਦੇ ਸੰਸਾਰ ਨੂੰ ਗੰਧਲਾ ਨਾ ਕਰੇ। ਜੋ ਲੋਕ ਆਪਣੇ ਧੁਰ ਅੰਦਰੋਂ ਦੂਸਰਿਆਂ ਦਾ ਸਤਿਕਾਰ ਕਰਨਾ ਜਾਣਦੇ ਹਨ, ਉਨ੍ਹਾਂ ਦੇ ਦੂਜਿਆਂ ਨਾਲ ਹਮੇਸ਼ਾ ਬਹੁਤ ਗੂੜ੍ਹੇ ਅਤੇ ਨਿੱਘੇ ਸੰਬੰਧ ਕਾਇਮ ਰਹਿੰਦੇ ਹਨ। ਬੇਸ਼ੱਕ ਸਵੈਮਾਣ ਦੀ ਕੀਮਤ ਅਦਾ ਕਰਕੇ ਕੋਈ ਵੀ ਰਿਸ਼ਤਾ ਕਦੇ ਕਾਇਮ ਰੱਖਣਾ ਹਰਗਿਜ਼ ਉਚਿਤ ਨਹੀਂ ਹੁੰਦਾ, ਪਰ ਛੋਟੀਆਂ-ਛੋਟੀਆਂ ਗੱਲਾਂ ਨੂੰ ਸਵੈਮਾਣ ਦਾ ਮਸਲਾ ਬਣਾ ਕੇ ਵੀ ਮਨੁੱਖੀ ਰਿਸ਼ਤਿਆਂ ਦੀ ਸੂਖਮ ਤੰਦਾਂ ਨੂੰ ਬੇਸਮਝੀ ਵਿੱਚ ਤੋੜਨਾ ਜਾਇਜ਼ ਨਹੀਂ ਹੁੰਦਾ। ਭੂਗੋਲਿਕ ਦੂਰੀਆਂ ਜਾਂ ਫਿਰ ਸਮੇਂ ਦਾ ਹੇਰ-ਫੇਰ ਦਿਲ ਦੇ ਕਰੀਬੀ ਰਿਸ਼ਤਿਆਂ ਦੀ ਨੁਹਾਰ ਨੂੰ ਨਹੀਂ ਬਦਲਦਾ।
ਜੇ ਦੇਖਿਆ ਜਾਵੇ ਤਾਂ ਮਨੁੱਖੀ ਰਿਸ਼ਤਿਆਂ ਦਾ ਸਰੂਪ ਇਸ ਗੱਲ ਉੱਤੇ ਵੀ ਵਧੇਰੇ ਨਿਰਭਰ ਕਰਦਾ ਹੈ ਕਿ ਵੱਖ-ਵੱਖ ਧਿਰਾਂ ਵੱਲੋਂ ਕਿੰਨੀਂ ਕੁ ਸ਼ਿੱਦਤ ਅਤੇ ਗਰਮਜੋਸ਼ੀ ਨਾਲ ਰਿਸ਼ਤੇ ਨਿਭਾਏ ਜਾ ਰਹੇ ਹਨ। ਜੇ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਵੀ ਸਪਸ਼ੱਟ ਹੋ ਜਾਂਦਾ ਹੈ ਕਿ ਅਸਲ ਵਿੱਚ ਦਿਲਾਂ ਨੂੰ ਦਿਲਾਂ ਨਾਲ ਸਾਂਝ ਹੁੰਦੀ ਹੈ, ਇਸ ਗੱਲ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਕਿ ਕੋਈ ਕਿੱਥੇ ਬੈਠਾ ਤਹਾਨੂੰ ਯਾਦ ਕਰ ਰਿਹਾ ਹੈ ਜਾਂ ਤੁਹਾਡੇ ਬਾਰੇ ਫ਼ਿਕਰਮੰਦ ਹੈ। ਰਿਸ਼ਤਿਆਂ ਦਾ ਸ਼ਬਦਕੋਸ਼ ਜਾਂ ਰਿਸ਼ਤਿਆਂ ਦਾ ਵਿਆਕਰਨ ਅਸਲ ਵਿੱਚ ਬਿਲਕੁਲ ਹੀ ਅਲੱਗ ਤਰ੍ਹਾਂ ਦਾ ਹੁੰਦਾ ਹੈ। ਇੱਥੇ ਅਨੇਕਾਂ ਵਾਰ ਇਨਸਾਨ ਰਿਸ਼ਤਿਆਂ ਦੀ ਬਿਸਾਤ ਉੱਪਰ ਸਭ ਕੁਝ ਹਾਰ ਕੇ ਵੀ ਜਿੱਤ ਜਾਂਦਾ ਹੈ ਅਤੇ ਕਈ ਵਾਰ ਸਭ ਕੁਝ ਜਿੱਤ ਜਾਣ ਦਾ ਜਸ਼ਨ ਮਨਾਉਣ ਮਗਰੋਂ ਵੀ ਖ਼ੁਦ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਹੈ।
ਗੁਰੂਦੇਵ ਨੇ ਅਖ਼ੀਰ ਵਿੱਚ ਫ਼ੁਰਮਾਇਆ ਕਿ ਮਨੁੱਖ ਦਾ ਮਨ ਬਹੁਤ ਚੰਚਲ ਹੁੰਦਾ ਹੈ। ਉਹ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਕਈ ਵਾਰ ਉਮਰ ਭਰ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਲੈਂਦਾ ਹੈ। ਮਨੁੱਖ ਨੂੰ ਇਹ ਸਮਝਣ ਦੀ ਬੇਹੱਦ ਲੋੜ ਹੈ ਕਿ ਇਹ ਮਨੁੱਖੀ ਰਿਸ਼ਤਿਆਂ ਦਾ ਤਾਣ-ਬਾਣਾ ਹੀ ਦਰਅਸਲ ਜ਼ਿੰਦਗੀ ਵਿੱਚ ਚਾਅ, ਖੇੜਾ, ਉਤਸ਼ਾਹ ਅਤੇ ਉਮਾਹ ਪੈਦਾ ਕਰਦਾ ਹੈ। ਇੱਕਲਿਆਂ ਜ਼ਿੰਦਗੀ ਦਾ ਦੁਸ਼ਵਾਰ ਪੈਂਡਾ ਤੈਅ ਕਰਨਾ ਸੰਭਵ ਨਹੀਂ ਹੁੰਦਾ ਹੈ। ਰਿਸ਼ਤਿਆਂ ਦੇ ਆਪੋ-ਆਪਣੇ ਨਾਮ ਅਤੇ ਆਪੋ-ਆਪਣੀਆਂ ਮਰਿਆਦਾਵਾਂ ਹੁੰਦੀਆਂ ਹਨ। ਉਨ੍ਹਾਂ ਮਰਿਆਦਾਵਾਂ ਦੇ ਭੰਗ ਹੋਣ ਨਾਲ ਰਿਸ਼ਤਿਆਂ ਵਿੱਚ ਤਰੇੜਾਂ ਨਜ਼ਰ ਆਉਣ ਲੱਗ ਪੈਂਦੀਆਂ ਹਨ। ਇਨ੍ਹਾਂ ਮਨੁੱਖੀ ਰਿਸ਼ਤਿਆਂ ਦੇ ਸੰਸਾਰ ਅੰਦਰ ਮਨੁੱਖ ਪਰਸਪਰ ਸਤਿਕਾਰ, ਸਹਿਯੋਗ, ਸਹਿਚਾਰ ਅਤੇ ਸੰਵਾਦ ਦੇ ਰਸਤੇ ਨੂੰ ਅਪਣਾ ਕੇ ਜ਼ਿੰਦਗੀ ਨੂੰ ਬਹੁਤ ਸਰਲ, ਸੁਖ਼ਦ ਅਤੇ ਸਹਿਜ ਸੁਭਾਅ ਗੁਜ਼ਾਰ ਸਕਦਾ ਹੈ। ਜਦੋਂ ਕਦੇ ਮਨੁੱਖ ਈਰਖਾ, ਲਾਲਚ, ਫ਼ਰੇਬ ਅਤੇ ਹੰਕਾਰ ਦੀ ਗ੍ਰਿਫ਼ਤ ਵਿੱਚ ਜਕੜਿਆ ਜਾਂਦਾ ਹੈ ਤਾਂ ਲੋਕਾਂ ਦੀ ਭੀੜ ਵਿੱਚ ਵੀ ਉਹ ਅਲੱਗ-ਥਲੱਗ ਹੋ ਜਾਂਦਾ ਹੈ। ਰਿਸ਼ਤੇ ਸਤਿਕਾਰ ਅਤੇ ਤਵੱਜੋ ਦੀ ਮੰਗ ਕਰਦੇ ਹਨ। ਲਿਹਾਜ਼ਾ ਰੋਜ਼ਮੱਰ੍ਹਾ ਦੀ ਜ਼ਿੰਦਗੀ ਦੀ ਦੌੜ-ਭੱਜ ਵਿੱਚ ਆਪਣਿਆਂ ਤੋਂ ਜਾਣ-ਬੁੱਝ ਕੇ ਮੂੰਹ ਫੇਰਨ ਜਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਭੁੱਲ ਕਦੇ ਨਾ ਕਰੋ। ਯਾਦ ਰੱਖੋ! ਇਹ ਮਨੁੱਖੀ ਰਿਸ਼ਤੇ ਹੀ ਦਰਅਸਲ ਤੁਹਾਡੀ ਜ਼ਿੰਦਗੀ ਦੀ ਅਸਲ ਕਮਾਈ ਹਨ।
—
*ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ)
